Skip to content

Skip to table of contents

ਅਧਿਐਨ ਲੇਖ 14

ਕੀ ਤੁਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਰਹੇ ਹੋ?

ਕੀ ਤੁਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਰਹੇ ਹੋ?

“ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ, ਸੇਵਾ ਦਾ ਆਪਣਾ ਕੰਮ ਪੂਰਾ ਕਰ।”​—2 ਤਿਮੋ. 4:5.

ਗੀਤ 18 ਰੱਬ ਦਾ ਸੱਚਾ ਪਿਆਰ

ਖ਼ਾਸ ਗੱਲਾਂ *

ਦੁਬਾਰਾ ਜੀ ਉਠਾਏ ਜਾਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਨੂੰ ਮਿਲਦਾ ਹੋਇਆ ਅਤੇ ਉਨ੍ਹਾਂ ਨੂੰ ਹੁਕਮ ਦਿੰਦਾ ਹੋਇਆ, “ਜਾਓ ਅਤੇ . . . ਚੇਲੇ ਬਣਾਓ” (ਪੈਰਾ 1 ਦੇਖੋ)

1. ਪਰਮੇਸ਼ੁਰ ਦੇ ਸਾਰੇ ਸੇਵਕ ਕੀ ਕਰਨਾ ਚਾਹੁੰਦੇ ਹਨ ਅਤੇ ਕਿਉਂ? (ਪਹਿਲੇ ਸਫ਼ੇ ਤੇ ਦਿੱਤੀ ਤਸਵੀਰ ਦੇਖੋ।)

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:19) ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕ ਸਿੱਖਣਾ ਚਾਹੁੰਦੇ ਹਨ ਕਿ ਉਹ “ਸੇਵਾ ਦਾ ਆਪਣਾ ਕੰਮ ਪੂਰਾ” ਕਿਵੇਂ ਕਰ ਸਕਦੇ ਹਨ। (2 ਤਿਮੋ. 4:5) ਕਿਉਂ? ਕਿਉਂਕਿ ਇਹ ਕੰਮ ਹੋਰ ਕਿਸੇ ਵੀ ਕੰਮ ਨਾਲੋਂ ਜ਼ਿਆਦਾ ਜ਼ਰੂਰੀ ਅਤੇ ਫ਼ਾਇਦੇਮੰਦ ਹੈ। ਪਰ ਸ਼ਾਇਦ ਅਸੀਂ ਸੇਵਾ ਦੇ ਕੰਮ ਵਿਚ ਉੱਨਾ ਸਮਾਂ ਨਾ ਲਾ ਸਕੀਏ ਜਿੰਨਾ ਅਸੀਂ ਲਾਉਣਾ ਚਾਹੁੰਦੇ ਹਾਂ।

2. ਸੇਵਾ ਦਾ ਕੰਮ ਕਰਦਿਆਂ ਅਸੀਂ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ?

2 ਸਾਨੂੰ ਹੋਰ ਵੀ ਜ਼ਰੂਰੀ ਕੰਮ ਕਰਨੇ ਪੈਂਦੇ ਹਨ ਜਿਨ੍ਹਾਂ ਵਿਚ ਸਾਡਾ ਸਮਾਂ ਅਤੇ ਤਾਕਤ ਲੱਗਦੀ ਹੈ। ਸਾਨੂੰ ਸ਼ਾਇਦ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕਈ ਘੰਟੇ ਕੰਮ ਕਰਨਾ ਪੈਂਦਾ ਹੋਵੇ। ਸ਼ਾਇਦ ਸਾਨੂੰ ਪਰਿਵਾਰ ਵਿਚ ਹੋਰ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹੋਣ, ਅਸੀਂ ਜਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਬੀਮਾਰ ਹੋਵੇ, ਅਸੀਂ ਜਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਡਿਪਰੈਸ਼ਨ ਵਿਚ ਹੋਵੇ ਜਾਂ ਵਧਦੀ ਉਮਰ ਕਰਕੇ ਅਸੀਂ ਜਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹੋਵੇ। ਇਨ੍ਹਾਂ ਹਾਲਾਤਾਂ ਦੇ ਬਾਵਜੂਦ ਵੀ ਅਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਿਵੇਂ ਕਰ ਸਕਦੇ ਹਾਂ?

3. ਮੱਤੀ 13:23 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ?

3 ਜੇ ਅਸੀਂ ਆਪਣੇ ਹਾਲਾਤਾਂ ਕਰਕੇ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਸਮਾਂ ਨਹੀਂ ਲਾ ਸਕਦੇ, ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਯਿਸੂ ਜਾਣਦਾ ਸੀ ਕਿ ਅਸੀਂ ਸਾਰੇ ਜਣੇ ਰਾਜ ਦੇ ਕੰਮਾਂ ਲਈ ਇੱਕੋ ਜਿਹੇ ਫਲ ਪੈਦਾ ਨਹੀਂ ਕਰ ਸਕਦੇ ਯਾਨੀ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਇੱਕੋ ਜਿਹਾ ਸਮਾਂ ਤੇ ਤਾਕਤ ਨਹੀਂ ਲਾ ਸਕਦੇ। (ਮੱਤੀ 13:23 ਪੜ੍ਹੋ।) ਯਹੋਵਾਹ ਸਾਡੇ ਦਿਲੋਂ ਕੀਤੇ ਹਰ ਕੰਮ ਦੀ ਬਹੁਤ ਕਦਰ ਕਰਦਾ ਹੈ। (ਇਬ. 6:10-12) ਦੂਜੇ ਪਾਸੇ, ਸ਼ਾਇਦ ਸਾਨੂੰ ਲੱਗੇ ਕਿ ਆਪਣੇ ਹਾਲਾਤਾਂ ਕਰਕੇ ਅਸੀਂ ਹੋਰ ਜ਼ਿਆਦਾ ਸੇਵਾ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਸੇਵਾ ਦੇ ਕੰਮ ਨੂੰ ਪਹਿਲ ਕਿਵੇਂ ਦੇ ਸਕਦੇ ਹਾਂ, ਆਪਣੀ ਜ਼ਿੰਦਗੀ ਸਾਦੀ ਕਿਵੇਂ ਬਣਾ ਸਕਦੇ ਹਾਂ ਅਤੇ ਪ੍ਰਚਾਰ ਕਰਨ ਤੇ ਸਿਖਾਉਣ ਦੀ ਕਾਬਲੀਅਤ ਨੂੰ ਹੋਰ ਕਿਵੇਂ ਨਿਖਾਰ ਸਕਦੇ ਹਾਂ। ਪਰ ਸੇਵਾ ਦਾ ਆਪਣਾ ਕੰਮ ਪੂਰਾ ਕਰਨ ਦਾ ਕੀ ਮਤਲਬ ਹੈ?

4. ਸੇਵਾ ਦਾ ਆਪਣਾ ਕੰਮ ਪੂਰਾ ਕਰਨ ਦਾ ਕੀ ਮਤਲਬ ਹੈ?

4 ਸੇਵਾ ਦਾ ਕੰਮ ਪੂਰਾ ਕਰਨ ਦਾ ਮਤਲਬ ਹੈ ਕਿ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਹਿੱਸਾ ਲਈਏ। ਇਸ ਕੰਮ ਨੂੰ ਪੂਰਾ ਕਰਨ ਵਿਚ ਸਿਰਫ਼ ਸਮਾਂ ਲਾਉਣਾ ਹੀ ਕਾਫ਼ੀ ਨਹੀਂ ਹੈ। ਯਹੋਵਾਹ ਲਈ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਕਿਉਂ ਪ੍ਰਚਾਰ ਕਰਦੇ ਹਾਂ। ਯਹੋਵਾਹ ਅਤੇ ਗੁਆਂਢੀ ਨਾਲ ਪਿਆਰ ਹੋਣ ਕਰਕੇ ਅਸੀਂ ਸੇਵਾ ਦਾ ਕੰਮ ਜੀ-ਜਾਨ ਨਾਲ ਕਰਦੇ ਹਾਂ। * (ਮਰ. 12:30, 31; ਕੁਲੁ. 3:23) ਜੀ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਮਤਲਬ ਹੈ, ਆਪਣੀ ਸਾਰੀ ਤਾਕਤ ਲਾ ਕੇ ਉਸ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਨੀ। ਪ੍ਰਚਾਰ ਕੰਮ ਦੇ ਸਨਮਾਨ ਦੀ ਕਦਰ ਕਰਨ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ।

5-6. ਕੀ ਇਕ ਵਿਅਕਤੀ ਥੋੜ੍ਹੇ ਸਮੇਂ ਦੇ ਬਾਵਜੂਦ ਵੀ ਪ੍ਰਚਾਰ ਦੇ ਕੰਮ ਨੂੰ ਪਹਿਲ ਦੇ ਸਕਦਾ ਹੈ? ਇਕ ਮਿਸਾਲ ਦਿਓ।

5 ਕਲਪਨਾ ਕਰੋ ਕਿ ਇਕ ਨੌਜਵਾਨ ਨੂੰ ਗਿਟਾਰ ਵਜਾਉਣੀ ਬਹੁਤ ਪਸੰਦ ਹੈ। ਉਸ ਨੂੰ ਜਦੋਂ ਵੀ ਸਮਾਂ ਮਿਲਦਾ ਹੈ, ਉਹ ਗਿਟਾਰ ਵਜਾਉਂਦਾ ਹੈ। ਪਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਹ ਇਕ ਦੁਕਾਨ ’ਤੇ ਸੋਮਵਾਰ ਤੋਂ ਸ਼ੁੱਕਰਵਾਰ ਕੰਮ ਕਰਦਾ ਹੈ। ਭਾਵੇਂ ਕਿ ਉਹ ਜ਼ਿਆਦਾ ਸਮਾਂ ਦੁਕਾਨ ’ਤੇ ਲਾਉਂਦਾ ਹੈ, ਪਰ ਉਸ ਦਾ ਮਨ ਸੰਗੀਤ ਵੱਲ ਹੁੰਦਾ ਹੈ। ਉਹ ਆਪਣੀ ਇਸ ਕਾਬਲੀਅਤ ਨੂੰ ਨਿਖਾਰਨਾ ਚਾਹੁੰਦਾ ਹੈ ਅਤੇ ਸੰਗੀਤਕਾਰ ਬਣਨਾ ਚਾਹੁੰਦਾ ਹੈ। ਇਸ ਲਈ ਚਾਹੇ ਉਸ ਨੂੰ ਗਿਟਾਰ ਵਜਾਉਣ ਲਈ ਬਹੁਤ ਥੋੜ੍ਹਾ ਸਮਾਂ ਮਿਲਦਾ ਹੈ, ਪਰ ਫਿਰ ਵੀ ਉਸ ਨੂੰ ਖ਼ੁਸ਼ੀ ਮਿਲਦੀ ਹੈ।

6 ਇਸੇ ਤਰ੍ਹਾਂ ਤੁਸੀਂ ਸ਼ਾਇਦ ਪ੍ਰਚਾਰ ਵਿਚ ਉੱਨਾ ਸਮਾਂ ਨਾ ਲਾ ਸਕੋ ਜਿੰਨਾ ਤੁਸੀਂ ਲਾਉਣਾ ਚਾਹੁੰਦੇ ਹੋ। ਪਰ ਤੁਹਾਨੂੰ ਇਹ ਕੰਮ ਕਰਨਾ ਬਹੁਤ ਪਸੰਦ ਹੈ। ਤੁਸੀਂ ਲੋਕਾਂ ਦੇ ਦਿਲ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਦੀ ਆਪਣੀ ਕਾਬਲੀਅਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਸ਼ਾਇਦ ਸੋਚੋ, ‘ਹੋਰ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਨਾਲ-ਨਾਲ ਮੈਂ ਪ੍ਰਚਾਰ ਦੇ ਕੰਮ ਨੂੰ ਵੀ ਪਹਿਲ ਕਿਵੇਂ ਦੇ ਸਕਦਾ ਹਾਂ?’

ਪ੍ਰਚਾਰ ਦੇ ਕੰਮ ਨੂੰ ਪਹਿਲ ਕਿਵੇਂ ਦੇਈਏ?

7. ਪ੍ਰਚਾਰ ਪ੍ਰਤੀ ਯਿਸੂ ਦਾ ਰਵੱਈਆ ਕਿਹੋ ਜਿਹਾ ਸੀ?

7 ਯਿਸੂ ਨੇ ਪ੍ਰਚਾਰ ਦੇ ਕੰਮ ਸੰਬੰਧੀ ਸਾਡੇ ਲਈ ਇਕ ਸ਼ਾਨਦਾਰ ਮਿਸਾਲ ਰੱਖੀ। ਉਸ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨੀ ਸਭ ਤੋਂ ਅਹਿਮ ਸੀ। (ਯੂਹੰ. 4:34, 35) ਉਸ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣ ਲਈ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕੀਤਾ। ਉਸ ਨੇ ਘਰਾਂ ਅਤੇ ਹੋਰ ਥਾਵਾਂ ’ਤੇ ਲੋਕਾਂ ਨਾਲ ਗੱਲ ਕਰਨ ਦੇ ਮੌਕੇ ਭਾਲੇ। ਯਿਸੂ ਨੇ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੱਤੀ।

8. ਪ੍ਰਚਾਰ ਵਿਚ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

8 ਅਸੀਂ ਕਦੇ ਵੀ ਅਤੇ ਕਿਤੇ ਵੀ ਲੋਕਾਂ ਨਾਲ ਗੱਲ ਕਰਨ ਦੇ ਮੌਕੇ ਭਾਲ ਕੇ ਮਸੀਹ ਦੀ ਰੀਸ ਕਰ ਸਕਦੇ ਹਾਂ। ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਅਸੀਂ ਆਪਣਾ ਸੁੱਖ-ਆਰਾਮ ਤਿਆਗਣ ਲਈ ਤਿਆਰ ਹਾਂ। (ਮਰ. 6:31-34; 1 ਪਤ. 2:21) ਮੰਡਲੀ ਦੇ ਕੁਝ ਭੈਣ-ਭਰਾ ਸਪੈਸ਼ਲ, ਰੈਗੂਲਰ ਅਤੇ ਔਗਜ਼ੀਲਰੀ ਪਾਇਨੀਅਰਿੰਗ ਕਰਦੇ ਹਨ। ਕਈਆਂ ਨੇ ਹੋਰ ਭਾਸ਼ਾ ਸਿੱਖੀ ਹੈ ਜਾਂ ਕਈ ਉਸ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਜ਼ਿਆਦਾ ਲੋੜ ਹੈ। ਸਾਰੇ ਪ੍ਰਚਾਰਕ ਇਸ ਤਰ੍ਹਾਂ ਨਹੀਂ ਕਰ ਸਕਦੇ, ਫਿਰ ਵੀ ਉਹ ਇਸ ਕੰਮ ਵਿਚ ਪੂਰੀ ਵਾਹ ਲਾਉਂਦੇ ਹਨ। ਦਰਅਸਲ ਜ਼ਿਆਦਾਤਰ ਪ੍ਰਚਾਰ ਇਹੀ ਪ੍ਰਚਾਰਕ ਕਰਦੇ ਹਨ। ਚਾਹੇ ਅਸੀਂ ਥੋੜ੍ਹਾ ਕਰਦੇ ਹਾਂ ਜਾਂ ਜ਼ਿਆਦਾ, ਫਿਰ ਵੀ ਯਹੋਵਾਹ ਸਾਡੇ ਤੋਂ ਹੱਦੋਂ ਵੱਧ ਦੀ ਮੰਗ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਅਸੀਂ ਸਾਰੇ ਜਣੇ “ਖ਼ੁਸ਼ਦਿਲ ਪਰਮੇਸ਼ੁਰ ਦੀ ਸ਼ਾਨਦਾਰ ਖ਼ੁਸ਼ ਖ਼ਬਰੀ” ਦਾ ਐਲਾਨ ਕਰ ਕੇ ਸੇਵਾ ਦੇ ਆਪਣੇ ਕੰਮ ਦਾ ਮਜ਼ਾ ਲਈਏ।​—1 ਤਿਮੋ. 1:11; ਬਿਵ. 30:11.

9. (ੳ) ਚਾਹੇ ਪੌਲੁਸ ਨੂੰ ਪੈਸੇ ਕਮਾਉਣ ਲਈ ਕੰਮ ਕਰਨਾ ਪਿਆ ਸੀ, ਤਾਂ ਵੀ ਪੌਲੁਸ ਨੇ ਪ੍ਰਚਾਰ ਦੇ ਕੰਮ ਨੂੰ ਪਹਿਲ ਕਿਵੇਂ ਦਿੱਤੀ ਸੀ? (ਅ) ਰਸੂਲਾਂ ਦੇ ਕੰਮ 28:16, 30, 31 ਤੋਂ ਸਾਨੂੰ ਸੇਵਾ ਦੇ ਕੰਮ ਪ੍ਰਤੀ ਪੌਲੁਸ ਦੇ ਨਜ਼ਰੀਏ ਬਾਰੇ ਕੀ ਪਤਾ ਲੱਗਦਾ ਹੈ?

9 ਪੌਲੁਸ ਰਸੂਲ ਨੇ ਪ੍ਰਚਾਰ ਦੇ ਕੰਮ ਨੂੰ ਪਹਿਲ ਦੇ ਕੇ ਵਧੀਆ ਮਿਸਾਲ ਰੱਖੀ। ਦੂਸਰੇ ਮਿਸ਼ਨਰੀ ਦੌਰੇ ਦੌਰਾਨ ਜਦੋਂ ਉਹ ਕੁਰਿੰਥੁਸ ਵਿਚ ਸੀ, ਤਾਂ ਪੈਸੇ ਦੀ ਤੰਗੀ ਹੋਣ ਕਰਕੇ ਉਸ ਨੂੰ ਕੁਝ ਸਮੇਂ ਲਈ ਤੰਬੂ ਬਣਾਉਣ ਦਾ ਕੰਮ ਕਰਨਾ ਪਿਆ। ਪਰ ਇਹ ਕੰਮ ਕਰਨਾ ਉਸ ਲਈ ਸਭ ਤੋਂ ਜ਼ਿਆਦਾ ਅਹਿਮ ਨਹੀਂ ਸੀ। ਇਹ ਕੰਮ ਉਸ ਨੇ ਆਪਣੀ ਸੇਵਕਾਈ ਕਰਨ ਲਈ ਕੀਤਾ ਤਾਂਕਿ ਉਹ ਕੁਰਿੰਥੁਸ ਦੇ ਲੋਕਾਂ ਨੂੰ “ਮੁਫ਼ਤ ਵਿਚ” ਖ਼ੁਸ਼ ਖ਼ਬਰੀ ਸੁਣਾ ਸਕੇ। (2 ਕੁਰਿੰ. 11:7) ਚਾਹੇ ਪੌਲੁਸ ਨੂੰ ਪੈਸੇ ਕਮਾਉਣ ਲਈ ਕੁਝ ਦੇਰ ਕੰਮ ਕਰਨਾ ਪਿਆ, ਪਰ ਉਹ ਲਗਾਤਾਰ ਸੇਵਾ ਦਾ ਆਪਣਾ ਕੰਮ ਕਰਦਾ ਰਿਹਾ ਅਤੇ ਹਰ ਸਬਤ ਦੇ ਦਿਨ ਪ੍ਰਚਾਰ ਕਰਦਾ ਸੀ। ਹਾਲਾਤ ਸੁਧਰਨ ਤੋਂ ਬਾਅਦ ਪੌਲੁਸ ਆਪਣਾ ਜ਼ਿਆਦਾ ਧਿਆਨ ਪ੍ਰਚਾਰ ’ਤੇ ਲਾ ਸਕਿਆ। ਉਹ “ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ ਅਤੇ ਉਹ ਇਹ ਸਾਬਤ ਕਰਨ ਲਈ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ।” (ਰਸੂ. 18:3-5; 2 ਕੁਰਿੰ. 11:9) ਬਾਅਦ ਵਿਚ ਜਦੋਂ ਉਸ ਨੂੰ ਰੋਮ ਵਿਚ ਆਪਣੇ ਹੀ ਘਰ ਦੋ ਸਾਲ ਲਈ ਕੈਦ ਕੀਤਾ ਗਿਆ ਸੀ, ਤਾਂ ਪੌਲੁਸ ਮਿਲਣ ਆਉਣ ਵਾਲਿਆਂ ਨੂੰ ਗਵਾਹੀ ਦਿੰਦਾ ਸੀ ਅਤੇ ਚਿੱਠੀਆਂ ਲਿਖਦਾ ਸੀ। (ਰਸੂਲਾਂ ਦੇ ਕੰਮ 28:16, 30, 31 ਪੜ੍ਹੋ।) ਪੌਲੁਸ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ ਸੇਵਾ ਦੇ ਆਪਣੇ ਕੰਮ ਵਿਚ ਕਿਸੇ ਨੂੰ ਵੀ ਰੋੜਾ ਨਹੀਂ ਬਣਨ ਦੇਵੇਗਾ। ਉਸ ਨੇ ਲਿਖਿਆ: “ਸਾਨੂੰ ਸੇਵਾ ਦਾ ਇਹ ਕੰਮ . . . ਮਿਲਿਆ ਹੈ, ਇਸ ਲਈ ਅਸੀਂ ਹਾਰ ਨਹੀਂ ਮੰਨਦੇ।” (2 ਕੁਰਿੰ. 4:1) ਪੌਲੁਸ ਵਾਂਗ ਜੇ ਸਾਨੂੰ ਵੀ ਪੈਸੇ ਕਮਾਉਣ ਲਈ ਜ਼ਿਆਦਾ ਸਮਾਂ ਕੰਮ ਕਰਨਾ ਪੈਂਦਾ ਹੈ, ਤਾਂ ਵੀ ਅਸੀਂ ਆਪਣੀ ਜ਼ਿੰਦਗੀ ਵਿਚ ਰਾਜ ਦੇ ਕੰਮ ਨੂੰ ਪਹਿਲ ਦੇ ਸਕਦੇ ਹਾਂ।

ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਸੇਵਾ ਦਾ ਕੰਮ ਪੂਰਾ ਕਰ ਸਕਦੇ ਹਾਂ (ਪੈਰੇ 10-11 ਦੇਖੋ)

10-11. ਸਿਹਤ ਖ਼ਰਾਬ ਹੋਣ ਦੇ ਬਾਵਜੂਦ ਵੀ ਅਸੀਂ ਸੇਵਾ ਦਾ ਆਪਣਾ ਕੰਮ ਕਿਵੇਂ ਪੂਰਾ ਕਰ ਸਕਦੇ ਹਾਂ?

10 ਜੇ ਅਸੀਂ ਸਿਆਣੀ ਉਮਰ ਜਾਂ ਸਿਹਤ ਖ਼ਰਾਬ ਹੋਣ ਕਰਕੇ ਘਰ-ਘਰ ਥੋੜ੍ਹਾ-ਬਹੁਤ ਹੀ ਪ੍ਰਚਾਰ ਕਰ ਪਾਉਂਦੇ ਹਾਂ, ਤਾਂ ਵੀ ਅਸੀਂ ਹੋਰ ਕਈ ਤਰੀਕਿਆਂ ਨਾਲ ਪ੍ਰਚਾਰ ਕਰ ਕੇ ਖ਼ੁਸ਼ੀ ਪਾ ਸਕਦੇ ਹਾਂ। ਪਹਿਲੀ ਸਦੀ ਦੇ ਮਸੀਹੀਆਂ ਨੂੰ ਜਿੱਥੇ ਕਿਤੇ ਵੀ ਲੋਕ ਮਿਲਦੇ ਸਨ, ਉਹ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਨ। ਉਹ ਸੱਚਾਈ ਦੱਸਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਸਨ, ਜਿਵੇਂ ਕਿ ਘਰ-ਘਰ, ਜਨਤਕ ਥਾਵਾਂ ’ਤੇ ਅਤੇ ਮੌਕਾ ਮਿਲਣ ’ਤੇ ਪ੍ਰਚਾਰ ਕਰਦਿਆਂ। (ਰਸੂ. 17:17; 20:20) ਜੇ ਅਸੀਂ ਜ਼ਿਆਦਾ ਨਹੀਂ ਚੱਲ ਸਕਦੇ, ਤਾਂ ਅਸੀਂ ਇੱਦਾਂ ਦੀ ਜਗ੍ਹਾ ’ਤੇ ਬੈਠ ਕੇ ਪ੍ਰਚਾਰ ਕਰ ਸਕਦੇ ਹਾਂ ਜਿੱਥੇ ਜ਼ਿਆਦਾ ਲੋਕ ਆਉਂਦੇ-ਜਾਂਦੇ ਹਨ। ਜਾਂ ਅਸੀਂ ਸ਼ਾਇਦ ਮੌਕਾ ਮਿਲਣ ’ਤੇ, ਚਿੱਠੀਆਂ ਲਿਖ ਕੇ ਜਾਂ ਟੈਲੀਫ਼ੋਨ ਰਾਹੀਂ ਗਵਾਹੀ ਦੇ ਸਕਦੇ ਹਾਂ। ਬਹੁਤ ਸਾਰੇ ਮਸੀਹੀ ਸਿਹਤ ਖ਼ਰਾਬ ਹੋਣ ਜਾਂ ਹੋਰ ਮੁਸ਼ਕਲਾਂ ਕਰਕੇ ਘਰ-ਘਰ ਥੋੜ੍ਹਾ-ਬਹੁਤ ਹੀ ਪ੍ਰਚਾਰ ਕਰ ਪਾਉਂਦੇ ਹਨ, ਪਰ ਉਹ ਇਨ੍ਹਾਂ ਤਰੀਕਿਆਂ ਨਾਲ ਪ੍ਰਚਾਰ ਕਰ ਕੇ ਵੀ ਖ਼ੁਸ਼ੀ ਪਾ ਸਕਦੇ ਹਨ।

11 ਸਿਹਤ ਖ਼ਰਾਬ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੀ ਸੇਵਾ ਦਾ ਕੰਮ ਪੂਰਾ ਕਰ ਸਕਦੇ ਹੋ। ਜ਼ਰਾ ਫਿਰ ਪੌਲੁਸ ਰਸੂਲ ਦੀ ਮਿਸਾਲ ’ਤੇ ਗੌਰ ਕਰੋ। ਉਸ ਨੇ ਕਿਹਾ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।” (ਫ਼ਿਲਿ. 4:13) ਪੌਲੁਸ ਨੂੰ ਇਸ ਤਾਕਤ ਦੀ ਜ਼ਰੂਰਤ ਸੀ ਜਦੋਂ ਉਹ ਆਪਣੇ ਇਕ ਮਿਸ਼ਨਰੀ ਦੌਰੇ ਦੌਰਾਨ ਬੀਮਾਰ ਹੋ ਗਿਆ ਸੀ। ਉਸ ਨੇ ਗਲਾਤੀਆਂ ਦੇ ਭੈਣਾਂ-ਭਰਾਵਾਂ ਨੂੰ ਦੱਸਿਆ: “ਮੇਰੀ ਬੀਮਾਰੀ ਕਰਕੇ ਮੈਨੂੰ ਪਹਿਲੀ ਵਾਰ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਿਆ।” (ਗਲਾ. 4:13) ਇਸੇ ਤਰ੍ਹਾਂ ਸਿਹਤ ਖ਼ਰਾਬ ਹੋਣ ਕਰਕੇ ਸ਼ਾਇਦ ਤੁਹਾਡੇ ਕੋਲ ਵੀ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਬਹੁਤ ਸਾਰੇ ਮੌਕੇ ਹੋਣ, ਜਿਵੇਂ ਡਾਕਟਰਾਂ, ਨਰਸਾਂ ਅਤੇ ਹੋਰਨਾਂ ਨੂੰ। ਜਦੋਂ ਪ੍ਰਚਾਰਕ ਘਰ-ਘਰ ਪ੍ਰਚਾਰ ਦੌਰਾਨ ਇਨ੍ਹਾਂ ਦੇ ਘਰ ਜਾਂਦੇ ਹਨ, ਤਾਂ ਇਨ੍ਹਾਂ ਵਿੱਚੋਂ ਬਹੁਤ ਜਣੇ ਕੰਮ ’ਤੇ ਹੁੰਦੇ ਹਨ।

ਜ਼ਿੰਦਗੀ ਸਾਦੀ ਕਿਵੇਂ ਰੱਖੀਏ?

12. ਆਪਣੀ ਅੱਖ ‘ਨਿਸ਼ਾਨੇ ’ਤੇ ਟਿਕਾਈ ਰੱਖਣ’ ਦਾ ਕੀ ਮਤਲਬ ਹੈ?

12 ਯਿਸੂ ਨੇ ਕਿਹਾ: “ਸਰੀਰ ਦਾ ਦੀਵਾ ਅੱਖ ਹੈ। ਇਸ ਲਈ ਜੇ ਤੇਰੀ ਅੱਖ ਇਕ ਨਿਸ਼ਾਨੇ ’ਤੇ ਟਿਕੀ ਹੋਈ ਹੈ, ਤਾਂ ਤੇਰਾ ਸਾਰਾ ਸਰੀਰ ਰੌਸ਼ਨ ਹੋਵੇਗਾ।” (ਮੱਤੀ 6:22) ਉਸ ਦੇ ਕਹਿਣ ਦਾ ਕੀ ਮਤਲਬ ਸੀ? ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਆਪਣੀ ਜ਼ਿੰਦਗੀ ਸਾਦੀ ਰੱਖਣੀ ਚਾਹੀਦੀ ਹੈ ਅਤੇ ਆਪਣਾ ਧਿਆਨ ਨਿਸ਼ਾਨੇ ਤੋਂ ਨਹੀਂ ਭਟਕਣ ਦੇਣਾ ਚਾਹੀਦਾ। ਯਿਸੂ ਨੇ ਸੇਵਾ ਦੇ ਕੰਮ ’ਤੇ ਆਪਣਾ ਧਿਆਨ ਲਾ ਕੇ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਆਪਣਾ ਧਿਆਨ ਯਹੋਵਾਹ ਦੀ ਸੇਵਾ ਅਤੇ ਉਸ ਦੇ ਰਾਜ ਉੱਤੇ ਲਾਈ ਰੱਖਣ। ਅਸੀਂ ਵੀ ਯਿਸੂ ਦੀ ਰੀਸ ਕਰਦਿਆਂ ਪ੍ਰਚਾਰ ਦੇ ਕੰਮ ਨੂੰ ਪਹਿਲ ਦੇ ਕੇ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦਿੰਦੇ ਹਾਂ।​—ਮੱਤੀ 6:33.

13. ਸੇਵਾ ਦੇ ਆਪਣੇ ਕੰਮ ’ਤੇ ਧਿਆਨ ਲਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

13 ਸੇਵਾ ਦੇ ਆਪਣੇ ਕੰਮ ’ਤੇ ਧਿਆਨ ਲਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਗ਼ੈਰ-ਜ਼ਰੂਰੀ ਚੀਜ਼ਾਂ ’ਤੇ ਆਪਣਾ ਸਮਾਂ ਘੱਟ ਲਾਈਏ। ਇਸ ਤਰ੍ਹਾਂ ਕਰਕੇ ਅਸੀਂ ਦੂਜਿਆਂ ਦੀ ਯਹੋਵਾਹ ਬਾਰੇ ਜਾਣਨ ਅਤੇ ਉਸ ਨੂੰ ਪਿਆਰ ਕਰਨ ਵਿਚ ਆਪਣਾ ਜ਼ਿਆਦਾ ਸਮਾਂ ਲਾ ਸਕਾਂਗੇ। * ਮਿਸਾਲ ਲਈ, ਕੀ ਅਸੀਂ ਆਪਣੇ ਕੰਮ ਵਿਚ ਫੇਰ-ਬਦਲ ਕਰ ਕੇ ਹਫ਼ਤੇ ਦੌਰਾਨ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਵਿਚ ਲਾ ਸਕਦੇ ਹਾਂ? ਕੀ ਅਸੀਂ ਆਪਣੇ ਮਨੋਰੰਜਨ ਦੇ ਸਮੇਂ ਨੂੰ ਘਟਾ ਸਕਦੇ ਹਾਂ?

14. ਇਕ ਜੋੜੇ ਨੇ ਪ੍ਰਚਾਰ ਵਿਚ ਆਪਣਾ ਜ਼ਿਆਦਾ ਸਮਾਂ ਅਤੇ ਧਿਆਨ ਲਾਉਣ ਲਈ ਕਿਹੜੇ ਫੇਰ-ਬਦਲ ਕੀਤੇ?

14 ਐਲੀਆਸ ਨਾਂ ਦੇ ਇਕ ਬਜ਼ੁਰਗ ਅਤੇ ਉਸ ਦੀ ਪਤਨੀ ਨੇ ਇਸੇ ਤਰ੍ਹਾਂ ਕੀਤਾ। ਉਹ ਦੱਸਦਾ ਹੈ: “ਸਾਡੇ ਲਈ ਇਕਦਮ ਪਾਇਨੀਅਰਿੰਗ ਸ਼ੁਰੂ ਕਰਨੀ ਮੁਸ਼ਕਲ ਸੀ, ਇਸ ਲਈ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾਉਣ ਲਈ ਅਸੀਂ ਛੋਟੇ-ਛੋਟੇ ਕਦਮ ਚੁੱਕੇ। ਮਿਸਾਲ ਲਈ, ਅਸੀਂ ਆਪਣੇ ਖ਼ਰਚੇ ਘਟਾਏ, ਮਨੋਰੰਜਨ ਦਾ ਸਮਾਂ ਘਟਾਇਆ ਅਤੇ ਆਪਣੇ ਕੰਮ ਵਿਚ ਫੇਰ-ਬਦਲ ਕਰਨ ਲਈ ਆਪਣੇ ਮਾਲਕ ਤੋਂ ਪੁੱਛਿਆ। ਨਤੀਜੇ ਵਜੋਂ, ਅਸੀਂ ਸ਼ਾਮ ਨੂੰ ਵੀ ਪ੍ਰਚਾਰ ਵਿਚ ਹਿੱਸਾ ਲੈ ਸਕੇ, ਹੋਰ ਜ਼ਿਆਦਾ ਬਾਈਬਲ ਸਟੱਡੀਆਂ ਕਰਾ ਸਕੇ ਅਤੇ ਹਰ ਮਹੀਨੇ ਦੋ ਵਾਰ ਹਫ਼ਤੇ ਦੌਰਾਨ ਗਰੁੱਪ ਨਾਲ ਪ੍ਰਚਾਰ ਵੀ ਕਰ ਸਕੇ। ਸਾਨੂੰ ਇੱਦਾਂ ਕਰ ਕੇ ਬਹੁਤ ਖ਼ੁਸ਼ੀ ਮਿਲੀ।”

ਪ੍ਰਚਾਰ ਤੇ ਸਿਖਾਉਣ ਦੀ ਕਾਬਲੀਅਤ ਵਿਚ ਨਿਖਾਰ ਕਿਵੇਂ ਲਿਆਈਏ?

ਹਫ਼ਤੇ ਦੌਰਾਨ ਹੁੰਦੀਆਂ ਸਭਾਵਾਂ ਵਿਚ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਅਸੀਂ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਵਧੀਆ ਹੁੰਦੇ ਜਾਵਾਂਗੇ (ਪੈਰੇ 15-16 ਦੇਖੋ) *

15. 1 ਤਿਮੋਥਿਉਸ 4:13, 15 ਅਨੁਸਾਰ ਅਸੀਂ ਹੋਰ ਕਿਹੜੇ ਤਰੀਕੇ ਨਾਲ ਸੇਵਾ ਦਾ ਆਪਣਾ ਕੰਮ ਪੂਰਾ ਕਰ ਸਕਦੇ ਹਾਂ?

15 ਪ੍ਰਚਾਰ ਦੇ ਕੰਮ ਵਿਚ ਆਪਣੀ ਕਾਬਲੀਅਤ ਨੂੰ ਨਿਖਾਰ ਕੇ ਵੀ ਅਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਸਕਦੇ ਹਾਂ। ਕੁਝ ਇੱਦਾਂ ਦੇ ਪੇਸ਼ੇ ਹਨ ਜਿਨ੍ਹਾਂ ਵਿਚ ਗਿਆਨ ਵਧਾਉਣ ਤੇ ਕਾਬਲੀਅਤ ਵਿਚ ਨਿਖਾਰ ਲਿਆਉਣ ਲਈ ਲਗਾਤਾਰ ਸਿਖਲਾਈ ਲੈਣ ਦੀ ਲੋੜ ਹੁੰਦੀ ਹੈ। ਇਹ ਗੱਲ ਰਾਜ ਦੇ ਪ੍ਰਚਾਰਕਾਂ ਬਾਰੇ ਵੀ ਸੱਚ ਹੈ। ਸਾਨੂੰ ਸਿੱਖਦੇ ਰਹਿਣ ਦੀ ਲੋੜ ਹੈ ਕਿ ਅਸੀਂ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ।​—ਕਹਾ. 1:5; 1 ਤਿਮੋਥਿਉਸ 4:13, 15 ਪੜ੍ਹੋ।

16. ਪ੍ਰਚਾਰਕਾਂ ਵਜੋਂ ਅਸੀਂ ਆਪਣੀ ਕਾਬਲੀਅਤ ਵਿਚ ਨਿਖਾਰ ਕਿਵੇਂ ਲਿਆਉਂਦੇ ਰਹਿ ਸਕਦੇ ਹਾਂ? (“ ਟੀਚੇ ਜੋ ਸੇਵਾ ਦਾ ਕੰਮ ਪੂਰਾ ਕਰਨ ਵਿਚ ਮੇਰੀ ਮਦਦ ਕਰਨਗੇ” ਨਾਂ ਦੀ ਡੱਬੀ ਵੀ ਦੇਖੋ।)

16 ਪਰ ਅਸੀਂ ਪ੍ਰਚਾਰ ਦੇ ਕੰਮ ਵਿਚ ਨਿਖਾਰ ਕਿਵੇਂ ਲਿਆਉਂਦੇ ਰਹਿ ਸਕਦੇ ਹਾਂ? ਸਾਨੂੰ ਹਫ਼ਤੇ ਦੌਰਾਨ ਹੁੰਦੀ ਜ਼ਿੰਦਗੀ ਤੇ ਸੇਵਾ ਸਭਾ ਵਿਚ ਮਿਲਦੀਆਂ ਹਿਦਾਇਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਸਭਾ ਵਿਚ ਮਿਲਦੀ ਸਿਖਲਾਈ ਪ੍ਰਚਾਰ ਦੀ ਸਾਡੀ ਕਾਬਲੀਅਤ ਨੂੰ ਲਗਾਤਾਰ ਨਿਖਾਰਨ ਵਿਚ ਮਦਦ ਕਰਦੀ ਹੈ। ਮਿਸਾਲ ਲਈ, ਜਦੋਂ ਚੇਅਰਮੈਨ ਭਾਗ ਪੇਸ਼ ਕਰਨ ਵਾਲੇ ਵਿਦਿਆਰਥੀ ਨੂੰ ਸਲਾਹ ਦਿੰਦਾ ਹੈ, ਤਾਂ ਅਸੀਂ ਵੀ ਉਸ ਸਲਾਹ ਤੋਂ ਸਿੱਖ ਸਕਦੇ ਹਾਂ ਜੋ ਪ੍ਰਚਾਰ ਦੇ ਕੰਮ ਵਿਚ ਨਿਖਾਰ ਲਿਆਉਣ ਵਿਚ ਸਾਡੀ ਮਦਦ ਕਰ ਸਕਦੀ ਹੈ। ਅਗਲੀ ਵਾਰ ਪ੍ਰਚਾਰ ਕਰਦਿਆਂ ਅਸੀਂ ਇਹ ਸਲਾਹ ਲਾਗੂ ਕਰ ਕੇ ਆਪਣੇ ਵਿਚ ਨਿਖਾਰ ਲਿਆ ਸਕਦੇ ਹਾਂ। ਅਸੀਂ ਆਪਣੇ ਗਰੁੱਪ ਓਵਰਸੀਅਰ ਤੋਂ ਮਦਦ ਲੈ ਸਕਦੇ ਹਾਂ ਅਤੇ ਉਸ ਨਾਲ ਜਾਂ ਕਿਸੇ ਤਜਰਬੇਕਾਰ ਪਬਲੀਸ਼ਰ, ਪਾਇਨੀਅਰ ਜਾਂ ਸਰਕਟ ਓਵਰਸੀਅਰ ਨਾਲ ਪ੍ਰਚਾਰ ਕਰ ਸਕਦੇ ਹਾਂ। ਸਿਖਾਉਣ ਦੇ ਔਜ਼ਾਰਾਂ ਵਿਚ ਦਿੱਤੇ ਹਰ ਔਜ਼ਾਰ ਨੂੰ ਜਿੰਨਾ ਵਰਤਣ ਵਿਚ ਅਸੀਂ ਮਾਹਰ ਬਣਾਂਗੇ, ਉੱਨਾ ਜ਼ਿਆਦਾ ਸਾਨੂੰ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਮਜ਼ਾ ਆਵੇਗਾ।

17. ਸੇਵਾ ਦਾ ਆਪਣਾ ਕੰਮ ਪੂਰਾ ਕਰ ਕੇ ਕੀ ਹੋਵੇਗਾ?

17 ਇਹ ਕਿੰਨਾ ਵੱਡਾ ਸਨਮਾਨ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਨਾਲ “ਮਿਲ ਕੇ ਕੰਮ” ਕਰਨ ਦਾ ਮੌਕਾ ਦਿੱਤਾ ਹੈ। (1 ਕੁਰਿੰ. 3:9) “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ” ਵਿਚ ਰੱਖ ਕੇ ਅਤੇ ਸੇਵਾ ਦੇ ਕੰਮ ’ਤੇ ਧਿਆਨ ਲਾ ਕੇ ਤੁਸੀਂ “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ” ਕਰ ਸਕੋਗੇ। (ਫ਼ਿਲਿ. 1:10; ਜ਼ਬੂ. 100:2) ਪਰਮੇਸ਼ੁਰ ਦੇ ਸੇਵਕਾਂ ਵਜੋਂ, ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਮੁਸ਼ਕਲਾਂ ਜਾਂ ਕਮਜ਼ੋਰੀਆਂ ਦੇ ਬਾਵਜੂਦ ਵੀ ਉਹ ਸੇਵਾ ਦਾ ਕੰਮ ਪੂਰਾ ਕਰਨ ਲਈ ਤੁਹਾਨੂੰ ਲੋੜੀਂਦੀ ਤਾਕਤ ਦੇਵੇਗਾ। (2 ਕੁਰਿੰ. 4:1, 7; 6:4) ਚਾਹੇ ਤੁਸੀਂ ਆਪਣੇ ਹਾਲਾਤਾਂ ਕਰਕੇ ਜ਼ਿਆਦਾ ਪ੍ਰਚਾਰ ਕਰਦੇ ਹੋ ਜਾਂ ਘੱਟ, ਪਰ ਫਿਰ ਵੀ ਤੁਸੀਂ ਸੇਵਾ ਦੇ ਆਪਣੇ ਕੰਮ ਵਿਚ ਪੂਰੀ ਵਾਹ ਲਾ ਕੇ ‘ਖ਼ੁਸ਼ੀ’ ਪਾ ਸਕਦੇ ਹੋ। (ਗਲਾ. 6:4) ਸੇਵਾ ਦਾ ਕੰਮ ਪੂਰਾ ਕਰ ਕੇ ਤੁਸੀਂ ਯਹੋਵਾਹ ਅਤੇ ਆਪਣੇ ਗੁਆਂਢੀ ਨੂੰ ਪਿਆਰ ਦਿਖਾਉਂਦੇ ਹੋ। ‘ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਓਗੇ।’​—1 ਤਿਮੋ. 4:16.

ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

^ ਪੈਰਾ 5 ਯਿਸੂ ਨੇ ਸਾਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਹੁਕਮ ਦਿੱਤਾ ਹੈ। ਇਸ ਲੇਖ ਵਿਚ ਅਸੀਂ ਇਸ ਗੱਲ ’ਤੇ ਗੌਰ ਕਰਾਂਗੇ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਸੇਵਾ ਦਾ ਆਪਣਾ ਕੰਮ ਕਿਵੇਂ ਪੂਰਾ ਕਰ ਸਕਦੇ ਹਾਂ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਵਧੀਆ ਪ੍ਰਚਾਰਕ ਕਿਵੇਂ ਬਣ ਸਕਦੇ ਹਾਂ ਅਤੇ ਇਸ ਕੰਮ ਤੋਂ ਹੋਰ ਜ਼ਿਆਦਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ।

^ ਪੈਰਾ 4 ਸ਼ਬਦਾਂ ਦਾ ਮਤਲਬ: ਸਾਡੇ ਸੇਵਾ ਦੇ ਕੰਮ ਵਿਚ ਪ੍ਰਚਾਰ ਅਤੇ ਸਿਖਾਉਣ, ਭਗਤੀ ਦੀਆਂ ਥਾਵਾਂ ਬਣਾਉਣ ਤੇ ਮੁਰੰਮਤ ਕਰਨ ਅਤੇ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਪਹੁੰਚਾਉਣ ਦੇ ਕੰਮ ਵਿਚ ਹਿੱਸਾ ਲੈਣਾ ਵੀ ਸ਼ਾਮਲ ਹੈ।​—2 ਕੁਰਿੰ. 5:18, 19; 8:4.

^ ਪੈਰਾ 13 ਪਹਿਰਾਬੁਰਜ ਜੁਲਾਈ 2016 ਦੇ ਸਫ਼ੇ 10 ’ਤੇ “ਜ਼ਿੰਦਗੀ ਸਾਦੀ ਕਿਵੇਂ ਕਰੀਏ” ਨਾਂ ਦੀ ਡੱਬੀ ਵਿਚ ਦਿੱਤੇ ਸੱਤ ਤਰੀਕੇ ਦੇਖੋ।

^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਹਫ਼ਤੇ ਦੌਰਾਨ ਹੁੰਦੀ ਸਭਾ ਵਿਚ ਪ੍ਰਦਰਸ਼ਨ ਕਰਦੀ ਹੋਈ। ਇਸ ਤੋਂ ਬਾਅਦ ਜਦੋਂ ਚੇਅਰਮੈਨ ਸਲਾਹ ਦਿੰਦਾ ਹੈ, ਤਾਂ ਉਹ ਸਿੱਖਿਆ ਕਿਤਾਬ ਵਿਚ ਨੋਟਸ ਲੈਂਦੀ ਹੋਈ। ਫਿਰ ਸ਼ਨੀ-ਐਤਵਾਰ ਨੂੰ ਪ੍ਰਚਾਰ ਕਰਦਿਆਂ ਉਹ ਸਭਾ ਵਿਚ ਸਿੱਖੀਆਂ ਗੱਲਾਂ ਨੂੰ ਵਰਤਦੀ ਹੋਈ।