Skip to content

Skip to table of contents

ਅਧਿਐਨ ਲੇਖ 17

ਅਚਾਨਕ ਮੁਸੀਬਤਾਂ ਆਉਣ ʼਤੇ ਵੀ ਯਹੋਵਾਹ ਤੁਹਾਨੂੰ ਸੰਭਾਲੇਗਾ!

ਅਚਾਨਕ ਮੁਸੀਬਤਾਂ ਆਉਣ ʼਤੇ ਵੀ ਯਹੋਵਾਹ ਤੁਹਾਨੂੰ ਸੰਭਾਲੇਗਾ!

“ਧਰਮੀ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ, ਪਰ ਯਹੋਵਾਹ ਉਸ ਨੂੰ ਸਾਰੀਆਂ ਮੁਸੀਬਤਾਂ ਵਿੱਚੋਂ ਕੱਢਦਾ ਹੈ।”​—ਜ਼ਬੂ. 34:19.

ਗੀਤ 44 ਦੁਖਿਆਰੇ ਦੀ ਦੁਆ

ਖ਼ਾਸ ਗੱਲਾਂ a

1. ਸਾਨੂੰ ਕਿਹੜੀ ਗੱਲ ਦਾ ਯਕੀਨ ਹੈ?

 ਯਹੋਵਾਹ ਦੇ ਲੋਕ ਹੋਣ ਕਰਕੇ ਸਾਨੂੰ ਯਕੀਨ ਹੈ ਕਿ ਉਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ ਤੇ ਚੰਗੀ ਜ਼ਿੰਦਗੀ ਬਤੀਤ ਕਰੀਏ। (ਰੋਮੀ. 8:35-39) ਸਾਨੂੰ ਇਹ ਵੀ ਯਕੀਨ ਹੈ ਕਿ ਜੇ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਾਂਗੇ, ਤਾਂ ਸਾਡਾ ਹਮੇਸ਼ਾ ਭਲਾ ਹੋਵੇਗਾ। (ਯਸਾ. 48:17, 18) ਪਰ ਕਈ ਵਾਰ ਜਦੋਂ ਸਾਡੇ ʼਤੇ ਅਜਿਹੀਆਂ ਮੁਸੀਬਤਾਂ ਆਉਂਦੀਆਂ ਹਨ ਜਿਨ੍ਹਾਂ ਦੀ ਅਸੀਂ ਕਦੇ ਉਮੀਦ ਵੀ ਨਹੀਂ ਕੀਤੀ ਹੁੰਦੀ, ਉਦੋਂ ਅਸੀਂ ਕੀ ਕਰ ਸਕਦੇ ਹਾਂ?

2. ਸਾਨੂੰ ਸ਼ਾਇਦ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਵੇ ਅਤੇ ਉਦੋਂ ਸ਼ਾਇਦ ਅਸੀਂ ਕੀ ਸੋਚੀਏ?

2 ਯਹੋਵਾਹ ਦੇ ਸਾਰੇ ਸੇਵਕਾਂ ʼਤੇ ਕੋਈ-ਨਾ-ਕੋਈ ਮੁਸ਼ਕਲ ਆਉਂਦੀ ਹੈ। ਉਦਾਹਰਣ ਲਈ, ਸਾਡੇ ਪਰਿਵਾਰ ਦਾ ਕੋਈ ਮੈਂਬਰ ਸ਼ਾਇਦ ਕੁਝ ਇੱਦਾਂ ਦਾ ਕਰ ਦੇਵੇ ਜਿਸ ਕਰਕੇ ਸਾਨੂੰ ਦੁੱਖ ਲੱਗੇ। ਜਾਂ ਸ਼ਾਇਦ ਸਾਨੂੰ ਕੋਈ ਗੰਭੀਰ ਬੀਮਾਰੀ ਹੋ ਜਾਵੇ ਜਿਸ ਕਰਕੇ ਅਸੀਂ ਯਹੋਵਾਹ ਦੀ ਸੇਵਾ ਜ਼ਿਆਦਾ ਨਾ ਕਰ ਪਾਈਏ। ਜਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਕੁਦਰਤੀ ਆਫ਼ਤ ਦੀ ਮਾਰ ਝੱਲ ਰਹੇ ਹੋਈਏ ਜਾਂ ਫਿਰ ਸ਼ਾਇਦ ਸਾਡੇ ਵਿਸ਼ਵਾਸਾਂ ਕਰਕੇ ਸਾਡੇ ʼਤੇ ਜ਼ੁਲਮ ਕੀਤੇ ਜਾ ਰਹੇ ਹੋਣ। ਜਦੋਂ ਅਸੀਂ ਇੱਦਾਂ ਦੀ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੁੰਦੇ ਹਾਂ, ਤਾਂ ਸ਼ਾਇਦ ਅਸੀਂ ਸੋਚੀਏ: ‘ਮੇਰੇ ਨਾਲ ਹੀ ਇੱਦਾਂ ਕਿਉਂ ਹੁੰਦਾ? ਕੀ ਮੈਂ ਕੁਝ ਗ਼ਲਤ ਕੀਤਾ ਹੈ? ਕਿਤੇ ਯਹੋਵਾਹ ਮੇਰੇ ਤੋਂ ਨਾਰਾਜ਼ ਤਾਂ ਨਹੀਂ?’ ਕੀ ਤੁਹਾਡੇ ਮਨ ਵਿਚ ਵੀ ਕਦੇ ਇੱਦਾਂ ਦੇ ਖ਼ਿਆਲ ਆਏ ਹਨ? ਜੇ ਹਾਂ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਹੈ।​—ਜ਼ਬੂ. 22:1, 2; ਹੱਬ. 1:2, 3.

3. ਜ਼ਬੂਰ 34:19 ਤੋਂ ਅਸੀਂ ਕੀ ਸਿੱਖ ਸਕਦੇ ਹਾਂ?

3 ਜ਼ਬੂਰ 34:19 ਪੜ੍ਹੋ। ਇਸ ਜ਼ਬੂਰ ਵਿਚ ਖ਼ਾਸ ਤੌਰ ʼਤੇ ਦੋ ਗੱਲਾਂ ਬਾਰੇ ਦੱਸਿਆ ਗਿਆ ਹੈ: (1) ਧਰਮੀ ਲੋਕਾਂ ʼਤੇ ਮੁਸੀਬਤਾਂ ਆਉਂਦੀਆਂ ਹਨ। (2) ਯਹੋਵਾਹ ਸਾਨੂੰ ਮੁਸੀਬਤਾਂ ਵਿੱਚੋਂ ਕੱਢਦਾ ਹੈ। ਉਹ ਇਹ ਕਿਵੇਂ ਕਰਦਾ ਹੈ? ਉਸ ਨੇ ਸਾਨੂੰ ਦੱਸਿਆ ਹੈ ਕਿ ਇਸ ਦੁਨੀਆਂ ਵਿਚ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਸਾਡੇ ਨਾਲ ਹਮੇਸ਼ਾ ਚੰਗਾ ਹੀ ਹੋਵੇਗਾ। ਉਹ ਸਾਡੇ ਨਾਲ ਇਹ ਵਾਅਦਾ ਕਰਦਾ ਹੈ ਕਿ ਉਸ ਦੀ ਸੇਵਾ ਕਰ ਕੇ ਸਾਨੂੰ ਖ਼ੁਸ਼ੀ ਮਿਲੇਗੀ, ਪਰ ਉਹ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਸਾਡੇ ʼਤੇ ਕਦੇ ਕੋਈ ਮੁਸ਼ਕਲ ਨਹੀਂ ਆਵੇਗੀ। (ਯਸਾ. 66:14) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਭਵਿੱਖ ਬਾਰੇ ਸੋਚੀਏ ਯਾਨੀ ਉਸ ਸਮੇਂ ਬਾਰੇ ਜਦੋਂ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਅਤੇ ਅਸੀਂ ਹਮੇਸ਼ਾ ਲਈ ਖ਼ੁਸ਼ ਰਹਾਂਗੇ। (2 ਕੁਰਿੰ. 4:16-18) ਪਰ ਉਹ ਸਮਾਂ ਆਉਣ ਤਕ ਉਹ ਹਰ ਰੋਜ਼ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਹਿੰਮਤ ਨਾ ਹਾਰੀਏ ਅਤੇ ਉਸ ਦੀ ਸੇਵਾ ਕਰਦੇ ਰਹੀਏ।​—ਵਿਰ. 3:22-24.

4. ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?

4 ਆਓ ਆਪਾਂ ਜਾਣੀਏ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਕੀ ਸਿੱਖ ਸਕਦੇ ਹਾਂ। ਅਸੀਂ ਬਾਈਬਲ ਦੇ ਜ਼ਮਾਨੇ ਦੇ ਕੁਝ ਵਫ਼ਾਦਾਰ ਸੇਵਕਾਂ ਅਤੇ ਸਾਡੇ ਜ਼ਮਾਨੇ ਦੇ ਕੁਝ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ʼਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਕਈ ਵਾਰ ਸਾਡੇ ʼਤੇ ਅਚਾਨਕ ਕੋਈ ਮੁਸ਼ਕਲ ਆ ਸਕਦੀ ਹੈ। ਪਰ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਉਹ ਹਮੇਸ਼ਾ ਸਾਨੂੰ ਸੰਭਾਲੇਗਾ। (ਜ਼ਬੂ. 55:22) ਇਨ੍ਹਾਂ ਮਿਸਾਲਾਂ ʼਤੇ ਗੌਰ ਕਰਦਿਆਂ ਸੋਚੋ: ‘ਜੇ ਮੇਰੇ ʼਤੇ ਵੀ ਇੱਦਾਂ ਦੀ ਕੋਈ ਮੁਸ਼ਕਲ ਆਈ, ਤਾਂ ਮੈਂ ਕੀ ਕਰਾਂਗਾ? ਇਨ੍ਹਾਂ ਮਿਸਾਲਾਂ ਕਰਕੇ ਯਹੋਵਾਹ ʼਤੇ ਮੇਰਾ ਭਰੋਸਾ ਕਿਵੇਂ ਵਧਿਆ ਹੈ? ਇਨ੍ਹਾਂ ਮਿਸਾਲਾਂ ਤੋਂ ਸਿੱਖੀਆਂ ਗੱਲਾਂ ਮੁਤਾਬਕ ਮੈਂ ਕਿਵੇਂ ਚੱਲ ਸਕਦਾ ਹਾਂ?’

ਬਾਈਬਲ ਦੇ ਜ਼ਮਾਨੇ ਵਿਚ

20 ਸਾਲਾਂ ਦੌਰਾਨ ਯਾਕੂਬ ਦੇ ਮਾਮੇ ਲਾਬਾਨ ਨੇ ਉਸ ਨੂੰ ਵਾਰ-ਵਾਰ ਧੋਖਾ ਦਿੱਤਾ, ਪਰ ਯਹੋਵਾਹ ਯਾਕੂਬ ਦੀ ਮਿਹਨਤ ʼਤੇ ਬਰਕਤ ਪਾਉਂਦਾ ਰਿਹਾ (ਪੈਰਾ 5)

5. ਲਾਬਾਨ ਕਰਕੇ ਯਾਕੂਬ ਨੂੰ ਕੀ ਕੁਝ ਸਹਿਣਾ ਪਿਆ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

5 ਬਾਈਬਲ ਦੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ʼਤੇ ਇੱਦਾਂ ਦੀਆਂ ਮੁਸ਼ਕਲਾਂ ਆਈਆਂ ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਮਿਸਾਲ ਲਈ, ਯਾਕੂਬ ਬਾਰੇ ਸੋਚੋ। ਉਸ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਇਕ ਰਿਸ਼ਤੇਦਾਰ ਲਾਬਾਨ ਦੇ ਘਰ ਜਾਵੇ ਜੋ ਪਰਮੇਸ਼ੁਰ ਦਾ ਸੇਵਕ ਹੈ ਅਤੇ ਉਸ ਦੀ ਕਿਸੇ ਕੁੜੀ ਨਾਲ ਵਿਆਹ ਕਰਾਵੇ। ਨਾਲੇ ਯਾਕੂਬ ਦੇ ਪਿਤਾ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਇੱਦਾਂ ਕਰਨ ਨਾਲ ਯਹੋਵਾਹ ਉਸ ਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ। (ਉਤ. 28:1-4) ਇਸ ਲਈ ਯਾਕੂਬ ਨੇ ਸਹੀ ਕਦਮ ਚੁੱਕਿਆ। ਉਸ ਨੇ ਕਨਾਨ ਦੇਸ਼ ਛੱਡ ਦਿੱਤਾ ਅਤੇ ਲਾਬਾਨ ਦੇ ਘਰ ਜਾਣ ਲਈ ਤੁਰ ਪਿਆ। ਲਾਬਾਨ ਦੀਆਂ ਦੋ ਕੁੜੀਆਂ ਸਨ: ਲੇਆਹ ਅਤੇ ਰਾਕੇਲ। ਯਾਕੂਬ ਨੂੰ ਉਸ ਦੀ ਛੋਟੀ ਕੁੜੀ ਰਾਕੇਲ ਨਾਲ ਪਿਆਰ ਹੋ ਗਿਆ। ਉਹ ਉਸ ਨਾਲ ਵਿਆਹ ਕਰਾਉਣ ਵਾਸਤੇ ਸੱਤ ਸਾਲਾਂ ਲਈ ਲਾਬਾਨ ਕੋਲ ਕੰਮ ਕਰਨ ਲਈ ਤਿਆਰ ਹੋ ਗਿਆ। (ਉਤ. 29:18) ਪਰ ਯਾਕੂਬ ਨੇ ਜਿੱਦਾਂ ਸੋਚਿਆ ਸੀ, ਉੱਦਾਂ ਨਹੀਂ ਹੋਇਆ। ਸੱਤ ਸਾਲਾਂ ਬਾਅਦ ਲਾਬਾਨ ਨੇ ਧੋਖੇ ਨਾਲ ਉਸ ਦਾ ਵਿਆਹ ਆਪਣੀ ਵੱਡੀ ਕੁੜੀ ਲੇਆਹ ਨਾਲ ਕਰਵਾ ਦਿੱਤਾ। ਫਿਰ ਉਸ ਨੇ ਯਾਕੂਬ ਨੂੰ ਕਿਹਾ ਕਿ ਉਹ ਇਕ ਹਫ਼ਤੇ ਬਾਅਦ ਰਾਕੇਲ ਦਾ ਵਿਆਹ ਵੀ ਉਸ ਨਾਲ ਕਰਵਾ ਦੇਵੇਗਾ, ਪਰ ਇਸ ਦੇ ਬਦਲੇ ਉਸ ਨੂੰ ਸੱਤ ਸਾਲ ਹੋਰ ਕੰਮ ਕਰਨਾ ਪਵੇਗਾ। (ਉਤ. 29:25-27) ਨਾਲੇ ਜਦੋਂ ਯਾਕੂਬ ਨੇ ਲਾਬਾਨ ਲਈ ਕੰਮ ਕੀਤਾ, ਤਾਂ ਲਾਬਾਨ ਨੇ ਉਸ ਨਾਲ ਕਈ ਵਾਰ ਧੋਖਾ ਕੀਤਾ। ਲਾਬਾਨ 20 ਸਾਲਾਂ ਤਕ ਯਾਕੂਬ ਨਾਲ ਬੁਰਾ ਸਲੂਕ ਕਰਦਾ ਰਿਹਾ!​—ਉਤ. 31:41, 42.

6. ਯਾਕੂਬ ਨੂੰ ਹੋਰ ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪਈਆਂ?

6 ਯਾਕੂਬ ਨੂੰ ਹੋਰ ਵੀ ਕਈ ਮੁਸ਼ਕਲਾਂ ਸਹਿਣੀਆਂ ਪਈਆਂ। ਉਸ ਦਾ ਪਰਿਵਾਰ ਬਹੁਤ ਵੱਡਾ ਸੀ ਅਤੇ ਕਈ ਵਾਰ ਉਸ ਦੇ ਮੁੰਡਿਆਂ ਦੀ ਆਪਸ ਵਿਚ ਨਹੀਂ ਬਣਦੀ ਸੀ। ਇੱਥੋਂ ਤਕ ਕਿ ਉਨ੍ਹਾਂ ਨੇ ਆਪਣੇ ਇਕ ਭਰਾ ਯੂਸੁਫ਼ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਨਾਲੇ ਯਾਕੂਬ ਦੇ ਦੋ ਮੁੰਡਿਆਂ ਸ਼ਿਮਓਨ ਅਤੇ ਲੇਵੀ ਨੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲ਼ ਦਿੱਤਾ ਅਤੇ ਯਹੋਵਾਹ ਦੇ ਨਾਂ ਨੂੰ ਵੀ ਬਦਨਾਮ ਕੀਤਾ। ਇਸ ਤੋਂ ਇਲਾਵਾ, ਯਾਕੂਬ ਦੀ ਪਿਆਰੀ ਪਤਨੀ ਰਾਕੇਲ ਆਪਣੇ ਦੂਜੇ ਬੱਚੇ ਨੂੰ ਜਨਮ ਦਿੰਦੇ ਸਮੇਂ ਮਰ ਗਈ। ਨਾਲੇ ਇਕ ਭਿਆਨਕ ਕਾਲ਼ ਕਰਕੇ ਯਾਕੂਬ ਨੂੰ ਬੁਢਾਪੇ ਵਿਚ ਮਜਬੂਰਨ ਮਿਸਰ ਜਾ ਕੇ ਵੱਸਣਾ ਪਿਆ।​—ਉਤ. 34:30; 35:16-19; 37:28; 45:9-11, 28.

7. ਯਹੋਵਾਹ ਨੇ ਯਾਕੂਬ ਨੂੰ ਕਿਵੇਂ ਦਿਖਾਇਆ ਕਿ ਉਸ ʼਤੇ ਉਸ ਦੀ ਮਿਹਰ ਸੀ?

7 ਯਾਕੂਬ ਨੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। ਨਾਲੇ ਯਹੋਵਾਹ ਨੇ ਵੀ ਹਮੇਸ਼ਾ ਯਾਕੂਬ ʼਤੇ ਮਿਹਰ ਕੀਤੀ। ਉਦਾਹਰਣ ਲਈ, ਭਾਵੇਂ ਕਿ ਲਾਬਾਨ ਨੇ ਯਾਕੂਬ ਨਾਲ ਵਾਰ-ਵਾਰ ਧੋਖਾ ਕੀਤਾ, ਫਿਰ ਵੀ ਯਹੋਵਾਹ ਨੇ ਯਾਕੂਬ ਨੂੰ ਕਾਫ਼ੀ ਕੁਝ ਦਿੱਤਾ। ਇਸ ਤੋਂ ਇਲਾਵਾ, ਯਾਕੂਬ ਨੂੰ ਲੱਗਦਾ ਸੀ ਕਿ ਉਸ ਦਾ ਪੁੱਤਰ ਯੂਸੁਫ਼ ਮਰ ਚੁੱਕਾ ਸੀ। ਪਰ ਜ਼ਰਾ ਸੋਚੋ ਜਦੋਂ ਯਾਕੂਬ ਕਈ ਸਾਲਾਂ ਬਾਅਦ ਯੂਸੁਫ਼ ਨੂੰ ਦੁਬਾਰਾ ਮਿਲਿਆ ਹੋਣਾ, ਤਾਂ ਉਹ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਹੋਇਆ ਹੋਣਾ! ਯਾਕੂਬ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ ਜਿਸ ਕਰਕੇ ਉਹ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਝੱਲ ਸਕਿਆ। (ਉਤ. 30:43; 32:9, 10; 46:28-30) ਜਦੋਂ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਦੇ ਹਾਂ, ਤਾਂ ਅਸੀਂ ਵੀ ਅਚਾਨਕ ਆਈਆਂ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰ ਸਕਾਂਗੇ।

8. ਰਾਜਾ ਦਾਊਦ ਦੀ ਕੀ ਇੱਛਾ ਸੀ?

8 ਰਾਜਾ ਦਾਊਦ ਯਹੋਵਾਹ ਲਈ ਉਹ ਸਾਰਾ ਕੁਝ ਨਹੀਂ ਕਰ ਸਕਿਆ ਜੋ ਉਹ ਕਰਨਾ ਚਾਹੁੰਦਾ ਸੀ। ਉਦਾਹਰਣ ਲਈ, ਦਾਊਦ ਦੀ ਦਿਲੀ ਇੱਛਾ ਸੀ ਕਿ ਉਹ ਯਹੋਵਾਹ ਲਈ ਇਕ ਮੰਦਰ ਬਣਾਵੇ। ਜਦੋਂ ਉਸ ਨੇ ਆਪਣੀ ਇਸ ਇੱਛਾ ਬਾਰੇ ਨਾਥਾਨ ਨਬੀ ਨੂੰ ਦੱਸਿਆ, ਤਾਂ ਉਸ ਨੇ ਦਾਊਦ ਨੂੰ ਕਿਹਾ: “ਜੋ ਤੇਰਾ ਦਿਲ ਕਰਦਾ ਉਹੀ ਕਰ ਕਿਉਂਕਿ ਸੱਚਾ ਪਰਮੇਸ਼ੁਰ ਤੇਰੇ ਨਾਲ ਹੈ।” (1 ਇਤਿ. 17:1, 2) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਇਹ ਸੁਣ ਕੇ ਦਾਊਦ ਫੁੱਲਿਆ ਨਹੀਂ ਸਮਾਇਆ ਹੋਣਾ। ਸ਼ਾਇਦ ਉਹ ਉਸੇ ਵੇਲੇ ਇਸ ਵੱਡੇ ਕੰਮ ਨੂੰ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗ ਪਿਆ ਹੋਣਾ।

9. ਜਦੋਂ ਨਾਥਾਨ ਦਾਊਦ ਨੂੰ ਅਜਿਹੀ ਖ਼ਬਰ ਦਿੰਦਾ ਹੈ ਜਿਸ ਦੀ ਉਸ ਨੇ ਉਮੀਦ ਵੀ ਨਹੀਂ ਕੀਤੀ ਸੀ, ਤਾਂ ਉਹ ਕੀ ਕਰਦਾ ਹੈ?

9 ਪਰ “ਉਸੇ ਰਾਤ” ਯਹੋਵਾਹ ਨੇ ਨਾਥਾਨ ਨਬੀ ਨੂੰ ਦੱਸਿਆ ਕਿ ਦਾਊਦ ਉਸ ਲਈ ਮੰਦਰ ਨਹੀਂ ਬਣਾਏਗਾ, ਸਗੋਂ ਉਸ ਦਾ ਮੁੰਡਾ ਇੱਦਾਂ ਕਰੇਗਾ। ਇਹ ਸੁਣ ਕੇ ਨਾਥਾਨ ਤੁਰੰਤ ਦਾਊਦ ਕੋਲ ਵਾਪਸ ਜਾਂਦਾ ਹੈ ਅਤੇ ਉਸ ਨੂੰ ਇਹ ਖ਼ਬਰ ਦਿੰਦਾ ਹੈ। (1 ਇਤਿ. 17:3, 4, 11, 12) ਫਿਰ ਇਹ ਖ਼ਬਰ ਸੁਣ ਕੇ ਦਾਊਦ ਕੀ ਕਰਦਾ ਹੈ? ਉਹ ਆਪਣਾ ਟੀਚਾ ਬਦਲ ਲੈਂਦਾ ਹੈ। ਉਹ ਯਹੋਵਾਹ ਦੇ ਭਵਨ ਲਈ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਲੱਗ ਪੈਂਦਾ ਹੈ ਜਿਨ੍ਹਾਂ ਨੂੰ ਅੱਗੇ ਜਾ ਕੇ ਉਸ ਦਾ ਮੁੰਡਾ ਸੁਲੇਮਾਨ ਇਸ ਕੰਮ ਲਈ ਵਰਤਦਾ।​—1 ਇਤਿ. 29:1-5.

10. ਯਹੋਵਾਹ ਨੇ ਦਾਊਦ ਨੂੰ ਕਿਹੜੀ ਬਰਕਤ ਦਿੱਤੀ?

10 ਜਦੋਂ ਦਾਊਦ ਨੂੰ ਦੱਸਿਆ ਗਿਆ ਕਿ ਉਹ ਯਹੋਵਾਹ ਲਈ ਮੰਦਰ ਨਹੀਂ ਬਣਾਏਗਾ, ਤਾਂ ਇਸ ਤੋਂ ਤੁਰੰਤ ਬਾਅਦ ਯਹੋਵਾਹ ਉਸ ਨਾਲ ਇਕਰਾਰ ਕਰਦਾ ਹੈ। ਉਹ ਦਾਊਦ ਨਾਲ ਵਾਅਦਾ ਕਰਦਾ ਹੈ ਕਿ ਉਸ ਦੀ ਔਲਾਦ ਵਿੱਚੋਂ ਇਕ ਜਣਾ ਹਮੇਸ਼ਾ ਲਈ ਰਾਜ ਕਰੇਗਾ। (2 ਸਮੂ. 7:16) ਜ਼ਰਾ ਕਲਪਨਾ ਕਰੋ ਕਿ ਨਵੀਂ ਦੁਨੀਆਂ ਵਿਚ ਹਜ਼ਾਰ ਸਾਲ ਦੇ ਰਾਜ ਦੌਰਾਨ ਦਾਊਦ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਵੇਗੀ ਕਿ ਸਾਡਾ ਰਾਜਾ ਯਿਸੂ ਉਸ ਦੀ ਪੀੜ੍ਹੀ ਵਿੱਚੋਂ ਹੈ! ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖਦੇ ਹਾਂ? ਜੇ ਅਸੀਂ ਯਹੋਵਾਹ ਲਈ ਉਹ ਸਭ ਕੁਝ ਨਾ ਕਰ ਸਕੀਏ ਜੋ ਅਸੀਂ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਕੀ ਪਤਾ ਯਹੋਵਾਹ ਸਾਨੂੰ ਉੱਦਾਂ ਬਰਕਤ ਦੇਵੇ ਜਿੱਦਾਂ ਅਸੀਂ ਕਦੇ ਉਮੀਦ ਵੀ ਨਾ ਕੀਤੀ ਹੋਵੇ?

11. ਪਰਮੇਸ਼ੁਰ ਦਾ ਰਾਜ ਉਦੋਂ ਨਹੀਂ ਆਇਆ ਜਦੋਂ ਪਹਿਲੀ ਸਦੀ ਦੇ ਮਸੀਹੀਆਂ ਨੇ ਸੋਚਿਆ ਸੀ, ਫਿਰ ਵੀ ਉਨ੍ਹਾਂ ਨੂੰ ਕਿਹੜੀ ਬਰਕਤ ਮਿਲੀ? (ਰਸੂਲਾਂ ਦੇ ਕੰਮ 6:7)

11 ਪਹਿਲੀ ਸਦੀ ਦੇ ਮਸੀਹੀਆਂ ʼਤੇ ਵੀ ਅਜਿਹੀਆਂ ਮੁਸ਼ਕਲਾਂ ਆਈਆਂ ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਉਮੀਦ ਨਹੀਂ ਕੀਤੀ ਸੀ। ਉਦਾਹਰਣ ਲਈ, ਉਹ ਚਾਹੁੰਦੇ ਸਨ ਕਿ ਪਰਮੇਸ਼ੁਰ ਦਾ ਰਾਜ ਛੇਤੀ ਹੀ ਆ ਜਾਵੇ, ਪਰ ਉਸ ਵੇਲੇ ਉਨ੍ਹਾਂ ਦੀ ਇਹ ਉਮੀਦ ਪੂਰੀ ਨਹੀਂ ਹੋਈ। ਨਾਲੇ ਉਹ ਨਹੀਂ ਜਾਣਦੇ ਸਨ ਕਿ ਇਹ ਰਾਜ ਕਦੋਂ ਆਵੇਗਾ। (ਰਸੂ. 1:6, 7) ਤਾਂ ਫਿਰ ਉਨ੍ਹਾਂ ਨੇ ਕੀ ਕੀਤਾ? ਉਹ ਨਿਰਾਸ਼ ਨਹੀਂ ਹੋਏ, ਸਗੋਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ। ਜਿਉਂ-ਜਿਉਂ ਪ੍ਰਚਾਰ ਦਾ ਕੰਮ ਵਧਦਾ ਗਿਆ, ਉਹ ਸਾਫ਼-ਸਾਫ਼ ਦੇਖ ਸਕੇ ਕਿ ਯਹੋਵਾਹ ਉਨ੍ਹਾਂ ਦੀਆਂ ਕੋਸ਼ਿਸ਼ਾਂ ʼਤੇ ਬਰਕਤ ਪਾ ਰਿਹਾ ਸੀ।​ਰਸੂਲਾਂ ਦੇ ਕੰਮ 6:7 ਪੜ੍ਹੋ।

12. ਕਾਲ਼ ਦੌਰਾਨ ਪਹਿਲੀ ਸਦੀ ਦੇ ਮਸੀਹੀਆਂ ਨੇ ਕੀ ਕੀਤਾ?

12 ਪਹਿਲੀ ਸਦੀ ਦੇ ਮਸੀਹੀਆਂ ਨੂੰ ਵੀ ਕੁਝ ਅਜਿਹੀਆਂ ਮੁਸ਼ਕਲਾਂ ਝੱਲਣੀਆਂ ਪਈਆਂ ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਇਕ ਵਾਰ “ਪੂਰੀ ਦੁਨੀਆਂ ਵਿਚ ਵੱਡਾ ਕਾਲ਼” ਪਿਆ ਸੀ। (ਰਸੂ. 11:28) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਵੱਡੇ ਕਾਲ਼ ਕਰਕੇ ਉਨ੍ਹਾਂ ਮਸੀਹੀਆਂ ʼਤੇ ਕੀ ਬੀਤੀ ਹੋਣੀ? ਬਿਨਾਂ ਸ਼ੱਕ, ਪਰਿਵਾਰ ਦੇ ਮੁਖੀਆਂ ਨੂੰ ਚਿੰਤਾ ਹੋਈ ਹੋਣੀ ਕਿ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਤੋਰਨਗੇ। ਨਾਲੇ ਜਿਹੜੇ ਨੌਜਵਾਨ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਬਾਰੇ ਸੋਚ ਰਹੇ ਸਨ, ਉਨ੍ਹਾਂ ਨੂੰ ਕਿੱਦਾਂ ਲੱਗਾ ਹੋਣਾ? ਕੀ ਉਨ੍ਹਾਂ ਨੇ ਇਹ ਸੋਚਿਆ ਕਿ ਕਾਲ਼ ਖ਼ਤਮ ਹੋਣ ਤੋਂ ਬਾਅਦ ਹੀ ਉਹ ਇੱਦਾਂ ਕਰ ਸਕਣਗੇ? ਚਾਹੇ ਜੋ ਵੀ ਸੀ, ਉਨ੍ਹਾਂ ਮਸੀਹੀਆਂ ਨੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲਿਆ ਅਤੇ ਉਨ੍ਹਾਂ ਤੋਂ ਜਿੰਨਾ ਹੋ ਸਕਿਆ, ਉਹ ਉੱਨਾ ਪ੍ਰਚਾਰ ਕਰਦੇ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਹ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਯਹੂਦਿਯਾ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਸਾਂਝਾ ਕੀਤਾ।​—ਰਸੂ. 11:29, 30.

13. ਕਾਲ਼ ਦੌਰਾਨ ਯਹੋਵਾਹ ਨੇ ਮਸੀਹੀਆਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?

13 ਕਾਲ਼ ਦੌਰਾਨ ਮਸੀਹੀਆਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਜਿਨ੍ਹਾਂ ਭੈਣਾਂ-ਭਰਾਵਾਂ ਤਕ ਰਾਹਤ ਦਾ ਸਾਮਾਨ ਪਹੁੰਚਾਇਆ ਗਿਆ, ਉਹ ਸਾਫ਼-ਸਾਫ਼ ਦੇਖ ਸਕੇ ਕਿ ਯਹੋਵਾਹ ਉਨ੍ਹਾਂ ਨੂੰ ਕਿਵੇਂ ਸੰਭਾਲ ਰਿਹਾ ਸੀ। (ਮੱਤੀ 6:31-33) ਨਾਲੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ ਹੋਣਾ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਹੋਣੀ। ਇਸ ਤੋਂ ਇਲਾਵਾ, ਜਿਨ੍ਹਾਂ ਭੈਣਾਂ-ਭਰਾਵਾਂ ਨੇ ਦਾਨ ਦੇ ਕੇ ਜਾਂ ਹੋਰ ਤਰੀਕਿਆਂ ਨਾਲ ਰਾਹਤ ਕੰਮ ਵਿਚ ਹੱਥ ਵਟਾਇਆ ਹੋਣਾ, ਉਨ੍ਹਾਂ ਨੂੰ ਵੀ ਜ਼ਰੂਰ ਖ਼ੁਸ਼ੀ ਮਿਲੀ ਹੋਣੀ ਕਿ ਉਹ ਆਪਣੇ ਭੈਣਾਂ-ਭਰਾਵਾਂ ਲਈ ਕੁਝ ਕਰ ਸਕੇ। (ਰਸੂ. 20:35) ਉਸ ਦੌਰਾਨ ਯਹੋਵਾਹ ਨੇ ਸਾਰੇ ਮਸੀਹੀਆਂ ਨੂੰ ਬਰਕਤਾਂ ਦਿੱਤੀਆਂ ਕਿਉਂਕਿ ਉਨ੍ਹਾਂ ਨੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲਿਆ।

14. ਪੌਲੁਸ ਅਤੇ ਬਰਨਬਾਸ ਨਾਲ ਕੀ ਹੋਇਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ? (ਰਸੂਲਾਂ ਦੇ ਕੰਮ 14:21, 22)

14 ਪਹਿਲੀ ਸਦੀ ਦੇ ਮਸੀਹੀਆਂ ʼਤੇ ਅਕਸਰ ਜ਼ੁਲਮ ਕੀਤੇ ਜਾਂਦੇ ਸਨ। ਕਈ ਵਾਰ ਅਜਿਹੇ ਮੌਕਿਆਂ ʼਤੇ ਜਦੋਂ ਉਨ੍ਹਾਂ ਨੇ ਉਮੀਦ ਵੀ ਨਹੀਂ ਕੀਤੀ ਹੁੰਦੀ ਸੀ। ਧਿਆਨ ਦਿਓ ਕਿ ਜਦੋਂ ਪੌਲੁਸ ਅਤੇ ਬਰਨਬਾਸ ਲੁਸਤ੍ਰਾ ਵਿਚ ਪ੍ਰਚਾਰ ਕਰ ਰਹੇ ਸਨ, ਤਾਂ ਉਨ੍ਹਾਂ ਨਾਲ ਕੀ ਹੋਇਆ। ਪਹਿਲਾਂ ਤਾਂ ਲੋਕਾਂ ਨੇ ਉਨ੍ਹਾਂ ਦਾ ਬੜੇ ਪਿਆਰ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ। ਪਰ ਬਾਅਦ ਵਿਚ ਵਿਰੋਧੀ ਉੱਥੇ ਆਏ ਅਤੇ ਉਨ੍ਹਾਂ ਨੇ “ਭੀੜ ਨੂੰ ਭੜਕਾ ਕੇ ਆਪਣੇ ਮਗਰ ਲਾ ਲਿਆ।” ਫਿਰ ਜਿਨ੍ਹਾਂ ਲੋਕਾਂ ਨੇ ਪਹਿਲਾਂ ਪੌਲੁਸ ਅਤੇ ਬਰਨਬਾਸ ਦਾ ਸੁਆਗਤ ਕੀਤਾ ਸੀ, ਉਨ੍ਹਾਂ ਵਿੱਚੋਂ ਕੁਝ ਜਣਿਆਂ ਨੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸ ਨੂੰ ਮਰਿਆ ਸਮਝ ਕੇ ਛੱਡ ਕੇ ਚਲੇ ਗਏ। (ਰਸੂ. 14:19) ਫਿਰ ਪੌਲੁਸ ਅਤੇ ਬਰਨਬਾਸ ਨੇ ਕੀ ਕੀਤਾ? ਉਹ ਹੋਰ ਥਾਵਾਂ ʼਤੇ ਜਾ ਕੇ ਪ੍ਰਚਾਰ ਕਰਦੇ ਰਹੇ। ਇਸ ਦਾ ਕੀ ਨਤੀਜਾ ਨਿਕਲਿਆ? ਉਹ “ਬਹੁਤ ਸਾਰੇ ਚੇਲੇ ਬਣਾ” ਸਕੇ ਅਤੇ ਉਨ੍ਹਾਂ ਦੀਆਂ ਗੱਲਾਂ ਅਤੇ ਮਿਸਾਲਾਂ ਤੋਂ ਹੋਰ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਹੋਈ। (ਰਸੂਲਾਂ ਦੇ ਕੰਮ 14:21, 22 ਪੜ੍ਹੋ।) ਅਚਾਨਕ ਜ਼ੁਲਮ ਹੋਣ ʼਤੇ ਪੌਲੁਸ ਅਤੇ ਬਰਨਬਾਸ ਨੇ ਹਾਰ ਨਹੀਂ ਮੰਨੀ। ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੋਇਆ। ਜੇ ਅਸੀਂ ਵੀ ਹਾਰ ਨਾ ਮੰਨੀਏ ਅਤੇ ਯਹੋਵਾਹ ਵੱਲੋਂ ਦਿੱਤੇ ਕੰਮ ਵਿਚ ਲੱਗੇ ਰਹੀਏ, ਤਾਂ ਉਹ ਸਾਨੂੰ ਵੀ ਬਰਕਤਾਂ ਦੇਵੇਗਾ।

ਸਾਡੇ ਜ਼ਮਾਨੇ ਵਿਚ

15. ਭਰਾ ਏ. ਐੱਚ. ਮੈਕਮਿਲਨ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

15 ਸਾਲ 1914 ਤੋਂ ਪਹਿਲਾਂ ਦੇ ਸਾਲਾਂ ਦੌਰਾਨ ਯਹੋਵਾਹ ਦੇ ਲੋਕਾਂ ਨੇ ਬਹੁਤ ਵੱਡੀਆਂ-ਵੱਡੀਆਂ ਉਮੀਦਾਂ ਲਾਈਆਂ ਹੋਈਆਂ ਸਨ। ਜ਼ਰਾ ਭਰਾ ਏ. ਐੱਚ. ਮੈਕਮਿਲਨ ਦੀ ਮਿਸਾਲ ʼਤੇ ਗੌਰ ਕਰੋ। ਉਸ ਸਮੇਂ ਦੇ ਬਹੁਤ ਸਾਰੇ ਭੈਣਾਂ-ਭਰਾਵਾਂ ਵਾਂਗ ਉਸ ਨੂੰ ਵੀ ਲੱਗਦਾ ਸੀ ਕਿ ਉਹ ਛੇਤੀ ਹੀ ਸਵਰਗ ਚਲਾ ਜਾਵੇਗਾ। ਸਤੰਬਰ 1914 ਵਿਚ ਭਾਸ਼ਣ ਦਿੰਦੇ ਵੇਲੇ ਉਸ ਨੇ ਕਿਹਾ: “ਹੋ ਸਕਦਾ ਹੈ ਕਿ ਇਹ ਮੇਰਾ ਆਖ਼ਰੀ ਭਾਸ਼ਣ ਹੋਵੇ।” ਪਰ ਇੱਦਾਂ ਨਹੀਂ ਹੋਇਆ, ਸਗੋਂ ਭਰਾ ਨੇ ਹੋਰ ਵੀ ਕਈ ਭਾਸ਼ਣ ਦਿੱਤੇ। ਬਾਅਦ ਵਿਚ ਭਰਾ ਨੇ ਲਿਖਿਆ: “ਸ਼ਾਇਦ ਸਾਡੇ ਵਿੱਚੋਂ ਕਈਆਂ ਨੇ ਕਾਹਲੀ-ਕਾਹਲੀ ਵਿਚ ਇਹ ਸਿੱਟਾ ਕੱਢ ਲਿਆ ਸੀ ਕਿ ਅਸੀਂ ਜਲਦੀ ਹੀ ਸਵਰਗ ਚਲੇ ਜਾਣਾ।” ਉਸ ਨੇ ਅੱਗੇ ਲਿਖਿਆ: “ਅਸਲ ਵਿਚ ਸਾਨੂੰ ਪ੍ਰਭੂ ਦੀ ਸੇਵਾ ਵਿਚ ਰੁੱਝੇ ਰਹਿਣ ਦੀ ਲੋੜ ਸੀ।” ਭਰਾ ਮੈਕਮਿਲਨ ਨੇ ਇਸੇ ਤਰ੍ਹਾਂ ਕੀਤਾ, ਉਹ ਪੂਰੇ ਜੋਸ਼ ਨਾਲ ਪ੍ਰਚਾਰ ਕਰਦਾ ਰਿਹਾ। ਉਸ ਨੂੰ ਜੇਲ੍ਹ ਵਿਚ ਕੈਦ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਦਾ ਵੀ ਸਨਮਾਨ ਮਿਲਿਆ ਜਿਨ੍ਹਾਂ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਉਹ ਸਿਆਣੀ ਉਮਰ ਦਾ ਹੋ ਜਾਣ ਤੋਂ ਬਾਅਦ ਵੀ ਵਫ਼ਾਦਾਰੀ ਨਾਲ ਮੀਟਿੰਗਾਂ ਤੇ ਜਾਂਦਾ ਰਿਹਾ। ਆਪਣੇ ਸਵਰਗੀ ਇਨਾਮ ਦੀ ਉਡੀਕ ਕਰਦੇ ਹੋਏ ਭਰਾ ਮੈਕਮਿਲਨ ਨੇ ਆਪਣੇ ਸਮੇਂ ਦਾ ਸਹੀ ਇਸਤੇਮਾਲ ਕੀਤਾ। ਇਸ ਤੋਂ ਉਸ ਨੂੰ ਕੀ ਫ਼ਾਇਦਾ ਹੋਇਆ? 1966 ਵਿਚ ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਲਿਖਿਆ: “ਮੇਰੀ ਨਿਹਚਾ ਅੱਜ ਵੀ ਉੱਨੀ ਹੀ ਮਜ਼ਬੂਤ ਹੈ ਜਿੰਨੀ ਪਹਿਲਾਂ ਸੀ।” ਭਰਾ ਮੈਕਮਿਲਨ ਦਾ ਰਵੱਈਆ ਕਿੰਨਾ ਵਧੀਆ ਸੀ! ਕਈ ਵਾਰ ਸਾਨੂੰ ਉਮੀਦ ਨਾਲੋਂ ਜ਼ਿਆਦਾ ਲੰਬੇ ਸਮੇਂ ਤਕ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਇੱਦਾਂ ਹੋਣ ਤੇ ਕਿਉਂ ਨਾ ਅਸੀਂ ਵੀ ਭਰਾ ਮੈਕਮਿਲਨ ਵਰਗਾ ਰਵੱਈਆ ਰੱਖੀਏ ਅਤੇ ਧੀਰਜ ਤੋਂ ਕੰਮ ਲਈਏ!​—ਇਬ. 13:7.

16. ਭਰਾ ਜੈਨਿੰਗਜ਼ ਅਤੇ ਉਸ ਦੀ ਪਤਨੀ ʼਤੇ ਅਚਾਨਕ ਕਿਹੜੀ ਮੁਸ਼ਕਲ ਆਈ? (ਯਾਕੂਬ 4:14)

16 ਯਹੋਵਾਹ ਦੇ ਬਹੁਤ ਸਾਰੇ ਸੇਵਕਾਂ ਨੂੰ ਅਚਾਨਕ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਦਾਹਰਣ ਲਈ, ਭਰਾ ਹਰਬਰਟ ਜੈਨਿੰਗਜ਼ b ਨੇ ਆਪਣੀ ਜੀਵਨੀ ਵਿਚ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਘਾਨਾ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਸਨ ਅਤੇ ਉਹ ਬਹੁਤ ਖ਼ੁਸ਼ ਸਨ। ਪਰ ਫਿਰ ਇਕ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਭਰਾ ਨੂੰ ਇਕ ਗੰਭੀਰ ਮਾਨਸਿਕ ਬੀਮਾਰੀ (ਇਕ ਕਿਸਮ ਦਾ ਮੂਡ ਡਿਸਆਰਡਰ) ਹੋ ਗਈ ਹੈ। ਯਾਕੂਬ 4:14 ਦਾ ਹਵਾਲਾ ਦਿੰਦਿਆਂ ਭਰਾ ਨੇ ਕਿਹਾ ਕਿ ਉਸ ਦੀ ਬੀਮਾਰੀ ਕਰਕੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਜਿਸ ਦੀ ਉਸ ਨੇ ਕਦੇ ਉਮੀਦ ਨਹੀਂ ਕੀਤੀ ਸੀ ‘ਇਕ ਕੱਲ੍ਹ ਜਿਸ ਦੀ ਸਾਨੂੰ ਉਮੀਦ ਨਹੀਂ ਸੀ।’ (ਪੜ੍ਹੋ।) ਉਸ ਨੇ ਲਿਖਿਆ: “[ਇਸ] ਸੱਚਾਈ ਦਾ ਸਾਮ੍ਹਣਾ ਕਰਦੇ ਹੋਏ, ਅਸੀਂ ਘਾਨਾ ਦੇਸ਼ ਅਤੇ ਆਪਣੇ ਕਈ ਦੋਸਤਾਂ-ਮਿੱਤਰਾਂ ਨੂੰ ਛੱਡ ਕੇ [ਇਲਾਜ ਕਰਾਉਣ ਲਈ] . . . ਕੈਨੇਡਾ ਵਾਪਸ ਆ ਗਏ।” ਭਰਾ ਜੈਨਿੰਗਜ਼ ਅਤੇ ਉਸ ਦੀ ਪਤਨੀ ਲਈ ਇਹ ਸਮਾਂ ਬਹੁਤ ਔਖਾ ਸੀ। ਪਰ ਯਹੋਵਾਹ ਦੀ ਮਦਦ ਨਾਲ ਉਹ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹੇ।

17. ਭਰਾ ਜੈਨਿੰਗਜ਼ ਦੀ ਮਿਸਾਲ ਤੋਂ ਦੂਜੇ ਭੈਣਾਂ-ਭਰਾਵਾਂ ਨੂੰ ਕਿਵੇਂ ਫ਼ਾਇਦਾ ਹੋਇਆ?

17 ਭਰਾ ਜੈਨਿੰਗਜ਼ ਨੇ ਆਪਣੀ ਜੀਵਨੀ ਵਿਚ ਆਪਣੇ ਬਾਰੇ ਈਮਾਨਦਾਰੀ ਨਾਲ ਜੋ ਗੱਲਾਂ ਕਹੀਆਂ, ਉਸ ਦਾ ਦੂਜਿਆਂ ʼਤੇ ਜ਼ਬਰਦਸਤ ਅਸਰ ਹੋਇਆ। ਇਕ ਭੈਣ ਨੇ ਲਿਖਿਆ: “ਪਹਿਲਾਂ ਕਦੇ ਕਿਸੇ ਲੇਖ ਨੇ ਮੈਨੂੰ ਇੰਨਾ ਭਾਵੁਕ ਨਹੀਂ ਕੀਤਾ ਜਿੰਨਾ ਇਸ ਲੇਖ ਨੇ ਕੀਤਾ। . . . ਭਰਾ ਜੈਨਿੰਗਜ਼ ਦੀ ਕਹਾਣੀ ਪੜ੍ਹ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਉਸ ਨੂੰ ਵੀ ਸਿਹਤ ਖ਼ਰਾਬ ਹੋਣ ਕਰਕੇ ਅਫ਼ਰੀਕਾ ਵਿਚ ਆਪਣੀ ਮਿਸ਼ਨਰੀ ਸੇਵਾ ਛੱਡਣੀ ਪਈ ਸੀ। ਉਸ ਬਾਰੇ ਪੜ੍ਹ ਕੇ ਮੈਨੂੰ ਆਪਣੀਆਂ ਦੋਸ਼ੀ ਭਾਵਨਾਵਾਂ ਤੋਂ ਰਾਹਤ ਮਿਲੀ।” ਇਸੇ ਤਰ੍ਹਾਂ ਇਕ ਭਰਾ ਨੇ ਵੀ ਲਿਖਿਆ: “ਮੈਂ ਆਪਣੀ [ਮੰਡਲੀ] ਵਿਚ ਦਸ ਸਾਲ ਬਜ਼ੁਰਗ ਦੇ ਨਾਤੇ ਸੇਵਾ ਕੀਤੀ, ਪਰ ਫਿਰ ਮਾਨਸਿਕ ਰੋਗ ਕਾਰਨ ਮੈਨੂੰ ਇਹ ਛੱਡਣੀ ਪਈ। ਮੈਂ ਅੰਦਰੋਂ-ਅੰਦਰੀਂ ਇੰਨਾ ਬੁਰਾ ਮਹਿਸੂਸ ਕਰਦਾ ਸੀ ਕਿ ਰਸਾਲਿਆਂ ਵਿਚ ਕਿਸੇ ਦੇ ਤਜਰਬੇ ਨਹੀਂ ਪੜ੍ਹਦਾ ਸੀ ਕਿਉਂਕਿ ਉਹ ਆਪਣੀ ਜ਼ਿੰਦਗੀ ਵਿਚ ਜੋ-ਜੋ ਕਰ ਪਾਏ ਸਨ, ਉਸ ਨੂੰ ਪੜ੍ਹ ਕੇ ਮੈਂ ਉਦਾਸ ਹੋ ਜਾਂਦਾ ਸੀ। ਪਰ ਭਰਾ ਜੈਨਿੰਗਜ਼ ਬਾਰੇ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਤੇ ਉਸ ਲੇਖ ਨੂੰ ਮੈਂ ਕਈ ਵਾਰ ਪੜ੍ਹਿਆ।” ਇਸ ਤੋਂ ਅਸੀਂ ਵੀ ਸਿੱਖਦੇ ਹਾਂ ਕਿ ਜਦੋਂ ਅਚਾਨਕ ਹਾਲਾਤ ਬਦਲ ਜਾਂਦੇ ਹਨ, ਉਦੋਂ ਅਸੀਂ ਧੀਰਜ ਰੱਖ ਸਕਦੇ ਹਾਂ ਅਤੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਦੇ ਹਾਂ। ਇਸ ਤੋਂ ਇਲਾਵਾ, ਜਦੋਂ ਉਹ ਨਹੀਂ ਹੁੰਦਾ ਜਿਸ ਦੀ ਅਸੀਂ ਉਮੀਦ ਕੀਤੀ ਹੋਵੇ, ਤਾਂ ਵੀ ਅਸੀਂ ਦੂਜਿਆਂ ਅੱਗੇ ਨਿਹਚਾ ਅਤੇ ਧੀਰਜ ਦੀ ਵਧੀਆ ਮਿਸਾਲ ਰੱਖ ਸਕਦੇ ਹਾਂ।​—1 ਪਤ. 5:9.

ਜਦੋਂ ਅਸੀਂ ਅਚਾਨਕ ਆਈਆਂ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਅਸਲ ਵਿਚ ਉਸ ਦੇ ਹੋਰ ਵੀ ਨੇੜੇ ਆ ਜਾਂਦੇ ਹਾਂ (ਪੈਰਾ 18 ਦੇਖੋ)

18. ਤੁਸੀਂ ਨਾਈਜੀਰੀਆ ਦੀ ਇਕ ਭੈਣ ਤੋਂ ਕੀ ਸਿੱਖ ਸਕਦੇ ਹੋ? (ਤਸਵੀਰਾਂ ਵੀ ਦੇਖੋ।)

18 ਯਹੋਵਾਹ ਦੇ ਬਹੁਤ ਸਾਰੇ ਸੇਵਕਾਂ ਨੂੰ ਕੋਵਿਡ-19 ਮਹਾਂਮਾਰੀ ਅਤੇ ਹੋਰ ਆਫ਼ਤਾਂ ਕਰਕੇ ਬਹੁਤ ਕੁਝ ਸਹਿਣਾ ਪਿਆ ਹੈ। ਨਾਈਜੀਰੀਆ ਵਿਚ ਰਹਿਣ ਵਾਲੀ ਇਕ ਭੈਣ ਦੀ ਮਿਸਾਲ ʼਤੇ ਗੌਰ ਕਰੋ ਜਿਸ ਦੇ ਪਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਕੋਲ ਜ਼ਿਆਦਾ ਪੈਸੇ ਨਹੀਂ ਸਨ ਅਤੇ ਖਾਣ-ਪੀਣ ਲਈ ਵੀ ਜ਼ਿਆਦਾ ਕੁਝ ਨਹੀਂ ਸੀ। ਇਕ ਦਿਨ ਸਵੇਰੇ ਉਨ੍ਹਾਂ ਕੋਲ ਸਿਰਫ਼ ਇਕ ਕੱਪ ਚੌਲ ਹੀ ਬਚੇ ਸਨ। ਉਸ ਦੀ ਕੁੜੀ ਨੇ ਉਸ ਨੂੰ ਪੁੱਛਿਆ ਕਿ ਚੌਲਾਂ ਦਾ ਇਹ ਆਖ਼ਰੀ ਕੱਪ ਖ਼ਤਮ ਹੋਣ ਤੋਂ ਬਾਅਦ ਉਹ ਕੀ ਖਾਣਗੀਆਂ? ਭੈਣ ਨੇ ਆਪਣੀ ਕੁੜੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਹੋਰ ਕੁਝ ਖਾਣ-ਪੀਣ ਲਈ ਨਹੀਂ ਸੀ ਅਤੇ ਨਾ ਹੀ ਪੈਸੇ ਬਚੇ ਸਨ, ਪਰ ਉਨ੍ਹਾਂ ਨੂੰ ਸਾਰਫਥ ਦੀ ਵਿਧਵਾ ਦੀ ਮਿਸਾਲ ʼਤੇ ਚੱਲਣਾ ਚਾਹੀਦਾ ਸੀ। ਉਹ ਇਹ ਖਾਣਾ ਖਾਣਗੀਆਂ ਅਤੇ ਯਹੋਵਾਹ ʼਤੇ ਪੂਰਾ ਭਰੋਸਾ ਰੱਖਣਗੀਆਂ। (1 ਰਾਜ. 17:8-16) ਉਨ੍ਹਾਂ ਨੇ ਹਾਲੇ ਸੋਚਿਆ ਵੀ ਨਹੀਂ ਸੀ ਕਿ ਉਹ ਦੁਪਹਿਰੇ ਕੀ ਖਾਣਗੀਆਂ ਕਿ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਨਾਲ ਭਰਿਆ ਇਕ ਬੈਗ ਮਿਲਿਆ ਜੋ ਭੈਣਾਂ-ਭਰਾਵਾਂ ਨੇ ਭੇਜਿਆ ਸੀ। ਇਸ ਬੈਗ ਵਿਚ ਇੰਨੀਆਂ ਚੀਜ਼ਾਂ ਸਨ ਕਿ ਉਹ ਦੋ ਹਫ਼ਤਿਆਂ ਤਕ ਆਰਾਮ ਨਾਲ ਖਾ-ਪੀ ਸਕਦੀਆਂ ਸਨ। ਭੈਣ ਦੱਸਦੀ ਹੈ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਸੀ ਕਿ ਉਸ ਨੇ ਆਪਣੀ ਕੁੜੀ ਨੂੰ ਜੋ ਕਿਹਾ, ਉਹ ਯਹੋਵਾਹ ਬੜੇ ਧਿਆਨ ਨਾਲ ਸੁਣ ਰਿਹਾ ਸੀ। ਸੱਚ-ਮੁੱਚ, ਜਦੋਂ ਅਸੀਂ ਅਚਾਨਕ ਆਈਆਂ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਅਸਲ ਵਿਚ ਉਸ ਦੇ ਹੋਰ ਵੀ ਨੇੜੇ ਆ ਜਾਂਦੇ ਹਾਂ।​—1 ਪਤ. 5:6, 7.

19. ਭਰਾ ਅਲੈਕਸੀ ਯੇਰਸ਼ੋਵ ਨੂੰ ਕਿਹੜੇ ਜ਼ੁਲਮ ਝੱਲਣੇ ਪਏ?

19 ਹਾਲ ਹੀ ਦੇ ਸਾਲਾਂ ਵਿਚ ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਅਜਿਹੇ ਜ਼ੁਲਮਾਂ ਨੂੰ ਝੱਲਿਆ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਉਦਾਹਰਣ ਲਈ, ਰੂਸ ਵਿਚ ਰਹਿਣ ਵਾਲੇ ਭਰਾ ਅਲੈਕਸੀ ਯੇਰਸ਼ੋਵ ਦੀ ਮਿਸਾਲ ʼਤੇ ਗੌਰ ਕਰੋ। ਭਰਾ ਨੇ 1994 ਵਿਚ ਬਪਤਿਸਮਾ ਲਿਆ ਸੀ ਅਤੇ ਉਸ ਸਮੇਂ ਰੂਸ ਵਿਚ ਯਹੋਵਾਹ ਦੀ ਭਗਤੀ ਕਰਨ ʼਤੇ ਕੋਈ ਪਾਬੰਦੀ ਨਹੀਂ ਸੀ। ਪਰ ਕੁਝ ਸਾਲਾਂ ਬਾਅਦ ਹਾਲਾਤ ਬਦਲ ਗਏ। 2020 ਵਿਚ ਕੁਝ ਲੋਕ ਭਰਾ ਯੇਰਸ਼ੋਵ ਦੇ ਘਰ ਆ ਵੜੇ। ਉਨ੍ਹਾਂ ਨੇ ਭਰਾ ਦੇ ਘਰ ਦੀ ਤਲਾਸ਼ੀ ਲਈ ਅਤੇ ਉਸ ਦਾ ਕਾਫ਼ੀ ਸਾਮਾਨ ਜ਼ਬਤ ਕਰ ਲਿਆ। ਫਿਰ ਕੁਝ ਮਹੀਨਿਆਂ ਬਾਅਦ ਸਰਕਾਰ ਨੇ ਉਸ ʼਤੇ ਅਪਰਾਧੀ ਹੋਣ ਦਾ ਦੋਸ਼ ਲਾਇਆ। ਅਸਲ ਵਿਚ, ਇਕ ਆਦਮੀ ਇਕ ਸਾਲ ਤੋਂ ਭਰਾ ਨਾਲ ਬਾਈਬਲ ਸਟੱਡੀ ਕਰਨ ਦਾ ਢੌਂਗ ਕਰ ਰਿਹਾ ਸੀ। ਉਸ ਨੇ ਕੁਝ ਵੀਡੀਓਜ਼ ਬਣਾਈਆਂ ਸਨ ਅਤੇ ਉਨ੍ਹਾਂ ਦੇ ਆਧਾਰ ʼਤੇ ਭਰਾ ʼਤੇ ਦੋਸ਼ ਲਾਏ ਗਏ ਸਨ। ਉਸ ਆਦਮੀ ਨੇ ਕਿੰਨਾ ਵੱਡਾ ਧੋਖਾ ਕੀਤਾ!

20. ਭਰਾ ਯੇਰਸ਼ੋਵ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਿਵੇਂ ਕੀਤਾ?

20 ਭਰਾ ਯੇਰਸ਼ੋਵ ʼਤੇ ਜੋ ਜ਼ੁਲਮ ਕੀਤੇ ਗਏ, ਕੀ ਉਨ੍ਹਾਂ ਦੇ ਕੋਈ ਚੰਗੇ ਨਤੀਜੇ ਵੀ ਨਿਕਲੇ? ਜੀ ਹਾਂ, ਭਰਾ ਦਾ ਯਹੋਵਾਹ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ​​ਹੋ ਗਿਆ। ਉਹ ਕਹਿੰਦਾ ਹੈ: “ਮੈਂ ਅਤੇ ਮੇਰੀ ਪਤਨੀ ਮਿਲ ਕੇ ਵਾਰ-ਵਾਰ ਪ੍ਰਾਰਥਨਾ ਕਰਦੇ ਹਾਂ। ਮੈਨੂੰ ਪਤਾ ਹੈ ਕਿ ਯਹੋਵਾਹ ਦੀ ਮਦਦ ਤੋਂ ਬਿਨਾਂ ਮੈਂ ਇਸ ਮੁਸ਼ਕਲ ਨੂੰ ਸਹਿ ਨਹੀਂ ਪਾਉਣਾ ਸੀ।” ਭਰਾ ਅੱਗੇ ਕਹਿੰਦਾ ਹੈ: “ਬਾਈਬਲ ਦਾ ਅਧਿਐਨ ਕਰਨ ਨਾਲ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ। ਇਸ ਦੀ ਮਦਦ ਨਾਲ ਮੈਂ ਆਪਣੀ ਨਿਰਾਸ਼ਾ ʼਤੇ ਕਾਬੂ ਪਾ ਸਕਿਆ ਹਾਂ। ਮੈਂ ਬਾਈਬਲ ਵਿਚ ਦੱਸੇ ਵਫ਼ਾਦਾਰ ਸੇਵਕਾਂ ਦੀ ਮਿਸਾਲ ʼਤੇ ਸੋਚ-ਵਿਚਾਰ ਕਰਦਾ ਹਾਂ। ਬਾਈਬਲ ਵਿਚ ਅਜਿਹੇ ਕਈ ਬਿਰਤਾਂਤ ਦਰਜ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੁਸ਼ਕਲਾਂ ਦੌਰਾਨ ਸ਼ਾਂਤ ਰਹਿਣਾ ਅਤੇ ਯਹੋਵਾਹ ʼਤੇ ਭਰੋਸਾ ਰੱਖਣਾ ਕਿੰਨਾ ਜ਼ਰੂਰੀ ਹੈ।”

21. ਇਸ ਲੇਖ ਤੋਂ ਅਸੀਂ ਕੀ ਸਿੱਖਿਆ?

21 ਅਸੀਂ ਇਸ ਲੇਖ ਤੋਂ ਕੀ ਸਿੱਖਿਆ? ਇਸ ਦੁਨੀਆਂ ਵਿਚ ਕਿਸੇ ਵੀ ਸਮੇਂ ਸਾਡੇ ʼਤੇ ਕੋਈ ਵੀ ਮੁਸੀਬਤ ਆ ਸਕਦੀ ਹੈ। ਪਰ ਜਦੋਂ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਉਹ ਹਮੇਸ਼ਾ ਸਾਡੀ ਮਦਦ ਕਰਦਾ ਹੈ। ਇਸ ਲੇਖ ਦੇ ਮੁੱਖ ਹਵਾਲੇ ਵਿਚ ਵੀ ਕਿਹਾ ਗਿਆ ਹੈ: “ਧਰਮੀ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ, ਪਰ ਯਹੋਵਾਹ ਉਸ ਨੂੰ ਸਾਰੀਆਂ ਮੁਸੀਬਤਾਂ ਵਿੱਚੋਂ ਕੱਢਦਾ ਹੈ।” (ਜ਼ਬੂ. 34:19) ਤਾਂ ਫਿਰ ਆਓ ਆਪਾਂ ਆਪਣੀਆਂ ਮੁਸ਼ਕਲਾਂ ʼਤੇ ਧਿਆਨ ਦੇਣ ਦੀ ਬਜਾਇ ਇਸ ਗੱਲ ʼਤੇ ਧਿਆਨ ਦਿੰਦੇ ਰਹੀਏ ਕਿ ਯਹੋਵਾਹ ਸਾਨੂੰ ਕਿਵੇਂ ਸੰਭਾਲਦਾ ਹੈ। ਫਿਰ ਪੌਲੁਸ ਰਸੂਲ ਵਾਂਗ ਅਸੀਂ ਵੀ ਇਹ ਕਹਿ ਸਕਾਂਗੇ: “ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।”​—ਫ਼ਿਲਿ. 4:13.

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

a ਚਾਹੇ ਕਿ ਇਸ ਦੁਨੀਆਂ ਵਿਚ ਕਿਸੇ ਵੀ ਸਮੇਂ ਸਾਡੇ ʼਤੇ ਕੋਈ ਵੀ ਮੁਸੀਬਤ ਆ ਸਕਦੀ ਹੈ, ਫਿਰ ਵੀ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦਾ ਸਾਥ ਜ਼ਰੂਰ ਦੇਵੇਗਾ। ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਸੇਵਕਾਂ ਨੂੰ ਕਿਵੇਂ ਸੰਭਾਲਿਆ? ਨਾਲੇ ਅੱਜ ਉਹ ਸਾਨੂੰ ਕਿਵੇਂ ਸੰਭਾਲ ਰਿਹਾ ਹੈ? ਇਸ ਲੇਖ ਵਿਚ ਅਸੀਂ ਬਾਈਬਲ ਦੇ ਜ਼ਮਾਨੇ ਅਤੇ ਅੱਜ ਦੇ ਜ਼ਮਾਨੇ ਦੇ ਕੁਝ ਸੇਵਕਾਂ ਦੀਆਂ ਮਿਸਾਲਾਂ ʼਤੇ ਗੌਰ ਕਰਾਂਗੇ। ਇਸ ਨਾਲ ਸਾਡਾ ਯਕੀਨ ਵਧੇਗਾ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਉਹ ਸਾਨੂੰ ਵੀ ਜ਼ਰੂਰ ਸੰਭਾਲੇਗਾ।