ਅਧਿਐਨ ਲੇਖ 16
“ਤੇਰਾ ਭਰਾ ਜੀਉਂਦਾ ਹੋ ਜਾਵੇਗਾ”!
“ਯਿਸੂ ਨੇ [ਮਾਰਥਾ] ਨੂੰ ਕਿਹਾ: ‘ਤੇਰਾ ਭਰਾ ਜੀਉਂਦਾ ਹੋ ਜਾਵੇਗਾ।’” —ਯੂਹੰ. 11:23.
ਗੀਤ 151 ਉਹ ਉਨ੍ਹਾਂ ਨੂੰ ਪੁਕਾਰੇਗਾ
ਖ਼ਾਸ ਗੱਲਾਂ a
1. ਇਕ ਮੁੰਡੇ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ʼਤੇ ਪੱਕਾ ਯਕੀਨ ਹੈ?
ਮੈਥਿਊ ਨਾਂ ਦਾ ਇਕ ਮੁੰਡਾ ਬਹੁਤ ਬੀਮਾਰ ਹੈ ਜਿਸ ਕਰਕੇ ਉਸ ਦੇ ਕਈ ਵੱਡੇ-ਵੱਡੇ ਓਪਰੇਸ਼ਨ ਹੋ ਚੁੱਕੇ ਹਨ। ਜਦੋਂ ਉਹ ਸੱਤ ਸਾਲਾਂ ਦਾ ਸੀ, ਤਾਂ ਉਹ ਆਪਣੇ ਪਰਿਵਾਰ ਨਾਲ JW ਬ੍ਰਾਡਕਾਸਟਿੰਗ ਦੇਖ ਰਿਹਾ ਸੀ। ਪ੍ਰੋਗ੍ਰਾਮ ਦੇ ਅਖ਼ੀਰ ਵਿਚ ਸੰਗੀਤ ਵੀਡੀਓ ਵਿਚ ਦਿਖਾਇਆ ਗਿਆ ਕਿ ਨਵੀਂ ਦੁਨੀਆਂ ਵਿਚ ਜਦੋਂ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਦੇ ਆਪਣੇ ਕਿਵੇਂ ਉਨ੍ਹਾਂ ਦਾ ਸੁਆਗਤ ਕਰਨਗੇ। b ਪ੍ਰੋਗ੍ਰਾਮ ਦੇਖਣ ਤੋਂ ਬਾਅਦ ਮੈਥਿਊ ਆਪਣੇ ਮਾਪਿਆਂ ਕੋਲ ਗਿਆ ਅਤੇ ਉਨ੍ਹਾਂ ਦਾ ਹੱਥ ਫੜ ਕੇ ਕਿਹਾ: “ਮੰਮੀ-ਡੈਡੀ ਦੇਖਿਆ ਤੁਸੀਂ, ਜੇ ਮੈਂ ਮਰ ਵੀ ਗਿਆ, ਤਾਂ ਵੀ ਯਹੋਵਾਹ ਮੈਨੂੰ ਦੁਬਾਰਾ ਜੀਉਂਦਾ ਕਰ ਦੇਵੇਗਾ। ਤੁਸੀਂ ਟੈਂਸ਼ਨ ਨਾ ਲਓ, ਬੱਸ ਮੇਰੀ ਉਡੀਕ ਕਰਿਓ; ਸਾਰਾ ਕੁਝ ਠੀਕ ਹੋ ਜਾਣਾ।” ਜ਼ਰਾ ਸੋਚੋ ਕਿ ਉਸ ਦੇ ਮਾਪੇ ਇਹ ਸੁਣ ਕੇ ਕਿੰਨੇ ਖ਼ੁਸ਼ ਹੋਏ ਹੋਣੇ ਕਿ ਉਨ੍ਹਾਂ ਦੇ ਮੁੰਡੇ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ʼਤੇ ਕਿੰਨਾ ਯਕੀਨ ਹੈ!
2-3. ਦੁਬਾਰਾ ਜੀਉਂਦਾ ਕੀਤੇ ਜਾਣ ਦੇ ਵਾਅਦੇ ʼਤੇ ਸੋਚ-ਵਿਚਾਰ ਕਰਨਾ ਸਾਡੇ ਲਈ ਵਧੀਆ ਕਿਉਂ ਹੈ?
2 ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ʼਤੇ ਦੁਬਾਰਾ ਜੀਉਂਦਾ ਕੀਤੇ ਜਾਣ ਦੇ ਵਾਅਦੇ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਯੂਹੰ. 5:28, 29) ਕਿਉਂ? ਕਿਉਂਕਿ ਹੋ ਸਕਦਾ ਹੈ ਕਿ ਸਾਨੂੰ ਕੋਈ ਜਾਨਲੇਵਾ ਬੀਮਾਰੀ ਹੋ ਜਾਵੇ ਜਾਂ ਅਚਾਨਕ ਸਾਡੇ ਕਿਸੇ ਆਪਣੇ ਦੀ ਮੌਤ ਹੋ ਜਾਵੇ। (ਉਪ. 9:11; ਯਾਕੂ. 4:13, 14) ਇਨ੍ਹਾਂ ਔਖੇ ਸਮਿਆਂ ਦੌਰਾਨ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ਖ਼ੁਦ ਨੂੰ ਸੰਭਾਲਣ ਵਿਚ ਸਾਡੀ ਮਦਦ ਕਰਦੀ ਹੈ। (1 ਥੱਸ. 4:13) ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਸਾਡਾ ਸਵਰਗੀ ਪਿਤਾ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਸਾਨੂੰ ਬਹੁਤ ਪਿਆਰ ਕਰਦਾ ਹੈ। (ਲੂਕਾ 12:7) ਜ਼ਰਾ ਸੋਚੋ ਕਿ ਯਹੋਵਾਹ ਪਰਮੇਸ਼ੁਰ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਦੋਂ ਉਹ ਸਾਨੂੰ ਦੁਬਾਰਾ ਜੀਉਂਦਾ ਕਰੇਗਾ, ਤਾਂ ਉਹ ਸਾਨੂੰ ਬਿਲਕੁਲ ਪਹਿਲਾਂ ਵਰਗਾ ਬਣਾ ਦੇਵੇਗਾ। ਇਸ ਦਾ ਮਤਲਬ ਹੈ ਕਿ ਸਾਡਾ ਸੁਭਾਅ ਪਹਿਲਾਂ ਵਰਗਾ ਹੋਵੇਗਾ ਅਤੇ ਸਾਨੂੰ ਬੀਤੀਆਂ ਗੱਲਾਂ ਵੀ ਯਾਦ ਹੋਣਗੀਆਂ। ਨਾਲੇ ਯਹੋਵਾਹ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਜੀਉਣ ਦਾ ਮੌਕਾ ਦੇ ਕੇ ਵੀ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ। ਫਿਰ ਚਾਹੇ ਸਾਡੀ ਮੌਤ ਵੀ ਹੋ ਜਾਵੇ, ਉਹ ਸਾਨੂੰ ਦੁਬਾਰਾ ਜੀਉਂਦਾ ਕਰ ਕੇ ਇਹ ਮੌਕਾ ਦੇਵੇਗਾ!
3 ਇਸ ਲੇਖ ਵਿਚ ਅਸੀਂ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕਿ ਅਸੀਂ ਦੁਬਾਰਾ ਜੀਉਂਦਾ ਕੀਤੇ ਜਾਣ ਦੇ ਵਾਅਦੇ ʼਤੇ ਵਿਸ਼ਵਾਸ ਕਿਉਂ ਕਰ ਸਕਦੇ ਹਾਂ। ਫਿਰ ਅਸੀਂ ਬਾਈਬਲ ਦੇ ਇਕ ਬਿਰਤਾਂਤ ʼਤੇ ਗੌਰ ਕਰਾਂਗੇ ਜਿਸ ਤੋਂ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਇਸ ਲੇਖ ਦਾ ਵਿਸ਼ਾ “ਤੇਰਾ ਭਰਾ ਜੀਉਂਦਾ ਹੋ ਜਾਵੇਗਾ” ਉਸੇ ਬਿਰਤਾਂਤ ਤੋਂ ਲਿਆ ਗਿਆ ਹੈ। (ਯੂਹੰ. 11:23) ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਅਸੀਂ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ʼਤੇ ਆਪਣੀ ਨਿਹਚਾ ਕਿਵੇਂ ਪੱਕੀ ਕਰ ਸਕਦੇ ਹਾਂ।
ਅਸੀਂ ਦੁਬਾਰਾ ਜੀਉਂਦਾ ਕੀਤੇ ਜਾਣ ਦੇ ਵਾਅਦੇ ʼਤੇ ਵਿਸ਼ਵਾਸ ਕਿਉਂ ਕਰ ਸਕਦੇ ਹਾਂ?
4. ਕਿਸੇ ਦੇ ਵਾਅਦੇ ʼਤੇ ਯਕੀਨ ਕਰਨ ਲਈ ਸਾਨੂੰ ਕਿਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ? ਸਮਝਾਓ।
4 ਅਸੀਂ ਕਿਸੇ ਦੇ ਵਾਅਦੇ ʼਤੇ ਤਾਂ ਹੀ ਯਕੀਨ ਕਰ ਸਕਦੇ ਹਾਂ ਜੇ ਸਾਨੂੰ ਵਿਸ਼ਵਾਸ ਹੋਵੇ ਕਿ ਉਹ ਇਸ ਨੂੰ ਪੂਰਾ ਕਰਨਾ ਚਾਹੁੰਦਾ ਹੈ ਅਤੇ ਉਸ ਵਿਚ ਇੱਦਾਂ ਕਰਨ ਦੀ ਤਾਕਤ ਜਾਂ ਕਾਬਲੀਅਤ ਵੀ ਹੈ। ਮੰਨ ਲਓ, ਇਕ ਤੂਫ਼ਾਨ ਆਉਂਦਾ ਹੈ ਜਿਸ ਕਰਕੇ ਤੁਹਾਡਾ ਘਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ। ਫਿਰ ਤੁਹਾਡਾ ਇਕ ਦੋਸਤ ਤੁਹਾਡੇ ਕੋਲ ਆਉਂਦਾ ਹੈ ਅਤੇ ਵਾਅਦਾ ਕਰਦਾ ਹੈ, ‘ਮੈਂ ਇਹ ਘਰ ਦੁਬਾਰਾ ਬਣਾਉਣ ਵਿਚ ਤੇਰੀ ਮਦਦ ਕਰਾਂਗਾ।’ ਉਹ ਇਕ ਚੰਗਾ ਇਨਸਾਨ ਹੈ ਅਤੇ ਤੁਹਾਨੂੰ ਯਕੀਨ ਹੈ ਕਿ ਉਹ ਸੱਚ-ਮੁੱਚ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। ਨਾਲੇ ਜੇ ਉਹ ਘਰ ਬਣਾਉਣ ਵਿਚ ਮਾਹਰ ਹੈ ਅਤੇ ਉਸ ਕੋਲ ਔਜ਼ਾਰ ਵੀ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੀ ਮਦਦ ਕਰਨ ਦੇ ਕਾਬਲ ਹੈ। ਇਸ ਲਈ ਤੁਸੀਂ ਉਸ ਦੇ ਵਾਅਦੇ ʼਤੇ ਪੂਰਾ ਵਿਸ਼ਵਾਸ ਕਰੋਗੇ। ਪਰ ਕੀ ਪਰਮੇਸ਼ੁਰ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਨਾ ਚਾਹੁੰਦਾ ਹੈ ਅਤੇ ਕੀ ਉਸ ਵਿਚ ਇਸ ਤਰ੍ਹਾਂ ਕਰਨ ਦੀ ਤਾਕਤ ਹੈ?
5-6. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ?
5 ਕੀ ਯਹੋਵਾਹ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ? ਬਿਨਾਂ ਸ਼ੱਕ, ਉਹ ਇੱਦਾਂ ਕਰਨਾ ਚਾਹੁੰਦਾ ਹੈ। ਉਸ ਨੇ ਬਾਈਬਲ ਦੇ ਕਈ ਲੇਖਕਾਂ ਨੂੰ ਇਹ ਵਾਅਦਾ ਲਿਖਣ ਲਈ ਪ੍ਰੇਰਿਆ ਕਿ ਉਹ ਭਵਿੱਖ ਵਿਚ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਯਸਾ. 26:19; ਹੋਸ਼ੇ. 13:14; ਪ੍ਰਕਾ. 20:11-13) ਨਾਲੇ ਜਦੋਂ ਯਹੋਵਾਹ ਕੋਈ ਵਾਅਦਾ ਕਰਦਾ ਹੈ, ਤਾਂ ਉਹ ਹਮੇਸ਼ਾ ਉਸ ਨੂੰ ਨਿਭਾਉਂਦਾ ਹੈ। (ਯਹੋ. 23:14) ਸੱਚ ਤਾਂ ਇਹ ਹੈ ਕਿ ਯਹੋਵਾਹ ਮੁਰਦਿਆਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਬੇਤਾਬ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?
6 ਜ਼ਰਾ ਧਿਆਨ ਦਿਓ ਕਿ ਅੱਯੂਬ ਨੇ ਕੀ ਕਿਹਾ ਸੀ। ਉਸ ਨੂੰ ਪੱਕਾ ਯਕੀਨ ਸੀ ਕਿ ਜੇ ਉਹ ਮਰ ਗਿਆ, ਤਾਂ ਯਹੋਵਾਹ ਉਸ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸੇਗਾ। (ਅੱਯੂ. 14:14, 15) ਯਹੋਵਾਹ ਆਪਣੇ ਉਨ੍ਹਾਂ ਸਾਰੇ ਸੇਵਕਾਂ ਨੂੰ ਵੀ ਦੇਖਣ ਲਈ ਤਰਸ ਰਿਹਾ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ। ਉਹ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਦੋਂ ਉਹ ਸਿਹਤਮੰਦ ਤੇ ਖ਼ੁਸ਼ ਹੋਣਗੇ। ਪਰ ਕੀ ਯਹੋਵਾਹ ਉਨ੍ਹਾਂ ਅਰਬਾਂ ਲੋਕਾਂ ਨੂੰ ਵੀ ਦੁਬਾਰਾ ਜੀਉਂਦਾ ਕਰੇਗਾ ਜਿਨ੍ਹਾਂ ਨੂੰ ਉਸ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ? ਜੀ ਹਾਂ, ਸਾਡਾ ਪਿਆਰਾ ਪਰਮੇਸ਼ੁਰ ਉਨ੍ਹਾਂ ਨੂੰ ਵੀ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ। (ਰਸੂ. 24:15) ਉਹ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਵੀ ਉਸ ਦੇ ਦੋਸਤ ਬਣਨ ਅਤੇ ਧਰਤੀ ʼਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲੇ। (ਯੂਹੰ. 3:16) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਦਿਲੀ ਇੱਛਾ ਹੈ ਕਿ ਉਹ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇ।
7-8. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਕੋਲ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਤਾਕਤ ਹੈ?
7 ਕੀ ਯਹੋਵਾਹ ਕੋਲ ਮੁਰਦਿਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ? ਜੀ ਹਾਂ, ਬਿਲਕੁਲ ਹੈ! ਉਹ “ਸਰਬਸ਼ਕਤੀਮਾਨ” ਪਰਮੇਸ਼ੁਰ ਹੈ। (ਪ੍ਰਕਾ. 1:8) ਇਸ ਲਈ ਉਹ ਇੰਨਾ ਤਾਕਤਵਰ ਹੈ ਕਿ ਉਹ ਕਿਸੇ ਵੀ ਦੁਸ਼ਮਣ ਨੂੰ ਹਰਾ ਸਕਦਾ ਹੈ, ਇੱਥੋਂ ਤਕ ਕਿ ਮੌਤ ਨੂੰ ਵੀ। (1 ਕੁਰਿੰ. 15:26) ਇਹ ਜਾਣ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਸਾਨੂੰ ਦਿਲਾਸਾ ਮਿਲਦਾ ਹੈ। ਜ਼ਰਾ ਭੈਣ ਐਮਾ ਆਰਨਲਡ ਦੇ ਤਜਰਬੇ ʼਤੇ ਗੌਰ ਕਰੋ। ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਝੱਲਣੀਆਂ ਪਈਆਂ। ਨਾਜ਼ੀ ਤਸ਼ੱਦਦ ਕੈਂਪ ਵਿਚ ਜਦੋਂ ਉਨ੍ਹਾਂ ਦੇ ਕੁਝ ਅਜ਼ੀਜ਼ਾਂ ਦੀ ਮੌਤ ਹੋ ਗਈ, ਤਾਂ ਭੈਣ ਨੇ ਆਪਣੀ ਕੁੜੀ ਨੂੰ ਦਿਲਾਸਾ ਦਿੰਦਿਆਂ ਕਿਹਾ: “ਜੇ ਮੌਤ ਇਨਸਾਨਾਂ ਨੂੰ ਹਮੇਸ਼ਾ ਲਈ ਆਪਣੇ ਸ਼ਿਕੰਜੇ ਵਿਚ ਜਕੜ ਲਵੇ, ਫਿਰ ਤਾਂ ਉਹ ਪਰਮੇਸ਼ੁਰ ਨਾਲੋਂ ਜ਼ਿਆਦਾ ਤਾਕਤਵਰ ਹੋਈ। ਪਰ ਕੀ ਇੱਦਾਂ ਹੋ ਸਕਦਾ?” ਬਿਲਕੁਲ ਨਹੀਂ, ਕੋਈ ਵੀ ਚੀਜ਼ ਯਹੋਵਾਹ ਨਾਲੋਂ ਜ਼ਿਆਦਾ ਤਾਕਤਵਰ ਨਹੀਂ ਹੈ! ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਇਸ ਲਈ ਉਸ ਵਿਚ ਸਾਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ।
8 ਪਰਮੇਸ਼ੁਰ ਮੁਰਦਿਆਂ ਨੂੰ ਦੁਬਾਰਾ ਜੀਉਂਦੇ ਕਰਨ ਦੇ ਕਾਬਲ ਹੈ। ਇਸ ਗੱਲ ʼਤੇ ਯਕੀਨ ਕਰਨ ਦਾ ਹੋਰ ਕਿਹੜਾ ਕਾਰਨ ਹੈ? ਇਹੀ ਕਿ ਯਹੋਵਾਹ ਦੀ ਯਾਦਾਸ਼ਤ ਬੇਮਿਸਾਲ ਹੈ। ਉਹ ਹਰੇਕ ਤਾਰੇ ਨੂੰ ਨਾਂ ਲੈ ਕੇ ਬੁਲਾਉਂਦਾ ਹੈ। (ਯਸਾ. 40:26) ਉਹ ਉਨ੍ਹਾਂ ਨੂੰ ਵੀ ਯਾਦ ਰੱਖਦਾ ਹੈ ਜੋ ਮਰ ਚੁੱਕੇ ਹਨ। (ਅੱਯੂ. 14:13; ਲੂਕਾ 20:37, 38) ਉਹ ਜਿਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਨ੍ਹਾਂ ਬਾਰੇ ਹਰ ਛੋਟੀ ਤੋਂ ਛੋਟੀ ਗੱਲ ਸੌਖਿਆਂ ਹੀ ਯਾਦ ਰੱਖ ਸਕਦਾ ਹੈ। ਉਦਾਹਰਣ ਲਈ, ਉਹ ਕਿਹੋ ਜਿਹੇ ਦਿਸਦੇ ਸਨ, ਉਨ੍ਹਾਂ ਦਾ ਸੁਭਾਅ ਕਿਹੋ ਜਿਹਾ ਸੀ, ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਕੁਝ ਹੋਇਆ ਸੀ, ਉਨ੍ਹਾਂ ਦੀਆਂ ਯਾਦਾਂ ਅਤੇ ਬਾਕੀ ਸਾਰਾ ਕੁਝ।
9. ਤੁਹਾਨੂੰ ਕਿਉਂ ਵਿਸ਼ਵਾਸ ਹੈ ਕਿ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ?
9 ਬਿਨਾਂ ਸ਼ੱਕ, ਅਸੀਂ ਭਰੋਸਾ ਕਰ ਸਕਦੇ ਹਾਂ ਕਿ ਯਹੋਵਾਹ ਭਵਿੱਖ ਵਿਚ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦੇ ਕਰੇਗਾ। ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਇਸ ਤਰ੍ਹਾਂ ਕਰਨਾ ਚਾਹੁੰਦਾ ਹੈ ਅਤੇ ਉਸ ਕੋਲ ਇਸ ਤਰ੍ਹਾਂ ਕਰਨ ਦੀ ਤਾਕਤ ਵੀ ਹੈ। ਅਸੀਂ ਇਕ ਹੋਰ ਕਾਰਨ ਕਰਕੇ ਪਰਮੇਸ਼ੁਰ ਦੇ ਇਸ ਵਾਅਦੇ ʼਤੇ ਵਿਸ਼ਵਾਸ ਕਰ ਸਕਦੇ ਹਾਂ। ਉਹ ਇਹ ਕਿ ਯਹੋਵਾਹ ਨੇ ਪਹਿਲਾਂ ਵੀ ਇੱਦਾਂ ਕੀਤਾ ਹੈ। ਬਾਈਬਲ ਦੇ ਜ਼ਮਾਨੇ ਵਿਚ ਉਸ ਨੇ ਆਪਣੇ ਕੁਝ ਵਫ਼ਾਦਾਰ ਆਦਮੀਆਂ ਨੂੰ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਦਿੱਤੀ ਸੀ। ਨਾਲੇ ਉਸ ਨੇ ਯਿਸੂ ਨੂੰ ਵੀ ਇਹ ਤਾਕਤ ਦਿੱਤੀ ਸੀ। ਆਓ ਹੁਣ ਆਪਾਂ ਯੂਹੰਨਾ ਦੇ ਅਧਿਆਇ 11 ਵਿਚ ਦਰਜ ਇਕ ਅਜਿਹੇ ਬਿਰਤਾਂਤ ʼਤੇ ਗੌਰ ਕਰੀਏ ਜਿਸ ਵਿਚ ਯਿਸੂ ਨੇ ਇਕ ਵਿਅਕਤੀ ਨੂੰ ਦੁਬਾਰਾ ਜੀਉਂਦਾ ਕੀਤਾ ਸੀ।
ਯਿਸੂ ਦੇ ਜਿਗਰੀ ਦੋਸਤ ਦੀ ਮੌਤ
10. ਜਦੋਂ ਯਿਸੂ ਯਰਦਨ ਦਰਿਆ ਦੇ ਦੂਜੇ ਪਾਸੇ ਪ੍ਰਚਾਰ ਕਰ ਰਿਹਾ ਸੀ, ਤਾਂ ਕੀ ਹੁੰਦਾ ਹੈ ਅਤੇ ਯਿਸੂ ਕੀ ਕਰਦਾ ਹੈ? (ਯੂਹੰਨਾ 11:1-3)
10 ਯੂਹੰਨਾ 11:1-3 ਪੜ੍ਹੋ। ਜ਼ਰਾ ਕਲਪਨਾ ਕਰੋ: 32 ਈਸਵੀ ਦੇ ਅਖ਼ੀਰ ਦੀ ਗੱਲ ਹੈ। ਲਾਜ਼ਰ ਅਤੇ ਉਸ ਦੀਆਂ ਭੈਣਾਂ ਮਾਰਥਾ ਤੇ ਮਰੀਅਮ ਬੈਥਨੀਆ ਪਿੰਡ ਵਿਚ ਰਹਿੰਦੇ ਹਨ ਜੋ ਯਿਸੂ ਦੇ ਬਹੁਤ ਚੰਗੇ ਦੋਸਤ ਹਨ। (ਲੂਕਾ 10:38-42) ਪਰ ਲਾਜ਼ਰ ਬੀਮਾਰ ਹੋ ਜਾਂਦਾ ਹੈ ਅਤੇ ਉਸ ਦੀਆਂ ਭੈਣਾਂ ਨੂੰ ਉਸ ਦੀ ਫ਼ਿਕਰ ਹੋਣ ਲੱਗ ਪੈਂਦੀ ਹੈ। ਉਹ ਇਸ ਬਾਰੇ ਯਿਸੂ ਨੂੰ ਸੁਨੇਹਾ ਭੇਜਦੀਆਂ ਹਨ। ਇਸ ਵੇਲੇ ਯਿਸੂ ਯਰਦਨ ਦਰਿਆ ਦੇ ਦੂਜੇ ਪਾਸੇ ਜਿਸ ਇਲਾਕੇ ਵਿਚ ਹੈ ਉੱਥੋਂ ਬੈਥਨੀਆ ਨੂੰ ਪੈਦਲ ਜਾਣ ਵਿਚ ਲਗਭਗ ਦੋ ਦਿਨ ਲੱਗਦੇ ਹਨ। (ਯੂਹੰ. 10:40) ਦੁੱਖ ਦੀ ਗੱਲ ਹੈ ਕਿ ਜਦ ਤਕ ਯਿਸੂ ਕੋਲ ਇਹ ਖ਼ਬਰ ਪਹੁੰਚਦੀ ਹੈ, ਤਦ ਤਕ ਲਾਜ਼ਰ ਦੀ ਮੌਤ ਹੋ ਜਾਂਦੀ ਹੈ। ਭਾਵੇਂ ਯਿਸੂ ਜਾਣਦਾ ਹੈ ਕਿ ਉਸ ਦੇ ਦੋਸਤ ਦੀ ਮੌਤ ਹੋ ਗਈ ਹੈ, ਪਰ ਉਹ ਉੱਥੇ ਦੋ ਦਿਨ ਹੋਰ ਰੁਕਦਾ ਹੈ ਅਤੇ ਫਿਰ ਬੈਥਨੀਆ ਲਈ ਤੁਰ ਪੈਂਦਾ ਹੈ। ਜਦ ਤਕ ਯਿਸੂ ਉੱਥੇ ਪਹੁੰਚਦਾ ਹੈ, ਉਦੋਂ ਤਕ ਲਾਜ਼ਰ ਨੂੰ ਮਰਿਆਂ ਚਾਰ ਦਿਨ ਹੋ ਜਾਂਦੇ ਹਨ। ਪਰ ਯਿਸੂ ਕੁਝ ਅਜਿਹਾ ਕਰਨ ਬਾਰੇ ਸੋਚਦਾ ਹੈ ਜਿਸ ਨਾਲ ਨਾ ਸਿਰਫ਼ ਉਸ ਦੇ ਦੋਸਤਾਂ ਨੂੰ ਫ਼ਾਇਦਾ ਹੋਵੇਗਾ, ਸਗੋਂ ਪਰਮੇਸ਼ੁਰ ਦੀ ਵੀ ਮਹਿਮਾ ਹੋਵੇਗੀ।—ਯੂਹੰ. 11:4, 6, 11, 17.
11. ਇਸ ਬਿਰਤਾਂਤ ਤੋਂ ਅਸੀਂ ਦੋਸਤੀ ਬਾਰੇ ਕਿਹੜੀ ਗੱਲ ਸਿੱਖਦੇ ਹਾਂ?
11 ਇਸ ਬਿਰਤਾਂਤ ਤੋਂ ਅਸੀਂ ਦੋਸਤੀ ਬਾਰੇ ਇਕ ਬਹੁਤ ਵਧੀਆ ਗੱਲ ਸਿੱਖ ਸਕਦੇ ਹਾਂ। ਧਿਆਨ ਦਿਓ ਕਿ ਜਦੋਂ ਮਰੀਅਮ ਅਤੇ ਮਾਰਥਾ ਨੇ ਯਿਸੂ ਨੂੰ ਸੁਨੇਹਾ ਭੇਜਿਆ, ਤਾਂ ਉਨ੍ਹਾਂ ਨੇ ਉਸ ਨੂੰ ਇਹ ਨਹੀਂ ਕਿਹਾ ਕਿ ਉਹ ਬੈਥਨੀਆ ਆ ਜਾਵੇ। ਉਨ੍ਹਾਂ ਨੇ ਉਸ ਨੂੰ ਬਸ ਇਹੀ ਦੱਸਿਆ ਕਿ ਉਸ ਦਾ ਦੋਸਤ ਬੀਮਾਰ ਹੈ। (ਯੂਹੰ. 11:3) ਨਾਲੇ ਜਦੋਂ ਲਾਜ਼ਰ ਦੀ ਮੌਤ ਹੋਈ, ਤਾਂ ਯਿਸੂ ਚਾਹੁੰਦਾ ਤਾਂ ਉੱਥੋਂ ਹੀ ਉਸ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਸੀ। ਫਿਰ ਵੀ ਯਿਸੂ ਨੇ ਬੈਥਨੀਆ ਜਾਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਇਸ ਔਖੀ ਘੜੀ ਵਿਚ ਮਰੀਅਮ ਤੇ ਮਾਰਥਾ ਦੇ ਨਾਲ ਹੋਵੇ। ਕੀ ਤੁਹਾਡਾ ਵੀ ਕੋਈ ਦੋਸਤ ਹੈ ਜੋ ਬਿਨਾਂ ਕਹੇ ਤੁਹਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ? ਜੇ ਹਾਂ, ਤਾਂ ਤੁਸੀਂ ਜਾਣਦੇ ਹੋ ਕਿ “ਦੁੱਖ ਦੀ ਘੜੀ” ਵਿਚ ਤੁਸੀਂ ਉਸ ʼਤੇ ਭਰੋਸਾ ਕਰ ਸਕਦੇ ਹੋ। (ਕਹਾ. 17:17) ਕਿਉਂ ਨਾ ਅਸੀਂ ਵੀ ਦੂਜਿਆਂ ਲਈ ਯਿਸੂ ਵਰਗੇ ਦੋਸਤ ਬਣੀਏ? ਆਓ ਆਪਾਂ ਹੁਣ ਦੁਬਾਰਾ ਇਸ ਬਿਰਤਾਂਤ ʼਤੇ ਧਿਆਨ ਦੇਈਏ ਅਤੇ ਦੇਖੀਏ ਕਿ ਅੱਗੇ ਕੀ ਹੁੰਦਾ ਹੈ।
12. ਯਿਸੂ ਮਾਰਥਾ ਨਾਲ ਕਿਹੜਾ ਵਾਅਦਾ ਕਰਦਾ ਹੈ ਅਤੇ ਮਾਰਥਾ ਉਸ ਦੀ ਗੱਲ ʼਤੇ ਕਿਉਂ ਯਕੀਨ ਕਰ ਸਕਦੀ ਸੀ? (ਯੂਹੰਨਾ 11:23-26)
12 ਯੂਹੰਨਾ 11:23-26 ਪੜ੍ਹੋ। ਮਾਰਥਾ ਨੂੰ ਪਤਾ ਲੱਗਦਾ ਹੈ ਕਿ ਯਿਸੂ ਬੈਥਨੀਆ ਕੋਲ ਪਹੁੰਚ ਚੁੱਕਾ ਹੈ। ਉਹ ਦੌੜ ਕੇ ਉਸ ਨੂੰ ਮਿਲਣ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” (ਯੂਹੰ. 11:21) ਇਹ ਬਿਲਕੁਲ ਸੱਚ ਹੈ ਕਿ ਜੇ ਯਿਸੂ ਉੱਥੇ ਹੁੰਦਾ, ਤਾਂ ਉਸ ਨੇ ਲਾਜ਼ਰ ਨੂੰ ਠੀਕ ਕਰ ਦੇਣਾ ਸੀ। ਪਰ ਯਿਸੂ ਕੁਝ ਅਜਿਹਾ ਕਰਨਾ ਚਾਹੁੰਦਾ ਹੈ ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਹੋਣੀ। ਉਹ ਮਾਰਥਾ ਨਾਲ ਵਾਅਦਾ ਕਰਦਾ ਹੈ: “ਤੇਰਾ ਭਰਾ ਜੀਉਂਦਾ ਹੋ ਜਾਵੇਗਾ।” ਫਿਰ ਆਪਣੀ ਗੱਲ ʼਤੇ ਹੋਰ ਵੀ ਯਕੀਨ ਦਿਵਾਉਣ ਲਈ ਉਹ ਮਾਰਥਾ ਨੂੰ ਕਹਿੰਦਾ ਹੈ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।” ਯਿਸੂ ਨੇ ਇਹ ਗੱਲ ਇਸ ਲਈ ਕਹੀ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਦਿੱਤੀ ਹੈ। ਇਸ ਬਿਰਤਾਂਤ ਤੋਂ ਪਹਿਲਾਂ ਯਿਸੂ ਨੇ ਇਕ ਛੋਟੀ ਕੁੜੀ ਨੂੰ ਉਸ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਜੀਉਂਦਾ ਕੀਤਾ ਸੀ। ਨਾਲੇ ਉਸ ਨੇ ਇਕ ਨੌਜਵਾਨ ਆਦਮੀ ਨੂੰ ਵੀ ਸ਼ਾਇਦ ਉਸੇ ਦਿਨ ਜੀਉਂਦਾ ਕੀਤਾ ਸੀ ਜਿਸ ਦਿਨ ਉਸ ਦੀ ਮੌਤ ਹੋਈ ਸੀ। (ਲੂਕਾ 7:11-15; 8:49-55) ਪਰ ਲਾਜ਼ਰ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਚੁੱਕੇ ਹਨ ਅਤੇ ਉਸ ਦਾ ਸਰੀਰ ਗਲ਼ਣਾ ਸ਼ੁਰੂ ਹੋ ਗਿਆ ਹੈ। ਕੀ ਯਿਸੂ ਉਸ ਨੂੰ ਵੀ ਦੁਬਾਰਾ ਜੀਉਂਦਾ ਕਰ ਸਕਦਾ ਹੈ?
“ਲਾਜ਼ਰ, ਬਾਹਰ ਆਜਾ!”
13. ਯੂਹੰਨਾ 11:32-35 ਮੁਤਾਬਕ ਜਦੋਂ ਯਿਸੂ ਮਰੀਅਮ ਅਤੇ ਉਸ ਨਾਲ ਆਏ ਲੋਕਾਂ ਨੂੰ ਰੋਂਦਿਆਂ ਦੇਖਦਾ ਹੈ, ਤਾਂ ਉਹ ਕੀ ਕਰਦਾ ਹੈ? (ਤਸਵੀਰ ਵੀ ਦੇਖੋ।)
13 ਯੂਹੰਨਾ 11:32-35 ਪੜ੍ਹੋ। ਹੁਣ ਲਾਜ਼ਰ ਦੀ ਦੂਜੀ ਭੈਣ ਮਰੀਅਮ ਵੀ ਯਿਸੂ ਨੂੰ ਮਿਲਣ ਆਉਂਦੀ ਹੈ। ਮਾਰਥਾ ਵਾਂਗ ਉਹ ਵੀ ਯਿਸੂ ਨੂੰ ਕਹਿੰਦੀ ਹੈ, “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” ਮਰੀਅਮ ਅਤੇ ਉਸ ਨਾਲ ਆਏ ਹੋਰ ਲੋਕ ਦੁੱਖ ਨਾਲ ਤੜਫ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਅਤੇ ਉਨ੍ਹਾਂ ਦਾ ਰੋਣਾ ਸੁਣ ਕੇ ਯਿਸੂ ਦਾ ਵੀ ਦਿਲ ਭਰ ਆਉਂਦਾ ਹੈ। ਆਪਣੇ ਦੋਸਤਾਂ ਨਾਲ ਹਮਦਰਦੀ ਜਤਾਉਂਦਿਆਂ ਯਿਸੂ ਵੀ ਰੋਣ ਲੱਗ ਪੈਂਦਾ ਹੈ। ਯਿਸੂ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਜਦੋਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਸਾਡੇ ʼਤੇ ਕੀ ਬੀਤਦੀ ਹੈ। ਬਿਨਾਂ ਸ਼ੱਕ, ਯਿਸੂ ਸਾਡੇ ਦੁੱਖਾਂ ਦੇ ਕਾਰਨਾਂ ਨੂੰ ਮਿਟਾਉਣ ਲਈ ਬੇਤਾਬ ਹੈ!
14. ਮਰੀਅਮ ਨੂੰ ਰੋਂਦਿਆਂ ਦੇਖ ਕੇ ਯਿਸੂ ਨੇ ਜੋ ਕੀਤਾ, ਉਸ ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?
14 ਮਰੀਅਮ ਨੂੰ ਰੋਂਦਿਆਂ ਦੇਖ ਕੇ ਯਿਸੂ ਨੇ ਜੋ ਕੀਤਾ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਦਇਆਵਾਨ ਹੈ! ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਯਿਸੂ ਬਿਲਕੁਲ ਆਪਣੇ ਪਿਤਾ ਵਾਂਗ ਸੋਚਦਾ ਅਤੇ ਮਹਿਸੂਸ ਕਰਦਾ ਹੈ। (ਯੂਹੰ. 12:45) ਇਸ ਲਈ ਜਦੋਂ ਅਸੀਂ ਪੜ੍ਹਦੇ ਹਾਂ ਕਿ ਆਪਣੇ ਦੋਸਤਾਂ ਨੂੰ ਰੋਂਦਿਆਂ ਦੇਖ ਕੇ ਯਿਸੂ ਇੰਨਾ ਤੜਫ ਉੱਠਿਆ ਕਿ ਉਹ ਵੀ ਰੋਣ ਲੱਗ ਪਿਆ, ਤਾਂ ਅਸੀਂ ਸਮਝ ਪਾਉਂਦੇ ਹਾਂ ਕਿ ਜਦੋਂ ਯਹੋਵਾਹ ਸਾਨੂੰ ਦੁਖੀ ਜਾਂ ਰੋਂਦਿਆਂ ਦੇਖਦਾ ਹੈ, ਤਾਂ ਉਸ ਨੂੰ ਵੀ ਬਹੁਤ ਦੁੱਖ ਲੱਗਦਾ ਹੈ। (ਜ਼ਬੂ. 56:8) ਕੀ ਇਹ ਜਾਣ ਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਨਹੀਂ ਜਾਣਾ ਚਾਹੋਗੇ?
15. ਯੂਹੰਨਾ 11:41-44 ਮੁਤਾਬਕ ਲਾਜ਼ਰ ਦੀ ਕਬਰ ਕੋਲ ਕੀ ਹੁੰਦਾ ਹੈ? (ਤਸਵੀਰ ਵੀ ਦੇਖੋ।)
15 ਯੂਹੰਨਾ 11:41-44 ਪੜ੍ਹੋ। ਯਿਸੂ ਲਾਜ਼ਰ ਦੀ ਕਬਰ ਕੋਲ ਆਉਂਦਾ ਹੈ। ਫਿਰ ਉਹ ਗੁਫਾ ਦੇ ਮੂੰਹ ʼਤੇ ਰੱਖਿਆ ਪੱਥਰ ਹਟਾਉਣ ਲਈ ਕਹਿੰਦਾ ਹੈ। ਉਦੋਂ ਮਾਰਥਾ ਇਤਰਾਜ਼ ਕਰਦਿਆਂ ਕਹਿੰਦੀ ਹੈ ਕਿ ਹੁਣ ਤਕ ਤਾਂ ਉਸ ਦੀ ਲੋਥ ਤੋਂ ਬੋ ਆਉਣ ਲੱਗ ਪਈ ਹੋਣੀ। ਯਿਸੂ ਉਸ ਨੂੰ ਕਹਿੰਦਾ ਹੈ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂਗੀ, ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਦੇਖੇਂਗੀ?” (ਯੂਹੰ. 11:39, 40) ਫਿਰ ਯਿਸੂ ਆਕਾਸ਼ ਵੱਲ ਦੇਖ ਕੇ ਸਾਰਿਆਂ ਸਾਮ੍ਹਣੇ ਪ੍ਰਾਰਥਨਾ ਕਰਦਾ ਹੈ। ਉਹ ਹੁਣ ਜੋ ਕਰਨ ਜਾ ਰਿਹਾ ਹੈ, ਉਸ ਦਾ ਸਿਹਰਾ ਯਹੋਵਾਹ ਨੂੰ ਦੇਣਾ ਚਾਹੁੰਦਾ ਹੈ। ਇਸ ਤੋਂ ਬਾਅਦ ਯਿਸੂ ਉੱਚੀ ਆਵਾਜ਼ ਵਿਚ ਕਹਿੰਦਾ ਹੈ: “ਲਾਜ਼ਰ, ਬਾਹਰ ਆਜਾ!” ਉਦੋਂ ਹੀ ਲਾਜ਼ਰ ਕਬਰ ਵਿੱਚੋਂ ਬਾਹਰ ਆ ਜਾਂਦਾ ਹੈ! ਯਿਸੂ ਨੇ ਹੁਣ ਜੋ ਕਰ ਕੇ ਦਿਖਾਇਆ, ਉਹ ਸ਼ਾਇਦ ਕੁਝ ਲੋਕਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ। c
16. ਯੂਹੰਨਾ ਦੇ ਅਧਿਆਇ 11 ਵਿਚ ਦਰਜ ਬਿਰਤਾਂਤ ਤੋਂ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ʼਤੇ ਸਾਡੀ ਨਿਹਚਾ ਕਿਵੇਂ ਪੱਕੀ ਹੁੰਦੀ ਹੈ?
16 ਯੂਹੰਨਾ ਦੇ ਅਧਿਆਇ 11 ਵਿਚ ਦਰਜ ਇਸ ਬਿਰਤਾਂਤ ਤੋਂ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ʼਤੇ ਸਾਡੀ ਨਿਹਚਾ ਪੱਕੀ ਹੁੰਦੀ ਹੈ। ਉਹ ਕਿਵੇਂ? ਜ਼ਰਾ ਯਾਦ ਕਰੋ ਕਿ ਯਿਸੂ ਨੇ ਮਾਰਥਾ ਨਾਲ ਇਹ ਵਾਅਦਾ ਕੀਤਾ ਸੀ: “ਤੇਰਾ ਭਰਾ ਜੀਉਂਦਾ ਹੋ ਜਾਵੇਗਾ।” (ਯੂਹੰ. 11:23) ਆਪਣੇ ਪਿਤਾ ਵਾਂਗ ਯਿਸੂ ਵੀ ਆਪਣਾ ਇਹ ਵਾਅਦਾ ਪੂਰਾ ਕਰਨਾ ਚਾਹੁੰਦਾ ਹੈ ਅਤੇ ਉਸ ਕੋਲ ਇੱਦਾਂ ਕਰਨ ਦੀ ਤਾਕਤ ਵੀ ਹੈ। ਨਾਲੇ ਯਾਦ ਕਰੋ ਕਿ ਜਦੋਂ ਯਿਸੂ ਨੇ ਆਪਣੇ ਦੋਸਤਾਂ ਨੂੰ ਰੋਂਦਿਆਂ ਦੇਖਿਆ, ਤਾਂ ਉਹ ਵੀ ਰੋਣ ਲੱਗ ਪਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਸਾਡੇ ਗਮ ਦੇ ਹੰਝੂ ਪੂੰਝਣ ਅਤੇ ਸਾਡੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸ ਰਿਹਾ ਹੈ। ਇਸ ਤੋਂ ਇਲਾਵਾ, ਜਦੋਂ ਲਾਜ਼ਰ ਕਬਰ ਵਿੱਚੋਂ ਬਾਹਰ ਆਇਆ, ਤਾਂ ਯਿਸੂ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਸ ਕੋਲ ਮੁਰਦਿਆਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਤਾਕਤ ਹੈ। ਨਾਲੇ ਜ਼ਰਾ ਸੋਚੋ ਕਿ ਯਿਸੂ ਨੇ ਮਾਰਥਾ ਨੂੰ ਯਾਦ ਕਰਾਉਂਦਿਆਂ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂਗੀ, ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਦੇਖੇਂਗੀ?” (ਯੂਹੰ. 11:40) ਇਸ ਲਈ ਅਸੀਂ ਪੂਰਾ ਵਿਸ਼ਵਾਸ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ। ਪਰ ਇਸ ਵਾਅਦੇ ʼਤੇ ਅਸੀਂ ਆਪਣਾ ਵਿਸ਼ਵਾਸ ਕਿਵੇਂ ਵਧਾ ਸਕਦੇ ਹਾਂ?
ਯਹੋਵਾਹ ਦੇ ਵਾਅਦੇ ʼਤੇ ਅਸੀਂ ਆਪਣਾ ਵਿਸ਼ਵਾਸ ਕਿਵੇਂ ਵਧਾਈਏ?
17. ਬਾਈਬਲ ਵਿੱਚੋਂ ਦੁਬਾਰਾ ਜੀਉਂਦਾ ਕੀਤੇ ਜਾਣ ਬਾਰੇ ਬਿਰਤਾਂਤ ਪੜ੍ਹਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
17 ਦੁਬਾਰਾ ਜੀਉਂਦਾ ਕੀਤੇ ਜਾਣ ਬਾਰੇ ਬਿਰਤਾਂਤ ਪੜ੍ਹੋ ਅਤੇ ਇਨ੍ਹਾਂ ʼਤੇ ਸੋਚ ਵਿਚਾਰ ਕਰੋ। ਬਾਈਬਲ ਵਿਚ ਅਜਿਹੇ ਅੱਠ ਬਿਰਤਾਂਤ ਦਰਜ ਹਨ। d ਕਿਉਂ ਨਾ ਤੁਸੀਂ ਹਰੇਕ ਬਿਰਤਾਂਤ ਦਾ ਗਹਿਰਾਈ ਨਾਲ ਅਧਿਐਨ ਕਰੋ? ਇੱਦਾਂ ਕਰਦਿਆਂ ਯਾਦ ਰੱਖੋ ਕਿ ਇਹ ਸਿਰਫ਼ ਕਹਾਣੀਆਂ ਨਹੀਂ ਹਨ, ਸਗੋਂ ਇਨ੍ਹਾਂ ਵਿਚ ਜ਼ਿਕਰ ਕੀਤੇ ਗਏ ਆਦਮੀ, ਔਰਤਾਂ ਅਤੇ ਬੱਚੇ ਸੱਚ-ਮੁੱਚ ਸਨ। ਇਨ੍ਹਾਂ ਬਿਰਤਾਂਤਾਂ ਦਾ ਅਧਿਐਨ ਕਰਦਿਆਂ ਸੋਚੋ ਕਿ ਤੁਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹੋ। ਜ਼ਰਾ ਸੋਚੋ ਕਿ ਇਨ੍ਹਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ ਅਤੇ ਉਸ ਕੋਲ ਇੱਦਾਂ ਕਰਨ ਦੀ ਤਾਕਤ ਹੈ। ਨਾਲੇ ਖ਼ਾਸ ਕਰਕੇ ਉਸ ਬਿਰਤਾਂਤ ਬਾਰੇ ਵੀ ਸੋਚੋ ਜਦੋਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਇਹ ਬਿਰਤਾਂਤ ਬਹੁਤ ਅਹਿਮ ਹੈ। ਯਾਦ ਕਰੋ ਕਿ ਯਿਸੂ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਤੋਂ ਬਾਅਦ ਸੈਂਕੜੇ ਲੋਕਾਂ ਨੇ ਉਸ ਨੂੰ ਦੇਖਿਆ ਸੀ। ਇਸ ਤੋਂ ਸਾਨੂੰ ਵਿਸ਼ਵਾਸ ਕਰਨ ਦਾ ਇਕ ਠੋਸ ਕਾਰਨ ਮਿਲਦਾ ਹੈ ਕਿ ਜਿਹੜੇ ਲੋਕ ਮਰ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਜੀਉਂਦੇ ਕੀਤਾ ਜਾਵੇਗਾ।—1 ਕੁਰਿੰ. 15:3-6, 20-22.
18. ਜਿਨ੍ਹਾਂ ਗੀਤਾਂ ਵਿਚ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ਬਾਰੇ ਦੱਸਿਆ ਗਿਆ ਹੈ, ਤੁਸੀਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਕਿਵੇਂ ਲੈ ਸਕਦੇ ਹੋ? (ਫੁਟਨੋਟ ਦੇਖੋ।)
18 ਭਗਤੀ ਦੇ ਉਨ੍ਹਾਂ ਗੀਤਾਂ ਨੂੰ ਸੁਣੋ, ਗਾਓ ਅਤੇ ਸੋਚੋ ਜਿਨ੍ਹਾਂ ਵਿਚ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ਬਾਰੇ ਦੱਸਿਆ ਹੋਵੇ। e (ਅਫ਼. 5:19) ਇਨ੍ਹਾਂ ਗੀਤਾਂ ਕਰਕੇ ਅਸੀਂ ਸਮਝ ਸਕਾਂਗੇ ਕਿ ਇਹ ਵਾਅਦਾ ਇਕ ਦਿਨ ਜ਼ਰੂਰ ਪੂਰਾ ਹੋਵੇਗਾ ਅਤੇ ਇਸ ਉਮੀਦ ʼਤੇ ਸਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ। ਇਸ ਲਈ ਇਨ੍ਹਾਂ ਗੀਤਾਂ ਨੂੰ ਸੁਣੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਗਾਉਣ ਲਈ ਵਾਰ-ਵਾਰ ਪ੍ਰੈਕਟਿਸ ਕਰੋ। ਆਪਣੀ ਪਰਿਵਾਰਕ ਸਟੱਡੀ ਵਿਚ ਇਨ੍ਹਾਂ ਗੀਤਾਂ ਦੇ ਬੋਲਾਂ ʼਤੇ ਚਰਚਾ ਕਰੋ ਅਤੇ ਇਨ੍ਹਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰੋ। ਇਨ੍ਹਾਂ ਦੇ ਬੋਲਾਂ ਨੂੰ ਆਪਣੇ ਦਿਲ ਤੇ ਦਿਮਾਗ਼ ਵਿਚ ਚੰਗੀ ਤਰ੍ਹਾਂ ਬਿਠਾ ਲਵੋ। ਫਿਰ ਜੇ ਤੁਹਾਨੂੰ ਕੋਈ ਅਜਿਹੀ ਮੁਸ਼ਕਲ ਆਵੇਗੀ ਜਿਸ ਕਰਕੇ ਤੁਹਾਡੀ ਜਾਨ ਨੂੰ ਖ਼ਤਰਾ ਹੋਵੇ ਜਾਂ ਤੁਹਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਵੇ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਤੁਹਾਨੂੰ ਇਹ ਗੀਤ ਯਾਦ ਕਰਾਵੇਗੀ। ਨਾਲੇ ਤੁਹਾਨੂੰ ਇਨ੍ਹਾਂ ਤੋਂ ਦਿਲਾਸਾ ਤੇ ਹਿੰਮਤ ਮਿਲੇਗੀ।
19. ਅਸੀਂ ਉਸ ਸਮੇਂ ਬਾਰੇ ਕੀ-ਕੀ ਕਲਪਨਾ ਕਰ ਸਕਦੇ ਹਾਂ ਜਦੋਂ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ? (“ ਤੁਸੀਂ ਉਨ੍ਹਾਂ ਤੋਂ ਕੀ ਪੁੱਛੋਗੇ?” ਨਾਂ ਦੀ ਡੱਬੀ ਦੇਖੋ।)
19 ਨਵੀਂ ਦੁਨੀਆਂ ਬਾਰੇ ਕਲਪਨਾ ਕਰੋ। ਯਹੋਵਾਹ ਨੇ ਸਾਨੂੰ ਇੱਦਾਂ ਬਣਾਇਆ ਹੈ ਕਿ ਅਸੀਂ ਨਵੀਂ ਦੁਨੀਆਂ ਬਾਰੇ ਕਲਪਨਾ ਕਰ ਸਕਦੇ ਹਾਂ। ਇਕ ਭੈਣ ਦੱਸਦੀ ਹੈ: “ਮੈਂ ਅਕਸਰ ਸੋਚਦੀ ਹਾਂ ਕਿ ਮੈਂ ਨਵੀਂ ਦੁਨੀਆਂ ਵਿਚ ਪਹੁੰਚ ਗਈ ਹਾਂ। ਕਈ ਵਾਰ ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਉੱਥੇ ਖਿੜੇ ਗੁਲਾਬ ਦੇ ਫੁੱਲਾਂ ਦੀ ਖ਼ੁਸ਼ਬੂ ਵੀ ਲੈ ਪਾ ਰਹੀ ਹਾਂ।” ਉਸ ਸਮੇਂ ਬਾਰੇ ਸੋਚੋ ਜਦੋਂ ਤੁਸੀਂ ਬਾਈਬਲ ਦੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਨੂੰ ਮਿਲੋਗੇ। ਤੁਸੀਂ ਕਿਸ ਨੂੰ ਮਿਲਣ ਲਈ ਬੇਤਾਬ ਹੋ? ਤੁਸੀਂ ਉਸ ਤੋਂ ਕੀ-ਕੀ ਪੁੱਛੋਗੇ? ਉਦੋਂ ਤੁਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਵੀ ਦੁਬਾਰਾ ਮਿਲੋਗੇ। ਸੋਚੋ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਤੇ ਤੁਸੀਂ ਉਨ੍ਹਾਂ ਨੂੰ ਕੀ ਕਹੋਗੇ ਅਤੇ ਕਿਵੇਂ ਉਨ੍ਹਾਂ ਨੂੰ ਪਿਆਰ ਨਾਲ ਜੱਫੀ ਪਾਓਗੇ। ਨਾਲੇ ਕਿੱਦਾਂ ਤੁਹਾਡੀਆਂ ਅੱਖਾਂ ਤੋਂ ਖ਼ੁਸ਼ੀ ਦੇ ਹੰਝੂ ਨਿਕਲ ਆਉਣਗੇ।
20. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
20 ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨ ਦਾ ਵਾਅਦਾ ਕੀਤਾ ਹੈ! ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਆਪਣਾ ਇਹ ਵਾਅਦਾ ਜ਼ਰੂਰ ਨਿਭਾਵੇਗਾ ਕਿਉਂਕਿ ਯਹੋਵਾਹ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ ਅਤੇ ਉਸ ਕੋਲ ਇਸ ਤਰ੍ਹਾਂ ਕਰਨ ਦੀ ਤਾਕਤ ਵੀ ਹਾਂ। ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਇਸ ਵਾਅਦੇ ʼਤੇ ਆਪਣਾ ਵਿਸ਼ਵਾਸ ਵਧਾਉਂਦੇ ਰਹਾਂਗੇ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਜਾਵਾਂਗੇ ਜਿਸ ਨੇ ਸਾਡੇ ਵਿੱਚੋਂ ਹਰੇਕ ਨਾਲ ਵਾਅਦਾ ਕੀਤਾ ਹੈ, ‘ਤੁਹਾਡੇ ਅਜ਼ੀਜ਼ ਜੀਉਂਦੇ ਹੋ ਜਾਣਗੇ!’
ਗੀਤ 147 ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ
a ਕੀ ਤੁਹਾਡੇ ਕਿਸੇ ਆਪਣੇ ਦੀ ਮੌਤ ਹੋ ਗਈ ਹੈ? ਜੇ ਹਾਂ, ਤਾਂ ਦੁਬਾਰਾ ਜੀਉਂਦਾ ਕੀਤੇ ਜਾਣ ਦੇ ਵਾਅਦੇ ਬਾਰੇ ਸੋਚ ਕੇ ਤੁਹਾਨੂੰ ਬਹੁਤ ਦਿਲਾਸਾ ਮਿਲਦਾ ਹੋਣਾ। ਪਰ ਤੁਸੀਂ ਦੂਜਿਆਂ ਨੂੰ ਕਿਵੇਂ ਸਮਝਾ ਸਕਦੇ ਹੋ ਕਿ ਤੁਸੀਂ ਇਸ ਵਾਅਦੇ ʼਤੇ ਕਿਉਂ ਵਿਸ਼ਵਾਸ ਕਰਦੇ ਹੋ? ਨਾਲੇ ਤੁਸੀਂ ਯਹੋਵਾਹ ਦੇ ਇਸ ਵਾਅਦੇ ʼਤੇ ਆਪਣਾ ਭਰੋਸਾ ਕਿਵੇਂ ਪੱਕਾ ਕਰ ਸਕਦੇ ਹੋ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ। ਇਹ ਲੇਖ ਇਸ ਲਈ ਤਿਆਰ ਕੀਤਾ ਗਿਆ ਹੈ ਤਾਂਕਿ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ʼਤੇ ਸਾਡੀ ਨਿਹਚਾ ਮਜ਼ਬੂਤ ਹੋਵੇ।
b ਇਸ ਸੰਗੀਤ ਵੀਡੀਓ ਦਾ ਨਾਂ ਹੈ ਬੱਸ ਚਾਰ ਕਦਮ ਅੱਗੇ (ਹਿੰਦੀ) ਜੋ ਨਵੰਬਰ 2016 ਦੀ ਬ੍ਰਾਡਕਾਸਟਿੰਗ ਵਿਚ ਦਿਖਾਇਆ ਗਿਆ ਸੀ।
c ਜਨਵਰੀ-ਮਾਰਚ 2008 ਦੇ ਪਹਿਰਾਬੁਰਜ ਦੇ ਸਫ਼ੇ 31 ʼਤੇ “ਲਾਜ਼ਰ ਦੀ ਮੌਤ ਹੋਣ ਤੇ ਯਿਸੂ ਨੂੰ ਬੈਤਅਨੀਆ ਆਉਣ ਨੂੰ ਚਾਰ ਦਿਨ ਕਿਉਂ ਲੱਗੇ?” ਨਾਂ ਦਾ ਲੇਖ ਦੇਖੋ।
d ਇਹ ਬਿਰਤਾਂਤ ਇਨ੍ਹਾਂ ਆਇਤਾਂ ਵਿਚ ਦਰਜ ਹਨ: 1 ਰਾਜ. 17:17-24; 2 ਰਾਜ. 4:32-37; 13:20, 21; ਲੂਕਾ 7:11-15; 8:41-56; ਯੂਹੰ. 11:38-44; ਰਸੂ. 9:36-42; 20:7-12.
e ਖ਼ੁਸ਼ੀ ਖ਼ੁਸ਼ੀ ਯਹੋਵਾਹ ਲਈ ਗੀਤ ਗਾਓ ਨਾਂ ਦੀ ਕਿਤਾਬ ਵਿੱਚੋਂ ਇਹ ਗੀਤ ਦੇਖੋ: “ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ” (ਗੀਤ 139), “ਇਨਾਮ ʼਤੇ ਨਜ਼ਰ ਰੱਖੋ!” (ਗੀਤ 144), “ਉਹ ਉਨ੍ਹਾਂ ਨੂੰ ਪੁਕਾਰੇਗਾ” (ਗੀਤ 151). ਇਸ ਤੋਂ ਇਲਾਵਾ, jw.org/pa ʼਤੇ ਬ੍ਰਾਡਕਾਸਟਿੰਗ ਦੇ ਇਹ ਗੀਤ ਵੀ ਦੇਖੋ: “ਦੁਨੀਆਂ ਆ ਗਈ ਨਵੀਂ” ਅਤੇ “ਵੇਖ ਤੂੰ ਨਵੀਂ ਦੁਨੀਆਂ।” ਨਾਲੇ jw.org/hi ʼਤੇ ਇਹ ਗੀਤ ਵੀ ਦੇਖੋ: “ਬੱਸ ਚਾਰ ਕਦਮ ਅੱਗੇ।”