Skip to content

Skip to table of contents

ਅਧਿਐਨ ਲੇਖ 18

ਮੀਟਿੰਗਾਂ ਵਿਚ ਇਕ-ਦੂਜੇ ਨੂੰ ਹੌਸਲਾ ਦਿਓ

ਮੀਟਿੰਗਾਂ ਵਿਚ ਇਕ-ਦੂਜੇ ਨੂੰ ਹੌਸਲਾ ਦਿਓ

“ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ . . . ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।”​—ਇਬ. 10:24, 25.

ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ

ਖ਼ਾਸ ਗੱਲਾਂ a

1. ਅਸੀਂ ਮੀਟਿੰਗਾਂ ਵਿਚ ਜਵਾਬ ਕਿਉਂ ਦਿੰਦੇ ਹਾਂ?

 ਅਸੀਂ ਮੰਡਲੀ ਦੀਆਂ ਮੀਟਿੰਗਾਂ ਵਿਚ ਕਿਉਂ ਜਾਂਦੇ ਹਾਂ? ਖ਼ਾਸ ਕਰਕੇ ਯਹੋਵਾਹ ਦੀ ਮਹਿਮਾ ਕਰਨ ਲਈ। (ਜ਼ਬੂ. 26:12; 111:1) ਅਸੀਂ ਇਸ ਕਰਕੇ ਵੀ ਮੀਟਿੰਗਾਂ ਵਿਚ ਜਾਂਦੇ ਹਾਂ ਤਾਂਕਿ ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਇਕ-ਦੂਜੇ ਦਾ ਹੌਸਲਾ ਵਧਾ ਸਕੀਏ। (1 ਥੱਸ. 5:11) ਜਦੋਂ ਅਸੀਂ ਹੱਥ ਖੜ੍ਹਾ ਕਰਦੇ ਅਤੇ ਜਵਾਬ ਦਿੰਦੇ ਹਾਂ, ਤਾਂ ਅਸੀਂ ਇਹ ਦੋਵੇਂ ਕੰਮ ਕਰ ਰਹੇ ਹੁੰਦੇ ਹਾਂ।

2. ਅਸੀਂ ਮੀਟਿੰਗਾਂ ਵਿਚ ਕਦੋਂ ਜਵਾਬ ਦੇ ਸਕਦੇ ਹਾਂ?

2 ਸਾਡੇ ਕੋਲ ਹਰ ਹਫ਼ਤੇ ਮੀਟਿੰਗਾਂ ਵਿਚ ਜਵਾਬ ਦੇਣ ਦੇ ਮੌਕੇ ਹੁੰਦੇ ਹਨ। ਉਦਾਹਰਣ ਲਈ, ਹਫ਼ਤੇ ਦੇ ਅਖ਼ੀਰ ਵਿਚ ਅਸੀਂ ਮੰਡਲੀ ਦੇ ਪਹਿਰਾਬੁਰਜ ਅਧਿਐਨ ਵਿਚ ਜਵਾਬ ਦੇ ਸਕਦੇ ਹਾਂ। ਨਾਲੇ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵਿਚ ਹੀਰੇ-ਮੋਤੀ ਭਾਗ ਤੇ ਮੰਡਲੀ ਦੀ ਬਾਈਬਲ ਸਟੱਡੀ ਦੌਰਾਨ ਅਤੇ ਹੋਰ ਭਾਗ ਜਿਨ੍ਹਾਂ ਵਿਚ ਸਵਾਲ ਪੁੱਛੇ ਜਾਂਦੇ ਹਨ, ਉਨ੍ਹਾਂ ਦੌਰਾਨ ਅਸੀਂ ਜਵਾਬ ਦੇ ਸਕਦੇ ਹਾਂ।

3. ਜਵਾਬ ਦੇਣ ਵੇਲੇ ਸਾਡੇ ਸਾਮ੍ਹਣੇ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਇਬਰਾਨੀਆਂ 10:24, 25 ਸਾਡੀ ਕਿੱਦਾਂ ਮਦਦ ਕਰ ਸਕਦਾ ਹੈ?

3 ਅਸੀਂ ਸਾਰੇ ਯਹੋਵਾਹ ਦੀ ਮਹਿਮਾ ਕਰਨੀ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣਾ ਚਾਹੁੰਦੇ ਹਾਂ। ਪਰ ਜਦੋਂ ਜਵਾਬ ਦੇਣ ਦੀ ਗੱਲ ਆਉਂਦੀ ਹੈ, ਤਾਂ ਸਾਡੇ ਸਾਮ੍ਹਣੇ ਸ਼ਾਇਦ ਕੁਝ ਮੁਸ਼ਕਲਾਂ ਆਉਣ। ਸ਼ਾਇਦ ਅਸੀਂ ਜਵਾਬ ਦੇਣ ਤੋਂ ਘਬਰਾਈਏ ਜਾਂ ਅਸੀਂ ਬਹੁਤ ਸਾਰੇ ਜਵਾਬ ਦੇਣੇ ਚਾਹੀਏ, ਪਰ ਹੋ ਸਕਦਾ ਹੈ ਕਿ ਕਈ ਵਾਰ ਸਾਡੇ ਕੋਲੋਂ ਪੁੱਛਿਆ ਹੀ ਨਾ ਜਾਵੇ। ਅਸੀਂ ਇਹ ਮੁਸ਼ਕਲਾਂ ਕਿਵੇਂ ਪਾਰ ਕਰ ਸਕਦੇ ਹਾਂ? ਇਬਰਾਨੀਆਂ ਨੂੰ ਲਿਖੀ ਪੌਲੁਸ ਰਸੂਲ ਦੀ ਚਿੱਠੀ ਤੋਂ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ। ਉਸ ਨੇ ਇਕੱਠੇ ਹੋਣ ਦੀ ਅਹਿਮੀਅਤ ʼਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ “ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।” (ਇਬਰਾਨੀਆਂ 10:24, 25 ਪੜ੍ਹੋ।) ਜਦੋਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੇ ਛੋਟੇ-ਛੋਟੇ ਜਵਾਬਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਹਾਂ ਅਤੇ ਦੂਜਿਆਂ ਨੂੰ ਹੌਸਲਾ ਦੇ ਸਕਦੇ ਹਾਂ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਜਵਾਬ ਦੇ ਪਾਉਂਦੇ ਹਾਂ। ਨਾਲੇ ਜੇ ਸਾਡੇ ਕੋਲੋਂ ਜ਼ਿਆਦਾ ਵਾਰ ਨਾ ਪੁੱਛਿਆ ਜਾਵੇ, ਤਾਂ ਵੀ ਅਸੀਂ ਇਸ ਗੱਲ ਤੋਂ ਖ਼ੁਸ਼ ਹੋ ਸਕਦੇ ਹਾਂ ਕਿ ਮੰਡਲੀ ਦੇ ਦੂਜੇ ਭੈਣਾਂ-ਭਰਾਵਾਂ ਨੂੰ ਜਵਾਬ ਦੇਣ ਦਾ ਮੌਕਾ ਮਿਲ ਰਿਹਾ ਹੈ।​—1 ਪਤ. 3:8.

4. ਇਸ ਲੇਖ ਵਿਚ ਅਸੀਂ ਕਿਹੜੀਆਂ ਤਿੰਨ ਗੱਲਾਂ ʼਤੇ ਚਰਚਾ ਕਰਾਂਗੇ?

4 ਇਸ ਲੇਖ ਵਿਚ ਅਸੀਂ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕਿ ਇਕ ਛੋਟੀ ਮੰਡਲੀ ਵਿਚ ਜਿੱਥੇ ਜਵਾਬ ਦੇਣ ਲਈ ਜ਼ਿਆਦਾ ਭੈਣ-ਭਰਾ ਨਹੀਂ ਹੁੰਦੇ, ਉੱਥੇ ਅਸੀਂ ਇਕ-ਦੂਜੇ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ। ਫਿਰ ਅਸੀਂ ਚਰਚਾ ਕਰਾਂਗੇ ਕਿ ਇਕ ਵੱਡੀ ਮੰਡਲੀ ਵਿਚ ਜਿੱਥੇ ਬਹੁਤ ਸਾਰੇ ਭੈਣ-ਭਰਾ ਜਵਾਬ ਦੇਣ ਲਈ ਹੱਥ ਖੜ੍ਹੇ ਕਰਦੇ ਹਨ, ਉੱਥੇ ਅਸੀਂ ਇਕ-ਦੂਜੇ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ। ਅਖ਼ੀਰ ਵਿਚ, ਅਸੀਂ ਦੇਖਾਂਗੇ ਕਿ ਕਿਹੋ ਜਿਹੇ ਜਵਾਬ ਦੇ ਕੇ ਅਸੀਂ ਇਕ-ਦੂਜੇ ਦਾ ਹੌਸਲਾ ਵਧਾ ਸਕਦੇ ਹਾਂ।

ਛੋਟੀ ਮੰਡਲੀ ਵਿਚ ਇਕ-ਦੂਜੇ ਨੂੰ ਹੌਸਲਾ ਦਿਓ

5. ਜੇ ਜਵਾਬ ਦੇਣ ਵਾਲੇ ਥੋੜ੍ਹੇ ਹਨ, ਤਾਂ ਤੁਸੀਂ ਦੂਜਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹੋ?

5 ਇਕ ਛੋਟੀ ਮੰਡਲੀ ਜਾਂ ਗਰੁੱਪ ਵਿਚ ਜਵਾਬ ਦੇਣ ਲਈ ਜ਼ਿਆਦਾ ਭੈਣ-ਭਰਾ ਨਹੀਂ ਹੁੰਦੇ। ਇਸ ਲਈ ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਸਵਾਲ ਪੁੱਛਣ ਤੋਂ ਬਾਅਦ ਸ਼ਾਇਦ ਥੋੜ੍ਹਾ ਇੰਤਜ਼ਾਰ ਕਰਨਾ ਪਵੇ ਕਿ ਕੋਈ ਹੱਥ ਖੜ੍ਹਾ ਕਰੇ। ਇਸ ਕਰਕੇ ਮੀਟਿੰਗ ਲੰਬੀ ਜਾਂ ਬੋਰਿੰਗ ਹੋ ਸਕਦੀ ਹੈ ਜਿਸ ਤੋਂ ਕਿਸੇ ਨੂੰ ਹੌਸਲਾ ਨਹੀਂ ਮਿਲੇਗਾ। ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਜਵਾਬ ਦੇਣ ਲਈ ਵਾਰ-ਵਾਰ ਹੱਥ ਖੜ੍ਹਾ ਕਰ ਸਕਦੇ ਹੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਸ਼ਾਇਦ ਦੂਜਿਆਂ ਦਾ ਵੀ ਜ਼ਿਆਦਾ ਤੋਂ ਜ਼ਿਆਦਾ ਜਵਾਬ ਦੇਣ ਦਾ ਦਿਲ ਕਰੇ।

6-7. ਜੇ ਸਾਨੂੰ ਜਵਾਬ ਦੇਣ ਤੋਂ ਘਬਰਾਹਟ ਹੁੰਦੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

6 ਹੋ ਸਕਦਾ ਹੈ ਕਿ ਤੁਹਾਨੂੰ ਜਵਾਬ ਦੇਣ ਦੇ ਖ਼ਿਆਲ ਤੋਂ ਹੀ ਘਬਰਾਹਟ ਹੋਵੇ। ਕਈ ਜਣਿਆਂ ਨਾਲ ਇੱਦਾਂ ਹੀ ਹੁੰਦਾ ਹੈ। ਇਸ ਤਰ੍ਹਾਂ ਹੋਣ ʼਤੇ ਤੁਸੀਂ ਕੀ ਕਰ ਸਕਦੇ ਹੋ? ਅਜਿਹੇ ਤਰੀਕੇ ਜਾਣਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨਾਲ ਤੁਸੀਂ ਆਪਣੀ ਘਬਰਾਹਟ ʼਤੇ ਕਾਬੂ ਪਾ ਸਕਦੇ ਹੋ ਅਤੇ ਆਪਣੇ ਜਵਾਬਾਂ ਤੋਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਦੇ ਹੋ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

7 ਤੁਹਾਨੂੰ ਪਹਿਰਾਬੁਰਜ ਦੇ ਪੁਰਾਣੇ ਲੇਖਾਂ ਵਿਚ ਦਿੱਤੇ ਕੁਝ ਸੁਝਾਵਾਂ ਤੋਂ ਮਦਦ ਮਿਲ ਸਕਦੀ ਹੈ। b ਉਦਾਹਰਣ ਲਈ, ਇਕ ਸੁਝਾਅ ਹੈ: ਚੰਗੀ ਤਰ੍ਹਾਂ ਤਿਆਰੀ ਕਰੋ। (ਕਹਾ. 21:5) ਜਿੰਨੀ ਚੰਗੀ ਤਰ੍ਹਾਂ ਤੁਸੀਂ ਜਾਣਕਾਰੀ ਤੋਂ ਵਾਕਫ਼ ਹੋਵੋਗੇ, ਤੁਹਾਡੇ ਲਈ ਜਵਾਬ ਦੇਣਾ ਉੱਨਾ ਹੀ ਸੌਖਾ ਹੋਵੇਗਾ। ਇਕ ਹੋਰ ਸੁਝਾਅ ਹੈ: ਛੋਟੇ ਜਵਾਬ ਦਿਓ। (ਕਹਾ. 15:23; 17:27) ਤੁਹਾਡਾ ਜਵਾਬ ਜਿੰਨਾ ਛੋਟਾ ਹੋਵੇਗਾ, ਤੁਹਾਡੀ ਘਬਰਾਹਟ ਉੱਨੀ ਹੀ ਘਟੇਗੀ। ਜੇ ਤੁਸੀਂ ਲੰਬਾ ਜਵਾਬ ਦਿਓਗੇ ਜਿਸ ਵਿਚ ਬਹੁਤ ਸਾਰੇ ਮੁੱਦੇ ਹੋਣਗੇ, ਤਾਂ ਭੈਣਾਂ-ਭਰਾਵਾਂ ਲਈ ਸਮਝਣਾ ਮੁਸ਼ਕਲ ਹੋ ਸਕਦਾ ਹੈ। ਪਰ ਜੇ ਤੁਹਾਡਾ ਜਵਾਬ ਛੋਟਾ ਹੋਵੇਗਾ ਜਾਂ ਸ਼ਾਇਦ ਇਕ-ਦੋ ਵਾਕਾਂ ਦਾ ਹੋਵੇਗਾ, ਤਾਂ ਭੈਣ-ਭਰਾ ਇਸ ਨੂੰ ਸੌਖਿਆਂ ਹੀ ਸਮਝ ਸਕਣਗੇ। ਇਸ ਲਈ ਆਪਣੇ ਸ਼ਬਦਾਂ ਵਿਚ ਛੋਟਾ ਜਿਹਾ ਜਵਾਬ ਦਿਓ। ਇਸ ਤੋਂ ਪਤਾ ਲੱਗੇਗਾ ਕਿ ਤੁਸੀਂ ਵਧੀਆ ਤਿਆਰੀ ਕੀਤੀ ਹੈ ਅਤੇ ਤੁਹਾਨੂੰ ਜਾਣਕਾਰੀ ਦੀ ਵੀ ਚੰਗੀ ਸਮਝ ਹੈ।

8. ਸਾਡੀ ਮਿਹਨਤ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?

8 ਹੋ ਸਕਦਾ ਹੈ ਕਿ ਤੁਸੀਂ ਇਨ੍ਹਾਂ ਵਿੱਚੋਂ ਕੁਝ ਸੁਝਾਅ ਲਾਗੂ ਕੀਤੇ ਹੋਣ। ਫਿਰ ਵੀ ਤੁਸੀਂ ਇਕ ਜਾਂ ਦੋ ਤੋਂ ਜ਼ਿਆਦਾ ਵਾਰ ਜਵਾਬ ਦਿੰਦੇ ਵੇਲੇ ਘਬਰਾ ਜਾਂਦੇ ਹੋ। ਇਸ ਤਰ੍ਹਾਂ ਹੋਣ ʼਤੇ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਜਵਾਬ ਦੇਣ ਲਈ ਤੁਸੀਂ ਜੋ ਮਿਹਨਤ ਕਰਦੇ ਹੋ, ਯਹੋਵਾਹ ਉਸ ਦੀ ਬਹੁਤ ਕਦਰ ਕਰਦਾ ਹੈ। (ਲੂਕਾ 21:1-4) ਪਰ ਮਿਹਨਤ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਤੁਸੀਂ ਕਰ ਹੀ ਨਹੀਂ ਸਕਦੇ। (ਫ਼ਿਲਿ. 4:5) ਇਸ ਲਈ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ, ਫਿਰ ਉਸ ਮੁਤਾਬਕ ਟੀਚਾ ਰੱਖੋ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਹਾਨੂੰ ਘਬਰਾਹਟ ਨਾ ਹੋਵੇ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਤੁਸੀਂ ਇਕ ਛੋਟਾ ਜਿਹਾ ਜਵਾਬ ਦੇਣ ਦਾ ਟੀਚਾ ਰੱਖ ਸਕਦੇ ਹੋ।

ਵੱਡੀ ਮੰਡਲੀ ਵਿਚ ਇਕ-ਦੂਜੇ ਨੂੰ ਹੌਸਲਾ ਦਿਓ

9. ਵੱਡੀਆਂ ਮੰਡਲੀਆਂ ਵਿਚ ਕਿਹੜੀ ਮੁਸ਼ਕਲ ਆ ਸਕਦੀ ਹੈ?

9 ਜੇ ਤੁਹਾਡੀ ਮੰਡਲੀ ਵਿਚ ਬਹੁਤ ਸਾਰੇ ਪ੍ਰਚਾਰਕ ਹਨ, ਤਾਂ ਸ਼ਾਇਦ ਤੁਹਾਨੂੰ ਇਕ ਵੱਖਰੀ ਮੁਸ਼ਕਲ ਆ ਸਕਦੀ ਹੈ। ਸ਼ਾਇਦ ਬਹੁਤ ਸਾਰੇ ਭੈਣ-ਭਰਾ ਜਵਾਬ ਦੇਣ ਲਈ ਹੱਥ ਖੜ੍ਹਾ ਕਰਦੇ ਹਨ ਜਿਸ ਕਰਕੇ ਤੁਹਾਡੀ ਵਾਰੀ ਨਹੀਂ ਆਉਂਦੀ। ਜ਼ਰਾ ਭੈਣ ਡਾਇਨਾ ਦੀ ਮਿਸਾਲ ʼਤੇ ਗੌਰ ਕਰੋ। c ਉਸ ਨੂੰ ਮੰਡਲੀ ਵਿਚ ਜਵਾਬ ਦੇਣਾ ਬਹੁਤ ਵਧੀਆ ਲੱਗਦਾ ਹੈ। ਉਹ ਸੋਚਦੀ ਹੈ ਕਿ ਇਹ ਉਸ ਦੀ ਭਗਤੀ ਦਾ ਹਿੱਸਾ ਹੈ, ਜਵਾਬ ਦੇ ਕੇ ਉਹ ਦੂਜਿਆਂ ਦਾ ਹੌਸਲਾ ਵਧਾ ਸਕਦੀ ਹੈ ਅਤੇ ਇੱਦਾਂ ਕਰ ਕੇ ਉਹ ਬਾਈਬਲ ਦੀਆਂ ਸੱਚਾਈਆਂ ʼਤੇ ਆਪਣੀ ਨਿਹਚਾ ਪੱਕੀ ਕਰ ਸਕਦੀ ਹੈ। ਪਰ ਜਦੋਂ ਉਹ ਇਕ ਵੱਡੀ ਮੰਡਲੀ ਵਿਚ ਗਈ, ਤਾਂ ਉੱਥੇ ਉਸ ਨੂੰ ਜਵਾਬ ਦੇਣ ਦੇ ਘੱਟ ਹੀ ਮੌਕੇ ਮਿਲਦੇ ਸਨ। ਕਦੀ-ਕਦੀ ਤਾਂ ਪੂਰੀ ਮੀਟਿੰਗ ਵਿਚ ਉਸ ਨੂੰ ਇਕ ਵਾਰ ਵੀ ਜਵਾਬ ਦੇਣ ਦਾ ਮੌਕਾ ਨਹੀਂ ਮਿਲਦਾ ਸੀ। ਉਹ ਕਹਿੰਦੀ ਹੈ: “ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਹੱਥੋਂ ਇਹ ਖ਼ਾਸ ਮੌਕਾ ਚਲਾ ਗਿਆ ਹੈ। ਜਦੋਂ ਵਾਰ-ਵਾਰ ਇੱਦਾਂ ਹੁੰਦਾ ਹੈ, ਤਾਂ ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ਕਿਤੇ ਜਾਣ-ਬੁੱਝ ਕੇ ਤਾਂ ਨਹੀਂ ਤੁਹਾਡੇ ਨਾਲ ਇੱਦਾਂ ਕੀਤਾ ਜਾ ਰਿਹਾ।”

10. ਜਵਾਬ ਦੇਣ ਲਈ ਅਸੀਂ ਹੋਰ ਕੀ-ਕੀ ਕਰ ਸਕਦੇ ਹਾਂ?

10 ਕੀ ਤੁਹਾਨੂੰ ਵੀ ਭੈਣ ਡਾਇਨਾ ਵਾਂਗ ਲੱਗਦਾ ਹੈ? ਜੇ ਹਾਂ, ਤਾਂ ਸ਼ਾਇਦ ਤੁਹਾਡੇ ਮਨ ਵਿਚ ਇਹ ਖ਼ਿਆਲ ਆਵੇ, ‘ਕੀ ਫ਼ਾਇਦਾ ਹੱਥ ਖੜ੍ਹੇ ਕਰਨ ਦਾ, ਇਹ ਦੇ ਨਾਲੋਂ ਚੰਗਾ ਤਾਂ ਮੈਂ ਚੁੱਪ ਕਰਕੇ ਬੈਠ ਕੇ ਸੁਣਦਾ ਰਹਾਂ।’ ਪਰ ਇੱਦਾਂ ਨਾ ਸੋਚੋ, ਸਗੋਂ ਜਵਾਬ ਦਿੰਦੇ ਰਹੋ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਜੇ ਤੁਸੀਂ ਚਾਹੋ ਤਾਂ ਅੱਗੇ ਦੱਸੇ ਸੁਝਾਅ ਲਾਗੂ ਕਰ ਸਕਦੇ ਹੋ। ਹਰ ਮੀਟਿੰਗ ਲਈ ਕਈ ਜਵਾਬ ਤਿਆਰ ਕਰੋ। ਫਿਰ ਜੇ ਅਧਿਐਨ ਦੇ ਸ਼ੁਰੂ ਵਿਚ ਤੁਹਾਡੇ ਕੋਲੋਂ ਜਵਾਬ ਨਹੀਂ ਪੁੱਛਿਆ ਜਾਂਦਾ, ਤਾਂ ਵੀ ਅਧਿਐਨ ਦੌਰਾਨ ਤੁਹਾਡੇ ਕੋਲ ਜਵਾਬ ਦੇਣ ਦੇ ਕਈ ਮੌਕੇ ਹੋਣਗੇ। ਪਹਿਰਾਬੁਰਜ ਅਧਿਐਨ ਦੀ ਤਿਆਰੀ ਕਰਦੇ ਵੇਲੇ ਸੋਚੋ ਕਿ ਹਰ ਪੈਰਾ ਲੇਖ ਦੇ ਵਿਸ਼ੇ ਨਾਲ ਕਿਵੇਂ ਜੁੜਿਆ ਹੈ। ਇਸ ਤਰ੍ਹਾਂ ਤੁਸੀਂ ਕਈ ਚੰਗੇ ਜਵਾਬ ਤਿਆਰ ਕਰ ਸਕੋਗੇ ਜਿਨ੍ਹਾਂ ਤੋਂ ਭੈਣਾਂ-ਭਰਾਵਾਂ ਦਾ ਹੌਸਲਾ ਵਧੇਗਾ। ਇਸ ਤੋਂ ਇਲਾਵਾ, ਜੇ ਤੁਸੀਂ ਚਾਹੋ, ਤਾਂ ਉਨ੍ਹਾਂ ਪੈਰਿਆਂ ਦੇ ਜਵਾਬ ਵੀ ਤਿਆਰ ਕਰ ਸਕਦੇ ਹੋ ਜਿਨ੍ਹਾਂ ਵਿਚ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਾਈਆਂ ਹੁੰਦੀਆਂ ਹਨ। (1 ਕੁਰਿੰ. 2:10) ਕਿਉਂ? ਕਿਉਂਕਿ ਇਨ੍ਹਾਂ ਨੂੰ ਸਮਝਾਉਣਾ ਇੰਨਾ ਸੌਖਾ ਨਹੀਂ ਹੁੰਦਾ ਹੈ ਅਤੇ ਸ਼ਾਇਦ ਬਹੁਤ ਘੱਟ ਭੈਣ-ਭਰਾ ਹੀ ਉਨ੍ਹਾਂ ਬਾਰੇ ਜਵਾਬ ਦੇਣ ਲਈ ਹੱਥ ਖੜ੍ਹੇ ਕਰਨ। ਪਰ ਜੇ ਇਹ ਸਾਰੇ ਸੁਝਾਅ ਲਾਗੂ ਕਰਨ ਤੋਂ ਬਾਅਦ ਵੀ ਤੁਹਾਡੇ ਕੋਲੋਂ ਇਕ ਵੀ ਜਵਾਬ ਨਹੀਂ ਪੁੱਛਿਆ ਜਾਂਦਾ, ਤਾਂ ਤੁਸੀਂ ਕੀ ਕਰ ਸਕਦੇ ਹੋ? ਜੇ ਤੁਸੀਂ ਚਾਹੋ, ਤਾਂ ਮੀਟਿੰਗ ਤੋਂ ਪਹਿਲਾਂ ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਸਵਾਲ ਦਾ ਜਵਾਬ ਦੇਣਾ ਚਾਹੋਗੇ।

11. ਫ਼ਿਲਿੱਪੀਆਂ 2:4 ਵਿਚ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ?

11 ਫ਼ਿਲਿੱਪੀਆਂ 2:4 ਪੜ੍ਹੋ। ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਦੂਸਰਿਆਂ ਦੇ ਭਲੇ ਬਾਰੇ ਸੋਚਣ ਦੀ ਹੱਲਾਸ਼ੇਰੀ ਦਿੱਤੀ। ਅਸੀਂ ਮੀਟਿੰਗਾਂ ਦੌਰਾਨ ਉਸ ਦੀ ਇਹ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ? ਅਸੀਂ ਯਾਦ ਰੱਖ ਸਕਦੇ ਹਾਂ ਕਿ ਸਾਡੇ ਵਾਂਗ ਦੂਜੇ ਭੈਣ-ਭਰਾ ਵੀ ਜਵਾਬ ਦੇਣੇ ਚਾਹੁੰਦੇ ਹਨ।

ਜਿਵੇਂ ਤੁਸੀਂ ਗੱਲਬਾਤ ਕਰਦਿਆਂ ਦੂਜਿਆਂ ਨੂੰ ਬੋਲਣ ਦਾ ਮੌਕਾ ਦਿੰਦੇ ਹੋ, ਉਸੇ ਤਰ੍ਹਾਂ ਮੀਟਿੰਗਾਂ ਵਿਚ ਵੀ ਦੂਜਿਆਂ ਨੂੰ ਜਵਾਬ ਦੇਣ ਦਾ ਮੌਕਾ ਦਿਓ (ਪੈਰਾ 12 ਦੇਖੋ)

12. ਮੀਟਿੰਗਾਂ ਵਿਚ ਇਕ-ਦੂਜੇ ਨੂੰ ਹੌਸਲਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? (ਤਸਵੀਰ ਵੀ ਦੇਖੋ।)

12 ਜ਼ਰਾ ਇਸ ਬਾਰੇ ਸੋਚੋ, ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਹੋ, ਤਾਂ ਕੀ ਤੁਸੀਂ ਆਪ ਹੀ ਬੋਲਦੇ ਰਹਿੰਦੇ ਹੋ? ਬਿਲਕੁਲ ਨਹੀਂ! ਤੁਸੀਂ ਉਨ੍ਹਾਂ ਨੂੰ ਗੱਲਬਾਤ ਕਰਨ ਦਾ ਮੌਕਾ ਦਿੰਦੇ ਹੋ। ਇਸੇ ਤਰ੍ਹਾਂ ਮੀਟਿੰਗਾਂ ਵਿਚ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਣਿਆਂ ਨੂੰ ਜਵਾਬ ਦੇਣ ਦਾ ਮੌਕਾ ਮਿਲੇ। ਅਸਲ ਵਿਚ, ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੀ ਨਿਹਚਾ ਜ਼ਾਹਰ ਕਰਨ ਦਾ ਮੌਕਾ ਦੇਈਏ। (1 ਕੁਰਿੰ. 10:24) ਆਓ ਦੇਖੀਏ ਕਿ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ।

13. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਜਣਿਆਂ ਨੂੰ ਜਵਾਬ ਦੇਣ ਦਾ ਮੌਕਾ ਮਿਲੇ?

13 ਇਕ ਗੱਲ ਜੋ ਤੁਸੀਂ ਧਿਆਨ ਵਿਚ ਰੱਖ ਸਕਦੇ ਹੋ, ਉਹ ਇਹ ਹੈ ਕਿ ਤੁਹਾਡੇ ਜਵਾਬ ਛੋਟੇ ਹੋਣ। ਇਸ ਤਰ੍ਹਾਂ ਹੋਰ ਭੈਣਾਂ-ਭਰਾਵਾਂ ਨੂੰ ਵੀ ਜਵਾਬ ਦੇਣ ਦੇ ਮੌਕੇ ਮਿਲਣਗੇ। ਬਜ਼ੁਰਗ ਅਤੇ ਹੋਰ ਤਜਰਬੇਕਾਰ ਪ੍ਰਚਾਰਕ ਇਸ ਗੱਲ ਦਾ ਖ਼ਾਸ ਧਿਆਨ ਰੱਖ ਸਕਦੇ ਹਨ ਤਾਂਕਿ ਦੂਜੇ ਉਨ੍ਹਾਂ ਤੋਂ ਸਿੱਖ ਸਕਣ। ਛੋਟੇ ਜਵਾਬ ਦੇਣ ਦੇ ਨਾਲ-ਨਾਲ ਇਹ ਵੀ ਧਿਆਨ ਵਿਚ ਰੱਖੋ ਕਿ ਤੁਸੀਂ ਬਹੁਤ ਸਾਰੇ ਮੁੱਦੇ ਨਾ ਦੱਸੋ। ਜੇ ਤੁਸੀਂ ਇਕ ਪੈਰੇ ਵਿਚ ਲਿਖੀਆਂ ਸਾਰੀਆਂ ਗੱਲਾਂ ਦੱਸ ਦਿਓਗੇ, ਤਾਂ ਦੂਜਿਆਂ ਦੇ ਦੱਸਣ ਲਈ ਕੁਝ ਨਹੀਂ ਬਚੇਗਾ। ਉਦਾਹਰਣ ਲਈ, ਇਸ ਪੈਰੇ ਵਿਚ ਦੋ ਸੁਝਾਅ ਦਿੱਤੇ ਗਏ ਹਨ: ਪਹਿਲਾ, ਛੋਟੇ ਜਵਾਬ ਦਿਓ ਅਤੇ ਦੂਜਾ, ਬਹੁਤ ਸਾਰੇ ਮੁੱਦੇ ਨਾ ਦੱਸੋ। ਜੇ ਇਸ ਪੈਰੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਜਵਾਬ ਦੇਣ ਦਾ ਮੌਕਾ ਮਿਲਦਾ ਹੈ, ਤਾਂ ਕਿਉਂ ਨਾ ਇਨ੍ਹਾਂ ਵਿੱਚੋਂ ਸਿਰਫ਼ ਇਕ ਮੁੱਦੇ ਬਾਰੇ ਦੱਸੋ?

ਅਸੀਂ ਮੀਟਿੰਗ ਵਿਚ ਹੱਥ ਨਾ ਖੜ੍ਹਾ ਕਰਨ ਦਾ ਫ਼ੈਸਲਾ ਸ਼ਾਇਦ ਕਦੋਂ ਕਰੀਏ? (ਪੈਰਾ 14 ਦੇਖੋ) f

14. ਅਸੀਂ ਕਿਵੇਂ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਕਿੰਨੀ ਵਾਰ ਜਵਾਬ ਦੇਣ ਲਈ ਹੱਥ ਖੜ੍ਹਾ ਕਰਾਂਗੇ? (ਤਸਵੀਰ ਵੀ ਦੇਖੋ।)

14 ਸੋਚ-ਸਮਝ ਕੇ ਫ਼ੈਸਲਾ ਕਰੋ ਕਿ ਤੁਸੀਂ ਕਿੰਨੀ ਕੁ ਵਾਰ ਜਵਾਬ ਦੇਣ ਲਈ ਹੱਥ ਖੜ੍ਹਾ ਕਰੋਗੇ। ਜੇ ਤੁਸੀਂ ਵਾਰ-ਵਾਰ ਹੱਥ ਖੜ੍ਹਾ ਕਰੋਗੇ, ਤਾਂ ਸ਼ਾਇਦ ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਲੱਗ ਸਕਦਾ ਹੈ ਕਿ ਉਸ ਨੂੰ ਹਰ ਵਾਰ ਤੁਹਾਨੂੰ ਹੀ ਪੁੱਛਣਾ ਚਾਹੀਦਾ, ਜਦ ਕਿ ਦੂਜਿਆਂ ਨੂੰ ਸ਼ਾਇਦ ਇਕ ਵਾਰ ਵੀ ਜਵਾਬ ਦੇਣ ਦਾ ਮੌਕਾ ਨਾ ਮਿਲਿਆ ਹੋਵੇ। ਇਸ ਤਰ੍ਹਾਂ ਦੂਜੇ ਨਿਰਾਸ਼ ਹੋ ਸਕਦੇ ਹਨ ਅਤੇ ਫਿਰ ਸ਼ਾਇਦ ਉਨ੍ਹਾਂ ਦਾ ਹੱਥ ਖੜ੍ਹਾ ਕਰਨ ਨੂੰ ਜੀਅ ਹੀ ਨਾ ਕਰੇ।​—ਉਪ. 3:7.

15. (ੳ) ਜੇ ਸਾਡੇ ਤੋਂ ਜਵਾਬ ਨਹੀਂ ਪੁੱਛਿਆ ਜਾਂਦਾ, ਤਾਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ? (ਅ) ਭਾਗ ਪੇਸ਼ ਕਰਨ ਵਾਲਾ ਭਰਾ ਸਾਰਿਆਂ ਦਾ ਧਿਆਨ ਕਿਵੇਂ ਰੱਖ ਸਕਦਾ ਹੈ? (“ ਜੇ ਤੁਸੀਂ ਭਾਗ ਪੇਸ਼ ਕਰ ਰਹੇ ਹੋ” ਨਾਂ ਦੀ ਡੱਬੀ ਦੇਖੋ।)

15 ਜਦੋਂ ਬਹੁਤ ਸਾਰੇ ਜਣੇ ਅਧਿਐਨ ਦੌਰਾਨ ਹੱਥ ਖੜ੍ਹੇ ਕਰਦੇ ਹਨ, ਤਾਂ ਸ਼ਾਇਦ ਸਾਨੂੰ ਉੱਨੀ ਵਾਰ ਜਵਾਬ ਦੇਣ ਦਾ ਮੌਕਾ ਨਾ ਮਿਲੇ ਜਿੰਨੀ ਵਾਰ ਅਸੀਂ ਚਾਹੁੰਦੇ ਹਾਂ। ਨਾਲੇ ਕਈ ਵਾਰ ਸ਼ਾਇਦ ਭਾਗ ਪੇਸ਼ ਕਰਨ ਵਾਲਾ ਭਰਾ ਸਾਨੂੰ ਇਕ ਵਾਰ ਵੀ ਜਵਾਬ ਨਾ ਪੁੱਛੇ। ਇਸ ਕਰਕੇ ਅਸੀਂ ਨਿਰਾਸ਼ ਹੋ ਸਕਦੇ ਹਾਂ, ਪਰ ਸਾਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ।​—ਉਪ. 7:9.

16. ਜਦੋਂ ਦੂਜੇ ਜਵਾਬ ਦਿੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ?

16 ਜੇ ਤੁਹਾਨੂੰ ਉੱਨੀ ਵਾਰ ਜਵਾਬ ਦੇਣ ਦਾ ਮੌਕਾ ਨਹੀਂ ਮਿਲਦਾ ਜਿੰਨੀ ਵਾਰ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਹੋਰ ਕੀ ਕਰ ਸਕਦੇ ਹੋ? ਤੁਸੀਂ ਦੂਜਿਆਂ ਦੇ ਜਵਾਬ ਧਿਆਨ ਨਾਲ ਸੁਣ ਸਕਦੇ ਹੋ ਅਤੇ ਫਿਰ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਜਵਾਬਾਂ ਲਈ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹੋ। ਸ਼ਾਇਦ ਤੁਹਾਡੇ ਤੋਂ ਤਾਰੀਫ਼ ਸੁਣ ਕੇ ਭੈਣਾਂ-ਭਰਾਵਾਂ ਦਾ ਉੱਨਾ ਹੀ ਹੌਸਲਾ ਵਧੇ ਜਿੰਨਾ ਤੁਹਾਡਾ ਜਵਾਬ ਸੁਣ ਕੇ ਵਧਣਾ ਸੀ। (ਕਹਾ. 10:21) ਅਸਲ ਵਿਚ, ਤਾਰੀਫ਼ ਕਰਨੀ ਇਕ-ਦੂਜੇ ਨੂੰ ਹੌਸਲਾ ਦੇਣ ਦਾ ਹੀ ਇਕ ਹੋਰ ਤਰੀਕਾ ਹੈ।

ਇਕ-ਦੂਜੇ ਨੂੰ ਹੌਸਲਾ ਦੇਣ ਦੇ ਹੋਰ ਤਰੀਕੇ

17. (ੳ) ਮਾਪੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਕਿਵੇਂ ਉਨ੍ਹਾਂ ਨੂੰ ਜਵਾਬ ਤਿਆਰ ਕਰਾ ਸਕਦੇ ਹਨ? (ਅ) ਜਿਵੇਂ ਵੀਡੀਓ ਵਿਚ ਦਿਖਾਇਆ ਗਿਆ ਹੈ, ਅਸੀਂ ਜਵਾਬ ਤਿਆਰ ਕਰਨ ਲਈ ਕਿਹੜੇ ਚਾਰ ਕਦਮ ਚੁੱਕ ਸਕਦੇ ਹਾਂ? (ਫੁਟਨੋਟ ਦੇਖੋ।)

17 ਮੀਟਿੰਗਾਂ ਵਿਚ ਇਕ-ਦੂਜੇ ਨੂੰ ਹੌਸਲਾ ਦੇਣ ਦੇ ਹੋਰ ਕਿਹੜੇ ਤਰੀਕੇ ਹਨ? ਜੇ ਤੁਹਾਡੇ ਛੋਟੇ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਨੂੰ ਜਵਾਬ ਤਿਆਰ ਕਰਾ ਸਕਦੇ ਹੋ। (ਮੱਤੀ 21:16) ਕਈ ਵਾਰ ਗੰਭੀਰ ਵਿਸ਼ਿਆਂ ʼਤੇ ਚਰਚਾ ਕੀਤੀ ਜਾਂਦੀ ਹੈ, ਜਿਵੇਂ ਕਿ ਵਿਆਹੁਤਾ ਜ਼ਿੰਦਗੀ ਦੀਆਂ ਮੁਸ਼ਕਲਾਂ ਜਾਂ ਨੈਤਿਕ ਮਾਮਲਿਆਂ ਬਾਰੇ। ਪਰ ਉਦੋਂ ਵੀ ਸ਼ਾਇਦ ਇਕ-ਦੋ ਪੈਰੇ ਇੱਦਾਂ ਦੇ ਹੋਣ ਜਿਨ੍ਹਾਂ ਵਿਚ ਬੱਚੇ ਜਵਾਬ ਦੇ ਸਕਦੇ ਹਨ। ਇਸ ਤੋਂ ਇਲਾਵਾ, ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਹੱਥ ਖੜ੍ਹਾ ਕਰਨ ʼਤੇ ਉਨ੍ਹਾਂ ਤੋਂ ਹੀ ਪੁੱਛਿਆ ਜਾਵੇ। ਜੇ ਤੁਸੀਂ ਪਹਿਲਾਂ ਹੀ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕੀਤੀ ਹੋਵੇਗੀ, ਤਾਂ ਜਦੋਂ ਉਨ੍ਹਾਂ ਦੀ ਬਜਾਇ ਕਿਸੇ ਹੋਰ ਤੋਂ ਜਵਾਬ ਪੁੱਛਿਆ ਜਾਵੇਗਾ, ਤਾਂ ਉਹ ਨਿਰਾਸ਼ ਨਹੀਂ ਹੋਣਗੇ।​—1 ਤਿਮੋ. 6:18. d

18. ਜਵਾਬ ਦਿੰਦੇ ਵੇਲੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਨਾ ਖਿੱਚੀਏ? (ਕਹਾਉਤਾਂ 27:2)

18 ਅਸੀਂ ਸਾਰੇ ਇੱਦਾਂ ਦੇ ਜਵਾਬ ਤਿਆਰ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਦੀ ਮਹਿਮਾ ਹੋਵੇ ਅਤੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲੇ। (ਕਹਾ. 25:11) ਕਦੇ-ਕਦੇ ਜਵਾਬ ਦਿੰਦੇ ਵੇਲੇ ਅਸੀਂ ਆਪਣਾ ਛੋਟਾ ਜਿਹਾ ਤਜਰਬਾ ਵੀ ਦੱਸ ਸਕਦੇ ਹਾਂ। ਪਰ ਸਾਨੂੰ ਆਪਣੇ ਬਾਰੇ ਜ਼ਿਆਦਾ ਗੱਲ ਨਹੀਂ ਕਰਨੀ ਚਾਹੀਦੀ। (ਕਹਾਉਤਾਂ 27:2 ਪੜ੍ਹੋ; 2 ਕੁਰਿੰ. 10:18) ਇਸ ਦੀ ਬਜਾਇ, ਸਾਨੂੰ ਇਸ ਤਰ੍ਹਾਂ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਭੈਣਾਂ-ਭਰਾਵਾਂ ਦਾ ਧਿਆਨ ਯਹੋਵਾਹ, ਉਸ ਦੇ ਬਚਨ ਅਤੇ ਉਸ ਦੇ ਲੋਕਾਂ ʼਤੇ ਜਾਵੇ। (ਪ੍ਰਕਾ. 4:11) ਪਰ ਇਹ ਵੀ ਸੱਚ ਹੈ ਕਿ ਜੇ ਕਿਸੇ ਪੈਰੇ ਦੇ ਸਵਾਲ ਵਿਚ ਹੀ ਆਪਣਾ ਤਜਰਬਾ ਦੱਸਣ ਲਈ ਕਿਹਾ ਗਿਆ ਹੋਵੇ, ਤਾਂ ਇੱਦਾਂ ਕਰਨਾ ਸਹੀ ਹੋਵੇਗਾ, ਜਿਵੇਂ ਕਿ ਅਗਲੇ ਪੈਰੇ ਦਾ ਸਵਾਲ ਵੀ ਇਸੇ ਤਰ੍ਹਾਂ ਦਾ ਹੈ।

19. (ੳ) ਜਦੋਂ ਅਸੀਂ ਮੀਟਿੰਗਾਂ ਵਿਚ ਆਏ ਸਾਰੇ ਜਣਿਆਂ ਦਾ ਧਿਆਨ ਰੱਖਾਂਗੇ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ? (ਰੋਮੀਆਂ 1:11, 12) (ਅ) ਤੁਹਾਨੂੰ ਮੀਟਿੰਗਾਂ ਵਿਚ ਜਵਾਬ ਦੇਣ ਬਾਰੇ ਕਿਹੜੀ ਗੱਲ ਚੰਗੀ ਲੱਗਦੀ ਹੈ?

19 ਚਾਹੇ ਇਸ ਬਾਰੇ ਕੋਈ ਕਾਨੂੰਨ ਨਹੀਂ ਹੈ ਕਿ ਸਾਨੂੰ ਕਿੱਦਾਂ ਜਵਾਬ ਦੇਣਾ ਚਾਹੀਦਾ ਹੈ, ਫਿਰ ਵੀ ਅਸੀਂ ਸਾਰੇ ਚਰਚਾ ਵਿਚ ਹਿੱਸਾ ਲੈ ਕੇ ਇਕ-ਦੂਜੇ ਦਾ ਹੌਸਲਾ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਕੁਝ ਮਾਮਲਿਆਂ ਵਿਚ ਸ਼ਾਇਦ ਅਸੀਂ ਜਵਾਬ ਦੇਣ ਲਈ ਵਾਰ-ਵਾਰ ਹੱਥ ਖੜ੍ਹਾ ਕਰ ਸਕਦੇ ਹਾਂ। ਪਰ ਕਈ ਮਾਮਲਿਆਂ ਵਿਚ ਸਾਨੂੰ ਜਵਾਬ ਦੇਣ ਦੇ ਜਿਹੜੇ ਮੌਕੇ ਮਿਲਦੇ ਹਨ, ਅਸੀਂ ਉਨ੍ਹਾਂ ਵਿਚ ਹੀ ਸੰਤੁਸ਼ਟ ਰਹਿ ਸਕਦੇ ਹਾਂ। ਨਾਲੇ ਇਸ ਗੱਲੋਂ ਖ਼ੁਸ਼ ਹੋ ਸਕਦੇ ਹਾਂ ਕਿ ਦੂਜਿਆਂ ਨੂੰ ਵੀ ਜਵਾਬ ਦੇਣ ਦਾ ਮੌਕਾ ਮਿਲ ਰਿਹਾ ਹੈ। ਇਸ ਤਰ੍ਹਾਂ ਮੰਡਲੀ ਦੀਆਂ ਮੀਟਿੰਗਾਂ ਵਿਚ ਅਸੀਂ ਦੂਜਿਆਂ ਦਾ ਧਿਆਨ ਰੱਖ ਸਕਾਂਗੇ ਅਤੇ ਸਾਨੂੰ ਸਾਰਿਆਂ ਨੂੰ ‘ਇਕ-ਦੂਜੇ ਦੀ ਨਿਹਚਾ ਤੋਂ ਹੌਸਲਾ ਮਿਲੇਗਾ।’​—ਰੋਮੀਆਂ 1:11, 12 ਪੜ੍ਹੋ।

ਗੀਤ 93 ਸਾਡੀ ਸੰਗਤ ਨੂੰ ਦੇ ਆਪਣੀ ਬਰਕਤ

a ਮੀਟਿੰਗਾਂ ਵਿਚ ਜਵਾਬ ਦੇ ਕੇ ਅਸੀਂ ਇਕ-ਦੂਜੇ ਦਾ ਹੌਸਲਾ ਵਧਾਉਂਦੇ ਹਾਂ। ਕਈਆਂ ਨੂੰ ਸ਼ਾਇਦ ਜਵਾਬ ਦੇਣ ਬਾਰੇ ਸੋਚ ਕੇ ਹੀ ਘਬਰਾਹਟ ਹੋਣ ਲੱਗ ਪਵੇ। ਕਈ ਹੋਰ ਜਣਿਆਂ ਨੂੰ ਜਵਾਬ ਦੇਣਾ ਬਹੁਤ ਵਧੀਆ ਲੱਗਦਾ ਹੈ ਅਤੇ ਉਹ ਸੋਚਦੇ ਹਨ ਕਿ ਕਾਸ਼ ਉਨ੍ਹਾਂ ਨੂੰ ਜਵਾਬ ਦੇਣ ਦੇ ਹੋਰ ਮੌਕੇ ਮਿਲਣ। ਦੋਹਾਂ ਮਾਮਲਿਆਂ ਵਿਚ ਅਸੀਂ ਇਕ-ਦੂਜੇ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ ਤਾਂਕਿ ਸਾਨੂੰ ਸਾਰਿਆਂ ਨੂੰ ਹੌਸਲਾ ਮਿਲੇ? ਨਾਲੇ ਅਸੀਂ ਆਪਣੇ ਜਵਾਬਾਂ ਰਾਹੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ? ਇਸ ਲੇਖ ਵਿਚ ਅਸੀਂ ਇਹੀ ਜਾਣਾਂਗੇ।

c ਨਾਂ ਬਦਲਿਆ ਗਿਆ ਹੈ।

d jw.org/pa ʼਤੇ ਯਹੋਵਾਹ ਦੇ ਦੋਸਤ ਬਣੋ​—ਜਵਾਬ ਤਿਆਰ ਕਰੋ ਨਾਂ ਦੀ ਵੀਡੀਓ ਦੇਖੋ।

f ਤਸਵੀਰ ਬਾਰੇ ਜਾਣਕਾਰੀ: ਇਕ ਵੱਡੀ ਮੰਡਲੀ ਵਿਚ ਇਕ ਭਰਾ ਜਿਸ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਹੈ, ਬਾਅਦ ਵਿਚ ਦੂਜਿਆਂ ਨੂੰ ਜਵਾਬ ਦੇਣ ਦਾ ਮੌਕਾ ਦਿੰਦਾ ਹੋਇਆ।