Skip to content

Skip to table of contents

ਅਧਿਐਨ ਲੇਖ 19

ਯਹੋਵਾਹ ਦੇ ਨਵੀਂ ਦੁਨੀਆਂ ਦੇ ਵਾਅਦੇ ʼਤੇ ਆਪਣੀ ਨਿਹਚਾ ਮਜ਼ਬੂਤ ਕਰੋ

ਯਹੋਵਾਹ ਦੇ ਨਵੀਂ ਦੁਨੀਆਂ ਦੇ ਵਾਅਦੇ ʼਤੇ ਆਪਣੀ ਨਿਹਚਾ ਮਜ਼ਬੂਤ ਕਰੋ

“ਜਦੋਂ [ਯਹੋਵਾਹ] ਕੁਝ ਕਹਿੰਦਾ ਹੈ, ਤਾਂ ਕੀ ਉਹ ਨਹੀਂ ਕਰੇਗਾ?” ​—ਗਿਣ. 23:19.

ਗੀਤ 142 ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

ਖ਼ਾਸ ਗੱਲਾਂ a

1-2. ਨਵੀਂ ਦੁਨੀਆਂ ਦੀ ਉਡੀਕ ਕਰਦਿਆਂ ਸਾਨੂੰ ਕੀ ਕਰਨ ਦੀ ਲੋੜ ਹੈ?

 ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰ ਕੇ ਨਵੀਂ ਦੁਨੀਆਂ ਲਿਆਉਣ ਦਾ ਵਾਅਦਾ ਕੀਤਾ ਹੈ। (2 ਪਤ. 3:13) ਭਾਵੇਂ ਕਿ ਅਸੀਂ ਨਹੀਂ ਜਾਣਦੇ ਕਿ ਨਵੀਂ ਦੁਨੀਆਂ ਕਦੋਂ ਆਵੇਗੀ, ਪਰ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਦਿਨ ਜ਼ਿਆਦਾ ਦੂਰ ਨਹੀਂ ਹੈ।​—ਮੱਤੀ 24:32-34, 36; ਰਸੂ. 1:7.

2 ਜਦ ਤਕ ਉਹ ਦਿਨ ਨਹੀਂ ਆਉਂਦਾ, ਉਦੋਂ ਤਕ ਸਾਨੂੰ ਸਾਰਿਆਂ ਨੂੰ ਇਸ ਵਾਅਦੇ ʼਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਫਿਰ ਚਾਹੇ ਸਾਨੂੰ ਸੱਚਾਈ ਵਿਚ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ। ਕਿਉਂ? ਕਿਉਂਕਿ ਇਸ ਵਾਅਦੇ ʼਤੇ ਸਾਡੀ ਮਜ਼ਬੂਤ ਨਿਹਚਾ ਵੀ ਕਮਜ਼ੋਰ ਪੈ ਸਕਦੀ ਹੈ। ਦਰਅਸਲ, ਪੌਲੁਸ ਰਸੂਲ ਨੇ ਕਿਹਾ ਸੀ ਕਿ ਨਿਹਚਾ ਦੀ ਕਮੀ ਇਕ ਅਜਿਹਾ ‘ਪਾਪ ਹੈ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਹੈ।’ (ਇਬ. 12:1) ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਨਿਹਚਾ ਕਦੇ ਵੀ ਕਮਜ਼ੋਰ ਨਾ ਪਵੇ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਕਾਇਦਾ ਉਨ੍ਹਾਂ ਸਬੂਤਾਂ ਵੱਲ ਧਿਆਨ ਦਿੰਦੇ ਰਹੀਏ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਨਵੀਂ ਦੁਨੀਆਂ ਬਹੁਤ ਜਲਦ ਆਉਣ ਵਾਲੀ ਹੈ।​—ਇਬ. 11:1.

3. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

3 ਇਸ ਲੇਖ ਵਿਚ ਅਸੀਂ ਤਿੰਨ ਤਰੀਕਿਆਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਰਾਹੀਂ ਨਵੀਂ ਦੁਨੀਆਂ ਦੇ ਵਾਅਦੇ ʼਤੇ ਸਾਡੀ ਨਿਹਚਾ ਪੱਕੀ ਹੋਵੇਗੀ। (1) ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰਨਾ, (2) ਯਹੋਵਾਹ ਦੀ ਸ਼ਕਤੀ ʼਤੇ ਮਨਨ ਕਰਨਾ ਅਤੇ (3) ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹਿਣਾ। ਅਸੀਂ ਇਹ ਵੀ ਜਾਣਾਂਗੇ ਕਿ ਯਹੋਵਾਹ ਨੇ ਹੱਬਕੂਕ ਨਬੀ ਨੂੰ ਜੋ ਕਿਹਾ, ਉਸ ਤੋਂ ਅੱਜ ਸਾਡੀ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ। ਪਰ ਆਓ ਆਪਾਂ ਪਹਿਲਾਂ ਚਰਚਾ ਕਰੀਏ ਕਿ ਅਜਿਹੇ ਕਿਹੜੇ ਹਾਲਾਤ ਹਨ ਜਿਨ੍ਹਾਂ ਵਿਚ ਨਵੀਂ ਦੁਨੀਆਂ ਦੇ ਵਾਅਦੇ ʼਤੇ ਸਾਡੀ ਨਿਹਚਾ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ। ਸ਼ਾਇਦ ਤੁਸੀਂ ਅਜਿਹੇ ਕਿਸੇ ਹਾਲਾਤ ਵਿੱਚੋਂ ਲੰਘ ਰਹੇ ਹੋਵੋ।

ਅਜਿਹੇ ਹਾਲਾਤ ਜਿਨ੍ਹਾਂ ਵਿਚ ਮਜ਼ਬੂਤ ਨਿਹਚਾ ਦੀ ਲੋੜ ਹੈ

4. ਕਿਹੜੇ ਫ਼ੈਸਲੇ ਕਰਦਿਆਂ ਸਾਡੀ ਨਿਹਚਾ ਮਜ਼ਬੂਤ ਹੋਣੀ ਜ਼ਰੂਰੀ ਹੈ?

4 ਅਸੀਂ ਹਰ ਰੋਜ਼ ਅਜਿਹੇ ਕਈ ਫ਼ੈਸਲੇ ਕਰਦੇ ਹਾਂ ਜਿਨ੍ਹਾਂ ਲਈ ਮਜ਼ਬੂਤ ਨਿਹਚਾ ਹੋਣੀ ਜ਼ਰੂਰੀ ਹੈ। ਉਦਾਹਰਣ ਲਈ, ਦੋਸਤੀ, ਮਨੋਰੰਜਨ, ਪੜ੍ਹਾਈ-ਲਿਖਾਈ, ਵਿਆਹ, ਬੱਚੇ, ਅਤੇ ਕੰਮ-ਕਾਰ ਦੇ ਮਾਮਲਿਆਂ ਵਿਚ। ਇਸ ਲਈ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੇਰੇ ਫ਼ੈਸਲਿਆਂ ਤੋਂ ਕੀ ਪਤਾ ਲੱਗਦਾ ਹੈ? ਕੀ ਇਹ ਕਿ ਮੈਨੂੰ ਯਕੀਨ ਹੈ ਕਿ ਇਹ ਦੁਨੀਆਂ ਬੱਸ ਥੋੜ੍ਹੇ ਹੀ ਸਮੇਂ ਲਈ ਹੈ ਅਤੇ ਬਹੁਤ ਜਲਦ ਯਹੋਵਾਹ ਨਵੀਂ ਦੁਨੀਆਂ ਲਿਆਉਣ ਵਾਲਾ ਹੈ? ਜਾਂ ਕੀ ਮੇਰੇ ਫ਼ੈਸਲਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਮੈਂ ਦੁਨੀਆਂ ਦੇ ਲੋਕਾਂ ਵਾਂਗ ਸੋਚਣ ਲੱਗ ਪਿਆ ਹਾਂ ਜੋ ਸਿਰਫ਼ ਅੱਜ ਲਈ ਜੀਉਂਦੇ ਹਨ?’ (ਮੱਤੀ 6:19, 20; ਲੂਕਾ 12:16-21) ਜੇ ਅਸੀਂ ਇਸ ਗੱਲ ʼਤੇ ਆਪਣੀ ਨਿਹਚਾ ਮਜ਼ਬੂਤ ਕਰੀਏ ਕਿ ਨਵੀਂ ਦੁਨੀਆਂ ਬਹੁਤ ਜਲਦੀ ਆਉਣ ਵਾਲੀ ਹੈ, ਤਾਂ ਅਸੀਂ ਚੰਗੇ ਫ਼ੈਸਲੇ ਕਰ ਸਕਾਂਗੇ।

5-6. ਮੁਸ਼ਕਲਾਂ ਦੌਰਾਨ ਮਜ਼ਬੂਤ ਨਿਹਚਾ ਹੋਣੀ ਕਿਉਂ ਜ਼ਰੂਰੀ ਹੈ? ਸਮਝਾਓ।

5 ਮੁਸ਼ਕਲਾਂ ਝੱਲਣ ਲਈ ਵੀ ਸਾਡੇ ਵਿਚ ਮਜ਼ਬੂਤ ਨਿਹਚਾ ਹੋਣੀ ਜ਼ਰੂਰੀ ਹੈ। ਹੋ ਸਕਦਾ ਹੈ ਕਿ ਸਾਡੇ ʼਤੇ ਜ਼ੁਲਮ ਕੀਤੇ ਜਾਣ, ਸਾਨੂੰ ਕੋਈ ਗੰਭੀਰ ਬੀਮਾਰੀ ਹੋ ਜਾਵੇ ਜਾਂ ਸਾਡੇ ਨਾਲ ਕੁਝ ਅਜਿਹਾ ਹੋ ਜਾਵੇ ਜਿਸ ਕਰਕੇ ਅਸੀਂ ਨਿਰਾਸ਼ ਹੋ ਜਾਈਏ। ਸ਼ਾਇਦ ਸ਼ੁਰੂ-ਸ਼ੁਰੂ ਵਿਚ ਅਸੀਂ ਡਟ ਕੇ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰੀਏ। ਪਰ ਜਦੋਂ ਕੋਈ ਮੁਸ਼ਕਲ ਬਹੁਤ ਲੰਬੇ ਸਮੇਂ ਤਕ ਰਹਿੰਦੀ ਹੈ, ਜਿੱਦਾਂ ਅਕਸਰ ਹੁੰਦਾ ਹੀ ਹੈ, ਉਦੋਂ ਨਿਹਚਾ ਮਜ਼ਬੂਤ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇੱਦਾਂ ਕਰ ਕੇ ਹੀ ਅਸੀਂ ਮੁਸ਼ਕਲਾਂ ਦੌਰਾਨ ਧੀਰਜ ਰੱਖ ਸਕਾਂਗੇ ਅਤੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਾਂਗੇ।​—ਰੋਮੀ. 12:12; 1 ਪਤ. 1:6, 7.

6 ਜਦੋਂ ਅਸੀਂ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੁੰਦੇ ਹਾਂ, ਤਾਂ ਸ਼ਾਇਦ ਸਾਨੂੰ ਲੱਗੇ ਕਿ ਪਤਾ ਨਹੀਂ ਨਵੀਂ ਦੁਨੀਆਂ ਕਦੋਂ ਆਵੇਗੀ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੋ ਗਈ ਹੈ? ਨਹੀਂ, ਇਹ ਜ਼ਰੂਰੀ ਨਹੀਂ। ਜ਼ਰਾ ਇਸ ਉਦਾਹਰਣ ʼਤੇ ਗੌਰ ਕਰੋ। ਜਦੋਂ ਸਰਦੀਆਂ ਦਾ ਮੌਸਮ ਹੁੰਦਾ ਹੈ ਅਤੇ ਕੜਾਕੇ ਦੀ ਠੰਢ ਪੈਂਦੀ ਹੈ, ਤਾਂ ਸ਼ਾਇਦ ਸਾਨੂੰ ਲੱਗੇ ਕਿ ਪਤਾ ਨਹੀਂ ਗਰਮੀਆਂ ਕਦੋਂ ਆਉਣਗੀਆਂ। ਪਰ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਗਰਮੀਆਂ ਆਉਣਗੀਆਂ ਤਾਂ ਜ਼ਰੂਰ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਬਹੁਤ ਨਿਰਾਸ਼ ਹੋ ਜਾਂਦੇ ਹਾਂ, ਤਾਂ ਸ਼ਾਇਦ ਸਾਨੂੰ ਲੱਗੇ ਕਿ ਪਤਾ ਨਹੀਂ ਨਵੀਂ ਦੁਨੀਆਂ ਕਦੋਂ ਆਵੇਗੀ। ਪਰ ਜੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ, ਤਾਂ ਸਾਨੂੰ ਯਕੀਨ ਹੋਵੇਗਾ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। (ਜ਼ਬੂ. 94:3, 14, 15; ਇਬ. 6:17-19) ਨਾਲੇ ਇਹ ਯਕੀਨ ਹੋਣ ਕਰਕੇ ਅਸੀਂ ਯਹੋਵਾਹ ਦੀ ਭਗਤੀ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਸਕਾਂਗੇ।

7. ਸਾਨੂੰ ਕਿਹੜੀ ਗੱਲ ʼਤੇ ਸ਼ੱਕ ਨਹੀਂ ਕਰਨਾ ਚਾਹੀਦਾ?

7 ਪ੍ਰਚਾਰ ਕਰਦੇ ਰਹਿਣ ਲਈ ਵੀ ਮਜ਼ਬੂਤ ਨਿਹਚਾ ਹੋਣੀ ਬਹੁਤ ਜ਼ਰੂਰੀ ਹੈ। ਉਹ ਕਿਉਂ? ਕਿਉਂਕਿ ਜਦੋਂ ਅਸੀਂ ਲੋਕਾਂ ਨੂੰ “ਖ਼ੁਸ਼ ਖ਼ਬਰੀ” ਸੁਣਾਉਂਦੇ ਹਾਂ ਕਿ ਬਹੁਤ ਜਲਦ ਪਰਮੇਸ਼ੁਰ ਇਕ ਨਵੀਂ ਦੁਨੀਆਂ ਲਿਆਉਣ ਵਾਲਾ ਹੈ, ਤਾਂ ਕਈਆਂ ਨੂੰ ਲੱਗਦਾ ਹੈ ਕਿ ਇਹ ਤਾਂ ਸਿਰਫ਼ ਕਹਿਣ ਦੀਆਂ ਗੱਲਾਂ ਹਨ, ਇੱਦਾਂ ਕਦੇ ਨਹੀਂ ਹੋਣਾ। (ਮੱਤੀ 24:14; ਹਿਜ਼. 33:32) ਪਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਵੀ ਉਨ੍ਹਾਂ ਲੋਕਾਂ ਵਾਂਗ ਯਹੋਵਾਹ ਦੇ ਵਾਅਦੇ ʼਤੇ ਸ਼ੱਕ ਕਰਨ ਲੱਗ ਪਈਏ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਨਿਹਚਾ ਮਜ਼ਬੂਤ ਕਰਦੇ ਰਹੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕਿਆਂ ʼਤੇ ਗੌਰ ਕਰੀਏ।

ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰੋ

8-9. ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰਨ ਨਾਲ ਸਾਡੀ ਨਿਹਚਾ ਕਿਵੇਂ ਮਜ਼ਬੂਤ ਹੋ ਸਕਦੀ ਹੈ?

8 ਆਪਣੀ ਨਿਹਚਾ ਮਜ਼ਬੂਤ ਕਰਨ ਦਾ ਇਕ ਤਰੀਕਾ ਹੈ, ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰਨਾ। ਰਿਹਾਈ ਦੀ ਕੀਮਤ ਇਸ ਗੱਲ ਦੀ ਗਾਰੰਟੀ ਹੈ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। ਸਾਨੂੰ ਇਸ ਗੱਲ ʼਤੇ ਬੜੇ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਰਿਹਾਈ ਦੀ ਕੀਮਤ ਦੇਣ ਦਾ ਪ੍ਰਬੰਧ ਕਿਉਂ ਕੀਤਾ ਅਤੇ ਇਸ ਤਰ੍ਹਾਂ ਕਰਨ ਲਈ ਉਸ ਨੇ ਕੀ ਕੁਝ ਕੀਤਾ। ਇੱਦਾਂ ਕਰਨ ਨਾਲ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ ਕਿ ਪਰਮੇਸ਼ੁਰ ਨੇ ਨਵੀਂ ਦੁਨੀਆਂ ਵਿਚ ਜ਼ਿੰਦਗੀ ਦੇਣ ਦਾ ਜੋ ਵਾਅਦਾ ਕੀਤਾ ਹੈ, ਉਹ ਵੀ ਜ਼ਰੂਰ ਪੂਰਾ ਹੋਵੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?

9 ਜ਼ਰਾ ਸੋਚੋ, ਯਹੋਵਾਹ ਨੇ ਰਿਹਾਈ ਦੀ ਕੀਮਤ ਦੇਣ ਲਈ ਕਿੰਨਾ ਕੁਝ ਕੀਤਾ! ਉਸ ਨੇ ਸਵਰਗੋਂ ਆਪਣੇ ਇਕਲੌਤੇ ਜੇਠੇ ਪੁੱਤਰ ਨੂੰ ਧਰਤੀ ʼਤੇ ਇਕ ਮੁਕੰਮਲ ਇਨਸਾਨ ਵਜੋਂ ਭੇਜਿਆ ਜੋ ਉਸ ਦਾ ਸਭ ਤੋਂ ਕਰੀਬੀ ਦੋਸਤ ਵੀ ਸੀ। ਧਰਤੀ ʼਤੇ ਹੁੰਦਿਆਂ ਯਿਸੂ ਨੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਹੀਆਂ ਅਤੇ ਫਿਰ ਉਸ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ। ਸੱਚ-ਮੁੱਚ, ਯਹੋਵਾਹ ਨੇ ਸਾਡੇ ਲਈ ਕਿੰਨੀ ਭਾਰੀ ਕੀਮਤ ਚੁਕਾਈ! ਜ਼ਰਾ ਸੋਚੋ, ਕੀ ਯਹੋਵਾਹ ਨੇ ਸਾਨੂੰ ਬੱਸ ਕੁਝ ਦਿਨਾਂ ਲਈ ਖ਼ੁਸ਼ੀਆਂ ਦੇਣ ਵਾਸਤੇ ਆਪਣੇ ਪੁੱਤਰ ਨੂੰ ਇੰਨੀ ਦਰਦਨਾਕ ਮੌਤ ਮਰਨ ਦੇਣਾ ਸੀ? (ਯੂਹੰ. 3:16; 1 ਪਤ. 1:18, 19) ਜੇ ਯਹੋਵਾਹ ਨੇ ਸਾਡੀ ਖ਼ਾਤਰ ਇੰਨੀ ਵੱਡੀ ਕੀਮਤ ਚੁਕਾਈ ਹੈ, ਤਾਂ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇਗਾ ਕਿ ਸਾਨੂੰ ਨਵੀ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇ।

ਯਹੋਵਾਹ ਦੀ ਸ਼ਕਤੀ ʼਤੇ ਮਨਨ ਕਰੋ

10. ਅਫ਼ਸੀਆਂ 3:20 ਮੁਤਾਬਕ ਯਹੋਵਾਹ ਵਿਚ ਕਿੰਨੀ ਕੁ ਸ਼ਕਤੀ ਹੈ?

10 ਆਪਣੀ ਨਿਹਚਾ ਮਜ਼ਬੂਤ ਕਰਨ ਦਾ ਦੂਜਾ ਤਰੀਕਾ ਹੈ, ਯਹੋਵਾਹ ਦੀ ਸ਼ਕਤੀ ʼਤੇ ਮਨਨ ਕਰਨਾ। ਉਸ ਵਿਚ ਇੰਨੀ ਸ਼ਕਤੀ ਹੈ ਕਿ ਉਹ ਆਪਣਾ ਹਰ ਵਾਅਦਾ ਪੂਰਾ ਕਰ ਸਕਦਾ ਹੈ। ਪਰ ਯਹੋਵਾਹ ਨੇ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਜੋ ਵਾਅਦਾ ਕੀਤਾ ਹੈ, ਉਸ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਕਈ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋਣਾ ਨਾਮੁਮਕਿਨ ਹੈ। ਪਰ ਯਹੋਵਾਹ ਅਕਸਰ ਉਹ ਕੰਮ ਕਰਨ ਦਾ ਵਾਅਦਾ ਕਰਦਾ ਹੈ ਜੋ ਇਨਸਾਨ ਕਦੇ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਕੋਲ ਆਪਣੇ ਵਾਅਦੇ ਪੂਰੇ ਕਰਨ ਦੀ ਸ਼ਕਤੀ ਹੈ। (ਅੱਯੂ. 42:2; ਮਰ. 10:27) ਇਸ ਲਈ ਜਦੋਂ ਉਹ ਵੱਡੇ-ਵੱਡੇ ਵਾਅਦੇ ਕਰਦਾ ਹੈ, ਤਾਂ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ।​—ਅਫ਼ਸੀਆਂ 3:20 ਪੜ੍ਹੋ।

11. ਯਹੋਵਾਹ ਦੇ ਕਿਸੇ ਅਜਿਹੇ ਵਾਅਦੇ ਬਾਰੇ ਦੱਸੋ ਜੋ ਪੂਰਾ ਹੋਣਾ ਨਾਮੁਮਕਿਨ ਲੱਗਦਾ ਸੀ। (“ ਨਾਮੁਮਕਿਨ ਨੂੰ ਮੁਮਕਿਨ ਕੀਤਾ” ਨਾਂ ਦੀ ਡੱਬੀ ਦੇਖੋ।)

11 ਜ਼ਰਾ ਯਹੋਵਾਹ ਦੇ ਕੁਝ ਅਜਿਹੇ ਵਾਅਦਿਆਂ ʼਤੇ ਧਿਆਨ ਦਿਓ ਜਿਹੜੇ ਪੂਰੇ ਹੋਣੇ ਨਾਮੁਮਕਿਨ ਲੱਗਦੇ ਸਨ। ਉਸ ਨੇ ਅਬਰਾਹਾਮ ਅਤੇ ਸਾਰਾਹ ਨੂੰ ਦੱਸਿਆ ਕਿ ਉਨ੍ਹਾਂ ਦੇ ਬੁਢਾਪੇ ਵਿਚ ਉਨ੍ਹਾਂ ਦੇ ਇਕ ਪੁੱਤਰ ਹੋਵੇਗਾ। (ਉਤ. 17:15-17) ਉਸ ਨੇ ਅਬਰਾਹਾਮ ਨੂੰ ਇਹ ਵੀ ਦੱਸਿਆ ਕਿ ਉਸ ਦੀ ਔਲਾਦ ਨੂੰ ਕਨਾਨ ਦੇਸ਼ ਦਿੱਤਾ ਜਾਵੇਗਾ। ਪਰ ਕਈ ਸਾਲਾਂ ਤਕ ਅਬਰਾਹਾਮ ਦੀ ਔਲਾਦ ਯਾਨੀ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ। ਇਸ ਲਈ ਸ਼ਾਇਦ ਲੱਗਦਾ ਹੋਣਾ ਕਿ ਇਹ ਵਾਅਦਾ ਕਦੇ ਪੂਰਾ ਨਹੀਂ ਹੋਣਾ, ਪਰ ਇਹ ਵਾਅਦਾ ਪੂਰਾ ਹੋਇਆ। ਫਿਰ ਇਸ ਤੋਂ ਹਜ਼ਾਰਾਂ ਸਾਲਾਂ ਬਾਅਦ ਯਹੋਵਾਹ ਨੇ ਇਲੀਸਬਤ ਨਾਲ ਵਾਅਦਾ ਕੀਤਾ ਕਿ ਉਸ ਦੇ ਇਕ ਪੁੱਤਰ ਹੋਵੇਗਾ ਜਦ ਕਿ ਉਸ ਵੇਲੇ ਉਹ ਬੁੱਢੀ ਹੋ ਚੁੱਕੀ ਸੀ। ਯਹੋਵਾਹ ਨੇ ਮਰੀਅਮ ਨੂੰ ਵੀ ਦੱਸਿਆ ਕਿ ਉਹ ਉਸ ਦੇ ਪੁੱਤਰ ਨੂੰ ਜਨਮ ਦੇਵੇਗੀ ਜਦ ਕਿ ਉਹ ਉਸ ਵੇਲੇ ਕੁਆਰੀ ਸੀ। ਇਸ ਪੁੱਤਰ ਬਾਰੇ ਯਹੋਵਾਹ ਨੇ ਹਜ਼ਾਰਾਂ ਸਾਲ ਪਹਿਲਾਂ ਅਦਨ ਦੇ ਬਾਗ਼ ਵਿਚ ਵਾਅਦਾ ਕੀਤਾ ਸੀ। ਯਹੋਵਾਹ ਨੇ ਆਪਣਾ ਇਹ ਵਾਅਦਾ ਵੀ ਪੂਰਾ ਕੀਤਾ।​—ਉਤ. 3:15.

12. ਯਹੋਸ਼ੁਆ 23:14 ਅਤੇ ਯਸਾਯਾਹ 55:10, 11 ਤੋਂ ਸਾਨੂੰ ਯਹੋਵਾਹ ਦੀ ਸ਼ਕਤੀ ਬਾਰੇ ਕੀ ਪਤਾ ਲੱਗਦਾ ਹੈ?

12 ਜਦੋਂ ਅਸੀਂ ਇਸ ਬਾਰੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਕਿਹੜੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਕਿਵੇਂ ਪੂਰਾ ਕੀਤਾ ਹੈ, ਤਾਂ ਇਸ ਗੱਲ ʼਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਯਹੋਵਾਹ ਕੋਲ ਨਵੀਂ ਦੁਨੀਆਂ ਲਿਆਉਣ ਦੀ ਸ਼ਕਤੀ ਹੈ। (ਯਹੋਸ਼ੁਆ 23:14; ਯਸਾਯਾਹ 55:10, 11 ਪੜ੍ਹੋ।) ਇਸ ਕਰਕੇ ਅਸੀਂ ਦੂਜਿਆਂ ਨੂੰ ਵੀ ਪੂਰੇ ਯਕੀਨ ਨਾਲ ਦੱਸ ਪਾਉਂਦੇ ਹਾਂ ਕਿ ਨਵੀਂ ਦੁਨੀਆਂ ਦਾ ਵਾਅਦਾ ਕੋਈ ਸੁਪਨਾ ਜਾਂ ਕੋਰੀ ਕਲਪਨਾ ਨਹੀਂ, ਸਗੋਂ ਹਕੀਕਤ ਹੈ। ਦਰਅਸਲ, ਨਵੀਂ ਧਰਤੀ ਅਤੇ ਨਵੇਂ ਆਕਾਸ਼ ਬਾਰੇ ਯਹੋਵਾਹ ਨੇ ਖ਼ੁਦ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।”​—ਪ੍ਰਕਾ. 21:1, 5.

ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹੋ

ਮੀਟਿੰਗਾਂ

ਭਗਤੀ ਨਾਲ ਜੁੜਿਆ ਇਹ ਕੰਮ ਕਰ ਕੇ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੋ ਸਕਦੀ ਹੈ? (ਪੈਰਾ 13 ਦੇਖੋ)

13. ਮੀਟਿੰਗਾਂ ਕਰਕੇ ਸਾਡੀ ਨਿਹਚਾ ਕਿੱਦਾਂ ਮਜ਼ਬੂਤ ਹੁੰਦੀ ਹੈ? ਸਮਝਾਓ।

13 ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦਾ ਤੀਜਾ ਤਰੀਕਾ ਹੈ, ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹਿਣਾ। ਉਦਾਹਰਣ ਲਈ, ਮੀਟਿੰਗਾਂ ਕਰਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਜ਼ਰਾ ਭੈਣ ਐਨਾ ਦੇ ਤਜਰਬੇ ʼਤੇ ਗੌਰ ਕਰੋ ਜਿਸ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਪੂਰੇ ਸਮੇਂ ਦੀ ਸੇਵਾ ਕੀਤੀ ਹੈ। ਉਹ ਦੱਸਦੀ ਹੈ: “ਮੀਟਿੰਗਾਂ ਕਰਕੇ ਮੇਰੀ ਨਿਹਚਾ ਮਜ਼ਬੂਤ ਹੁੰਦੀ ਹੈ। ਭਾਵੇਂ ਕਿ ਭਾਸ਼ਣਕਾਰ ਸਿਖਾਉਣ ਵਿਚ ਇੰਨਾ ਮਾਹਰ ਨਾ ਹੋਵੇ ਜਾਂ ਉਹ ਕੋਈ ਨਵੀਂ ਗੱਲ ਨਾ ਦੱਸੇ, ਫਿਰ ਵੀ ਅਕਸਰ ਮੈਂ ਕੋਈ-ਨਾ-ਕੋਈ ਇੱਦਾਂ ਦੀ ਗੱਲ ਸੁਣਦੀ ਹਾਂ ਜਿਸ ਨਾਲ ਬਾਈਬਲ ਬਾਰੇ ਮੇਰੀ ਸਮਝ ਹੋਰ ਵਧਦੀ ਹੈ। ਨਾਲੇ ਇਸ ਤਰ੍ਹਾਂ ਮੇਰੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ।” b ਬਿਨਾਂ ਸ਼ੱਕ, ਮੀਟਿੰਗਾਂ ਵਿਚ ਭੈਣਾਂ-ਭਰਾਵਾਂ ਦੇ ਜਵਾਬ ਸੁਣ ਕੇ ਵੀ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ।​—ਰੋਮੀ. 1:11, 12; 10:17.

ਪ੍ਰਚਾਰ

ਭਗਤੀ ਨਾਲ ਜੁੜਿਆ ਇਹ ਕੰਮ ਕਰ ਕੇ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੋ ਸਕਦੀ ਹੈ? (ਪੈਰਾ 14 ਦੇਖੋ)

14. ਪ੍ਰਚਾਰ ਕਰਨ ਨਾਲ ਸਾਡੀ ਨਿਹਚਾ ਕਿੱਦਾਂ ਮਜ਼ਬੂਤ ਹੁੰਦੀ ਹੈ?

14 ਪ੍ਰਚਾਰ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। (ਇਬ. 10:23) ਭੈਣ ਬਾਰਬਰਾ, ਜਿਸ ਨੂੰ ਪ੍ਰਚਾਰ ਕਰਦਿਆਂ 70 ਤੋਂ ਵੀ ਜ਼ਿਆਦਾ ਸਾਲ ਹੋ ਗਏ ਹਨ, ਦੱਸਦੀ ਹੈ: “ਮੈਂ ਦੇਖਿਆ ਹੈ ਕਿ ਪ੍ਰਚਾਰ ਕਰਨ ਨਾਲ ਹਮੇਸ਼ਾ ਮੇਰੀ ਨਿਹਚਾ ਮਜ਼ਬੂਤ ਹੁੰਦੀ ਹੈ। ਮੈਂ ਜਿੰਨਾ ਜ਼ਿਆਦਾ ਲੋਕਾਂ ਨੂੰ ਯਹੋਵਾਹ ਦੇ ਸ਼ਾਨਦਾਰ ਵਾਅਦਿਆਂ ਬਾਰੇ ਦੱਸਦੀ ਹਾਂ, ਮੇਰੀ ਨਿਹਚਾ ਉੱਨੀ ਜ਼ਿਆਦਾ ਮਜ਼ਬੂਤ ਹੁੰਦੀ ਹੈ।”

ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ

ਭਗਤੀ ਨਾਲ ਜੁੜਿਆ ਇਹ ਕੰਮ ਕਰ ਕੇ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੋ ਸਕਦੀ ਹੈ? (ਪੈਰਾ 15 ਦੇਖੋ)

15. ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਨਾਲ ਸਾਡੀ ਨਿਹਚਾ ਕਿੱਦਾਂ ਮਜ਼ਬੂਤ ਹੁੰਦੀ ਹੈ? (ਤਸਵੀਰਾਂ ਵੀ ਦੇਖੋ।)

15 ਇਕ ਹੋਰ ਕੰਮ ਕਰਨ ਨਾਲ ਵੀ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ, ਉਹ ਹੈ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨਾ। ਭੈਣ ਸੂਜ਼ਨ ਦੱਸਦੀ ਹੈ ਕਿ ਬਾਈਬਲ ਦਾ ਅਧਿਐਨ ਕਰਨ ਲਈ ਸ਼ਡਿਉਲ ਬਣਾ ਕੇ ਉਸ ਨੂੰ ਫ਼ਾਇਦਾ ਹੁੰਦਾ ਹੈ। ਉਹ ਕਹਿੰਦੀ ਹੈ: “ਹਰ ਐਤਵਾਰ ਮੈਂ ਅਗਲੇ ਹਫ਼ਤੇ ਦੇ ਪਹਿਰਾਬੁਰਜ ਦੀ ਤਿਆਰੀ ਕਰਦੀ ਹਾਂ। ਨਾਲੇ ਸੋਮਵਾਰ ਤੇ ਮੰਗਲਵਾਰ ਮੈਂ ਹਫ਼ਤੇ ਦੌਰਾਨ ਹੋਣ ਵਾਲੀ ਮੀਟਿੰਗ ਦੀ ਤਿਆਰੀ ਕਰਦੀ ਹਾਂ। ਇਸ ਤੋਂ ਇਲਾਵਾ, ਬਾਕੀ ਦੇ ਦਿਨਾਂ ਦੌਰਾਨ ਮੈਂ ਅਲੱਗ-ਅਲੱਗ ਵਿਸ਼ਿਆਂ ਬਾਰੇ ਗਹਿਰਾਈ ਨਾਲ ਅਧਿਐਨ ਕਰਦੀ ਹਾਂ।” ਇੱਦਾਂ ਸ਼ਡਿਉਲ ਬਣਾ ਕੇ ਅਤੇ ਬਾਕਾਇਦਾ ਉਸ ਮੁਤਾਬਕ ਚੱਲ ਕੇ ਭੈਣ ਸੂਜ਼ਨ ਆਪਣੀ ਨਿਹਚਾ ਨੂੰ ਹੋਰ ਮਜ਼ਬੂਤ ਕਰਦੀ ਹੈ। ਭੈਣ ਆਇਰੀਨ ਨੇ ਮੁੱਖ ਦਫ਼ਤਰ ਵਿਚ ਕਈ ਸਾਲ ਸੇਵਾ ਕੀਤੀ ਹੈ। ਉਸ ਨੇ ਦੇਖਿਆ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨ ਨਾਲ ਉਸ ਦੀ ਨਿਹਚਾ ਮਜ਼ਬੂਤ ਹੁੰਦੀ ਹੈ। ਉਹ ਦੱਸਦੀ ਹੈ: “ਮੈਂ ਇਹ ਦੇਖ ਕੇ ਹੈਰਾਨ ਰਹਿ ਜਾਂਦੀ ਹਾਂ ਕਿ ਯਹੋਵਾਹ ਨੇ ਜੋ ਵੀ ਭਵਿੱਖਬਾਣੀਆਂ ਕੀਤੀਆਂ ਹਨ, ਉਨ੍ਹਾਂ ਦੀ ਹਰ ਛੋਟੀ ਤੋਂ ਛੋਟੀ ਗੱਲ ਕਿੱਦਾਂ ਪੂਰੀ ਹੋਈ ਹੈ।” c

“ਇਹ ਪੂਰਾ ਹੋ ਕੇ ਹੀ ਰਹੇਗਾ”

16. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਹੱਬਕੂਕ ਨੂੰ ਜੋ ਗੱਲ ਕਹੀ ਉਹ ਅੱਜ ਸਾਡੇ ਲਈ ਵੀ ਮਾਅਨੇ ਰੱਖਦੀ ਹੈ? (ਇਬਰਾਨੀਆਂ 10:36, 37)

16 ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਸਾਲਾਂ ਤੋਂ ਇਸ ਦੁਨੀਆਂ ਦੇ ਅੰਤ ਦੀ ਉਡੀਕ ਕਰ ਰਹੇ ਹਨ। ਸ਼ਾਇਦ ਇਨਸਾਨੀ ਨਜ਼ਰੀਏ ਤੋਂ ਲੱਗੇ ਕਿ ਅੰਤ ਆਉਣ ਵਿਚ ਬਹੁਤ ਦੇਰ ਹੋ ਰਹੀ ਹੈ। ਯਹੋਵਾਹ ਜਾਣਦਾ ਹੈ ਕਿ ਸਾਨੂੰ ਇਸ ਤਰ੍ਹਾਂ ਲੱਗ ਸਕਦਾ ਹੈ। ਇਸੇ ਲਈ ਉਸ ਨੇ ਹੱਬਕੂਕ ਨਬੀ ਨੂੰ ਯਕੀਨ ਦਿਵਾਉਂਦਿਆਂ ਕਿਹਾ: “ਇਸ ਦਰਸ਼ਣ ਦੀ ਪੂਰਤੀ ਲਈ ਇਕ ਸਮਾਂ ਮਿਥਿਆ ਗਿਆ ਹੈ, ਉਹ ਸਮਾਂ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਹ ਦਰਸ਼ਣ ਝੂਠਾ ਸਾਬਤ ਨਹੀਂ ਹੋਵੇਗਾ। ਜੇ ਲੱਗੇ ਕਿ ਦੇਰ ਹੋ ਰਹੀ ਹੈ, ਤਾਂ ਵੀ ਇਸ ਦੇ ਪੂਰਾ ਹੋਣ ਦੀ ਉਮੀਦ ਰੱਖ! ਕਿਉਂਕਿ ਇਹ ਪੂਰਾ ਹੋ ਕੇ ਹੀ ਰਹੇਗਾ। ਇਹ ਦੇਰ ਨਾ ਕਰੇਗਾ!” (ਹੱਬ. 2:3) ਯਹੋਵਾਹ ਨੇ ਹੱਬਕੂਕ ਨੂੰ ਜੋ ਯਕੀਨ ਦਿਵਾਇਆ, ਕੀ ਉਸ ਨਾਲ ਸਿਰਫ਼ ਉਸ ਨੂੰ ਹੀ ਫ਼ਾਇਦਾ ਹੋਇਆ? ਜਾਂ ਕੀ ਯਹੋਵਾਹ ਦੀ ਕਹੀ ਗੱਲ ਅੱਜ ਸਾਡੇ ਲਈ ਵੀ ਮਾਅਨੇ ਰੱਖਦੀ ਹੈ? ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਵੀ ਇਹ ਸ਼ਬਦ ਉਨ੍ਹਾਂ ਮਸੀਹੀਆਂ ਨੂੰ ਲਿਖੇ ਜੋ ਨਵੀਂ ਦੁਨੀਆਂ ਦੀ ਉਡੀਕ ਕਰ ਰਹੇ ਸਨ। (ਇਬਰਾਨੀਆਂ 10:36, 37 ਪੜ੍ਹੋ।) ਅਸੀਂ ਵੀ ਯਕੀਨ ਰੱਖ ਸਕਦੇ ਹਾਂ ਕਿ ਨਵੀਂ ਦੁਨੀਆਂ ਬਾਰੇ ਯਹੋਵਾਹ ਦਾ ਵਾਅਦਾ “ਪੂਰਾ ਹੋ ਕੇ ਹੀ ਰਹੇਗਾ। ਇਹ ਦੇਰ ਨਾ ਕਰੇਗਾ,” ਭਾਵੇਂ ਕਿ ਸਾਨੂੰ ਲੱਗੇ ਕਿ ਉਸ ਦਾ ਵਾਅਦਾ ਪੂਰਾ ਹੋਣ ਵਿਚ ਦੇਰ ਹੋ ਰਹੀ ਹੈ।

17. ਇਕ ਭੈਣ ਨੇ ਉਸ ਸਲਾਹ ਨੂੰ ਕਿਵੇਂ ਮੰਨਿਆ ਜੋ ਯਹੋਵਾਹ ਨੇ ਹੱਬਕੂਕ ਨੂੰ ਦਿੱਤੀ ਸੀ?

17 ਯਹੋਵਾਹ ਦੇ ਕਈ ਸੇਵਕ ਉਸ ਦੀ ਸਲਾਹ ਮੰਨਦਿਆਂ “ਉਡੀਕ” ਕਰ ਰਹੇ ਹਨ। ਕਈ ਜਣੇ ਤਾਂ ਸਾਲਾਂ ਤੋਂ ਇੱਦਾਂ ਕਰਦੇ ਆ ਰਹੇ ਹਨ। ਉਦਾਹਰਣ ਲਈ, ਭੈਣ ਲੂਇਸ ਨੇ 1939 ਵਿਚ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ। ਉਹ ਦੱਸਦੀ ਹੈ: “ਉਸ ਸਮੇਂ ਮੈਨੂੰ ਲੱਗਦਾ ਸੀ ਕਿ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਪਹਿਲਾਂ ਹੀ ਆਰਮਾਗੇਡਨ ਆ ਜਾਵੇਗਾ। ਪਰ ਇੱਦਾਂ ਨਹੀਂ ਹੋਇਆ। ਸਾਲਾਂ ਤੋਂ ਮੈਂ ਬਾਈਬਲ ਵਿੱਚੋਂ ਉਨ੍ਹਾਂ ਸੇਵਕਾਂ ਬਾਰੇ ਪੜ੍ਹਿਆ ਜੋ ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਸਨ, ਜਿਵੇਂ ਕਿ ਨੂਹ, ਅਬਰਾਹਾਮ, ਯੂਸੁਫ਼ ਅਤੇ ਹੋਰ ਕਈਆਂ ਬਾਰੇ। ਇਸ ਤਰ੍ਹਾਂ ਮੈਂ ਵੀ ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਸਕੀ। ਇਸ ਕਰਕੇ ਮੇਰਾ ਅਤੇ ਦੂਜਿਆਂ ਦਾ ਇਸ ਗੱਲ ʼਤੇ ਭਰੋਸਾ ਹੋਰ ਵੀ ਪੱਕਾ ਹੋ ਗਿਆ ਹੈ ਕਿ ਨਵੀਂ ਦੁਨੀਆਂ ਛੇਤੀ ਹੀ ਆਉਣ ਵਾਲੀ ਹੈ।” ਕਾਫ਼ੀ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਭੈਣ-ਭਰਾ ਵੀ ਇਸ ਗੱਲ ਨਾਲ ਸਹਿਮਤ ਹੋਣਗੇ!

18. ਸ੍ਰਿਸ਼ਟੀ ʼਤੇ ਧਿਆਨ ਦੇਣ ਨਾਲ ਨਵੀਂ ਦੁਨੀਆਂ ਦੇ ਵਾਅਦੇ ʼਤੇ ਸਾਡੀ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ?

18 ਇਹ ਸੱਚ ਹੈ ਕਿ ਨਵੀਂ ਦੁਨੀਆਂ ਹਾਲੇ ਨਹੀਂ ਆਈ। ਪਰ ਜ਼ਰਾ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਸੋਚੋ, ਜਿਵੇਂ ਕਿ ਤਾਰੇ, ਪੇੜ-ਪੌਦੇ, ਜਾਨਵਰ ਅਤੇ ਇਨਸਾਨ। ਇਕ ਸਮੇਂ ʼਤੇ ਇਹ ਸਾਰਾ ਕੁਝ ਨਹੀਂ ਸੀ, ਪਰ ਅੱਜ ਕੋਈ ਵੀ ਇਨ੍ਹਾਂ ਦੀ ਹੋਂਦ ʼਤੇ ਸ਼ੱਕ ਨਹੀਂ ਕਰ ਸਕਦਾ। ਇਹ ਸਾਰਾ ਕੁਝ ਇਸ ਲਈ ਹੋਂਦ ਵਿਚ ਹੈ ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਇਹ ਸਭ ਕੁਝ ਬਣਾਇਆ ਹੈ। (ਉਤ. 1:1, 26, 27) ਸਾਡੇ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਨਵੀਂ ਦੁਨੀਆਂ ਜ਼ਰੂਰ ਲਿਆਵੇਗਾ। ਨਾਲੇ ਉਹ ਆਪਣਾ ਇਹ ਵਾਅਦਾ ਜ਼ਰੂਰ ਪੂਰਾ ਕਰੇਗਾ। ਨਵੀਂ ਦੁਨੀਆਂ ਵਿਚ ਸਾਰਿਆਂ ਦੀ ਸਿਹਤ ਵਧੀਆ ਹੋਵੇਗੀ ਅਤੇ ਸਾਰੇ ਹਮੇਸ਼ਾ ਦੀ ਜ਼ਿੰਦਗੀ ਦਾ ਮਜ਼ਾ ਲੈਣਗੇ। ਸਾਨੂੰ ਯਕੀਨ ਹੈ ਕਿ ਪਰਮੇਸ਼ੁਰ ਦੇ ਮਿੱਥੇ ਹੋਏ ਸਮੇਂ ʼਤੇ ਨਵੀਂ ਦੁਨੀਆਂ ਜ਼ਰੂਰ ਆਵੇਗੀ। ਉਹ ਉੱਨੀ ਹੀ ਅਸਲੀ ਹੋਵੇਗੀ, ਜਿੰਨੀ ਸਾਡੇ ਆਲੇ-ਦੁਆਲੇ ਦੀ ਸ੍ਰਿਸ਼ਟੀ ਹੈ।​—ਯਸਾ. 65:17; ਪ੍ਰਕਾ. 21:3, 4.

19. ਤੁਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹੋ?

19 ਜਦ ਤਕ ਨਵੀਂ ਦੁਨੀਆਂ ਨਹੀਂ ਆਉਂਦੀ, ਉਦੋਂ ਤਕ ਆਓ ਆਪਾਂ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੀ ਨਿਹਚਾ ਮਜ਼ਬੂਤ ਕਰਦੇ ਰਹੀਏ। ਹਮੇਸ਼ਾ ਰਿਹਾਈ ਦੀ ਕੀਮਤ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਵੋ। ਨਾਲੇ ਯਹੋਵਾਹ ਦੀ ਸ਼ਕਤੀ ʼਤੇ ਮਨਨ ਕਰਦੇ ਰਹੋ ਅਤੇ ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹੋ। ਇਸ ਤਰ੍ਹਾਂ ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਹੋਵੋਗੇ “ਜਿਹੜੇ ਨਿਹਚਾ ਅਤੇ ਧੀਰਜ ਰੱਖਣ ਕਰਕੇ ਪਰਮੇਸ਼ੁਰ ਦੇ ਵਾਅਦਿਆਂ ਦੇ ਵਾਰਸ ਬਣਦੇ ਹਨ।”​—ਇਬ. 6:11, 12; ਰੋਮੀ. 5:5.

ਗੀਤ 139 ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ

a ਅੱਜ ਬਹੁਤ ਸਾਰੇ ਲੋਕ ਬਾਈਬਲ ਵਿਚ ਦਿੱਤੇ ਨਵੀਂ ਦੁਨੀਆਂ ਦੇ ਵਾਅਦੇ ʼਤੇ ਯਕੀਨ ਨਹੀਂ ਕਰਦੇ। ਉਹ ਸੋਚਦੇ ਹਨ ਕਿ ਇਹ ਤਾਂ ਸਿਰਫ਼ ਇਕ ਸੁਪਨਾ ਜਾਂ ਕਥਾ-ਕਹਾਣੀ ਹੈ ਜੋ ਕਦੇ ਸੱਚ ਨਹੀਂ ਹੋ ਸਕਦੀ। ਪਰ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੇ ਸਾਰੇ ਵਾਅਦੇ ਜ਼ਰੂਰ ਪੂਰੇ ਹੋਣਗੇ। ਫਿਰ ਵੀ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਕਰਦੇ ਰਹਿਣ ਦੀ ਲੋੜ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਇਸ ਲੇਖ ਵਿਚ ਅਸੀਂ ਇਸ ਬਾਰੇ ਜਾਣਾਂਗੇ।

b ਕੁਝ ਨਾਂ ਬਦਲੇ ਗਏ ਹਨ।

c ਬਾਈਬਲ ਵਿਚ ਦਰਜ ਭਵਿੱਖਬਾਣੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਬਾਈਬਲ” ਵਿਸ਼ੇ ਹੇਠਾਂ “ਭਵਿੱਖਬਾਣੀ” ਦੇਖੋ। ਉਦਾਹਰਣ ਲਈ, ਜਨਵਰੀ-ਮਾਰਚ 2008 ਦੇ ਪਹਿਰਾਬੁਰਜ ਵਿਚ “ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ ਉਹ ਪੂਰੀ ਹੁੰਦੀ ਹੈ” ਨਾਂ ਦਾ ਲੇਖ ਦੇਖੋ।