ਅਧਿਐਨ ਲੇਖ 15
ਯਿਸੂ ਦੇ ਚਮਤਕਾਰਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
‘ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਲੋਕਾਂ ਨੂੰ ਚੰਗਾ ਕੀਤਾ।’—ਰਸੂ. 10:38.
ਗੀਤ 13 ਮਸੀਹ, ਸਾਡੀ ਮਿਸਾਲ
ਖ਼ਾਸ ਗੱਲਾਂ a
1. ਯਿਸੂ ਨੇ ਕਿਹੜੇ ਮੌਕੇ ʼਤੇ ਪਹਿਲਾ ਚਮਤਕਾਰ ਕੀਤਾ?
ਜ਼ਰਾ ਇਸ ਬਿਰਤਾਂਤ ਬਾਰੇ ਕਲਪਨਾ ਕਰੋ। 29 ਈਸਵੀ ਦੀ ਗੱਲ ਹੈ। ਯਿਸੂ ਨੇ ਹੁਣੇ-ਹੁਣੇ ਆਪਣੀ ਸੇਵਕਾਈ ਸ਼ੁਰੂ ਕੀਤੀ ਹੈ। ਉਸ ਨੂੰ ਤੇ ਉਸ ਦੀ ਮਾਤਾ ਮਰੀਅਮ ਨੂੰ ਅਤੇ ਉਸ ਦੇ ਕੁਝ ਚੇਲਿਆਂ ਨੂੰ ਵਿਆਹ ਦੀ ਦਾਅਵਤ ਤੇ ਸੱਦਿਆ ਗਿਆ ਹੈ। ਇਹ ਦਾਅਵਤ ਕਾਨਾ ਪਿੰਡ ਵਿਚ ਹੈ ਜੋ ਯਿਸੂ ਦੇ ਸ਼ਹਿਰ ਨਾਸਰਤ ਤੋਂ ਥੋੜ੍ਹੀ ਹੀ ਦੂਰ ਹੈ। ਮਰੀਅਮ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਸ਼ਾਇਦ ਉਹ ਮਹਿਮਾਨਾਂ ਦੀ ਪਰਾਹੁਣਚਾਰੀ ਕਰਨ ਵਿਚ ਲੱਗੀ ਹੋਈ ਹੈ। ਪਰ ਅਚਾਨਕ ਇਕ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਦਾਖਰਸ ਖ਼ਤਮ ਹੋ ਜਾਂਦਾ ਹੈ। b ਸ਼ਾਇਦ ਜਿੰਨੀ ਉਮੀਦ ਕੀਤੀ ਸੀ, ਉਸ ਤੋਂ ਵੱਧ ਮਹਿਮਾਨ ਆ ਗਏ ਹਨ। ਜੇ ਹੁਣ ਕੁਝ ਨਾ ਕੀਤਾ ਗਿਆ, ਤਾਂ ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਰਮਿੰਦਗੀ ਸਹਿਣੀ ਪੈ ਸਕਦੀ ਹੈ। ਇਸ ਲਈ ਮਰੀਅਮ ਫਟਾਫਟ ਆਪਣੇ ਪੁੱਤਰ ਕੋਲ ਜਾਂਦੀ ਹੈ ਅਤੇ ਕਹਿੰਦੀ ਹੈ: “ਉਨ੍ਹਾਂ ਕੋਲ ਦਾਖਰਸ ਨਹੀਂ ਹੈ।” (ਯੂਹੰ. 2:1-3) ਫਿਰ ਯਿਸੂ ਕੀ ਕਰਦਾ ਹੈ? ਉਹ ਕੁਝ ਅਜਿਹਾ ਕਰਦਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਉਹ ਚਮਤਕਾਰ ਕਰ ਕੇ ਪਾਣੀ ਨੂੰ “ਵਧੀਆ ਦਾਖਰਸ” ਵਿਚ ਬਦਲ ਦਿੰਦਾ ਹੈ।—ਯੂਹੰ. 2:9, 10.
2-3. (ੳ) ਯਿਸੂ ਨੇ ਕਿਹੜੇ ਚਮਤਕਾਰ ਕੀਤੇ? (ਅ) ਸਾਨੂੰ ਯਿਸੂ ਦੇ ਚਮਤਕਾਰਾਂ ʼਤੇ ਧਿਆਨ ਕਿਉਂ ਦੇਣਾ ਚਾਹੀਦਾ ਹੈ?
2 ਯਿਸੂ ਨੇ ਆਪਣੀ ਸੇਵਕਾਈ ਦੌਰਾਨ ਹੋਰ ਵੀ ਬਹੁਤ ਸਾਰੇ ਚਮਤਕਾਰ ਕੀਤੇ। c ਉਸ ਨੇ ਚਮਤਕਾਰ ਕਰ ਕੇ ਲੱਖਾਂ ਹੀ ਲੋਕਾਂ ਦੀ ਮਦਦ ਕੀਤੀ। ਉਦਾਹਰਣ ਲਈ, ਜ਼ਰਾ ਯਿਸੂ ਦੇ ਦੋ ਚਮਤਕਾਰਾਂ ਵੱਲ ਧਿਆਨ ਦਿਓ, ਇਕ ਮੌਕੇ ʼਤੇ ਉਸ ਨੇ 5,000 ਆਦਮੀਆਂ ਨੂੰ ਖਾਣਾ ਖੁਆਇਆ ਅਤੇ ਦੂਜੇ ਮੌਕੇ ʼਤੇ 4,000 ਆਦਮੀਆਂ ਨੂੰ। ਜੇ ਅਸੀਂ ਉੱਥੇ ਹਾਜ਼ਰ ਔਰਤਾਂ ਅਤੇ ਬੱਚਿਆਂ ਦੀ ਵੀ ਗੱਲ ਕਰੀਏ, ਤਾਂ ਯਿਸੂ ਨੇ ਕੁੱਲ ਮਿਲਾ ਕੇ ਲਗਭਗ 27,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਖਾਣਾ ਖੁਆਇਆ ਸੀ। (ਮੱਤੀ 14:15-21; 15:32-38) ਇਨ੍ਹਾਂ ਦੋਹਾਂ ਮੌਕਿਆਂ ʼਤੇ ਯਿਸੂ ਨੇ ਬਹੁਤ ਸਾਰੇ ਬੀਮਾਰ ਲੋਕਾਂ ਨੂੰ ਠੀਕ ਵੀ ਕੀਤਾ ਸੀ। (ਮੱਤੀ 14:14; 15:30, 31) ਸੋਚੋ ਕਿ ਜਦੋਂ ਯਿਸੂ ਨੇ ਲੋਕਾਂ ਨੂੰ ਠੀਕ ਕੀਤਾ ਅਤੇ ਉਨ੍ਹਾਂ ਨੂੰ ਖਾਣਾ ਖੁਆਇਆ ਹੋਣਾ, ਤਾਂ ਉਹ ਜ਼ਰੂਰ ਦੰਗ ਰਹਿ ਗਏ ਹੋਣੇ!
3 ਯਿਸੂ ਦੇ ਚਮਤਕਾਰਾਂ ਤੋਂ ਅੱਜ ਅਸੀਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਲੇਖ ਵਿਚ ਅਸੀਂ ਯਿਸੂ ਦੇ ਚਮਤਕਾਰਾਂ ਤੋਂ ਕੁਝ ਅਜਿਹੀਆਂ ਗੱਲਾਂ ਸਿੱਖਾਂਗੇ ਜਿਨ੍ਹਾਂ ਕਰਕੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਇਸ ਤੋਂ ਇਲਾਵਾ, ਅਸੀਂ ਇਹ ਵੀ ਦੇਖਾਂਗੇ ਕਿ ਚਮਤਕਾਰ ਕਰਦਿਆਂ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਨਿਮਰ ਹੈ ਅਤੇ ਲੋਕਾਂ ਨਾਲ ਦਇਆ ਤੇ ਹਮਦਰਦੀ ਨਾਲ ਪੇਸ਼ ਆਇਆ। ਨਾਲੇ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ।
ਯਹੋਵਾਹ ਅਤੇ ਯਿਸੂ ਬਾਰੇ ਸਬਕ
4. ਯਿਸੂ ਦੇ ਚਮਤਕਾਰਾਂ ਤੋਂ ਅਸੀਂ ਕਿਸ ਬਾਰੇ ਸਿੱਖ ਸਕਦੇ ਹਾਂ?
4 ਯਿਸੂ ਦੇ ਚਮਤਕਾਰਾਂ ਤੋਂ ਅਸੀਂ ਬਹੁਤ ਸਾਰੇ ਸਬਕ ਸਿੱਖ ਸਕਦੇ ਹਾਂ ਜਿਨ੍ਹਾਂ ਕਰਕੇ ਸਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ। ਇਨ੍ਹਾਂ ਚਮਤਕਾਰਾਂ ਤੋਂ ਅਸੀਂ ਨਾ ਸਿਰਫ਼ ਯਿਸੂ ਬਾਰੇ, ਸਗੋਂ ਉਸ ਦੇ ਪਿਤਾ ਬਾਰੇ ਵੀ ਬਹੁਤ ਕੁਝ ਸਿੱਖਦੇ ਹਾਂ। ਦਰਅਸਲ, ਯਹੋਵਾਹ ਦੀ ਮਦਦ ਸਦਕਾ ਹੀ ਯਿਸੂ ਇਹ ਸਾਰੇ ਚਮਤਕਾਰ ਕਰ ਸਕਿਆ। ਰਸੂਲਾਂ ਦੇ ਕੰਮ 10:38 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਨੇ ਕਿਵੇਂ [ਯਿਸੂ] ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਅਤੇ ਉਸ ਨੂੰ ਤਾਕਤ ਦਿੱਤੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।” ਇਹ ਵੀ ਯਾਦ ਰੱਖੋ ਕਿ ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਇਸ ਲਈ ਉਸ ਦੀਆਂ ਗੱਲਾਂ, ਕੰਮਾਂ ਅਤੇ ਚਮਤਕਾਰਾਂ ਤੋਂ ਅਸੀਂ ਯਹੋਵਾਹ ਦੀ ਸੋਚ ਅਤੇ ਭਾਵਨਾਵਾਂ ਬਾਰੇ ਜਾਣ ਸਕਦੇ ਹਾਂ। (ਯੂਹੰ. 14:9) ਆਓ ਆਪਾਂ ਤਿੰਨ ਸਬਕਾਂ ʼਤੇ ਧਿਆਨ ਦੇਈਏ ਜੋ ਅਸੀਂ ਯਿਸੂ ਦੇ ਚਮਤਕਾਰਾਂ ਤੋਂ ਸਿੱਖ ਸਕਦੇ ਹਾਂ।
5. ਕਿਹੜੀ ਗੱਲ ਨੇ ਯਿਸੂ ਨੂੰ ਚਮਤਕਾਰ ਕਰਨ ਲਈ ਪ੍ਰੇਰਿਆ? (ਮੱਤੀ 20:30-34)
5 ਪਹਿਲਾ ਸਬਕ, ਯਿਸੂ ਅਤੇ ਉਸ ਦਾ ਪਿਤਾ ਸਾਨੂੰ ਬਹੁਤ ਪਿਆਰ ਕਰਦੇ ਹਨ। ਯਿਸੂ ਨੇ ਧਰਤੀ ʼਤੇ ਹੁੰਦਿਆਂ ਆਪਣੇ ਕੰਮਾਂ ਤੋਂ ਦਿਖਾਇਆ ਕਿ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਇਸੇ ਪਿਆਰ ਕਰਕੇ ਉਸ ਨੇ ਚਮਤਕਾਰ ਕਰ ਕੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕੀਤੀਆਂ। ਇਕ ਮੌਕੇ ʼਤੇ ਦੋ ਅੰਨ੍ਹੇ ਆਦਮੀ ਮਦਦ ਲਈ ਯਿਸੂ ਨੂੰ ਉੱਚੀ-ਉੱਚੀ ਪੁਕਾਰਨ ਲੱਗੇ। (ਮੱਤੀ 20:30-34 ਪੜ੍ਹੋ।) ਧਿਆਨ ਦਿਓ ਕਿ ਉਨ੍ਹਾਂ ਨੂੰ ਦੇਖ ਕੇ ਯਿਸੂ ਨੂੰ ਉਨ੍ਹਾਂ ʼਤੇ “ਦਇਆ ਆਈ” ਅਤੇ ਫਿਰ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ। ਇੱਥੇ ਜਿਸ ਯੂਨਾਨੀ ਕਿਰਿਆ ਦਾ ਅਨੁਵਾਦ “ਦਇਆ ਆਈ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਅਜਿਹੀ ਗਹਿਰੀ ਭਾਵਨਾ ਜੋ ਸਰੀਰ ਦੇ ਧੁਰ ਅੰਦਰ ਮਹਿਸੂਸ ਕੀਤੀ ਜਾਂਦੀ ਹੈ। ਯਿਸੂ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ, ਇਸ ਕਰਕੇ ਉਸ ਦੇ ਦਿਲ ਵਿਚ ਲੋਕਾਂ ਲਈ ਇੰਨੀ ਦਇਆ ਸੀ। ਇਸੇ ਦਇਆ ਕਰਕੇ ਉਸ ਨੇ ਲੋਕਾਂ ਨੂੰ ਖਾਣਾ ਖੁਆਇਆ ਅਤੇ ਇਕ ਕੋੜ੍ਹੀ ਨੂੰ ਵੀ ਠੀਕ ਕੀਤਾ। (ਮੱਤੀ 15:32; ਮਰ. 1:41) ਇਸ ਤੋਂ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ “ਦਇਆ” ਦਾ ਪਰਮੇਸ਼ੁਰ ਯਹੋਵਾਹ ਤੇ ਉਸ ਦਾ ਪੁੱਤਰ ਸਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਾਨੂੰ ਦੁਖੀ ਦੇਖ ਕੇ ਉਨ੍ਹਾਂ ਨੂੰ ਵੀ ਦੁੱਖ ਲੱਗਦਾ ਹੈ। (ਲੂਕਾ 1:78; 1 ਪਤ. 5:7) ਜ਼ਰਾ ਸੋਚੋ ਕਿ ਯਹੋਵਾਹ ਅਤੇ ਯਿਸੂ ਕਿੰਨੀ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹੋਣੇ ਜਦੋਂ ਉਹ ਸਾਰੇ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਣਗੇ!
6. ਪਰਮੇਸ਼ੁਰ ਨੇ ਯਿਸੂ ਨੂੰ ਕੀ ਕਰਨ ਦੀ ਤਾਕਤ ਦਿੱਤੀ ਹੈ?
6 ਦੂਜਾ ਸਬਕ, ਪਰਮੇਸ਼ੁਰ ਨੇ ਯਿਸੂ ਨੂੰ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਦੀ ਤਾਕਤ ਦਿੱਤੀ ਹੈ। ਯਿਸੂ ਨੇ ਚਮਤਕਾਰ ਕਰ ਕੇ ਦਿਖਾਇਆ ਕਿ ਉਸ ਕੋਲ ਇਨਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਖ਼ਤਮ ਕਰਨ ਦੀ ਤਾਕਤ ਹੈ ਜਿਨ੍ਹਾਂ ਨੂੰ ਉਹ ਖ਼ੁਦ ਖ਼ਤਮ ਨਹੀਂ ਕਰ ਸਕਦੇ। ਉਦਾਹਰਣ ਲਈ, ਉਸ ਕੋਲ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦੀ ਜੜ੍ਹ ਯਾਨੀ ਆਦਮ ਤੋਂ ਮਿਲੇ ਪਾਪ ਅਤੇ ਇਸ ਦੇ ਅਸਰਾਂ ਯਾਨੀ ਬੀਮਾਰੀਆਂ ਤੇ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਤਾਕਤ ਹੈ। (ਮੱਤੀ 9:1-6; ਰੋਮੀ. 5:12, 18, 19) ਉਸ ਨੇ ਚਮਤਕਾਰ ਕਰ ਕੇ ਸਾਬਤ ਕੀਤਾ ਕਿ ਉਹ “ਹਰ ਤਰ੍ਹਾਂ” ਦੀਆਂ ਬੀਮਾਰੀਆਂ ਠੀਕ ਕਰ ਸਕਦਾ ਹੈ ਅਤੇ ਇੱਥੋਂ ਤਕ ਕਿ ਮਰੇ ਹੋਇਆਂ ਨੂੰ ਵੀ ਦੁਬਾਰਾ ਜੀਉਂਦਾ ਕਰ ਸਕਦਾ ਹੈ। (ਮੱਤੀ 4:23; ਯੂਹੰ. 11:43, 44) ਇਸ ਤੋਂ ਇਲਾਵਾ, ਉਸ ਕੋਲ ਜ਼ਬਰਦਸਤ ਤੂਫ਼ਾਨ ਨੂੰ ਸ਼ਾਂਤ ਕਰਨ ਅਤੇ ਦੁਸ਼ਟ ਦੂਤਾਂ ਨੂੰ ਵੀ ਹਰਾਉਣ ਦੀ ਤਾਕਤ ਹੈ। (ਮਰ. 4:37-39; ਲੂਕਾ 8:2) ਇਹ ਜਾਣ ਕੇ ਸਾਡਾ ਹੌਸਲਾ ਵਧਦਾ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਇੰਨਾ ਸਾਰਾ ਕੁਝ ਕਰਨ ਦੀ ਤਾਕਤ ਦਿੱਤੀ ਹੈ।
7-8. (ੳ) ਯਿਸੂ ਦੇ ਚਮਤਕਾਰਾਂ ਕਰਕੇ ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ? (ਅ) ਤੁਸੀਂ ਨਵੀਂ ਦੁਨੀਆਂ ਵਿਚ ਕਿਹੜਾ ਚਮਤਕਾਰ ਦੇਖਣ ਲਈ ਬੇਤਾਬ ਹੋ?
7 ਤੀਜਾ ਸਬਕ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਨੇ ਆਪਣੇ ਰਾਜ ਅਧੀਨ ਜੋ ਬਰਕਤਾਂ ਦੇਣ ਦਾ ਵਾਅਦਾ ਕੀਤਾ ਹੈ, ਉਹ ਜ਼ਰੂਰ ਮਿਲਣਗੀਆਂ। ਧਰਤੀ ʼਤੇ ਹੁੰਦਿਆਂ ਯਿਸੂ ਨੇ ਜੋ ਚਮਤਕਾਰ ਕੀਤੇ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਹ ਵੱਡੇ ਪੈਮਾਨੇ ਤੇ ਇਹ ਕੰਮ ਕਰੇਗਾ। ਜ਼ਰਾ ਸੋਚੋ ਕਿ ਮਸੀਹ ਦੇ ਰਾਜ ਅਧੀਨ ਕਿਹੋ ਜਿਹਾ ਮਾਹੌਲ ਹੋਵੇਗਾ: ਸਾਡੇ ਸਾਰਿਆਂ ਦੀ ਸਿਹਤ ਵਧੀਆ ਹੋਵੇਗੀ ਕਿਉਂਕਿ ਯਿਸੂ ਹਰ ਤਰ੍ਹਾਂ ਦੀ ਬੀਮਾਰੀ ਅਤੇ ਸਰੀਰਕ ਕਮਜ਼ੋਰੀ ਦੂਰ ਕਰ ਦੇਵੇਗਾ। (ਯਸਾ. 33:24; 35:5, 6; ਪ੍ਰਕਾ. 21:3, 4) ਫਿਰ ਕੋਈ ਭੁੱਖਾ ਨਹੀਂ ਸੌਂਵੇਗਾ ਅਤੇ ਨਾ ਹੀ ਕਿਸੇ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਝੱਲਣੀ ਪਵੇਗੀ। (ਯਸਾ. 25:6; ਮਰ. 4:41) ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਉਦੋਂ ਹੋਵੇਗੀ ਜਦੋਂ ਅਸੀਂ “ਕਬਰਾਂ ਵਿਚ ਪਏ” ਆਪਣੇ ਅਜ਼ੀਜ਼ਾਂ ਦਾ ਦੁਬਾਰਾ ਸੁਆਗਤ ਕਰਾਂਗੇ। (ਯੂਹੰ. 5:28, 29) ਤੁਸੀਂ ਨਵੀਂ ਦੁਨੀਆਂ ਵਿਚ ਖ਼ਾਸ ਕਰਕੇ ਕਿਹੜਾ ਚਮਤਕਾਰ ਦੇਖਣ ਲਈ ਬੇਤਾਬ ਹੋ?
8 ਯਿਸੂ ਨੇ ਚਮਤਕਾਰ ਕਰਦਿਆਂ ਦਿਖਾਇਆ ਕਿ ਉਹ ਕਿੰਨਾ ਨਿਮਰ, ਦਇਆਵਾਨ ਤੇ ਹਮਦਰਦ ਹੈ। ਸਾਨੂੰ ਵੀ ਇਹ ਗੁਣ ਪੈਦਾ ਕਰਨੇ ਚਾਹੀਦੇ ਹਨ। ਆਓ ਆਪਾਂ ਯਿਸੂ ਦੇ ਦੋ ਚਮਤਕਾਰਾਂ ʼਤੇ ਗੌਰ ਕਰੀਏ। ਸਭ ਤੋਂ ਪਹਿਲਾਂ ਅਸੀਂ ਕਾਨਾ ਵਿਚ ਵਿਆਹ ਦੀ ਦਾਅਵਤ ਵੇਲੇ ਕੀਤੇ ਚਮਤਕਾਰ ʼਤੇ ਗੌਰ ਕਰਾਂਗੇ।
ਨਿਮਰ ਬਣਨਾ ਸਿੱਖੋ
9. ਯਿਸੂ ਨੇ ਵਿਆਹ ਦੀ ਦਾਅਵਤ ਵਿਚ ਚਮਤਕਾਰ ਕਿਉਂ ਕੀਤਾ? (ਯੂਹੰਨਾ 2:6-10)
9 ਯੂਹੰਨਾ 2:6-10 ਪੜ੍ਹੋ। ਜਦੋਂ ਵਿਆਹ ਦੀ ਦਾਅਵਤ ਵਿਚ ਦਾਖਰਸ ਖ਼ਤਮ ਹੋ ਗਿਆ, ਤਾਂ ਕੀ ਯਿਸੂ ਨੂੰ ਕੁਝ ਕਰਨ ਦੀ ਲੋੜ ਸੀ? ਨਹੀਂ। ਮਸੀਹ ਬਾਰੇ ਕੋਈ ਅਜਿਹੀ ਭਵਿੱਖਬਾਣੀ ਨਹੀਂ ਕੀਤੀ ਗਈ ਸੀ ਕਿ ਉਹ ਚਮਤਕਾਰ ਕਰ ਕੇ ਦਾਖਰਸ ਬਣਾਵੇਗਾ। ਪਰ ਜ਼ਰਾ ਕਲਪਨਾ ਕਰੋ ਕਿ ਜੇ ਤੁਹਾਡੇ ਵਿਆਹ ਵੇਲੇ ਖਾਣ-ਪੀਣ ਦੀਆਂ ਚੀਜ਼ਾਂ ਖ਼ਤਮ ਹੋ ਜਾਣ, ਤਾਂ ਤੁਹਾਨੂੰ ਕਿੱਦਾਂ ਲੱਗੇਗਾ? ਯਿਸੂ ਨੇ ਉਸ ਪਰਿਵਾਰ, ਖ਼ਾਸ ਕਰਕੇ ਲਾੜਾ-ਲਾੜੀ ਪ੍ਰਤੀ ਹਮਦਰਦੀ ਦਿਖਾਈ। ਉਹ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ। ਇਸ ਲਈ ਉਸ ਨੇ ਚਮਤਕਾਰ ਕੀਤਾ, ਜਿਵੇਂ ਅਸੀਂ ਇਸ ਲੇਖ ਦੇ ਸ਼ੁਰੂ ਵਿਚ ਦੇਖਿਆ ਸੀ। ਜੀ ਹਾਂ, ਉਸ ਨੇ ਲਗਭਗ 390 ਲੀਟਰ (103 ਗੈਲਨ) ਪਾਣੀ ਨੂੰ ਵਧੀਆ ਦਾਖਰਸ ਵਿਚ ਬਦਲ ਦਿੱਤਾ। ਪਰ ਉਸ ਨੇ ਇੰਨਾ ਸਾਰਾ ਦਾਖਰਸ ਕਿਉਂ ਬਣਾਇਆ? ਸ਼ਾਇਦ ਇਸ ਲਈ ਕਿ ਬਚਿਆ ਹੋਇਆ ਦਾਖਰਸ ਅੱਗੇ ਜਾ ਕੇ ਕੰਮ ਆ ਸਕੇ ਜਾਂ ਉਸ ਨੂੰ ਵੇਚ ਕੇ ਲਾੜਾ-ਲਾੜੀ ਦੇ ਹੱਥਾਂ ਵਿਚ ਕੁਝ ਪੈਸੇ ਆ ਸਕਣ। ਇਸ ਚਮਤਕਾਰ ਤੋਂ ਬਾਅਦ ਉਸ ਨਵੇਂ ਵਿਆਹੇ ਜੋੜੇ ਨੂੰ ਜ਼ਰੂਰ ਸੁੱਖ ਦਾ ਸਾਹ ਆਇਆ ਹੋਣਾ!
10. ਯੂਹੰਨਾ ਦੇ ਅਧਿਆਇ 2 ਵਿਚ ਦਰਜ ਬਿਰਤਾਂਤ ਦੀਆਂ ਕੁਝ ਖ਼ਾਸ ਗੱਲ ਦੱਸੋ। (ਤਸਵੀਰ ਵੀ ਦੇਖੋ।)
10 ਜ਼ਰਾ ਯੂਹੰਨਾ ਦੇ ਅਧਿਆਇ 2 ਵਿਚ ਦਰਜ ਬਿਰਤਾਂਤ ਦੀਆਂ ਕੁਝ ਖ਼ਾਸ ਗੱਲ ʼਤੇ ਧਿਆਨ ਦਿਓ। ਕੀ ਤੁਸੀਂ ਗੌਰ ਕੀਤਾ ਕਿ ਯਿਸੂ ਨੇ ਪੱਥਰ ਦੇ ਘੜਿਆਂ ਵਿਚ ਆਪ ਪਾਣੀ ਨਹੀਂ ਭਰਿਆ? ਇਸ ਦੀ ਬਜਾਇ, ਉਸ ਨੇ ਨੌਕਰਾਂ ਨੂੰ ਇੱਦਾਂ ਕਰਨ ਲਈ ਕਿਹਾ ਤਾਂਕਿ ਲੋਕਾਂ ਦਾ ਧਿਆਨ ਉਸ ਵੱਲ ਨਾ ਜਾਵੇ। (ਆਇਤਾਂ 6, 7) ਨਾਲੇ ਪਾਣੀ ਨੂੰ ਦਾਖਰਸ ਵਿਚ ਬਦਲਣ ਤੋਂ ਬਾਅਦ ਉਹ ਆਪ ਉਸ ਨੂੰ ਲੈ ਕੇ ਦਾਅਵਤ ਦੇ ਪ੍ਰਧਾਨ ਕੋਲ ਨਹੀਂ ਗਿਆ, ਸਗੋਂ ਉਸ ਨੇ ਨੌਕਰਾਂ ਨੂੰ ਭੇਜਿਆ। (ਆਇਤ 8) ਇਸ ਤੋਂ ਇਲਾਵਾ, ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਸਾਰੇ ਮਹਿਮਾਨਾਂ ਸਾਮ੍ਹਣੇ ਸ਼ੇਖ਼ੀ ਮਾਰਦਿਆਂ ਇਹ ਨਹੀਂ ਕਿਹਾ, ‘ਜ਼ਰਾ ਪੀ ਕੇ ਤਾਂ ਦੇਖੋ, ਮੈਂ ਹੁਣੇ ਬਣਾਇਆ ਹੈ!’
11. ਅਸੀਂ ਯਿਸੂ ਦੇ ਚਮਤਕਾਰ ਤੋਂ ਕੀ ਸਿੱਖਦੇ ਹਾਂ?
11 ਅਸੀਂ ਯਿਸੂ ਦੇ ਇਸ ਚਮਤਕਾਰ ਤੋਂ ਕੀ ਸਿੱਖਦੇ ਹਾਂ? ਇਹੀ ਕਿ ਸਾਨੂੰ ਨਿਮਰ ਬਣਨਾ ਚਾਹੀਦਾ ਹੈ। ਯਿਸੂ ਨੇ ਆਪਣੇ ਇਸ ਚਮਤਕਾਰ ਬਾਰੇ ਸ਼ੇਖ਼ੀ ਨਹੀਂ ਮਾਰੀ। ਅਸਲ ਵਿਚ, ਉਸ ਨੇ ਜਿਹੜੇ ਵੀ ਚਮਤਕਾਰ ਕੀਤੇ, ਉਨ੍ਹਾਂ ਬਾਰੇ ਕਦੇ ਵੀ ਸ਼ੇਖ਼ੀ ਨਹੀਂ ਮਾਰੀ। ਇਸ ਦੀ ਬਜਾਇ, ਨਿਮਰ ਹੋਣ ਕਰਕੇ ਉਸ ਨੇ ਹਰ ਕੰਮ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਅਤੇ ਵਾਰ-ਵਾਰ ਸਿਰਫ਼ ਉਸ ਦੀ ਹੀ ਮਹਿਮਾ-ਵਡਿਆਈ ਕੀਤੀ। (ਯੂਹੰ. 5:19, 30; 8:28) ਸਾਨੂੰ ਵੀ ਯਿਸੂ ਵਾਂਗ ਨਿਮਰ ਬਣਨਾ ਚਾਹੀਦਾ ਹੈ ਅਤੇ ਆਪਣੇ ਕਿਸੇ ਵੀ ਕੰਮ ਬਾਰੇ ਸ਼ੇਖ਼ੀ ਨਹੀਂ ਮਾਰਨੀ ਚਾਹੀਦੀ। ਚਾਹੇ ਅਸੀਂ ਯਹੋਵਾਹ ਦੀ ਸੇਵਾ ਵਿਚ ਕੁਝ ਵੀ ਕਰੀਏ, ਸਾਨੂੰ ਕਦੇ ਵੀ ਆਪਣੇ ਬਾਰੇ ਸ਼ੇਖ਼ੀ ਨਹੀਂ ਮਾਰਨੀ ਚਾਹੀਦੀ। ਇਸ ਦੀ ਬਜਾਇ, ਆਓ ਅਸੀਂ ਇਸ ਗੱਲ ਦੀ ਸ਼ੇਖ਼ੀ ਮਾਰੀਏ ਕਿ ਸਾਨੂੰ ਕਿੰਨੇ ਮਹਾਨ ਪਰਮੇਸ਼ੁਰ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ। (ਯਿਰ. 9:23, 24) ਆਓ ਅਸੀਂ ਆਪਣੇ ਕੰਮਾਂ ਦਾ ਸਿਹਰਾ ਹਮੇਸ਼ਾ ਯਹੋਵਾਹ ਨੂੰ ਦੇਈਏ ਕਿਉਂਕਿ ਉਸ ਦੀ ਮਦਦ ਤੋਂ ਬਿਨਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ।—1 ਕੁਰਿੰ. 1:26-31.
12. ਅਸੀਂ ਹੋਰ ਕਿਹੜੇ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਵਾਂਗ ਨਿਮਰ ਹਾਂ? ਸਮਝਾਓ।
12 ਅਸੀਂ ਇਕ ਹੋਰ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਵਾਂਗ ਨਿਮਰ ਹਾਂ। ਜ਼ਰਾ ਕਲਪਨਾ ਕਰੋ ਕਿ ਇਕ ਜਵਾਨ ਸਹਾਇਕ ਸੇਵਕ ਨੇ ਪਹਿਲੀ ਵਾਰ ਪਬਲਿਕ ਭਾਸ਼ਣ ਦੇਣਾ ਹੈ। ਇਕ ਬਜ਼ੁਰਗ ਉਸ ਨਾਲ ਕਾਫ਼ੀ ਸਮਾਂ ਬਿਤਾਉਂਦਾ ਹੈ ਅਤੇ ਭਾਸ਼ਣ ਤਿਆਰ ਕਰਨ ਵਿਚ ਉਸ ਦੀ ਮਦਦ ਕਰਦਾ ਹੈ। ਇਸ ਕਰਕੇ ਉਹ ਸਹਾਇਕ ਸੇਵਕ ਬਹੁਤ ਵਧੀਆ ਭਾਸ਼ਣ ਦਿੰਦਾ ਹੈ ਅਤੇ ਮੰਡਲੀ ਵਿਚ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਹੈ। ਮੀਟਿੰਗ ਤੋਂ ਬਾਅਦ ਇਕ ਜਣਾ ਉਸ ਬਜ਼ੁਰਗ ਕੋਲ ਆ ਕੇ ਕਹਿੰਦਾ ਹੈ: ‘ਉਸ ਭਰਾ ਨੇ ਕਿੰਨਾ ਵਧੀਆ ਭਾਸ਼ਣ ਦਿੱਤਾ, ਹੈਨਾ?’ ਹੁਣ ਕੀ ਬਜ਼ੁਰਗ ਨੂੰ ਇਹ ਕਹਿਣਾ ਚਾਹੀਦਾ ਹੈ: ‘ਹਾਂ, ਪਰ ਮੈਨੂੰ ਉਸ ਦੀ ਬਹੁਤ ਮਦਦ ਕਰਨੀ ਪਈ’? ਜਾਂ ਉਸ ਨੂੰ ਨਿਮਰ ਹੋਣਾ ਚਾਹੀਦਾ ਹੈ ਅਤੇ ਕੁਝ ਅਜਿਹਾ ਕਹਿਣਾ ਚਾਹੀਦਾ ਹੈ: ‘ਸੱਚ-ਮੁੱਚ, ਉਸ ਨੇ ਬਹੁਤ ਵਧੀਆ ਭਾਸ਼ਣ ਦਿੱਤਾ। ਮੈਨੂੰ ਉਸ ʼਤੇ ਮਾਣ ਹੈ’? ਜਦੋਂ ਅਸੀਂ ਨਿਮਰ ਹੁੰਦੇ ਹਾਂ, ਤਾਂ ਅਸੀਂ ਦੂਜਿਆਂ ਲਈ ਕੀਤੇ ਚੰਗੇ ਕੰਮਾਂ ਦਾ ਸਿਹਰਾ ਆਪ ਨਹੀਂ ਲੈਂਦੇ। ਸਾਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਦੂਜਿਆਂ ਲਈ ਜੋ ਵੀ ਕਰਦੇ ਹਾਂ, ਯਹੋਵਾਹ ਉਸ ਨੂੰ ਦੇਖਦਾ ਅਤੇ ਉਸ ਦੀ ਕਦਰ ਕਰਦਾ ਹੈ। (ਮੱਤੀ 6:2-4; ਇਬ. 13:16 ਵਿਚ ਨੁਕਤਾ ਦੇਖੋ।) ਵਾਕਈ, ਜਦੋਂ ਅਸੀਂ ਯਿਸੂ ਵਾਂਗ ਨਿਮਰ ਬਣਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ।—1 ਪਤ. 5:6.
ਦਇਆ ਕਰਨੀ ਸਿੱਖੋ
13. ਯਿਸੂ ਨਾਇਨ ਸ਼ਹਿਰ ਕੋਲ ਕੀ ਦੇਖਦਾ ਹੈ ਅਤੇ ਉਹ ਕੀ ਕਰਦਾ ਹੈ? (ਲੂਕਾ 7:11-15)
13 ਲੂਕਾ 7:11-15 ਪੜ੍ਹੋ। ਜ਼ਰਾ ਉਸ ਸਮੇਂ ਬਾਰੇ ਕਲਪਨਾ ਕਰੋ ਜਦੋਂ ਯਿਸੂ ਨੂੰ ਆਪਣੀ ਸੇਵਕਾਈ ਕਰਦਿਆਂ ਲਗਭਗ ਡੇਢ ਸਾਲ ਹੋ ਗਿਆ ਸੀ। ਉਹ ਗਲੀਲ ਦੇ ਨਾਇਨ ਸ਼ਹਿਰ ਨੂੰ ਜਾ ਰਿਹਾ ਹੈ। ਇਹ ਸ਼ਹਿਰ ਸ਼ੂਨੇਮ ਤੋਂ ਥੋੜ੍ਹਾ ਹੀ ਦੂਰ ਹੈ ਜਿੱਥੇ ਲਗਭਗ 900 ਸਾਲ ਪਹਿਲਾਂ ਅਲੀਸ਼ਾ ਨਬੀ ਨੇ ਇਕ ਸ਼ੂਨੰਮੀ ਔਰਤ ਦੇ ਪੁੱਤਰ ਨੂੰ ਜੀਉਂਦਾ ਕੀਤਾ ਸੀ। (2 ਰਾਜ. 4:32-37) ਜਿਉਂ ਹੀ ਯਿਸੂ ਸ਼ਹਿਰ ਦੇ ਦਰਵਾਜ਼ੇ ਲਾਗੇ ਪਹੁੰਚਦਾ ਹੈ, ਤਾਂ ਉਹ ਦੇਖਦਾ ਹੈ ਕਿ ਸ਼ਹਿਰ ਵਿੱਚੋਂ ਇਕ ਅਰਥੀ ਲਿਜਾਈ ਜਾ ਰਹੀ ਹੈ। ਸਾਰੇ ਪਾਸੇ ਉਦਾਸੀ ਛਾਈ ਹੋਈ ਹੈ। ਇਕ ਵਿਧਵਾ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ। ਪਰ ਦੁੱਖਾਂ ਦੀ ਮਾਰੀ ਇਹ ਮਾਂ ਇਕੱਲੀ ਨਹੀਂ ਹੈ, ਸਗੋਂ ਸ਼ਹਿਰ ਦੇ ਬਹੁਤ ਸਾਰੇ ਲੋਕ ਉਸ ਨਾਲ ਜਾ ਰਹੇ ਹਨ। ਯਿਸੂ ਅਰਥੀ ਨੂੰ ਰੋਕਦਾ ਹੈ ਅਤੇ ਇਸ ਮਾਂ ਲਈ ਕੁਝ ਅਜਿਹਾ ਕਰਦਾ ਹੈ ਜਿਸ ਨਾਲ ਉਸ ਦੇ ਦੁੱਖ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਜਾਂਦੇ ਹਨ। ਉਹ ਉਸ ਦੇ ਪੁੱਤਰ ਨੂੰ ਦੁਬਾਰਾ ਜੀਉਂਦਾ ਕਰ ਦਿੰਦਾ ਹੈ! ਇੰਜੀਲ ਦੀਆਂ ਕਿਤਾਬਾਂ ਵਿਚ ਦਰਜ ਤਿੰਨ ਬਿਰਤਾਂਤਾਂ ਵਿੱਚੋਂ ਇਹ ਪਹਿਲਾ ਬਿਰਤਾਂਤ ਹੈ ਜਦੋਂ ਯਿਸੂ ਕਿਸੇ ਨੂੰ ਦੁਬਾਰਾ ਜੀਉਂਦਾ ਕਰਦਾ ਹੈ।
14. ਲੂਕਾ ਦੇ ਅਧਿਆਇ 7 ਵਿਚ ਦਰਜ ਬਿਰਤਾਂਤ ਦੀਆਂ ਕੁਝ ਖ਼ਾਸ ਗੱਲਾਂ ਦੱਸੋ। (ਤਸਵੀਰ ਵੀ ਦੇਖੋ।)
14 ਜ਼ਰਾ ਲੂਕਾ ਦੇ ਅਧਿਆਇ 7 ਵਿਚ ਦਰਜ ਇਸ ਬਿਰਤਾਂਤ ਦੀਆਂ ਕੁਝ ਖ਼ਾਸ ਗੱਲਾਂ ਵੱਲ ਧਿਆਨ ਦਿਓ। ਸ਼ਾਇਦ ਯਿਸੂ ਨੇ ਦੇਖਿਆ ਕਿ ਉਹ ਮਾਂ ਆਪਣੇ ਪੁੱਤਰ ਦੀ ਅਰਥੀ ਦੇ ਨਾਲ-ਨਾਲ ਤੁਰੀ ਜਾ ਰਹੀ ਹੈ ਅਤੇ ਕਿੰਨਾ ਰੋ ਰਹੀ ਹੈ। ਕੀ ਤੁਸੀਂ ਗੌਰ ਕੀਤਾ ਕਿ ਪਹਿਲਾਂ ਯਿਸੂ ਨੇ ਦੁੱਖਾਂ ਦੀ ਮਾਰੀ ਮਾਂ ਵੱਲ “ਦੇਖਿਆ,” ਫਿਰ “ਉਸ ਨੂੰ ਉਸ ਉੱਤੇ ਬੜਾ ਤਰਸ ਆਇਆ”? (ਆਇਤ 13) ਉਸ ਨੂੰ ਉਸ ਮਾਂ ʼਤੇ ਸਿਰਫ਼ ਤਰਸ ਹੀ ਨਹੀਂ ਆਇਆ, ਸਗੋਂ ਉਸ ਨੇ ਉਸ ਲਈ ਕੁਝ ਕੀਤਾ ਵੀ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਦਿਲ ਵਿਚ ਕਿੰਨੀ ਦਇਆ ਤੇ ਹਮਦਰਦੀ ਸੀ। ਯਿਸੂ ਨੇ ਉਸ ਨੂੰ ਕਿਹਾ: “ਨਾ ਰੋ।” ਬਿਨਾਂ ਸ਼ੱਕ, ਯਿਸੂ ਨੇ ਬੜੇ ਪਿਆਰ ਨਾਲ ਇੱਦਾਂ ਕਿਹਾ ਹੋਣਾ। ਫਿਰ ਯਿਸੂ ਨੇ ਉਸ ਮਾਂ ਦੀ ਮਦਦ ਕਰਨ ਲਈ ਉਸ ਦੇ ਪੁੱਤਰ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਅਤੇ “ਮੁੰਡੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।”—ਆਇਤਾਂ 14, 15.
15. ਅਸੀਂ ਯਿਸੂ ਦੇ ਇਸ ਚਮਤਕਾਰ ਤੋਂ ਕੀ ਸਿੱਖ ਸਕਦੇ ਹਾਂ?
15 ਯਿਸੂ ਦੇ ਇਸ ਚਮਤਕਾਰ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਹੀ ਕਿ ਸਾਨੂੰ ਸੋਗ ਮਨਾਉਣ ਵਾਲਿਆਂ ਨਾਲ ਹਮਦਰਦੀ ਜਤਾਉਣੀ ਚਾਹੀਦੀ ਹੈ। ਇਹ ਸੱਚ ਹੈ ਕਿ ਅਸੀਂ ਯਿਸੂ ਵਾਂਗ ਕਿਸੇ ਨੂੰ ਦੁਬਾਰਾ ਜੀਉਂਦਾ ਤਾਂ ਨਹੀਂ ਕਰ ਸਕਦੇ, ਪਰ ਅਸੀਂ ਉਸ ਵਾਂਗ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆ ਸਕਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ। ਅਸੀਂ ਹਮਦਰਦੀ ਕਿਵੇਂ ਜਤਾ ਸਕਦੇ ਹਾਂ? ਅਸੀਂ ਅਜਿਹੇ ਭੈਣਾਂ-ਭਰਾਵਾਂ ਵੱਲ ਥੋੜ੍ਹਾ ਹੋਰ ਧਿਆਨ ਦੇ ਸਕਦੇ ਹਾਂ। ਅਸੀਂ ਆਪ ਪਹਿਲ ਕਰ ਕੇ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ ਜਾਂ ਉਨ੍ਹਾਂ ਲਈ ਕੁਝ ਕਰ ਸਕਦੇ ਹਾਂ। d (ਕਹਾ. 17:17; 2 ਕੁਰਿੰ. 1:3, 4; 1 ਪਤ. 3:8) ਪਿਆਰ ਨਾਲ ਕਹੇ ਸਾਡੇ ਇਕ-ਦੋ ਸ਼ਬਦਾਂ ਜਾਂ ਸਾਡੇ ਹਾਵਾਂ-ਭਾਵਾਂ ਤੋਂ ਹੀ ਉਨ੍ਹਾਂ ਨੂੰ ਬਹੁਤ ਹੌਸਲਾ ਮਿਲ ਸਕਦਾ ਹੈ।
16. ਤੁਸੀਂ ਉਸ ਮਾਂ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹੋ ਜਿਸ ਦੀ ਕੁੜੀ ਦੀ ਮੌਤ ਹੋ ਗਈ? (ਤਸਵੀਰ ਵੀ ਦੇਖੋ।)
16 ਜ਼ਰਾ ਇਕ ਤਜਰਬੇ ʼਤੇ ਗੌਰ ਕਰੋ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਇਕ ਮੀਟਿੰਗ ਵਿਚ ਸਾਰੇ ਜਣੇ ਗੀਤ ਗਾ ਰਹੇ ਸਨ। ਇਹ ਗੀਤ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਬਾਰੇ ਸੀ। ਉਦੋਂ ਇਕ ਭੈਣ ਨੇ ਦੇਖਿਆ ਕਿ ਥੋੜ੍ਹੀ ਦੂਰ ਖੜ੍ਹੀ ਇਕ ਭੈਣ ਰੋ ਰਹੀ ਸੀ। ਉਸ ਨੂੰ ਯਾਦ ਆਇਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਭੈਣ ਦੀ ਕੁੜੀ ਦੀ ਮੌਤ ਹੋ ਗਈ ਸੀ। ਭੈਣ ਫ਼ੌਰਨ ਉਸ ਮਾਂ ਕੋਲ ਗਈ ਅਤੇ ਉਸ ਦੇ ਮੋਢੇ ʼਤੇ ਹੱਥ ਰੱਖ ਕੇ ਉਸ ਨਾਲ ਬਾਕੀ ਦਾ ਗੀਤ ਗਾਇਆ। ਉਸ ਮਾਂ ਨੇ ਕਿਹਾ: “ਉਸ ਵੇਲੇ ਭੈਣਾਂ-ਭਰਾਵਾਂ ਲਈ ਮੇਰੇ ਦਿਲ ਵਿਚ ਪਿਆਰ ਹੋਰ ਵੀ ਵਧ ਗਿਆ।” ਉਹ ਬਹੁਤ ਖ਼ੁਸ਼ ਸੀ ਕਿ ਉਹ ਉਸ ਦਿਨ ਮੀਟਿੰਗ ਵਿਚ ਗਈ। ਉਹ ਅੱਗੇ ਕਹਿੰਦੀ ਹੈ: “ਕਿੰਗਡਮ ਹਾਲ ਹੀ ਉਹ ਥਾਂ ਹੈ ਜਿੱਥੇ ਸਾਨੂੰ ਮਦਦ ਮਿਲ ਸਕਦੀ ਹੈ।” ਜਦੋਂ ਅਸੀਂ “ਕੁਚਲੇ ਮਨ ਵਾਲਿਆਂ” ਨਾਲ ਦਇਆ ਨਾਲ ਪੇਸ਼ ਆਉਂਦੇ ਹਾਂ ਤੇ ਉਨ੍ਹਾਂ ਲਈ ਕੁਝ ਵੀ ਕਰਦੇ ਹਾਂ, ਤਾਂ ਯਹੋਵਾਹ ਇਸ ਵੱਲ ਧਿਆਨ ਦਿੰਦਾ ਹੈ ਅਤੇ ਉਹ ਇਸ ਦੀ ਬਹੁਤ ਕਦਰ ਕਰਦਾ ਹੈ।—ਜ਼ਬੂ. 34:18.
ਯਿਸੂ ਦੇ ਚਮਤਕਾਰਾਂ ਬਾਰੇ ਅਧਿਐਨ ਕਰੋ
17. ਯਿਸੂ ਦੇ ਚਮਤਕਾਰਾਂ ਬਾਰੇ ਅਧਿਐਨ ਕਰ ਕੇ ਅਸੀਂ ਕੀ ਸਿੱਖ ਸਕਦੇ ਹਾਂ?
17 ਇੰਜੀਲ ਦੀਆਂ ਕਿਤਾਬਾਂ ਵਿਚ ਦਰਜ ਯਿਸੂ ਦੇ ਚਮਤਕਾਰਾਂ ਬਾਰੇ ਦਰਜ ਬਿਰਤਾਂਤਾਂ ਦਾ ਅਧਿਐਨ ਕਰ ਕੇ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਇਨ੍ਹਾਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਯਹੋਵਾਹ ਤੇ ਯਿਸੂ ਸਾਨੂੰ ਕਿੰਨਾ ਪਿਆਰ ਕਰਦੇ ਹਨ। ਯਿਸੂ ਕੋਲ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਦੀ ਤਾਕਤ ਹੈ। ਸਾਡਾ ਇਸ ਗੱਲ ʼਤੇ ਭਰੋਸਾ ਹੋਰ ਵੀ ਵਧੇਗਾ ਕਿ ਯਹੋਵਾਹ ਬਹੁਤ ਜਲਦੀ ਆਪਣੇ ਰਾਜ ਵਿਚ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਇਨ੍ਹਾਂ ਬਿਰਤਾਂਤਾਂ ਬਾਰੇ ਅਧਿਐਨ ਕਰਦਿਆਂ ਅਸੀਂ ਸੋਚ-ਵਿਚਾਰ ਕਰ ਸਕਦੇ ਹਾਂ ਕਿ ਇਨ੍ਹਾਂ ਤੋਂ ਸਾਨੂੰ ਯਿਸੂ ਦੇ ਕਿਹੜੇ ਗੁਣਾਂ ਬਾਰੇ ਪਤਾ ਲੱਗਦਾ ਹੈ ਅਤੇ ਅਸੀਂ ਉਹ ਗੁਣ ਕਿਵੇਂ ਦਿਖਾ ਸਕਦੇ ਹਾਂ। ਕਿਉਂ ਨਾ ਤੁਸੀਂ ਆਪ ਜਾਂ ਪਰਿਵਾਰ ਨਾਲ ਬਾਈਬਲ ਦਾ ਅਧਿਐਨ ਕਰਦਿਆਂ ਯਿਸੂ ਦੇ ਹੋਰ ਚਮਤਕਾਰਾਂ ਬਾਰੇ ਜ਼ਿਆਦਾ ਜਾਣਕਾਰੀ ਲਓ? ਸੋਚੋ ਕਿ ਤੁਸੀਂ ਉਨ੍ਹਾਂ ਤੋਂ ਕਿਹੜੀਆਂ ਗੱਲਾਂ ਸਿੱਖਦੇ ਹੋ ਅਤੇ ਫਿਰ ਤੁਸੀਂ ਉਹ ਗੱਲਾਂ ਦੂਜਿਆਂ ਨੂੰ ਵੀ ਦੱਸ ਸਕਦੇ ਹੋ। ਜ਼ਰਾ ਕਲਪਨਾ ਕਰੋ ਕਿ ਇੱਦਾਂ ਕਰਨ ਨਾਲ ਤੁਹਾਡੀ ਭੈਣਾਂ-ਭਰਾਵਾਂ ਨਾਲ ਕਿੰਨੀ ਵਧੀਆ ਗੱਲ ਹੋਵੇਗੀ ਅਤੇ ਤੁਸੀਂ ਇਕ-ਦੂਜੇ ਦਾ ਕਿੰਨਾ ਹੌਸਲਾ ਵਧਾ ਸਕੋਗੇ!—ਰੋਮੀ. 1:11, 12.
18. ਅਗਲੇ ਲੇਖ ਵਿਚ ਅਸੀਂ ਕੀ ਜਾਣਾਂਗੇ?
18 ਆਪਣੀ ਸੇਵਕਾਈ ਦੇ ਅਖ਼ੀਰ ਵਿਚ ਯਿਸੂ ਚਮਤਕਾਰ ਕਰ ਕੇ ਇਕ ਹੋਰ ਵਿਅਕਤੀ ਨੂੰ ਦੁਬਾਰਾ ਜੀਉਂਦਾ ਕਰਦਾ ਹੈ। ਪਰ ਇਹ ਚਮਤਕਾਰ ਬਾਕੀ ਦੋ ਚਮਤਕਾਰਾਂ ਨਾਲੋਂ ਵੱਖਰਾ ਸੀ। ਉਹ ਆਪਣੇ ਜਿਗਰੀ ਦੋਸਤ ਨੂੰ ਜੀਉਂਦਾ ਕਰਦਾ ਹੈ ਜਿਸ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਚੁੱਕੇ ਸਨ। ਅਸੀਂ ਇੰਜੀਲ ਵਿਚ ਦਰਜ ਇਸ ਚਮਤਕਾਰ ਤੋਂ ਕੀ ਸਿੱਖ ਸਕਦੇ ਹਾਂ? ਨਾਲੇ ਅਸੀਂ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਆਪਣੀ ਨਿਹਚਾ ਕਿਵੇਂ ਪੱਕੀ ਕਰ ਸਕਦੇ ਹਾਂ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।
ਗੀਤ 20 ਤੂੰ ਅੱਖਾਂ ਦਾ ਤਾਰਾ ਵਾਰਿਆ
a ਯਿਸੂ ਨੇ ਇਕ ਜ਼ਬਰਦਸਤ ਤੂਫ਼ਾਨ ਨੂੰ ਸ਼ਾਂਤ ਕੀਤਾ, ਬੀਮਾਰਾਂ ਨੂੰ ਠੀਕ ਕੀਤਾ ਅਤੇ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ। ਯਿਸੂ ਦੇ ਇਨ੍ਹਾਂ ਚਮਤਕਾਰਾਂ ਬਾਰੇ ਪੜ੍ਹ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਪਰ ਬਾਈਬਲ ਵਿਚ ਇਹ ਬਿਰਤਾਂਤ ਸਾਡੇ ਮਨੋਰੰਜਨ ਲਈ ਨਹੀਂ ਲਿਖੇ ਗਏ, ਸਗੋਂ ਸਾਨੂੰ ਸਿਖਾਉਣ ਲਈ ਲਿਖਵਾਏ ਗਏ ਹਨ। ਇਸ ਲੇਖ ਵਿਚ ਅਸੀਂ ਯਿਸੂ ਦੇ ਕੁਝ ਚਮਤਕਾਰਾਂ ਬਾਰੇ ਚਰਚਾ ਕਰਾਂਗੇ। ਅਸੀਂ ਜਾਣਾਂਗੇ ਕਿ ਇਨ੍ਹਾਂ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਕੁਝ ਸਿੱਖ ਸਕਦੇ ਹਾਂ ਜਿਸ ਕਰਕੇ ਸਾਡੀ ਨਿਹਚਾ ਵਧੇਗੀ। ਨਾਲੇ ਇਨ੍ਹਾਂ ਚਮਤਕਾਰਾਂ ਤੋਂ ਅਸੀਂ ਕੁਝ ਅਜਿਹੇ ਗੁਣਾਂ ਬਾਰੇ ਜਾਣਾਂਗੇ ਜੋ ਸਾਨੂੰ ਆਪਣੇ ਅੰਦਰ ਪੈਦਾ ਕਰਨੇ ਚਾਹੀਦੇ ਹਨ।
b ਬਾਈਬਲ ਦਾ ਇਕ ਵਿਦਵਾਨ ਦੱਸਦਾ ਹੈ: “ਪੂਰਬੀ ਦੇਸ਼ਾਂ ਵਿਚ ਲੋਕ ਪਰਾਹੁਣਚਾਰੀ ਕਰਨਾ ਆਪਣਾ ਫ਼ਰਜ਼ ਸਮਝਦੇ ਸਨ। ਮੇਜ਼ਬਾਨ ਨੂੰ ਇਸ ਗੱਲ ਦਾ ਬੜਾ ਧਿਆਨ ਰੱਖਣਾ ਪੈਂਦਾ ਸੀ ਕਿ ਸਾਰਾ ਪ੍ਰਬੰਧ ਮਹਿਮਾਨਾਂ ਦੀਆਂ ਲੋੜਾਂ ਨਾਲੋਂ ਵੱਧ ਕੇ ਹੋਵੇ। ਇਕ ਵਧੀਆ ਮੇਜ਼ਬਾਨ ਦਿਲ ਖੋਲ੍ਹ ਕੇ ਖਾਣ-ਪੀਣ ਦੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਸੀ, ਖ਼ਾਸ ਕਰਕੇ ਵਿਆਹ ਦੀਆਂ ਦਾਅਵਤਾਂ ਵੇਲੇ।”
c ਇੰਜੀਲ ਦੀਆਂ ਕਿਤਾਬਾਂ ਵਿਚ ਯਿਸੂ ਦੇ 30 ਤੋਂ ਜ਼ਿਆਦਾ ਚਮਤਕਾਰਾਂ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਯਿਸੂ ਨੇ ਹੋਰ ਵੀ ਬਹੁਤ ਸਾਰੇ ਚਮਤਕਾਰ ਕੀਤੇ ਜਿਨ੍ਹਾਂ ਬਾਰੇ ਬਾਈਬਲ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਕ ਮੌਕੇ ʼਤੇ “ਸਾਰਾ ਸ਼ਹਿਰ” ਯਿਸੂ ਕੋਲ ਆਇਆ ਅਤੇ “ਉਸ ਨੇ ਤਰ੍ਹਾਂ-ਤਰ੍ਹਾਂ ਦੇ ਰੋਗੀਆਂ ਨੂੰ ਠੀਕ ਕੀਤਾ।”—ਮਰ. 1:32-34.
d ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ, ਉਨ੍ਹਾਂ ਨੂੰ ਦਿਲਾਸਾ ਦੇਣ ਲਈ ਤੁਸੀਂ ਕੀ ਕਹਿ ਜਾਂ ਕਰ ਸਕਦੇ ਹੋ? ਇਸ ਬਾਰੇ ਜਾਣਨ ਲਈ 2016 ਦੇ ਪਹਿਰਾਬੁਰਜ ਨੰ. 3 ਵਿਚ “ਵਿਛੋੜੇ ਦਾ ਗਮ ਸਹਿ ਰਹੇ ਲੋਕਾਂ ਨੂੰ ਦਿਲਾਸਾ ਦਿਓ” ਨਾਂ ਦਾ ਲੇਖ ਦੇਖੋ।
e ਤਸਵੀਰ ਬਾਰੇ ਜਾਣਕਾਰੀ: ਯਿਸੂ ਪਿੱਛੇ ਖੜ੍ਹਾ ਹੈ ਅਤੇ ਲਾੜਾ-ਲਾੜੀ ਅਤੇ ਉਨ੍ਹਾਂ ਦੇ ਮਹਿਮਾਨ ਵਧੀਆ ਦਾਖਰਸ ਦਾ ਮਜ਼ਾ ਲੈਂਦੇ ਹੋਏ।