Skip to content

Skip to table of contents

ਜੀਵਨੀ

ਮੇਰੀਆਂ ਕਮਜ਼ੋਰੀਆਂ ਵਿਚ ਪਰਮੇਸ਼ੁਰ ਦੀ ਤਾਕਤ ਸਾਫ਼ ਦਿਖਾਈ ਦਿੱਤੀ

ਮੇਰੀਆਂ ਕਮਜ਼ੋਰੀਆਂ ਵਿਚ ਪਰਮੇਸ਼ੁਰ ਦੀ ਤਾਕਤ ਸਾਫ਼ ਦਿਖਾਈ ਦਿੱਤੀ

1985 ਵਿਚ ਮੈਂ ਤੇ ਮੇਰੀ ਪਤਨੀ ਕੋਲੰਬੀਆ ਆਏ। ਉਸ ਵੇਲੇ ਪੂਰੇ ਦੇਸ਼ ਵਿਚ ਹਿੰਸਕ ਮਾਹੌਲ ਸੀ। ਸਰਕਾਰ ਸ਼ਹਿਰਾਂ ਵਿਚ ਵੱਡੇ-ਵੱਡੇ ਡ੍ਰੱਗ ਮਾਫੀਆ ਅਤੇ ਪਹਾੜੀ ਇਲਾਕਿਆਂ ਵਿਚ ਗੁਰੀਲਾ ਗੁੱਟਾਂ ਨਾਲ ਲੜਨ ਵਿਚ ਵਿਅਸਤ ਸੀ। ਮੇਡੇਲਿਨ ਵਿਚ ਜਿੱਥੇ ਅਸੀਂ ਬਾਅਦ ਵਿਚ ਸੇਵਾ ਕੀਤੀ, ਉੱਥੇ ਛੋਟੇ-ਛੋਟੇ ਮੁੰਡਿਆਂ ਦਾ ਗੈਂਗ ਸੀ। ਇਸ ਗੈਂਗ ਦੇ ਮੁੰਡੇ ਬੰਦੂਕਾਂ ਲੈ ਕੇ ਇੱਧਰ-ਉੱਧਰ ਘੁੰਮਦੇ ਆਮ ਨਜ਼ਰ ਆਉਂਦੇ ਸਨ। ਉਹ ਡ੍ਰੱਗਜ਼ ਵੇਚਦੇ ਸਨ, ਧਮਕੀ ਦੇ ਕੇ ਪੈਸੇ ਵਸੂਲਦੇ ਸਨ ਅਤੇ ਸੁਪਾਰੀ ਲੈ ਕੇ ਦੂਜਿਆਂ ਦਾ ਕਤਲ ਵੀ ਕਰਦੇ ਸਨ। ਇਸ ਕਰਕੇ ਛੋਟੀ ਉਮਰ ਵਿਚ ਹੀ ਕਈ ਮੁੰਡੇ ਆਪਣੀ ਜਾਨ ਗੁਆ ਬੈਠਦੇ ਸਨ। ਉੱਥੇ ਪਹੁੰਚ ਕੇ ਸਾਨੂੰ ਇੱਦਾਂ ਲੱਗਾ ਜਿੱਦਾਂ ਅਸੀਂ ਅਲੱਗ ਹੀ ਦੁਨੀਆਂ ਵਿਚ ਆ ਗਏ ਹੋਈਏ।

ਮੈਂ ਤੇ ਮੇਰੀ ਪਤਨੀ ਫਿਨਲੈਂਡ ਤੋਂ ਹਾਂ ਅਤੇ ਅਸੀਂ ਬਹੁਤ ਹੀ ਆਮ ਜਿਹੇ ਲੋਕ ਹਾਂ। ਪਰ ਅਸੀਂ ਉੱਤਰ ਤੋਂ ਇੰਨੀ ਦੂਰ ਦੱਖਣੀ ਅਮਰੀਕਾ ਵਿਚ ਕਿੱਦਾਂ ਆ ਗਏ ਅਤੇ ਸਮੇਂ ਦੇ ਬੀਤਣ ਨਾਲ ਅਸੀਂ ਕੀ-ਕੀ ਸਿੱਖਿਆ? ਆਓ ਮੈਂ ਤੁਹਾਨੂੰ ਦੱਸਦਾ ਹਾਂ।

ਮੈਂ ਫਿਨਲੈਂਡ ਵਿਚ ਵੱਡਾ ਹੋਇਆ

ਮੇਰਾ ਜਨਮ 1955 ਵਿਚ ਹੋਇਆ ਸੀ। ਮੇਰੇ ਦੋ ਵੱਡੇ ਭਰਾ ਹਨ। ਮੈਂ ਵਾਂਟਾ ਸ਼ਹਿਰ ਵਿਚ ਵੱਡਾ ਹੋਇਆ ਜੋ ਫਿਨਲੈਂਡ ਦੇ ਦੱਖਣੀ ਤਟ ʼਤੇ ਹੈ।

ਮੇਰੇ ਜਨਮ ਤੋਂ ਕੁਝ ਸਾਲ ਪਹਿਲਾਂ ਹੀ ਮੰਮੀ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ ਸਨ। ਪਰ ਡੈਡੀ ਨੂੰ ਇਹ ਸਭ ਪਸੰਦ ਨਹੀਂ ਸੀ। ਇਸ ਲਈ ਉਨ੍ਹਾਂ ਨੇ ਮੰਮੀ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਸਾਨੂੰ ਬੱਚਿਆਂ ਨੂੰ ਨਾ ਹੀ ਬਾਈਬਲ ਤੋਂ ਕੁਝ ਸਿਖਾਉਣ ਤੇ ਨਾ ਹੀ ਸਭਾਵਾਂ ਵਿਚ ਲੈ ਕੇ ਜਾਣ। ਇਸ ਲਈ ਮੰਮੀ ਸਾਨੂੰ ਉਦੋਂ ਹੀ ਬਾਈਬਲ ਤੋਂ ਗੱਲਾਂ ਸਿਖਾਉਂਦੇ ਸਨ ਜਦੋਂ ਡੈਡੀ ਘਰ ਨਹੀਂ ਹੁੰਦੇ ਸਨ।

ਸੱਤ ਸਾਲਾਂ ਦੀ ਉਮਰ ਵਿਚ ਮੈਂ ਯਹੋਵਾਹ ਦਾ ਕਹਿਣਾ ਮੰਨਿਆ

ਬਚਪਨ ਤੋਂ ਹੀ ਮੈਂ ਯਹੋਵਾਹ ਦਾ ਕਹਿਣਾ ਮੰਨਣਾ ਚਾਹੁੰਦਾ ਸੀ। ਮਿਸਾਲ ਲਈ, ਜਦੋਂ ਮੈਂ ਸੱਤ ਸਾਲਾਂ ਦਾ ਸੀ, ਤਾਂ ਸਕੂਲ ਵਿਚ ਮੇਰੀ ਟੀਚਰ ਨੇ ਮੈਨੂੰ ਵੇਰੀਲਾਟੇਆ (ਇਕ ਤਰ੍ਹਾਂ ਦਾ ਖਾਣਾ ਜਿਸ ਵਿਚ ਖ਼ੂਨ ਮਿਲਿਆ ਹੁੰਦਾ ਹੈ) ਖਿਲਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਮੈਂ ਖਾਣ ਤੋਂ ਮਨ੍ਹਾ ਕੀਤਾ, ਤਾਂ ਮੇਰੀ ਟੀਚਰ ਨੂੰ ਬਹੁਤ ਗੁੱਸਾ ਆ ਗਿਆ। ਉਸ ਨੇ ਇਕ ਹੱਥ ਨਾਲ ਮੇਰਾ ਮੂੰਹ ਫੜਿਆ ਤੇ ਦੂਜੇ ਹੱਥ ਨਾਲ ਮੇਰੇ ਮੂੰਹ ਵਿਚ ਵੇਰੀਲਾਟੇਆ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਉਨ੍ਹਾਂ ਦਾ ਹੱਥ ਪਰੇ ਕਰ ਕੇ ਚਮਚਾ ਥੱਲੇ ਸੁੱਟ ਦਿੱਤਾ।

ਜਦੋਂ ਮੈਂ 12 ਸਾਲਾਂ ਦਾ ਸੀ, ਤਾਂ ਮੇਰੇ ਡੈਡੀ ਗੁਜ਼ਰ ਗਏ। ਇਸ ਤੋਂ ਬਾਅਦ ਮੈਂ ਸਭਾਵਾਂ ਵਿਚ ਜਾਣਾ ਸ਼ੁਰੂ ਕੀਤਾ। ਮੰਡਲੀ ਦੇ ਭਰਾਵਾਂ ਨੇ ਮੇਰੇ ਵਿਚ ਦਿਲਚਸਪੀ ਲਈ ਤੇ ਮੇਰੀ ਬਹੁਤ ਮਦਦ ਕੀਤੀ। ਇਸ ਕਰਕੇ ਮੇਰੇ ਅੰਦਰ ਯਹੋਵਾਹ ਦੇ ਹੋਰ ਨੇੜੇ ਆਉਣ ਦੀ ਇੱਛਾ ਜਾਗੀ। ਮੈਂ ਹਰ ਰੋਜ਼ ਬਾਈਬਲ ਪੜ੍ਹਨ ਲੱਗਾ ਤੇ ਹੋਰ ਪ੍ਰਕਾਸ਼ਨਾਂ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਲੱਗਾ। ਇਨ੍ਹਾਂ ਚੰਗੀਆਂ ਆਦਤਾਂ ਕਰਕੇ ਮੈਂ 8 ਅਗਸਤ 1969 ਨੂੰ ਬਪਤਿਸਮਾ ਲੈ ਲਿਆ। ਉਸ ਵੇਲੇ ਮੈਂ ਸਿਰਫ਼ 14 ਸਾਲਾਂ ਦਾ ਸੀ।

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਸ ਤੋਂ ਕੁਝ ਹਫ਼ਤਿਆਂ ਬਾਅਦ ਹੀ ਮੈਂ ਪੀਲਾਵੇਸੀ ਨਾਂ ਦੀ ਇਕ ਜਗ੍ਹਾ ʼਤੇ ਜਾ ਕੇ ਸੇਵਾ ਕਰਨ ਲੱਗ ਪਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਇਹ ਜਗ੍ਹਾ ਫਿਨਲੈਂਡ ਦੇ ਬਿਲਕੁਲ ਵਿਚਕਾਰ ਹੈ।

ਪੀਲਾਵੇਸੀ ਵਿਚ ਮੇਰੀ ਮੁਲਾਕਾਤ ਸੀਰਕਾ ਨਾਂ ਦੀ ਇਕ ਕੁੜੀ ਨਾਲ ਹੋਈ। ਉਹ ਮੈਨੂੰ ਬਹੁਤ ਚੰਗੀ ਲੱਗੀ ਕਿਉਂਕਿ ਉਹ ਨਿਮਰ ਸੀ ਤੇ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਸੀ। ਉਹ ਕਦੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਦੀ ਸੀ ਤੇ ਨਾ ਹੀ ਉਹ ਚੀਜ਼ਾਂ ਨਾਲ ਪਿਆਰ ਕਰਦੀ ਸੀ। ਅਸੀਂ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਨੀ ਚਾਹੁੰਦੇ ਸੀ, ਫਿਰ ਚਾਹੇ ਸਾਨੂੰ ਜਿਹੜਾ ਮਰਜ਼ੀ ਕੰਮ ਦਿੱਤਾ ਜਾਵੇ। 23 ਮਾਰਚ 1974 ਨੂੰ ਸਾਡਾ ਵਿਆਹ ਹੋ ਗਿਆ। ਹਨੀਮੂਨ ʼਤੇ ਜਾਣ ਦੀ ਬਜਾਇ ਅਸੀਂ ਸਿੱਧਾ ਕਾਰਟੂਲਾ ਚਲੇ ਗਏ ਜਿੱਥੇ ਪ੍ਰਚਾਰਕਾਂ ਦੀ ਬਹੁਤ ਜ਼ਿਆਦਾ ਲੋੜ ਸੀ।

ਫਿਨਲੈਂਡ ਦੇ ਕਾਰਟੂਲਾ ਸ਼ਹਿਰ ਵਿਚ ਸਾਡਾ ਕਿਰਾਏ ਦਾ ਘਰ

ਯਹੋਵਾਹ ਨੇ ਸਾਡੀ ਦੇਖ-ਭਾਲ ਕੀਤੀ

ਕਾਰ ਜਿਹੜੀ ਮੇਰੇ ਭਰਾ ਨੇ ਸਾਨੂੰ ਦਿੱਤੀ ਸੀ

ਜਦੋਂ ਤੋਂ ਸਾਡਾ ਵਿਆਹ ਹੋਇਆ ਹੈ, ਯਹੋਵਾਹ ਨੇ ਸਾਡੀ ਦੇਖ-ਭਾਲ ਕੀਤੀ ਹੈ। ਅਸੀਂ ਦੇਖਿਆ ਹੈ ਕਿ ਜਦੋਂ ਅਸੀਂ ਉਸ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਜਗ੍ਹਾ ਦਿੰਦੇ ਹਾਂ, ਤਾਂ ਸਾਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੁੰਦੀ। (ਮੱਤੀ 6:33) ਮਿਸਾਲ ਲਈ, ਕਾਰਟੂਲਾ ਵਿਚ ਹੁੰਦਿਆਂ ਸਾਡੇ ਕੋਲ ਕਾਰ ਨਹੀਂ ਸੀ। ਅਸੀਂ ਹਰ ਜਗ੍ਹਾ ਸਾਈਕਲ ʼਤੇ ਆਉਂਦੇ-ਜਾਂਦੇ ਸੀ। ਪਰ ਉੱਥੇ ਸਰਦੀਆਂ ਵਿਚ ਕੜਾਕੇ ਦੀ ਠੰਢ ਪੈਂਦੀ ਸੀ ਤੇ ਅਸੀਂ ਪ੍ਰਚਾਰ ਲਈ ਵੀ ਦੂਰ-ਦੂਰ ਜਾਂਦੇ ਸੀ। ਇਸ ਲਈ ਸਾਨੂੰ ਕਾਰ ਦੀ ਲੋੜ ਸੀ। ਪਰ ਸਾਡੇ ਕੋਲ ਕਾਰ ਖਰੀਦਣ ਜੋਗੇ ਪੈਸੇ ਨਹੀਂ ਸਨ।

ਇਕ ਦਿਨ ਅਚਾਨਕ ਮੇਰਾ ਭਰਾ ਸਾਨੂੰ ਮਿਲਣ ਆਇਆ। ਉਸ ਨੇ ਸਾਨੂੰ ਆਪਣੀ ਕਾਰ ਦੇ ਦਿੱਤੀ। ਉਸ ਨੇ ਕਾਰ ਦੀ ਇੰਸ਼ੋਰੈਂਸ ਪਹਿਲਾਂ ਤੋਂ ਹੀ ਕਰਵਾਈ ਹੋਈ ਸੀ, ਬੱਸ ਅਸੀਂ ਕਾਰ ਵਿਚ ਪੈਟਰੋਲ ਭਰਾਉਣਾ ਸੀ। ਇੱਦਾਂ ਸਾਡੇ ਕੋਲ ਕਾਰ ਵੀ ਆ ਗਈ।

ਸਾਨੂੰ ਤਾਂ ਇੱਦਾਂ ਲੱਗਾ ਜਿੱਦਾਂ ਯਹੋਵਾਹ ਸਾਨੂੰ ਕਹਿ ਰਿਹਾ ਹੋਵੇ, ‘ਤੁਸੀਂ ਬੱਸ ਰਾਜ ਨੂੰ ਪਹਿਲੀ ਥਾਂ ਦਿਓ, ਬਾਕੀ ਸਭ ਮੈਂ ਦੇਖ ਲਵਾਂਗਾ।’

ਅਸੀਂ ਗਿਲਿਅਡ ਸਕੂਲ ਗਏ

1978 ਵਿਚ ਸਾਡੀ ‘ਪਾਇਨੀਅਰ ਸੇਵਾ ਸਕੂਲ’ ਦੀ ਕਲਾਸ

1978 ਵਿਚ ਅਸੀਂ ‘ਪਾਇਨੀਅਰ ਸੇਵਾ ਸਕੂਲ’ ਲਈ ਗਏ। ਉੱਥੇ ਇਕ ਸਿੱਖਿਅਕ ਭਰਾ ਰਾਇਮੋ ਕਵੋਕਾਨਨ a ਨੇ ਸਾਨੂੰ ਕਿਹਾ, ‘ਤੁਸੀਂ ਗਿਲਿਅਡ ਸਕੂਲ ਲਈ ਫ਼ਾਰਮ ਕਿਉਂ ਨਹੀਂ ਭਰਦੇ?’ ਗਿਲਿਅਡ ਜਾਣ ਲਈ ਅੰਗ੍ਰੇਜ਼ੀ ਸਿੱਖਣੀ ਬਹੁਤ ਜ਼ਰੂਰੀ ਸੀ, ਇਸ ਲਈ ਅਸੀਂ ਅੰਗ੍ਰੇਜ਼ੀ ਸਿੱਖਣੀ ਸ਼ੁਰੂ ਕਰ ਦਿੱਤੀ। ਪਰ ਇਸ ਤੋਂ ਪਹਿਲਾਂ ਕਿ ਅਸੀਂ ਗਿਲਿਅਡ ਲਈ ਫ਼ਾਰਮ ਭਰਦੇ, 1980 ਵਿਚ ਸਾਨੂੰ ਫਿਨਲੈਂਡ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਬੁਲਾ ਲਿਆ ਗਿਆ। ਉਸ ਵੇਲੇ ਬੈਥਲ ਵਿਚ ਸੇਵਾ ਕਰਨ ਵਾਲੇ ਗਿਲਿਅਡ ਲਈ ਫ਼ਾਰਮ ਨਹੀਂ ਭਰ ਸਕਦੇ ਸਨ। ਪਰ ਅਸੀਂ ਉੱਥੇ ਸੇਵਾ ਕਰਨੀ ਚਾਹੁੰਦੇ ਸੀ ਜਿੱਥੇ ਯਹੋਵਾਹ ਚਾਹੁੰਦਾ ਸੀ, ਨਾ ਕਿ ਉੱਥੇ ਜਿੱਥੇ ਅਸੀਂ ਚਾਹੁੰਦੇ ਸੀ। ਇਸ ਲਈ ਅਸੀਂ ਬੈਥਲ ਜਾਣ ਦਾ ਫ਼ੈਸਲਾ ਕੀਤਾ। ਪਰ ਅਸੀਂ ਇਹ ਸੋਚ ਕੇ ਅੰਗ੍ਰੇਜ਼ੀ ਵੀ ਸਿੱਖਦੇ ਰਹੇ ਕਿ ਜੇ ਸਾਨੂੰ ਕਦੀ ਗਿਲਿਅਡ ਲਈ ਬੁਲਾਇਆ ਗਿਆ, ਤਾਂ ਅਸੀਂ ਤਿਆਰ ਰਹੀਏ।

ਕੁਝ ਸਾਲਾਂ ਬਾਅਦ ਪ੍ਰਬੰਧਕ ਸਭਾ ਨੇ ਫ਼ੈਸਲਾ ਕੀਤਾ ਕਿ ਬੈਥਲ ਵਿਚ ਸੇਵਾ ਕਰਨ ਵਾਲੇ ਭੈਣ-ਭਰਾ ਵੀ ਗਿਲਿਅਡ ਦਾ ਫ਼ਾਰਮ ਭਰ ਸਕਦੇ ਹਨ। ਫਿਰ ਕੀ ਸੀ, ਅਸੀਂ ਤੁਰੰਤ ਫ਼ਾਰਮ ਭਰ ਦਿੱਤਾ। ਪਰ ਫ਼ਾਰਮ ਅਸੀਂ ਇਸ ਲਈ ਨਹੀਂ ਭਰਿਆ ਸੀ ਕਿ ਅਸੀਂ ਬੈਥਲ ਵਿਚ ਖ਼ੁਸ਼ ਨਹੀਂ ਸੀ, ਸਗੋਂ ਅਸੀਂ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੋਵੇ। ਫਿਰ ਸਾਨੂੰ ਗਿਲਿਅਡ ਜਾਣ ਦਾ ਸੱਦਾ ਮਿਲਿਆ। ਸਤੰਬਰ 1985 ਵਿਚ ਅਸੀਂ ਗਿਲਿਅਡ ਦੀ 79ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਅਤੇ ਸਾਨੂੰ ਕੋਲੰਬੀਆ ਭੇਜ ਦਿੱਤਾ ਗਿਆ।

ਸਾਡੀ ਮਿਸ਼ਨਰੀ ਸੇਵਾ ਦੀ ਸ਼ੁਰੂਆਤ

ਕੋਲੰਬੀਆ ਵਿਚ ਸਾਨੂੰ ਸਭ ਤੋਂ ਪਹਿਲਾਂ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਕਿਹਾ ਗਿਆ। ਇਕ ਸਾਲ ਤਕ ਮੈਂ ਦਿਲ ਲਾ ਕੇ ਉੱਥੇ ਸੇਵਾ ਕੀਤੀ। ਪਰ ਫਿਰ ਮੈਂ ਭਰਾਵਾਂ ਨੂੰ ਕਿਹਾ ਕਿ ਅਸੀਂ ਕਿਤੇ ਹੋਰ ਸੇਵਾ ਕਰਨੀ ਚਾਹੁੰਦੇ ਹਾਂ। ਇਹ ਪਹਿਲੀ ਤੇ ਆਖ਼ਰੀ ਵਾਰ ਸੀ ਜਦੋਂ ਮੈਂ ਭਰਾਵਾਂ ਨੂੰ ਇੱਦਾਂ ਦਾ ਕੁਝ ਕਿਹਾ ਸੀ। ਇਸ ਤੋਂ ਬਾਅਦ ਸਾਨੂੰ ਮਿਸ਼ਨਰੀ ਸੇਵਾ ਲਈ ਵੀਲਾ ਇਲਾਕੇ ਦੇ ਨੇਵਾ ਸ਼ਹਿਰ ਭੇਜ ਦਿੱਤਾ ਗਿਆ।

ਮੈਨੂੰ ਹਮੇਸ਼ਾ ਤੋਂ ਹੀ ਪ੍ਰਚਾਰ ਕਰਨਾ ਬਹੁਤ ਪਸੰਦ ਸੀ। ਕੁਆਰੇ ਹੁੰਦਿਆਂ ਮੈਂ ਫਿਨਲੈਂਡ ਵਿਚ ਬਹੁਤ ਵਾਰ ਸਵੇਰ ਤੋਂ ਲੈ ਸ਼ਾਮ ਤਕ ਪ੍ਰਚਾਰ ਕਰਦਾ ਹੁੰਦਾ ਸੀ। ਫਿਰ ਵਿਆਹ ਤੋਂ ਬਾਅਦ ਮੈਂ ਤੇ ਸੀਰਕਾ ਵੀ ਕਈ ਵਾਰ ਪੂਰਾ-ਪੂਰਾ ਦਿਨ ਪ੍ਰਚਾਰ ਕਰਦੇ ਸੀ। ਅਸੀਂ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਜਾਂਦੇ ਸੀ ਤੇ ਕਈ ਵਾਰ ਤਾਂ ਅਸੀਂ ਆਪਣੀ ਗੱਡੀ ਵਿਚ ਹੀ ਸੌਂ ਜਾਂਦੇ ਸੀ ਕਿਉਂਕਿ ਇਸ ਨਾਲ ਸਾਡਾ ਕਾਫ਼ੀ ਸਮਾਂ ਬਚਦਾ ਸੀ ਤੇ ਅਸੀਂ ਅਗਲੇ ਦਿਨ ਜਲਦੀ ਪ੍ਰਚਾਰ ਸ਼ੁਰੂ ਕਰ ਪਾਉਂਦੇ ਸੀ।

ਮਿਸ਼ਨਰੀ ਸੇਵਾ ਕਰਨ ਕਰਕੇ ਸਾਡੇ ਵਿਚ ਇਕ ਵਾਰ ਫਿਰ ਤੋਂ ਪ੍ਰਚਾਰ ਲਈ ਪਹਿਲਾਂ ਵਰਗਾ ਜੋਸ਼ ਭਰ ਗਿਆ ਸੀ। ਹੌਲੀ-ਹੌਲੀ ਮੰਡਲੀ ਵਿਚ ਪ੍ਰਚਾਰਕਾਂ ਦੀ ਗਿਣਤੀ ਵਧਣ ਲੱਗੀ। ਉੱਥੇ ਦੇ ਭੈਣ-ਭਰਾ ਇਕ-ਦੂਜੇ ਨੂੰ ਪਿਆਰ ਕਰਦੇ ਸਨ, ਆਦਰ ਕਰਦੇ ਸਨ ਤੇ ਇਕ-ਦੂਜੇ ਦੀ ਕਦਰ ਕਰਦੇ ਸਨ।

ਪ੍ਰਾਰਥਨਾ ਦੀ ਤਾਕਤ

ਅਸੀਂ ਨੇਵਾ ਸ਼ਹਿਰ ਵਿਚ ਸੇਵਾ ਕਰ ਰਹੇ ਸੀ, ਪਰ ਨੇੜੇ ਦੇ ਕੁਝ ਇਲਾਕੇ ਅਜਿਹੇ ਸਨ ਜਿੱਥੇ ਇਕ ਵੀ ਗਵਾਹ ਨਹੀਂ ਸੀ। ਇਸ ਲਈ ਮੈਂ ਸੋਚਦਾ ਸੀ ਕਿ ਉਨ੍ਹਾਂ ਇਲਾਕਿਆਂ ਵਿਚ ਸੱਚਾਈ ਕਿੱਦਾਂ ਪਹੁੰਚੇਗੀ ਕਿਉਂਕਿ ਗੁਰੀਲਾ ਗੁੱਟਾਂ ਕਰਕੇ ਪਰਦੇਸੀਆਂ ਲਈ ਉੱਥੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗਾ ਕਿ ਉਨ੍ਹਾਂ ਇਲਾਕਿਆਂ ਦਾ ਕੋਈ ਵਿਅਕਤੀ ਸੱਚਾਈ ਸਿੱਖ ਕੇ ਗਵਾਹ ਬਣ ਜਾਵੇ। ਪਰ ਫਿਰ ਮੈਂ ਇਹ ਵੀ ਪ੍ਰਾਰਥਨਾ ਕੀਤੀ ਕਿ ਬਪਤਿਸਮਾ ਲੈਣ ਤੋਂ ਬਾਅਦ ਉਸ ਵਿਅਕਤੀ ਦਾ ਯਹੋਵਾਹ ਨਾਲ ਰਿਸ਼ਤਾ ਇੰਨਾ ਮਜ਼ਬੂਤ ਹੋ ਜਾਵੇ ਕਿ ਉਹ ਨੇਵਾ ਤੋਂ ਵਾਪਸ ਆਪਣੇ ਪਿੰਡ ਚਲਾ ਜਾਵੇ ਤੇ ਉੱਥੇ ਜਾ ਕੇ ਪ੍ਰਚਾਰ ਕਰੇ। ਪਰ ਮੈਨੂੰ ਨਹੀਂ ਸੀ ਪਤਾ ਕਿ ਯਹੋਵਾਹ ਨੇ ਇਸ ਤੋਂ ਵੀ ਕੁਝ ਵਧੀਆ ਸੋਚ ਕੇ ਰੱਖਿਆ ਹੈ।

ਕੁਝ ਹੀ ਸਮੇਂ ਬਾਅਦ ਮੈਂ ਇਕ ਜਵਾਨ ਆਦਮੀ ਨੂੰ ਸਟੱਡੀ ਕਰਾਉਣ ਲੱਗ ਪਿਆ। ਉਸ ਦਾ ਨਾਂ ਫਰਨੈਂਡੋ ਗੌਨਜ਼ਾਲੇਜ਼ ਸੀ ਤੇ ਉਹ ਅਲਜ਼ੇਸੀਰਾਸ ਵਿਚ ਰਹਿੰਦਾ ਸੀ। ਉਸ ਜਗ੍ਹਾ ਇਕ ਵੀ ਗਵਾਹ ਨਹੀਂ ਸੀ। ਫਰਨੈਂਡੋ ਕੰਮ ਕਰਨ ਲਈ ਲਗਭਗ 50 ਕਿਲੋਮੀਟਰ (30 ਮੀਲ) ਸਫ਼ਰ ਤੈਅ ਕਰ ਕੇ ਨੇਵਾ ਆਉਂਦਾ ਸੀ। ਉਹ ਹਰ ਵਾਰ ਸਟੱਡੀ ਦੀ ਚੰਗੀ ਤਿਆਰੀ ਕਰ ਕੇ ਆਉਂਦਾ ਸੀ। ਜਦੋਂ ਤੋਂ ਉਸ ਨੇ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਉਦੋਂ ਤੋਂ ਹੀ ਉਸ ਨੇ ਸਾਰੀਆਂ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ ਸੀ। ਉਸੇ ਹਫ਼ਤੇ ਤੋਂ ਹੀ ਫਰਨੈਂਡੋ ਨੇ ਪਿੰਡ ਵਾਪਸ ਜਾ ਕੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਉਨ੍ਹਾਂ ਨੂੰ ਉਹ ਗੱਲਾਂ ਸਿਖਾਉਂਦਾ ਹੁੰਦਾ ਸੀ ਜੋ ਉਹ ਖ਼ੁਦ ਬਾਈਬਲ ਤੋਂ ਸਿੱਖ ਰਿਹਾ ਸੀ।

1993 ਵਿਚ ਫਰਨੈਂਡੋ ਦੇ ਨਾਲ

ਸਟੱਡੀ ਕਰਨ ਤੋਂ ਛੇ ਮਹੀਨੇ ਬਾਅਦ ਜਨਵਰੀ 1990 ਵਿਚ ਫਰਨੈਂਡੋ ਨੇ ਬਪਤਿਸਮਾ ਲੈ ਲਿਆ। ਫਿਰ ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਅਲਜ਼ੇਸੀਰਾਸ ਵਿਚ ਰਹਿਣ ਵਾਲਾ ਇਕ ਵਿਅਕਤੀ ਗਵਾਹ ਬਣ ਗਿਆ ਸੀ, ਇਸ ਲਈ ਬ੍ਰਾਂਚ ਆਫ਼ਿਸ ਦੇ ਭਰਾਵਾਂ ਨੂੰ ਲੱਗਾ ਕਿ ਹੁਣ ਉੱਥੇ ਸਪੈਸ਼ਲ ਪਾਇਨੀਅਰਾਂ ਨੂੰ ਭੇਜਣਾ ਸੁਰੱਖਿਅਤ ਰਹੇਗਾ। ਫਿਰ ਫਰਵਰੀ 1992 ਵਿਚ ਉੱਥੇ ਇਕ ਮੰਡਲੀ ਬਣ ਗਈ।

ਕੀ ਫਰਨੈਂਡੋ ਨੇ ਸਿਰਫ਼ ਆਪਣੇ ਹੀ ਪਿੰਡ ਵਿਚ ਪ੍ਰਚਾਰ ਕੀਤਾ? ਨਹੀਂ, ਸਗੋਂ ਵਿਆਹ ਤੋਂ ਬਾਅਦ ਉਹ ਤੇ ਉਸ ਦੀ ਪਤਨੀ ਸੈਨ ਵਿੰਸੇਂਟ ਡੇਲ ਕੈਗੁਏਨ ਨਾਂ ਦੀ ਇਕ ਜਗ੍ਹਾ ʼਤੇ ਜਾ ਕੇ ਵੱਸ ਗਏ ਜਿੱਥੇ ਕੋਈ ਗਵਾਹ ਨਹੀਂ ਸੀ। ਉੱਥੇ ਉਨ੍ਹਾਂ ਨੇ ਇਕ ਮੰਡਲੀ ਸ਼ੁਰੂ ਕੀਤੀ। 2002 ਵਿਚ ਫਰਨੈਂਡੋ ਨੂੰ ਸਰਕਟ ਓਵਰਸੀਅਰ ਬਣਾਇਆ ਗਿਆ। ਉਦੋਂ ਤੋਂ ਲੈ ਕੇ ਹੁਣ ਤਕ ਉਹ ਤੇ ਉਸ ਦੀ ਪਤਨੀ ਓਲਗਾ ਵੱਖੋ-ਵੱਖਰੀਆਂ ਮੰਡਲੀਆਂ ਦਾ ਦੌਰਾ ਕਰ ਰਹੇ ਹਨ।

ਇਸ ਤਜਰਬੇ ਤੋਂ ਮੈਂ ਸਿੱਖਿਆ ਕਿ ਯਹੋਵਾਹ ਦੀ ਸੇਵਾ ਨਾਲ ਜੁੜੀ ਛੋਟੀ-ਛੋਟੀ ਗੱਲ ਬਾਰੇ ਵੀ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਯਹੋਵਾਹ ਉਹ ਕਰ ਸਕਦਾ ਹੈ ਜੋ ਅਸੀਂ ਨਹੀਂ ਕਰ ਸਕਦੇ। ਅਖ਼ੀਰ, ਖੇਤ ਦਾ ਮਾਲਕ ਉਹੀ ਹੈ, ਅਸੀਂ ਨਹੀਂ।​—ਮੱਤੀ 9:38.

ਯਹੋਵਾਹ ‘ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਸਾਨੂੰ ਤਾਕਤ ਬਖ਼ਸ਼ਦਾ ਹੈ’

1990 ਵਿਚ ਮੈਨੂੰ ਸਫ਼ਰੀ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ। ਸਾਡਾ ਪਹਿਲਾ ਸਰਕਟ ਫਿਨਲੈਂਡ ਦੀ ਰਾਜਧਾਨੀ ਬੋਗੋਟਾ ਵਿਚ ਸੀ। ਇਹ ਜ਼ਿੰਮੇਵਾਰੀ ਮਿਲਣ ਤੇ ਅਸੀਂ ਬਹੁਤ ਡਰ ਗਏ। ਅਸੀਂ ਦੋਨੋਂ ਬਹੁਤ ਹੀ ਆਮ ਜਿਹੇ ਲੋਕ ਹਾਂ ਤੇ ਸਾਡੇ ਕੋਲ ਕੋਈ ਖ਼ਾਸ ਹੁਨਰ ਵੀ ਨਹੀਂ ਹੈ। ਨਾਲੇ ਅਸੀਂ ਪਹਿਲਾਂ ਕਿਸੇ ਵੱਡੇ ਸ਼ਹਿਰ ਵਿਚ ਵੀ ਨਹੀਂ ਸੀ ਰਹੇ। ਪਰ ਯਹੋਵਾਹ ਨੇ ਫ਼ਿਲਿੱਪੀਆਂ 2:13 ਵਿਚ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕੀਤਾ। ਉੱਥੇ ਲਿਖਿਆ ਹੈ: “ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ ਬਖ਼ਸ਼ਦਾ ਹੈ ਅਤੇ ਇਸ ਤਰ੍ਹਾਂ ਕਰ ਕੇ ਉਸ ਨੂੰ ਖ਼ੁਸ਼ੀ ਮਿਲਦੀ ਹੈ।”

ਬਾਅਦ ਵਿਚ ਸਾਨੂੰ ਸਰਕਟ ਕੰਮ ਲਈ ਮੇਡੇਲਿਨ ਸ਼ਹਿਰ ਭੇਜਿਆ ਗਿਆ ਜਿਸ ਬਾਰੇ ਮੈਂ ਸ਼ੁਰੂ ਵਿਚ ਦੱਸਿਆ ਸੀ। ਇੱਥੇ ਲੋਕ ਲੜਾਈ-ਝਗੜੇ ਦੇ ਇੰਨੇ ਆਦੀ ਹੋ ਚੁੱਕੇ ਸਨ ਕਿ ਗੋਲੀਆਂ ਚੱਲਣ ʼਤੇ ਵੀ ਕਿਸੇ ਨੂੰ ਕੋਈ ਫ਼ਰਕ ਹੀ ਨਹੀਂ ਸੀ ਪੈਂਦਾ। ਇਕ ਵਾਰ ਦੀ ਗੱਲ ਹੈ, ਮੈਂ ਇਕ ਘਰ ਵਿਚ ਬਾਈਬਲ ਸਟੱਡੀ ਕਰਵਾ ਰਿਹਾ ਸੀ ਤੇ ਬਾਹਰ ਗੋਲੀਆਂ ਚੱਲਣ ਲੱਗ ਪਈਆਂ। ਮੈਂ ਜ਼ਮੀਨ ʼਤੇ ਲੇਟਣ ਹੀ ਵਾਲਾ ਸੀ ਕਿ ਮੈਂ ਦੇਖਿਆ ਕਿ ਮੇਰਾ ਬਾਈਬਲ ਵਿਦਿਆਰਥੀ ਆਰਾਮ ਨਾਲ ਪੈਰਾ ਪੜ੍ਹੀ ਜਾ ਰਿਹਾ ਸੀ, ਉਸ ਨੂੰ ਕੋਈ ਫ਼ਰਕ ਹੀ ਨਹੀਂ ਪੈ ਰਿਹਾ ਸੀ। ਪੈਰਾ ਪੜ੍ਹਨ ਤੋਂ ਬਾਅਦ ਉਸ ਨੇ ਕਿਹਾ, “ਮੈਂ ਹੁਣੇ ਆਇਆ।” ਫਿਰ ਕੁਝ ਦੇਰ ਬਾਅਦ ਉਹ ਆਪਣੇ ਦੋ ਛੋਟੇ ਬੱਚਿਆਂ ਨੂੰ ਘਰ ਅੰਦਰ ਲੈ ਆਇਆ ਤੇ ਉਸ ਨੇ ਕਿਹਾ, “ਮਾਫ਼ ਕਰਿਓ, ਮੈਂ ਆਪਣੇ ਨਿਆਣਿਆਂ ਨੂੰ ਲੈਣ ਗਿਆ ਸੀ।”

ਇੱਦਾਂ ਕਈ ਵਾਰ ਹੋਇਆ ਕਿ ਅਸੀਂ ਮਰਦੇ-ਮਰਦੇ ਬਚੇ। ਇਕ ਵਾਰ ਅਸੀਂ ਘਰ-ਘਰ ਪ੍ਰਚਾਰ ਕਰ ਰਹੇ ਸੀ ਕਿ ਉਦੋਂ ਹੀ ਸੀਰਕਾ ਮੇਰੇ ਕੋਲ ਦੌੜਦੀ-ਦੌੜਦੀ ਆਈ। ਉਸ ਦੇ ਚਿਹਰੇ ਦਾ ਤਾਂ ਰੰਗ ਹੀ ਉੱਡਿਆ ਹੋਇਆ ਸੀ। ਉਸ ਨੇ ਕਿਹਾ ਕਿ ਕਿਸੇ ਨੇ ਉਸ ʼਤੇ ਗੋਲੀ ਚਲਾਈ। ਇਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਉਹ ਆਦਮੀ ਦਰਅਸਲ ਸੀਰਕਾ ਨੂੰ ਨਹੀਂ, ਸਗੋਂ ਕਿਸੇ ਹੋਰ ਆਦਮੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਸੀਰਕਾ ਦੇ ਕੋਲੋਂ ਦੀ ਲੰਘ ਰਿਹਾ ਸੀ।

ਹੌਲੀ-ਹੌਲੀ ਸਾਡਾ ਡਰ ਵੀ ਦੂਰ ਹੋਣ ਲੱਗ ਪਿਆ। ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਤੋਂ ਬਹੁਤ ਹਿੰਮਤ ਮਿਲੀ ਜਿਨ੍ਹਾਂ ਨੇ ਇੱਦਾਂ ਦੇ ਅਤੇ ਇਸ ਤੋਂ ਵੀ ਮਾੜੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਸੀ। ਅਸੀਂ ਸੋਚਿਆ ਕਿ ਜੇ ਯਹੋਵਾਹ ਨੇ ਉਨ੍ਹਾਂ ਦੀ ਮਦਦ ਕੀਤੀ ਸੀ, ਤਾਂ ਉਹ ਸਾਡੀ ਵੀ ਮਦਦ ਜ਼ਰੂਰ ਕਰੇਗਾ। ਅਸੀਂ ਹਮੇਸ਼ਾ ਬਜ਼ੁਰਗਾਂ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਿਆ, ਸਾਵਧਾਨੀ ਵਰਤੀ ਤੇ ਬਾਕੀ ਸਭ ਯਹੋਵਾਹ ʼਤੇ ਛੱਡ ਦਿੱਤਾ।

ਪਰ ਹਾਲਾਤ ਹਮੇਸ਼ਾ ਉੱਨੇ ਖ਼ਰਾਬ ਨਹੀਂ ਸੀ ਹੁੰਦੇ, ਜਿੰਨੇ ਅਸੀਂ ਸੋਚਦੇ ਸੀ। ਮਿਸਾਲ ਲਈ, ਇਕ ਵਾਰ ਜਦੋਂ ਮੈਂ ਕਿਸੇ ਦੇ ਘਰ ਗਿਆ ਸੀ, ਤਾਂ ਅਚਾਨਕ ਹੀ ਬਾਹਰੋਂ ਦੋ ਜਣਿਆਂ ਦੇ ਚੀਕ-ਚੀਕ ਕੇ ਗੱਲਾਂ ਕਰਨ ਦੀ ਆਵਾਜ਼ ਆਉਣ ਲੱਗ ਪਈ। ਮੈਨੂੰ ਲੱਗਾ ਕਿ ਸ਼ਾਇਦ ਦੋ ਔਰਤਾਂ ਆਪਸ ਵਿਚ ਲੜ ਰਹੀਆਂ ਹਨ ਤੇ ਮੈਂ ਉਨ੍ਹਾਂ ਦੀ ਬਹਿਸ ਨਹੀਂ ਸੀ ਸੁਣਨੀ ਚਾਹੁੰਦਾ। ਪਰ ਮੈਂ ਜਿਸ ਦੇ ਘਰ ਗਿਆ ਸੀ, ਉਹ ਮੈਨੂੰ ਵਾਰ-ਵਾਰ ਬਾਹਰ ਆਉਣ ਲਈ ਕਹਿਣ ਲੱਗ ਪਿਆ। ਜਦੋਂ ਮੈਂ ਬਾਹਰ ਗਿਆ, ਤਾਂ ਪਤਾ ਲੱਗਾ ਕਿ ਇਹ ਔਰਤਾਂ ਨਹੀਂ, ਸਗੋਂ ਦੋ ਤੋਤੇ ਸਨ। ਇਹ ਤੋਤੇ ਗੁਆਂਢ ਦੀਆਂ ਦੋ ਔਰਤਾਂ ਦੀ ਰੀਸ ਕਰ ਰਹੇ ਸਨ ਜੋ ਹਮੇਸ਼ਾ ਲੜਦੀਆਂ ਹੀ ਰਹਿੰਦੀਆਂ ਸਨ।

ਕੁਝ ਹੋਰ ਜ਼ਿੰਮੇਵਾਰੀਆਂ ਅਤੇ ਮੁਸ਼ਕਲਾਂ

1997 ਵਿਚ ਮੈਨੂੰ ‘ਮਿਨਿਸਟੀਰੀਅਲ ਟ੍ਰੇਨਿੰਗ ਸਕੂਲ’ b ਵਿਚ ਇਕ ਸਿੱਖਿਅਕ ਦੀ ਜ਼ਿੰਮੇਵਾਰੀ ਦਿੱਤੀ ਗਈ। ਵੈਸੇ ਤਾਂ ਮੈਨੂੰ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਵਿਚ ਜਾ ਕੇ ਬਹੁਤ ਚੰਗਾ ਲੱਗਦਾ ਹੈ, ਪਰ ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਵੀ ਕਦੇ ਕਿਸੇ ਸਕੂਲ ਵਿਚ ਸਿਖਾਉਣ ਦਾ ਮੌਕਾ ਮਿਲੇਗਾ।

ਬਾਅਦ ਵਿਚ ਮੈਂ ਜ਼ਿਲ੍ਹਾ ਨਿਗਾਹਬਾਨ ਵਜੋਂ ਸੇਵਾ ਕੀਤੀ। ਜਦੋਂ ਇਹ ਇੰਤਜ਼ਾਮ ਬੰਦ ਕਰ ਦਿੱਤਾ ਗਿਆ, ਤਾਂ ਮੈਨੂੰ ਵਾਪਸ ਸਰਕਟ ਦਾ ਕੰਮ ਕਰਨ ਲਈ ਕਿਹਾ ਗਿਆ। ਸੋ 30 ਤੋਂ ਵੀ ਜ਼ਿਆਦਾ ਸਾਲਾਂ ਤਕ ਮੈਂ ਸੰਗਠਨ ਦੇ ਸਕੂਲਾਂ ਵਿਚ ਸਿੱਖਿਅਕ ਵਜੋਂ ਸੇਵਾ ਕੀਤੀ ਅਤੇ ਸਰਕਟ ਦਾ ਕੰਮ ਕੀਤਾ। ਇਸ ਕਰਕੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਪਰ ਸੱਚ ਦੱਸਾਂ ਤਾਂ, ਇਹ ਜ਼ਿੰਮੇਵਾਰੀਆਂ ਸੰਭਾਲਣੀਆਂ ਹਮੇਸ਼ਾ ਸੌਖੀਆਂ ਨਹੀਂ ਸਨ। ਆਓ ਮੈਂ ਇਸ ਬਾਰੇ ਥੋੜ੍ਹਾ ਖੁੱਲ੍ਹ ਕੇ ਦੱਸਦਾ ਹਾਂ।

ਮੈਂ ਕੁਝ ਜ਼ਿਆਦਾ ਹੀ ਜੋਸ਼ੀਲਾ ਹਾਂ ਤੇ ਉਹੀ ਕਰਦਾ ਹਾਂ, ਜੋ ਸਹੀ ਹੁੰਦਾ ਹੈ। ਇਸ ਕਰਕੇ ਮੈਂ ਔਖੇ ਤੋਂ ਔਖੇ ਹਾਲਾਤਾਂ ਦਾ ਵੀ ਸਾਮ੍ਹਣਾ ਕਰ ਸਕਿਆ। ਪਰ ਕਈ ਵਾਰ ਇੱਦਾਂ ਵੀ ਹੋਇਆ ਕਿ ਮੰਡਲੀ ਦੇ ਮਾਮਲਿਆਂ ਨੂੰ ਸੁਲਝਾਉਂਦਿਆਂ ਮੈਂ ਦੂਜਿਆਂ ਦਾ ਲਿਹਾਜ਼ ਨਹੀਂ ਕੀਤਾ। ਇਕ ਮੌਕੇ ʼਤੇ ਮੈਂ ਜੋਸ਼ ਵਿਚ ਆ ਕੇ ਭਰਾਵਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਦੂਜਿਆਂ ਨਾਲ ਹੋਰ ਵੀ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਵੇਲੇ ਮੈਂ ਖ਼ੁਦ ਹੀ ਇੱਦਾਂ ਨਹੀਂ ਕੀਤਾ।​—ਰੋਮੀ. 7:21-23.

ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਮੈਂ ਕਦੇ-ਕਦਾਈਂ ਬਹੁਤ ਨਿਰਾਸ਼ ਹੋ ਜਾਂਦਾ ਸੀ। (ਰੋਮੀ. 7:24) ਇਕ ਵਾਰ ਤਾਂ ਮੈਂ ਇੰਨਾ ਨਿਰਾਸ਼ ਹੋ ਗਿਆ ਕਿ ਮੈਂ ਯਹੋਵਾਹ ਨੂੰ ਕਿਹਾ ਕਿ ਮੇਰੇ ਲਈ ਇਹੀ ਵਧੀਆ ਹੋਵੇਗਾ ਕਿ ਮੈਂ ਮਿਸ਼ਨਰੀ ਸੇਵਾ ਕਰਨੀ ਛੱਡ ਦੇਵਾਂ ਤੇ ਫਿਨਲੈਂਡ ਵਾਪਸ ਚਲਾ ਜਾਵਾਂ। ਪਰ ਉਸੇ ਸ਼ਾਮ ਜਦੋਂ ਮੈਂ ਸਭਾ ਵਿਚ ਗਿਆ, ਤਾਂ ਮੈਂ ਉੱਥੇ ਇੱਦਾਂ ਦਾ ਕੁਝ ਸੁਣਿਆ ਜਿਸ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ। ਮੈਨੂੰ ਯਕੀਨ ਹੋ ਗਿਆ ਕਿ ਯਹੋਵਾਹ ਚਾਹੁੰਦਾ ਹੈ ਕਿ ਮੈਂ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਾਂ ਤੇ ਆਪਣੀ ਸੇਵਾ ਜਾਰੀ ਰੱਖਾਂ। ਅੱਜ ਵੀ ਜਦੋਂ ਮੈਂ ਸੋਚਦਾ ਹਾਂ ਕਿ ਯਹੋਵਾਹ ਨੇ ਉਸ ਵੇਲੇ ਕਿੱਦਾਂ ਮੇਰੀ ਪ੍ਰਾਰਥਨਾ ਦਾ ਜਵਾਬ ਦਿੱਤਾ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਨਾਲੇ ਮੈਂ ਯਹੋਵਾਹ ਦਾ ਬਹੁਤ ਅਹਿਸਾਨਮੰਦ ਹਾਂ ਕਿ ਉਸ ਨੇ ਮੈਨੂੰ ਮੇਰੀਆਂ ਕਮਜ਼ੋਰੀਆਂ ਨਾਲ ਲੜਨ ਦੀ ਤਾਕਤ ਦਿੱਤੀ।

ਯਹੋਵਾਹ ਅੱਗੇ ਵੀ ਸਾਨੂੰ ਸੰਭਾਲੇਗਾ

ਮੈਂ ਤੇ ਸੀਰਕਾ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਸਾਲ ਪੂਰੇ ਸਮੇਂ ਦੀ ਸੇਵਾ ਵਿਚ ਬਿਤਾਏ ਹਨ, ਇਸ ਲਈ ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਇਸ ਗੱਲ ਲਈ ਯਹੋਵਾਹ ਦਾ ਅਹਿਸਾਨਮੰਦ ਹਾਂ ਕਿ ਉਸ ਨੇ ਮੈਨੂੰ ਇੰਨੀ ਚੰਗੀ ਪਤਨੀ ਦਿੱਤੀ ਜਿਸ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ।

ਜਲਦੀ ਹੀ ਮੈਂ 70 ਸਾਲਾਂ ਦਾ ਹੋ ਜਾਣਾ ਅਤੇ ਮੈਨੂੰ ਸਕੂਲ ਵਿਚ ਸਿਖਾਉਣ ਦੀ ਜ਼ਿੰਮੇਵਾਰੀ ਤੇ ਸਫ਼ਰੀ ਕੰਮ ਛੱਡਣਾ ਪੈਣਾ। ਪਰ ਇਸ ਕਰਕੇ ਮੈਂ ਨਿਰਾਸ਼ ਨਹੀਂ ਹਾਂ ਕਿਉਂਕਿ ਮੈਨੂੰ ਭਰੋਸਾ ਹੈ ਕਿ ਯਹੋਵਾਹ ਦੀ ਮਹਿਮਾ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਸੰਗਠਨ ਵਿਚ ਸਾਡੇ ਕੋਲ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਹੋਣ। ਯਹੋਵਾਹ ਨੂੰ ਤਾਂ ਉਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਹੱਦਾਂ ਪਛਾਣ ਕੇ ਉਸ ਦੀ ਸੇਵਾ ਕਰਦੇ ਰਹਿੰਦੇ ਹਾਂ ਅਤੇ ਸਾਡੇ ਦਿਲ ਵਿਚ ਉਸ ਲਈ ਪਿਆਰ ਅਤੇ ਅਹਿਸਾਨਮੰਦੀ ਹੁੰਦੀ ਹੈ।​—ਮੀਕਾ. 6:8; ਮਰ. 12:32-34.

ਮੈਨੂੰ ਸੰਗਠਨ ਵਿਚ ਜੋ ਵੀ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਮਿਲੀਆਂ, ਉਹ ਇਸ ਕਰਕੇ ਨਹੀਂ ਮਿਲੀਆਂ ਕਿ ਮੈਂ ਦੂਜਿਆਂ ਨਾਲੋਂ ਜ਼ਿਆਦਾ ਵਧੀਆ ਸੀ ਜਾਂ ਮੇਰੇ ਵਿਚ ਕੁਝ ਖ਼ਾਸ ਕਾਬਲੀਅਤਾਂ ਸਨ। ਇਸ ਦੀ ਬਜਾਇ, ਇਹ ਤਾਂ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਮੈਨੂੰ ਮਿਲੀਆਂ। ਯਹੋਵਾਹ ਮੇਰੀਆਂ ਕਮੀਆਂ-ਕਮਜ਼ੋਰੀਆਂ ਜਾਣਦਾ ਸੀ, ਫਿਰ ਵੀ ਉਸ ਨੇ ਮੈਨੂੰ ਜ਼ਿੰਮੇਵਾਰੀਆਂ ਦਿੱਤੀਆਂ ਤੇ ਉਨ੍ਹਾਂ ਨੂੰ ਪੂਰਾ ਕਰਨ ਵਿਚ ਵੀ ਉਸ ਨੇ ਹੀ ਮੇਰੀ ਮਦਦ ਕੀਤੀ। ਇਸ ਤਰ੍ਹਾਂ ਮੇਰੀਆਂ ਕਮਜ਼ੋਰੀਆਂ ਵਿਚ ਪਰਮੇਸ਼ੁਰ ਦੀ ਤਾਕਤ ਸਾਫ਼ ਦਿਖਾਈ ਦਿੱਤੀ।​—2 ਕੁਰਿੰ. 12:9.

a ਭਰਾ ਰਾਇਮੋ ਕਵੋਕਾਨਨ ਦੀ ਜੀਵਨੀ, “ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ,” 1 ਅਪ੍ਰੈਲ 2006 ਦੇ ਪਹਿਰਾਬੁਰਜ ਵਿਚ ਦੇਖੋ।

b ਹੁਣ ਇਸ ਸਕੂਲ ਦੀ ਜਗ੍ਹਾ ‘ਰਾਜ ਦੇ ਪ੍ਰਚਾਰਕਾਂ ਲਈ ਸਕੂਲ’ ਚਲਾਇਆ ਜਾਂਦਾ ਹੈ।