ਅਧਿਐਨ ਲੇਖ 15
ਗੀਤ 124 ਹਮੇਸ਼ਾ ਵਫ਼ਾਦਾਰ ਰਹਾਂਗੇ
ਯਹੋਵਾਹ ਦੇ ਸੰਗਠਨ ʼਤੇ ਆਪਣਾ ਭਰੋਸਾ ਵਧਾਉਂਦੇ ਰਹੋ
“ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਬਾਰੇ ਦੱਸਿਆ ਹੈ।”—ਇਬ. 13:7.
ਕੀ ਸਿੱਖਾਂਗੇ?
ਅਸੀਂ ਯਹੋਵਾਹ ਦੇ ਸੰਗਠਨ ʼਤੇ ਆਪਣਾ ਭਰੋਸਾ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ?
1. ਪਹਿਲੀ ਸਦੀ ਵਿਚ ਯਹੋਵਾਹ ਦੇ ਲੋਕ ਕਿਵੇਂ ਸੰਗਠਿਤ ਢੰਗ ਨਾਲ ਕੰਮ ਕਰਦੇ ਸਨ?
ਯਹੋਵਾਹ ਜਦੋਂ ਵੀ ਆਪਣੇ ਲੋਕਾਂ ਨੂੰ ਕੋਈ ਕੰਮ ਦਿੰਦਾ ਹੈ, ਤਾਂ ਉਹ ਚਾਹੁੰਦਾ ਹੈ ਕਿ ਉਹ ਸਹੀ ਢੰਗ ਤੇ ਕਾਇਦੇ ਨਾਲ ਕੀਤਾ ਜਾਵੇ। (1 ਕੁਰਿੰ. 14:33) ਮਿਸਾਲ ਲਈ, ਯਹੋਵਾਹ ਦੀ ਇੱਛਾ ਹੈ ਕਿ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। (ਮੱਤੀ 24:14) ਉਸ ਨੇ ਇਸ ਕੰਮ ਦੀ ਜ਼ਿੰਮੇਵਾਰੀ ਯਿਸੂ ਨੂੰ ਸੌਂਪੀ ਹੈ ਅਤੇ ਯਿਸੂ ਇਸ ਗੱਲ ਦਾ ਧਿਆਨ ਰੱਖ ਰਿਹਾ ਹੈ ਕਿ ਇਹ ਕੰਮ ਸਹੀ ਤੇ ਸੰਗਠਿਤ ਢੰਗ ਨਾਲ ਕੀਤਾ ਜਾਵੇ। ਪਹਿਲੀ ਸਦੀ ਵਿਚ ਯਰੂਸ਼ਲਮ ਵਿਚ ਰਸੂਲਾਂ ਤੇ ਬਜ਼ੁਰਗਾਂ ਦਾ ਇਕ ਸਮੂਹ ਸੀ ਜੋ ਜ਼ਰੂਰੀ ਫ਼ੈਸਲੇ ਲੈਂਦਾ ਸੀ। (ਰਸੂ. 14:23) ਫਿਰ ਇਹ ਫ਼ੈਸਲੇ ਮੰਡਲੀਆਂ ਤਕ ਪਹੁੰਚਾਏ ਜਾਂਦੇ ਸਨ। ਮੰਡਲੀਆਂ ਵਿਚ ਠਹਿਰਾਏ ਗਏ ਬਜ਼ੁਰਗ ਇਨ੍ਹਾਂ ਫ਼ੈਸਲਿਆਂ ਬਾਰੇ ਭੈਣਾਂ-ਭਰਾਵਾਂ ਨੂੰ ਦੱਸਦੇ ਸਨ ਤੇ ਹਿਦਾਇਤਾਂ ਦਿੰਦੇ ਸਨ। (ਰਸੂ. 15:2; 16:4) ਭੈਣ-ਭਰਾ ਇਨ੍ਹਾਂ ਹਿਦਾਇਤਾਂ ਨੂੰ ਮੰਨਦੇ ਸਨ, “ਇਸ ਕਰਕੇ ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।”—ਰਸੂ. 16:5.
2. 1919 ਤੋਂ ਯਹੋਵਾਹ ਕਿਵੇਂ ਆਪਣੇ ਲੋਕਾਂ ਨੂੰ ਬਾਈਬਲ ਤੋਂ ਭੋਜਨ ਅਤੇ ਹਿਦਾਇਤਾਂ ਦੇ ਰਿਹਾ ਹੈ?
2 ਅੱਜ ਵੀ ਯਹੋਵਾਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਸ ਦੇ ਲੋਕ ਸੰਗਠਿਤ ਢੰਗ ਨਾਲ ਕੰਮ ਕਰਨ। 1919 ਵਿਚ ਯਿਸੂ ਨੇ ਚੁਣੇ ਹੋਏ ਮਸੀਹੀਆਂ ਦੇ ਇਕ ਛੋਟੇ ਜਿਹੇ ਸਮੂਹ ਨੂੰ ਠਹਿਰਾਇਆ ਜੋ ਅੱਜ ਵੀ ਪ੍ਰਚਾਰ ਕੰਮ ਨੂੰ ਸੰਗਠਿਤ ਢੰਗ ਨਾਲ ਕਰਨ ਵਿਚ ਅਗਵਾਈ ਕਰ ਰਿਹਾ ਹੈ ਅਤੇ ਸਹੀ ਸਮੇਂ ਤੇ ਪਰਮੇਸ਼ੁਰ ਦੇ ਬਚਨ ਤੋਂ ਭੋਜਨ ਦੇ ਰਿਹਾ ਹੈ। a (ਲੂਕਾ 12:42) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਉਨ੍ਹਾਂ ਦੇ ਕੰਮ ʼਤੇ ਬਰਕਤ ਪਾ ਰਿਹਾ ਹੈ।—ਯਸਾ. 60:22; 65:13, 14.
3-4. (ੳ) ਮਿਸਾਲ ਦੇ ਕੇ ਸਮਝਾਓ ਕਿ ਸੰਗਠਿਤ ਢੰਗ ਨਾਲ ਕੰਮ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ। (ਅ) ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?
3 ਜੇ ਅਸੀਂ ਸੰਗਠਿਤ ਢੰਗ ਨਾਲ ਕੰਮ ਨਾ ਕਰ ਰਹੇ ਹੁੰਦੇ, ਤਾਂ ਅਸੀਂ ਯਿਸੂ ਤੋਂ ਮਿਲਿਆ ਕੰਮ ਚੰਗੀ ਤਰ੍ਹਾਂ ਪੂਰਾ ਨਹੀਂ ਸੀ ਕਰ ਪਾਉਣਾ। (ਮੱਤੀ 28:19, 20) ਮੰਨ ਲਓ, ਜੇ ਸਾਨੂੰ ਪ੍ਰਚਾਰ ਕਰਨ ਲਈ ਕੋਈ ਇਲਾਕਾ ਨਾ ਦਿੱਤਾ ਹੁੰਦਾ, ਤਾਂ ਸ਼ਾਇਦ ਕੁਝ ਇਲਾਕਿਆਂ ਵਿਚ ਵਾਰ-ਵਾਰ ਪ੍ਰਚਾਰ ਹੁੰਦਾ ਰਹਿੰਦਾ ਤੇ ਕੁਝ ਇਲਾਕਿਆਂ ਵਿਚ ਬਿਲਕੁਲ ਵੀ ਪ੍ਰਚਾਰ ਨਾ ਹੁੰਦਾ। ਸੱਚ-ਮੁੱਚ, ਸੰਗਠਿਤ ਢੰਗ ਨਾਲ ਕੰਮ ਕਰਨ ਦਾ ਕਿੰਨਾ ਫ਼ਾਇਦਾ ਹੁੰਦਾ ਹੈ! ਕੀ ਤੁਸੀਂ ਇਸ ਦੇ ਕੁਝ ਹੋਰ ਫ਼ਾਇਦਿਆਂ ਬਾਰੇ ਵੀ ਸੋਚ ਸਕਦੇ ਹੋ?
4 ਧਰਤੀ ʼਤੇ ਹੁੰਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਸੰਗਠਿਤ ਢੰਗ ਨਾਲ ਕੰਮ ਕਰਨਾ ਸਿਖਾਇਆ ਅਤੇ ਉਹ ਅੱਜ ਸਾਨੂੰ ਵੀ ਇਹੀ ਸਿਖਾ ਰਿਹਾ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਹੋਵਾਹ ਦਾ ਸੰਗਠਨ ਕਿੱਦਾਂ ਉਸੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਿੱਦਾਂ ਯਿਸੂ ਨੇ ਕੀਤਾ ਸੀ। ਨਾਲੇ ਜਾਣਾਂਗੇ ਕਿ ਅਸੀਂ ਯਹੋਵਾਹ ਦੇ ਸੰਗਠਨ ʼਤੇ ਪੂਰਾ ਭਰੋਸਾ ਕਿਵੇਂ ਦਿਖਾ ਸਕਦੇ ਹਾਂ।
ਸਾਡਾ ਸੰਗਠਨ ਯਿਸੂ ਵਾਂਗ ਕੰਮ ਕਰਦਾ ਹੈ
5. ਯਿਸੂ ਵਾਂਗ ਅੱਜ ਯਹੋਵਾਹ ਦਾ ਸੰਗਠਨ ਵੀ ਕੀ ਕਰਦਾ ਹੈ? (ਯੂਹੰਨਾ 8:28)
5 ਯਿਸੂ ਨੇ ਜੋ ਵੀ ਕਿਹਾ ਜਾਂ ਕੀਤਾ, ਉਹ ਉਸ ਨੇ ਆਪਣੇ ਪਿਤਾ ਯਹੋਵਾਹ ਤੋਂ ਸਿੱਖਿਆ ਸੀ। ਉਸੇ ਤਰ੍ਹਾਂ ਯਹੋਵਾਹ ਦਾ ਸੰਗਠਨ ਅੱਜ ਜੋ ਵੀ ਸਿਖਾਉਂਦਾ ਅਤੇ ਹਿਦਾਇਤਾਂ ਦਿੰਦਾ ਹੈ, ਉਹ ਬਾਈਬਲ ʼਤੇ ਆਧਾਰਿਤ ਹੁੰਦੀਆਂ ਹਨ। (ਯੂਹੰਨਾ 8:28 ਪੜ੍ਹੋ; 2 ਤਿਮੋ. 3:16, 17) ਸਾਨੂੰ ਵੀ ਵਾਰ-ਵਾਰ ਪਰਮੇਸ਼ੁਰ ਦਾ ਬਚਨ ਪੜ੍ਹਨ ਅਤੇ ਇਸ ਦੀਆਂ ਗੱਲਾਂ ਲਾਗੂ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇੱਦਾਂ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ?
6. ਪ੍ਰਕਾਸ਼ਨ ਵਰਤ ਕੇ ਅਧਿਐਨ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ?
6 ਪ੍ਰਕਾਸ਼ਨ ਵਰਤ ਕੇ ਬਾਈਬਲ ਦਾ ਅਧਿਐਨ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਸਾਨੂੰ ਸੰਗਠਨ ਵੱਲੋਂ ਕੋਈ ਹਿਦਾਇਤ ਮਿਲੇ। ਉਸ ਸਮੇਂ ਜਦੋਂ ਅਸੀਂ ਪ੍ਰਕਾਸ਼ਨ ਵਰਤ ਕੇ ਇਸ ਬਾਰੇ ਅਧਿਐਨ ਕਰਾਂਗੇ, ਤਾਂ ਅਸੀਂ ਜਾਣ ਸਕਾਂਗੇ ਕਿ ਇਹ ਹਿਦਾਇਤ ਬਾਈਬਲ ʼਤੇ ਆਧਾਰਿਤ ਹੈ। ਇਸ ਤਰ੍ਹਾਂ ਯਹੋਵਾਹ ਦੇ ਸੰਗਠਨ ʼਤੇ ਸਾਡਾ ਭਰੋਸਾ ਹੋਰ ਵੀ ਵਧੇਗਾ।—ਰੋਮੀ. 12:2.
7. ਯਿਸੂ ਨੇ ਕਿਸ ਬਾਰੇ ਪ੍ਰਚਾਰ ਕੀਤਾ ਅਤੇ ਅੱਜ ਯਹੋਵਾਹ ਦਾ ਸੰਗਠਨ ਉਸ ਦੀ ਰੀਸ ਕਿਵੇਂ ਕਰ ਰਿਹਾ ਹੈ?
7 ਯਿਸੂ ਨੇ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕੀਤਾ। (ਲੂਕਾ 4:43, 44) ਉਸ ਨੇ ਆਪਣੇ ਚੇਲਿਆਂ ਨੂੰ ਵੀ ਇੱਦਾਂ ਹੀ ਕਰਨ ਦਾ ਹੁਕਮ ਦਿੱਤਾ। (ਲੂਕਾ 9:1, 2; 10:8, 9) ਅੱਜ ਪਰਮੇਸ਼ੁਰ ਦੇ ਸੰਗਠਨ ਵਿਚ ਸਾਰੇ ਜਣੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ, ਫਿਰ ਚਾਹੇ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ ਜਾਂ ਜਿਹੜੀ ਮਰਜ਼ੀ ਜ਼ਿੰਮੇਵਾਰੀ ਨਿਭਾਉਂਦੇ ਹੋਣ।
8. ਸਾਨੂੰ ਕਿਹੜਾ ਸਨਮਾਨ ਮਿਲਿਆ ਹੈ?
8 ਇਹ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਦੂਜਿਆਂ ਨੂੰ ਦੱਸਦੇ ਹਾਂ। ਇਹ ਸਨਮਾਨ ਹਰ ਕਿਸੇ ਨੂੰ ਨਹੀਂ ਮਿਲਦਾ। ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਦੁਸ਼ਟ ਦੂਤਾਂ ਨੂੰ ਉਸ ਬਾਰੇ ਗਵਾਹੀ ਨਹੀਂ ਦੇਣ ਦਿੱਤੀ। (ਲੂਕਾ 4:41) ਅੱਜ ਵੀ ਜੇ ਕੋਈ ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਪ੍ਰਚਾਰ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਪਰਮੇਸ਼ੁਰ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਪਵੇਗੀ। ਅਸੀਂ ਕਿੱਦਾਂ ਦਿਖਾਉਂਦੇ ਹਾਂ ਕਿ ਅਸੀਂ ਪ੍ਰਚਾਰ ਕਰਨ ਦੇ ਸਨਮਾਨ ਦੀ ਬਹੁਤ ਕਦਰ ਕਰਦੇ ਹਾਂ? ਸਾਨੂੰ ਜਦੋਂ ਵੀ ਤੇ ਜਿੱਥੇ ਵੀ ਮੌਕਾ ਮਿਲਦਾ ਹੈ, ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਯਿਸੂ ਵਾਂਗ ਅਸੀਂ ਵੀ ਲੋਕਾਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਬੀਜਣਾ ਚਾਹੁੰਦੇ ਹਾਂ ਅਤੇ ਉਸ ਨੂੰ ਪਾਣੀ ਦੇਣਾ ਚਾਹੁੰਦੇ ਹਾਂ।—ਮੱਤੀ 13:3, 23; 1 ਕੁਰਿੰ. 3:6.
9. ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਦੱਸਣ ਲਈ ਉਸ ਦੇ ਸੰਗਠਨ ਨੇ ਕੀ ਕੀਤਾ ਹੈ?
9 ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਨਾਂ ਬਾਰੇ ਦੱਸਿਆ। ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦੇ ਸਮੇਂ ਉਸ ਨੇ ਕਿਹਾ: “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ।” (ਯੂਹੰ. 17:26) ਯਿਸੂ ਵਾਂਗ ਯਹੋਵਾਹ ਦਾ ਸੰਗਠਨ ਵੀ ਦੂਜਿਆਂ ਨੂੰ ਪਰਮੇਸ਼ੁਰ ਦਾ ਨਾਂ ਦੱਸਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦਾ ਹੈ। ਜਿੱਦਾਂ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਹਰ ਉਸ ਜਗ੍ਹਾ ਦੁਬਾਰਾ ਪਾਇਆ ਗਿਆ ਹੈ ਜਿੱਥੇ ਇਸ ਨੂੰ ਹੋਣਾ ਚਾਹੀਦਾ ਸੀ। ਅੱਜ ਇਹ ਬਾਈਬਲ ਜਾਂ ਇਸ ਦਾ ਕੁਝ ਹਿੱਸਾ 270 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ। ਨਵੀਂ ਦੁਨੀਆਂ ਅਨੁਵਾਦ ਬਾਈਬਲ ਦੀ ਵਧੇਰੇ ਜਾਣਕਾਰੀ 1.4 ਤੇ 1.5 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਨਾਂ ਹਰ ਉਸ ਜਗ੍ਹਾ ਦੁਬਾਰਾ ਕਿਉਂ ਪਾਇਆ ਗਿਆ ਹੈ ਜਿੱਥੇ ਇਸ ਨੂੰ ਹੋਣਾ ਚਾਹੀਦਾ ਸੀ। ਅੰਗ੍ਰੇਜ਼ੀ ਦੀ ਅਧਿਐਨ ਬਾਈਬਲ ਦੇ ਵਧੇਰੇ ਜਾਣਕਾਰੀ 3 ਵਿਚ ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ ਕਿ ਮਸੀਹੀ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ 237 ਥਾਵਾਂ ʼਤੇ ਕਿਉਂ ਹੋਣਾ ਚਾਹੀਦਾ ਹੈ।
10. ਮਿਆਨਮਾਰ ਵਿਚ ਰਹਿਣ ਵਾਲੀ ਇਸ ਔਰਤ ਤੋਂ ਤੁਸੀਂ ਕੀ ਸਿੱਖਿਆ?
10 ਯਿਸੂ ਵਾਂਗ ਅਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦੇ ਨਾਂ ਬਾਰੇ ਦੱਸਣਾ ਚਾਹੁੰਦੇ ਹਾਂ। ਮਿਆਨਮਾਰ ਵਿਚ ਰਹਿਣ ਵਾਲੀ 67 ਸਾਲਾਂ ਦੀ ਔਰਤ ਨੇ ਜਦੋਂ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਸੁਣਿਆ, ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਕਿਹਾ: “ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਸੁਣਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। . . . ਤੂੰ ਮੈਨੂੰ ਸਭ ਤੋਂ ਜ਼ਰੂਰੀ ਗੱਲ ਦੱਸੀ।” ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਜਦੋਂ ਨੇਕਦਿਲ ਲੋਕ ਪਰਮੇਸ਼ੁਰ ਦਾ ਨਾਂ ਸੁਣਦੇ ਹਨ, ਤਾਂ ਇਸ ਦਾ ਉਨ੍ਹਾਂ ʼਤੇ ਜ਼ਬਰਦਸਤ ਅਸਰ ਪੈਂਦਾ ਹੈ।
ਸੰਗਠਨ ʼਤੇ ਭਰੋਸਾ ਦਿਖਾਉਂਦੇ ਰਹੋ
11. ਬਜ਼ੁਰਗ ਕਿਵੇਂ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਗਠਨ ʼਤੇ ਪੂਰਾ ਭਰੋਸਾ ਹੈ? (ਤਸਵੀਰ ਵੀ ਦੇਖੋ।)
11 ਬਜ਼ੁਰਗ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਗਠਨ ʼਤੇ ਪੂਰਾ ਭਰੋਸਾ ਹੈ? ਇੱਦਾਂ ਕਰਨ ਦਾ ਇਕ ਤਰੀਕਾ ਹੈ ਕਿ ਜਦੋਂ ਉਨ੍ਹਾਂ ਨੂੰ ਕੋਈ ਹਿਦਾਇਤ ਮਿਲਦੀ ਹੈ, ਤਾਂ ਉਹ ਉਸ ਨੂੰ ਧਿਆਨ ਨਾਲ ਪੜ੍ਹਨ ਅਤੇ ਉਸ ਮੁਤਾਬਕ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਨ। ਮਿਸਾਲ ਲਈ, ਬਜ਼ੁਰਗਾਂ ਨੂੰ ਸਿਰਫ਼ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਨੇ ਸਭਾਵਾਂ ਵਿਚ ਕਿੱਦਾਂ ਭਾਗ ਪੇਸ਼ ਕਰਨੇ ਹਨ ਅਤੇ ਮੰਡਲੀ ਵਿਚ ਕਿੱਦਾਂ ਪ੍ਰਾਰਥਨਾ ਕਰਨੀ ਹੈ, ਸਗੋਂ ਇਹ ਵੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਮਸੀਹ ਦੀਆਂ ਭੇਡਾਂ ਦਾ ਕਿੱਦਾਂ ਖ਼ਿਆਲ ਰੱਖਣਾ ਹੈ। ਜਦੋਂ ਬਜ਼ੁਰਗ ਸੰਗਠਨ ਵੱਲੋਂ ਮਿਲਣ ਵਾਲੀ ਹਰ ਹਿਦਾਇਤ ਮੰਨਦੇ ਹਨ, ਤਾਂ ਭੈਣ-ਭਰਾ ਯਹੋਵਾਹ ਦਾ ਪਿਆਰ ਮਹਿਸੂਸ ਕਰ ਪਾਉਂਦੇ ਹਨ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ।
12. (ੳ) ਜਿਹੜੇ ਸਾਡੇ ਵਿਚ ਅਗਵਾਈ ਕਰਦੇ ਹਨ, ਸਾਨੂੰ ਉਨ੍ਹਾਂ ਦਾ ਸਾਥ ਕਿਉਂ ਦੇਣਾ ਚਾਹੀਦਾ ਹੈ? (ਇਬਰਾਨੀਆਂ 13:7, 17) (ਅ) ਸਾਨੂੰ ਉਨ੍ਹਾਂ ਦੇ ਗੁਣਾਂ ʼਤੇ ਧਿਆਨ ਕਿਉਂ ਦੇਣਾ ਚਾਹੀਦਾ ਹੈ?
12 ਜਦੋਂ ਸਾਨੂੰ ਬਜ਼ੁਰਗਾਂ ਤੋਂ ਹਿਦਾਇਤਾਂ ਮਿਲਦੀਆਂ ਹਨ, ਤਾਂ ਸਾਨੂੰ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨਣਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਉਹ ਆਪਣੀ ਜ਼ਿੰਮੇਵਾਰੀ ਸੌਖਿਆਂ ਤੇ ਵਧੀਆ ਢੰਗ ਨਾਲ ਨਿਭਾ ਸਕਣਗੇ। ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ। (ਇਬਰਾਨੀਆਂ 13:7, 17 ਪੜ੍ਹੋ।) ਪਰ ਕਦੇ-ਕਦੇ ਇੱਦਾਂ ਕਰਨਾ ਔਖਾ ਲੱਗ ਸਕਦਾ ਹੈ। ਕਿਉਂ? ਕਿਉਂਕਿ ਬਜ਼ੁਰਗ ਨਾਮੁਕੰਮਲ ਹਨ ਤੇ ਉਨ੍ਹਾਂ ਵਿਚ ਵੀ ਕਮੀਆਂ-ਕਮਜ਼ੋਰੀਆਂ ਹਨ। ਜੇ ਅਸੀਂ ਉਨ੍ਹਾਂ ਦੇ ਚੰਗੇ ਗੁਣਾਂ ʼਤੇ ਧਿਆਨ ਦੇਣ ਦੀ ਬਜਾਇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਦੇਣ ਲੱਗ ਪਈਏ, ਤਾਂ ਇਕ ਤਰੀਕੇ ਨਾਲ ਅਸੀਂ ਆਪਣੇ ਦੁਸ਼ਮਣਾਂ ਦੀ ਮਦਦ ਕਰ ਰਹੇ ਹੋਵਾਂਗੇ। ਉਹ ਕਿੱਦਾਂ? ਬਜ਼ੁਰਗਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਦੇਣ ਕਰਕੇ ਸ਼ਾਇਦ ਅਸੀਂ ਸੰਗਠਨ ਵਿਚ ਵੀ ਨੁਕਸ ਕੱਢਣ ਲੱਗ ਪਈਏ ਅਤੇ ਹੌਲੀ-ਹੌਲੀ ਸਾਡਾ ਸੰਗਠਨ ਤੋਂ ਭਰੋਸਾ ਉੱਠ ਜਾਵੇ। ਸਾਡੇ ਦੁਸ਼ਮਣ ਇਹੀ ਤਾਂ ਚਾਹੁੰਦੇ ਹਨ। ਸੋ ਅਸੀਂ ਆਪਣੇ ਦੁਸ਼ਮਣਾਂ ਦੀਆਂ ਚਾਲਾਂ ਨੂੰ ਕਿੱਦਾਂ ਪਛਾਣ ਸਕਦੇ ਹਾਂ ਤੇ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਨੂੰ ਠੁਕਰਾ ਸਕਦੇ ਹਾਂ?
ਆਪਣਾ ਭਰੋਸਾ ਕਮਜ਼ੋਰ ਨਾ ਹੋਣ ਦਿਓ
13. ਪਰਮੇਸ਼ੁਰ ਦੇ ਵਿਰੋਧੀ ਉਸ ਦੇ ਸੰਗਠਨ ਨੂੰ ਕਿੱਦਾਂ ਬਦਨਾਮ ਕਰਦੇ ਹਨ?
13 ਪਰਮੇਸ਼ੁਰ ਦੇ ਵਿਰੋਧੀ ਉਸ ਦੇ ਸੰਗਠਨ ਦੀਆਂ ਚੰਗੀਆਂ ਗੱਲਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਦੇ ਹਨ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਉਮੀਦ ਕਰਦਾ ਹੈ ਕਿ ਉਹ ਆਪਣੇ ਸਰੀਰ ਨੂੰ ਸਾਫ਼-ਸੁਥਰਾ ਰੱਖਣ, ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣ ਅਤੇ ਉਸ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨ ਜਿੱਦਾਂ ਉਸ ਨੂੰ ਮਨਜ਼ੂਰ ਹੈ। ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਵਿਅਕਤੀ ਬੁਰੇ ਕੰਮ ਕਰਦਾ ਰਹਿੰਦਾ ਹੈ, ਉਸ ਨੂੰ ਮੰਡਲੀ ਵਿਚੋਂ ਕੱਢ ਦੇਣਾ ਚਾਹੀਦਾ ਹੈ। (1 ਕੁਰਿੰ. 5:11-13; 6:9, 10) ਅਸੀਂ ਬਾਈਬਲ ਦੇ ਇਹ ਸਾਰੇ ਹੁਕਮ ਮੰਨਦੇ ਹਾਂ। ਪਰ ਇਸ ਕਰਕੇ ਸਾਡੇ ਵਿਰੋਧੀ ਸਾਡੇ ʼਤੇ ਇਹ ਦੋਸ਼ ਲਾਉਂਦੇ ਹਨ ਕਿ ਸਾਡੀ ਸੋਚ ਛੋਟੀ ਹੈ, ਅਸੀਂ ਦੂਜਿਆਂ ਬਾਰੇ ਗ਼ਲਤ ਰਾਇ ਰੱਖਦੇ ਹਾਂ ਅਤੇ ਅਸੀਂ ਲੋਕਾਂ ਨੂੰ ਪਿਆਰ ਨਹੀਂ ਕਰਦੇ।
14. ਅਸਲ ਵਿਚ ਸੰਗਠਨ ਬਾਰੇ ਝੂਠੀਆਂ ਗੱਲਾਂ ਕੌਣ ਫੈਲਾਉਂਦਾ ਹੈ?
14 ਅਸਲੀ ਦੁਸ਼ਮਣ ਨੂੰ ਪਛਾਣੋ। ਝੂਠੀਆਂ ਗੱਲਾਂ ਫੈਲਾਉਣ ਪਿੱਛੇ ਸ਼ੈਤਾਨ ਦਾ ਹੱਥ ਹੈ। ਬਾਈਬਲ ਵਿਚ ਉਸ ਨੂੰ “ਝੂਠ ਦਾ ਪਿਉ” ਕਿਹਾ ਗਿਆ ਹੈ। (ਯੂਹੰ. 8:44; ਉਤ. 3:1-5) ਇਸ ਲਈ ਸਾਨੂੰ ਉਦੋਂ ਹੈਰਾਨੀ ਨਹੀਂ ਹੁੰਦੀ ਜਦੋਂ ਸ਼ੈਤਾਨ ਆਪਣੇ ਲੋਕਾਂ ਰਾਹੀਂ ਯਹੋਵਾਹ ਦੇ ਸੰਗਠਨ ਬਾਰੇ ਝੂਠੀਆਂ ਗੱਲਾਂ ਜਾਂ ਅਫ਼ਵਾਹਾਂ ਫੈਲਾਉਂਦਾ ਹੈ। ਉਸ ਨੇ ਪਹਿਲੀ ਸਦੀ ਵਿਚ ਵੀ ਇੱਦਾਂ ਕੀਤਾ ਸੀ।
15. ਧਰਮ-ਗੁਰੂਆਂ ਨੇ ਕਿਵੇਂ ਯਿਸੂ ਅਤੇ ਉਸ ਦੇ ਚੇਲਿਆਂ ਬਾਰੇ ਝੂਠੀਆਂ ਗੱਲਾਂ ਫੈਲਾਈਆਂ?
15 ਪਹਿਲੀ ਸਦੀ ਵਿਚ ਸ਼ੈਤਾਨ ਨੇ ਆਪਣੇ ਲੋਕਾਂ ਰਾਹੀਂ ਪਰਮੇਸ਼ੁਰ ਦੇ ਪੁੱਤਰ ਬਾਰੇ ਇਕ ਤੋਂ ਬਾਅਦ ਇਕ ਕਈ ਝੂਠ ਫੈਲਾਏ। ਯਿਸੂ ਮੁਕੰਮਲ ਸੀ ਅਤੇ ਉਸ ਨੇ ਪਰਮੇਸ਼ੁਰ ਦੀ ਤਾਕਤ ਨਾਲ ਕਈ ਵੱਡੇ-ਵੱਡੇ ਚਮਤਕਾਰ ਕੀਤੇ ਸਨ। ਪਰ ਧਰਮ-ਗੁਰੂਆਂ ਨੇ ਉਸ ਬਾਰੇ ਇਹ ਝੂਠ ਫੈਲਾਇਆ ਕਿ ਉਹ “ਦੁਸ਼ਟ ਦੂਤਾਂ ਦੇ ਸਰਦਾਰ ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।” (ਮਰ. 3:22) ਜਦੋਂ ਯਿਸੂ ʼਤੇ ਮੁਕੱਦਮਾ ਚੱਲ ਰਿਹਾ ਸੀ, ਤਾਂ ਧਰਮ-ਗੁਰੂਆਂ ਨੇ ਉਸ ʼਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਦਾ ਇਲਜ਼ਾਮ ਲਾਇਆ। ਨਾਲੇ ਭੀੜ ਨੂੰ ਇਹ ਕਹਿਣ ਲਈ ਵੀ ਉਕਸਾਇਆ ਕਿ ਯਿਸੂ ਨੂੰ ਮਾਰ ਦਿੱਤਾ ਜਾਵੇ। (ਮੱਤੀ 27:20) ਅੱਗੇ ਚੱਲ ਕੇ ਜਦੋਂ ਯਿਸੂ ਦੇ ਚੇਲਿਆਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ, ਤਾਂ ਵਿਰੋਧੀਆਂ ਨੇ ‘ਲੋਕਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਮਨਾਂ ਵਿਚ ਜ਼ਹਿਰ ਭਰ ਦਿੱਤਾ’ ਤਾਂਕਿ ਉਹ ਉਨ੍ਹਾਂ ʼਤੇ ਜ਼ੁਲਮ ਕਰਨ। (ਰਸੂ. 14:2, 19) ਇਸ ਬਾਰੇ 1 ਦਸੰਬਰ 1998 ਦੇ ਪਹਿਰਾਬੁਰਜ ਵਿਚ ਇਹ ਗੱਲ ਦੱਸੀ ਗਈ ਸੀ: “ਇਨ੍ਹਾਂ ਯਹੂਦੀ ਵਿਰੋਧੀਆਂ ਨੇ ਖ਼ੁਦ ਤਾਂ ਸੰਦੇਸ਼ ਨੂੰ ਰੱਦ ਕੀਤਾ ਹੀ, ਪਰ ਉਨ੍ਹਾਂ ਨੇ ਇਲਜ਼ਾਮਤਰਾਸ਼ੀ ਕਰ ਕੇ ਗ਼ੈਰ-ਯਹੂਦੀ ਲੋਕਾਂ ਨੂੰ ਮਸੀਹੀਆਂ ਦੇ ਖ਼ਿਲਾਫ਼ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਮਸੀਹਤ ਨਾਲ ਕਿੰਨਾ ਵੈਰ ਸੀ।”
16. ਜੇ ਅਸੀਂ ਆਪਣੇ ਸੰਗਠਨ ਜਾਂ ਭਰਾਵਾਂ ਬਾਰੇ ਝੂਠੀਆਂ ਗੱਲਾਂ ਸੁਣਦੇ ਹਾਂ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
16 ਸ਼ੈਤਾਨ ਅੱਜ ਵੀ ਝੂਠੀਆਂ ਗੱਲਾਂ ਫੈਲਾ ਰਿਹਾ ਹੈ। ਬਾਈਬਲ ਵਿਚ ਲਿਖਿਆ ਹੈ ਕਿ ਉਹ “ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (ਪ੍ਰਕਾ. 12:9) ਜੇ ਤੁਸੀਂ ਵੀ ਆਪਣੇ ਸੰਗਠਨ ਜਾਂ ਅਗਵਾਈ ਕਰਨ ਵਾਲੇ ਭਰਾਵਾਂ ਬਾਰੇ ਕੋਈ ਝੂਠੀ ਗੱਲ ਸੁਣਦੇ ਹੋ, ਤਾਂ ਯਾਦ ਰੱਖੋ ਕਿ ਪਹਿਲੀ ਸਦੀ ਵਿਚ ਵੀ ਵਿਰੋਧੀਆਂ ਨੇ ਯਿਸੂ ਤੇ ਉਸ ਦੇ ਚੇਲਿਆਂ ਬਾਰੇ ਝੂਠੀਆਂ ਗੱਲਾਂ ਫੈਲਾਈਆਂ ਸਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਯਹੋਵਾਹ ਦੇ ਲੋਕਾਂ ʼਤੇ ਜ਼ੁਲਮ ਕੀਤੇ ਜਾਣਗੇ ਅਤੇ ਉਨ੍ਹਾਂ ਬਾਰੇ ਝੂਠੀਆਂ ਤੇ ਬੁਰੀਆਂ ਗੱਲਾਂ ਫੈਲਾਈਆਂ ਜਾਣਗੀਆਂ। (ਮੱਤੀ 5:11, 12) ਜੇ ਅਸੀਂ ਇਨ੍ਹਾਂ ਝੂਠੀਆਂ ਕਹਾਣੀਆਂ ਕਰਕੇ ਗੁਮਰਾਹ ਨਹੀਂ ਹੋਣਾ ਚਾਹੁੰਦੇ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਅਸਲੀ ਦੁਸ਼ਮਣ ਕੌਣ ਹੈ ਅਤੇ ਸਾਨੂੰ ਝੱਟ ਕਦਮ ਚੁੱਕਣ ਦੀ ਲੋੜ ਹੈ। ਸਾਨੂੰ ਕਿਹੜਾ ਕਦਮ ਚੁੱਕਣ ਦੀ ਲੋੜ ਹੈ?
17. ਜੇ ਅਸੀਂ ਝੂਠੀਆਂ ਕਹਾਣੀਆਂ ਕਰਕੇ ਗੁਮਰਾਹ ਨਹੀਂ ਹੋਣਾ ਚਾਹੁੰਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (2 ਤਿਮੋਥਿਉਸ 1:13) (“ ਜਦੋਂ ਝੂਠੀਆਂ ਕਹਾਣੀਆਂ ਸੁਣਨ ਨੂੰ ਮਿਲਣ, ਤਾਂ ਕੀ ਕਰੀਏ?” ਨਾਂ ਦੀ ਡੱਬੀ ਵੀ ਦੇਖੋ।)
17 ਝੂਠੀਆਂ ਕਹਾਣੀਆਂ ਵੱਲ ਕੰਨ ਨਾ ਲਾਓ। ਪੌਲੁਸ ਰਸੂਲ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਜਦੋਂ ਸਾਨੂੰ ਝੂਠੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਉਸ ਨੇ ਤਿਮੋਥਿਉਸ ਨੂੰ ਕਿਹਾ ਕਿ ਉਹ ‘ਕੁਝ ਲੋਕਾਂ ਨੂੰ ਵਰਜੇ ਕਿ ਉਹ ਝੂਠੀਆਂ ਕਹਾਣੀਆਂ ਵੱਲ ਧਿਆਨ ਨਾ ਦੇਣ ਅਤੇ ਨਿੰਦਿਆ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਤੋਂ ਦੂਰ ਰਹਿਣ।’ (1 ਤਿਮੋ. 1:3, 4; 4:7) ਜ਼ਰਾ ਇਸ ਬਾਰੇ ਸੋਚੋ, ਬੱਚੇ ਬੜੇ ਭੋਲੇ ਹੁੰਦੇ ਹਨ। ਉਹ ਜ਼ਮੀਨ ʼਤੇ ਡਿਗੀ ਕੋਈ ਵੀ ਚੀਜ਼ ਚੁੱਕ ਕੇ ਮੂੰਹ ਵਿਚ ਪਾ ਲੈਂਦੇ ਹਨ। ਪਰ ਇਕ ਵੱਡਾ ਜਾਂ ਸਮਝਦਾਰ ਵਿਅਕਤੀ ਇੱਦਾਂ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਇਹ ਖ਼ਤਰਨਾਕ ਹੋ ਸਕਦਾ ਹੈ। ਅਸੀਂ ਵੀ ਜਾਣਦੇ ਹਾਂ ਕਿ ਝੂਠੀਆਂ ਸਿੱਖਿਆਵਾਂ ਬਹੁਤ ਖ਼ਤਰਨਾਕ ਹਨ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ। ਇਸ ਲਈ ਅਸੀਂ ਇਨ੍ਹਾਂ ਨੂੰ ਠੁਕਰਾਉਂਦੇ ਹਾਂ ਤੇ “ਸਹੀ ਸਿੱਖਿਆਵਾਂ” ਨੂੰ ਫੜੀ ਰੱਖਦੇ ਹਾਂ।—2 ਤਿਮੋਥਿਉਸ 1:13 ਪੜ੍ਹੋ।
18. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ਦੇ ਸੰਗਠਨ ʼਤੇ ਪੂਰਾ ਭਰੋਸਾ ਹੈ?
18 ਇਸ ਲੇਖ ਵਿਚ ਅਸੀਂ ਸਿਰਫ਼ ਤਿੰਨ ਗੱਲਾਂ ʼਤੇ ਧਿਆਨ ਦਿੱਤਾ ਕਿ ਕਿਵੇਂ ਸਾਡਾ ਸੰਗਠਨ ਯਿਸੂ ਵਾਂਗ ਕੰਮ ਕਰਦਾ ਹੈ। ਪਰ ਇੱਦਾਂ ਦੀਆਂ ਹੋਰ ਵੀ ਗੱਲਾਂ ਹਨ, ਇਸ ਲਈ ਬਾਈਬਲ ਦਾ ਅਧਿਐਨ ਕਰਦਿਆਂ ਉਨ੍ਹਾਂ ʼਤੇ ਧਿਆਨ ਦਿਓ। ਇਸ ਤੋਂ ਇਲਾਵਾ, ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰੋ ਕਿ ਉਨ੍ਹਾਂ ਦਾ ਯਹੋਵਾਹ ਦੇ ਸੰਗਠਨ ʼਤੇ ਭਰੋਸਾ ਮਜ਼ਬੂਤ ਹੋਵੇ। ਯਹੋਵਾਹ ਦੇ ਵਫ਼ਾਦਾਰ ਰਹੋ ਤੇ ਉਸ ਦੇ ਸੰਗਠਨ ਦਾ ਸਾਥ ਦਿਓ। ਇਸ ਤਰ੍ਹਾਂ ਤੁਸੀਂ ਦਿਖਾਓਗੇ ਕਿ ਤੁਹਾਨੂੰ ਯਹੋਵਾਹ ਦੇ ਸੰਗਠਨ ʼਤੇ ਪੂਰਾ ਭਰੋਸਾ ਹੈ ਜਿਸ ਰਾਹੀਂ ਉਹ ਆਪਣੀ ਮਰਜ਼ੀ ਪੂਰੀ ਕਰ ਰਿਹਾ ਹੈ। (ਜ਼ਬੂ. 37:28) ਆਓ ਆਪਾਂ ਹਮੇਸ਼ਾ ਇਸ ਗੱਲ ਦੇ ਅਹਿਸਾਨਮੰਦ ਰਹੀਏ ਕਿ ਅਸੀਂ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਉਸ ਦੀ ਸੇਵਾ ਕਰ ਰਹੇ ਹਾਂ ਜੋ ਉਸ ਨੂੰ ਪਿਆਰ ਕਰਦੇ ਹਨ ਤੇ ਉਸ ਦੇ ਵਫ਼ਾਦਾਰ ਰਹਿੰਦੇ ਹਨ।
ਤੁਸੀਂ ਕੀ ਜਵਾਬ ਦਿਓਗੇ?
-
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡਾ ਸੰਗਠਨ ਉਵੇਂ ਹੀ ਕੰਮ ਕਰਦਾ ਹੈ ਜਿਵੇਂ ਯਿਸੂ ਨੇ ਕੀਤਾ ਸੀ?
-
ਅਸੀਂ ਅੱਜ ਤੇ ਆਉਣ ਵਾਲੇ ਸਮੇਂ ਵਿਚ ਵੀ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ਦੇ ਸੰਗਠਨ ʼਤੇ ਪੂਰਾ ਭਰੋਸਾ ਹੈ?
-
ਜਦੋਂ ਸਾਨੂੰ ਕੋਈ ਝੂਠੀ ਕਹਾਣੀ ਸੁਣਨ ਨੂੰ ਮਿਲੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
ਗੀਤ 103 ਚਰਵਾਹੇ, ਅਨਮੋਲ ਤੋਹਫ਼ੇ
a ਯਹੋਵਾਹ ਦੀ ਸ਼ੁੱਧ ਭਗਤੀ ਬਹਾਲ! ਕਿਤਾਬ ਦੇ ਸਫ਼ੇ 102-103 ʼਤੇ “1919 ਹੀ ਕਿਉਂ?” ਨਾਂ ਦੀ ਡੱਬੀ ਦੇਖੋ।
b ਤਸਵੀਰਾਂ ਬਾਰੇ ਜਾਣਕਾਰੀ: ਬਜ਼ੁਰਗ ਜਨਤਕ ਥਾਵਾਂ ʼਤੇ ਗਵਾਹੀ ਦੇਣ ਬਾਰੇ ਸੰਗਠਨ ਤੋਂ ਮਿਲੀ ਜਾਣਕਾਰੀ ʼਤੇ ਚਰਚਾ ਕਰ ਰਹੇ ਹਨ। ਫਿਰ ਸਰਵਿਸ ਓਵਰਸੀਅਰ ਦੋ ਪ੍ਰਚਾਰਕਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਕੰਧ ਨਾਲ ਲੱਗ ਕੇ ਖੜ੍ਹਨਾ ਚਾਹੀਦਾ ਹੈ।