Skip to content

Skip to table of contents

ਆਪਣੇ ਮਿਹਨਤੀ ਆਗੂ ਮਸੀਹ ’ਤੇ ਭਰੋਸਾ ਰੱਖੋ

ਆਪਣੇ ਮਿਹਨਤੀ ਆਗੂ ਮਸੀਹ ’ਤੇ ਭਰੋਸਾ ਰੱਖੋ

“ਤੁਹਾਡਾ ਆਗੂ ਸਿਰਫ਼ ਮਸੀਹ ਹੈ।”​—ਮੱਤੀ 23:10.

ਗੀਤ: 14, 30

1, 2. ਮੂਸਾ ਦੀ ਮੌਤ ਤੋਂ ਬਾਅਦ ਯਹੋਸ਼ੁਆ ਨੂੰ ਕਿਹੜੀ ਭਾਰੀ ਜ਼ਿੰਮੇਵਾਰੀ ਦਿੱਤੀ ਗਈ?

ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਮੇਰਾ ਦਾਸ ਮੂਸਾ ਮਰ ਗਿਆ ਹੈ। ਹੁਣ ਤੂੰ ਉੱਠ ਅਤੇ ਏਸ ਯਰਦਨ ਦੇ ਪਾਰ ਲੰਘ, ਤੂੰ ਅਤੇ ਏਹ ਸਾਰੇ ਲੋਕ ਉਸ ਦੇਸ ਨੂੰ ਜਾਓ ਜਿਹੜਾ ਮੈਂ ਉਨ੍ਹਾਂ ਨੂੰ . . . ਦਿੰਦਾ ਹਾਂ।” (ਯਹੋ. 1:1, 2) ਯਹੋਸ਼ੁਆ ਦੀ ਜ਼ਿੰਦਗੀ ਵਿਚ ਇਹ ਕਿੰਨੀ ਹੀ ਵੱਡੀ ਤਬਦੀਲੀ ਸੀ ਜੋ ਲਗਭਗ 40 ਸਾਲਾਂ ਤੋਂ ਮੂਸਾ ਦੇ ਸੇਵਕ ਵਜੋਂ ਕੰਮ ਕਰ ਰਿਹਾ ਸੀ!

2 ਮੂਸਾ ਨੇ ਕਾਫ਼ੀ ਲੰਬੇ ਸਮੇਂ ਤਕ ਇਜ਼ਰਾਈਲੀਆਂ ਦੀ ਅਗਵਾਈ ਕੀਤੀ ਸੀ, ਪਰ ਹੁਣ ਯਹੋਸ਼ੁਆ ਨੇ ਉਨ੍ਹਾਂ ਦੀ ਅਗਵਾਈ ਕਰਨੀ ਸੀ। ਇਸ ਲਈ ਸ਼ਾਇਦ ਉਸ ਨੇ ਸੋਚਿਆ ਹੋਣਾ ਕਿ ਲੋਕ ਉਸ ਨੂੰ ਆਗੂ ਵਜੋਂ ਕਬੂਲ ਕਰਨਗੇ ਵੀ ਜਾਂ ਨਹੀਂ। (ਬਿਵ. 34:8, 10-12) ਯਹੋਸ਼ੁਆ 1:1, 2 ਬਾਰੇ ਬਾਈਬਲ ਦੇ ਇਕ ਵਿਦਵਾਨ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਪੁਰਾਣੇ ਤੇ ਅੱਜ ਦੇ ਸਮੇਂ ਵਿਚ ਕਿਸੇ ਕੌਮ ਲਈ ਸਭ ਤੋਂ ਔਖਾ ਤੇ ਖ਼ਤਰਨਾਕ ਸਮਾਂ ਉਹ ਹੁੰਦਾ ਹੈ ਜਦੋਂ ਉਨ੍ਹਾਂ ਦਾ ਆਗੂ ਬਦਲਦਾ ਹੈ।

3, 4. ਯਹੋਸ਼ੁਆ ਦੇ ਭਰੋਸਾ ਰੱਖਣ ਕਰਕੇ ਪਰਮੇਸ਼ੁਰ ਨੇ ਉਸ ਨੂੰ ਕਿਵੇਂ ਬਰਕਤ ਦਿੱਤੀ ਅਤੇ ਸ਼ਾਇਦ ਅਸੀਂ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛੀਏ?

3 ਯਹੋਸ਼ੁਆ ਦੀ ਚਿੰਤਾ ਜਾਇਜ਼ ਸੀ। ਪਰ ਉਸ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਝੱਟ ਉਸ ਦੀਆਂ ਹਿਦਾਇਤਾਂ ਮੰਨੀਆਂ। (ਯਹੋ. 1:9-11) ਭਰੋਸਾ ਰੱਖਣ ਕਰਕੇ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਬਰਕਤ ਦਿੱਤੀ ਅਤੇ ਆਪਣੇ ਇਕ ਦੂਤ ਦੁਆਰਾ ਉਸ ਦੀ ਅਤੇ ਇਜ਼ਰਾਈਲੀਆਂ ਦੀ ਅਗਵਾਈ ਕੀਤੀ। ਲੱਗਦਾ ਹੈ ਕਿ ਇਹ ਦੂਤ ਸ਼ਬਦ ਯਾਨੀ ਪਰਮੇਸ਼ੁਰ ਦਾ ਜੇਠਾ ਪੁੱਤਰ ਸੀ।​—ਕੂਚ 23:20-23; ਯੂਹੰ. 1:1.

4 ਯਹੋਸ਼ੁਆ ਦੇ ਆਗੂ ਬਣਨ ਕਰਕੇ ਜੋ ਤਬਦੀਲੀਆਂ ਹੋਈਆਂ ਸਨ, ਉਨ੍ਹਾਂ ਮੁਤਾਬਕ ਢਲ਼ਣ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਦੀ ਮਦਦ ਕੀਤੀ। ਅੱਜ ਸਾਡੇ ਦਿਨਾਂ ਵਿਚ ਵੀ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਹਨ। ਅਸੀਂ ਸ਼ਾਇਦ ਸੋਚੀਏ, ‘ਜਿੱਦਾਂ-ਜਿੱਦਾਂ ਪਰਮੇਸ਼ੁਰ ਦਾ ਸੰਗਠਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਕੀ ਸਾਡੇ ਕੋਲ ਆਪਣੇ ਚੁਣੇ ਹੋਏ ਆਗੂ ਯਿਸੂ ’ਤੇ ਭਰੋਸਾ ਰੱਖਣ ਦੇ ਜਾਇਜ਼ ਕਾਰਨ ਹਨ?’ (ਮੱਤੀ 23:10 ਪੜ੍ਹੋ।) ਇਸ ਸਵਾਲ ਦਾ ਜਵਾਬ ਲੈਣ ਲਈ ਸਾਨੂੰ ਇਸ ਗੱਲ ’ਤੇ ਗੌਰ ਕਰਨ ਦੀ ਲੋੜ ਹੈ ਕਿ ਪੁਰਾਣੇ ਸਮੇਂ ਵਿਚ ਤਬਦੀਲੀਆਂ ਹੋਣ ’ਤੇ ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕੀਤੀ ਸੀ।

ਕਨਾਨ ਜਾਣ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਕਿਸ ਨੇ ਅਗਵਾਈ ਕੀਤੀ?

5. ਯਰੀਹੋ ਸ਼ਹਿਰ ਦੇ ਨੇੜੇ ਯਹੋਸ਼ੁਆ ਨਾਲ ਕਿਹੜੀ ਅਜੀਬ ਘਟਨਾ ਵਾਪਰੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਇਜ਼ਰਾਈਲੀਆਂ ਦੁਆਰਾ ਯਰਦਨ ਪਾਰ ਕਰਨ ਤੋਂ ਛੇਤੀ ਬਾਅਦ ਯਹੋਸ਼ੁਆ ਨਾਲ ਇਕ ਅਜੀਬ ਘਟਨਾ ਵਾਪਰੀ। ਯਰੀਹੋ ਸ਼ਹਿਰ ਦੇ ਨੇੜੇ ਉਸ ਨੂੰ ਤਲਵਾਰ ਫੜੀ ਇਕ ਆਦਮੀ ਮਿਲਿਆ। ਯਹੋਸ਼ੁਆ ਨੇ ਆਦਮੀ ਨੂੰ ਪੁੱਛਿਆ: “ਤੂੰ ਸਾਡੀ ਵੱਲ ਹੈਂ ਯਾ ਸਾਡੇ ਵੈਰੀਆਂ ਵੱਲ?” ਯਹੋਸ਼ੁਆ ਹੈਰਾਨ ਰਹਿ ਗਿਆ ਜਦੋਂ ਉਸ ਆਦਮੀ ਨੇ ਕਿਹਾ ਕਿ ਉਹ “ਯਹੋਵਾਹ ਦਾ ਸੈਨਾ ਪਤੀ” ਸੀ ਜੋ ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕਰਨ ਲਈ ਤਿਆਰ ਸੀ। (ਯਹੋਸ਼ੁਆ 5:13-15 ਪੜ੍ਹੋ।) ਭਾਵੇਂ ਇਸ ਬਿਰਤਾਂਤ ਬਾਰੇ ਬਾਈਬਲ ਵਿਚ ਹੋਰ ਕਈ ਥਾਵਾਂ ’ਤੇ ਦੱਸਿਆ ਗਿਆ ਹੈ ਕਿ ਯਹੋਵਾਹ ਯਹੋਸ਼ੁਆ ਨਾਲ ਗੱਲ ਕਰ ਰਿਹਾ ਸੀ, ਪਰ ਬਿਨਾਂ ਸ਼ੱਕ ਪਰਮੇਸ਼ੁਰ ਨੇ ਇਸ ਦੂਤ ਨੂੰ ਯਹੋਸ਼ੁਆ ਨਾਲ ਗੱਲ ਕਰਨ ਲਈ ਵਰਤਿਆ। ਪਰਮੇਸ਼ੁਰ ਨੇ ਹੋਰ ਸਮਿਆਂ ’ਤੇ ਵੀ ਇਸ ਦੂਤ ਨੂੰ ਆਪਣੇ ਲਈ ਗੱਲ ਕਰਨ ਲਈ ਵਰਤਿਆ ਸੀ।​—ਕੂਚ 3:2-4; ਯਹੋ. 4:1, 15; 5:2, 9; ਰਸੂ. 7:38; ਗਲਾ. 3:19.

6-8. (ੳ) ਦੂਤ ਦੀਆਂ ਕੁਝ ਹਿਦਾਇਤਾਂ ਅਜੀਬ ਕਿਉਂ ਲੱਗ ਸਕਦੀਆਂ ਹਨ? (ਅ) ਸਾਨੂੰ ਕਿਵੇਂ ਪਤਾ ਹੈ ਕਿ ਇਹ ਹਿਦਾਇਤਾਂ ਸਮਝਦਾਰੀ ਵਾਲੀਆਂ ਸਨ ਅਤੇ ਸਹੀ ਸਮੇਂ ’ਤੇ ਦਿੱਤੀਆਂ ਗਈਆਂ ਸਨ?

6 ਦੂਤ ਨੇ ਯਹੋਸ਼ੁਆ ਨੂੰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ ਕਿ ਯਰੀਹੋ ਸ਼ਹਿਰ ਜਿੱਤਣ ਲਈ ਉਸ ਨੂੰ ਕੀ ਕਰਨ ਦੀ ਲੋੜ ਸੀ। ਪਹਿਲਾਂ-ਪਹਿਲ ਤਾਂ ਉਸ ਨੂੰ ਸ਼ਾਇਦ ਕੁਝ ਹਿਦਾਇਤਾਂ ਸਹੀ ਨਾ ਲੱਗੀਆਂ ਹੋਣ। ਮਿਸਾਲ ਲਈ, ਦੂਤ ਨੇ ਯਹੋਸ਼ੁਆ ਨੂੰ ਕਿਹਾ ਕਿ ਸਾਰੇ ਫ਼ੌਜੀਆਂ ਦੀ ਸੁੰਨਤ ਕਰਵਾਈ ਜਾਵੇ। ਇਸ ਦਾ ਮਤਲਬ ਸੀ ਕਿ ਉਹ ਕੁਝ ਦਿਨ ਲੜ ਨਹੀਂ ਸਕਣਗੇ। ਕੀ ਇਨ੍ਹਾਂ ਆਦਮੀਆਂ ਦੀ ਸੁੰਨਤ ਕਰਾਉਣ ਦਾ ਇਹ ਸਹੀ ਸਮਾਂ ਸੀ?​—ਉਤ. 34:24, 25; ਯਹੋ. 5:2, 8.

7 ਸ਼ਾਇਦ ਫ਼ੌਜੀਆਂ ਨੇ ਸੋਚਿਆ ਹੋਵੇ, ‘ਜੇ ਦੁਸ਼ਮਣਾਂ ਨੇ ਸਾਡੇ ਡੇਰਿਆਂ ’ਤੇ ਹਮਲਾ ਕਰ ਦਿੱਤਾ, ਤਾਂ ਅਸੀਂ ਆਪਣੇ ਪਰਿਵਾਰਾਂ ਨੂੰ ਕਿਵੇਂ ਬਚਾਵਾਂਗੇ?’ ਪਰ ਫਿਰ ਅਚਾਨਕ ਕੁਝ ਅਜਿਹਾ ਹੋਇਆ ਜਿਸ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ। ਇਜ਼ਰਾਈਲੀਆਂ ’ਤੇ ਹਮਲਾ ਕਰਨ ਦੀ ਬਜਾਇ ਯਰੀਹੋ ਦੇ ਆਦਮੀ ਉਨ੍ਹਾਂ ਤੋਂ ਬਹੁਤ ਡਰ ਗਏ। ਅਸੀਂ ਪੜਦੇ ਹਾਂ: “ਯਰੀਹੋ ਇਸਰਾਏਲੀਆਂ ਦੇ ਕਾਰਨ ਵੱਡੀ ਪਕਿਆਈ ਨਾਲ ਬੰਦ ਕੀਤਾ ਹੋਇਆ ਸੀ, ਨਾ ਤਾਂ ਕੋਈ ਅੰਦਰ ਆ ਸੱਕਦਾ ਸੀ, ਨਾ ਕੋਈ ਬਾਹਰ ਜਾ ਸੱਕਦਾ ਸੀ।” (ਯਹੋ. 6:1) ਇਸ ਖ਼ਬਰ ਕਰਕੇ ਇਜ਼ਰਾਈਲੀਆਂ ਦਾ ਪਰਮੇਸ਼ੁਰ ਵੱਲੋਂ ਮਿਲੀ ਹਿਦਾਇਤ ’ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੋਣਾ।

8 ਦੂਤ ਨੇ ਯਹੋਸ਼ੁਆ ਨੂੰ ਕਿਹਾ ਕਿ ਯਰੀਹੋ ’ਤੇ ਹਮਲਾ ਕਰਨ ਦੀ ਬਜਾਇ ਇਜ਼ਰਾਈਲੀ ਛੇ ਦਿਨ ਇਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਾਉਣ ਅਤੇ ਸੱਤਵੇਂ ਦਿਨ ਸੱਤ ਵਾਰ ਚੱਕਰ ਲਾਉਣ। ਉਨ੍ਹਾਂ ਨੇ ਸ਼ਾਇਦ ਸੋਚਿਆ ਹੋਵੇ, ‘ਇਹ ਤਾਂ ਸਮੇਂ ਤੇ ਤਾਕਤ ਦੀ ਬਰਬਾਦੀ ਹੈ!’ ਪਰ ਇਜ਼ਰਾਈਲ ਦਾ ਅਦਿੱਖ ਆਗੂ ਯਹੋਵਾਹ ਸਾਫ਼-ਸਾਫ਼ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ। ਹਿਦਾਇਤਾਂ ਨੂੰ ਮੰਨਣ ਕਰਕੇ ਇਜ਼ਰਾਈਲੀਆਂ ਦੀ ਨਿਹਚਾ ਮਜ਼ਬੂਤ ਹੋਈ ਅਤੇ ਉਨ੍ਹਾਂ ਨੂੰ ਯਰੀਹੋ ਦੇ ਫ਼ੌਜੀਆਂ ਖ਼ਿਲਾਫ਼ ਲੜਨਾ ਨਹੀਂ ਪਿਆ।​—ਯਹੋ. 6:2-5; ਇਬ. 11:30. *

9. ਸਾਨੂੰ ਪਰਮੇਸ਼ੁਰ ਦੇ ਸੰਗਠਨ ਵੱਲੋਂ ਮਿਲਦੀ ਹਰ ਹਿਦਾਇਤ ਨੂੰ ਕਿਉਂ ਮੰਨਣਾ ਚਾਹੀਦਾ ਹੈ? ਇਕ ਮਿਸਾਲ ਦਿਓ।

9 ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਕਈ ਵਾਰ ਯਹੋਵਾਹ ਦਾ ਸੰਗਠਨ ਕੁਝ ਕੰਮ ਨਵੇਂ ਤਰੀਕੇ ਨਾਲ ਕਰਦਾ ਹੈ ਅਤੇ ਸ਼ਾਇਦ ਸਾਨੂੰ ਇਸ ਤਰ੍ਹਾਂ ਕਰਨ ਦਾ ਕਾਰਨ ਹਮੇਸ਼ਾ ਸਮਝ ਨਾ ਆਵੇ। ਮਿਸਾਲ ਲਈ, ਸ਼ਾਇਦ ਪਹਿਲਾਂ ਸਾਨੂੰ ਸਟੱਡੀ ਕਰਨ, ਪ੍ਰਚਾਰ ਤੇ ਸਭਾਵਾਂ ਵਿਚ ਫ਼ੋਨ ਤੇ ਟੈਬਲੇਟ ਵਗੈਰਾ ਵਰਤਣ ਦੀ ਸਲਾਹ ਵਧੀਆ ਨਾ ਲੱਗੀ ਹੋਵੇ। ਪਰ ਇਨ੍ਹਾਂ ਨੂੰ ਵਰਤ ਕੇ ਅਸੀਂ ਇਸ ਦੇ ਫ਼ਾਇਦੇ ਜ਼ਰੂਰ ਦੇਖ ਸਕਦੇ ਹਾਂ। ਇਸ ਤਰ੍ਹਾਂ ਦੀਆਂ ਤਬਦੀਲੀਆਂ ਦੇ ਵਧੀਆ ਨਤੀਜੇ ਦੇਖ ਕੇ ਸਾਡੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ ਅਤੇ ਸਾਡੀ ਏਕਤਾ ਵਧਦੀ ਹੈ।

ਪਹਿਲੀ ਸਦੀ ਵਿਚ ਮਸੀਹ ਵੱਲੋਂ ਅਗਵਾਈ

10. ਯਰੂਸ਼ਲਮ ਵਿਚ ਹੋਈ ਪ੍ਰਬੰਧਕ ਸਭਾ ਦੀ ਅਹਿਮ ਮੀਟਿੰਗ ਪਿੱਛੇ ਕੌਣ ਸੀ?

10 ਕੁਰਨੇਲੀਅਸ ਨਾਂ ਦੇ ਬੇਸੁੰਨਤੇ ਗ਼ੈਰ-ਯਹੂਦੀ ਵਿਅਕਤੀ ਦੇ ਮਸੀਹੀ ਬਣਨ ਤੋਂ ਲਗਭਗ 13 ਸਾਲ ਬਾਅਦ ਵੀ ਕੁਝ ਯਹੂਦੀ ਮਸੀਹੀ ਸੁੰਨਤ ਕਰਾਉਣ ਨੂੰ ਜ਼ਰੂਰੀ ਕਹਿ ਰਹੇ ਸਨ। (ਰਸੂ. 15:1, 2) ਅੰਤਾਕੀਆ ਦੇ ਭਰਾ ਇਸ ਮਸਲੇ ’ਤੇ ਬਹਿਸ ਕਰ ਰਹੇ ਸਨ। ਇਸ ਲਈ ਪੌਲੁਸ ਨੂੰ ਯਰੂਸ਼ਲਮ ਭੇਜਿਆ ਗਿਆ ਤਾਂਕਿ ਉਹ ਪ੍ਰਬੰਧਕ ਸਭਾ ਤੋਂ ਇਸ ਬਾਰੇ ਪੁੱਛ ਸਕੇ। ਪਰ ਕਿਉਂ? ਪੌਲੁਸ ਨੇ ਦੱਸਿਆ: “ਯਿਸੂ ਨੇ ਮੈਨੂੰ ਉੱਥੇ ਜਾਣ ਲਈ ਕਿਹਾ ਸੀ।” ਇਹ ਗੱਲ ਸਾਫ਼ ਹੈ ਕਿ ਮਸੀਹ ਨੇ ਅਗਵਾਈ ਕੀਤੀ ਤਾਂਕਿ ਪ੍ਰਬੰਧਕ ਸਭਾ ਇਸ ਮਸਲੇ ਨੂੰ ਹੱਲ ਕਰ ਸਕੇ।​—ਗਲਾ. 2:1-3.

ਮਸੀਹ ਨੇ ਪਹਿਲੀ ਸਦੀ ਦੀਆਂ ਮੰਡਲੀਆਂ ਦੀ ਅਗਵਾਈ ਕੀਤੀ ਸੀ (ਪੈਰੇ 10, 11 ਦੇਖੋ)

11. (ੳ) ਕੁਝ ਯਹੂਦੀ ਮਸੀਹੀ ਅਜੇ ਵੀ ਸੁੰਨਤ ਕਰਾਉਣ ’ਤੇ ਯਕੀਨ ਕਿਉਂ ਕਰਦੇ ਸਨ? (ਅ) ਪੌਲੁਸ ਨੇ ਕਿਵੇਂ ਦਿਖਾਇਆ ਕਿ ਉਹ ਯਰੂਸ਼ਲਮ ਦੇ ਬਜ਼ੁਰਗਾਂ ਦਾ ਨਿਮਰਤਾ ਨਾਲ ਸਮਰਥਨ ਕਰਨ ਲਈ ਤਿਆਰ ਸੀ? (ਫੁਟਨੋਟ ਵੀ ਦੇਖੋ।)

11 ਮਸੀਹ ਦੀ ਅਗਵਾਈ ਅਧੀਨ ਪ੍ਰਬੰਧਕ ਸਭਾ ਨੇ ਸਾਫ਼-ਸਾਫ਼ ਦੱਸਿਆ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਸੁੰਨਤ ਕਰਾਉਣ ਦੀ ਲੋੜ ਨਹੀਂ ਸੀ। (ਰਸੂ. 15:19, 20) ਪਰ ਇਸ ਫ਼ੈਸਲੇ ਤੋਂ ਸਾਲਾਂ ਬਾਅਦ ਵੀ ਬਹੁਤ ਸਾਰੇ ਯਹੂਦੀ ਆਪਣੇ ਪੁੱਤਰਾਂ ਦੀ ਸੁੰਨਤ ਕਰਵਾਉਂਦੇ ਰਹੇ। ਫਿਰ ਯਰੂਸ਼ਲਮ ਵਿਚ ਬਜ਼ੁਰਗਾਂ ਨੇ ਅਫ਼ਵਾਹ ਸੁਣੀ ਕਿ ਪੌਲੁਸ ਮੂਸਾ ਦੇ ਕਾਨੂੰਨ ਨੂੰ ਨਹੀਂ ਮੰਨਦਾ। ਇਸ ਲਈ ਬਜ਼ੁਰਗਾਂ ਨੇ ਪੌਲੁਸ ਨੂੰ ਕੁਝ ਅਜੀਬੋ-ਗ਼ਰੀਬ ਹਿਦਾਇਤਾਂ ਦਿੱਤੀਆਂ। * (ਰਸੂ. 21:20-26) ਉਨ੍ਹਾਂ ਨੇ ਪੌਲੁਸ ਨੂੰ ਆਪਣੇ ਨਾਲ ਮੰਦਰ ਵਿਚ ਚਾਰ ਆਦਮੀ ਲੈ ਕੇ ਜਾਣ ਨੂੰ ਕਿਹਾ ਤਾਂਕਿ ਲੋਕ ਦੇਖ ਸਕਣ ਕਿ ਉਹ “ਮੂਸਾ ਦੇ ਕਾਨੂੰਨ ਮੁਤਾਬਕ ਸਹੀ-ਸਹੀ ਚੱਲਦਾ” ਸੀ। ਪੌਲੁਸ ਕਹਿ ਸਕਦਾ ਸੀ: ‘ਇਹ ਤਾਂ ਕੋਈ ਤੁਕ ਨਹੀਂ ਬਣਦੀ! ਤੁਸੀਂ ਮੈਨੂੰ ਇੱਦਾਂ ਕਰਨ ਨੂੰ ਕਿਉਂ ਕਹਿ ਰਹੇ ਹੋ? ਸਮੱਸਿਆ ਤਾਂ ਉਨ੍ਹਾਂ ਯਹੂਦੀ ਮਸੀਹੀਆਂ ਦੀ ਹੈ ਜਿਹੜੇ ਸੁੰਨਤ ਦੇ ਮਸਲੇ ਨੂੰ ਨਹੀਂ ਸਮਝਦੇ।’ ਪਰ ਪੌਲੁਸ ਜਾਣਦਾ ਸੀ ਕਿ ਬਜ਼ੁਰਗ ਚਾਹੁੰਦੇ ਸਨ ਕਿ ਸਾਰੇ ਮਸੀਹੀ ਏਕਤਾ ਵਿਚ ਬੱਝੇ ਰਹਿਣ। ਇਸ ਲਈ ਉਸ ਨੇ ਨਿਮਰਤਾ ਨਾਲ ਉਨ੍ਹਾਂ ਦੀਆਂ ਹਿਦਾਇਤਾਂ ਮੰਨੀਆਂ। ਪਰ ਅਸੀਂ ਸ਼ਾਇਦ ਸੋਚੀਏ, ‘ਯਿਸੂ ਨੇ ਇੰਨੇ ਸਮੇਂ ਤਕ ਸੁੰਨਤ ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਜਦ ਕਿ ਯਿਸੂ ਦੀ ਮੌਤ ਨਾਲ ਹੀ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਸੀ?’​—ਕੁਲੁ. 2:13, 14.

12. ਸ਼ਾਇਦ ਸੁੰਨਤ ਦੇ ਮਸਲੇ ਨੂੰ ਪੂਰੀ ਤਰ੍ਹਾਂ ਸੁਲਝਾਉਣ ਲਈ ਮਸੀਹ ਨੇ ਇੰਨਾ ਸਮਾਂ ਕਿਉਂ ਦਿੱਤਾ ਹੋਣਾ?

12 ਨਵੀਂ ਸਮਝ ਅਨੁਸਾਰ ਢਲ਼ਣ ਵਿਚ ਸਮਾਂ ਲੱਗ ਸਕਦਾ ਹੈ। ਕੁਝ ਯਹੂਦੀ ਮਸੀਹੀਆਂ ਨੂੰ ਇਹ ਗੱਲ ਮੰਨਣ ਲਈ ਸਮਾਂ ਚਾਹੀਦਾ ਸੀ ਕਿ ਉਹ ਹੁਣ ਮੂਸਾ ਦੇ ਕਾਨੂੰਨ ਅਧੀਨ ਨਹੀਂ ਸਨ। (ਯੂਹੰ. 16:12) ਉਹ ਸੋਚਦੇ ਸਨ ਕਿ ਸੁੰਨਤ ਪਰਮੇਸ਼ੁਰ ਨਾਲ ਖ਼ਾਸ ਰਿਸ਼ਤੇ ਦੀ ਨਿਸ਼ਾਨੀ ਸੀ। (ਉਤ. 17:9-12) ਹੋਰਾਂ ਨੂੰ ਡਰ ਸੀ ਕਿ ਸੁੰਨਤ ਨਾ ਕਰਾਉਣ ਕਰਕੇ ਉਨ੍ਹਾਂ ਨੂੰ ਯਹੂਦੀਆਂ ਵੱਲੋਂ ਸਤਾਹਟਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਗਲਾ. 6:12) ਪਰ ਸਮੇਂ ਦੇ ਬੀਤਣ ਨਾਲ, ਮਸੀਹ ਨੇ ਪੌਲੁਸ ਦੀਆਂ ਚਿੱਠੀਆਂ ਰਾਹੀਂ ਹੋਰ ਹਿਦਾਇਤਾਂ ਦਿੱਤੀਆਂ।​—ਰੋਮੀ. 2:28, 29; ਗਲਾ. 3:23-25.

ਮਸੀਹ ਅੱਜ ਵੀ ਮੰਡਲੀ ਦੀ ਅਗਵਾਈ ਕਰ ਰਿਹਾ ਹੈ

13. ਮਸੀਹ ਦੀ ਅਗਵਾਈ ਵਿਚ ਚੱਲਣ ਵਿਚ ਅੱਜ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

13 ਮਸੀਹ ਅੱਜ ਵੀ ਮੰਡਲੀ ਦਾ ਆਗੂ ਹੈ। ਇਸ ਲਈ ਜੇ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਸੰਗਠਨ ਵੱਲੋਂ ਕੋਈ ਤਬਦੀਲੀ ਕਿਉਂ ਕੀਤੀ ਗਈ ਹੈ, ਤਾਂ ਸੋਚੋ ਕਿ ਮਸੀਹ ਨੇ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਿਵੇਂ ਕੀਤੀ ਸੀ। ਚਾਹੇ ਗੱਲ ਯਹੋਸ਼ੁਆ ਦੇ ਦਿਨਾਂ ਦੀ ਹੋਵੇ ਜਾਂ ਰਸੂਲਾਂ ਦੇ ਸਮੇਂ ਦੀ, ਪਰ ਮਸੀਹ ਨੇ ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕਰਨ, ਉਨ੍ਹਾਂ ਦੀ ਨਿਹਚਾ ਹੋਰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਏਕਤਾ ਬਣਾਈ ਰੱਖਣ ਲਈ ਹਮੇਸ਼ਾ ਵਧੀਆ ਹਿਦਾਇਤਾਂ ਦਿੱਤੀਆਂ ਹਨ।​—ਇਬ. 13:8.

14-16. “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਮਿਲਦੀਆਂ ਹਿਦਾਇਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮਸੀਹ ਸਾਡੀ ਨਿਹਚਾ ਨੂੰ ਹੋਰ ਮਜ਼ਬੂਤ ਕਰਨ ਵਿਚ ਸਾਡੀ ਮਦਦ ਕਰਨੀ ਚਾਹੁੰਦਾ ਹੈ?

14 ਅੱਜ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਸਾਨੂੰ ਸਹੀ ਸਮੇਂ ’ਤੇ ਹਿਦਾਇਤਾਂ ਦਿੰਦਾ ਹੈ। (ਮੱਤੀ 24:45) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਸਾਡੀ ਪਰਵਾਹ ਕਰਦਾ ਹੈ। ਚਾਰ ਬੱਚਿਆਂ ਦਾ ਪਿਤਾ ਮਾਰਕ ਦੱਸਦਾ ਹੈ: “ਸ਼ੈਤਾਨ ਪਰਿਵਾਰਾਂ ’ਤੇ ਹਮਲੇ ਕਰ ਕੇ ਮੰਡਲੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ ਦੀ ਹੱਲਾਸ਼ੇਰੀ ਦੇ ਕੇ ਪਰਿਵਾਰਾਂ ਦੇ ਮੁਖੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰਾਂ ਦੀ ਰਾਖੀ ਕਰਨ।”

15 ਜਦੋਂ ਅਸੀਂ ਦੇਖਾਂਗੇ ਕਿ ਮਸੀਹ ਸਾਡੀ ਅਗਵਾਈ ਕਿਵੇਂ ਕਰ ਰਿਹਾ ਹੈ, ਤਾਂ ਅਸੀਂ ਸਮਝਾਂਗੇ ਕਿ ਉਹ ਸਾਡੀ ਨਿਹਚਾ ਨੂੰ ਹੋਰ ਮਜ਼ਬੂਤ ਕਰਨ ਵਿਚ ਸਾਡੀ ਮਦਦ ਕਰਨੀ ਚਾਹੁੰਦਾ ਹੈ। ਮਿਸਾਲ ਲਈ, ਪੈਟਰਿਕ ਨਾਂ ਦਾ ਇਕ ਬਜ਼ੁਰਗ ਦੱਸਦਾ ਹੈ: “ਪਹਿਲਾਂ-ਪਹਿਲ ਤਾਂ ਕੁਝ ਭੈਣ-ਭਰਾ ਇਸ ਗੱਲ ਤੋਂ ਨਿਰਾਸ਼ ਹੋ ਗਏ ਕਿ ਸ਼ਨੀ-ਐਤਵਾਰ ਨੂੰ ਪ੍ਰਚਾਰ ਕਰਨ ਲਈ ਛੋਟੇ ਗਰੁੱਪਾਂ ਵਿਚ ਮਿਲਣਾ ਚਾਹੀਦਾ ਹੈ।” ਪਰ ਉਹ ਦੱਸਦਾ ਹੈ ਕਿ ਇਸ ਤਬਦੀਲੀ ਤੋਂ ਪਤਾ ਲੱਗਦਾ ਹੈ ਕਿ ਯਿਸੂ ਮੰਡਲੀ ਦੇ ਹਰ ਮੈਂਬਰ ਦੀ ਕਿੰਨੀ ਪਰਵਾਹ ਕਰਦਾ ਹੈ। ਮਿਸਾਲ ਲਈ, ਕੁਝ ਭੈਣ-ਭਰਾ ਜਿਹੜੇ ਸ਼ਰਮੀਲੇ ਸੁਭਾਅ ਦੇ ਹਨ ਜਾਂ ਜਿਹੜੇ ਘੱਟ-ਵੱਧ ਹੀ ਪ੍ਰਚਾਰ ’ਤੇ ਜਾਂਦੇ ਸਨ, ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕੰਮ ਦੀ ਕਦਰ ਕੀਤੀ ਜਾਂਦੀ ਹੈ ਅਤੇ ਉਹ ਵੀ ਇਸ ਕੰਮ ਵਿਚ ਯੋਗਦਾਨ ਪਾ ਸਕਦੇ ਹਨ। ਇਸ ਤੋਂ ਉਨ੍ਹਾਂ ਨੂੰ ਹੋਰ ਵਧ-ਚੜ੍ਹ ਕੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ।

16 ਪ੍ਰਚਾਰ ਦੇ ਕੰਮ ’ਤੇ ਧਿਆਨ ਲਾਈ ਰੱਖਣ ਵਿਚ ਵੀ ਮਸੀਹ ਸਾਡੀ ਮਦਦ ਕਰਦਾ ਹੈ ਜੋ ਕਿ ਅੱਜ ਧਰਤੀ ’ਤੇ ਕੀਤਾ ਜਾਣ ਵਾਲਾ ਸਭ ਤੋਂ ਅਹਿਮ ਕੰਮ ਹੈ। (ਮਰਕੁਸ 13:10 ਪੜ੍ਹੋ।) ਆਂਡਰੇ ਨਾਂ ਦੇ ਨਵੇਂ ਬਣੇ ਬਜ਼ੁਰਗ ਨੇ ਹਮੇਸ਼ਾ ਯਹੋਵਾਹ ਦੇ ਸੰਗਠਨ ਵੱਲੋਂ ਮਿਲਦੀਆਂ ਨਵੀਆਂ ਹਿਦਾਇਤਾਂ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਹੈ। ਉਹ ਦੱਸਦਾ ਹੈ: “ਸ਼ਾਖ਼ਾ ਦਫ਼ਤਰਾਂ ਵਿੱਚੋਂ ਭੈਣਾਂ-ਭਰਾਵਾਂ ਦੀ ਗਿਣਤੀ ਘਟਾ ਕੇ ਸਾਨੂੰ ਇਹ ਗੱਲ ਯਾਦ ਕਰਾਈ ਗਈ ਹੈ ਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ ਤੇ ਸਾਨੂੰ ਆਪਣੀ ਤਾਕਤ ਪ੍ਰਚਾਰ ਦੇ ਕੰਮ ’ਤੇ ਲਾਉਣ ਦੀ ਲੋੜ ਹੈ।”

ਮਸੀਹ ਦੀਆਂ ਹਿਦਾਇਤਾਂ ਵਫ਼ਾਦਾਰੀ ਨਾਲ ਮੰਨੋ

17, 18. ਸਾਨੂੰ ਤਬਦੀਲੀਆਂ ਮੁਤਾਬਕ ਆਪਣੇ ਆਪ ਨੂੰ ਢਾਲ਼ਣ ਦੇ ਫ਼ਾਇਦਿਆਂ ’ਤੇ ਧਿਆਨ ਕਿਉਂ ਲਾਉਣਾ ਚਾਹੀਦਾ ਹੈ?

17 ਸਾਡੇ ਰਾਜੇ, ਯਿਸੂ ਮਸੀਹ, ਵੱਲੋਂ ਮਿਲਦੀਆਂ ਹਿਦਾਇਤਾਂ ਦਾ ਸਾਨੂੰ ਹੁਣ ਤੇ ਭਵਿੱਖ ਵਿਚ ਫ਼ਾਇਦਾ ਹੋਵੇਗਾ। ਹਾਲ ਵਿਚ ਹੋਈਆਂ ਤਬਦੀਲੀਆਂ ਮੁਤਾਬਕ ਆਪਣੇ ਆਪ ਨੂੰ ਢਾਲ਼ਣ ਦੇ ਫ਼ਾਇਦਿਆਂ ’ਤੇ ਧਿਆਨ ਲਾਓ। ਤੁਸੀਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਚਰਚਾ ਕਰ ਸਕਦੇ ਹੋ ਕਿ ਸਭਾਵਾਂ ਜਾਂ ਪ੍ਰਚਾਰ ਵਿਚ ਹੋਈਆਂ ਤਬਦੀਲੀਆਂ ਤੋਂ ਤੁਹਾਡੇ ਪਰਿਵਾਰ ਨੂੰ ਕੀ ਫ਼ਾਇਦੇ ਹੋਏ ਹਨ।

ਕੀ ਤੁਸੀਂ ਆਪਣੇ ਪਰਿਵਾਰ ਤੇ ਹੋਰਨਾਂ ਦੀ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਣ ਵਿਚ ਮਦਦ ਕਰ ਰਹੇ ਹੋ? (ਪੈਰੇ 17, 18 ਦੇਖੋ)

18 ਜੇ ਅਸੀਂ ਯਾਦ ਰੱਖਾਂਗੇ ਕਿ ਯਹੋਵਾਹ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣ ਦੇ ਬਹੁਤ ਫ਼ਾਇਦੇ ਹੁੰਦੇ ਹਨ, ਤਾਂ ਸਾਡੇ ਲਈ ਹਿਦਾਇਤਾਂ ਨੂੰ ਮੰਨਣਾ ਹੋਰ ਸੌਖਾ ਹੋਵੇਗਾ ਅਤੇ ਅਸੀਂ ਖ਼ੁਸ਼ੀ ਪਾਵਾਂਗੇ। ਮਿਸਾਲ ਲਈ, ਅਸੀਂ ਖ਼ੁਸ਼ ਹਾਂ ਕਿ ਅਸੀਂ ਨਵੀਂ ਤਕਨਾਲੋਜੀ ਵਰਤ ਕੇ ਅਤੇ ਪਹਿਲਾਂ ਜਿੰਨੇ ਪ੍ਰਕਾਸ਼ਨ ਨਾ ਛਾਪ ਕੇ ਪੈਸੇ ਬਚਾ ਰਹੇ ਹਾਂ। ਇਸ ਕਰਕੇ ਸੰਗਠਨ ਇਹ ਪੈਸੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ੀ ਖ਼ਬਰੀ ਪਹੁੰਚਾਉਣ ਲਈ ਵਰਤ ਸਕਦਾ ਹੈ। ਕੀ ਅਸੀਂ ਪ੍ਰਕਾਸ਼ਨ ਪੜ੍ਹਨ ਅਤੇ ਵੀਡੀਓ ਦੇਖਣ ਲਈ ਆਪਣੇ ਫ਼ੋਨ ਜਾਂ ਟੈਬਲੇਟ ਵਗੈਰਾ ਵਰਤ ਸਕਦੇ ਹਾਂ? ਇੱਦਾਂ ਕਰ ਕੇ ਅਸੀਂ ਮਸੀਹ ਦਾ ਸਮਰਥਨ ਕਰ ਸਕਦੇ ਹਾਂ ਜੋ ਚਾਹੁੰਦਾ ਹੈ ਕਿ ਅਸੀਂ ਸੰਗਠਨ ਦੀਆਂ ਚੀਜ਼ਾਂ ਸਮਝਦਾਰੀ ਨਾਲ ਵਰਤੀਏ।

19. ਸਾਨੂੰ ਮਸੀਹ ਦੀਆਂ ਹਿਦਾਇਤਾਂ ਕਿਉਂ ਮੰਨਣੀਆਂ ਚਾਹੀਦੀਆਂ ਹਨ?

19 ਮਸੀਹ ਦੀਆਂ ਹਿਦਾਇਤਾਂ ਮੰਨ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਹੋਰ ਮਜ਼ਬੂਤ ਕਰਨ ਅਤੇ ਏਕਤਾ ਵਧਾਉਣ ਵਿਚ ਮਦਦ ਕਰਦੇ ਹਾਂ। ਦੁਨੀਆਂ ਭਰ ਦੇ ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਘਟਾਇਆ ਜਾ ਰਿਹਾ ਹੈ। ਇਸ ਬਾਰੇ ਆਂਡਰੇ ਨਾਂ ਦਾ ਭਰਾ ਦੱਸਦਾ ਹੈ: “ਪਹਿਲਾਂ ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨੇ ਇਨ੍ਹਾਂ ਤਬਦੀਲੀਆਂ ਮੁਤਾਬਕ ਆਪਣੇ ਆਪ ਨੂੰ ਢਾਲ਼ ਕੇ ਬਹੁਤ ਵਧੀਆ ਰਵੱਈਆ ਦਿਖਾਇਆ ਹੈ। ਇਸ ਕਰਕੇ ਮਸੀਹ ਦੀ ਅਗਵਾਈ ’ਤੇ ਮੇਰਾ ਭਰੋਸਾ ਵਧਿਆ ਹੈ ਅਤੇ ਯਿਸੂ ਦੀ ਅਗਵਾਈ ਅਧੀਨ ਚੱਲਣ ਵਾਲੇ ਇਨ੍ਹਾਂ ਭੈਣਾਂ-ਭਰਾਵਾਂ ਲਈ ਮੇਰੀ ਕਦਰ ਵਧੀ ਹੈ। ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਉਹ ਖ਼ੁਸ਼ੀ-ਖ਼ੁਸ਼ੀ ਪੂਰੀ ਕਰ ਕੇ ਯਹੋਵਾਹ ਦੇ ਰਥ ਦੇ ਨਾਲ-ਨਾਲ ਚੱਲ ਰਹੇ ਹਨ।”

ਆਪਣੇ ਆਗੂ ’ਤੇ ਨਿਹਚਾ ਅਤੇ ਭਰੋਸਾ ਰੱਖੋ

20, 21. (ੳ) ਸਾਨੂੰ ਆਪਣੇ ਆਗੂ ਮਸੀਹ ’ਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਸ ਸਵਾਲ ਦਾ ਜਵਾਬ ਦੇਖਾਂਗੇ?

20 ਜਲਦੀ ਹੀ ਸਾਡਾ ਆਗੂ, ਯਿਸੂ ਮਸੀਹ, “ਪੂਰੀ ਤਰ੍ਹਾਂ ਜਿੱਤ ਹਾਸਲ” ਕਰੇਗਾ ਅਤੇ “ਭਿਆਣਕ” ਯਾਨੀ ਹੈਰਾਨੀਜਨਕ ਕੰਮ ਕਰੇਗਾ। (ਪ੍ਰਕਾ. 6:2; ਜ਼ਬੂ. 45:4) ਪਰ ਉਹ ਸਾਨੂੰ ਅੱਜ ਹੀ ਨਵੀਂ ਦੁਨੀਆਂ ਅਤੇ ਉੱਥੇ ਕੀਤੇ ਜਾਣ ਵਾਲੇ ਕੰਮਾਂ ਲਈ ਤਿਆਰ ਕਰ ਰਿਹਾ ਹੈ। ਅਸੀਂ ਜੀਉਂਦੇ ਕੀਤੇ ਲੋਕਾਂ ਨੂੰ ਸਿਖਾਉਣ ਅਤੇ ਧਰਤੀ ਨੂੰ ਸੋਹਣਾ ਬਣਾਉਣ ਦੇ ਕੰਮ ਵਿਚ ਹਿੱਸਾ ਲਵਾਂਗੇ।

21 ਹਾਲਾਤ ਬਦਲਣ ਦੇ ਬਾਵਜੂਦ ਵੀ ਜੇ ਅਸੀਂ ਆਪਣੇ ਆਗੂ ਤੇ ਰਾਜੇ ਉੱਤੇ ਭਰੋਸਾ ਰੱਖਾਂਗੇ, ਤਾਂ ਉਹ ਸਾਡੀ ਨਵੀਂ ਦੁਨੀਆਂ ਵਿਚ ਜਾਣ ਲਈ ਅਗਵਾਈ ਕਰੇਗਾ। (ਜ਼ਬੂਰਾਂ ਦੀ ਪੋਥੀ 46:1-3 ਪੜ੍ਹੋ।) ਅੱਜ ਤਬਦੀਲੀਆਂ ਮੁਤਾਬਕ ਢਲ਼ਣਾ ਔਖਾ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਇਨ੍ਹਾਂ ਦਾ ਅਸਰ ਸਾਡੀ ਜ਼ਿੰਦਗੀ ’ਤੇ ਉਸ ਤਰ੍ਹਾਂ ਪੈਂਦਾ ਹੈ ਜਿਸ ਤਰ੍ਹਾਂ ਅਸੀਂ ਸੋਚਿਆ ਹੀ ਨਹੀਂ ਹੁੰਦਾ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਅਸੀਂ ਮਨ ਦੀ ਸ਼ਾਂਤੀ ਬਣਾਈ ਰੱਖਣ ਦੇ ਨਾਲ-ਨਾਲ ਯਹੋਵਾਹ ’ਤੇ ਆਪਣੀ ਨਿਹਚਾ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

^ ਪੈਰਾ 8 ਯਰੀਹੋ ਦੇ ਮਲਬੇ ਵਿੱਚੋਂ ਪੁਰਾਤੱਤਵ-ਵਿਗਿਆਨੀਆਂ ਨੂੰ ਬਹੁਤ ਸਾਰਾ ਅੰਨ ਮਿਲਿਆ ਸੀ ਜੋ ਯਰੀਹੋ ਦੇ ਵਾਸੀਆਂ ਨੇ ਵਾਢੀ ਕਰ ਕੇ ਇਕੱਠਾ ਕੀਤਾ ਸੀ, ਪਰ ਉਨ੍ਹਾਂ ਨੇ ਖਾਧਾ ਨਹੀਂ ਸੀ। ਇਹ ਗੱਲ ਬਾਈਬਲ ਦੀ ਇਸ ਗੱਲ ਨਾਲ ਮੇਲ ਖਾਂਦੀ ਹੈ ਕਿ ਘੇਰਾਬੰਦੀ ਥੋੜ੍ਹੇ ਸਮੇਂ ਲਈ ਕੀਤੀ ਗਈ ਸੀ। ਇਜ਼ਰਾਈਲੀਆਂ ਨੂੰ ਯਰੀਹੋ ਦੇ ਅੰਨ ਵਿੱਚੋਂ ਖਾਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਇਜ਼ਰਾਈਲੀਆਂ ਲਈ ਸ਼ਹਿਰ ਨੂੰ ਜਿੱਤਣ ਦਾ ਇਹ ਸਹੀ ਸਮਾਂ ਸੀ ਕਿਉਂਕਿ ਇਹ ਵਾਢੀ ਦਾ ਸਮਾਂ ਸੀ ਅਤੇ ਖੇਤਾਂ ਵਿਚ ਬਹੁਤ ਅੰਨ ਸੀ।​—ਯਹੋ. 5:10-12.

^ ਪੈਰਾ 11 15 ਮਾਰਚ 2003 ਦੇ ਪਹਿਰਾਬੁਰਜ ਦੇ ਸਫ਼ੇ 24 ’ਤੇ “ਪੌਲੁਸ ਨੇ ਇਕ ਅਜ਼ਮਾਇਸ਼ ਦਾ ਨਿਮਰਤਾ ਨਾਲ ਸਾਮ੍ਹਣਾ ਕੀਤਾ” ਨਾਂ ਦੀ ਡੱਬੀ ਦੇਖੋ।