Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਸਤਾਏ ਜਾਣ ’ਤੇ ਵੀ ਇਸਤੀਫ਼ਾਨ ਇੰਨਾ ਸ਼ਾਂਤ ਕਿਵੇਂ ਰਹਿ ਸਕਿਆ?

ਇਸਤੀਫ਼ਾਨ ਨੂੰ ਗੁੱਸੇ ਨਾਲ ਭਰੇ ਆਦਮੀਆਂ ਦਾ ਸਾਮ੍ਹਣਾ ਕਰਨਾ ਪਿਆ। ਇਹ 71 ਆਦਮੀ ਇਜ਼ਰਾਈਲ ਦੀ ਮਹਾਸਭਾ ਯਾਨੀ ਸੁਪਰੀਮ ਕੋਰਟ ਦੇ ਜੱਜ ਸਨ। ਇਹ ਆਦਮੀ ਦੇਸ਼ ਦੇ ਸਭ ਤੋਂ ਤਾਕਤਵਰ ਆਦਮੀਆਂ ਵਿੱਚੋਂ ਸਨ। ਮਹਾਂ ਪੁਜਾਰੀ ਕਾਇਫ਼ਾ ਨੇ ਇਨ੍ਹਾਂ ਆਦਮੀਆਂ ਨੂੰ ਇਕੱਠਾ ਕੀਤਾ ਸੀ ਜਿਸ ਦੀ ਪ੍ਰਧਾਨਗੀ ਹੇਠ ਕੁਝ ਮਹੀਨੇ ਪਹਿਲਾਂ ਮਹਾਸਭਾ ਨੇ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। (ਮੱਤੀ 26:57, 59; ਰਸੂ. 6:8-12) ਜਦੋਂ ਉਹ ਇਸਤੀਫ਼ਾਨ ਦੇ ਖ਼ਿਲਾਫ਼ ਇਕ ਤੋਂ ਬਾਅਦ ਇਕ ਝੂਠੇ ਗਵਾਹ ਪੇਸ਼ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਇਸਤੀਫ਼ਾਨ ਬਾਰੇ ਇਕ ਹੈਰਾਨੀ ਭਰੀ ਗੱਲ ਦੇਖੀ। ਉਨ੍ਹਾਂ ਨੂੰ “ਉਸ ਦਾ ਚਿਹਰਾ ਦੂਤ ਦੇ ਚਿਹਰੇ” ਵਰਗਾ ਦਿਖਾਈ ਦਿੱਤਾ।​—ਰਸੂ. 6:13-15.

ਇਸ ਖ਼ੌਫ਼ਨਾਕ ਹਾਲਾਤ ਵਿਚ ਇਸਤੀਫ਼ਾਨ ਇੰਨਾ ਸ਼ਾਂਤ ਕਿਵੇਂ ਰਹਿ ਸਕਿਆ? ਜ਼ਬਰਦਸਤੀ ਮਹਾਸਭਾ ਵਿਚ ਲਿਆਉਣ ਤੋਂ ਪਹਿਲਾਂ ਇਸਤੀਫ਼ਾਨ ਪਰਮੇਸ਼ੁਰ ਦੀ ਸ਼ਕਤੀ ਅਧੀਨ ਪੂਰੀ ਤਰ੍ਹਾਂ ਸੇਵਾ ਕਰਨ ਵਿਚ ਰੁੱਝਾ ਹੋਇਆ ਸੀ। (ਰਸੂ. 6:3-7) ਇਸ ਔਖੇ ਹਾਲਾਤ ਵਿਚ ਇਹੀ ਸ਼ਕਤੀ ਉਸ ’ਤੇ ਕੰਮ ਕਰ ਰਹੀ ਸੀ। ਇਸ ਸ਼ਕਤੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਉਸ ਨੂੰ ਗੱਲਾਂ ਚੇਤੇ ਕਰਾਈਆਂ। (ਯੂਹੰ. 14:16) ਇਸਤੀਫ਼ਾਨ ਨੇ ਦਲੇਰੀ ਨਾਲ ਗਵਾਹੀ ਦਿੱਤੀ ਜੋ ਰਸੂਲਾਂ ਦੇ ਕੰਮ ਅਧਿਆਇ ਸੱਤ ਵਿਚ ਦਰਜ ਹੈ। ਪਵਿੱਤਰ ਸ਼ਕਤੀ ਨੇ ਉਸ ਨੂੰ ਇਬਰਾਨੀ ਲਿਖਤਾਂ ਦੀਆਂ 20 ਜਾਂ ਇਸ ਤੋਂ ਜ਼ਿਆਦਾ ਗੱਲਾਂ ਚੇਤੇ ਕਰਾਈਆਂ। (ਯੂਹੰ. 14:26) ਪਰ ਇਸਤੀਫ਼ਾਨ ਦੀ ਨਿਹਚਾ ਹੋਰ ਜ਼ਿਆਦਾ ਮਜ਼ਬੂਤ ਹੋਈ ਜਦੋਂ ਉਸ ਨੇ ਦਰਸ਼ਣ ਵਿਚ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜ੍ਹਾ ਦੇਖਿਆ।​—ਰਸੂ. 7:54-56, 59, 60.

ਸ਼ਾਇਦ ਇਕ ਦਿਨ ਸਾਨੂੰ ਵੀ ਲੋਕਾਂ ਦੀਆਂ ਧਮਕੀਆਂ ਅਤੇ ਅਤਿਆਚਾਰਾਂ ਦਾ ਸਾਮ੍ਹਣਾ ਕਰਨਾ ਪਵੇ। (ਯੂਹੰ. 15:20) ਅਸੀਂ ਹਰ ਰੋਜ਼ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਯਹੋਵਾਹ ਦੀ ਪਵਿੱਤਰ ਸ਼ਕਤੀ ਨੂੰ ਆਪਣੇ ’ਤੇ ਕੰਮ ਕਰਨ ਦੇਵਾਂਗੇ। ਨਾਲੇ ਵਿਰੋਧਤਾ ਦਾ ਸਾਮ੍ਹਣਾ ਕਰਨ ਦੀ ਤਾਕਤ ਪਾਵਾਂਗੇ ਅਤੇ ਸਾਡੇ ਮਨ ਦੀ ਸ਼ਾਂਤੀ ਬਣੀ ਰਹੇਗੀ।​—1 ਪਤ. 4:12-14.