Skip to content

Skip to table of contents

ਪਰਮੇਸ਼ੁਰ ਦਾ “ਤੂਫ਼ਾਨ” ਨੇੜੇ ਆਉਂਦਾ ਦੇਖ ਕੇ ਲੋਕਾਂ ਨੂੰ ਉਸ ਦੀ ਚੇਤਾਵਨੀ ਵੱਲ ਧਿਆਨ ਦੇਣ ਦੀ ਲੋੜ ਹੈ!

ਪਰਮੇਸ਼ੁਰ ਵੱਲੋਂ ਸਜ਼ਾ​—ਕੀ ਪਰਮੇਸ਼ੁਰ ਹਮੇਸ਼ਾ ਕਾਫ਼ੀ ਸਮਾਂ ਰਹਿੰਦਿਆਂ ਚੇਤਾਵਨੀ ਦਿੰਦਾ ਹੈ?

ਪਰਮੇਸ਼ੁਰ ਵੱਲੋਂ ਸਜ਼ਾ​—ਕੀ ਪਰਮੇਸ਼ੁਰ ਹਮੇਸ਼ਾ ਕਾਫ਼ੀ ਸਮਾਂ ਰਹਿੰਦਿਆਂ ਚੇਤਾਵਨੀ ਦਿੰਦਾ ਹੈ?

ਮੌਸਮ ਵਿਭਾਗ ਦਾ ਇਕ ਵਿਅਕਤੀ ਰੇਡਾਰ ’ਤੇ ਇਕ ਤਸਵੀਰ ਬਣਦੀ ਦੇਖਦਾ ਹੈ। ਉਹ ਦੇਖਦਾ ਹੈ ਕਿ ਇਕ ਤੂਫ਼ਾਨ ਉਸ ਇਲਾਕੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਜਿੱਥੇ ਬਹੁਤ ਸਾਰੇ ਲੋਕ ਰਹਿੰਦੇ ਹਨ। ਲੋਕਾਂ ਦਾ ਫ਼ਿਕਰ ਹੋਣ ਕਰਕੇ ਉਹ ਦੇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਚੇਤਾਵਨੀ ਦੇਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦਾ ਹੈ।

ਇਸੇ ਤਰ੍ਹਾਂ ਯਹੋਵਾਹ ਵੀ ਅੱਜ ਧਰਤੀ ’ਤੇ ਰਹਿਣ ਵਾਲਿਆਂ ਨੂੰ ਇਕ ਅਜਿਹੇ ਖ਼ਤਰਨਾਕ “ਤੂਫ਼ਾਨ” ਦੀ ਚੇਤਾਵਨੀ ਦੇ ਰਿਹਾ ਹੈ ਜਿਸ ਬਾਰੇ ਕਿਸੇ ਨੇ ਵੀ ਮੌਸਮ ਵਿਭਾਗ ਤੋਂ ਕਦੇ ਨਹੀਂ ਸੁਣਿਆ ਹੋਣਾ। ਉਹ ਇਹ ਚੇਤਾਵਨੀ ਕਿਵੇਂ ਦੇ ਰਿਹਾ ਹੈ? ਅਸੀਂ ਕਿਉਂ ਕਹਿ ਸਕਦੇ ਹਾਂ ਕਿ ਉਹ ਲੋਕਾਂ ਨੂੰ ਕਦਮ ਚੁੱਕਣ ਲਈ ਕਾਫ਼ੀ ਸਮਾਂ ਦੇ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਆਓ ਆਪਾਂ ਪਹਿਲਾਂ ਪੁਰਾਣੇ ਸਮੇਂ ਵਿਚ ਯਹੋਵਾਹ ਵੱਲੋਂ ਦਿੱਤੀਆਂ ਕੁਝ ਚੇਤਾਵਨੀਆਂ ’ਤੇ ਗੌਰ ਕਰੀਏ।

ਪਰਮੇਸ਼ੁਰ ਨੇ ਕਦੋਂ ਪਹਿਲਾਂ ਤੋਂ ਚੇਤਾਵਨੀਆਂ ਦਿੱਤੀਆਂ?

ਬਾਈਬਲ ਸਮਿਆਂ ਵਿਚ ਯਹੋਵਾਹ ਨੇ ਬਹੁਤ ਸਾਰੇ “ਤੂਫ਼ਾਨਾਂ” ਯਾਨੀ ਸਜ਼ਾ ਬਾਰੇ ਚੇਤਾਵਨੀ ਦਿੱਤੀ। ਇਹ ਸਜ਼ਾ ਜਾਣ-ਬੁੱਝ ਕੇ ਪਰਮੇਸ਼ੁਰ ਦੇ ਹੁਕਮ ਤੋੜਨ ਵਾਲਿਆਂ ਨੂੰ ਮਿਲਣੀ ਸੀ। (ਕਹਾ. 10:25; ਯਿਰ. 30:23) ਹਰ ਵਾਰ ਪਰਮੇਸ਼ੁਰ ਨੇ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ’ਤੇ ਇਸ ਦਾ ਅਸਰ ਪੈਣਾ ਸੀ। ਉਸ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਸ ਦੀ ਇੱਛਾ ਮੁਤਾਬਕ ਕੰਮ ਕਰਨ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ। (2 ਰਾਜ. 17:12-15; ਨਹ. 9:29, 30) ਉਨ੍ਹਾਂ ਨੂੰ ਸਹੀ ਕਦਮ ਚੁੱਕਣ ਦੀ ਹੱਲਾਸ਼ੇਰੀ ਦੇਣ ਲਈ ਉਸ ਨੇ ਅਕਸਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਸਜ਼ਾ ਦਾ ਸੰਦੇਸ਼ ਸੁਣਾਉਣ ਲਈ ਘੱਲਿਆ ਅਤੇ ਕਿਹਾ ਕਿ ਲੋਕਾਂ ਨੂੰ ਛੇਤੀ ਕਦਮ ਚੁੱਕਣ ਦੀ ਜ਼ਰੂਰਤ ਸੀ।—ਆਮੋ. 3:7.

ਇਨ੍ਹਾਂ ਵਫ਼ਾਦਾਰ ਸੇਵਕਾਂ ਵਿੱਚੋਂ ਨੂਹ ਵੀ ਇਕ ਸੀ। ਨੂਹ ਨੇ ਕਾਫ਼ੀ ਸਾਲਾਂ ਤਕ ਬਿਨਾਂ ਡਰੇ ਅਨੈਤਿਕ ਅਤੇ ਹਿੰਸਕ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਪਰਮੇਸ਼ੁਰ ਦੁਨੀਆਂ ’ਤੇ ਜਲ-ਪਰਲੋ ਲਿਆਉਣ ਜਾ ਰਿਹਾ ਸੀ। (ਉਤ. 6:9-13, 17) ਉਸ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਬਚਣ ਲਈ ਕੀ ਕਰਨ ਦੀ ਲੋੜ ਸੀ। ਨੂਹ ਨੇ ਲੋਕਾਂ ਨੂੰ ਇੰਨਾ ਪ੍ਰਚਾਰ ਕੀਤਾ ਕਿ ਬਾਅਦ ਵਿਚ ਉਸ ਨੂੰ ‘ਧਾਰਮਿਕਤਾ ਦਾ ਪ੍ਰਚਾਰਕ’ ਕਿਹਾ ਗਿਆ।—2 ਪਤ. 2:5.

ਨੂਹ ਦੇ ਜਤਨਾਂ ਦੇ ਬਾਵਜੂਦ ਉਸ ਸਮੇਂ ਦੇ ਲੋਕਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਲੋਕਾਂ ਨੇ ਦਿਖਾਇਆ ਕਿ ਉਨ੍ਹਾਂ ਵਿਚ ਬਿਲਕੁਲ ਵੀ ਨਿਹਚਾ ਨਹੀਂ ਸੀ। ਨਤੀਜੇ ਵਜੋਂ, ਉਹ ਸਾਰੇ ਮਾਰੇ ਗਏ ਜਦੋਂ ‘ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਲੈ ਗਈ।’ (ਮੱਤੀ 24:39; ਇਬ. 11:7) ਜਲ-ਪਰਲੋ ਆਉਣ ’ਤੇ ਲੋਕ ਇਹ ਦਾਅਵਾ ਨਹੀਂ ਕਰ ਸਕਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੇਤਾਵਨੀ ਨਹੀਂ ਦਿੱਤੀ ਸੀ।

ਹੋਰ ਸਮਿਆਂ ’ਤੇ ਯਹੋਵਾਹ ਨੇ ਲੋਕਾਂ ਨੂੰ “ਤੂਫ਼ਾਨ” ਯਾਨੀ ਸਜ਼ਾ ਤੋਂ ਸਿਰਫ਼ ਥੋੜ੍ਹਾ ਸਮਾਂ ਪਹਿਲਾਂ ਚੇਤਾਵਨੀ ਦਿੱਤੀ ਸੀ। ਪਰ ਫਿਰ ਵੀ ਪਰਮੇਸ਼ੁਰ ਨੇ ਧਿਆਨ ਰੱਖਿਆ ਕਿ ਜਿਨ੍ਹਾਂ ਲੋਕਾਂ ’ਤੇ ਇਸ ਦਾ ਅਸਰ ਪੈਣਾ ਸੀ, ਉਨ੍ਹਾਂ ਨੂੰ ਕਦਮ ਚੁੱਕਣ ਲਈ ਕਾਫ਼ੀ ਸਮਾਂ ਮਿਲੇ। ਮਿਸਾਲ ਲਈ, ਉਸ ਨੇ ਮਿਸਰ ’ਤੇ ਦਸ ਬਿਪਤਾਵਾਂ ਲਿਆਉਣ ਤੋਂ ਪਹਿਲਾਂ ਚੇਤਾਵਨੀਆਂ ਦਿੱਤੀਆਂ ਸਨ। ਜ਼ਰਾ ਗੌਰ ਕਰੋ ਕਿ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਫ਼ਿਰਊਨ ਤੇ ਉਸ ਦੇ ਨੌਕਰਾਂ ਨੂੰ ਨਾਸ਼ ਕਰਨ ਵਾਲੇ ਗੜਿਆਂ ਦੀ ਸੱਤਵੀਂ ਬਿਪਤਾ ਬਾਰੇ ਚੇਤਾਵਨੀ ਦੇਣ ਲਈ ਘੱਲਿਆ। ਗੜੇ ਅਗਲੇ ਦਿਨ ਪੈਣੇ ਸਨ। ਕੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਨਾਹ ਲੈਣ ਅਤੇ ਗੜਿਆਂ ਤੋਂ ਬਚਣ ਲਈ ਕਾਫ਼ੀ ਸਮਾਂ ਨਹੀਂ ਦਿੱਤਾ? ਬਾਈਬਲ ਦੱਸਦੀ ਹੈ: “ਤਾਂ ਫ਼ਿਰਊਨ ਦੇ ਟਹਿਲੂਆਂ ਵਿੱਚੋਂ ਜਿਹੜਾ ਯਹੋਵਾਹ ਦੇ ਬਚਨ ਤੋਂ ਭੈ ਖਾਂਦਾ ਸੀ ਉਹ ਆਪਣੇ ਟਹਿਲੂਆਂ ਨੂੰ ਅਰ ਆਪਣੇ ਪਸੂਆਂ ਨੂੰ ਘਰੀਂ ਭਜਾ ਲਿਆਇਆ। ਪਰ ਜਿਸ ਨੇ ਆਪਣਾ ਮਨ ਯਹੋਵਾਹ ਦੇ ਬਚਨ ਉੱਤੇ ਨਾ ਲਾਇਆ ਉਸ ਨੇ ਆਪਣੇ ਟਹਿਲੂਆਂ ਅਰ ਪਸੂਆਂ ਨੂੰ ਜੂਹ ਵਿੱਚ ਰਹਿਣ ਦਿੱਤਾ।” (ਕੂਚ 9:18-21) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਸ ਭਿਆਨਕ ਬਿਪਤਾ ਤੋਂ ਬਚਣ ਲਈ ਲੋਕਾਂ ਨੂੰ ਕਾਫ਼ੀ ਸਮਾਂ ਪਹਿਲਾਂ ਚੇਤਾਵਨੀ ਦਿੱਤੀ।

ਇਸੇ ਤਰ੍ਹਾਂ ਫ਼ਿਰਊਨ ਤੇ ਉਸ ਦੇ ਨੌਕਰਾਂ ਨੂੰ ਦਸਵੀਂ ਬਿਪਤਾ ਬਾਰੇ ਵੀ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ। ਪਰ ਉਨ੍ਹਾਂ ਨੇ ਮੂਰਖਤਾ ਦਿਖਾਉਂਦੇ ਹੋਏ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। (ਕੂਚ 4:22, 23) ਨਤੀਜੇ ਵਜੋਂ, ਉਨ੍ਹਾਂ ਨੇ ਆਪਣੇ ਜੇਠੇ ਮੁੰਡੇ ਮਰਦੇ ਦੇਖੇ। ਕਿੰਨਾ ਬੁਰਾ ਹੋਇਆ! (ਕੂਚ 11:4-10; 12:29) ਕੀ ਉਨ੍ਹਾਂ ਕੋਲ ਚੇਤਾਵਨੀ ਮੁਤਾਬਕ ਕਦਮ ਚੁੱਕਣ ਦਾ ਸਮਾਂ ਸੀ? ਹਾਂਜੀ! ਮੂਸਾ ਨੇ ਜਲਦੀ ਹੀ ਇਜ਼ਰਾਈਲੀਆਂ ਨੂੰ ਦਸਵੀਂ ਬਿਪਤਾ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਹਿਦਾਇਤਾਂ ਦਿੱਤੀਆਂ ਸਨ। (ਕੂਚ 12:21-28) ਇਸ ਚੇਤਾਵਨੀ ਮੁਤਾਬਕ ਕਿੰਨੇ ਲੋਕਾਂ ਨੇ ਕਦਮ ਚੁੱਕਿਆ? ਕੁਝ ਅੰਦਾਜ਼ਿਆਂ ਮੁਤਾਬਕ 30 ਲੱਖ ਲੋਕ ਸਨ ਜਿਨ੍ਹਾਂ ਵਿਚ ਇਜ਼ਰਾਈਲੀ ਸਨ ਅਤੇ ਗ਼ੈਰ-ਇਜ਼ਰਾਈਲੀਆਂ ਤੇ ਮਿਸਰੀਆਂ ਦੀ “ਮਿਲੀ ਜੁਲੀ ਭੀੜ” ਸੀ ਜੋ ਪਰਮੇਸ਼ੁਰ ਵੱਲੋਂ ਮਿਲੀ ਸਜ਼ਾ ਤੋਂ ਬਚ ਗਈ ਅਤੇ ਮਿਸਰ ਛੱਡ ਦਿੱਤਾ।—ਕੂਚ 12:38.

ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹਮੇਸ਼ਾ ਧਿਆਨ ਰੱਖਿਆ ਕਿ ਲੋਕਾਂ ਨੂੰ ਉਸ ਦੀ ਚੇਤਾਵਨੀ ਮੁਤਾਬਕ ਕਦਮ ਚੁੱਕਣ ਲਈ ਕਾਫ਼ੀ ਸਮਾਂ ਮਿਲੇ। (ਬਿਵ. 32:4) ਇਸ ਤਰ੍ਹਾਂ ਕਰਨ ਪਿੱਛੇ ਪਰਮੇਸ਼ੁਰ ਦਾ ਕੀ ਇਰਾਦਾ ਸੀ? ਪਤਰਸ ਰਸੂਲ ਨੇ ਦੱਸਿਆ ਕਿ ਯਹੋਵਾਹ “ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਜੀ ਹਾਂ, ਪਰਮੇਸ਼ੁਰ ਨੂੰ ਲੋਕਾਂ ਦੀ ਪਰਵਾਹ ਸੀ। ਉਹ ਚਾਹੁੰਦਾ ਸੀ ਕਿ ਉਸ ਵੱਲੋਂ ਮਿਲਣ ਵਾਲੀ ਸਜ਼ਾ ਤੋਂ ਪਹਿਲਾਂ ਲੋਕ ਤੋਬਾ ਕਰਨ ਅਤੇ ਉਸ ਦੀ ਸਲਾਹ ਮੁਤਾਬਕ ਕਦਮ ਚੁੱਕਣ।—ਯਸਾ. 48:17, 18; ਰੋਮੀ. 2:4.

ਅੱਜ ਪਰਮੇਸ਼ੁਰ ਦੀ ਚੇਤਾਵਨੀ ਮੁਤਾਬਕ ਕਦਮ ਚੁੱਕਣਾ

ਅੱਜ ਵੀ ਲੋਕਾਂ ਨੂੰ ਉਸ ਜ਼ਰੂਰੀ ਸੰਦੇਸ਼ ਮੁਤਾਬਕ ਜਲਦੀ ਕਦਮ ਚੁੱਕਣਾ ਚਾਹੀਦਾ ਹੈ ਜਿਸ ਬਾਰੇ ਸਾਰੀ ਦੁਨੀਆਂ ਵਿਚ ਦੱਸਿਆ ਜਾ ਰਿਹਾ ਹੈ। ਧਰਤੀ ’ਤੇ ਹੁੰਦਿਆਂ ਯਿਸੂ ਨੇ ਚੇਤਾਵਨੀ ਦਿੱਤੀ ਕਿ “ਮਹਾਂਕਸ਼ਟ” ਦੌਰਾਨ ਇਸ ਯੁਗ ਦਾ ਨਾਸ਼ ਹੋ ਜਾਵੇਗਾ। (ਮੱਤੀ 24:21) ਭਵਿੱਖ ਵਿਚ ਮਿਲਣ ਵਾਲੀ ਇਸ ਸਜ਼ਾ ਬਾਰੇ ਬਾਰੀਕੀ ਨਾਲ ਭਵਿੱਖਬਾਣੀ ਕਰਦਿਆਂ ਯਿਸੂ ਨੇ ਦੱਸਿਆ ਕਿ ਅੰਤ ਨੇੜੇ ਆਉਣ ਸਮੇਂ ਚੇਲੇ ਕਿਹੜੀਆਂ ਗੱਲਾਂ ਦੇਖ ਸਕਣਗੇ ਅਤੇ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਝੱਲਣੀਆਂ ਪੈਣਗੀਆਂ। ਇਸ ਲਈ ਯਿਸੂ ਨੇ ਦੁਨੀਆਂ ਵਿਚ ਹੋਣ ਵਾਲੀਆਂ ਖ਼ਾਸ ਘਟਨਾਵਾਂ ਬਾਰੇ ਦੱਸਿਆ ਜੋ ਅੱਜ ਅਸੀਂ ਹੁੰਦੀਆਂ ਦੇਖ ਰਹੇ ਹਾਂ।—ਮੱਤੀ 24:3-12; ਲੂਕਾ 21:10-13.

ਇਸ ਭਵਿੱਖਬਾਣੀ ਮੁਤਾਬਕ ਯਹੋਵਾਹ ਸਾਰੇ ਲੋਕਾਂ ਨੂੰ ਉਸ ਦੀ ਪਿਆਰ ਭਰੀ ਹਕੂਮਤ ਅਧੀਨ ਰਹਿਣ ਦੀ ਹੱਲਾਸ਼ੇਰੀ ਦੇ ਰਿਹਾ ਹੈ। ਉਹ ਚਾਹੁੰਦਾ ਹੈ ਕਿ ਆਗਿਆਕਾਰ ਲੋਕ ਹੁਣ ਬਿਹਤਰ ਜ਼ਿੰਦਗੀ ਜੀਉਣ ਅਤੇ ਆਉਣ ਵਾਲੀ ਨਵੀਂ ਦੁਨੀਆਂ ਵਿਚ ਬਰਕਤਾਂ ਪਾਉਣ। (2 ਪਤ. 3:13) ਆਪਣੇ ਵਾਅਦਿਆਂ ’ਤੇ ਨਿਹਚਾ ਕਰਨ ਦੀ ਹੱਲਾਸ਼ੇਰੀ ਦੇਣ ਲਈ ਯਹੋਵਾਹ ਨੇ ਜ਼ਿੰਦਗੀਆਂ ਬਚਾਉਣ ਵਾਲਾ ਰਾਜ ਦਾ ਸੰਦੇਸ਼ ਦਿੱਤਾ ਹੈ। ਇਸ ਬਾਰੇ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ “ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਯਹੋਵਾਹ ਇਹ “ਗਵਾਹੀ” ਯਾਨੀ ਸੰਦੇਸ਼ ਸੁਣਾਉਣ ਲਈ ਲਗਭਗ 240 ਦੇਸ਼ਾਂ ਵਿਚ ਆਪਣੇ ਸੱਚੇ ਭਗਤਾਂ ਨੂੰ ਵਰਤ ਰਿਹਾ ਹੈ। ਯਹੋਵਾਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਚੇਤਾਵਨੀ ਵੱਲ ਧਿਆਨ ਦੇਣ ਅਤੇ ਉਸ ਵੱਲੋਂ ਮਿਲਣ ਵਾਲੀ ਜਾਇਜ਼ ਸਜ਼ਾ ਦੇ “ਤੂਫ਼ਾਨ” ਤੋਂ ਬਚ ਸਕਣ।—ਸਫ਼. 1:14, 15; 2:2, 3.

ਇਸ ਲਈ ਜ਼ਰੂਰੀ ਸਵਾਲ ਇਹ ਨਹੀਂ ਹੈ ਕਿ ਯਹੋਵਾਹ ਚੇਤਾਵਨੀ ਮੁਤਾਬਕ ਕਦਮ ਚੁੱਕਣ ਲਈ ਲੋਕਾਂ ਨੂੰ ਕਾਫ਼ੀ ਸਮਾਂ ਦਿੰਦਾ ਹੈ ਜਾਂ ਨਹੀਂ। ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਹਮੇਸ਼ਾ ਕਾਫ਼ੀ ਸਮਾਂ ਦਿੱਤਾ। ਪਰ ਜ਼ਰੂਰੀ ਸਵਾਲ ਇਹ ਹੈ: ਕੀ ਸਮਾਂ ਰਹਿੰਦਿਆਂ ਲੋਕ ਪਰਮੇਸ਼ੁਰ ਦੀ ਇਸ ਚੇਤਾਵਨੀ ਮੁਤਾਬਕ ਕਦਮ ਚੁੱਕਣਗੇ? ਆਓ ਆਪਾਂ ਪਰਮੇਸ਼ੁਰ ਵੱਲੋਂ ਸੰਦੇਸ਼ ਦੇਣ ਵਾਲਿਆਂ ਵਜੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਇਸ ਯੁਗ ਦੇ ਨਾਸ਼ ਤੋਂ ਬਚਣ ਵਿਚ ਮਦਦ ਕਰਦੇ ਰਹੀਏ।