Skip to content

Skip to table of contents

ਅਧਿਐਨ ਲੇਖ 41

“ਮਹਾਂਕਸ਼ਟ” ਦੌਰਾਨ ਵਫ਼ਾਦਾਰ ਰਹੋ

“ਮਹਾਂਕਸ਼ਟ” ਦੌਰਾਨ ਵਫ਼ਾਦਾਰ ਰਹੋ

“ਹੇ ਯਹੋਵਾਹ ਦੇ ਸਾਰੇ ਸੰਤੋ, ਉਹ ਦੇ ਨਾਲ ਪ੍ਰੇਮ ਰੱਖੋ, ਯਹੋਵਾਹ ਸੱਚਿਆਂ ਦਾ ਰਾਖਾ ਹੈ।”—ਜ਼ਬੂ. 31:23.

ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ

ਖ਼ਾਸ ਗੱਲਾਂ *

1-2. (ੳ) ਜਲਦੀ ਹੀ ਕੌਮਾਂ ਕਿਹੜੀ ਘੋਸ਼ਣਾ ਕਰਨਗੀਆਂ? (ਅ) ਸਾਨੂੰ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ?

ਕਲਪਨਾ ਕਰੋ ਕਿ ਕੌਮਾਂ ਨੇ ਹੁਣੇ-ਹੁਣੇ “ਸ਼ਾਂਤੀ ਅਤੇ ਸੁਰੱਖਿਆ” ਦੀ ਘੋਸ਼ਣਾ ਕੀਤੀ ਹੈ ਜਿਸ ਦਾ ਅਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਉਹ ਸ਼ਾਇਦ ਸ਼ੇਖ਼ੀਆਂ ਮਾਰਨ ਕਿ ਅੱਜ ਦੁਨੀਆਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋ ਗਈ ਹੈ। ਕੌਮਾਂ ਚਾਹੁਣਗੀਆਂ ਕਿ ਅਸੀਂ ਸੋਚੀਏ ਕਿ ਉਨ੍ਹਾਂ ਨੇ ਦੁਨੀਆਂ ਦੇ ਹਾਲਾਤਾਂ ’ਤੇ ਕਾਬੂ ਪਾ ਲਿਆ ਹੈ। ਪਰ ਜੋ ਅੱਗੇ ਹੋਣ ਵਾਲਾ ਹੈ, ਉਸ ਉੱਤੇ ਉਨ੍ਹਾਂ ਦਾ ਕੋਈ ਵੱਸ ਨਹੀਂ ਚੱਲੇਗਾ। ਕਿਉਂ? ਕਿਉਂਕਿ ਬਾਈਬਲ ਦੀ ਭਵਿੱਖਬਾਣੀ ਮੁਤਾਬਕ “ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ, . . . ਅਤੇ ਉਹ ਕਿਸੇ ਵੀ ਤਰ੍ਹਾਂ ਬਚ ਨਹੀਂ ਸਕਣਗੇ।”—1 ਥੱਸ. 5:3.

2 ਸਾਨੂੰ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: “ਮਹਾਂਕਸ਼ਟ” ਦੌਰਾਨ ਕੀ ਹੋਵੇਗਾ? ਉਸ ਸਮੇਂ ਦੌਰਾਨ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਆਸ ਰੱਖੇਗਾ? ਮਹਾਂਕਸ਼ਟ ਦੌਰਾਨ ਵਫ਼ਾਦਾਰ ਬਣੇ ਰਹਿਣ ਲਈ ਅੱਜ ਅਸੀਂ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ?—ਮੱਤੀ 24:21.

“ਮਹਾਂਕਸ਼ਟ” ਦੌਰਾਨ ਕੀ ਹੋਵੇਗਾ?

3. ਪ੍ਰਕਾਸ਼ ਦੀ ਕਿਤਾਬ 17:5, 15-18 ਮੁਤਾਬਕ ਪਰਮੇਸ਼ੁਰ “ਮਹਾਂ ਬਾਬਲ” ਨੂੰ ਕਿਵੇਂ ਨਾਸ਼ ਕਰੇਗਾ?

3 ਪ੍ਰਕਾਸ਼ ਦੀ ਕਿਤਾਬ 17:5, 15-18 ਪੜ੍ਹੋ। “ਮਹਾਂ ਬਾਬਲ” ਦਾ ਨਾਸ਼ ਕੀਤਾ ਜਾਵੇਗਾ। ਜਿਵੇਂ ਪਹਿਲਾਂ ਦੱਸਿਆ ਗਿਆ ਸੀ ਕਿ ਇਸ ਮੌਕੇ ’ਤੇ ਕੌਮਾਂ ਦਾ ਕੋਈ ਵੱਸ ਨਹੀਂ ਚੱਲੇਗਾ। ਕਿਉਂ? “ਕਿਉਂਕਿ ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ।” ਇਹ ਵਿਚਾਰ ਕੀ ਹੈ? ਝੂਠੇ ਧਰਮਾਂ ਦੇ ਸਾਮਰਾਜ ਦਾ ਨਾਸ਼ ਜਿਸ ਵਿਚ ਈਸਾਈ-ਜਗਤ * ਵੀ ਸ਼ਾਮਲ ਹੈ। ਯਹੋਵਾਹ ਆਪਣਾ ਇਹ ਵਿਚਾਰ “ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ” ਦੇ ‘ਦਸ ਸਿੰਗਾਂ’ ਦੇ ਦਿਲਾਂ ਵਿਚ ਪਾਵੇਗਾ। ਦਸ ਸਿੰਗ ਉਨ੍ਹਾਂ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦੇ ਹਨ ਜੋ “ਵਹਿਸ਼ੀ ਦਰਿੰਦੇ” ਯਾਨੀ ਸੰਯੁਕਤ ਰਾਸ਼ਟਰ ਸੰਘ ਦਾ ਸਾਥ ਦਿੰਦੀਆਂ ਹਨ। (ਪ੍ਰਕਾ. 17:3, 11-13; 18:8) ਰਾਜਨੀਤਿਕ ਤਾਕਤਾਂ ਦੁਆਰਾ ਝੂਠੇ ਧਰਮਾਂ ’ਤੇ ਹਮਲਾ ਮਹਾਂਕਸ਼ਟ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੋਵੇਗੀ। ਸੱਚ-ਮੁੱਚ, ਇਹ ਦੁਨੀਆਂ ਦੀ ਇਕ ਭਿਆਨਕ ਘਟਨਾ ਹੋਵੇਗੀ।

4. (ੳ) ਕੌਮਾਂ ਝੂਠੇ ਧਰਮਾਂ ’ਤੇ ਕੀਤੇ ਹਮਲੇ ਦਾ ਸ਼ਾਇਦ ਕੀ ਕਾਰਨ ਦੇਣਗੀਆਂ? (ਅ) ਇਨ੍ਹਾਂ ਧਰਮਾਂ ਦੇ ਮੈਂਬਰ ਰਹਿ ਚੁੱਕੇ ਲੋਕ ਕੀ ਕਰਨਗੇ?

4 ਸਾਨੂੰ ਨਹੀਂ ਪਤਾ ਕਿ ਕੌਮਾਂ ਮਹਾਂ ਬਾਬਲ ’ਤੇ ਹਮਲੇ ਦਾ ਕੀ ਕਾਰਨ ਦੇਣਗੀਆਂ? ਉਹ ਸ਼ਾਇਦ ਕਹਿਣ ਕਿ ਦੁਨੀਆਂ ਦੇ ਧਰਮ ਸ਼ਾਂਤੀ ਲਿਆਉਣ ਦੇ ਰਾਹ ਵਿਚ ਰੁਕਾਵਟ ਹਨ ਅਤੇ ਉਨ੍ਹਾਂ ਨੇ ਅਕਸਰ ਰਾਜਨੀਤਿਕ ਮਾਮਲਿਆਂ ਵਿਚ ਟੰਗ ਅੜਾਈ ਹੈ। ਜਾਂ ਉਹ ਸ਼ਾਇਦ ਕਹਿਣ ਕਿ ਧਾਰਮਿਕ ਸੰਗਠਨਾਂ ਨੇ ਬਹੁਤ ਸਾਰੀ ਧਨ-ਦੌਲਤ ਅਤੇ ਸੰਪਤੀ ਇਕੱਠੀ ਕੀਤੀ ਹੈ। (ਪ੍ਰਕਾ. 18:3, 7) ਅਸੀਂ ਸਮਝਦੇ ਹਾਂ ਕਿ ਇਸ ਹਮਲੇ ਦਾ ਮਤਲਬ ਇਹ ਨਹੀਂ ਹੈ ਕਿ ਇਸ ਵਿਚ ਧਾਰਮਿਕ ਸੰਗਠਨਾਂ ਦੇ ਸਾਰੇ ਮੈਂਬਰਾਂ ਨੂੰ ਖ਼ਤਮ ਕੀਤਾ ਜਾਵੇਗਾ। ਇਸ ਦੀ ਬਜਾਇ, ਲੱਗਦਾ ਹੈ ਕਿ ਕੌਮਾਂ ਧਾਰਮਿਕ ਸੰਗਠਨ ਖ਼ਤਮ ਕਰ ਦੇਣਗੀਆਂ। ਜਦੋਂ ਇਹ ਸੰਗਠਨ ਖ਼ਤਮ ਹੋ ਜਾਣਗੇ, ਤਾਂ ਇਨ੍ਹਾਂ ਸੰਗਠਨਾਂ ਦੇ ਮੈਂਬਰ ਰਹਿ ਚੁੱਕੇ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਧਾਰਮਿਕ ਗੁਰੂ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਅਤੇ ਉਹ ਇਨ੍ਹਾਂ ਧਰਮਾਂ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨਗੇ।

5. ਯਹੋਵਾਹ ਨੇ ਮਹਾਂਕਸ਼ਟ ਬਾਰੇ ਕੀ ਵਾਅਦਾ ਕੀਤਾ ਹੈ ਅਤੇ ਕਿਉਂ?

5 ਬਾਈਬਲ ਇਹ ਨਹੀਂ ਦੱਸਦੀ ਕਿ ਮਹਾਂ ਬਾਬਲ ਦੇ ਨਾਸ਼ ਹੋਣ ਵਿਚ ਕਿੰਨਾ ਸਮਾਂ ਲੱਗੇਗਾ, ਪਰ ਅਸੀਂ ਜਾਣਦੇ ਹਾਂ ਕਿ ਥੋੜ੍ਹੇ ਸਮੇਂ ਵਿਚ ਇਸ ਦਾ ਨਾਸ਼ ਹੋ ਜਾਵੇਗਾ। (ਪ੍ਰਕਾ. 18:10, 21) ਯਹੋਵਾਹ ਨੇ ਵਾਅਦਾ ਕੀਤਾ ਹੈ ਕਿ “ਚੁਣੇ ਹੋਏ” ਲੋਕਾਂ ਅਤੇ ਸੱਚੇ ਧਰਮ ਨੂੰ ਬਚਾਉਣ ਲਈ ਉਹ ਕਸ਼ਟ ਦੇ ‘ਦਿਨਾਂ ਨੂੰ ਘਟਾਵੇਗਾ।’ (ਮਰ. 13:19, 20) ਪਰ ਯਹੋਵਾਹ ਮਹਾਂਕਸ਼ਟ ਦੇ ਸ਼ੁਰੂ ਹੋਣ ’ਤੇ ਅਤੇ ਆਰਮਾਗੇਡਨ ਦੌਰਾਨ ਸਾਡੇ ਤੋਂ ਕੀ ਕਰਨ ਦੀ ਆਸ ਰੱਖੇਗਾ?

ਯਹੋਵਾਹ ਦੀ ਸੱਚੀ ਭਗਤੀ ਦਾ ਪੱਖ ਲੈਂਦੇ ਰਹੋ

6. ਝੂਠੇ ਧਰਮਾਂ ਨਾਲੋਂ ਨਾਤਾ ਤੋੜਨਾ ਹੀ ਕਾਫ਼ੀ ਕਿਉਂ ਨਹੀਂ ਹੈ?

6 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਯਹੋਵਾਹ ਆਪਣੇ ਭਗਤਾਂ ਤੋਂ ਚਾਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਮਹਾਂ ਬਾਬਲ ਤੋਂ ਅਲੱਗ ਕਰਨ। ਅਲੱਗ ਹੋਣ ਲਈ ਸਿਰਫ਼ ਝੂਠੇ ਧਰਮਾਂ ਨਾਲੋਂ ਨਾਤਾ ਤੋੜਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਸੱਚੇ ਧਰਮ ਯਾਨੀ ਯਹੋਵਾਹ ਦੀ ਸੱਚੀ ਭਗਤੀ ਦਾ ਪੱਖ ਲੈਣ ਦਾ ਪੱਕਾ ਇਰਾਦਾ ਵੀ ਕਰਨਾ ਚਾਹੀਦਾ ਹੈ। ਆਓ ਆਪਾਂ ਇਸ ਤਰ੍ਹਾਂ ਕਰਨ ਦੇ ਦੋ ਤਰੀਕਿਆਂ ’ਤੇ ਗੌਰ ਕਰੀਏ।

ਆਓ ਆਪਾਂ ਔਖੇ ਹਾਲਾਤਾਂ ਵਿਚ ਵੀ ਸਭਾਵਾਂ ਲਈ ਇਕੱਠੇ ਹੋਣਾ ਨਾ ਛੱਡੀਏ (ਪੈਰਾ 7 ਦੇਖੋ) *

7. (ੳ) ਅਸੀਂ ਯਹੋਵਾਹ ਦੇ ਧਰਮੀ ਨੈਤਿਕ ਮਿਆਰਾਂ ’ਤੇ ਕਿਵੇਂ ਪੱਕੇ ਰਹਿ ਸਕਦੇ ਹਾਂ? (ਅ) ਇਬਰਾਨੀਆਂ 10:24, 25 ਵਿਚ ਇਕੱਠੇ ਹੋਣ ਦੀ ਅਹਿਮੀਅਤ ਉੱਤੇ ਕਿਵੇਂ ਜ਼ੋਰ ਦਿੱਤਾ ਗਿਆ ਹੈ, ਖ਼ਾਸ ਕਰਕੇ ਅੱਜ ਦੇ ਸਮੇਂ ਵਿਚ?

7 ਪਹਿਲਾ, ਸਾਨੂੰ ਯਹੋਵਾਹ ਦੇ ਧਰਮੀ ਨੈਤਿਕ ਮਿਆਰਾਂ ’ਤੇ ਪੱਕੇ ਰਹਿਣ ਦੀ ਲੋੜ ਹੈ। ਅਸੀਂ ਦੁਨੀਆਂ ਦੀਆਂ ਕਦਰਾਂ-ਕੀਮਤਾਂ ਤੇ ਮਿਆਰਾਂ ਨੂੰ ਅਪਣਾਉਣਾ ਨਹੀਂ ਚਾਹੁੰਦੇ। ਮਿਸਾਲ ਲਈ, ਅਸੀਂ ਕਿਸੇ ਵੀ ਤਰ੍ਹਾਂ ਦੀ ਲਿੰਗੀ ਅਨੈਤਿਕਤਾ ਨੂੰ ਸਵੀਕਾਰ ਨਹੀਂ ਕਰਦੇ ਜਿਸ ਵਿਚ ਤੀਵੀਂ-ਤੀਵੀਂ ਤੇ ਆਦਮੀ-ਆਦਮੀ ਨਾਲ ਵਿਆਹ ਕਰਾਉਣਾ ਅਤੇ ਕਿਸੇ ਹੋਰ ਤਰੀਕੇ ਨਾਲ ਸਮਲਿੰਗੀ ਜੀਵਨ ਬਿਤਾਉਣਾ ਸ਼ਾਮਲ ਹੈ। (ਮੱਤੀ 19:4, 5; ਰੋਮੀ. 1:26, 27) ਦੂਜਾ, ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਭਗਤੀ ਕਰਦੇ ਰਹਿਣਾ ਚਾਹੀਦਾ ਹੈ। ਚਾਹੇ ਅਸੀਂ ਕਿਤੇ ਵੀ ਹੋਈਏ, ਅਸੀਂ ਇਸ ਤਰ੍ਹਾਂ ਕਰਦੇ ਹਾਂ। ਅਸੀਂ ਕਿੰਗਡਮ ਹਾਲ ਵਿਚ ਅਤੇ ਲੋੜ ਪੈਣ ’ਤੇ ਗਵਾਹਾਂ ਦੇ ਘਰਾਂ ਵਿਚ ਜਾਂ ਇੱਥੋਂ ਤਕ ਕਿ ਲੁਕ-ਛੁਪ ਕੇ ਵੀ ਭਗਤੀ ਕਰਦੇ ਹਾਂ। ਚਾਹੇ ਜੋ ਮਰਜ਼ੀ ਹੋਵੇ, ਅਸੀਂ ਮੀਟਿੰਗਾਂ ਵਿਚ ਇਕੱਠੇ ਹੋ ਕੇ ਭਗਤੀ ਕਰਨ ਦੀ ਆਪਣੀ ਆਦਤ ਨੂੰ ਨਹੀਂ ਛੱਡਾਂਗੇ। ਦਰਅਸਲ, ਸਾਨੂੰ “ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ” ਕਰਨ ਦੀ ਲੋੜ ਹੈ।—ਇਬਰਾਨੀਆਂ 10:24, 25 ਪੜ੍ਹੋ।

8. ਭਵਿੱਖ ਵਿਚ ਸਾਡਾ ਸੰਦੇਸ਼ ਕਿਵੇਂ ਬਦਲ ਜਾਵੇਗਾ?

8 ਅੱਜ ਅਸੀਂ ਜੋ ਸੰਦੇਸ਼ ਸੁਣਾਉਂਦੇ ਹਾਂ, ਮਹਾਂਕਸ਼ਟ ਦੌਰਾਨ ਉਹ ਬਦਲ ਜਾਵੇਗਾ। ਅੱਜ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਉਸ ਸਮੇਂ ਸ਼ਾਇਦ ਅਸੀਂ ਗੜਿਆਂ ਵਰਗਾ ਸੰਦੇਸ਼ ਸੁਣਾਵਾਂਗੇ। (ਪ੍ਰਕਾ. 16:21) ਅਸੀਂ ਸ਼ਾਇਦ ਸੰਦੇਸ਼ ਸੁਣਾਵਾਂਗੇ ਕਿ ਜਲਦੀ ਹੀ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਹੋ ਜਾਵੇਗਾ। ਸਾਨੂੰ ਉਸ ਸਮੇਂ ਹੀ ਪਤਾ ਲੱਗੇਗਾ ਕਿ ਅਸੀਂ ਕਿਹੜਾ ਸੰਦੇਸ਼ ਸੁਣਾਵਾਂਗੇ ਅਤੇ ਕਿਵੇਂ ਸੁਣਾਵਾਂਗੇ। ਕੀ ਅਸੀਂ ਉਸੇ ਤਰੀਕੇ ਨਾਲ ਇਹ ਸੰਦੇਸ਼ ਸੁਣਾਵਾਂਗੇ ਜੋ ਅਸੀਂ ਸੌ ਤੋਂ ਜ਼ਿਆਦਾ ਸਾਲਾਂ ਤੋਂ ਪ੍ਰਚਾਰ ਕਰਨ ਤੇ ਸਿਖਾਉਣ ਲਈ ਵਰਤਦੇ ਆ ਰਹੇ ਹਾਂ? ਜਾਂ ਕੀ ਅਸੀਂ ਹੋਰ ਤਰੀਕੇ ਵਰਤਾਂਗੇ? ਸਾਨੂੰ ਇੰਤਜ਼ਾਰ ਕਰਨ ਦੀ ਲੋੜ ਹੈ। ਚਾਹੇ ਅਸੀਂ ਕਿਸੇ ਵੀ ਤਰੀਕੇ ਨਾਲ ਪ੍ਰਚਾਰ ਕਰਾਂਗੇ, ਪਰ ਲੱਗਦਾ ਹੈ ਕਿ ਸਾਡੇ ਕੋਲ ਯਹੋਵਾਹ ਵੱਲੋਂ ਸਜ਼ਾ ਦਾ ਸੰਦੇਸ਼ ਦਲੇਰੀ ਨਾਲ ਸੁਣਾਉਣ ਦਾ ਸਨਮਾਨ ਹੋਵੇਗਾ।—ਹਿਜ਼. 2:3-5.

9. ਕੌਮਾਂ ਸ਼ਾਇਦ ਸਾਡੇ ਸੰਦੇਸ਼ ਪ੍ਰਤੀ ਕਿਹੋ ਜਿਹਾ ਰਵੱਈਆ ਦਿਖਾਉਣ, ਪਰ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

9 ਲੱਗਦਾ ਹੈ ਕਿ ਸਾਡਾ ਸੰਦੇਸ਼ ਕੌਮਾਂ ਨੂੰ ਉਕਸਾਵੇਗਾ ਕਿ ਉਹ ਸਾਨੂੰ ਹਮੇਸ਼ਾ ਲਈ ਚੁੱਪ ਕਰਾ ਦੇਣ। ਜਿਵੇਂ ਅਸੀਂ ਅੱਜ ਪ੍ਰਚਾਰ ਦਾ ਕੰਮ ਕਰਨ ਲਈ ਯਹੋਵਾਹ ਦੀ ਮਦਦ ’ਤੇ ਭਰੋਸਾ ਰੱਖਦੇ ਹਾਂ, ਉਸੇ ਤਰ੍ਹਾਂ ਉਦੋਂ ਵੀ ਸਾਨੂੰ ਉਸ ਦੀ ਮਦਦ ਦੀ ਲੋੜ ਹੋਵੇਗੀ। ਸਾਨੂੰ ਪੂਰਾ ਯਕੀਨ ਹੈ ਕਿ ਸਾਡਾ ਪਰਮੇਸ਼ੁਰ ਆਪਣੀ ਇੱਛਾ ਪੂਰੀ ਕਰਾਉਣ ਲਈ ਸਾਨੂੰ ਤਾਕਤ ਦੇਵੇਗਾ।—ਮੀਕਾ. 3:8.

ਪਰਮੇਸ਼ੁਰ ਦੇ ਲੋਕਾਂ ’ਤੇ ਹੋਣ ਵਾਲੇ ਹਮਲੇ ਲਈ ਤਿਆਰ ਰਹੋ

10. ਲੂਕਾ 21:25-28 ਦੀ ਭਵਿੱਖਬਾਣੀ ਮੁਤਾਬਕ ਮਹਾਂਕਸ਼ਟ ਦੌਰਾਨ ਹੋਣ ਵਾਲੀਆਂ ਘਟਨਾਵਾਂ ਕਰਕੇ ਜ਼ਿਆਦਾਤਰ ਲੋਕ ਕਿਵੇਂ ਮਹਿਸੂਸ ਕਰਨਗੇ?

10 ਲੂਕਾ 21:25-28 ਪੜ੍ਹੋ। ਮਹਾਂਕਸ਼ਟ ਦੌਰਾਨ ਲੋਕ ਉਨ੍ਹਾਂ ਚੀਜ਼ਾਂ ਦਾ ਨਾਸ਼ ਦੇਖ ਕੇ ਹੈਰਾਨ ਰਹਿ ਜਾਣਗੇ ਜਿਨ੍ਹਾਂ ਬਾਰੇ ਉਹ ਸੋਚਦੇ ਸਨ ਕਿ ਇਹ ਹਮੇਸ਼ਾ ਕਾਇਮ ਰਹਿਣਗੀਆਂ। ਉਹ ਮਨੁੱਖੀ ਇਤਿਹਾਸ ਦੇ ਸਭ ਤੋਂ ਅੰਧਕਾਰ ਵਾਲੇ ਸਮੇਂ ਵਿਚ ਹੋਣ ਕਰਕੇ ਆਪਣੀਆਂ ਜਾਨਾਂ ਦੇ ਕਾਰਨ “ਕਸ਼ਟ” ਵਿਚ ਅਤੇ ਡਰੇ ਹੋਏ ਹੋਣਗੇ। (ਸਫ਼. 1:14, 15) ਉਸ ਸਮੇਂ ਯਹੋਵਾਹ ਦੇ ਲੋਕਾਂ ਦੀ ਵੀ ਜ਼ਿੰਦਗੀ ਹੋਰ ਔਖੀ ਹੋ ਜਾਵੇਗੀ। ਦੁਨੀਆਂ ਦਾ ਹਿੱਸਾ ਨਾ ਹੋਣ ਕਰਕੇ ਸਾਡੇ ’ਤੇ ਸ਼ਾਇਦ ਕੁਝ ਮੁਸ਼ਕਲਾਂ ਆਉਣ। ਸ਼ਾਇਦ ਸਾਡੇ ਕੋਲ ਕੁਝ ਲੋੜ ਦੀਆਂ ਚੀਜ਼ਾਂ ਵੀ ਨਾ ਹੋਣ।

11. (ੳ) ਸਾਰਿਆਂ ਦੀਆਂ ਨਜ਼ਰਾਂ ਯਹੋਵਾਹ ਦੇ ਗਵਾਹਾਂ ’ਤੇ ਕਿਉਂ ਟਿਕੀਆਂ ਹੋਣਗੀਆਂ? (ਅ) ਸਾਨੂੰ ਮਹਾਂਕਸ਼ਟ ਤੋਂ ਡਰਨ ਦੀ ਕਿਉਂ ਲੋੜ ਨਹੀਂ ਹੈ?

11 ਇਕ ਸਮੇਂ ’ਤੇ ਜਿਨ੍ਹਾਂ ਲੋਕਾਂ ਦੇ ਧਰਮਾਂ ਦਾ ਨਾਸ਼ ਹੋ ਗਿਆ ਸੀ, ਉਨ੍ਹਾਂ ਨੂੰ ਸ਼ਾਇਦ ਗੁੱਸਾ ਲੱਗੇ ਕਿ ਯਹੋਵਾਹ ਦੇ ਗਵਾਹ ਹਾਲੇ ਵੀ ਆਪਣੇ ਧਰਮ ਅਨੁਸਾਰ ਚੱਲ ਰਹੇ ਹਨ। ਅਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ ਕਿ ਇਸ ਕਰਕੇ ਕਿਵੇਂ ਹੱਲਾ ਮਚੇਗਾ, ਇੱਥੋਂ ਤਕ ਕਿ ਸੋਸ਼ਲ ਮੀਡੀਆ ਰਾਹੀਂ ਵੀ। ਕੌਮਾਂ ਅਤੇ ਉਨ੍ਹਾਂ ਦਾ ਹਾਕਮ ਸ਼ੈਤਾਨ ਸਾਡੇ ਨਾਲ ਨਫ਼ਰਤ ਕਰਨਗੇ ਕਿ ਸਿਰਫ਼ ਸਾਡਾ ਧਰਮ ਨਾਸ਼ ਨਹੀਂ ਹੋਇਆ। ਉਹ ਸਾਰੇ ਧਰਮਾਂ ਨੂੰ ਨਾਸ਼ ਕਰਨ ਦੇ ਆਪਣੇ ਟੀਚੇ ਨੂੰ ਹਾਸਲ ਨਹੀਂ ਕਰ ਸਕਣਗੇ ਜਿਸ ਕਰਕੇ ਉਨ੍ਹਾਂ ਦੀਆਂ ਨਜ਼ਰਾਂ ਸਾਡੇ ’ਤੇ ਟਿਕੀਆਂ ਹੋਣਗੀਆਂ। ਇਸ ਮੌਕੇ ’ਤੇ ਕੌਮਾਂ ਮਾਗੋਗ ਦੇ ਗੋਗ * ਵਜੋਂ ਆਪਣਾ ਕੰਮ ਕਰਨਗੀਆਂ। ਉਹ ਯਹੋਵਾਹ ਦੇ ਲੋਕਾਂ ’ਤੇ ਵਹਿਸ਼ੀ ਹਮਲਾ ਕਰਨ ਲਈ ਇਕੱਠੀਆਂ ਹੋਣਗੀਆਂ। (ਹਿਜ਼. 38:2, 14-16) ਅਸੀਂ ਸ਼ਾਇਦ ਚਿੰਤਾ ਕਰਨ ਲੱਗ ਪਈਏ ਕਿ ਮਹਾਂਕਸ਼ਟ ਦੌਰਾਨ ਕੀ ਵਾਪਰੇਗਾ ਕਿਉਂਕਿ ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਉਦੋਂ ਕੀ ਹੋਵੇਗਾ। ਪਰ ਇਕ ਗੱਲ ਪੱਕੀ ਹੈ: ਸਾਨੂੰ ਮਹਾਂਕਸ਼ਟ ਤੋਂ ਡਰਨ ਦੀ ਲੋੜ ਨਹੀਂ ਹੈ। ਯਹੋਵਾਹ ਸਾਨੂੰ ਹਿਦਾਇਤਾਂ ਦੇਵੇਗਾ ਜਿਨ੍ਹਾਂ ਨਾਲ ਸਾਡੀਆਂ ਜ਼ਿੰਦਗੀਆਂ ਬਚਣਗੀਆਂ। (ਜ਼ਬੂ. 34:19) ਅਸੀਂ ਆਪਣਾ “ਸਿਰ ਉੱਪਰ ਚੁੱਕ ਕੇ ਖੜ੍ਹੇ” ਹੋਵਾਂਗੇ ਕਿਉਂਕਿ ਸਾਨੂੰ ਪਤਾ ਹੋਵੇਗਾ ਕਿ ਸਾਡਾ “ਛੁਟਕਾਰਾ ਹੋਣ ਵਾਲਾ ਹੈ।” *

12. “ਵਫ਼ਾਦਾਰ ਅਤੇ ਸਮਝਦਾਰ ਨੌਕਰ” ਸਾਨੂੰ ਆਉਣ ਵਾਲੇ ਸਮੇਂ ਲਈ ਕਿਵੇਂ ਤਿਆਰ ਕਰ ਰਿਹਾ ਹੈ?

12 “ਵਫ਼ਾਦਾਰ ਅਤੇ ਸਮਝਦਾਰ ਨੌਕਰ” ਸਾਨੂੰ ਮਹਾਂਕਸ਼ਟ ਦੌਰਾਨ ਵਫ਼ਾਦਾਰ ਰਹਿਣ ਲਈ ਤਿਆਰ ਕਰ ਰਿਹਾ ਹੈ। (ਮੱਤੀ 24:45) ਉਹ ਇਹ ਕਈ ਤਰੀਕਿਆਂ ਰਾਹੀਂ ਕਰਦਾ ਹੈ, ਪਰ ਇਕ ਮਿਸਾਲ ’ਤੇ ਗੌਰ ਕਰੋ: ਸਹੀ ਸਮੇਂ ’ਤੇ 2016-2018 ਦੇ ਵੱਡੇ ਸੰਮੇਲਨ। ਯਹੋਵਾਹ ਦਾ ਮਹਾਨ ਦਿਨ ਨੇੜੇ ਆ ਰਿਹਾ ਹੈ ਜਿਸ ਕਰਕੇ ਇਨ੍ਹਾਂ ਸੰਮੇਲਨਾਂ ਰਾਹੀਂ ਸਾਨੂੰ ਆਪਣੇ ਵਿਚ ਲੋੜੀਂਦੇ ਗੁਣ ਹੋਰ ਵਧਾਉਣ ਦੀ ਹੱਲਾਸ਼ੇਰੀ ਦਿੱਤੀ ਗਈ। ਆਓ ਆਪਾਂ ਉਨ੍ਹਾਂ ਗੁਣਾਂ ’ਤੇ ਥੋੜ੍ਹਾ ਗੌਰ ਕਰੀਏ।

ਆਪਣੇ ਵਿਚ ਵਫ਼ਾਦਾਰੀ, ਧੀਰਜ ਤੇ ਦਲੇਰੀ ਦੇ ਗੁਣ ਵਧਾਉਂਦੇ ਰਹੋ

ਅੱਜ ਤੋਂ ਹੀ “ਮਹਾਂਕਸ਼ਟ” ਵਿੱਚੋਂ ਬਚ ਨਿਕਲਣ ਦੀ ਤਿਆਰੀ ਕਰੋ (ਪੈਰੇ 13-16 ਦੇਖੋ) *

13. ਅਸੀਂ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਹੋਰ ਕਿਵੇਂ ਵਧਾ ਸਕਦੇ ਹਾਂ ਅਤੇ ਅੱਜ ਸਾਡੇ ਲਈ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ?

13 ਵਫ਼ਾਦਾਰੀ: 2016 ਦੇ ਵੱਡੇ ਸੰਮੇਲਨ ਦਾ ਵਿਸ਼ਾ ਸੀ, “ਯਹੋਵਾਹ ਦੇ ਵਫ਼ਾਦਾਰ ਰਹੋ!” ਇਸ ਸੰਮੇਲਨ ਵਿਚ ਅਸੀਂ ਸਿੱਖਿਆ ਸੀ ਕਿ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਹੋਣ ਕਰਕੇ ਅਸੀਂ ਉਸ ਦੇ ਵਫ਼ਾਦਾਰ ਰਹਿ ਸਕਾਂਗੇ। ਸਾਨੂੰ ਯਾਦ ਕਰਾਇਆ ਗਿਆ ਸੀ ਕਿ ਅਸੀਂ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਅਤੇ ਗਹਿਰਾਈ ਨਾਲ ਉਸ ਦੇ ਬਚਨ ਦਾ ਅਧਿਐਨ ਕਰ ਕੇ ਉਸ ਦੇ ਨੇੜੇ ਜਾ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਸਾਨੂੰ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਵੀ ਮਿਲੇਗੀ। ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਅਸੀਂ ਜਾਣਦੇ ਹਾਂ ਕਿ ਉੱਦਾਂ-ਉੱਦਾਂ ਪਰਮੇਸ਼ੁਰ ਅਤੇ ਉਸ ਦੇ ਰਾਜ ਪ੍ਰਤੀ ਸਾਡੇ ਲਈ ਵਫ਼ਾਦਾਰ ਰਹਿਣਾ ਹੋਰ ਔਖਾ ਹੋਵੇਗਾ। ਸਾਨੂੰ ਲਗਾਤਾਰ ਲੋਕਾਂ ਦਾ ਮਜ਼ਾਕ ਸਹਿਣਾ ਪਵੇਗਾ। (2 ਪਤ. 3:3, 4) ਇਸ ਤਰ੍ਹਾਂ ਖ਼ਾਸ ਕਰਕੇ ਉਦੋਂ ਹੋਵੇਗਾ ਜਦੋਂ ਸਾਡੀ ਨਿਰਪੱਖਤਾ ਹੋਰ ਵੀ ਜ਼ਿਆਦਾ ਪਰਖੀ ਜਾਵੇਗੀ। ਮਹਾਂਕਸ਼ਟ ਦੌਰਾਨ ਵਫ਼ਾਦਾਰ ਰਹਿਣ ਲਈ ਸਾਨੂੰ ਅੱਜ ਆਪਣੇ ਵਿਚ ਵਫ਼ਾਦਾਰੀ ਦਾ ਗੁਣ ਵਧਾਉਣ ਦੀ ਲੋੜ ਹੈ।

14. (ੳ) ਧਰਤੀ ’ਤੇ ਅਗਵਾਈ ਲੈਣ ਵਾਲੇ ਭਰਾਵਾਂ ਸੰਬੰਧੀ ਕਿਹੜਾ ਬਦਲਾਅ ਹੋਵੇਗਾ? (ਅ) ਉਸ ਸਮੇਂ ’ਤੇ ਸਾਨੂੰ ਵਫ਼ਾਦਾਰੀ ਦਿਖਾਉਣ ਦੀ ਕਿਉਂ ਲੋੜ ਹੋਵੇਗੀ?

14 ਮਹਾਂਕਸ਼ਟ ਦੌਰਾਨ ਧਰਤੀ ’ਤੇ ਅਗਵਾਈ ਲੈਣ ਵਾਲੇ ਭਰਾਵਾਂ ਸੰਬੰਧੀ ਬਦਲਾਅ ਹੋਵੇਗਾ। ਧਰਤੀ ’ਤੇ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨੂੰ ਇਕ ਸਮੇਂ ’ਤੇ ਸਵਰਗ ਵਿਚ ਇਕੱਠਾ ਕੀਤਾ ਜਾਵੇਗਾ ਤਾਂਕਿ ਉਹ ਆਰਮਾਗੇਡਨ ਦੀ ਲੜਾਈ ਵਿਚ ਹਿੱਸਾ ਲੈ ਸਕਣ। (ਮੱਤੀ 24:31; ਪ੍ਰਕਾ. 2:26, 27) ਇਸ ਦਾ ਮਤਲਬ ਹੈ ਕਿ ਧਰਤੀ ’ਤੇ ਪ੍ਰਬੰਧਕ ਸਭਾ ਨਹੀਂ ਹੋਵੇਗੀ। ਪਰ ਫਿਰ ਵੀ ਵੱਡੀ ਭੀੜ ਸੰਗਠਿਤ ਰਹੇਗੀ। ਹੋਰ ਭੇਡਾਂ ਵਿੱਚੋਂ ਕਾਬਲ ਭਰਾ ਅਗਵਾਈ ਕਰਨਗੇ। ਇਨ੍ਹਾਂ ਭਰਾਵਾਂ ਦਾ ਸਾਥ ਦੇ ਕੇ ਅਤੇ ਉਨ੍ਹਾਂ ਦੁਆਰਾ ਪਰਮੇਸ਼ੁਰ ਵੱਲੋਂ ਮਿਲਦੀਆਂ ਹਿਦਾਇਤਾਂ ਮੰਨ ਕੇ ਸਾਨੂੰ ਵਫ਼ਾਦਾਰੀ ਦਿਖਾਉਣ ਦੀ ਲੋੜ ਹੋਵੇਗੀ। ਬਚਾਅ ਲਈ ਹਿਦਾਇਤਾਂ ਮੰਨਣੀਆਂ ਜ਼ਰੂਰੀ ਹੋਣਗੀਆਂ।

15. ਅਸੀਂ ਆਪਣੇ ਵਿਚ ਧੀਰਜ ਦਾ ਗੁਣ ਹੋਰ ਕਿਵੇਂ ਵਧਾ ਸਕਦੇ ਹਾਂ ਅਤੇ ਅੱਜ ਇਹ ਗੁਣ ਪੈਦਾ ਕਰਨਾ ਕਿਉਂ ਜ਼ਰੂਰੀ ਹੈ?

15 ਧੀਰਜ: 2017 ਦੇ ਵੱਡੇ ਸੰਮੇਲਨ ਦਾ ਵਿਸ਼ਾ ਸੀ, “ਕਦੇ ਹਾਰ ਨਾ ਮੰਨੋ!” ਇਸ ਸੰਮੇਲਨ ਨੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਕਾਬਲੀਅਤ ਵਧਾਉਣ ਵਿਚ ਸਾਡੀ ਮਦਦ ਕੀਤੀ। ਅਸੀਂ ਸਿੱਖਿਆ ਸੀ ਕਿ ਸਾਡੇ ਧੀਰਜ ਦਾ ਕਾਰਨ ਚੰਗੇ ਹਾਲਾਤ ਨਹੀਂ ਹਨ। ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਅਸੀਂ ਆਪਣੇ ਵਿਚ ਧੀਰਜ ਦਾ ਗੁਣ ਵਧਾ ਸਕਦੇ ਹਾਂ। (ਰੋਮੀ. 12:12) ਆਓ ਆਪਾਂ ਯਿਸੂ ਦੁਆਰਾ ਕੀਤਾ ਇਹ ਵਾਅਦਾ ਕਦੇ ਨਾ ਭੁੱਲੀਏ: “ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।” (ਮੱਤੀ 24:13) ਇਸ ਵਾਅਦੇ ਦਾ ਮਤਲਬ ਹੈ ਕਿ ਅਸੀਂ ਹਰ ਅਜ਼ਮਾਇਸ਼ ਵਿਚ ਵਫ਼ਾਦਾਰ ਰਹੀਏ। ਅੱਜ ਅਸੀਂ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰਦਿਆਂ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਜ਼ਿਆਦਾ ਮਜ਼ਬੂਤ ਬਣ ਸਕਦੇ ਹਾਂ।

16. ਕਿਸ ਗੱਲ ਕਰਕੇ ਅਸੀਂ ਦਲੇਰ ਬਣਦੇ ਹਾਂ ਅਤੇ ਅੱਜ ਅਸੀਂ ਆਪਣੇ ਵਿਚ ਦਲੇਰੀ ਦਾ ਗੁਣ ਹੋਰ ਕਿਵੇਂ ਵਧਾ ਸਕਦੇ ਹਾਂ?

16 ਦਲੇਰੀ: 2018 ਦੇ ਵੱਡੇ ਸੰਮੇਲਨ ਦਾ ਵਿਸ਼ਾ ਸੀ, “ਦਲੇਰ ਬਣੋ!” ਇਸ ਸੰਮੇਲਨ ਵਿਚ ਸਾਨੂੰ ਯਾਦ ਕਰਾਇਆ ਗਿਆ ਸੀ ਕਿ ਅਸੀਂ ਆਪਣੀਆਂ ਕਾਬਲੀਅਤਾਂ ਕਰਕੇ ਦਲੇਰ ਨਹੀਂ ਬਣਦੇ। ਜਿੱਦਾਂ ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਧੀਰਜ ਦਾ ਗੁਣ ਵਧਦਾ ਹੈ, ਉਸੇ ਤਰ੍ਹਾਂ ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਅਸੀਂ ਦਲੇਰ ਬਣਦੇ ਹਾਂ। ਅਸੀਂ ਯਹੋਵਾਹ ’ਤੇ ਹੋਰ ਜ਼ਿਆਦਾ ਭਰੋਸਾ ਕਿਵੇਂ ਰੱਖ ਸਕਦੇ ਹਾਂ? ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਇਸ ਗੱਲ ’ਤੇ ਸੋਚ-ਵਿਚਾਰ ਕਰ ਕੇ ਕਿ ਪੁਰਾਣੇ ਸਮੇਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ। (ਜ਼ਬੂ. 68:20; 2 ਪਤ. 2:9) ਮਹਾਂਕਸ਼ਟ ਦੌਰਾਨ ਜਦੋਂ ਕੌਮਾਂ ਸਾਡੇ ’ਤੇ ਹਮਲਾ ਕਰਨਗੀਆਂ, ਤਾਂ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਲੇਰ ਬਣਨ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਹੋਵੇਗੀ। (ਜ਼ਬੂ. 112:7, 8; ਇਬ. 13:6) ਅੱਜ ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਅਸੀਂ ਦਲੇਰੀ ਨਾਲ ਗੋਗ ਦੇ ਹਮਲੇ ਦਾ ਸਾਮ੍ਹਣਾ ਕਰ ਸਕਾਂਗੇ। *

ਛੁਟਕਾਰੇ ਲਈ ਬੇਸਬਰੀ ਨਾਲ ਉਡੀਕ ਕਰੋ

ਜਲਦੀ ਹੀ ਯਿਸੂ ਆਪਣੀ ਸਵਰਗੀ ਫ਼ੌਜ ਨਾਲ ਮਿਲ ਕੇ ਆਰਮਾਗੇਡਨ ਦੀ ਲੜਾਈ ਵਿਚ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ! (ਪੈਰਾ 17 ਦੇਖੋ)

17. ਸਾਨੂੰ ਆਰਮਾਗੇਡਨ ਤੋਂ ਡਰਨ ਦੀ ਕੋਈ ਲੋੜ ਕਿਉਂ ਨਹੀਂ ਹੈ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

17 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਸਾਡੇ ਵਿੱਚੋਂ ਜ਼ਿਆਦਾਤਰ ਜਣਿਆਂ ਨੇ ਆਪਣੀ ਜ਼ਿੰਦਗੀ ਆਖ਼ਰੀ ਦਿਨਾਂ ਵਿਚ ਗੁਜ਼ਾਰੀ ਹੈ। ਪਰ ਸਾਡੇ ਕੋਲ ਮਹਾਂਕਸ਼ਟ ਵਿੱਚੋਂ ਬਚ ਨਿਕਲਣ ਦੀ ਉਮੀਦ ਵੀ ਹੈ। ਆਰਮਾਗੇਡਨ ਦੀ ਲੜਾਈ ਨਾਲ ਇਸ ਯੁਗ ਦਾ ਪੂਰੀ ਤਰ੍ਹਾਂ ਅੰਤ ਹੋ ਜਾਵੇਗਾ। ਪਰ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਕਿਉਂ? ਕਿਉਂਕਿ ਇਹ ਲੜਾਈ ਪਰਮੇਸ਼ੁਰ ਦੀ ਹੋਵੇਗੀ। (ਕਹਾ. 1:33; ਹਿਜ਼. 38:18-20; ਜ਼ਕ. 14:3) ਯਹੋਵਾਹ ਤੋਂ ਇਸ਼ਾਰਾ ਮਿਲਦਿਆਂ ਹੀ ਯਿਸੂ ਮਸੀਹ ਲੜਾਈ ਦੀ ਕਮਾਨ ਸੰਭਾਲ ਲਵੇਗਾ। ਉਸ ਨਾਲ ਲੱਖਾਂ ਦੂਤ ਅਤੇ ਜੀਉਂਦੇ ਕੀਤੇ ਗਏ ਚੁਣੇ ਹੋਏ ਮਸੀਹੀ ਹੋਣਗੇ। ਉਹ ਮਿਲ ਕੇ ਸ਼ੈਤਾਨ, ਉਸ ਦੇ ਦੁਸ਼ਟ ਦੂਤਾਂ ਅਤੇ ਧਰਤੀ ਦੀਆਂ ਫ਼ੌਜਾਂ ਦੇ ਖ਼ਿਲਾਫ਼ ਯੁੱਧ ਕਰਨਗੇ।—ਦਾਨੀ. 12:1; ਪ੍ਰਕਾ. 6:2; 17:14.

18. (ੳ) ਯਹੋਵਾਹ ਨੇ ਕਿਸ ਗੱਲ ਦੀ ਗਾਰੰਟੀ ਦਿੱਤੀ ਹੈ? (ਅ) ਪ੍ਰਕਾਸ਼ ਦੀ ਕਿਤਾਬ 7:9, 13-17 ਤੋਂ ਸਾਨੂੰ ਭਵਿੱਖ ਲਈ ਭਰੋਸਾ ਕਿਵੇਂ ਮਿਲਦਾ ਹੈ?

18 ਯਹੋਵਾਹ ਨੇ ਗਾਰੰਟੀ ਦਿੱਤੀ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।” (ਯਸਾ. 54:17) ਯਹੋਵਾਹ ਦੇ ਵਫ਼ਾਦਾਰ ਲੋਕਾਂ ਦੀ “ਵੱਡੀ ਭੀੜ” “ਮਹਾਂਕਸ਼ਟ ਵਿੱਚੋਂ ਬਚ” ਨਿਕਲੇਗੀ। ਫਿਰ ਉਹ ਲਗਾਤਾਰ ਪਰਮੇਸ਼ੁਰ ਦੀ ਭਗਤੀ ਕਰਦੀ ਰਹੇਗੀ। (ਪ੍ਰਕਾਸ਼ ਦੀ ਕਿਤਾਬ 7:9, 13-17 ਪੜ੍ਹੋ।) ਬਾਈਬਲ ਸਾਨੂੰ ਭਵਿੱਖ ਬਾਰੇ ਕਿੰਨਾ ਭਰੋਸਾ ਦਿੰਦੀ ਹੈ! ਅਸੀਂ ਜਾਣਦੇ ਹਾਂ ਕਿ “ਯਹੋਵਾਹ ਸੱਚਿਆਂ ਦਾ ਰਾਖਾ ਹੈ।” (ਜ਼ਬੂ. 31:23) ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਭਗਤੀ ਕਰਨ ਵਾਲਿਆਂ ਨੂੰ ਇਹ ਦੇਖ ਕੇ ਖ਼ੁਸ਼ੀ ਹੋਵੇਗੀ ਕਿ ਉਸ ਦੇ ਨਾਂ ’ਤੇ ਲਾਏ ਦੋਸ਼ ਮਿਟਾ ਦਿੱਤੇ ਗਏ ਹਨ।—ਹਿਜ਼. 38:23.

19. ਜਲਦੀ ਹੀ ਅਸੀਂ ਕਿਹੋ ਜਿਹੇ ਸ਼ਾਨਦਾਰ ਭਵਿੱਖ ਦਾ ਆਨੰਦ ਮਾਣਾਂਗੇ?

19 ਜ਼ਰਾ ਸੋਚੋ ਕਿ 2 ਤਿਮੋਥਿਉਸ 3:2-5 ਨੂੰ ਕਿਵੇਂ ਲਿਖਿਆ ਜਾਂਦਾ ਜੇ ਇਸ ਵਿਚ ਨਵੀਂ ਦੁਨੀਆਂ ਦੇ ਲੋਕਾਂ ਦੇ ਸੁਭਾਅ ਬਾਰੇ ਦੱਸਿਆ ਹੁੰਦਾ ਜਿਨ੍ਹਾਂ ’ਤੇ ਸ਼ੈਤਾਨ ਦਾ ਅਸਰ ਨਹੀਂ ਹੈ। (“ ਉਸ ਸਮੇਂ ਦੇ ਲੋਕਾਂ ਦਾ ਸੁਭਾਅ” ਨਾਂ ਦੀ ਡੱਬੀ ਦੇਖੋ।) ਭਰਾ ਜਾਰਜ ਗੈਂਗੱਸ, ਜਿਸ ਨੇ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਕੰਮ ਕੀਤਾ ਸੀ, ਨੇ ਦੱਸਿਆ: “ਉਸ ਸਮੇਂ ਦੁਨੀਆਂ ਕਿਹੋ ਜਿਹੀ ਹੋਵੇਗੀ ਜਦੋਂ ਸਿਰਫ਼ ਸਾਡੇ ਭੈਣ-ਭਰਾ ਹੀ ਹੋਣਗੇ! ਜਲਦੀ ਹੀ ਤੁਹਾਨੂੰ ਨਵੀਂ ਦੁਨੀਆਂ ਵਿਚ ਜੀਉਣ ਦਾ ਸਨਮਾਨ ਮਿਲੇਗਾ। ਤੁਸੀਂ ਉੱਨਾ ਚਿਰ ਤਕ ਜੀਓਗੇ ਜਿੰਨਾ ਚਿਰ ਤਕ ਯਹੋਵਾਹ ਜੀਵੇਗਾ। ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਣ ਜਾ ਰਹੀ ਹੈ।” ਕਿੰਨਾ ਹੀ ਸ਼ਾਨਦਾਰ ਭਵਿੱਖ!

ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!

^ ਪੈਰਾ 5 ਸਾਨੂੰ ਪਤਾ ਹੈ ਕਿ ਬਹੁਤ ਜਲਦ ਮਨੁੱਖਜਾਤੀ ਉੱਤੇ “ਮਹਾਂਕਸ਼ਟ” ਆਉਣ ਵਾਲਾ ਹੈ। ਮਹਾਂਕਸ਼ਟ ਦਾ ਸਾਡੇ ਲਈ ਕੀ ਮਤਲਬ ਹੋਵੇਗਾ? ਉਸ ਸਮੇਂ ਦੌਰਾਨ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਆਸ ਰੱਖੇਗਾ? ਵਫ਼ਾਦਾਰ ਬਣੇ ਰਹਿਣ ਲਈ ਸਾਨੂੰ ਅੱਜ ਤੋਂ ਹੀ ਆਪਣੇ ਵਿਚ ਕਿਹੜੇ ਗੁਣ ਵਧਾਉਣ ਦੀ ਲੋੜ ਹੈ? ਇਸ ਲੇਖ ਵਿਚ ਅਸੀਂ ਇਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ।

^ ਪੈਰਾ 3 ਸ਼ਬਦਾਂ ਦਾ ਅਰਥ: ਈਸਾਈ-ਜਗਤ ਉਨ੍ਹਾਂ ਸਾਰੇ ਧਰਮਾਂ ਨੂੰ ਮਿਲਾ ਕੇ ਬਣਿਆ ਹੈ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਪਰ ਉਹ ਲੋਕਾਂ ਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਭਗਤੀ ਕਰਨੀ ਨਹੀਂ ਸਿਖਾਉਂਦੇ।

^ ਪੈਰਾ 11 ਸ਼ਬਦਾਂ ਦਾ ਅਰਥ: ਮਾਗੋਗ ਦਾ ਗੋਗ (ਅਤੇ ਇਸ ਦਾ ਛੋਟਾ ਨਾਂ ਗੋਗ) ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ ਜੋ ਮਹਾਂਕਸ਼ਟ ਦੌਰਾਨ ਸੱਚੀ ਭਗਤੀ ਖ਼ਿਲਾਫ਼ ਲੜੇਗਾ।

^ ਪੈਰਾ 11 ਆਰਮਾਗੇਡਨ ਦੀ ਲੜਾਈ ਤੋਂ ਪਹਿਲਾਂ ਹੋਣ ਵਾਲੀਆਂ ਘਟਨਾਵਾਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ 15 ਜੁਲਾਈ 2013 ਦੇ ਪਹਿਰਾਬੁਰਜ ਦੇ ਸਫ਼ੇ 3-8 ਦੇਖੋ। ਮਾਗੋਗ ਦੇ ਗੋਗ ਦੇ ਹਮਲੇ ਅਤੇ ਯਹੋਵਾਹ ਆਪਣੇ ਲੋਕਾਂ ਨੂੰ ਆਰਮਾਗੇਡਨ ਵਿਚ ਕਿਵੇਂ ਬਚਾਵੇਗਾ ਬਾਰੇ ਜਾਣਨ ਲਈ 15 ਜੁਲਾਈ 2015 ਦੇ ਪਹਿਰਾਬੁਰਜ ਦੇ ਸਫ਼ੇ 14-19 ਦੇਖੋ।

^ ਪੈਰਾ 16 2019 ਦੇ ਵੱਡੇ ਸੰਮੇਲਨ ਦਾ ਵਿਸ਼ਾ ਸੀ, “ਪਿਆਰ ਕਦੇ ਖ਼ਤਮ ਨਹੀਂ ਹੁੰਦਾ”! ਇਸ ਵਿਚ ਸਾਨੂੰ ਸਮਝਾਇਆ ਗਿਆ ਹੈ ਕਿ ਅਸੀਂ ਯਹੋਵਾਹ ਦੀ ਪਿਆਰ ਭਰੀ ਸੁਰੱਖਿਆ ਵਿਚ ਹਮੇਸ਼ਾ ਬਚੇ ਰਹਿ ਸਕਦੇ ਹਾਂ।—1 ਕੁਰਿੰ. 13:8.

^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: ਮਹਾਂਕਸ਼ਟ ਦੌਰਾਨ ਗਵਾਹਾਂ ਦਾ ਛੋਟਾ ਜਿਹਾ ਗਰੁੱਪ ਦਲੇਰੀ ਦਿਖਾਉਂਦਿਆਂ ਜੰਗਲ ਵਿਚ ਸਭਾ ਕਰਦਾ ਹੋਇਆ।

^ ਪੈਰਾ 66 ਤਸਵੀਰਾਂ ਬਾਰੇ ਜਾਣਕਾਰੀ: ਮਹਾਂਕਸ਼ਟ ਵਿੱਚੋਂ ਬਚ ਨਿਕਲੀ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਵੱਡੀ ਭੀੜ ਖ਼ੁਸ਼ ਹੈ!