Skip to content

Skip to table of contents

1919 ਵਿਚ ਸੀਡਰ ਪਾਇੰਟ, ਓਹੀਓ ਵਿਚ ਹੋਏ ਵੱਡੇ ਸੰਮੇਲਨ ’ਤੇ ਭਰਾ ਰਦਰਫ਼ਰਡ ਭਾਸ਼ਣ ਦਿੰਦਾ ਹੋਇਆ

1919​—ਸੌ ਸਾਲ ਪਹਿਲਾਂ

1919​—ਸੌ ਸਾਲ ਪਹਿਲਾਂ

ਚਾਰ ਤੋਂ ਜ਼ਿਆਦਾ ਸਾਲਾਂ ਤੋਂ ਚੱਲਦਾ ਯੁੱਧ (ਜਿਸ ਨੂੰ ਬਾਅਦ ਵਿਚ ਪਹਿਲਾਂ ਵਿਸ਼ਵ ਯੁੱਧ ਕਿਹਾ ਗਿਆ) ਖ਼ਤਮ ਹੋ ਗਿਆ ਸੀ। 1918 ਦੇ ਅਖ਼ੀਰ ਤਕ ਦੇਸ਼ਾਂ ਨੇ ਲੜਨਾ ਬੰਦ ਕਰ ਦਿੱਤਾ ਅਤੇ 18 ਜਨਵਰੀ 1919 ਨੂੰ ਪੈਰਿਸ ਸ਼ਾਂਤੀ ਕਾਨਫ਼ਰੰਸ ਸ਼ੁਰੂ ਹੋਈ। ਇਸ ਕਾਨਫ਼ਰੰਸ ਵਿਚ ਵਾਸਾਈ ਦੀ ਸੰਧੀ ਕੀਤੀ ਗਈ ਜਿਸ ਕਰਕੇ ਜਰਮਨੀ ਵਿਰੁੱਧ ਲੜਨ ਵਾਲੇ ਮਿੱਤਰ ਦੇਸ਼ਾਂ ਨੇ ਲੜਨਾ ਬੰਦ ਕਰ ਦਿੱਤਾ। ਇਹ ਸੰਧੀ 28 ਜੂਨ 1919 ਵਿਚ ਕੀਤੀ ਗਈ।

ਇਸ ਸੰਧੀ ਕਰਕੇ ਇਕ ਨਵਾਂ ਸੰਗਠਨ ਸਥਾਪਿਤ ਹੋਇਆ ਜਿਸ ਨੂੰ ਰਾਸ਼ਟਰ-ਸੰਘ (League of Nations) ਕਿਹਾ ਗਿਆ। ਇਸ ਦਾ ਮਕਸਦ “ਅੰਤਰਰਾਸ਼ਟਰੀ ਪੱਧਰ ’ਤੇ ਸਹਿਯੋਗ ਨੂੰ ਵਧਾਉਣਾ ਅਤੇ ਸ਼ਾਂਤੀ ਤੇ ਸੁਰੱਖਿਆ ਕਾਇਮ ਕਰਨੀ ਸੀ।” ਈਸਾਈ-ਜਗਤ ਦੇ ਬਹੁਤ ਸਾਰੇ ਫ਼ਿਰਕਿਆਂ ਨੇ ਇਸ ਸੰਘ ਦਾ ਸਾਥ ਦਿੱਤਾ। ਅਮਰੀਕਾ ਵਿਚ ਫੈਡਰਲ ਕੌਂਸਲ ਆਫ਼ ਦ ਚਰਚਿਜ਼ ਆਫ਼ ਕਰਾਇਸਟ ਨੇ ਰਾਸ਼ਟਰ-ਸੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ “ਇਹ ਸੰਘ ਇਕ ਰਾਜਨੀਤਿਕ ਸੰਗਠਨ ਹੈ ਜੋ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ।” ਇਸ ਕੌਂਸਲ ਨੇ ਇਸ ਸੰਘ ਦਾ ਸਾਥ ਦੇਣ ਲਈ ਪੈਰਿਸ ਸ਼ਾਂਤੀ ਕਾਨਫ਼ਰੰਸ ਵਿਚ ਆਪਣੇ ਨੁਮਾਇੰਦੇ ਭੇਜੇ। ਇਨ੍ਹਾਂ ਵਿੱਚੋਂ ਇਕ ਨੁਮਾਇੰਦੇ ਨੇ ਕਿਹਾ ਕਿ ਇਸ ਕਾਨਫ਼ਰੰਸ ਕਰਕੇ “ਦੁਨੀਆਂ ਦੇ ਇਤਿਹਾਸ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ।”

ਨਵਾਂ ਦੌਰ ਸ਼ੁਰੂ ਹੋਇਆ ਸੀ, ਪਰ ਆਦਮੀਆਂ ਦੁਆਰਾ ਕੀਤੀ ਇਸ ਸ਼ਾਂਤੀ ਕਾਨਫ਼ਰੰਸ ਕਰਕੇ ਨਹੀਂ। 1919 ਵਿਚ ਪ੍ਰਚਾਰ ਦੇ ਕੰਮ ਦਾ ਨਵਾਂ ਦੌਰ ਸ਼ੁਰੂ ਹੋਇਆ ਸੀ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਪ੍ਰਚਾਰ ਕਰਨ ਦੀ ਤਾਕਤ ਦਿੱਤੀ ਸੀ। ਪਹਿਲਾਂ ਕਦੇ ਇੱਦਾਂ ਪ੍ਰਚਾਰ ਦਾ ਕੰਮ ਨਹੀਂ ਹੋਇਆ ਸੀ। ਪਰ ਇਸ ਤੋਂ ਪਹਿਲਾਂ ਬਾਈਬਲ ਸਟੂਡੈਂਟਸ ਦੇ ਹਾਲਾਤਾਂ ਵਿਚ ਇਕ ਅਹਿਮ ਤਬਦੀਲੀ ਕਰਨ ਦੀ ਲੋੜ ਸੀ।

ਇਕ ਔਖਾ ਫ਼ੈਸਲਾ

ਜੋਸਫ਼ ਐੱਫ਼. ਰਦਰਫ਼ਰਡ

ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਡਾਇਰੈਕਟਰਾਂ ਦੀ ਚੋਣ ਲਈ ਸ਼ਨੀਵਾਰ 4 ਜਨਵਰੀ 1919 ਦੀ ਤਾਰੀਖ਼ ਤੈਅ ਕੀਤੀ ਗਈ। ਇਹ ਚੋਣ ਹਰ ਸਾਲ ਕੀਤੀ ਜਾਂਦੀ ਸੀ। ਉਸ ਸਮੇਂ ਯਹੋਵਾਹ ਦੇ ਲੋਕਾਂ ਦੀ ਅਗਵਾਈ ਕਰਨ ਵਾਲੇ ਭਰਾ ਜੋਸਫ਼ ਐੱਫ਼. ਰਦਰਫ਼ਰਡ ਅਤੇ ਹੋਰ ਸੱਤ ਭਰਾਵਾਂ ਨੂੰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਐਟਲਾਂਟਾ, ਜਾਰਜੀਆ, ਅਮਰੀਕਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਹੁਣ ਸਵਾਲ ਇਹ ਸੀ, ਕੀ ਜੇਲ੍ਹ ਵਿਚ ਬੰਦ ਕੀਤੇ ਭਰਾਵਾਂ ਨੂੰ ਦੁਬਾਰਾ ਤੋਂ ਚੁਣਿਆ ਜਾਣਾ ਸੀ ਜੋ ਸੰਗਠਨ ਵਿਚ ਜ਼ਿੰਮੇਵਾਰੀਆਂ ਸੰਭਾਲਦੇ ਸਨ? ਜਾਂ ਕੀ ਉਨ੍ਹਾਂ ਦੀ ਜਗ੍ਹਾ ਹੋਰਾਂ ਨੂੰ ਚੁਣਿਆ ਜਾਣਾ ਚਾਹੀਦਾ ਸੀ?

ਈਵੈਨਡਰ ਜੇ. ਕੋਵਰਡ

ਜੇਲ੍ਹ ਵਿਚ ਕੈਦ ਭਰਾ ਰਦਰਫ਼ਰਡ ਨੂੰ ਸੰਗਠਨ ਦੇ ਭਵਿੱਖ ਦੀ ਚਿੰਤਾ ਸੀ। ਉਹ ਜਾਣਦਾ ਸੀ ਕਿ ਕੁਝ ਭਰਾਵਾਂ ਨੂੰ ਲੱਗਦਾ ਸੀ ਕਿ ਵਧੀਆ ਹੋਵੇਗਾ ਕਿ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਵੇ। ਇਸ ਕਰਕੇ ਉਸ ਨੇ ਇਕੱਠੇ ਹੋਏ ਭਰਾਵਾਂ ਨੂੰ ਚਿੱਠੀ ਲਿਖ ਕੇ ਭਰਾ ਈਵੈਨਡਰ ਜੇ. ਕੋਵਰਡ ਨੂੰ ਪ੍ਰਧਾਨ ਬਣਾਉਣ ਦੀ ਸਿਫ਼ਾਰਸ਼ ਕੀਤੀ। ਰਦਰਫ਼ਰਡ ਨੇ ਭਰਾ ਕੋਵਰਡ ਬਾਰੇ ਕਿਹਾ ਕਿ ਉਹ “ਸ਼ਾਂਤ,” “ਸਮਝਦਾਰ” ਅਤੇ “ਪ੍ਰਭੂ ਦਾ ਵਫ਼ਾਦਾਰ” ਸੀ। ਪਰ ਬਹੁਤ ਸਾਰੇ ਭਰਾ ਇਸ ਤਰ੍ਹਾਂ ਨਹੀਂ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਛੇ ਮਹੀਨਿਆਂ ਲਈ ਚੋਣ ਨੂੰ ਅੱਗੇ ਵਧਾ ਦਿੱਤਾ। ਕੈਦ ਕੀਤੇ ਭਰਾਵਾਂ ਦੀ ਕਾਨੂੰਨੀ ਤੌਰ ’ਤੇ ਮਦਦ ਕਰਨ ਵਾਲੇ ਭਰਾ ਇਸ ਗੱਲ ਨਾਲ ਸਹਿਮਤ ਸਨ। ਇਸ ਵਿਸ਼ੇ ’ਤੇ ਚਰਚਾ ਕਰਦੇ ਰਹਿਣ ਨਾਲ ਕੁਝ ਭਰਾ ਪਰੇਸ਼ਾਨ ਹੋ ਗਏ।

ਰਿਚਰਡ ਐੱਚ. ਬਾਰਬਰ

ਫਿਰ ਕੁਝ ਇੱਦਾਂ ਦਾ ਹੋਇਆ ਜਿਸ ਬਾਰੇ ਭਰਾ ਰਿਚਰਡ ਐੱਚ. ਬਾਰਬਰ ਨੇ ਬਾਅਦ ਵਿਚ ਕਿਹਾ ਕਿ ‘ਲੱਗਦਾ ਸੀ ਕਿ ਕੋਈ ਜਣਾ ਇਸ ਔਖੇ ਹਾਲਾਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।’ ਹਾਜ਼ਰ ਹੋਏ ਭਰਾਵਾਂ ਵਿੱਚੋਂ ਇਕ ਨੇ ਕਿਹਾ: “ਮੈਂ ਵਕੀਲ ਨਹੀਂ ਹਾਂ, ਪਰ ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ, ਤਾਂ ਮੈਂ ਜਾਣਦਾ ਹਾਂ ਕਿ ਵਫ਼ਾਦਾਰ ਰਹਿਣ ਲਈ ਕੀ ਜ਼ਰੂਰੀ ਹੈ। ਪਰਮੇਸ਼ੁਰ ਵਫ਼ਾਦਾਰੀ ਦੀ ਮੰਗ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇਸ ਤੋਂ ਵਧ ਭਰੋਸਾ ਨਹੀਂ ਦਿਖਾ ਸਕਦੇ ਕਿ ਅਸੀਂ ਚੋਣ ਕਰਾਈਏ ਅਤੇ ਭਰਾ ਰਦਰਫ਼ਰਡ ਨੂੰ ਦੁਬਾਰਾ ਤੋਂ ਪ੍ਰਧਾਨ ਚੁਣੀਏ।”—ਜ਼ਬੂ. 18:25.

ਐਲੇਗਜ਼ੈਂਡਰ ਐੱਚ. ਮੈਕਮਿਲਨ

ਏ. ਐੱਚ. ਮੈਕਮਿਲਨ ਵੀ ਕੈਦ ਵਿਚ ਸੀ। ਉਸ ਨੇ ਬਾਅਦ ਵਿਚ ਯਾਦ ਕਰਦਿਆਂ ਕਿਹਾ ਕਿ ਅਗਲੇ ਦਿਨ ਭਰਾ ਰਦਰਫ਼ਰਡ ਨੇ ਜੇਲ੍ਹ ਦੀ ਕੋਠੜੀ ਦੀ ਕੰਧ ’ਤੇ ਹੱਥ ਮਾਰਦਿਆਂ ਕਿਹਾ, “ਆਪਣਾ ਹੱਥ ਬਾਹਰ ਕੱਢ।” ਫਿਰ ਭਰਾ ਰਦਰਫ਼ਰਡ ਨੇ ਉਸ ਨੂੰ ਇਕ ਟੈਲੀਗਰਾਮ ਦਿੱਤਾ। ਮੈਕਮਿਲਨ ਨੇ ਉਸ ’ਤੇ ਇਕ ਛੋਟਾ ਜਿਹਾ ਸੰਦੇਸ਼ ਦੇਖਿਆ ਅਤੇ ਉਸ ਨੂੰ ਇਕਦਮ ਉਸ ਦਾ ਮਤਲਬ ਸਮਝ ਲੱਗ ਗਿਆ। ਇਹ ਸੰਦੇਸ਼ ਸੀ: “ਰਦਰਫ਼ਰਡ ਵਿਜ਼ ਵੈਨ ਬਾਰਬਰ ਐਂਡਰਸਨ ਬੁਲੀ ਅਤੇ ਸਪਿਲ ਪ੍ਰਧਾਨ ਪਹਿਲੇ ਤਿੰਨ ਅਫ਼ਸਰ ਸਾਰਿਆਂ ਨੂੰ ਪਿਆਰ।” ਇਸ ਦਾ ਮਤਲਬ ਸੀ ਕਿ ਸਾਰੇ ਡਾਇਰੈਕਟਰਾਂ ਨੂੰ ਦੁਬਾਰਾ ਤੋਂ ਚੁਣਿਆ ਜਾਣਾ ਸੀ ਅਤੇ ਭਰਾ ਜੋਸਫ਼ ਰਦਰਫ਼ਰਡ ਅਤੇ ਵਿਲਿਅਮ ਵੈਨ ਐਮਬਰਗ ਨੂੰ ਦੁਬਾਰਾ ਉਹੀ ਜ਼ਿੰਮੇਵਾਰੀਆਂ ਮਿਲਣੀਆਂ ਸਨ। ਇਸ ਲਈ ਭਰਾ ਰਦਰਫ਼ਰਡ ਨੇ ਪ੍ਰਧਾਨ ਦੇ ਤੌਰ ’ਤੇ ਸੇਵਾ ਜਾਰੀ ਰੱਖਣੀ ਸੀ।

ਰਿਹਾਈ!

ਜਦੋਂ ਅੱਠ ਭਰਾ ਜੇਲ੍ਹ ਵਿਚ ਸਨ, ਤਾਂ ਵਫ਼ਾਦਾਰ ਬਾਈਬਲ ਸਟੂਡੈਂਟਸ ਨੇ ਇਨ੍ਹਾਂ ਭਰਾਵਾਂ ਨੂੰ ਰਿਹਾ ਕਰਨ ਲਈ ਅਰਜ਼ੀ ਤਿਆਰ ਕੀਤੀ। ਇਨ੍ਹਾਂ ਦਲੇਰ ਭੈਣਾਂ-ਭਰਾਵਾਂ ਨੇ 7,00,000 ਤੋਂ ਜ਼ਿਆਦਾ ਲੋਕਾਂ ਦੇ ਦਸਤਖਤ ਕਰਵਾ ਲਏ ਸਨ। ਅਰਜ਼ੀ ਜਮ੍ਹਾ ਕਰਾਉਣ ਤੋਂ ਪਹਿਲਾਂ ਬੁੱਧਵਾਰ 26 ਮਾਰਚ 1919 ਨੂੰ ਭਰਾ ਰਦਰਫ਼ਰਡ ਤੇ ਹੋਰ ਜ਼ਿੰਮੇਵਾਰ ਭਰਾਵਾਂ ਨੂੰ ਰਿਹਾ ਕਰ ਦਿੱਤਾ ਗਿਆ।

ਜਿਨ੍ਹਾਂ ਨੇ ਘਰ ਵਾਪਸ ਆਉਣ ’ਤੇ ਭਰਾ ਰਦਰਫ਼ਰਡ ਦਾ ਸੁਆਗਤ ਕੀਤਾ, ਉਨ੍ਹਾਂ ਨੂੰ ਭਰਾ ਨੇ ਕਿਹਾ: “ਮੈਨੂੰ ਪੱਕਾ ਯਕੀਨ ਹੈ ਕਿ ਜੋ ਵੀ ਸਾਡੇ ਨਾਲ ਹੋਇਆ, ਉਹ ਸਿਰਫ਼ ਸਾਨੂੰ ਆਉਣ ਵਾਲੇ ਹੋਰ ਔਖੇ ਸਮੇਂ ਲਈ ਤਿਆਰ ਕਰਨ ਵਾਸਤੇ ਸੀ। . . . ਤੁਹਾਡੀ ਲੜਾਈ ਭਰਾਵਾਂ ਨੂੰ ਜੇਲ੍ਹ ਵਿੱਚੋਂ ਰਿਹਾ ਕਰਾਉਣਾ ਨਹੀਂ ਸੀ। ਇਹ ਸਾਡੇ ਕੰਮ ਦਾ ਅਸਲੀ ਮਕਸਦ ਨਹੀਂ ਸੀ। . . . ਤੁਹਾਡੀ ਲੜਾਈ ਦਾ ਮਕਸਦ ਸੱਚਾਈ ਦੇ ਪੱਖ ਵਿਚ ਗਵਾਹੀ ਦੇਣਾ ਹੈ ਅਤੇ ਜਿਨ੍ਹਾਂ ਨੇ ਇੱਦਾਂ ਕੀਤਾ, ਉਨ੍ਹਾਂ ਨੂੰ ਸ਼ਾਨਦਾਰ ਬਰਕਤ ਮਿਲੀ।”

ਸਾਡੇ ਭਰਾਵਾਂ ਦੇ ਮੁਕੱਦਮੇ ਸਮੇਂ ਜੋ ਹੋਇਆ, ਉਸ ਤੋਂ ਪਤਾ ਲੱਗਾ ਕਿ ਯਹੋਵਾਹ ਸਾਰੇ ਕੰਮ ਵਿਚ ਅਗਵਾਈ ਕਰ ਰਿਹਾ ਸੀ। 14 ਮਈ 1919 ਨੂੰ ਕੋਰਟ ਨੇ ਫ਼ੈਸਲਾ ਖਾਰਜ ਕਰਦਿਆਂ ਕਿਹਾ: ‘ਇਸ ਕੇਸ ਦੇ ਦੋਸ਼ੀਆਂ ’ਤੇ ਨਿਰਪੱਖਤਾ ਨਾਲ ਮੁਕੱਦਮਾ ਨਹੀਂ ਚਲਾਇਆ ਗਿਆ ਜੋ ਉਨ੍ਹਾਂ ਦਾ ਹੱਕ ਸੀ। ਇਸ ਕਰਕੇ ਕੋਰਟ ਨੇ ਬਿਲਕੁਲ ਉਲਟ ਫ਼ੈਸਲਾ ਸੁਣਾਇਆ।’ ਇਹ ਵਧੀਆ ਫ਼ੈਸਲਾ ਸੀ। ਕਿਉਂ? ਕਿਉਂਕਿ ਭਰਾਵਾਂ ’ਤੇ ਅਪਰਾਧ ਦੇ ਗੰਭੀਰ ਦੋਸ਼ ਲਾਏ ਗਏ ਸਨ। ਜੇ ਉਨ੍ਹਾਂ ਨੂੰ ਸਿਰਫ਼ ਮਾਫ਼ ਕੀਤਾ ਜਾਂਦਾ ਜਾਂ ਉਨ੍ਹਾਂ ਦੀ ਸਜ਼ਾ ਨੂੰ ਸਿਰਫ਼ ਘਟਾਇਆ ਜਾਂਦਾ, ਤਾਂ ਉਨ੍ਹਾਂ ਦਾ ਰਿਕਾਰਡ ਅਪਰਾਧੀਆਂ ਵਜੋਂ ਰਹਿਣਾ ਸੀ। ਪਰ ਕੋਰਟ ਦੇ ਬਿਲਕੁਲ ਉਲਟ ਫ਼ੈਸਲਾ ਸੁਣਾਉਣ ਅਤੇ ਉਨ੍ਹਾਂ ’ਤੇ ਹੋਰ ਕੋਈ ਦੋਸ਼ ਨਾ ਲਾਉਣ ਕਰਕੇ ਉਨ੍ਹਾਂ ਦੇ ਲਾਏ ਅਪਰਾਧਕ ਦੋਸ਼ ਖ਼ਤਮ ਹੋ ਗਏ। ਨਤੀਜੇ ਵਜੋਂ, ਜੱਜ ਰਦਰਫ਼ਰਡ ਦੀ ਕਾਨੂੰਨੀ ਪੜ੍ਹਾਈ ਖਾਰਜ ਨਹੀਂ ਕੀਤੀ ਗਈ ਤੇ ਉਹ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਯਹੋਵਾਹ ਦੇ ਲੋਕਾਂ ਲਈ ਕਾਨੂੰਨੀ ਲੜਾਈ ਲੜਦਾ ਰਿਹਾ। ਉਸ ਨੇ ਰਿਹਾ ਹੋਣ ਤੋਂ ਬਾਅਦ ਕਈ ਵਾਰ ਕਾਨੂੰਨੀ ਲੜਾਈਆਂ ਲੜੀਆਂ।

ਪ੍ਰਚਾਰ ਕਰਨ ਦਾ ਇਰਾਦਾ

ਭਰਾ ਮੈਕਮਿਲਨ ਨੇ ਕਿਹਾ: “ਅਸੀਂ ਹੱਥ ਤੇ ਹੱਥ ਧਰ ਕੇ ਇਸ ਗੱਲ ਦਾ ਇੰਤਜ਼ਾਰ ਨਹੀਂ ਕਰਾਂਗੇ ਕਿ ਪ੍ਰਭੂ ਸਾਨੂੰ ਸਵਰਗ ਲੈ ਜਾਵੇ। ਸਾਨੂੰ ਅਹਿਸਾਸ ਸੀ ਕਿ ਪ੍ਰਭੂ ਦੀ ਇੱਛਾ ਜਾਣਨ ਲਈ ਸਾਨੂੰ ਕੁਝ ਕਰਨ ਦੀ ਲੋੜ ਸੀ।”

ਪਰ ਹੈੱਡਕੁਆਰਟਰ ਵਿਚ ਭਰਾ ਆਪਣਾ ਕੰਮ ਦੁਬਾਰਾ ਸ਼ੁਰੂ ਨਹੀਂ ਕਰ ਸਕੇ ਜੋ ਉਹ ਸਾਲਾਂ ਤੋਂ ਕਰ ਰਹੇ ਸਨ। ਕਿਉਂ? ਕਿਉਂਕਿ ਜਦੋਂ ਭਰਾ ਕੈਦ ਵਿਚ ਸਨ, ਤਾਂ ਸਾਰੀਆਂ ਪ੍ਰਿੰਟਿੰਗ ਪਲੇਟਾਂ ਦਾ ਨਾਸ਼ ਕਰ ਦਿੱਤਾ ਗਿਆ ਸੀ ਜੋ ਪ੍ਰਕਾਸ਼ਨ ਛਾਪਣ ਲਈ ਵਰਤੀਆਂ ਜਾਂਦੀਆਂ ਸਨ। ਇਹ ਬਹੁਤ ਨਿਰਾਸ਼ ਕਰਨ ਵਾਲੀ ਗੱਲ ਸੀ ਅਤੇ ਕੁਝ ਭਰਾ ਸੋਚਦੇ ਸਨ ਕਿ ਪ੍ਰਚਾਰ ਦਾ ਕੰਮ ਖ਼ਤਮ ਹੋ ਗਿਆ ਸੀ।

ਕੀ ਬਾਈਬਲ ਸਟੂਡੈਂਟਸ ਦੁਆਰਾ ਸੁਣਾਏ ਜਾਂਦੇ ਰਾਜ ਦੇ ਸੰਦੇਸ਼ ਵਿਚ ਅਜੇ ਵੀ ਕੋਈ ਦਿਲਚਸਪੀ ਰੱਖਣ ਵਾਲਾ ਸੀ? ਇਸ ਸਵਾਲ ਦਾ ਜਵਾਬ ਲੈਣ ਲਈ ਭਰਾ ਰਦਰਫ਼ਰਡ ਨੇ ਇਕ ਭਾਸ਼ਣ ਦੇਣ ਦਾ ਫ਼ੈਸਲਾ ਕੀਤਾ। ਲੋਕਾਂ ਨੂੰ ਸੱਦਾ ਦਿੱਤਾ ਗਿਆ। ਭਰਾ ਮੈਕਮਿਲਨ ਨੇ ਕਿਹਾ: “ਜੇ ਕੋਈ ਇਸ ਸਭਾ ’ਤੇ ਨਾ ਆਇਆ, ਤਾਂ ਮਤਲਬ ਪ੍ਰਚਾਰ ਦਾ ਕੰਮ ਖ਼ਤਮ ਹੋ ਗਿਆ।”

1919 ਵਿਚ ਕੈਲੇਫ਼ੋਰਨੀਆ ਦੇ ਲਾਸ ਏਂਜਲੀਜ਼ ਵਿਚ ਭਰਾ ਰਦਰਫ਼ਰਡ ਦੇ ਹੋਣ ਵਾਲੇ ਭਾਸ਼ਣ “ਦੁਖੀ ਮਨੁੱਖਜਾਤੀ ਲਈ ਉਮੀਦ” ਦੀ ਅਖ਼ਬਾਰ ਵਿਚ ਮਸ਼ਹੂਰੀ

ਸੋ ਐਤਵਾਰ 4 ਮਈ 1919 ਨੂੰ ਬਹੁਤ ਜ਼ਿਆਦਾ ਬੀਮਾਰ ਹੋਣ ਦੇ ਬਾਵਜੂਦ ਵੀ ਭਰਾ ਰਦਰਫ਼ਰਡ ਨੇ ਕੈਲੇਫ਼ੋਰਨੀਆ ਦੇ ਲਾਸ ਏਂਜਲੀਜ਼ ਸ਼ਹਿਰ ਵਿਚ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਦੁਖੀ ਮਨੁੱਖਜਾਤੀ ਲਈ ਉਮੀਦ।” ਲਗਭਗ 3,500 ਜਣੇ ਭਾਸ਼ਣ ਸੁਣਨ ਆਏ ਅਤੇ ਸੀਟਾਂ ਘੱਟ ਹੋਣ ਕਰਕੇ ਸੈਂਕੜੇ ਲੋਕਾਂ ਨੂੰ ਵਾਪਸ ਮੁੜਨਾ ਪਿਆ। ਅਗਲੇ ਦਿਨ 1,500 ਜਣੇ ਆਏ। ਭਰਾਵਾਂ ਨੂੰ ਜਵਾਬ ਮਿਲ ਗਿਆ ਸੀ। ਲੋਕ ਸੰਦੇਸ਼ ਸੁਣਨਾ ਚਾਹੁੰਦੇ ਸਨ।

ਭਰਾਵਾਂ ਨੇ ਉਸ ਸਮੇਂ ਜੋ ਕੀਤਾ, ਉਸ ਕਰਕੇ ਅੱਜ ਤਕ ਯਹੋਵਾਹ ਦੇ ਗਵਾਹ ਪ੍ਰਚਾਰ ਕਰ ਰਹੇ ਹਨ।

ਭਵਿੱਖ ਵਿਚ ਵਾਧੇ ਲਈ ਤਿਆਰੀ

1 ਅਗਸਤ 1919 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਕਿ ਸਤੰਬਰ ਦੇ ਸ਼ੁਰੂ ਵਿਚ ਸੀਡਰ ਪਾਇੰਟ, ਓਹੀਓ ਵਿਚ ਵੱਡਾ ਸੰਮੇਲਨ ਕੀਤਾ ਜਾਵੇਗਾ। ਮਿਸੂਰੀ ਤੋਂ ਨੌਜਵਾਨ ਬਾਈਬਲ ਸਟੂਡੈਂਟਸ ਕਲੇਰੰਸ ਬੀ. ਬੈਟੀ ਨੇ ਕਿਹਾ: “ਸਾਰਿਆਂ ਨੂੰ ਲੱਗਾ ਕਿ ਉਨ੍ਹਾਂ ਨੂੰ ਉੱਥੇ ਜਾਣਾ ਚਾਹੀਦਾ।” 6,000 ਤੋਂ ਜ਼ਿਆਦਾ ਭੈਣ-ਭਰਾ ਇਸ ਸੰਮੇਲਨ ’ਤੇ ਆਏ। ਸੋਚਿਆ ਨਹੀਂ ਸੀ ਕਿ ਇੰਨੇ ਜਣੇ ਆਉਣਗੇ। ਇਸ ਮੌਕੇ ’ਤੇ ਇਕ ਹੋਰ ਵਧੀਆ ਗੱਲ ਹੋਈ। ਏਅਰੀ ਝੀਲ ਵਿਚ 200 ਤੋਂ ਜ਼ਿਆਦਾ ਲੋਕਾਂ ਨੇ ਬਪਤਿਸਮਾ ਲਿਆ।

1 ਅਕਤੂਬਰ 1919 ਦ ਗੋਲਡਨ ਏਜ ਦਾ ਪਹਿਲਾ ਅੰਕ

5 ਸਤੰਬਰ 1919 ਵਿਚ ਇਸ ਸੰਮੇਲਨ ਦੇ ਪੰਜਵੇਂ ਦਿਨ ਭਰਾ ਰਦਰਫ਼ਰਡ ਨੇ ਆਪਣੇ ਭਾਸ਼ਣ “ਸਹਿਕਰਮੀਆਂ ਲਈ ਸੰਦੇਸ਼” ਵਿਚ ਇਕ ਨਵੇਂ ਰਸਾਲੇ ਦੀ ਘੋਸ਼ਣਾ ਕੀਤੀ ਜਿਸ ਦਾ ਨਾਂ ਸੀ, ਦ ਗੋਲਡਨ ਏਜ। * ਇਸ ਰਸਾਲੇ ਵਿਚ “ਅਹਿਮ ਤਾਜ਼ਾ ਖ਼ਬਰਾਂ ਦਿੱਤੀਆਂ ਜਾਣੀਆਂ ਸਨ ਅਤੇ ਬਾਈਬਲ ਤੋਂ ਸਮਝਾਇਆ ਜਾਣਾ ਸੀ ਕਿ ਇਹ ਅਹਿਮ ਘਟਨਾਵਾਂ ਕਿਉਂ ਹੋ ਰਹੀਆਂ [ਸਨ]।”

ਸਾਰੇ ਬਾਈਬਲ ਸਟੂਡੈਂਟਸ ਨੂੰ ਇਸ ਨਵੇਂ ਪ੍ਰਕਾਸ਼ਨ ਦੀ ਵਰਤੋਂ ਕਰ ਕੇ ਦਲੇਰੀ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ। ਇਕ ਚਿੱਠੀ ਵਿਚ ਦੱਸਿਆ ਗਿਆ ਕਿ ਕਿਵੇਂ ਪ੍ਰਚਾਰ ਦੇ ਕੰਮ ਨੂੰ ਸੰਗਠਿਤ ਕੀਤਾ ਗਿਆ: “ਹਰ ਪਵਿੱਤਰ [ਬਪਤਿਸਮਾ-ਪ੍ਰਾਪਤ] ਸੇਵਕ ਯਾਦ ਰੱਖੇ ਕਿ ਉਸ ਨੂੰ ਸੇਵਾ ਕਰਨ ਦਾ ਵੱਡਾ ਸਨਮਾਨ ਮਿਲਿਆ ਹੈ। ਹੁਣ ਹੀ ਇਸ ਮੌਕੇ ਦਾ ਫ਼ਾਇਦਾ ਉਠਾਓ ਅਤੇ ਪੂਰੀ ਵਾਹ ਲਾ ਕੇ ਇਸ ਗਵਾਹੀ ਦੇਣ ਦੇ ਕੰਮ ਵਿਚ ਹਿੱਸਾ ਲਓ।” ਸੇਵਕਾਂ ਨੇ ਇਸ ਪ੍ਰਤੀ ਵਧੀਆ ਹੁੰਗਾਰਾ ਭਰਿਆ! ਦਸੰਬਰ ਤਕ ਜੋਸ਼ੀਲੇ ਪ੍ਰਚਾਰਕਾਂ ਦੀ ਮਿਹਨਤ ਸਦਕਾ 50,000 ਤੋਂ ਜ਼ਿਆਦਾ ਲੋਕਾਂ ਨੇ ਇਹ ਰਸਾਲਾ ਮੰਗਵਾਉਣਾ ਸ਼ੁਰੂ ਕਰ ਦਿੱਤਾ ਸੀ।

ਬਰੁਕਲਿਨ, ਨਿਊਯਾਰਕ ਵਿਚ ਭਰਾ ਦ ਗੋਲਡਨ ਏਜ ਰਸਾਲਿਆਂ ਨਾਲ ਲੱਦੇ ਟਰੱਕ ਨਾਲ ਖੜ੍ਹੇ ਹੋਏ

1919 ਦੇ ਅਖ਼ੀਰ ਤਕ ਯਹੋਵਾਹ ਦੇ ਲੋਕਾਂ ਨੂੰ ਦੁਬਾਰਾ ਸੰਗਠਿਤ ਕੀਤਾ ਗਿਆ ਅਤੇ ਉਨ੍ਹਾਂ ਵਿਚ ਜੋਸ਼ ਭਰਿਆ ਗਿਆ। ਨਾਲੇ ਅੰਤ ਦੇ ਦਿਨਾਂ ਸੰਬੰਧੀ ਬਹੁਤ ਸਾਰੀਆਂ ਅਹਿਮ ਭਵਿੱਖਬਾਣੀਆਂ ਪੂਰੀਆਂ ਹੋਈਆਂ। ਮਲਾਕੀ 3:1-4 ਵਿਚ ਪਰਮੇਸ਼ੁਰ ਦੇ ਲੋਕਾਂ ਦੀ ਪਰੀਖਿਆ ਤੇ ਸ਼ੁੱਧ ਕੀਤੇ ਜਾਣੇ ਬਾਰੇ ਜੋ ਦੱਸਿਆ ਗਿਆ ਸੀ, ਉਹ ਕੰਮ ਪੂਰਾ ਹੋ ਚੁੱਕਾ ਸੀ। ਯਹੋਵਾਹ ਦੇ ਲੋਕਾਂ ਨੂੰ “ਮਹਾਂ ਬਾਬਲ” ਤੋਂ ਆਜ਼ਾਦ ਕਰਾ ਲਿਆ ਗਿਆ ਸੀ ਅਤੇ ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕਰ ਦਿੱਤਾ ਸੀ। * (ਪ੍ਰਕਾ. 18:2, 4; ਮੱਤੀ 24:45) ਹੁਣ ਬਾਈਬਲ ਸਟੂਡੈਂਟਸ ਉਹ ਕੰਮ ਕਰਨ ਲਈ ਤਿਆਰ ਸਨ ਜੋ ਯਹੋਵਾਹ ਨੇ ਉਨ੍ਹਾਂ ਲਈ ਰੱਖਿਆ ਸੀ।

^ ਪੈਰਾ 22 1937 ਵਿਚ ਦ ਗੋਲਡਨ ਏਜ ਦਾ ਨਾਂ ਬਦਲ ਕੇ ਕੌਨਸੋਲੇਸ਼ਨ ਰੱਖਿਆ ਗਿਆ ਅਤੇ 1946 ਵਿਚ ਇਸ ਦਾ ਨਾਂ ਅਵੇਕ! (ਜਾਗਰੂਕ ਬਣੋ!) ਰੱਖਿਆ ਗਿਆ।