Skip to content

Skip to table of contents

ਅਧਿਐਨ ਲੇਖ 44

ਕੀ ਉਹ ਵੱਡੇ ਹੋ ਕੇ ਵੀ ਪਰਮੇਸ਼ੁਰ ਦੀ ਸੇਵਾ ਕਰਨਗੇ?

ਕੀ ਉਹ ਵੱਡੇ ਹੋ ਕੇ ਵੀ ਪਰਮੇਸ਼ੁਰ ਦੀ ਸੇਵਾ ਕਰਨਗੇ?

“ਯਿਸੂ ਵੱਡਾ ਹੁੰਦਾ ਗਿਆ ਅਤੇ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਦੀ ਮਿਹਰ ਹਮੇਸ਼ਾ ਉਸ ਉੱਤੇ ਰਹੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।”—ਲੂਕਾ 2:52.

ਗੀਤ 41 ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰੋ

ਖ਼ਾਸ ਗੱਲਾਂ *

1. ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਕਿਹੜਾ ਹੈ?

ਮਾਪਿਆਂ ਦੇ ਫ਼ੈਸਲਿਆਂ ਦਾ ਅਸਰ ਅਕਸਰ ਉਨ੍ਹਾਂ ਦੇ ਬੱਚਿਆਂ ’ਤੇ ਲੰਬੇ ਸਮੇਂ ਤਕ ਰਹਿੰਦਾ ਹੈ। ਮਾਪਿਆਂ ਦੇ ਗ਼ਲਤ ਫ਼ੈਸਲਿਆਂ ਕਰਕੇ ਉਨ੍ਹਾਂ ਦੇ ਬੱਚਿਆਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਪਰ ਮਾਪਿਆਂ ਦੇ ਵਧੀਆ ਫ਼ੈਸਲਿਆਂ ਕਰਕੇ ਬੱਚਿਆ ਦੀ ਖ਼ੁਸ਼ਹਾਲ ਜ਼ਿੰਦਗੀ ਜੀਣ ਵਿਚ ਮਦਦ ਹੋ ਸਕਦੀ ਹੈ। ਬਿਨਾਂ ਸ਼ੱਕ, ਬੱਚਿਆਂ ਨੂੰ ਵੀ ਸਹੀ ਫ਼ੈਸਲੇ ਕਰਨੇ ਚਾਹੀਦੇ ਹਨ। ਆਪਣੇ ਪਿਆਰੇ ਸਵਰਗੀ ਪਿਤਾ ਯਹੋਵਾਹ ਦੀ ਸੇਵਾ ਕਰਨੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਹੈ।—ਜ਼ਬੂ. 73:28.

2. ਯਿਸੂ ਅਤੇ ਉਸ ਦੇ ਮਾਪਿਆਂ ਨੇ ਕਿਹੜੇ ਚੰਗੇ ਫ਼ੈਸਲੇ ਕੀਤੇ?

2 ਯਿਸੂ ਦੇ ਮਾਪਿਆਂ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ ਆਪਣੇ ਬੱਚਿਆਂ ਦੀ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰਨਗੇ। ਉਨ੍ਹਾਂ ਦੇ ਫ਼ੈਸਲਿਆਂ ਤੋਂ ਜ਼ਾਹਰ ਹੋਇਆ ਕਿ ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਟੀਚਾ ਸੀ। (ਲੂਕਾ 2:40, 41, 52) ਯਿਸੂ ਨੇ ਵੀ ਵਧੀਆ ਫ਼ੈਸਲੇ ਕੀਤੇ ਜਿਨ੍ਹਾਂ ਦੀ ਮਦਦ ਨਾਲ ਉਹ ਯਹੋਵਾਹ ਦੇ ਮਕਸਦ ਵਿਚ ਆਪਣੀ ਭੂਮਿਕਾ ਨਿਭਾ ਸਕਿਆ। (ਮੱਤੀ 4:1-10) ਯਿਸੂ ਵੱਡਾ ਹੋ ਕੇ ਦਿਆਲੂ, ਵਫ਼ਾਦਾਰ ਅਤੇ ਦਲੇਰ ਆਦਮੀ ਬਣਿਆ। ਉਹ ਅਜਿਹਾ ਪੁੱਤਰ ਸੀ ਜਿਸ ’ਤੇ ਉਨ੍ਹਾਂ ਸਾਰੇ ਮਾਪਿਆਂ ਨੂੰ ਮਾਣ ਹੋਣਾ ਸੀ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ।

3. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

3 ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ: ਯਹੋਵਾਹ ਨੇ ਯਿਸੂ ਲਈ ਕਿਹੜੇ ਚੰਗੇ ਫ਼ੈਸਲੇ ਕੀਤੇ? ਮਸੀਹੀ ਮਾਪੇ ਯਿਸੂ ਦੇ ਮਾਪਿਆਂ ਦੇ ਫ਼ੈਸਲਿਆਂ ਤੋਂ ਕੀ ਸਿੱਖ ਸਕਦੇ ਹਨ? ਮਸੀਹੀ ਨੌਜਵਾਨ ਯਿਸੂ ਦੇ ਕੀਤੇ ਫ਼ੈਸਲਿਆਂ ਤੋਂ ਕੀ ਸਿੱਖ ਸਕਦੇ ਹਨ?

ਯਹੋਵਾਹ ਤੋਂ ਸਿੱਖੋ

4. ਯਹੋਵਾਹ ਨੇ ਆਪਣੇ ਪੁੱਤਰ ਲਈ ਕਿਹੜਾ ਅਹਿਮ ਫ਼ੈਸਲਾ ਕੀਤਾ?

4 ਯਹੋਵਾਹ ਨੇ ਯਿਸੂ ਲਈ ਬਹੁਤ ਵਧੀਆ ਮਾਪੇ ਚੁਣੇ। (ਮੱਤੀ 1:18-23; ਲੂਕਾ 1:26-38) ਬਾਈਬਲ ਵਿਚ ਦਰਜ ਮਰੀਅਮ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਅਤੇ ਉਸ ਦੇ ਬਚਨ ਨੂੰ ਕਿੰਨਾ ਪਿਆਰ ਕਰਦੀ ਸੀ। (ਲੂਕਾ 1:46-55) ਨਾਲੇ ਯਹੋਵਾਹ ਦੀਆਂ ਹਿਦਾਇਤਾਂ ਸੁਣ ਕੇ ਯੂਸੁਫ਼ ਨੇ ਜੋ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਤੋਂ ਡਰਦਾ ਸੀ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ।—ਮੱਤੀ 1:24.

5-6. ਯਹੋਵਾਹ ਨੇ ਆਪਣੇ ਪੁੱਤਰ ’ਤੇ ਕਿਹੜੀਆਂ ਚੁਣੌਤੀਆਂ ਆਉਣ ਦਿੱਤੀਆਂ?

5 ਗੌਰ ਕਰੋ ਕਿ ਯਹੋਵਾਹ ਨੇ ਯਿਸੂ ਲਈ ਅਮੀਰ ਮਾਪੇ ਨਹੀਂ ਚੁਣੇ। ਯਿਸੂ ਦੇ ਜਨਮ ਤੋਂ ਬਾਅਦ ਯੂਸੁਫ਼ ਅਤੇ ਮਰੀਅਮ ਨੇ ਜੋ ਬਲ਼ੀ ਚੜ੍ਹਾਈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਗ਼ਰੀਬ ਸਨ। (ਲੂਕਾ 2:24) ਯੂਸੁਫ਼ ਨਾਸਰਤ ਵਿਚ ਆਪਣੇ ਘਰ ਦੇ ਨਾਲ ਸ਼ਾਇਦ ਆਪਣੀ ਛੋਟੀ ਜਿਹੀ ਦੁਕਾਨ ਵਿਚ ਤਰਖਾਣ ਦਾ ਕੰਮ ਕਰਦਾ ਸੀ। ਉਨ੍ਹਾਂ ਦੀ ਜ਼ਿੰਦਗੀ ਬਹੁਤ ਸਾਦੀ ਸੀ, ਖ਼ਾਸਕਰ ਜਦ ਉਨ੍ਹਾਂ ਦਾ ਪਰਿਵਾਰ ਵਧਿਆ ਜਿਸ ਵਿਚ ਘੱਟੋ-ਘੱਟ ਸੱਤ ਬੱਚੇ ਸਨ।—ਮੱਤੀ 13:55, 56.

6 ਯਹੋਵਾਹ ਨੇ ਯਿਸੂ ਨੂੰ ਕੁਝ ਖ਼ਤਰਿਆਂ ਤੋਂ ਬਚਾਇਆ, ਪਰ ਉਸ ਨੇ ਹਰ ਚੁਣੌਤੀ ਤੋਂ ਆਪਣੇ ਪੁੱਤਰ ਨੂੰ ਨਹੀਂ ਬਚਾਇਆ। (ਮੱਤੀ 2:13-15) ਮਿਸਾਲ ਲਈ, ਉਸ ਦਾ ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨਾਲ ਵਾਹ ਪਿਆ। ਜ਼ਰਾ ਸੋਚੋ ਕਿ ਯਿਸੂ ਉਦੋਂ ਕਿੰਨਾ ਨਿਰਾਸ਼ ਹੋਇਆ ਹੋਣਾ ਜਦੋਂ ਪਹਿਲਾਂ-ਪਹਿਲ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਮਸੀਹ ਵਜੋਂ ਕਬੂਲ ਨਹੀਂ ਕੀਤਾ। (ਮਰ. 3:21; ਯੂਹੰ. 7:5) ਨਾਲੇ ਯਿਸੂ ਨੂੰ ਆਪਣੇ ਪਿਤਾ ਯੂਸੁਫ਼ ਦੀ ਮੌਤ ਦਾ ਗਮ ਸਹਿਣਾ ਪਿਆ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਜੇਠਾ ਪੁੱਤਰ ਹੋਣ ਦੇ ਨਾਤੇ ਯਿਸੂ ਨੂੰ ਤਰਖਾਣ ਦਾ ਕੰਮ ਕਰਨਾ ਪਿਆ। (ਮਰ. 6:3) ਵੱਡੇ ਹੁੰਦਿਆਂ ਉਸ ਨੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਸਿੱਖੀ ਹੋਣੀ। ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ ਹੋਣੀ। ਇਸ ਲਈ ਉਹ ਜਾਣਦਾ ਸੀ ਕਿ ਦਿਨ ਭਰ ਕੰਮ ਕਰਨ ਤੋਂ ਬਾਅਦ ਥੱਕ ਕੇ ਚੂਰ ਹੋਣਾ ਕੀ ਹੁੰਦਾ ਹੈ।

ਮਾਪਿਓ, ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੇਧ ਲੈਣੀ ਸਿਖਾ ਕੇ ਉਨ੍ਹਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰੋ (ਪੈਰਾ 7 ਦੇਖੋ) *

7. (ੳ) ਕਿਹੜੇ ਸਵਾਲ ਵਿਆਹੇ ਜੋੜਿਆਂ ਦੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਮਦਦ ਕਰਨਗੇ? (ਅ) ਮਾਪੇ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਕਹਾਉਤਾਂ 2:1-6 ਤੋਂ ਕੀ ਸਿੱਖ ਸਕਦੇ ਹਨ?

7 ਜੇ ਤੁਹਾਡਾ ਵਿਆਹ ਹੋਇਆ ਹੈ ਅਤੇ ਤੁਸੀਂ ਬੱਚੇ ਚਾਹੁੰਦੇ ਹੋ, ਤਾਂ ਖ਼ੁਦ ਨੂੰ ਪੁੱਛੋ: ‘ਕੀ ਅਸੀਂ ਨਿਮਰ ਲੋਕਾਂ ਵਜੋਂ ਯਹੋਵਾਹ ਤੇ ਉਸ ਦੇ ਬਚਨ ਨੂੰ ਪਿਆਰ ਕਰਦੇ ਹਾਂ ਜਿਸ ਕਰਕੇ ਉਹ ਸਾਨੂੰ ਇਕ ਨੰਨ੍ਹੀ ਜਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦੇਵੇਗਾ?’ (ਜ਼ਬੂ. 127:3, 4) ਜੇ ਤੁਸੀਂ ਮਾਪੇ ਹੋ, ਤਾਂ ਖ਼ੁਦ ਨੂੰ ਪੁੱਛੋ: ‘ਕੀ ਮੈਂ ਆਪਣੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਦੀ ਅਹਿਮੀਅਤ ਸਿਖਾ ਰਿਹਾ ਹਾਂ?’ (ਉਪ. 3:12, 13) ‘ਕੀ ਸ਼ੈਤਾਨ ਦੀ ਇਸ ਦੁਨੀਆਂ ਵਿਚ ਮੈਂ ਆਪਣੇ ਬੱਚਿਆਂ ਦੀ ਸਰੀਰਕ ਅਤੇ ਅਨੈਤਿਕ ਖ਼ਤਰਿਆਂ ਤੋਂ ਰਾਖੀ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ?’ (ਕਹਾ. 22:3) ਤੁਸੀਂ ਆਪਣੇ ਬੱਚਿਆਂ ਨੂੰ ਹਰ ਖ਼ਤਰੇ ਤੋਂ ਨਹੀਂ ਬਚਾ ਸਕਦੇ। ਪਰ ਤੁਸੀਂ ਉਨ੍ਹਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਪਿਆਰ ਨਾਲ ਪਰਮੇਸ਼ੁਰ ਦੇ ਬਚਨ ਤੋਂ ਸੇਧ ਲੈਣੀ ਸਿਖਾ ਸਕਦੇ ਹੋ। (ਕਹਾਉਤਾਂ 2:1-6 ਪੜ੍ਹੋ।) ਮਿਸਾਲ ਲਈ, ਜੇ ਤੁਹਾਡਾ ਕੋਈ ਰਿਸ਼ਤੇਦਾਰ ਸੱਚਾਈ ਛੱਡ ਦਿੰਦਾ ਹੈ, ਤਾਂ ਆਪਣੇ ਬੱਚਿਆਂ ਦੀ ਪਰਮੇਸ਼ੁਰ ਦੇ ਬਚਨ ਤੋਂ ਇਹ ਸਿੱਖਣ ਵਿਚ ਮਦਦ ਕਰੋ ਕਿ ਯਹੋਵਾਹ ਦੇ ਵਫ਼ਾਦਾਰ ਰਹਿਣਾ ਕਿਉਂ ਜ਼ਰੂਰੀ ਹੈ। (ਜ਼ਬੂ. 31:23) ਜਾਂ ਜੇ ਤੁਹਾਡੇ ਕਿਸੇ ਪਿਆਰੇ ਦੀ ਮੌਤ ਹੋ ਜਾਂਦੀ ਹੈ, ਤਾਂ ਬੱਚਿਆਂ ਨੂੰ ਸਿਖਾਓ ਕਿ ਉਹ ਪਰਮੇਸ਼ੁਰ ਦਾ ਬਚਨ ਵਰਤ ਕੇ ਇਸ ਗਮ ਨੂੰ ਕਿੱਦਾਂ ਸਹਿ ਸਕਦੇ ਹਨ ਅਤੇ ਸ਼ਾਂਤੀ ਕਿਵੇਂ ਪਾ ਸਕਦੇ ਹਨ।—2 ਕੁਰਿੰ. 1:3, 4; 2 ਤਿਮੋ. 3:16.

ਯੂਸੁਫ਼ ਅਤੇ ਮਰੀਅਮ ਤੋਂ ਸਿੱਖੋ

8. ਬਿਵਸਥਾ ਸਾਰ 6:6, 7 ਅਨੁਸਾਰ ਯੂਸੁਫ਼ ਅਤੇ ਮਰੀਅਮ ਨੇ ਕਿਹੜੀ ਹਿਦਾਇਤ ਮੰਨੀ?

8 ਯਿਸੂ ਦੇ ਮਾਪਿਆਂ ਨੇ ਉਸ ਦੀ ਪਰਵਰਿਸ਼ ਇਸ ਤਰ੍ਹਾਂ ਕੀਤੀ ਤਾਂਕਿ ਵੱਡਾ ਹੋਣ ਤੇ ਵੀ ਪਰਮੇਸ਼ੁਰ ਦੀ ਮਿਹਰ ਉਸ ’ਤੇ ਰਹੇ। ਉਨ੍ਹਾਂ ਨੇ ਯਹੋਵਾਹ ਦੀਆਂ ਹਿਦਾਇਤਾਂ ਮੰਨੀਆਂ। (ਬਿਵਸਥਾ ਸਾਰ 6:6, 7 ਪੜ੍ਹੋ।) ਯੂਸੁਫ਼ ਅਤੇ ਮਰੀਅਮ ਦਿਲੋਂ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਵਿਚ ਵੀ ਇਹੀ ਪਿਆਰ ਪੈਦਾ ਕਰਨ ਲਈ ਸਖ਼ਤ ਮਿਹਨਤ ਕੀਤੀ।

9. ਯੂਸੁਫ਼ ਅਤੇ ਮਰੀਅਮ ਨੇ ਕਿਹੜੇ ਜ਼ਰੂਰੀ ਫ਼ੈਸਲੇ ਕੀਤੇ?

9 ਯੂਸੁਫ਼ ਅਤੇ ਮਰੀਅਮ ਨੇ ਆਪਣੇ ਪਰਿਵਾਰ ਨਾਲ ਬਾਕਾਇਦਾ ਯਹੋਵਾਹ ਦੀ ਭਗਤੀ ਕਰਦੇ ਰਹਿਣ ਦਾ ਫ਼ੈਸਲਾ ਕੀਤਾ। ਬਿਨਾਂ ਸ਼ੱਕ, ਉਹ ਹਰ ਹਫ਼ਤੇ ਨਾਸਰਤ ਦੇ ਸਭਾ ਘਰ ਅਤੇ ਹਰ ਸਾਲ ਯਰੂਸ਼ਲਮ ਵਿਚ ਪਸਾਹ ਦਾ ਤਿਉਹਾਰ ਮਨਾਉਣ ਜਾਂਦੇ ਸਨ। (ਲੂਕਾ 2:41; 4:16) ਯਰੂਸ਼ਲਮ ਨੂੰ ਜਾਂਦਿਆਂ ਸ਼ਾਇਦ ਉਹ ਯਿਸੂ ਅਤੇ ਉਸ ਦੇ ਭੈਣਾਂ-ਭਰਾਵਾਂ ਨੂੰ ਪੁਰਾਣੇ ਸਮੇਂ ਦੇ ਯਹੋਵਾਹ ਦੇ ਲੋਕਾਂ ਬਾਰੇ ਦੱਸਦੇ ਹੋਣੇ ਅਤੇ ਹੋ ਸਕਦਾ ਕਿ ਉਹ ਰਾਹ ਵਿਚ ਉਨ੍ਹਾਂ ਥਾਵਾਂ ’ਤੇ ਰੁਕੇ ਹੋਣੇ ਜਿਨ੍ਹਾਂ ਦਾ ਬਾਈਬਲ ਵਿਚ ਜ਼ਿਕਰ ਆਉਂਦਾ ਹੈ। ਜਿੱਦਾਂ-ਜਿੱਦਾਂ ਉਨ੍ਹਾਂ ਦਾ ਪਰਿਵਾਰ ਵਧਦਾ ਗਿਆ, ਉੱਦਾਂ-ਉੱਦਾਂ ਯੂਸੁਫ਼ ਅਤੇ ਮਰੀਅਮ ਲਈ ਪਰਮੇਸ਼ੁਰ ਦੀ ਭਗਤੀ ਕਰਨੀ ਔਖੀ ਹੋ ਗਈ ਹੋਣੀ। ਪਰ ਸੋਚੋ ਕਿ ਉਨ੍ਹਾਂ ਨੂੰ ਇਸ ਦੇ ਕਿੰਨੇ ਫ਼ਾਇਦੇ ਹੋਏ ਹੋਣੇ! ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਕਰਕੇ ਪੂਰਾ ਪਰਿਵਾਰ ਯਹੋਵਾਹ ਦੇ ਨੇੜੇ ਰਹਿ ਸਕਿਆ।

10. ਮਸੀਹੀ ਮਾਪੇ ਯੂਸੁਫ਼ ਅਤੇ ਮਰੀਅਮ ਤੋਂ ਕੀ ਸਿੱਖ ਸਕਦੇ ਹਨ?

10 ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਮਾਪੇ ਯੂਸੁਫ਼ ਅਤੇ ਮਰੀਅਮ ਤੋਂ ਕੀ ਸਿੱਖ ਸਕਦੇ ਹਨ? ਸਭ ਤੋਂ ਜ਼ਰੂਰੀ ਗੱਲ ਹੈ ਕਿ ਬੱਚਿਆਂ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਓ ਕਿ ਤੁਸੀਂ ਯਹੋਵਾਹ ਨੂੰ ਗਹਿਰਾ ਪਿਆਰ ਕਰਦੇ ਹੋ। ਉਨ੍ਹਾਂ ਦੀ ਯਹੋਵਾਹ ਨੂੰ ਪਿਆਰ ਕਰਨ ਵਿਚ ਮਦਦ ਕਰ ਕੇ ਤੁਸੀਂ ਉਨ੍ਹਾਂ ਨੂੰ ਸਭ ਤੋਂ ਅਨਮੋਲ ਤੋਹਫ਼ਾ ਦੇ ਸਕਦੇ ਹੋ। ਨਾਲੇ ਉਨ੍ਹਾਂ ਦੀ ਲਗਾਤਾਰ ਸਭਾਵਾਂ ’ਤੇ ਹਾਜ਼ਰ ਹੋਣ, ਅਧਿਐਨ, ਪ੍ਰਾਰਥਨਾ ਅਤੇ ਪ੍ਰਚਾਰ ਕਰਨ ਵਿਚ ਮਦਦ ਕਰ ਕੇ ਤੁਸੀਂ ਉਨ੍ਹਾਂ ਨੂੰ ਇਕ ਅਹਿਮ ਗੱਲ ਸਿਖਾ ਸਕਦੇ ਹੋ। (1 ਤਿਮੋ. 6:6) ਇਸ ਦੇ ਨਾਲ-ਨਾਲ ਤੁਹਾਨੂੰ ਆਪਣੇ ਬੱਚਿਆਂ ਦੀਆਂ ਭੌਤਿਕ ਲੋੜਾਂ ਵੀ ਪੂਰੀਆਂ ਕਰਨ ਦੀ ਲੋੜ ਹੈ। (1 ਤਿਮੋ. 5:8) ਪਰ ਯਾਦ ਰੱਖੋ ਕਿ ਯਹੋਵਾਹ ਨਾਲ ਉਨ੍ਹਾਂ ਦਾ ਗੂੜ੍ਹਾ ਰਿਸ਼ਤਾ ਹੀ ਉਨ੍ਹਾਂ ਦੀ ਇਸ ਦੁਨੀਆਂ ਦੇ ਅੰਤ ਵਿੱਚੋਂ ਬਚ ਨਿਕਲਣ ਅਤੇ ਨਵੀਂ ਦੁਨੀਆਂ ਵਿਚ ਜਾਣ ਲਈ ਮਦਦ ਕਰੇਗਾ, ਨਾ ਕਿ ਧਨ-ਦੌਲਤ। *ਹਿਜ਼. 7:19; 1 ਤਿਮੋ. 4:8.

ਇਹ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ ਕਿ ਮਸੀਹੀ ਮਾਪੇ ਆਪਣੇ ਪਰਿਵਾਰਾਂ ਲਈ ਚੰਗੇ ਫ਼ੈਸਲੇ ਕਰ ਰਹੇ ਹਨ! (ਪੈਰਾ 11 ਦੇਖੋ) *

11. (ੳ) ਪਹਿਲਾ ਤਿਮੋਥਿਉਸ 6:17-19 ਵਿਚ ਦਿੱਤੀ ਸਲਾਹ ਮਾਪਿਆਂ ਦੀ ਸਹੀ ਫ਼ੈਸਲੇ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ? (ਅ) ਤੁਹਾਡਾ ਪਰਿਵਾਰ ਕਿਹੜੇ ਟੀਚੇ ਰੱਖ ਸਕਦਾ ਹੈ ਅਤੇ ਤੁਹਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ? (“ ਤੁਸੀਂ ਕਿਹੜੇ ਟੀਚੇ ਰੱਖੋਗੇ?” ਨਾਂ ਦੀ ਡੱਬੀ ਦੇਖੋ।)

11 ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਦੀ ਭਗਤੀ ਕਰਦਿਆਂ ਬਹੁਤ ਸਾਰੇ ਮਸੀਹੀ ਮਾਪੇ ਆਪਣੇ ਪਰਿਵਾਰਾਂ ਲਈ ਵਧੀਆ ਫ਼ੈਸਲੇ ਕਰ ਰਹੇ ਹਨ! ਉਹ ਲਗਾਤਾਰ ਮਿਲ ਕੇ ਭਗਤੀ ਕਰ ਰਹੇ ਹਨ। ਉਹ ਸਭਾਵਾਂ ਅਤੇ ਸੰਮੇਲਨਾਂ ਵਿਚ ਹਾਜ਼ਰ ਹੁੰਦੇ ਹਨ। ਨਾਲੇ ਉਹ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਕੁਝ ਪਰਿਵਾਰ ਤਾਂ ਅਜਿਹੀਆਂ ਥਾਵਾਂ ’ਤੇ ਵੀ ਪ੍ਰਚਾਰ ਕਰਨ ਜਾਂਦੇ ਹਨ ਜਿੱਥੇ ਘੱਟ ਪ੍ਰਚਾਰ ਹੁੰਦਾ ਹੈ। ਹੋਰ ਪਰਿਵਾਰ ਬੈਥਲ ਦੇਖਣ ਜਾਂਦੇ ਹਨ ਜਾਂ ਉਸਾਰੀ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਜਿਹੜੇ ਪਰਿਵਾਰ ਇਨ੍ਹਾਂ ਕੰਮਾਂ ਵਿਚ ਹਿੱਸਾ ਲੈਣ ਦਾ ਫ਼ੈਸਲਾ ਕਰਦੇ ਹਨ, ਉਨ੍ਹਾਂ ਨੂੰ ਕੁਰਬਾਨੀਆਂ ਕਰਨ ਦੇ ਨਾਲ-ਨਾਲ ਕੁਝ ਚੁਣੌਤੀਆਂ ਦਾ ਵੀ ਸਾਮ੍ਹਣਾ ਕਰਨਾ ਪੈ ਸਕਦਾ ਹੈ। ਪਰ ਯਹੋਵਾਹ ਖੁੱਲ੍ਹੇ ਦਿਲ ਨਾਲ ਉਨ੍ਹਾਂ ਨੂੰ ਇਨਾਮ ਦਿੰਦਾ ਹੈ। (1 ਤਿਮੋਥਿਉਸ 6:17-19 ਪੜ੍ਹੋ।) ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਹੁੰਦੀ ਹੈ, ਉਹ ਅਕਸਰ ਵੱਡੇ ਹੋ ਕੇ ਵੀ ਇਹ ਕੰਮ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ! *ਕਹਾ. 10:22.

ਯਿਸੂ ਤੋਂ ਸਿੱਖੋ

12. ਯਿਸੂ ਨੂੰ ਵੱਡੇ ਹੁੰਦਿਆਂ ਕੀ ਕਰਨ ਦੀ ਲੋੜ ਸੀ?

12 ਯਿਸੂ ਦਾ ਸਵਰਗੀ ਪਿਤਾ ਹਮੇਸ਼ਾ ਵਧੀਆ ਫ਼ੈਸਲੇ ਕਰਦਾ ਹੈ ਅਤੇ ਉਸ ਦੇ ਮਾਪਿਆਂ ਨੇ ਵੀ ਵਧੀਆ ਫ਼ੈਸਲੇ ਕੀਤੇ। ਪਰ ਵੱਡੇ ਹੁੰਦਿਆਂ ਯਿਸੂ ਨੂੰ ਖ਼ੁਦ ਵੀ ਫ਼ੈਸਲੇ ਕਰਨੇ ਪਏ। (ਗਲਾ. 6:5) ਸਾਡੇ ਵਾਂਗ ਉਸ ਕੋਲ ਵੀ ਆਜ਼ਾਦ ਮਰਜ਼ੀ ਦਾ ਤੋਹਫ਼ਾ ਸੀ। ਉਹ ਆਪਣੀਆਂ ਇੱਛਾਵਾਂ ਨੂੰ ਪਹਿਲ ਦੇ ਸਕਦਾ ਸੀ, ਪਰ ਉਸ ਨੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣ ਦਾ ਫ਼ੈਸਲਾ ਕੀਤਾ। (ਯੂਹੰ. 8:29) ਉਸ ਦੀ ਮਿਸਾਲ ਅੱਜ ਨੌਜਵਾਨਾਂ ਦੀ ਕਿਵੇਂ ਮਦਦ ਕਰ ਸਕਦੀ ਹੈ?

ਨੌਜਵਾਨੋ, ਆਪਣੇ ਮਾਪਿਆਂ ਦਾ ਕਹਿਣਾ ਕਦੇ ਨਾ ਮੋੜੋ (ਪੈਰਾ 13 ਦੇਖੋ) *

13. ਛੋਟੇ ਹੁੰਦਿਆਂ ਯਿਸੂ ਨੇ ਕਿਹੜਾ ਜ਼ਰੂਰੀ ਫ਼ੈਸਲਾ ਕੀਤਾ?

13 ਛੋਟੇ ਹੁੰਦਿਆਂ ਹੀ ਯਿਸੂ ਨੇ ਆਪਣੇ ਮਾਪਿਆਂ ਦੇ ਅਧੀਨ ਰਹਿਣ ਦਾ ਫ਼ੈਸਲਾ ਕੀਤਾ। ਉਸ ਨੇ ਕਦੇ ਵੀ ਇਹ ਸੋਚ ਕੇ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੋੜਿਆ ਕਿ ਉਸ ਨੂੰ ਉਨ੍ਹਾਂ ਨਾਲੋਂ ਜ਼ਿਆਦਾ ਪਤਾ ਹੈ। ਇਸ ਦੀ ਬਜਾਇ, ਉਹ “ਉਨ੍ਹਾਂ ਦੇ ਅਧੀਨ ਰਿਹਾ।” (ਲੂਕਾ 2:51) ਬਿਨਾਂ ਸ਼ੱਕ, ਜੇਠਾ ਪੁੱਤਰ ਹੋਣ ਦੇ ਨਾਤੇ ਯਿਸੂ ਨੇ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ। ਉਸ ਨੇ ਆਪਣੇ ਪਿਤਾ ਤੋਂ ਤਰਖਾਣ ਦਾ ਕੰਮ ਸਿੱਖਣ ਵਿਚ ਜ਼ਰੂਰ ਸਖ਼ਤ ਮਿਹਨਤ ਕੀਤੀ ਹੋਣੀ ਤਾਂਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਵਿਚ ਮਦਦ ਕਰ ਸਕੇ।

14. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਪੂਰੀ ਲਗਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦਾ ਸੀ?

14 ਯਿਸੂ ਦੇ ਮਾਪਿਆਂ ਨੇ ਉਸ ਨੂੰ ਸ਼ਾਇਦ ਦੱਸਿਆ ਹੋਣਾ ਕਿ ਉਸ ਦਾ ਜਨਮ ਚਮਤਕਾਰੀ ਢੰਗ ਨਾਲ ਹੋਇਆ ਸੀ ਅਤੇ ਪਰਮੇਸ਼ੁਰ ਦੇ ਸੇਵਕਾਂ ਨੇ ਉਸ ਬਾਰੇ ਕੀ ਕਿਹਾ ਸੀ। (ਲੂਕਾ 2:8-19, 25-38) ਯਿਸੂ ਨੇ ਸਿਰਫ਼ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੀ ਵਿਸ਼ਵਾਸ ਨਹੀਂ ਕੀਤਾ, ਸਗੋਂ ਉਸ ਨੇ ਖ਼ੁਦ ਇਸ ਬਾਰੇ ਲਿਖਤਾਂ ਵਿੱਚੋਂ ਜਾਂਚ ਕੀਤੀ। ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਪੂਰੀ ਲਗਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦਾ ਸੀ? ਕਿਉਂਕਿ ਜਦੋਂ ਉਹ ਹਾਲੇ ਛੋਟਾ ਹੀ ਸੀ, ਤਾਂ ਯਰੂਸ਼ਲਮ ਵਿਚ ਧਰਮ-ਗੁਰੂ “ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ” ਹੈਰਾਨ ਰਹਿ ਗਏ। (ਲੂਕਾ 2:46, 47) ਨਾਲੇ 12 ਸਾਲਾਂ ਦੀ ਉਮਰ ਵਿਚ ਯਿਸੂ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਹੀ ਉਸ ਦਾ ਪਿਤਾ ਸੀ।—ਲੂਕਾ 2:42, 43, 49.

15. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਫ਼ੈਸਲਾ ਕੀਤਾ ਸੀ?

15 ਜਦੋਂ ਯਿਸੂ ਨੂੰ ਪਰਮੇਸ਼ੁਰ ਦੇ ਮਕਸਦ ਵਿਚ ਆਪਣੀ ਭੂਮਿਕਾ ਬਾਰੇ ਪਤਾ ਲੱਗਾ, ਤਾਂ ਉਸ ਨੇ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ। (ਯੂਹੰ. 6:38) ਉਸ ਨੂੰ ਪਤਾ ਸੀ ਕਿ ਬਹੁਤ ਸਾਰੇ ਲੋਕ ਉਸ ਨਾਲ ਨਫ਼ਰਤ ਕਰਨਗੇ। ਇਸ ਗੱਲ ਨੇ ਉਸ ਨੂੰ ਆਉਣ ਵਾਲੇ ਸਮੇਂ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕੀਤਾ ਹੋਣਾ। ਪਰ ਫਿਰ ਵੀ ਉਸ ਨੇ ਯਹੋਵਾਹ ਦੇ ਅਧੀਨ ਰਹਿਣ ਦਾ ਫ਼ੈਸਲਾ ਕੀਤਾ। ਜਦੋਂ 29 ਈਸਵੀ ਵਿਚ ਉਸ ਨੇ ਬਪਤਿਸਮਾ ਲਿਆ, ਤਾਂ ਉਸ ਨੇ ਆਪਣਾ ਸਾਰਾ ਧਿਆਨ ਯਹੋਵਾਹ ਵੱਲੋਂ ਮਿਲੇ ਕੰਮ ’ਤੇ ਲਾਇਆ। (ਇਬ. 10:5-7) ਜਦੋਂ ਯਿਸੂ ਤਸੀਹੇ ਦੀ ਸੂਲ਼ੀ ’ਤੇ ਆਪਣੀ ਜਾਨ ਦੇ ਰਿਹਾ ਸੀ, ਉਦੋਂ ਵੀ ਉਹ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਤੋਂ ਨਹੀਂ ਡਗਮਗਾਇਆ।—ਯੂਹੰ. 19:30.

16. ਬੱਚੇ ਯਿਸੂ ਤੋਂ ਕਿਹੜਾ ਸਬਕ ਸਿੱਖ ਸਕਦੇ ਹਨ?

16 ਆਪਣੇ ਮਾਪਿਆਂ ਦਾ ਕਹਿਣਾ ਮੰਨੋ। ਯੂਸੁਫ਼ ਅਤੇ ਮਰੀਅਮ ਵਾਂਗ ਤੁਹਾਡੇ ਮਾਪੇ ਵੀ ਨਾਮੁਕੰਮਲ ਹਨ। ਪਰ ਯਹੋਵਾਹ ਨੇ ਤੁਹਾਡੇ ਮਾਪਿਆਂ ਨੂੰ ਤੁਹਾਡੀ ਰਾਖੀ ਕਰਨ ਅਤੇ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਦੀ ਸਲਾਹ ਮੰਨ ਕੇ ਅਤੇ ਉਨ੍ਹਾਂ ਦੇ ਅਧਿਕਾਰ ਦਾ ਆਦਰ ਕਰ ਕੇ ਤੁਹਾਡਾ ਹੀ “ਭਲਾ” ਹੋਵੇਗਾ।—ਅਫ਼. 6:1-4.

17. ਯਹੋਸ਼ੁਆ 24:15 ਮੁਤਾਬਕ ਨੌਜਵਾਨਾਂ ਨੂੰ ਖ਼ੁਦ ਕਿਹੜਾ ਫ਼ੈਸਲਾ ਕਰਨਾ ਪਵੇਗਾ?

17 ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਤੁਹਾਨੂੰ ਖ਼ੁਦ ਨੂੰ ਯਕੀਨ ਦਿਵਾਉਣ ਦੀ ਲੋੜ ਹੈ ਕਿ ਯਹੋਵਾਹ ਕੌਣ ਹੈ, ਉਸ ਦੇ ਮਕਸਦ ਵਿਚ ਕੀ ਕੁਝ ਸ਼ਾਮਲ ਹੈ ਅਤੇ ਉਸ ਦੀ ਇੱਛਾ ਦਾ ਤੁਹਾਡੀ ਜ਼ਿੰਦਗੀ ਨਾਲ ਕੀ ਸੰਬੰਧ ਹੈ। (ਰੋਮੀ. 12:2) ਇਸ ਤਰ੍ਹਾਂ ਤੁਸੀਂ ਯਹੋਵਾਹ ਦੀ ਸੇਵਾ ਕਰਨ ਦਾ ਸਭ ਤੋਂ ਅਹਿਮ ਫ਼ੈਸਲਾ ਲੈ ਸਕੋਗੇ। (ਯਹੋਸ਼ੁਆ 24:15 ਪੜ੍ਹੋ; ਉਪ. 12:1) ਹਰ ਰੋਜ਼ ਬਾਈਬਲ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਨਾਲ ਯਹੋਵਾਹ ਲਈ ਤੁਹਾਡਾ ਪਿਆਰ ਵਧਦਾ ਜਾਵੇਗਾ ਅਤੇ ਤੁਹਾਡੀ ਨਿਹਚਾ ਮਜ਼ਬੂਤ ਹੁੰਦੀ ਜਾਵੇਗੀ।

18. ਨੌਜਵਾਨਾਂ ਨੂੰ ਕਿਹੜਾ ਫ਼ੈਸਲਾ ਕਰਨ ਦੀ ਲੋੜ ਹੈ ਅਤੇ ਇਸ ਦਾ ਕੀ ਨਤੀਜਾ ਨਿਕਲੇਗਾ?

18 ਯਹੋਵਾਹ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਦਾ ਫ਼ੈਸਲਾ ਕਰੋ। ਸ਼ੈਤਾਨ ਦੀ ਦੁਨੀਆਂ ਦਾਅਵਾ ਕਰਦੀ ਹੈ ਕਿ ਜੇ ਤੁਸੀਂ ਆਪਣੇ ਹੁਨਰ ਆਪਣੇ ਭਲੇ ਲਈ ਵਰਤੋਗੇ, ਤਾਂ ਤੁਸੀਂ ਖ਼ੁਸ਼ ਰਹੋਗੇ। ਪਰ ਸੱਚਾਈ ਇਹ ਹੈ ਕਿ ਜੋ ਧਨ-ਦੌਲਤ ਇਕੱਠੀ ਕਰਨ ਵਿਚ ਲੱਗ ਜਾਂਦੇ ਹਨ, ਉਹ ਆਪਣੇ ਆਪ ਨੂੰ “ਬਹੁਤ ਸਾਰੇ ਦੁੱਖਾਂ” ਦੇ ਤੀਰਾਂ ਨਾਲ ਵਿੰਨ੍ਹਦੇ ਹਨ। (1 ਤਿਮੋ. 6:9, 10) ਦੂਜੇ ਪਾਸੇ, ਜੇ ਤੁਸੀਂ ਯਹੋਵਾਹ ਦੀ ਗੱਲ ਸੁਣੋਗੇ ਅਤੇ ਉਸ ਦੀ ਇੱਛਾ ਪੂਰੀ ਕਰਨ ਦਾ ਫ਼ੈਸਲਾ ਕਰੋਗੇ, ਤਾਂ ਸਫ਼ਲ ਹੋਵੋਗੇ ਅਤੇ “ਸਿਆਣਪ” ਨਾਲ ਕੰਮ ਕਰੋਗੇ।—ਯਹੋ. 1:8, ERV.

ਤੁਸੀਂ ਕੀ ਕਰਨ ਦਾ ਫ਼ੈਸਲਾ ਕਰੋਗੇ?

19. ਮਾਪਿਆਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

19 ਮਾਪਿਓ, ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਪੂਰੀ ਵਾਹ ਲਾਓ। ਉਸ ’ਤੇ ਭਰੋਸਾ ਰੱਖੋ ਅਤੇ ਉਹ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰੇਗਾ। (ਕਹਾ. 3:5, 6) ਯਾਦ ਰੱਖੋ ਕਿ ਤੁਹਾਡੀ ਕਹਿਣੀ ਨਾਲੋਂ ਤੁਹਾਡੀ ਕਰਨੀ ਦਾ ਬੱਚਿਆਂ ’ਤੇ ਜ਼ਿਆਦਾ ਅਸਰ ਹੁੰਦਾ ਹੈ। ਇਸ ਲਈ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਕਰਕੇ ਤੁਹਾਡੇ ਬੱਚੇ ਯਹੋਵਾਹ ਦੀ ਮਿਹਰ ਪਾ ਸਕਣ।

20. ਯਹੋਵਾਹ ਦੀ ਸੇਵਾ ਕਰ ਕੇ ਨੌਜਵਾਨਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

20 ਨੌਜਵਾਨੋ, ਤੁਹਾਡੇ ਮਾਪੇ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਪਰ ਪਰਮੇਸ਼ੁਰ ਦੀ ਮਿਹਰ ਪਾਉਣੀ ਤੁਹਾਡੇ ਹੱਥ ਵਿਚ ਹੈ। ਇਸ ਲਈ ਯਿਸੂ ਦੀ ਰੀਸ ਕਰਦਿਆਂ ਆਪਣੇ ਪਿਆਰੇ ਸਵਰਗੀ ਪਿਤਾ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਡੇ ਕੋਲ ਬਹੁਤ ਸਾਰਾ ਕੰਮ ਕਰਨ ਨੂੰ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ। (1 ਤਿਮੋ. 4:16) ਨਾਲੇ ਭਵਿੱਖ ਵਿਚ ਤੁਸੀਂ ਬੇਸ਼ੁਮਾਰ ਬਰਕਤਾਂ ਦਾ ਆਨੰਦ ਮਾਣੋਗੇ!

ਗੀਤ 11 ਯਹੋਵਾਹ ਦਾ ਜੀ ਆਨੰਦ ਕਰੋ

^ ਪੈਰਾ 5 ਮਸੀਹੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਵੀ ਯਹੋਵਾਹ ਦੀ ਸੇਵਾ ਕਰਨ। ਮਾਪਿਆਂ ਦੇ ਕਿਹੜੇ ਫ਼ੈਸਲੇ ਬੱਚਿਆਂ ਦੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਸਕਦੇ ਹਨ? ਜ਼ਿੰਦਗੀ ਵਿਚ ਸਫ਼ਲ ਹੋਣ ਲਈ ਮਸੀਹੀ ਨੌਜਵਾਨ ਕਿਹੜੇ ਫ਼ੈਸਲੇ ਕਰ ਸਕਦੇ ਹਨ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

^ ਪੈਰਾ 11 ਅਕਤੂਬਰ 2011 ਦੇ ਜਾਗਰੂਕ ਬਣੋ! ਦੇ ਸਫ਼ੇ 20 ’ਤੇ “ਮੇਰੇ ਮਾਪਿਆਂ ਨਾਲੋਂ ਵਧੀਆ ਮਾਪੇ ਹੋ ਹੀ ਨਹੀਂ ਸਕਦੇ” ਨਾਂ ਦੀ ਡੱਬੀ ਦੇਖੋ ਅਤੇ 8 ਅਪ੍ਰੈਲ 1999 ਦੇ ਜਾਗਰੂਕ ਬਣੋ! ਦੇ ਸਫ਼ੇ 31 ’ਤੇ “ਆਪਣਿਆਂ ਮਾਪਿਆਂ ਨੂੰ ਇਕ ਖ਼ਾਸ ਚਿੱਠੀ” ਨਾਂ ਦਾ ਲੇਖ ਦੇਖੋ।

^ ਪੈਰਾ 66 ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਯਿਸੂ ਛੋਟਾ ਸੀ, ਤਾਂ ਮਰੀਅਮ ਨੇ ਉਸ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਕੀਤਾ। ਇਸੇ ਤਰ੍ਹਾਂ ਅੱਜ ਵੀ ਮਾਵਾਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰ ਸਕਦੀਆਂ ਹਨ।

^ ਪੈਰਾ 68 ਤਸਵੀਰਾਂ ਬਾਰੇ ਜਾਣਕਾਰੀ: ਯੂਸੁਫ਼ ਆਪਣੇ ਪਰਿਵਾਰ ਨਾਲ ਸਭਾ ਘਰ ਜਾਣ ਦੀ ਅਹਿਮੀਅਤ ਬਾਰੇ ਜਾਣਦਾ ਸੀ। ਅੱਜ ਪਿਤਾ ਵੀ ਆਪਣੇ ਪਰਿਵਾਰਾਂ ਨਾਲ ਸਭਾਵਾਂ ’ਤੇ ਜਾਣ ਦੀ ਅਹਿਮੀਅਤ ਸਮਝ ਸਕਦੇ ਹਨ।

^ ਪੈਰਾ 70 ਤਸਵੀਰਾਂ ਬਾਰੇ ਜਾਣਕਾਰੀ: ਯਿਸੂ ਨੇ ਆਪਣੇ ਪਿਤਾ ਤੋਂ ਹੁਨਰ ਸਿੱਖਿਆ। ਅੱਜ ਨੌਜਵਾਨ ਵੀ ਆਪਣੇ ਪਿਤਾ ਤੋਂ ਹੁਨਰ ਸਿੱਖ ਸਕਦੇ ਹਨ।