Skip to content

Skip to table of contents

ਅਧਿਐਨ ਲੇਖ 42

ਸੱਚਾਈ ਨੂੰ ਘੁੱਟ ਕੇ ਫੜੀ ਰੱਖੋ

ਸੱਚਾਈ ਨੂੰ ਘੁੱਟ ਕੇ ਫੜੀ ਰੱਖੋ

“ਸਾਰੀਆਂ ਗੱਲਾਂ ਨੂੰ ਪਰਖੋ ਅਤੇ ਜਿਹੜੀਆਂ ਚੰਗੀਆਂ ਹਨ, ਉਨ੍ਹਾਂ ਉੱਤੇ ਪੱਕੇ ਰਹੋ।”​—1 ਥੱਸ. 5:21.

ਗੀਤ 142 ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

ਖ਼ਾਸ ਗੱਲਾਂ *

1. ਬਹੁਤ ਸਾਰੇ ਲੋਕ ਉਲਝਣ ਵਿਚ ਕਿਉਂ ਪਏ ਹੋਏ ਹਨ?

ਅੱਜ ਬਹੁਤ ਸਾਰੇ ਧਰਮ ਦਾਅਵਾ ਕਰਦੇ ਹਨ ਕਿ ਉਹ ਮਸੀਹੀ ਹਨ ਅਤੇ ਪਰਮੇਸ਼ੁਰ ਉਨ੍ਹਾਂ ਦੀ ਭਗਤੀ ਤੋਂ ਖ਼ੁਸ਼ ਹੈ। ਇਸ ਕਰਕੇ ਬਹੁਤ ਸਾਰੇ ਲੋਕ ਉਲਝਣ ਵਿਚ ਪਏ ਹੋਏ ਹਨ। ਉਹ ਸੋਚਦੇ ਹਨ: “ਕੀ ਕੋਈ ਸੱਚਾ ਧਰਮ ਹੈ? ਜਾਂ ਫਿਰ ਕੀ ਸਾਰੇ ਧਰਮ ਪਰਮੇਸ਼ੁਰ ਨੂੰ ਮਨਜ਼ੂਰ ਹਨ?” ਕੀ ਸਾਨੂੰ ਪੱਕਾ ਭਰੋਸਾ ਹੈ ਕਿ ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਜੋ ਵੀ ਸਿਖਾਉਂਦੇ ਹਾਂ, ਉਹ ਹੀ ਸੱਚਾਈ ਹੈ ਅਤੇ ਜਿਸ ਤਰੀਕੇ ਨਾਲ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ, ਉਸ ਤੋਂ ਉਹ ਖ਼ੁਸ਼ ਹੁੰਦਾ ਹੈ? ਕੀ ਇਸ ਦੇ ਕੋਈ ਸਬੂਤ ਹਨ? ਆਓ ਕੁਝ ਸਬੂਤਾਂ ’ਤੇ ਗੌਰ ਕਰੀਏ।

2. ਪਹਿਲਾ ਥੱਸਲੁਨੀਕੀਆਂ 1:5 ਮੁਤਾਬਕ ਪੌਲੁਸ ਰਸੂਲ ਨੂੰ ਕਿਉਂ ਪੱਕਾ ਭਰੋਸਾ ਸੀ ਕਿ ਉਹ ਜੋ ਵੀ ਮੰਨਦਾ ਸੀ, ਉਹ ਹੀ ਸੱਚਾਈ ਹੈ?

2 ਪੌਲੁਸ ਰਸੂਲ ਨੂੰ ਪੱਕਾ ਭਰੋਸਾ ਸੀ ਕਿ ਉਹ ਜੋ ਵੀ ਮੰਨਦਾ ਸੀ, ਉਹੀ ਸੱਚਾਈ ਸੀ। (1 ਥੱਸਲੁਨੀਕੀਆਂ 1:5 ਪੜ੍ਹੋ।) ਉਸ ਨੂੰ ਇਹ ਭਰੋਸਾ ਇਸ ਕਰਕੇ ਨਹੀਂ ਸੀ ਕਿਉਂਕਿ ਉਸ ਨੂੰ ਸੱਚਾਈ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ, ਸਗੋਂ ਇਸ ਕਰਕੇ ਸੀ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕੀਤਾ ਸੀ। ਨਾਲੇ ਉਸ ਨੂੰ ਯਕੀਨ ਸੀ ਕਿ “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।” (2 ਤਿਮੋ. 3:16) ਉਸ ਨੇ ਅਧਿਐਨ ਕਰ ਕੇ ਕੀ ਸਿੱਖਿਆ? ਉਸ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਪੱਕੇ ਸਬੂਤ ਦੇਖੇ ਸਨ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ, ਪਰ ਉਸ ਸਮੇਂ ਦੇ ਯਹੂਦੀ ਆਗੂ ਇਨ੍ਹਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਸਨ। ਉਹ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਦਾ ਦਾਅਵਾ ਤਾਂ ਕਰਦੇ ਸਨ, ਪਰ ਉਹ ਖ਼ੁਦ ਅਜਿਹੇ ਕੰਮ ਕਰਦੇ ਸਨ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਸੀ। (ਤੀਤੁ. 1:16) ਪੌਲੁਸ ਉਨ੍ਹਾਂ ਧਾਰਮਿਕ ਆਗੂਆਂ ਵਰਗਾ ਨਹੀਂ ਸੀ, ਉਸ ਨੇ ਸਿਰਫ਼ ਉਨ੍ਹਾਂ ਗੱਲਾਂ ’ਤੇ ਯਕੀਨ ਨਹੀਂ ਕੀਤਾ ਜੋ ਉਸ ਨੂੰ ਚੰਗੀਆਂ ਲੱਗਦੀਆਂ ਸਨ। ਪੌਲੁਸ “ਪਰਮੇਸ਼ੁਰ ਦੀ ਇੱਛਾ ਬਾਰੇ ਸਭ ਕੁਝ” ਸਿਖਾਉਣ ਅਤੇ ਲਾਗੂ ਕਰਨ ਲਈ ਤਿਆਰ ਸੀ।​—ਰਸੂ. 20:27.

3. ਕੀ ਸੱਚੇ ਧਰਮ ਦੇ ਲੋਕਾਂ ਕੋਲ ਸਾਰੇ ਸਵਾਲਾਂ ਦੇ ਜਵਾਬ ਹੋਣੇ ਚਾਹੀਦੇ ਹਨ? ਸਮਝਾਓ। (“ ਯਹੋਵਾਹ ਦੇ ਕੰਮਾਂ ਅਤੇ ਯੋਜਨਾਵਾਂ ‘ਬਾਰੇ ਦੱਸਣਾ ਕਿਸੇ ਦੇ ਵੱਸ ਦੀ ਗੱਲ ਨਹੀਂ’” ਨਾਂ ਦੀ ਡੱਬੀ ਦੇਖੋ।)

3 ਕੁਝ ਲੋਕਾਂ ਦਾ ਮੰਨਣਾ ਹੈ ਕਿ ਸੱਚੇ ਧਰਮ ਦੇ ਲੋਕਾਂ ਕੋਲ ਸਾਰੇ ਸਵਾਲਾਂ ਦੇ ਜਵਾਬ ਹੋਣੇ ਚਾਹੀਦੇ ਹਨ। ਉਨ੍ਹਾਂ ਸਵਾਲਾਂ ਦੇ ਵੀ ਜਿਨ੍ਹਾਂ ਦੇ ਜਵਾਬ ਬਾਈਬਲ ਵਿਚ ਸਿੱਧੇ-ਸਿੱਧੇ ਨਹੀਂ ਦਿੱਤੇ ਗਏ। ਪਰ ਕੀ ਇਸ ਤਰ੍ਹਾਂ ਮੰਨਣਾ ਸਹੀ ਹੈ? ਪੌਲੁਸ ਦੀ ਮਿਸਾਲ ਲਓ। ਉਸ ਨੇ ਆਪਣੇ ਨਾਲ ਦੇ ਮਸੀਹੀਆਂ ਨੂੰ ਕਿਹਾ ਕਿ “ਸਾਰੀਆਂ ਗੱਲਾਂ ਨੂੰ ਪਰਖੋ,” ਪਰ ਉਸ ਨੇ ਇਹ ਵੀ ਮੰਨਿਆ ਕਿ ਉਸ ਨੂੰ ਬਹੁਤ ਸਾਰੀਆਂ ਗੱਲਾਂ ਦੀ ਸਮਝ ਨਹੀਂ ਸੀ। (1 ਥੱਸ. 5:21) ਉਸ ਨੇ ਲਿਖਿਆ: “ਸਾਡਾ ਗਿਆਨ ਹਾਲੇ ਅਧੂਰਾ ਹੈ।” ਉਸ ਨੇ ਅੱਗੇ ਕਿਹਾ: “ਹੁਣ ਅਸੀਂ ਧਾਤ ਦੇ ਸ਼ੀਸ਼ੇ ਵਿਚ ਧੁੰਦਲਾ ਜਿਹਾ ਦੇਖਦੇ ਹਾਂ, ਪਰ ਬਾਅਦ ਵਿਚ ਸਾਫ਼-ਸਾਫ਼ ਦੇਖਾਂਗੇ।” (1 ਕੁਰਿੰ. 13:9, 12) ਪੌਲੁਸ ਨੂੰ ਸਾਰੀਆਂ ਗੱਲਾਂ ਦੀ ਸਮਝ ਨਹੀਂ ਸੀ ਅਤੇ ਨਾ ਹੀ ਸਾਨੂੰ ਹੈ। ਪਰ ਉਸ ਨੂੰ ਯਹੋਵਾਹ ਬਾਰੇ ਬੁਨਿਆਦੀ ਸੱਚਾਈਆਂ ਪਤਾ ਸਨ। ਪੌਲੁਸ ਨੂੰ ਜਿੰਨਾ ਵੀ ਗਿਆਨ ਸੀ, ਉਸ ਤੋਂ ਉਸ ਨੂੰ ਪੱਕਾ ਭਰੋਸਾ ਹੋ ਗਿਆ ਕਿ ਉਹ ਜੋ ਵੀ ਮੰਨਦਾ ਸੀ, ਉਹੀ ਸੱਚਾਈ ਸੀ।

4. (ੳ) ਕਿਹੜੇ ਇਕ ਤਰੀਕੇ ਰਾਹੀਂ ਅਸੀਂ ਆਪਣਾ ਭਰੋਸਾ ਪੱਕਾ ਕਰ ਸਕਦੇ ਹਾਂ ਕਿ ਸਾਨੂੰ ਸੱਚਾਈ ਮਿਲ ਗਈ ਹੈ? (ਅ) ਸੱਚੇ ਮਸੀਹੀਆਂ ਬਾਰੇ ਅਸੀਂ ਕੀ ਦੇਖਾਂਗੇ?

4 ਕਿਹੜਾ ਇਕ ਤਰੀਕਾ ਹੈ ਜਿਸ ਰਾਹੀਂ ਅਸੀਂ ਆਪਣਾ ਭਰੋਸਾ ਪੱਕਾ ਕਰ ਸਕਦੇ ਹਾਂ ਕਿ ਸਾਨੂੰ ਸੱਚਾਈ ਮਿਲ ਗਈ ਹੈ? ਉਹ ਤਰੀਕਾ ਹੈ ਕਿ ਯਿਸੂ ਦੁਆਰਾ ਰੱਖੀ ਸੱਚੀ ਭਗਤੀ ਦੀ ਮਿਸਾਲ ਦੀ ਤੁਲਨਾ ਅੱਜ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਨਾਲ ਕਰੀਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸੱਚੇ ਮਸੀਹੀ (1) ਮੂਰਤੀ-ਪੂਜਾ ਨਹੀਂ ਕਰਦੇ, (2) ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਨ, (3) ਸੱਚਾਈ ਨੂੰ ਅਹਿਮੀਅਤ ਦਿੰਦੇ ਹਨ ਅਤੇ (4) ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰਦੇ ਹਨ।

ਅਸੀਂ ਮੂਰਤੀ-ਪੂਜਾ ਨਹੀਂ ਕਰਦੇ

5. ਯਿਸੂ ਨੇ ਪਰਮੇਸ਼ੁਰ ਦੀ ਭਗਤੀ ਕਿਵੇਂ ਕੀਤੀ ਅਤੇ ਅਸੀਂ ਉਸ ਤੋਂ ਕੀ ਸਿੱਖਦੇ ਹਾਂ?

5 ਯਹੋਵਾਹ ਨਾਲ ਪਿਆਰ ਹੋਣ ਕਰਕੇ ਯਿਸੂ ਨੇ ਸਵਰਗ ਅਤੇ ਧਰਤੀ ’ਤੇ ਹੁੰਦਿਆਂ ਸਿਰਫ਼ ਯਹੋਵਾਹ ਦੀ ਭਗਤੀ ਕੀਤੀ। (ਲੂਕਾ 4:8) ਇਹੋ ਗੱਲ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਈ। ਨਾ ਤਾਂ ਯਿਸੂ ਨੇ ਅਤੇ ਨਾ ਹੀ ਉਸ ਦੇ ਚੇਲਿਆਂ ਨੇ ਕਦੇ ਮੂਰਤੀ-ਪੂਜਾ ਕੀਤੀ। ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਇਸ ਕਰਕੇ ਕੋਈ ਵੀ ਇਨਸਾਨ ਉਸ ਦੀ ਮੂਰਤ ਜਾਂ ਤਸਵੀਰ ਨਹੀਂ ਬਣਾ ਸਕਦਾ। (ਯਸਾ. 46:5) ਪਰ ਕੀ ਇਨਸਾਨਾਂ ਦੀਆਂ ਮੂਰਤਾਂ ਜਾਂ ਤਸਵੀਰਾਂ ਬਣਾ ਕੇ ਉਨ੍ਹਾਂ ਦੀ ਪੂਜਾ ਕਰਨੀ ਸਹੀ ਹੈ? ਇਜ਼ਰਾਈਲੀਆਂ ਨੂੰ ਦਿੱਤੇ ਦਸ ਹੁਕਮਾਂ ਵਿੱਚੋਂ ਦੂਜੇ ਹੁਕਮ ਵਿਚ ਯਹੋਵਾਹ ਨੇ ਕਿਹਾ ਸੀ: “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ . . . ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਤੇ ਨਾ ਹੀ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਇਆ ਜਾਈਂ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।” (ਕੂਚ 20:4, 5) ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਹ ਭਗਤੀ ਵਿਚ ਮੂਰਤਾਂ ਦੀ ਵਰਤੋਂ ਨਹੀਂ ਕਰਦੇ।

6. ਅੱਜ ਯਹੋਵਾਹ ਦੇ ਗਵਾਹ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਕਿਵੇਂ ਭਗਤੀ ਕਰਦੇ ਹਨ?

6 ਕਈ ਇਤਿਹਾਸਕਾਰ ਕਹਿੰਦੇ ਹਨ ਕਿ ਰਸੂਲਾਂ ਦੇ ਸਮੇਂ ਵਿਚ ਮਸੀਹੀ ਸਿਰਫ਼ ਪਰਮੇਸ਼ੁਰ ਦੀ ਭਗਤੀ ਕਰਦੇ ਸਨ। ਉਦਾਹਰਣ ਲਈ, ਈਸਾਈ ਚਰਚ ਦਾ ਇਤਿਹਾਸ (ਅੰਗ੍ਰੇਜ਼ੀ) ਕਿਤਾਬ ਦੱਸਦੀ ਹੈ ਕਿ ਪਹਿਲੀ ਸਦੀ ਦੇ ਮਸੀਹੀ ਭਗਤੀ ਵਿਚ ਮੂਰਤੀਆਂ ਦੀ ਵਰਤੋ ਕਰਨ ਨੂੰ “ਘਿਣਾਉਣਾ ਸਮਝਦੇ ਸਨ।” ਅੱਜ ਯਹੋਵਾਹ ਦੇ ਗਵਾਹ ਵੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਭਗਤੀ ਕਰਦੇ ਹਨ। ਅਸੀਂ ਚਰਚ ਦੇ ਲੋਕਾਂ ਵਾਂਗ ਇਨਸਾਨਾਂ ਜਾਂ ਦੂਤਾਂ ਦੀਆਂ ਮੂਰਤਾਂ ਨੂੰ ਨਹੀਂ ਪੂਜਦੇ। ਇੱਥੋਂ ਤਕ ਕਿ ਅਸੀਂ ਯਿਸੂ ਨੂੰ ਵੀ ਪ੍ਰਾਰਥਨਾ ਨਹੀਂ ਕਰਦੇ। ਨਾਲੇ ਅਸੀਂ ਝੰਡੇ ਨੂੰ ਵੀ ਸਲਾਮੀ ਨਹੀਂ ਦਿੰਦੇ। ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਦੇ ਜਿਸ ਨਾਲ ਲੱਗੇ ਕਿ ਅਸੀਂ ਕਿਸੇ ਦੇਸ਼ ਜਾਂ ਸਰਕਾਰ ਦੀ ਭਗਤੀ ਕਰ ਰਹੇ ਹਾਂ। ਭਾਵੇਂ ਕੋਈ ਕੁਝ ਵੀ ਕਰ ਲਵੇ, ਪਰ ਅਸੀਂ ਯਿਸੂ ਦੀ ਇਹ ਗੱਲ ਮੰਨਣ ਦਾ ਪੱਕਾ ਇਰਾਦਾ ਕੀਤਾ ਹੈ: “ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ।”​—ਮੱਤੀ 4:10.

7. ਯਹੋਵਾਹ ਦੇ ਗਵਾਹਾਂ ਅਤੇ ਚਰਚ ਦੇ ਲੋਕਾਂ ਵਿਚ ਕੀ ਫ਼ਰਕ ਹੈ?

7 ਅੱਜ ਬਹੁਤ ਸਾਰੇ ਲੋਕ ਚਰਚਾਂ ਦੇ ਮੰਨੇ-ਪ੍ਰਮੰਨੇ ਪਾਦਰੀਆਂ ਦੀ ਗੱਲ ਸੁਣਨੀ ਚਾਹੁੰਦੇ ਹਨ। ਉਹ ਇਨ੍ਹਾਂ ਲੋਕਾਂ ਨੂੰ ਇੰਨਾ ਪਸੰਦ ਕਰਨ ਲੱਗ ਪੈਂਦੇ ਹਨ ਕਿ ਉਹ ਉਨ੍ਹਾਂ ਦੀ ਭਗਤੀ ਤਕ ਕਰਨੀ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਚਰਚਾਂ ਵਿਚ ਜਾਂਦੇ ਹਨ, ਉਨ੍ਹਾਂ ਦੀਆਂ ਕਿਤਾਬਾਂ ਖ਼ਰੀਦਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਪੈਸੇ ਦਾਨ ਵਿਚ ਦਿੰਦੇ ਹਨ। ਕੁਝ ਲੋਕ ਉਨ੍ਹਾਂ ਦੀ ਹਰ ਗੱਲ ’ਤੇ ਯਕੀਨ ਕਰ ਲੈਂਦੇ ਹਨ। ਉਨ੍ਹਾਂ ’ਤੇ ਪਾਦਰੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ ਅਤੇ ਉਨ੍ਹਾਂ ਨੂੰ ਦੇਖ ਕੇ ਉਹ ਇੰਨਾ ਜ਼ਿਆਦਾ ਖ਼ੁਸ਼ ਹੁੰਦੇ ਹਨ, ਜਿੱਦਾਂ ਉਨ੍ਹਾਂ ਨੇ ਯਿਸੂ ਨੂੰ ਹੀ ਦੇਖ ਲਿਆ ਹੋਵੇ। ਇਸ ਤੋਂ ਉਲਟ, ਯਹੋਵਾਹ ਦੇ ਗਵਾਹਾਂ ਵਿਚ ਕੋਈ ਪਾਦਰੀ ਨਹੀਂ ਹੁੰਦਾ। ਭਾਵੇਂ ਉਹ ਅਗਵਾਈ ਕਰਨ ਵਾਲਿਆਂ ਦਾ ਆਦਰ ਕਰਦੇ ਹਨ, ਪਰ ਉਹ ਯਿਸੂ ਦੀ ਇਸ ਸਿੱਖਿਆ ਨੂੰ ਮੰਨਦੇ ਹਨ: “ਤੁਸੀਂ ਸਾਰੇ ਜਣੇ ਭਰਾ ਹੋ।” (ਮੱਤੀ 23:8-10) ਅਸੀਂ ਕਿਸੇ ਇਨਸਾਨ ਦੀ ਭਗਤੀ ਨਹੀਂ ਕਰਦੇ, ਚਾਹੇ ਉਹ ਧਾਰਮਿਕ ਗੁਰੂ ਜਾਂ ਕੋਈ ਨੇਤਾ ਹੋਵੇ। ਨਾਲੇ ਅਸੀਂ ਉਨ੍ਹਾਂ ਦੇ ਮਾਮਲਿਆਂ ਵਿਚ ਵੀ ਹਿੱਸਾ ਨਹੀਂ ਲੈਂਦੇ, ਸਗੋਂ ਅਸੀਂ ਨਿਰਪੱਖ ਰਹਿੰਦੇ ਹਾਂ ਅਤੇ ਇਸ ਦੁਨੀਆਂ ਦਾ ਹਿੱਸਾ ਨਹੀਂ ਬਣਦੇ। ਇਨ੍ਹਾਂ ਸਾਰੀਆਂ ਗੱਲਾਂ ਵਿਚ ਅਸੀਂ ਆਪਣੇ ਆਪ ਨੂੰ ਚਰਚ ਦੇ ਲੋਕਾਂ ਤੋਂ ਵੱਖਰਾ ਰੱਖਦੇ ਹਾਂ।​—ਯੂਹੰ. 18:36.

ਅਸੀਂ ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਾਂ

ਸੱਚੇ ਮਸੀਹੀ ਦੂਸਰਿਆਂ ਨੂੰ ਯਹੋਵਾਹ ਬਾਰੇ ਮਾਣ ਨਾਲ ਦੱਸਦੇ ਹਨ (ਪੈਰੇ 8-10 ਦੇਖੋ) *

8. ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਾਂ ਦੀ ਮਹਿਮਾ ਕਰੀਏ ਅਤੇ ਦੂਸਰਿਆਂ ਨੂੰ ਵੀ ਇਹ ਨਾਂ ਦੱਸੀਏ?

8 ਇਕ ਮੌਕੇ ’ਤੇ ਯਿਸੂ ਨੇ ਪ੍ਰਾਰਥਨਾ ਕਰਦਿਆਂ ਕਿਹਾ: “ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਯਹੋਵਾਹ ਨੇ ਸਵਰਗੋਂ ਜ਼ੋਰਦਾਰ ਆਵਾਜ਼ ਵਿਚ ਇਸ ਪ੍ਰਾਰਥਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੇ ਨਾਂ ਦੀ ਮਹਿਮਾ ਕਰੇਗਾ। (ਯੂਹੰ. 12:28) ਯਿਸੂ ਨੇ ਆਪਣੀ ਸੇਵਕਾਈ ਦੌਰਾਨ ਆਪਣੇ ਪਿਤਾ ਦੇ ਨਾਂ ਦੀ ਮਹਿਮਾ ਕੀਤੀ। (ਯੂਹੰ. 17:26) ਇਸ ਕਰਕੇ ਸੱਚੇ ਮਸੀਹੀਆਂ ਲਈ ਪਰਮੇਸ਼ੁਰ ਦੇ ਨਾਂ ਨੂੰ ਵਰਤਣਾ ਅਤੇ ਦੂਸਰਿਆਂ ਨੂੰ ਇਹ ਨਾਂ ਦੱਸਣਾ ਮਾਣ ਦੀ ਗੱਲ ਹੈ!

9. ਪਹਿਲੀ ਸਦੀ ਦੇ ਮਸੀਹੀਆਂ ਨੇ ਪਰਮੇਸ਼ੁਰ ਦੇ ਨਾਂ ਦਾ ਆਦਰ ਕਿਵੇਂ ਕੀਤਾ?

9 ਪਹਿਲੀ ਸਦੀ ਵਿਚ ਮਸੀਹੀ ਮੰਡਲੀ ਦੇ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਨੇ “ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਵਿੱਚੋਂ ਆਪਣੇ ਨਾਂ ਲਈ ਲੋਕਾਂ ਨੂੰ ਚੁਣੇ।” (ਰਸੂ. 15:14) ਉਸ ਸਮੇਂ ਦੇ ਮਸੀਹੀਆਂ ਲਈ ਪਰਮੇਸ਼ੁਰ ਦੇ ਨਾਂ ਨੂੰ ਵਰਤਣਾ ਅਤੇ ਦੂਸਰਿਆਂ ਨੂੰ ਇਹ ਨਾਂ ਦੱਸਣਾ ਮਾਣ ਦੀ ਗੱਲ ਸੀ। ਉਨ੍ਹਾਂ ਨੇ ਬਾਈਬਲ ਦੀਆਂ ਕਿਤਾਬਾਂ ਲਿਖਦੇ ਵੇਲੇ ਵੀ ਪਰਮੇਸ਼ੁਰ ਦਾ ਨਾਂ ਲਿਖਿਆ। * ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਸਾਬਤ ਕੀਤਾ ਕਿ ਸਿਰਫ਼ ਉਹ ਹੀ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣ ਵਾਲੇ ਲੋਕ ਹਨ।​—ਰਸੂ. 2:14, 21.

10. ਕਿਹੜੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਗਵਾਹ ਹੀ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣ ਵਾਲੇ ਲੋਕ ਹਨ?

10 ਕੀ ਯਹੋਵਾਹ ਦੇ ਗਵਾਹ ਹੀ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਂਦੇ ਹਨ? ਆਓ ਕੁਝ ਸਬੂਤਾਂ ’ਤੇ ਗੌਰ ਕਰੀਏ। ਅੱਜ ਚਰਚਾਂ ਦੇ ਧਾਰਮਿਕ ਆਗੂ ਆਪਣੀ ਤਾਕਤ ਵਰਤ ਕੇ ਪਰਮੇਸ਼ੁਰ ਦਾ ਨਾਂ ਲੋਕਾਂ ਤੋਂ ਛੁਪਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਤਾਂ ਬਾਈਬਲ ਦੇ ਕਈ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਹੀ ਕੱਢ ਦਿੱਤਾ ਹੈ। ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਕੁਝ ਚਰਚਾਂ ਵਿਚ ਪਰਮੇਸ਼ੁਰ ਦਾ ਨਾਂ ਲੈਣ ਤੇ ਵੀ ਰੋਕ ਲਗਾਈ ਗਈ ਹੈ। * ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਸਿਰਫ਼ ਯਹੋਵਾਹ ਦੇ ਗਵਾਹ ਹੀ ਪਰਮੇਸ਼ੁਰ ਦੇ ਨਾਂ ਨੂੰ ਪੂਰਾ ਆਦਰ ਤੇ ਮਹਿਮਾ ਦਿੰਦੇ ਹਨ ਜਿਸ ਦਾ ਉਹ ਹੱਕਦਾਰ ਹੈ। ਉਹੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਰਮੇਸ਼ੁਰ ਦਾ ਨਾਂ ਦੱਸਦੇ ਹਾਂ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਇਸ ਨਾਂ ’ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (ਯਸਾ. 43:10-12) ਅਸੀਂ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਦੀਆਂ 24 ਕਰੋੜ ਕਾਪੀਆਂ ਛਾਪੀਆਂ ਹਨ ਅਤੇ ਇਸ ਵਿਚ ਹਰ ਉਸ ਜਗ੍ਹਾ ’ਤੇ ਪਰਮੇਸ਼ੁਰ ਦਾ ਨਾਂ ਪਾਇਆ ਗਿਆ ਹੈ ਜਿੱਥੋਂ ਇਹ ਨਾਂ ਹੋਰ ਬਾਈਬਲ ਅਨੁਵਾਦਕਾਂ ਨੇ ਕੱਢ ਦਿੱਤਾ ਸੀ। ਨਾਲੇ ਅਸੀਂ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਦੇ ਹਾਂ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ।

ਅਸੀਂ ਸੱਚਾਈ ਨੂੰ ਅਹਿਮੀਅਤ ਦਿੰਦੇ ਹਾਂ

11. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚਾਈ ਨੂੰ ਬਹੁਤ ਅਹਿਮੀਅਤ ਦਿੰਦੇ ਸਨ?

11 ਯਿਸੂ ਨੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈਆਂ ਨੂੰ ਅਹਿਮੀਅਤ ਦਿੱਤੀ। ਉਸ ਨੇ ਆਪਣੀ ਜ਼ਿੰਦਗੀ ਤੋਂ ਦਿਖਾਇਆ ਕਿ ਉਹ ਸੱਚਾਈ ਜਾਣਦਾ ਸੀ ਅਤੇ ਉਸ ਨੇ ਦੂਸਰਿਆਂ ਨੂੰ ਵੀ ਸੱਚਾਈ ਬਾਰੇ ਦੱਸਿਆ। (ਯੂਹੰ. 18:37) ਯਿਸੂ ਦੇ ਚੇਲਿਆਂ ਨੇ ਵੀ ਸੱਚਾਈ ਦੀਆਂ ਗੱਲਾਂ ਨੂੰ ਬਹੁਤ ਅਹਿਮੀਅਤ ਦਿੱਤੀ। (ਯੂਹੰ. 4:23, 24) ਦਰਅਸਲ, ਪਤਰਸ ਰਸੂਲ ਨੇ ਵੀ ਕਿਹਾ ਸੀ ਕਿ ਮਸੀਹੀ ਹੋਣ ਦਾ ਮਤਲਬ ਹੈ, “ਸੱਚਾਈ ਦੇ ਰਾਹ” ’ਤੇ ਚੱਲਣਾ। (2 ਪਤ. 2:2) ਪਹਿਲੀ ਸਦੀ ਦੇ ਮਸੀਹੀ ਵੀ ਸੱਚਾਈ ਨੂੰ ਬਹੁਤ ਅਹਿਮੀਅਤ ਦਿੰਦੇ ਸਨ। ਇਸ ਲਈ ਉਨ੍ਹਾਂ ਨੇ ਅਜਿਹੇ ਧਾਰਮਿਕ ਵਿਚਾਰਾਂ, ਰੀਤੀ-ਰਿਵਾਜਾਂ ਅਤੇ ਉਨ੍ਹਾਂ ਸਾਰੀਆਂ ਸੋਚਾਂ ਨੂੰ ਰੱਦ ਕੀਤਾ ਜੋ ਸੱਚਾਈ ਤੋਂ ਉਲਟ ਸਨ। (ਕੁਲੁ. 2:8) ਇਸੇ ਤਰ੍ਹਾਂ ਅੱਜ ਵੀ ਸੱਚੇ ਮਸੀਹੀ “ਸੱਚਾਈ ਦੇ ਰਾਹ” ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਜ਼ਿੰਦਗੀ ਜੀਉਣ ਦਾ ਤਰੀਕਾ ਅਤੇ ਉਨ੍ਹਾਂ ਦੇ ਸਾਰੇ ਵਿਸ਼ਵਾਸ ਯਹੋਵਾਹ ਦੇ ਬਚਨ ’ਤੇ ਆਧਾਰਿਤ ਹੁੰਦੇ ਹਨ।​—3 ਯੂਹੰ. 3, 4.

12. ਜਦੋਂ ਪ੍ਰਬੰਧਕ ਸਭਾ ਨੂੰ ਕਿਸੇ ਗੱਲ ਦੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਲੱਗਦੀ ਹੈ, ਤਾਂ ਉਹ ਕੀ ਕਰਦੀ ਹੈ ਅਤੇ ਕਿਉਂ?

12 ਯਹੋਵਾਹ ਦੇ ਗਵਾਹ ਇਹ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਨੂੰ ਹਮੇਸ਼ਾ ਬਾਈਬਲ ਦੀਆਂ ਸਾਰੀਆਂ ਗੱਲਾਂ ਦੀ ਪੂਰੀ ਸਮਝ ਹੁੰਦੀ ਹੈ। ਇਸ ਗੱਲ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿ ਕਈ ਵਾਰ ਸਾਡੇ ਤੋਂ ਵੀ ਬਾਈਬਲ ਦੀਆਂ ਸਿੱਖਿਆਵਾਂ ਸਮਝਾਉਣ ਜਾਂ ਮੰਡਲੀਆਂ ਨੂੰ ਸੰਗਠਿਤ ਕਰਨ ਵਿਚ ਗ਼ਲਤੀ ਹੁੰਦੀ ਹੈ। ਪਰਮੇਸ਼ੁਰ ਦੇ ਬਚਨ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਸਮੇਂ ਦੇ ਬੀਤਣ ਨਾਲ ਸੱਚਾਈ ਬਾਰੇ ਸਹੀ ਸਮਝ ਵਧੇਗੀ। (ਕੁਲੁ. 1:9, 10) ਯਹੋਵਾਹ ਸੱਚਾਈ ਬਾਰੇ ਹੌਲੀ-ਹੌਲੀ ਦੱਸਦਾ ਹੈ। ਇਸ ਲਈ ਅਸੀਂ ਧੀਰਜ ਰੱਖਦੇ ਹੋਏ ਸੱਚਾਈ ਦੇ ਚਾਨਣ ਦੇ ਵਧਣ ਦੀ ਉਡੀਕ ਕਰਦੇ ਹਾਂ। (ਕਹਾ. 4:18) ਜਦੋਂ ਪ੍ਰਬੰਧਕ ਸਭਾ ਨੂੰ ਲੱਗਦਾ ਹੈ ਕਿ ਕਿਸੇ ਗੱਲ ਦੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਤੁਰੰਤ ਇਹ ਸੁਧਾਰ ਕਰਦੀ ਹੈ। ਅੱਜ ਬਹੁਤ ਸਾਰੇ ਚਰਚ ਆਪਣੀਆਂ ਸਿੱਖਿਆਵਾਂ ਇਸ ਲਈ ਬਦਲਦੇ ਹਨ ਤਾਂਕਿ ਉਹ ਆਪਣੇ ਚਰਚ ਦੇ ਮੈਂਬਰਾਂ ਜਾਂ ਦੁਨੀਆਂ ਦੇ ਲੋਕਾਂ ਨੂੰ ਖ਼ੁਸ਼ ਕਰ ਸਕਣ। ਪਰ ਯਹੋਵਾਹ ਦੇ ਗਵਾਹ ਆਪਣੀ ਸਮਝ ਵਿਚ ਇਸ ਲਈ ਸੁਧਾਰ ਕਰਦੇ ਹਨ ਤਾਂਕਿ ਉਹ ਪਰਮੇਸ਼ੁਰ ਦੇ ਹੋਰ ਨੇੜੇ ਜਾ ਸਕਣ ਅਤੇ ਯਿਸੂ ਵਾਂਗ ਪਰਮੇਸ਼ੁਰ ਦੀ ਭਗਤੀ ਕਰਦੇ ਰਹਿ ਸਕਣ। (ਯਾਕੂ. 4:4) ਅਸੀਂ ਦੁਨੀਆਂ ਦੇ ਲੋਕਾਂ ਦੀ ਸੋਚ ਬਦਲਣ ਕਰਕੇ ਆਪਣੀ ਸਮਝ ਵਿਚ ਸੁਧਾਰ ਨਹੀਂ ਕਰਦੇ, ਸਗੋਂ ਪਰਮੇਸ਼ੁਰ ਦੇ ਬਚਨ ਦੀ ਸਹੀ ਸਮਝ ਹਾਸਲ ਹੋਣ ਕਰਕੇ ਕਰਦੇ ਹਾਂ। ਅਸੀਂ ਸੱਚਾਈ ਨੂੰ ਬਹੁਤ ਅਹਿਮੀਅਤ ਦਿੰਦੇ ਹਾਂ।​—1 ਥੱਸ. 2:3, 4.

ਅਸੀਂ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰਦੇ ਹਾਂ

13. (ੳ) ਪਹਿਲੀ ਸਦੀ ਦੇ ਮਸੀਹੀਆਂ ਵਿਚ ਸਭ ਤੋਂ ਖ਼ਾਸ ਗੁਣ ਕਿਹੜਾ ਸੀ? (ਅ) ਕਿਵੇਂ ਪਤਾ ਲੱਗਦਾ ਹੈ ਕਿ ਅੱਜ ਯਹੋਵਾਹ ਦੇ ਗਵਾਹਾਂ ਵਿਚ ਵੀ ਉਹੀ ਗੁਣ ਹੈ?

13 ਪਹਿਲੀ ਸਦੀ ਦੇ ਮਸੀਹੀਆਂ ਵਿਚ ਬਹੁਤ ਸਾਰੇ ਚੰਗੇ ਗੁਣ ਸਨ। ਪਰ ਸਭ ਤੋਂ ਖ਼ਾਸ ਗੁਣ ਸੀ, ਪਿਆਰ। ਯਿਸੂ ਨੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:34, 35) ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਵਿਚ ਪਿਆਰ ਅਤੇ ਏਕਤਾ ਹੈ। ਭਾਵੇਂ ਕਿ ਉਹ ਵੱਖੋ-ਵੱਖਰੇ ਦੇਸ਼ਾਂ ਅਤੇ ਸਭਿਆਚਾਰ ਤੋਂ ਹਨ, ਫਿਰ ਵੀ ਉਹ ਇਕ ਪਰਿਵਾਰ ਵਾਂਗ ਹਨ। ਮੀਟਿੰਗਾਂ ਅਤੇ ਸੰਮੇਲਨਾਂ ਵਿਚ ਸਾਨੂੰ ਸੱਚੇ ਪਿਆਰ ਦਾ ਸਬੂਤ ਸਾਫ਼-ਸਾਫ਼ ਦੇਖਣ ਨੂੰ ਮਿਲਦਾ ਹੈ। ਇਸ ਤੋਂ ਸਾਡਾ ਭਰੋਸਾ ਹੋਰ ਵੀ ਵਧਦਾ ਹੈ ਕਿ ਉਹ ਸਹੀ ਢੰਗ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ।

14. ਕੁਲੁੱਸੀਆਂ 3:12-14 ਮੁਤਾਬਕ ਕਿਹੜੇ ਕੁਝ ਤਰੀਕਿਆਂ ਨਾਲ ਅਸੀਂ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰ ਸਕਦੇ ਹਾਂ?

14 ਬਾਈਬਲ ਸਾਨੂੰ ਕਹਿੰਦੀ ਹੈ: “ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ।” (1 ਪਤ. 4:8) ਇਹ ਪਿਆਰ ਜ਼ਾਹਰ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੀਏ ਅਤੇ ਇਕ-ਦੂਜੇ ਦੀ ਸਹਿੰਦੇ ਰਹੀਏ। ਦੂਸਰਾ ਤਰੀਕਾ ਹੈ ਕਿ ਅਸੀਂ ਮੰਡਲੀ ਵਿਚ ਸਾਰਿਆਂ ਨੂੰ ਖੁੱਲ੍ਹ-ਦਿਲੀ ਦਿਖਾਈਏ ਅਤੇ ਪਰਾਹੁਣਚਾਰੀ ਕਰੀਏ, ਉਨ੍ਹਾਂ ਦੀ ਵੀ ਜਿਨ੍ਹਾਂ ਨੇ ਸਾਨੂੰ ਨਾਰਾਜ਼ ਕੀਤਾ ਹੈ। (ਕੁਲੁੱਸੀਆਂ 3:12-14 ਪੜ੍ਹੋ।) ਸਾਡਾ ਆਪਸੀ ਪਿਆਰ ਹੀ ਸੱਚੇ ਮਸੀਹੀ ਹੋਣ ਦੀ ਪਛਾਣ ਹੈ।

“ਇਕ ਹੀ ਨਿਹਚਾ”

15. ਅਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਦੇ ਹਾਂ?

15 ਅਸੀਂ ਭਗਤੀ ਸੰਬੰਧੀ ਹੋਰ ਮਾਮਲਿਆਂ ਵਿਚ ਵੀ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਦੇ ਹਾਂ। ਉਦਾਹਰਣ ਲਈ, ਅਸੀਂ ਉਸੇ ਤਰ੍ਹਾਂ ਸੰਗਠਿਤ ਹਾਂ ਜਿਸ ਤਰ੍ਹਾਂ ਉਹ ਸੰਗਠਿਤ ਸਨ। ਪਹਿਲੀ ਸਦੀ ਵਾਂਗ ਅੱਜ ਵੀ ਸਰਕਟ ਓਵਰਸੀਅਰ, ਬਜ਼ੁਰਗ ਅਤੇ ਸਹਾਇਕ ਸੇਵਕ ਹੁੰਦੇ ਹਨ। (ਫ਼ਿਲਿ. 1:1; ਤੀਤੁ. 1:5) ਪਹਿਲੀ ਸਦੀ ਦੇ ਮਸੀਹੀ ਸਰੀਰਕ ਸੰਬੰਧ, ਵਿਆਹ ਅਤੇ ਖ਼ੂਨ ਦੀ ਵਰਤੋਂ ਬਾਰੇ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਕਾਨੂੰਨਾਂ ਨੂੰ ਮੰਨਦੇ ਸਨ। ਅੱਜ ਅਸੀਂ ਵੀ ਇਨ੍ਹਾਂ ਕਾਨੂੰਨਾਂ ਨੂੰ ਮੰਨਦੇ ਹਾਂ। ਅਸੀਂ ਅਜਿਹੇ ਲੋਕਾਂ ਨੂੰ ਮੰਡਲੀ ਤੋਂ ਦੂਰ ਰੱਖਦੇ ਹਾਂ ਜੋ ਪਰਮੇਸ਼ੁਰ ਦਾ ਕਾਨੂੰਨ ਮੰਨਣ ਤੋਂ ਇਨਕਾਰ ਕਰਦੇ ਹਨ।​—ਰਸੂ. 15:28, 29; 1 ਕੁਰਿੰ. 5:11-13; 6:9, 10; ਇਬ. 13:4.

16. ਅਫ਼ਸੀਆਂ 4:4-6 ਤੋਂ ਅਸੀਂ ਕਿਹੜੀ ਗੱਲ ਸਿੱਖਦੇ ਹਾਂ?

16 ਯਿਸੂ ਨੇ ਕਿਹਾ ਸੀ ਕਿ ਬਹੁਤ ਸਾਰੇ ਲੋਕ ਉਸ ਦੇ ਚੇਲੇ ਹੋਣ ਦਾ ਦਾਅਵਾ ਤਾਂ ਕਰਨਗੇ, ਪਰ ਉਹ ਅਸਲ ਵਿਚ ਨਹੀਂ ਹੋਣਗੇ। (ਮੱਤੀ 7:21-23) ਆਖ਼ਰੀ ਦਿਨਾਂ ਬਾਰੇ ਭਵਿੱਖਬਾਣੀ ਕੀਤੀ ਗਈ ਹੈ ਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਦੀ ‘ਭਗਤੀ ਕਰਨ ਦਾ ਦਿਖਾਵਾ’ ਕਰਨਗੇ। (2 ਤਿਮੋ. 3:1, 5) ਪਰ ਬਾਈਬਲ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਸਿਰਫ਼ “ਇਕ ਹੀ ਨਿਹਚਾ” ਹੈ, ਜਿਸ ਨੂੰ ਪਰਮੇਸ਼ੁਰ ਮਨਜ਼ੂਰ ਕਰਦਾ ਹੈ।​—ਅਫ਼ਸੀਆਂ 4:4-6 ਪੜ੍ਹੋ।

17. ਅੱਜ ਕਿਹੜੇ ਲੋਕ ਇਕ ਹੀ ਨਿਹਚਾ ਮੁਤਾਬਕ ਚੱਲਦੇ ਹਨ?

17 ਅੱਜ ਇਕ ਹੀ ਨਿਹਚਾ ਮੁਤਾਬਕ ਚੱਲਣ ਵਾਲੇ ਲੋਕ ਕਿਹੜੇ ਹਨ? ਯਹੋਵਾਹ ਦੇ ਗਵਾਹ। ਇਸ ਲੇਖ ਵਿਚ ਅਸੀਂ ਸਬੂਤ ਦੇਖੇ ਕਿ ਯਿਸੂ ਅਤੇ ਪਹਿਲੀ ਸਦੀ ਦੇ ਮਸੀਹੀ ਜਿਸ ਤਰ੍ਹਾਂ ਭਗਤੀ ਕਰਦੇ ਸਨ, ਯਹੋਵਾਹ ਦੇ ਗਵਾਹ ਵੀ ਅੱਜ ਬਿਲਕੁਲ ਉਸੇ ਤਰ੍ਹਾਂ ਭਗਤੀ ਕਰਦੇ ਹਨ। ਸਾਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਸਾਨੂੰ ਯਹੋਵਾਹ ਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਪਤਾ ਹੈ। ਇਸ ਲਈ ਆਓ ਅਸੀਂ ਪੱਕਾ ਭਰੋਸਾ ਰੱਖੀਏ ਅਤੇ ਸੱਚਾਈ ਨੂੰ ਘੁੱਟ ਕੇ ਫੜੀ ਰੱਖੀਏ।

ਗੀਤ 7 ਯਹੋਵਾਹ ਸਾਡਾ ਬਲ

^ ਪੈਰਾ 5 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਸੱਚੀ ਭਗਤੀ ਕਿਵੇਂ ਕੀਤੀ। ਅਸੀਂ ਇਹ ਵੀ ਦੇਖਾਂਗੇ ਕਿ ਪਹਿਲੀ ਸਦੀ ਦੇ ਮਸੀਹੀ ਉਸ ਦੀ ਮਿਸਾਲ ’ਤੇ ਕਿਵੇਂ ਚੱਲੇ ਅਤੇ ਅੱਜ ਯਹੋਵਾਹ ਦੇ ਗਵਾਹ ਵੀ ਉਸੇ ਤਰੀਕੇ ਨਾਲ ਭਗਤੀ ਕਿਵੇਂ ਕਰਦੇ ਹਨ।

^ ਪੈਰਾ 9 ਜਨਵਰੀ-ਮਾਰਚ 2011 ਦੇ ਪਹਿਰਾਬੁਰਜ ਦੇ ਸਫ਼ੇ 18 ’ਤੇ “ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਰੱਬ ਦਾ ਨਾਂ ਵਰਤਿਆ ਸੀ?” ਨਾਂ ਦੀ ਡੱਬੀ ਦੇਖੋ।

^ ਪੈਰਾ 10 ਉਦਾਹਰਣ ਲਈ, 2008 ਵਿਚ ਪੋਪ ਬੈਨੇਡਿਕਟ 16ਵੇਂ ਨੇ ਕਿਹਾ ਕਿ ਕੈਥੋਲਿਕ ਧਾਰਮਿਕ ਸਭਾਵਾਂ ਦੌਰਾਨ ਭਜਨਾਂ ਅਤੇ ਪ੍ਰਾਰਥਨਾਵਾਂ ਵਿਚ ਪਰਮੇਸ਼ੁਰ ਦਾ ਨਾਮ “ਨਾ ਤਾਂ ਵਰਤਿਆ ਜਾਵੇ ਅਤੇ ਨਾ ਹੀ ਲਿਆ ਜਾਵੇ।”

^ ਪੈਰਾ 63 ਤਸਵੀਰ ਬਾਰੇ ਜਾਣਕਾਰੀ: ਯਹੋਵਾਹ ਦੇ ਗਵਾਹਾਂ ਨੇ ਨਵੀਂ ਦੁਨੀਆਂ ਅਨੁਵਾਦ ਦਾ 200 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ ਤਾਂਕਿ ਲੋਕ ਆਪਣੀ ਭਾਸ਼ਾ ਵਿਚ ਇਸ ਨੂੰ ਪੜ੍ਹ ਸਕਣ। ਇਸ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਗਿਆ ਹੈ।