Skip to content

Skip to table of contents

1921​—ਸੌ ਸਾਲ ਪਹਿਲਾਂ

1921​—ਸੌ ਸਾਲ ਪਹਿਲਾਂ

1 ਜਨਵਰੀ 1921 ਦੇ ਪਹਿਰਾਬੁਰਜ ਵਿਚ ਬਾਈਬਲ ਵਿਦਿਆਰਥੀਆਂ ਨੂੰ ਇਕ ਸਵਾਲ ਪੁੱਛਿਆ ਗਿਆ, “ਇਸ ਸਾਲ ਅਸੀਂ ਕਿਹੜਾ ਕੰਮ ਕਰਨਾ ਹੈ?” ਸਵਾਲ ਤੋਂ ਬਾਅਦ ਯਸਾਯਾਹ 61:1, 2 ਲਿਖਿਆ ਗਿਆ ਸੀ, “ਯਹੋਵਾਹ ਨੇ ਮੈਨੂੰ ਚੁਣਿਆ ਹੈ ਕਿ ਮੈਂ ਹਲੀਮ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ। . . . ਯਹੋਵਾਹ ਦੀ ਮਿਹਰ ਪਾਉਣ ਦੇ ਵਰ੍ਹੇ ਦਾ ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਐਲਾਨ ਕਰਾਂ।” ਇਸ ਆਇਤ ਤੋਂ ਉਨ੍ਹਾਂ ਨੂੰ ਯਾਦ ਕਰਾਇਆ ਗਿਆ ਕਿ ਉਨ੍ਹਾਂ ਨੇ ਪ੍ਰਚਾਰ ਦਾ ਕੰਮ ਕਰਨਾ ਹੈ।

ਦਲੇਰ ਪ੍ਰਚਾਰਕ

ਪ੍ਰਚਾਰ ਕਰਨ ਲਈ ਬਾਈਬਲ ਵਿਦਿਆਰਥੀਆਂ ਨੂੰ ਦਲੇਰ ਬਣਨ ਦੀ ਲੋੜ ਸੀ। ਉਨ੍ਹਾਂ ਨੇ ਹਲੀਮ ਲੋਕਾਂ ਨੂੰ “ਖ਼ੁਸ਼ ਖ਼ਬਰੀ” ਸੁਣਾਉਣ ਦੇ ਨਾਲ-ਨਾਲ ਦੁਸ਼ਟ ਲੋਕਾਂ ਨੂੰ “ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ” ਬਾਰੇ ਵੀ ਦੱਸਣਾ ਸੀ।

ਕੈਨੇਡਾ ਵਿਚ ਰਹਿਣ ਵਾਲੇ ਭਰਾ ਜੇ. ਐੱਚ. ਹੌਸਕਨ ਨੇ ਵਿਰੋਧ ਦੇ ਬਾਵਜੂਦ ਵੀ ਬੜੀ ਦਲੇਰੀ ਨਾਲ ਪ੍ਰਚਾਰ ਕੀਤਾ। 1921 ਵਿਚ ਉਨ੍ਹਾਂ ਦੀ ਮੁਲਾਕਾਤ ਇਕ ਪਾਦਰੀ ਨਾਲ ਹੋਈ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਭਰਾ ਨੇ ਉਸ ਨੂੰ ਕਿਹਾ: “ਬਾਈਬਲ ਤੋਂ ਗੱਲ ਕਰਦੇ ਹੋਏ ਸਾਨੂੰ ਬਹਿਸ ਨਹੀਂ ਕਰਨੀ ਚਾਹੀਦੀ। ਸਾਨੂੰ ਆਰਾਮ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਅਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਹਾਂ, ਤਾਂ ਸਾਨੂੰ ਸ਼ਾਂਤੀ ਨਾਲ ਗੱਲਬਾਤ ਬੰਦ ਕਰ ਦੇਣੀ ਚਾਹੀਦੀ ਹੈ।” ਪਰ ਇੱਦਾਂ ਨਹੀਂ ਹੋਇਆ। ਭਰਾ ਨੇ ਅੱਗੇ ਦੱਸਿਆ: “ਕੁਝ ਹੀ ਮਿੰਟਾਂ ਵਿਚ ਪਾਦਰੀ ਨੇ ਇੰਨੇ ਜ਼ੋਰ ਨਾਲ ਦਰਵਾਜ਼ੇ ’ਤੇ ਮਾਰਿਆ ਕਿ ਮੈਨੂੰ ਲੱਗਾ ਕਿ ਦਰਵਾਜ਼ੇ ਦਾ ਸ਼ੀਸ਼ਾ ਹੀ ਟੁੱਟ ਜਾਵੇਗਾ।”

ਪਾਦਰੀ ਨੇ ਰੌਲ਼ਾ ਪਾਉਂਦਿਆਂ ਕਿਹਾ: “ਜਾਓ, ਉਨ੍ਹਾਂ ਲੋਕਾਂ ਨਾਲ ਗੱਲਾਂ ਕਰੋ ਜੋ ਈਸਾਈ ਨਹੀਂ ਹਨ।” ਭਰਾ ਹੌਸਕਨ ਦੇ ਮਨ ਵਿਚ ਆਇਆ ਕਿ ਉਹ ਕਹੇ ਕਿ “ਤੂੰ ਕਿਹੜਾ ਈਸਾਈ ਹੈਂ? ਤੇਰੀਆਂ ਗੱਲਾਂ ਤੋਂ ਤਾਂ ਨਹੀਂ ਲੱਗਦਾ।” ਪਰ ਭਰਾ ਨੇ ਅਜਿਹਾ ਕੁਝ ਨਹੀਂ ਕਿਹਾ।

ਅਗਲੇ ਦਿਨ ਪਾਦਰੀ ਨੇ ਚਰਚ ਵਿਚ ਇਕ ਭਾਸ਼ਣ ਦਿੱਤਾ ਅਤੇ ਭਰਾ ਬਾਰੇ ਬੁਰਾ-ਭਲਾ ਕਿਹਾ। ਭਰਾ ਹੌਸਕਨ ਨੇ ਦੱਸਿਆ: “ਪਾਦਰੀ ਨੇ ਚਰਚ ਦੇ ਲੋਕਾਂ ਨੂੰ ਮੇਰੇ ਬਾਰੇ ਕਿਹਾ ਕਿ ਮੈਂ ਸ਼ਹਿਰ ਦਾ ਸਭ ਤੋਂ ਵੱਡਾ ਝੂਠਾ ਹਾਂ ਅਤੇ ਮੈਨੂੰ ਮਾਰ ਦੇਣਾ ਚਾਹੀਦਾ ਹੈ।” ਪਰ ਭਰਾ ਡਰਿਆ ਨਹੀਂ। ਉਹ ਪ੍ਰਚਾਰ ਕਰਦਾ ਰਿਹਾ ਅਤੇ ਕਈ ਲੋਕਾਂ ਨਾਲ ਉਸ ਦੀ ਚੰਗੀ ਗੱਲਬਾਤ ਹੋਈ। ਉਸ ਨੇ ਦੱਸਿਆ: “ਮੈਨੂੰ ਸ਼ਹਿਰ ਵਿਚ ਪ੍ਰਚਾਰ ਕਰ ਕੇ ਬੜਾ ਮਜ਼ਾ ਆਇਆ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ‘ਤੁਸੀਂ ਪਰਮੇਸ਼ੁਰ ਦਾ ਕੰਮ ਕਰ ਰਹੇ ਹੋ।’ ਉਹ ਮੈਨੂੰ ਜ਼ਰੂਰਤ ਦੀਆਂ ਚੀਜ਼ਾਂ ਦੇਣ ਲਈ ਵੀ ਤਿਆਰ ਸਨ।”

ਅਧਿਐਨ ਕਰਨ ਲਈ ਲੜੀਵਾਰ ਲੇਖ

ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਬਾਈਬਲ ਵਿਦਿਆਰਥੀਆਂ ਨੇ ਦ ਗੋਲਡਨ ਏਜ * ਰਸਾਲੇ ਵਿਚ ਕੁਝ ਲੜੀਵਾਰ ਲੇਖ ਛਾਪੇ, ਜਿਵੇਂ ਕਿ “ਬੱਚਿਆਂ ਅਤੇ ਨੌਜਵਾਨਾਂ ਨਾਲ ਬਾਈਬਲ ਅਧਿਐਨ।” ਇਸ ਲੜੀ ਵਿਚ ਕੁਝ ਸਵਾਲ-ਜਵਾਬ ਦਿੱਤੇ ਗਏ ਸਨ। ਮੰਮੀ-ਡੈਡੀ ਆਪਣੇ ਬੱਚਿਆਂ ਨੂੰ ਸਵਾਲ ਪੁੱਛਦੇ ਸਨ ਅਤੇ ਉਨ੍ਹਾਂ ਦੇ ਜਵਾਬ ਲੱਭਣ ਵਿਚ ਮਦਦ ਕਰਦੇ ਸਨ। ਕੁਝ ਸਵਾਲਾਂ ਨਾਲ ਉਹ ਬਾਈਬਲ ਦੀਆਂ ਛੋਟੀਆਂ-ਮੋਟੀਆਂ ਗੱਲਾਂ ਜਾਣ ਪਾਉਂਦੇ ਸਨ, ਜਿਵੇਂ ਕਿ “ਬਾਈਬਲ ਵਿਚ ਕਿੰਨੀਆਂ ਕਿਤਾਬਾਂ ਹਨ?” ਨੌਜਵਾਨਾਂ ਨੂੰ ਦਲੇਰ ਪ੍ਰਚਾਰਕ ਬਣਾਉਣ ਲਈ ਕੁਝ ਅਜਿਹੇ ਸਵਾਲ ਦਿੱਤੇ ਗਏ ਸਨ, ਜਿਵੇਂ ਕਿ “ਕੀ ਸਾਰੇ ਮਸੀਹੀਆਂ ’ਤੇ ਜ਼ੁਲਮ ਕੀਤੇ ਜਾਣਗੇ?”

ਜਿਨ੍ਹਾਂ ਬਾਈਬਲ ਵਿਦਿਆਰਥੀਆਂ ਨੂੰ ਬਾਈਬਲ ਦੀ ਜ਼ਿਆਦਾ ਸਮਝ ਸੀ, ਉਨ੍ਹਾਂ ਲਈ ਗੋਲਡਨ ਏਜ ਰਸਾਲੇ ਵਿਚ ਹੋਰ ਲੜੀਵਾਰ ਲੇਖ ਛਾਪੇ ਗਏ ਸਨ। ਇਨ੍ਹਾਂ ਲੜੀਵਾਰ ਲੇਖਾਂ ਦੇ ਸਵਾਲਾਂ ਦੇ ਜਵਾਬ ਸ਼ਾਸਤਰ ਦਾ ਅਧਿਐਨ ਕਿਤਾਬ ਦੇ ਪਹਿਲੇ ਖੰਡ ਵਿਚ ਦਿੱਤੇ ਗਏ ਸਨ। ਇਨ੍ਹਾਂ ਲੜੀਵਾਰ ਲੇਖਾਂ ਤੋਂ ਹਜ਼ਾਰਾਂ ਲੋਕਾਂ ਨੂੰ ਫ਼ਾਇਦਾ ਹੋਇਆ। ਪਰ 21 ਦਸੰਬਰ 1921 ਦੇ ਗੋਲਡਨ ਏਜ ਰਸਾਲੇ ਵਿਚ ਦੱਸਿਆ ਗਿਆ ਸੀ ਕਿ ਹੁਣ ਤੋਂ ਇਹ ਦੋਨੋ ਲੜੀਵਾਰ ਲੇਖਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਪਰ ਉਹ ਕਿਉਂ?

ਇਕ ਨਵੀਂ ਕਿਤਾਬ!

ਪਰਮੇਸ਼ੁਰ ਦੀ ਬਰਬਤ ਕਿਤਾਬ

ਕਾਰਡ ਜਿਸ ’ਤੇ ਲਿਖਿਆ ਸੀ ਕਿ ਕਿੰਨੇ ਸਫ਼ੇ ਪੜ੍ਹਨੇ ਸਨ

ਸਵਾਲਾਂ ਦੇ ਕਾਰਡ

ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਅਹਿਸਾਸ ਹੋਇਆ ਕਿ ਨਵੇਂ ਬਾਈਬਲ ਵਿਦਿਆਰਥੀਆਂ ਨੂੰ ਇਕ-ਇਕ ਕਰ ਕੇ ਬਾਈਬਲ ਦੇ ਵਿਸ਼ਿਆਂ ਬਾਰੇ ਸਿੱਖਣਾ ਚਾਹੀਦਾ ਹੈ। ਇਸ ਲਈ ਨਵੰਬਰ 1921 ਵਿਚ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਕਿਤਾਬ ਛਾਪੀ ਗਈ। ਜੋ ਵੀ ਇਸ ਕਿਤਾਬ ਨੂੰ ਲੈਂਦਾ ਸੀ, ਉਸ ਨੂੰ ਇਕ ਕੋਰਸ ਵਿਚ ਸ਼ਾਮਲ ਕੀਤਾ ਜਾਂਦਾ ਸੀ। ਇਸ ਰਾਹੀਂ ਉਹ ਖ਼ੁਦ ਸਟੱਡੀ ਕਰ ਸਕਦਾ ਸੀ ਅਤੇ ਸਮਝ ਸਕਦਾ ਸੀ ਕਿ “ਪਰਮੇਸ਼ੁਰ ਇਸ ਸੋਹਣੀ ਧਰਤੀ ’ਤੇ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।” ਇਹ ਕੋਰਸ ਕਿਵੇਂ ਕਰਾਇਆ ਜਾਂਦਾ ਸੀ?

ਜਦੋਂ ਇਕ ਵਿਅਕਤੀ ਉਹ ਕਿਤਾਬ ਲੈਂਦਾ ਸੀ, ਤਾਂ ਉਸ ਨੂੰ ਇਕ ਛੋਟਾ ਜਿਹਾ ਕਾਰਡ ਦਿੱਤਾ ਜਾਂਦਾ ਸੀ। ਉਸ ਕਾਰਡ ਵਿਚ ਲਿਖਿਆ ਹੁੰਦਾ ਸੀ ਕਿ ਉਸ ਨੇ ਕਿੰਨੇ ਸਫ਼ੇ ਪੜ੍ਹਨੇ ਸਨ। ਅਗਲੇ ਹਫ਼ਤੇ ਉਸ ਨੂੰ ਇਕ ਹੋਰ ਕਾਰਡ ਦਿੱਤਾ ਜਾਂਦਾ ਸੀ। ਉਸ ਕਾਰਡ ਵਿਚ ਉਸ ਨੇ ਜਿੰਨਾ ਪੜ੍ਹਿਆ ਹੁੰਦਾ ਸੀ, ਉਸ ਮੁਤਾਬਕ ਸਵਾਲ ਪੁੱਛੇ ਜਾਂਦੇ ਸਨ। ਉਸ ਵਿਚ ਇਹ ਵੀ ਲਿਖਿਆ ਹੁੰਦਾ ਸੀ ਕਿ ਉਸ ਨੇ ਅਗਲੇ ਹਫ਼ਤੇ ਕਿੰਨੇ ਸਫ਼ੇ ਪੜ੍ਹਨੇ ਸਨ। ਇੱਦਾਂ 12 ਹਫ਼ਤਿਆਂ ਤਕ ਕੀਤਾ ਜਾਂਦਾ ਸੀ।

ਇਹ ਕਾਰਡ ਉਨ੍ਹਾਂ ਨੂੰ ਡਾਕ ਰਾਹੀਂ ਮਿਲਦੇ ਸਨ। ਇਹ ਕਾਰਡ ਅਕਸਰ ਮੰਡਲੀ ਦੇ ਅਜਿਹੇ ਭੈਣ-ਭਰਾ ਭੇਜਦੇ ਸਨ ਜੋ ਸਿਆਣੀ ਉਮਰ ਦੇ ਸਨ ਜਾਂ ਜੋ ਘਰ-ਘਰ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਸਨ। ਅਮਰੀਕਾ ਵਿਚ ਰਹਿਣ ਵਾਲੀ ਐਨਾ ਕੇ. ਗਾਰਡਨਰ ਨੇ ਆਪਣੀ ਭੈਣ ਬਾਰੇ ਦੱਸਿਆ: “ਮੇਰੀ ਭੈਣ ਥੇਲ ਲਈ ਤੁਰਨਾ-ਫਿਰਨਾ ਔਖਾ ਸੀ। ਜਦੋਂ ਇਹ ਨਵੀਂ ਕਿਤਾਬ ਆਈ, ਤਾਂ ਉਸ ਕੋਲ ਵੀ ਕਰਨ ਲਈ ਬਹੁਤ ਕੰਮ ਸੀ। ਉਹ ਹਰ ਹਫ਼ਤੇ ਸਵਾਲਾਂ ਦੇ ਕਾਰਡ ਭੇਜਦੀ ਹੁੰਦੀ ਸੀ।” ਜਦੋਂ ਇਹ ਕੋਰਸ ਖ਼ਤਮ ਹੁੰਦਾ ਸੀ, ਤਾਂ ਕੋਈ ਭੈਣ-ਭਰਾ ਵਿਦਿਆਰਥੀ ਨੂੰ ਮਿਲਣ ਜਾਂਦਾ ਸੀ ਅਤੇ ਉਸ ਨੂੰ ਬਾਈਬਲ ਬਾਰੇ ਹੋਰ ਸਿਖਾਉਂਦਾ ਸੀ।

ਏ. ਥੇਲ ਗਾਰਡਨਰ ਆਪਣੀ ਵ੍ਹੀਲ-ਚੇਅਰ ’ਤੇ

ਹੋਰ ਵੀ ਕੰਮ ਬਾਕੀ ਹੈ

1921 ਦੇ ਅਖ਼ੀਰ ਵਿਚ ਭਰਾ ਜੇ. ਐੱਫ਼. ਰਦਰਫ਼ਰਡ ਨੇ ਸਾਰੀਆਂ ਮੰਡਲੀਆਂ ਨੂੰ ਇਕ ਚਿੱਠੀ ਲਿਖੀ। ਉਸ ਚਿੱਠੀ ਵਿਚ ਭਰਾ ਨੇ ਦੱਸਿਆ: “ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਹੋਰ ਵੀ ਜ਼ਿਆਦਾ ਲੋਕਾਂ ਨੂੰ ਖ਼ੁਸ਼-ਖ਼ਬਰੀ ਸੁਣਾਈ ਗਈ। ਪਰ ਹਾਲੇ ਹੋਰ ਵੀ ਕੰਮ ਬਾਕੀ ਹੈ। ਇਸ ਲਈ ਦੂਜਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਸ ਵਧੀਆ ਕੰਮ ਵਿਚ ਹਿੱਸਾ ਲੈਣ।” ਬਾਈਬਲ ਵਿਦਿਆਰਥੀਆਂ ਨੇ ਭਰਾ ਦੀ ਇਹ ਗੱਲ ਮੰਨੀ। ਨਾਲੇ ਅਗਲੇ ਸਾਲ 1922 ਵਿਚ ਉਨ੍ਹਾਂ ਨੇ ਦਲੇਰੀ ਨਾਲ ਹੋਰ ਵੀ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕੀਤਾ।

^ ਪੈਰਾ 9 1937 ਵਿਚ ਦ ਗੋਲਡਨ ਏਜ ਦਾ ਨਾਂ ਬਦਲ ਕੇ ਕੌਨਸੋਲੇਸ਼ਨ ਰੱਖਿਆ ਗਿਆ ਅਤੇ 1946 ਵਿਚ ਇਸ ਦਾ ਨਾਂ ਅਵੇਕ! (ਜਾਗਰੂਕ ਬਣੋ!) ਰੱਖਿਆ ਗਿਆ।