Skip to content

Skip to table of contents

ਜੀਵਨੀ

ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ

ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ

ਬੈਥਲ ਪਰਿਵਾਰ ਦੇ ਬਹੁਤ ਸਾਰੇ ਨੌਜਵਾਨ ਮੈਨੂੰ “ਡੈਡੀ,” “ਪਾਪਾ” ਅਤੇ “ਅੰਕਲ” ਕਹਿ ਕੇ ਬੁਲਾਉਂਦੇ ਹਨ। ਮੈਂ 89 ਸਾਲਾਂ ਦਾ ਹਾਂ ਤੇ ਇੱਦਾਂ ਕਹਿ ਕੇ ਬੁਲਾਇਆ ਜਾਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਇਨ੍ਹਾਂ ਪਿਆਰ ਭਰੇ ਸ਼ਬਦਾਂ ਨੂੰ ਮੈਂ ਯਹੋਵਾਹ ਵੱਲੋਂ ਇਨਾਮ ਸਮਝਦਾ ਹਾਂ ਜੋ ਉਸ ਨੇ 72 ਸਾਲ ਦੀ ਸੇਵਾ ਬਦਲੇ ਦਿੱਤਾ ਹੈ। ਪਰਮੇਸ਼ੁਰ ਦੀ ਸੇਵਾ ਵਿਚ ਹੋਏ ਆਪਣੇ ਤਜਰਬਿਆਂ ਤੋਂ ਮੈਂ ਨੌਜਵਾਨਾਂ ਨੂੰ ਪੂਰੇ ਭਰੋਸੇ ਨਾਲ ਇਹ ਗੱਲ ਕਹਿ ਸਕਦਾ ਹਾਂ, ‘ਜੇ ਤੁਸੀਂ ਆਪਣੇ ਹੱਥ ਢਿੱਲੇ ਨਹੀਂ ਹੋਣ ਦਿਓਗੇ, ਤਾਂ ਤੁਹਾਨੂੰ ਤੁਹਾਡੇ ਕੰਮਾਂ ਦਾ ਇਨਾਮ ਜ਼ਰੂਰ ਮਿਲੇਗਾ।’​—2 ਇਤ. 15:7.

ਮੇਰੇ ਮਾਪੇ ਅਤੇ ਭੈਣ-ਭਰਾ

ਮੇਰੇ ਮਾਪੇ ਯੂਕਰੇਨ ਤੋਂ ਕੈਨੇਡਾ ਆ ਗਏ। ਉਹ ਮੈਨੀਟੋਬਾ ਪ੍ਰਾਂਤ ਦੇ ਰੋਸਬਰਨ ਕਸਬੇ ਵਿਚ ਆ ਕੇ ਵੱਸ ਗਏ। ਮੇਰੇ 7 ਭਰਾ ਤੇ 8 ਭੈਣਾਂ ਸਨ ਤੇ ਸਾਡੇ ਵਿੱਚੋਂ ਕੋਈ ਵੀ ਜੁੜਵਾਂ ਨਹੀਂ ਸੀ। ਮੇਰੇ 13 ਭੈਣ-ਭਰਾ ਮੇਰੇ ਤੋਂ ਵੱਡੇ ਸਨ। ਮੇਰੇ ਪਿਤਾ ਜੀ ਨੂੰ ਬਾਈਬਲ ਪੜ੍ਹਨੀ ਬਹੁਤ ਪਸੰਦ ਸੀ ਤੇ ਉਹ ਸਾਨੂੰ ਹਰ ਐਤਵਾਰ ਨੂੰ ਬਾਈਬਲ ਪੜ੍ਹ ਕੇ ਸੁਣਾਉਂਦੇ ਸਨ। ਪਰ ਮੇਰੇ ਪਿਤਾ ਜੀ ਨੂੰ ਲੱਗਦਾ ਸੀ ਕਿ ਧਾਰਮਿਕ ਆਗੂਆਂ ਨੂੰ ਲੋਕਾਂ ਦੀ ਮਦਦ ਕਰਨ ਦੀ ਬਜਾਇ ਲੋਕਾਂ ਕੋਲੋਂ ਪੈਸਾ ਇਕੱਠਾ ਕਰਨ ਵਿਚ ਜ਼ਿਆਦਾ ਦਿਲਚਸਪੀ ਸੀ। ਉਹ ਅਕਸਰ ਮਜ਼ਾਕ ਵਿਚ ਪੁੱਛਦੇ ਸਨ, “ਯਿਸੂ ਨੂੰ ਪ੍ਰਚਾਰ ਕਰਨ ਤੇ ਸਿਖਾਉਣ ਲਈ ਕੌਣ ਪੈਸੇ ਦਿੰਦਾ ਸੀ?”

ਮੇਰੀਆਂ ਚਾਰ ਭੈਣਾਂ ਤੇ ਚਾਰ ਭਰਾਵਾਂ ਨੇ ਸੱਚਾਈ ਸਵੀਕਾਰ ਕਰ ਲਈ। ਮੇਰੀ ਭੈਣ ਰੌਜ਼ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਸਾਨੂੰ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇਣ ਦੀ ਹੱਲਾਸ਼ੇਰੀ ਦਿੰਦੀ ਹੋਈ ਕਹਿੰਦੀ ਸੀ, “ਮੈਂ ਤੁਹਾਨੂੰ ਨਵੀਂ ਦੁਨੀਆਂ ਵਿਚ ਦੇਖਣਾ ਚਾਹੁੰਦੀ ਹਾਂ।” ਉਹ ਆਪਣੀ ਮੌਤ ਤਕ ਪਾਇਨੀਅਰਿੰਗ ਕਰਦੀ ਰਹੀ। ਮੇਰਾ ਵੱਡਾ ਭਰਾ ਟੈੱਡ ਪਹਿਲਾਂ ਨਰਕ ਦੀ ਸਿੱਖਿਆ ਦਿੰਦਾ ਸੀ। ਉਹ ਹਰੇਕ ਐਤਵਾਰ ਸਵੇਰ ਨੂੰ ਰੇਡੀਓ ਰਾਹੀਂ ਪ੍ਰਚਾਰ ਕਰਦਾ ਸੀ। ਉਹ ਆਪਣੇ ਸੁਣਨ ਵਾਲਿਆਂ ਨੂੰ ਵਾਰ-ਵਾਰ ਜ਼ੋਰਦਾਰ ਆਵਾਜ਼ ਵਿਚ ਕਹਿੰਦਾ ਸੀ ਕਿ ਪਾਪੀਆਂ ਨੂੰ ਨਰਕ ਦੀ ਅੱਗ ਵਿਚ ਹਮੇਸ਼ਾ-ਹਮੇਸ਼ਾ ਲਈ ਸਾੜਿਆ ਜਾਵੇਗਾ। ਪਰ ਬਾਅਦ ਵਿਚ ਉਹ ਯਹੋਵਾਹ ਦਾ ਵਫ਼ਾਦਾਰ ਤੇ ਜੋਸ਼ੀਲਾ ਸੇਵਕ ਬਣਿਆ।

ਪੂਰੇ ਸਮੇਂ ਦੀ ਸੇਵਾ ਦੀ ਸ਼ੁਰੂਆਤ

ਜੂਨ 1944 ਵਿਚ ਇਕ ਦਿਨ ਜਦੋਂ ਮੈਂ ਸਕੂਲੋਂ ਘਰ ਆਇਆ, ਤਾਂ ਕਮਰੇ ਵਿਚ ਮੇਜ਼ ਉੱਤੇ ਨਵੀਂ ਦੁਨੀਆਂ ਆਉਣ ਵਾਲੀ ਹੈ * (ਅੰਗ੍ਰੇਜ਼ੀ) ਨਾਂ ਦੀ ਕਿਤਾਬ ਪਈ ਹੋਈ ਸੀ। ਮੈਂ ਪਹਿਲਾ ਸਫ਼ਾ ਪੜ੍ਹਿਆ, ਫਿਰ ਦੂਜਾ ਤੇ ਫਿਰ ਮੈਂ ਆਪਣੇ ਆਪ ਨੂੰ ਪੜ੍ਹਨ ਤੋਂ ਰੋਕ ਹੀ ਨਹੀਂ ਸਕਿਆ। ਪੂਰੀ ਕਿਤਾਬ ਪੜ੍ਹਨ ਤੋਂ ਬਾਅਦ ਮੈਂ ਤੈਅ ਕਰ ਲਿਆ ਕਿ ਮੈਂ ਯਿਸੂ ਵਾਂਗ ਯਹੋਵਾਹ ਦੀ ਸੇਵਾ ਕਰਾਂਗਾ।

ਇਹ ਪੁਸਤਿਕਾ ਸਾਡੇ ਮੇਜ਼ ’ਤੇ ਕਿਵੇਂ ਆਈ? ਮੇਰੇ ਵੱਡੇ ਭਰਾ ਸਟੀਵ ਨੇ ਦੱਸਿਆ ਕਿ ਦੋ ਆਦਮੀ ਸਾਡੇ ਘਰ ਕਿਤਾਬਾਂ ਵੇਚਣ ਆਏ ਸਨ। ਉਸ ਨੇ ਕਿਹਾ, “ਇਹ ਬਹੁਤ ਸਸਤੀ ਸੀ। ਇਸ ਲਈ ਮੈਂ ਇਹ ਖ਼ਰੀਦ ਲਈ।” ਉਹ ਆਦਮੀ ਅਗਲੇ ਐਤਵਾਰ ਫਿਰ ਸਾਡੇ ਘਰ ਵਾਪਸ ਆਏ। ਉਨ੍ਹਾਂ ਨੇ ਕਿਹਾ ਕਿ ਉਹ ਯਹੋਵਾਹ ਦੇ ਗਵਾਹ ਹਨ ਤੇ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੰਦੇ ਹਨ। ਸਾਨੂੰ ਉਨ੍ਹਾਂ ਦੀ ਗੱਲ ਵਧੀਆ ਲੱਗੀ ਕਿਉਂਕਿ ਸਾਡੇ ਮਾਪਿਆਂ ਨੇ ਸਾਨੂੰ ਛੋਟੇ ਹੁੰਦਿਆਂ ਤੋਂ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਨਾ ਸਿਖਾਇਆ ਸੀ। ਉਨ੍ਹਾਂ ਦੋਨਾਂ ਆਦਮੀਆਂ ਨੇ ਸਾਨੂੰ ਇਹ ਵੀ ਦੱਸਿਆ ਕਿ ਜਲਦੀ ਹੀ ਵਿਨੀਪੈਗ ਵਿਚ ਗਵਾਹਾਂ ਦਾ ਵੱਡਾ ਸੰਮੇਲਨ ਹੋਣਾ ਸੀ। ਵਿਨੀਪੈਗ ਵਿਚ ਮੇਰੀ ਭੈਣ ਐਲਸੀ ਰਹਿੰਦੀ ਸੀ। ਇਸ ਲਈ ਮੈਂ ਸੰਮੇਲਨ ’ਤੇ ਜਾਣ ਦਾ ਫ਼ੈਸਲਾ ਕੀਤਾ।

ਵਿਨੀਪੈਗ ਲਗਭਗ 320 ਕਿਲੋਮੀਟਰ (200 ਮੀਲ) ਦੂਰ ਸੀ ਤੇ ਮੈਂ ਉੱਥੇ ਸਾਈਕਲ ’ਤੇ ਗਿਆ। ਮੈਂ ਰਸਤੇ ਵਿਚ ਕੇਲਵੁੱਡ ਨਾਂ ਦੇ ਕਸਬੇ ਵਿਚ ਰੁਕਿਆ ਜਿੱਥੇ ਉਹ ਦੋ ਗਵਾਹ ਰਹਿੰਦੇ ਸਨ ਜੋ ਸਾਡੇ ਘਰ ਆਏ ਸਨ। ਜਦੋਂ ਮੈਂ ਉੱਥੇ ਸੀ, ਤਾਂ ਮੈਂ ਸਭਾ ’ਤੇ ਗਿਆ ਅਤੇ ਮੈਨੂੰ ਪਤਾ ਲੱਗਾ ਕਿ ਮੰਡਲੀ ਕੀ ਹੁੰਦੀ ਹੈ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਯਿਸੂ ਵਾਂਗ ਹਰ ਆਦਮੀ, ਔਰਤ ਅਤੇ ਨੌਜਵਾਨ ਨੂੰ ਘਰ-ਘਰ ਪ੍ਰਚਾਰ ਕਰਨਾ ਚਾਹੀਦਾ ਹੈ।

ਵਿਨੀਪੈਗ ਵਿਚ ਮੈਂ ਆਪਣੇ ਵੱਡੇ ਭਰਾ ਜੈੱਕ ਨੂੰ ਮਿਲਿਆ ਜੋ ਉੱਤਰੀ ਆਂਟੇਰੀਓ ਤੋਂ ਵੱਡੇ ਸੰਮੇਲਨ ’ਤੇ ਆਇਆ ਸੀ। ਸੰਮੇਲਨ ਦੇ ਪਹਿਲੇ ਦਿਨ ਇਕ ਭਰਾ ਨੇ ਘੋਸ਼ਣਾ ਕੀਤੀ ਕਿ ਇਸ ਸੰਮੇਲਨ ’ਤੇ ਬਪਤਿਸਮਾ ਦਿੱਤਾ ਜਾਵੇਗਾ। ਮੈਂ ਤੇ ਜੈੱਕ ਨੇ ਇਸ ਸੰਮੇਲਨ ’ਤੇ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ। ਅਸੀਂ ਦੋਨਾਂ ਨੇ ਪੱਕਾ ਇਰਾਦਾ ਕੀਤਾ ਸੀ ਕਿ ਬਪਤਿਸਮੇ ਤੋਂ ਬਾਅਦ ਅਸੀਂ ਜਲਦੀ ਹੀ ਪਾਇਨੀਅਰਿੰਗ ਕਰਾਂਗੇ। ਜੈੱਕ ਨੇ ਤਾਂ ਸੰਮੇਲਨ ਤੋਂ ਬਾਅਦ ਹੀ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਂ 16 ਸਾਲਾਂ ਦਾ ਸੀ ਅਤੇ ਮੈਨੂੰ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕਰਨੀ ਪੈਣੀ ਸੀ। ਪਰ ਅਗਲੇ ਸਾਲ ਮੈਂ ਵੀ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਪਾਇਨੀਅਰਿੰਗ ਕਰਦਿਆਂ ਮੈਂ ਬਹੁਤ ਕੁਝ ਸਿੱਖਿਆ

ਮੈਂ ਸਟੈਨ ਨਿਕੋਲਸਨ ਨਾਲ ਮੈਨੀਟੋਬਾ ਪ੍ਰਾਂਤ ਦੇ ਸੌਰਿਸ ਕਸਬੇ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਜਲਦੀ ਪਤਾ ਲੱਗ ਗਿਆ ਕਿ ਪਾਇਨੀਅਰਿੰਗ ਕਰਨੀ ਖਾਲਾ ਜੀ ਦਾ ਵਾੜਾ ਨਹੀਂ। ਸਾਡੇ ਪੈਸੇ ਹੌਲੀ-ਹੌਲੀ ਖ਼ਤਮ ਹੋਣ ਲੱਗੇ, ਪਰ ਅਸੀਂ ਪਾਇਨੀਅਰਿੰਗ ਕਰਨੀ ਨਹੀਂ ਛੱਡੀ। ਇਕ ਵਾਰ ਸਾਰਾ ਦਿਨ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਘਰ ਵਾਪਸ ਜਾ ਰਹੇ ਸੀ ਤੇ ਸਾਨੂੰ ਭੁੱਖ ਵੀ ਅੰਤਾਂ ਦੀ ਲੱਗੀ ਸੀ, ਪਰ ਸਾਡੀ ਜੇਬ ਵਿਚ ਇਕ ਧੇਲਾ ਵੀ ਨਹੀਂ ਸੀ। ਆਪਣੇ ਘਰ ਦੇ ਦਰਵਾਜ਼ੇ ਅੱਗੇ ਖਾਣ ਦੀਆਂ ਚੀਜ਼ਾਂ ਨਾਲ ਭਰਿਆ ਬੋਰਾ ਦੇਖ ਕੇ ਸਾਨੂੰ ਬਹੁਤ ਹੈਰਾਨੀ ਹੋਈ। ਸਾਨੂੰ ਅੱਜ ਤਕ ਪਤਾ ਨਹੀਂ ਲੱਗਾ ਕਿ ਕੌਣ ਉਹ ਬੋਰਾ ਉੱਥੇ ਰੱਖ ਕੇ ਗਿਆ ਸੀ। ਉਸ ਰਾਤ ਅਸੀਂ ਰਾਜਿਆਂ ਵਾਂਗ ਖਾਧਾ। ਆਪਣੇ ਹੱਥ ਢਿੱਲੇ ਨਾ ਪੈਣ ਦੇਣ ਦਾ ਕਿੰਨਾ ਹੀ ਵਧੀਆ ਇਨਾਮ! ਉਸ ਮਹੀਨੇ ਦੇ ਅਖ਼ੀਰ ਵਿਚ ਪਹਿਲੀ ਵਾਰ ਮੇਰਾ ਭਾਰ ਇੰਨਾ ਵਧ ਗਿਆ ਸੀ।

ਕੁਝ ਮਹੀਨਿਆਂ ਬਾਅਦ ਸਾਨੂੰ ਗਿਲਬਰਟ ਪਲੇਨਜ਼ ਨਾਂ ਦੇ ਕਸਬੇ ਵਿਚ ਭੇਜਿਆ ਗਿਆ ਜੋ ਸੌਰਿਸ ਤੋਂ ਲਗਭਗ 240 ਕਿਲੋਮੀਟਰ (150 ਮੀਲ) ਦੂਰ ਸੀ। ਉਨ੍ਹਾਂ ਦਿਨਾਂ ਵਿਚ ਹਰ ਮੰਡਲੀ ਦੀ ਸਟੇਜ ’ਤੇ ਵੱਡਾ ਸਾਰਾ ਚਾਰਟ ਲੱਗਾ ਹੁੰਦਾ ਸੀ ਜਿਸ ’ਤੇ ਹਰ ਮਹੀਨੇ ਦੀ ਪ੍ਰਚਾਰ ਦੀ ਰਿਪੋਰਟ ਲਿਖੀ ਹੁੰਦੀ ਸੀ। ਜਿਸ ਮਹੀਨੇ ਭੈਣਾਂ-ਭਰਾਵਾਂ ਨੇ ਪ੍ਰਚਾਰ ਵਿਚ ਘੱਟ ਹਿੱਸਾ ਲਿਆ, ਉਸ ਮਹੀਨੇ ਮੈਂ ਭੈਣਾਂ-ਭਰਾਵਾਂ ਨੂੰ ਹੋਰ ਵਧ-ਚੜ੍ਹ ਕੇ ਪ੍ਰਚਾਰ ਵਿਚ ਹਿੱਸਾ ਲੈਣ ਲਈ ਮੰਡਲੀ ਵਿਚ ਭਾਸ਼ਣ ਦਿੱਤਾ। ਸਭਾ ਤੋਂ ਬਾਅਦ ਇਕ ਬਜ਼ੁਰਗ ਪਾਇਨੀਅਰ ਭੈਣ, ਜਿਸ ਦਾ ਪਤੀ ਸੱਚਾਈ ਵਿਚ ਨਹੀਂ ਸੀ, ਅੱਖਾਂ ਵਿਚ ਹੰਝੂ ਭਰੀ ਮੈਨੂੰ ਕਹਿਣ ਲੱਗੀ, “ਮੈਂ ਕੋਸ਼ਿਸ਼ ਕੀਤੀ, ਪਰ ਮੈਂ ਇਸ ਤੋਂ ਵਧ ਨਹੀਂ ਕਰ ਸਕੀ।” ਮੇਰੀਆਂ ਅੱਖਾਂ ਵਿਚ ਵੀ ਹੰਝੂ ਆ ਗਏ ਅਤੇ ਮੈਂ ਉਸ ਤੋਂ ਮਾਫ਼ੀ ਮੰਗੀ।

ਜੋਸ਼ੀਲੇ ਨੌਜਵਾਨ ਭਰਾਵਾਂ ਤੋਂ ਮੇਰੇ ਵਾਂਗ ਆਸਾਨੀ ਨਾਲ ਗ਼ਲਤੀਆਂ ਹੋ ਸਕਦੀਆਂ ਹਨ ਅਤੇ ਉਹ ਨਿਰਾਸ਼ ਹੋ ਸਕਦੇ ਹਨ। ਪਰ ਮੈਂ ਸਿੱਖਿਆ ਕਿ ਆਪਣੀਆਂ ਗ਼ਲਤੀਆਂ ਕਰਕੇ ਹੱਥ ਢਿੱਲੇ ਕਰਨ ਦੀ ਬਜਾਇ ਸਾਨੂੰ ਇਨ੍ਹਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਵਫ਼ਾਦਾਰੀ ਨਾਲ ਕੀਤੇ ਸਾਡੇ ਕੰਮਾਂ ਦਾ ਸਾਨੂੰ ਇਨਾਮ ਜ਼ਰੂਰ ਮਿਲੇਗਾ।

ਕਿਊਬੈੱਕ ਵਿਚ ਕਾਨੂੰਨੀ ਲੜਾਈ

21 ਸਾਲਾਂ ਦੀ ਉਮਰ ਵਿਚ ਗਿਲਿਅਡ ਸਕੂਲ ਦੀ 14ਵੀਂ ਕਲਾਸ ਵਿਚ ਜਾਣਾ ਮੇਰੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਸੀ! ਇਹ ਕਲਾਸ ਫਰਵਰੀ 1950 ਵਿਚ ਗ੍ਰੈਜੂਏਟ ਹੋਈ। ਕਲਾਸ ਦੇ ਲਗਭਗ ਇਕ-ਚੌਥਾਈ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਿਊਬੈੱਕ ਪ੍ਰਾਂਤ ਵਿਚ ਭੇਜਿਆ ਗਿਆ। ਇੱਥੇ ਫ਼੍ਰੈਂਚ ਭਾਸ਼ਾ ਬੋਲੀ ਜਾਂਦੀ ਹੈ ਅਤੇ ਗਵਾਹਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾਂਦਾ ਸੀ। ਮੈਨੂੰ ਦੇਸ਼ ਦੇ ਉੱਤਰ ਵੱਲ ਪੈਂਦੇ ਵਾਲ-ਡਿਓਰ ਕਸਬੇ ਵਿਚ ਭੇਜਿਆ ਗਿਆ ਜਿੱਥੇ ਸੋਨੇ ਦੀਆਂ ਖਾਣਾਂ ਸਨ। ਇਕ ਦਿਨ ਅਸੀਂ ਕਿੰਨੇ ਜਣੇ ਨੇੜਲੇ ਪਿੰਡ ਵਾਲ-ਸੈਨੇਵਿਲੇ ਵਿਚ ਪ੍ਰਚਾਰ ਕਰਨ ਗਏ। ਉੱਥੋਂ ਦੇ ਪਾਦਰੀ ਨੇ ਸਾਨੂੰ ਮਾਰਨ-ਕੁੱਟਣ ਦੀ ਧਮਕੀ ਦਿੱਤੀ ਅਤੇ ਸਾਨੂੰ ਉਸੇ ਵੇਲੇ ਪਿੰਡ ਛੱਡਣ ਨੂੰ ਕਿਹਾ। ਇਸ ਧਮਕੀ ਕਾਰਨ ਮੈਂ ਉਸ ’ਤੇ ਕੇਸ ਕਰ ਦਿੱਤਾ ਅਤੇ ਅਦਾਲਤ ਨੇ ਪਾਦਰੀ ਨੂੰ ਜੁਰਮਾਨਾ ਲਾ ਦਿੱਤਾ। *

ਇਹ ਅਤੇ ਇਸ ਤਰ੍ਹਾਂ ਦੇ ਕਈ ਹੋਰ ਕੇਸ “ਕਿਊਬੈੱਕ ਦੀ ਕਾਨੂੰਨੀ ਲੜਾਈ” ਦਾ ਹਿੱਸਾ ਬਣ ਗਏ। 300 ਤੋਂ ਜ਼ਿਆਦਾ ਸਾਲਾਂ ਤੋਂ ਕਿਊਬੈੱਕ ਪ੍ਰਾਂਤ ’ਤੇ ਰੋਮੀ ਕੈਥੋਲਿਕ ਚਰਚ ਦਾ ਦਬਦਬਾ ਸੀ। ਪਾਦਰੀ ਅਤੇ ਰਾਜਨੀਤਿਕ ਨੇਤਾ ਯਹੋਵਾਹ ਦੇ ਗਵਾਹਾਂ ’ਤੇ ਜ਼ੁਲਮ ਢਾਹੁੰਦੇ ਸਨ। ਇਹ ਬਹੁਤ ਔਖੀ ਘੜੀ ਸੀ ਅਤੇ ਗਵਾਹ ਸਿਰਫ਼ ਮੁੱਠੀ ਭਰ ਸਨ, ਪਰ ਅਸੀਂ ਫਿਰ ਵੀ ਆਪਣੇ ਹੱਥ ਢਿੱਲੇ ਨਹੀਂ ਪੈਣ ਦਿੱਤੇ। ਕਿਊਬੈੱਕ ਦੇ ਨੇਕਦਿਲ ਲੋਕਾਂ ਨੇ ਸੱਚਾਈ ਲਈ ਹੁੰਗਾਰਾ ਭਰਿਆ। ਮੈਨੂੰ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਸਿਖਾਉਣ ਦਾ ਸਨਮਾਨ ਮਿਲਿਆ ਜਿਨ੍ਹਾਂ ਵਿੱਚੋਂ ਕਈਆਂ ਨੇ ਸੱਚਾਈ ਸਵੀਕਾਰ ਕੀਤੀ। ਮੈਂ ਇਕ ਪੂਰੇ ਪਰਿਵਾਰ ਨੂੰ ਸਟੱਡੀ ਕਰਵਾਉਂਦਾ ਸੀ ਜਿਸ ਵਿਚ ਦਸ ਜਣੇ ਸਨ। ਪੂਰੇ ਪਰਿਵਾਰ ਨੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਦਲੇਰੀ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਕੈਥੋਲਿਕ ਚਰਚ ਛੱਡਣ ਦੀ ਹਿੰਮਤ ਮਿਲੀ। ਅਸੀਂ ਲਗਾਤਾਰ ਪ੍ਰਚਾਰ ਕਰਦੇ ਰਹੇ ਅਤੇ ਅਖ਼ੀਰ ਅਸੀਂ ਕਾਨੂੰਨੀ ਲੜਾਈ ਜਿੱਤ ਗਏ।

ਭਰਾਵਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਸਿਖਲਾਈ

1956 ਵਿਚ ਮੈਨੂੰ ਹੈਤੀ ਭੇਜਿਆ ਗਿਆ। ਜ਼ਿਆਦਾਤਰ ਨਵੇਂ ਮਿਸ਼ਨਰੀ ਟੁੱਟੀ-ਫੁੱਟੀ ਫ਼੍ਰੈਂਚ ਬੋਲਦੇ ਸਨ, ਪਰ ਫਿਰ ਵੀ ਲੋਕ ਉਨ੍ਹਾਂ ਦੀ ਗੱਲ ਸੁਣਦੇ ਸਨ। ਸਟੈਨਲੀ ਬੋਗਸ ਨਾਂ ਦਾ ਮਿਸ਼ਨਰੀ ਦੱਸਦਾ ਹੈ: “ਅਸੀਂ ਹੈਰਾਨ ਸੀ ਕਿ ਲੋਕ ਸਾਡੀ ਮਦਦ ਕਰਦੇ ਸਨ ਤਾਂਕਿ ਅਸੀਂ ਆਪਣੀ ਗੱਲ ਖੁੱਲ੍ਹ ਕੇ ਦੱਸ ਸਕੀਏ।” ਪਹਿਲਾਂ ਤਾਂ ਮੈਨੂੰ ਲੱਗਾ ਕਿ ਕਿਊਬੈੱਕ ਵਿਚ ਫ਼੍ਰੈਂਚ ਸਿੱਖੀ ਹੋਣ ਕਰਕੇ ਮੇਰੇ ਲਈ ਕੁਝ ਔਖਾ ਨਹੀਂ ਹੋਣਾ। ਪਰ ਜਲਦੀ ਹੀ ਮੈਨੂੰ ਪਤਾ ਲੱਗ ਗਿਆ ਕਿ ਉੱਥੋਂ ਦੇ ਜ਼ਿਆਦਾਤਰ ਭੈਣ-ਭਰਾ ਸਿਰਫ਼ ਹੇਸ਼ੀਅਨ ਕ੍ਰੀਓਲ ਬੋਲਦੇ ਸਨ। ਜੇ ਅਸੀਂ ਅਸਰਕਾਰੀ ਤਰੀਕੇ ਨਾਲ ਗਵਾਹੀ ਦੇਣੀ ਚਾਹੁੰਦੇ ਸੀ, ਤਾਂ ਸਾਨੂੰ ਸਾਰੇ ਮਿਸ਼ਨਰੀਆਂ ਨੂੰ ਉੱਥੋਂ ਦੀ ਭਾਸ਼ਾ ਸਿੱਖਣੀ ਪੈਣੀ ਸੀ। ਅਸੀਂ ਹੇਸ਼ੀਅਨ ਕ੍ਰੀਓਲ ਸਿੱਖੀ ਅਤੇ ਸਾਨੂੰ ਸਾਡੀ ਮਿਹਨਤ ਦਾ ਫਲ ਮਿਲਿਆ।

ਭਰਾਵਾਂ ਦੀ ਹੋਰ ਜ਼ਿਆਦਾ ਮਦਦ ਕਰਨ ਲਈ, ਸਾਨੂੰ ਪ੍ਰਬੰਧਕ ਸਭਾ ਤੋਂ ਹੇਸ਼ੀਅਨ ਕ੍ਰੀਓਲ ਭਾਸ਼ਾ ਵਿਚ ਪਹਿਰਾਬੁਰਜ ਅਤੇ ਹੋਰ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਦੀ ਇਜਾਜ਼ਤ ਮਿਲ ਗਈ। ਪੂਰੇ ਦੇਸ਼ ਵਿਚ ਸਭਾਵਾਂ ਵਿਚ ਹਾਜ਼ਰੀ ਤੇਜ਼ੀ ਨਾਲ ਵਧੀ। ਹੈਤੀ ਵਿਚ 1950 ਵਿਚ 99 ਪ੍ਰਚਾਰਕ ਸਨ, ਪਰ 1960 ਤਕ ਇਹ ਗਿਣਤੀ ਵਧ ਕੇ 800 ਤੋਂ ਵੀ ਜ਼ਿਆਦਾ ਹੋ ਗਈ। ਉਸ ਸਮੇਂ ਮੈਨੂੰ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। 1961 ਵਿਚ ਮੈਨੂੰ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਸਿਖਲਾਈ ਦੇਣ ਦਾ ਸਨਮਾਨ ਮਿਲਿਆ। ਅਸੀਂ 40 ਭਰਾਵਾਂ ਨੂੰ ਸਿਖਲਾਈ ਦਿੱਤੀ ਜੋ ਬਜ਼ੁਰਗਾਂ ਜਾਂ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਸਨ। ਜਨਵਰੀ 1962 ਵਿਚ ਵੱਡੇ ਸੰਮੇਲਨ ’ਤੇ ਅਸੀਂ ਉੱਥੋਂ ਦੇ ਕਾਬਲ ਭਰਾਵਾਂ ਨੂੰ ਪ੍ਰਚਾਰ ਵਿਚ ਹੋਰ ਵਧ-ਚੜ੍ਹ ਕੇ ਹਿੱਸਾ ਲੈਣ ਦੀ ਹੱਲਾਸ਼ੇਰੀ ਦਿੱਤੀ ਤੇ ਕੁਝ ਜਣਿਆਂ ਨੂੰ ਸਪੈਸ਼ਲ ਪਾਇਨੀਅਰਾਂ ਵਜੋਂ ਨਿਯੁਕਤ ਕੀਤਾ। ਇਹ ਸਹੀ ਸਮੇਂ ’ਤੇ ਕੀਤਾ ਗਿਆ ਕਿਉਂਕਿ ਉਸੇ ਵੇਲੇ ਵਿਰੋਧ ਹੋਣਾ ਸ਼ੁਰੂ ਹੋ ਗਿਆ।

23 ਜਨਵਰੀ 1962 ਦੇ ਵੱਡੇ ਸੰਮੇਲਨ ਤੋਂ ਬਾਅਦ ਮੈਨੂੰ ਤੇ ਐਂਡਰੂ ਡਮੀਕੋ ਨਾਂ ਦੇ ਮਿਸ਼ਨਰੀ ਨੂੰ ਸ਼ਾਖ਼ਾ ਦਫ਼ਤਰ ਤੋਂ ਗਿਰਫ਼ਤਾਰ ਕਰ ਲਿਆ ਗਿਆ ਅਤੇ 8 ਜਨਵਰੀ 1962 ਦੇ ਜਾਗਰੂਕ ਬਣੋ! (ਫ਼੍ਰੈਂਚ) ਰਸਾਲਿਆਂ ਨੂੰ ਜ਼ਬਤ ਕਰ ਲਿਆ। ਜਾਗਰੂਕ ਬਣੋ! ਵਿਚ ਫ਼੍ਰੈਂਚ ਅਖ਼ਬਾਰਾਂ ਤੋਂ ਹਵਾਲਾ ਦਿੱਤਾ ਗਿਆ ਕਿ ਹੈਤੀ ਵਿਚ ਜਾਦੂ-ਟੂਣਾ ਕੀਤਾ ਜਾਂਦਾ ਹੈ। ਕੁਝ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਇਹ ਲੇਖ ਸ਼ਾਖ਼ਾ ਦਫ਼ਤਰ ਵਿਚ ਲਿਖਿਆ ਗਿਆ ਸੀ। ਕੁਝ ਹਫ਼ਤਿਆਂ ਬਾਅਦ ਮਿਸ਼ਨਰੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ। * ਪਰ ਉੱਥੋਂ ਦੇ ਸਿਖਲਾਈ-ਪ੍ਰਾਪਤ ਭਰਾਵਾਂ ਨੇ ਬਹੁਤ ਵਧੀਆ ਢੰਗ ਨਾਲ ਸਭ ਕੁਝ ਸਾਂਭਿਆ। ਅੱਜ ਮੈਨੂੰ ਇਸ ਗੱਲ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਭਰਾਵਾਂ ਨੇ ਧੀਰਜ ਧਰਿਆ ਅਤੇ ਆਪਣੀ ਨਿਹਚਾ ਪੱਕੀ ਕੀਤੀ। ਅੱਜ ਉਨ੍ਹਾਂ ਕੋਲ ਹੇਸ਼ੀਅਨ ਕ੍ਰੀਓਲ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਹੈ ਜੋ ਉਸ ਸਮੇਂ ’ਤੇ ਸਾਡੇ ਲਈ ਸਿਰਫ਼ ਇਕ ਸੁਪਨਾ ਹੀ ਸੀ।

ਮੱਧ ਅਫ਼ਰੀਕਨ ਗਣਰਾਜ ਵਿਚ ਉਸਾਰੀ ਦਾ ਕੰਮ

ਹੈਤੀ ਵਿਚ ਸੇਵਾ ਕਰਨ ਤੋਂ ਬਾਅਦ, ਮੈਨੂੰ ਮਿਸ਼ਨਰੀ ਵਜੋਂ ਮੱਧ ਅਫ਼ਰੀਕਨ ਗਣਰਾਜ ਵਿਚ ਸੇਵਾ ਕਰਨ ਲਈ ਭੇਜ ਦਿੱਤਾ ਗਿਆ। ਬਾਅਦ ਵਿਚ, ਮੈਨੂੰ ਸਫ਼ਰੀ ਨਿਗਾਹਬਾਨ ਅਤੇ ਫਿਰ ਬ੍ਰਾਂਚ ਓਵਰਸੀਅਰ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ।

ਉਨ੍ਹਾਂ ਦਿਨਾਂ ਵਿਚ ਕਿੰਗਡਮ ਹਾਲ ਬਹੁਤ ਸਾਦੇ ਸਨ। ਮੈਂ ਘਾਹ-ਫੂਸ ਇਕੱਠਾ ਕਰਨਾ ਅਤੇ ਇਸ ਨਾਲ ਛੱਤਾਂ ਪਾਉਣੀਆਂ ਸਿੱਖੀਆਂ। ਮੈਨੂੰ ਇਸ ਤਰ੍ਹਾਂ ਦਾ ਕੰਮ ਕਰਦਿਆਂ ਦੇਖ ਲੋਕ ਹੈਰਾਨ ਹੁੰਦੇ ਸਨ। ਇਸ ਨਾਲ ਭੈਣਾਂ-ਭਰਾਵਾਂ ਨੂੰ ਕਿੰਗਡਮ ਹਾਲ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਦੀ ਹੱਲਾਸ਼ੇਰੀ ਮਿਲੀ। ਧਾਰਮਿਕ ਆਗੂ ਸਾਡਾ ਮਜ਼ਾਕ ਉਡਾਉਂਦੇ ਸਨ ਕਿਉਂਕਿ ਉਨ੍ਹਾਂ ਦੇ ਚਰਚਾਂ ਦੀਆਂ ਛੱਤਾਂ ਟੀਨ ਦੀਆਂ ਸਨ, ਪਰ ਸਾਡੇ ਕਿੰਗਡਮ ਹਾਲਾਂ ਦੀਆਂ ਛੱਤਾਂ ਘਾਹ-ਫੂਸ ਦੀਆਂ ਸਨ। ਅਸੀਂ ਬਿਨਾਂ ਰੁਕੇ ਘਾਹ-ਫੂਸ ਦੀਆਂ ਛੱਤਾਂ ਵਾਲੇ ਕਿੰਗਡਮ ਹਾਲ ਬਣਾਉਂਦੇ ਰਹੇ। ਉਨ੍ਹਾਂ ਦਾ ਮੂੰਹ ਉਦੋਂ ਬੰਦ ਹੋ ਗਿਆ ਜਦੋਂ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਬਾਂਗੀ ਵਿਚ ਵੱਡਾ ਤੂਫ਼ਾਨ ਆਇਆ। ਤੂਫ਼ਾਨ ਨਾਲ ਚਰਚ ਦੀ ਟੀਨ ਦੀ ਛੱਤ ਉੱਡ ਗਈ ਅਤੇ ਗਲੀ ਵਿਚ ਡਿਗ ਗਈ। ਪਰ ਕਿੰਗਡਮ ਹਾਲਾਂ ਦੀਆਂ ਘਾਹ-ਫੂਸ ਦੀਆਂ ਛੱਤਾਂ ਨੂੰ ਕੁਝ ਨਹੀਂ ਹੋਇਆ। ਪ੍ਰਚਾਰ ਕੰਮ ਦੀ ਹੋਰ ਵਧੀਆ ਢੰਗ ਨਾਲ ਨਿਗਰਾਨੀ ਕਰਨ ਲਈ ਅਸੀਂ ਪੰਜ ਮਹੀਨਿਆਂ ਵਿਚ ਨਵਾਂ ਸ਼ਾਖ਼ਾ ਦਫ਼ਤਰ ਅਤੇ ਮਿਸ਼ਨਰੀ ਘਰ ਬਣਾਇਆ। *

ਜੋਸ਼ੀਲਾ ਜੀਵਨ ਸਾਥੀ

ਆਪਣੇ ਵਿਆਹ ਵਾਲੇ ਦਿਨ

1976 ਵਿਚ ਮੱਧ ਅਫ਼ਰੀਕਨ ਗਣਰਾਜ ਵਿਚ ਰਾਜ ਦੇ ਕੰਮ ’ਤੇ ਪਾਬੰਦੀ ਲੱਗ ਗਈ ਅਤੇ ਮੈਨੂੰ ਗੁਆਂਢੀ ਦੇਸ਼ ਚਾਡ ਦੀ ਰਾਜਧਾਨੀ ਏਨਜ਼ਾਮੇਨਾ ਵਿਚ ਸੇਵਾ ਕਰਨ ਲਈ ਭੇਜ ਦਿੱਤਾ ਗਿਆ। ਖ਼ੁਸ਼ੀ ਦੀ ਗੱਲ ਹੈ ਕਿ ਮੈਂ ਉੱਥੇ ਹੈੱਪੀ ਨੂੰ ਮਿਲਿਆ ਜੋ ਜੋਸ਼ੀਲੀ ਸਪੈਸ਼ਲ ਪਾਇਨੀਅਰ ਸੀ ਅਤੇ ਉਹ ਕੈਮਰੂਨ ਤੋਂ ਸੀ। 1 ਅਪ੍ਰੈਲ 1978 ਵਿਚ ਸਾਡਾ ਵਿਆਹ ਹੋ ਗਿਆ। ਉਸੇ ਮਹੀਨੇ ਦੇਸ਼ ਵਿਚ ਯੁੱਧ ਛਿੜ ਗਿਆ ਅਤੇ ਬਹੁਤ ਸਾਰੇ ਲੋਕਾਂ ਵਾਂਗ ਅਸੀਂ ਵੀ ਦੇਸ਼ ਦੇ ਦੱਖਣੀ ਹਿੱਸੇ ਵੱਲ ਭੱਜ ਗਏ। ਲੜਾਈ ਖ਼ਤਮ ਹੋਣ ਤੋਂ ਬਾਅਦ ਅਸੀਂ ਵਾਪਸ ਆ ਕੇ ਦੇਖਿਆ ਕਿ ਸਾਡਾ ਘਰ ਫ਼ੌਜ ਨੇ ਆਪਣਾ ਹੈੱਡਕੁਆਰਟਰ ਬਣਾ ਲਿਆ ਸੀ। ਸਿਰਫ਼ ਸਾਡੇ ਪ੍ਰਕਾਸ਼ਨ ਹੀ ਨਹੀਂ, ਸਗੋਂ ਹੈੱਪੀ ਦੇ ਵਿਆਹ ਦਾ ਜੋੜਾ ਅਤੇ ਸਾਡੇ ਵਿਆਹ ਦੇ ਤੋਹਫ਼ੇ ਵੀ ਸਾਨੂੰ ਨਹੀਂ ਮਿਲੇ। ਪਰ ਅਸੀਂ ਆਪਣੇ ਹੱਥ ਢਿੱਲੇ ਨਹੀਂ ਪੈਣ ਦਿੱਤੇ। ਸਾਨੂੰ ਇਕ-ਦੂਜੇ ਦਾ ਸਾਥ ਸੀ ਅਤੇ ਚਾਹੁੰਦੇ ਸੀ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਪਰਮੇਸ਼ੁਰ ਦੀ ਸੇਵਾ ਕਰਦੇ ਰਹੀਏ।

ਲਗਭਗ ਦੋ ਸਾਲਾਂ ਬਾਅਦ ਅਫ਼ਰੀਕਨ ਗਣਰਾਜ ਵਿਚ ਰਾਜ ਦੇ ਕੰਮ ਤੋਂ ਪਾਬੰਦੀ ਹਟਾ ਦਿੱਤੀ ਗਈ। ਅਸੀਂ ਉੱਥੇ ਵਾਪਸ ਚਲੇ ਗਏ ਅਤੇ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਾਡਾ ਘਰ ਇਕ ਗੱਡੀ ਸੀ ਜਿਸ ਵਿਚ ਇਕ ਮੰਜਾ ਸੀ ਜਿਸ ਨੂੰ ਇਕੱਠਾ ਕੀਤਾ ਜਾ ਸਕਦਾ ਸੀ, ਇਕ ਡਰੰਮ ਸੀ ਜਿਸ ਵਿਚ 200 ਲੀਟਰ (53 ਗੈਲਨ) ਪਾਣੀ ਭਰਿਆ ਜਾ ਸਕਦਾ ਸੀ, ਇਕ ਫਰਿੱਜ ਅਤੇ ਸਟੋਵ ਸੀ। ਸਫ਼ਰ ਕਰਨਾ ਬਹੁਤ ਔਖਾ ਸੀ। ਇਕ ਵਾਰ ਸਾਨੂੰ ਘੱਟੋ-ਘੱਟ 117 ਪੁਲਿਸ ਚੌਕੀਆਂ ’ਤੇ ਚੈਕਿੰਗ ਲਈ ਰੁਕਣਾ ਪਿਆ।

ਤਾਪਮਾਨ ਅਕਸਰ ਵਧ ਕੇ 50 ਡਿਗਰੀ ਸੈਲਸੀਅਸ (122 ਫਾਰਨਹੀਟ) ਹੋ ਜਾਂਦਾ ਸੀ। ਸੰਮੇਲਨਾਂ ’ਤੇ ਕਈ ਵਾਰ ਬਪਤਿਸਮਾ ਦੇਣ ਜੋਗਾ ਵੀ ਪਾਣੀ ਨਹੀਂ ਸੀ ਮਿਲਦਾ। ਇਸ ਲਈ ਭਰਾ ਸੁੱਕੀ ਨਦੀ ਨੂੰ ਪੁੱਟਦੇ ਸਨ ਅਤੇ ਬਪਤਿਸਮਾ ਦੇਣ ਲਈ ਥੋੜ੍ਹਾ-ਥੋੜ੍ਹਾ ਕਰ ਕੇ ਪਾਣੀ ਡਰੰਮ ਵਿਚ ਭਰ ਲੈਂਦੇ ਸਨ।

ਅਫ਼ਰੀਕਾ ਦੇ ਹੋਰ ਦੇਸ਼ਾਂ ਵਿਚ ਕੰਮ

1980 ਵਿਚ ਸਾਨੂੰ ਨਾਈਜੀਰੀਆ ਭੇਜ ਦਿੱਤਾ ਗਿਆ। ਇੱਥੇ ਅਸੀਂ ਢਾਈ ਸਾਲਾਂ ਤਕ ਨਵੇਂ ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਤਿਆਰੀ ਦੇ ਕੰਮਾਂ ਵਿਚ ਮਦਦ ਕੀਤੀ। ਭਰਾਵਾਂ ਨੇ ਪੁਰਾਣਾ ਦੋ ਮੰਜ਼ਲਾ ਗੋਦਾਮ ਖ਼ਰੀਦਿਆ ਸੀ ਜਿਸ ਨੂੰ ਢਾਹ ਕੇ ਸ਼ਾਖ਼ਾ ਦਫ਼ਤਰ ਬਣਾਉਣਾ ਸੀ। ਇਕ ਸਵੇਰ ਮੈਂ ਗੋਦਾਮ ਨੂੰ ਤੋੜਨ ਲਈ ਕਾਫ਼ੀ ਉੱਚਾ ਚੜ੍ਹ ਗਿਆ। ਦੁਪਹਿਰ ਨੂੰ ਮੈਂ ਉਸੇ ਰਸਤੇ ਥੱਲੇ ਆਉਣਾ ਸ਼ੁਰੂ ਕੀਤਾ ਜਿਸ ਰਸਤਿਓਂ ਮੈਂ ਉੱਪਰ ਚੜ੍ਹਿਆ ਸੀ। ਪਰ ਤੋੜ-ਭੰਨ ਕੀਤੀ ਹੋਣ ਕਰਕੇ ਮੇਰਾ ਪੈਰ ਸਹੀ ਜਗ੍ਹਾ ਨਹੀਂ ਰੱਖਿਆ ਗਿਆ ਤੇ ਮੈਂ ਥੱਲੇ ਡਿੱਗ ਗਿਆ। ਦੇਖਣ ਨੂੰ ਮੇਰੀ ਹਾਲਾਤ ਬਹੁਤ ਖ਼ਰਾਬ ਲੱਗਦੀ ਸੀ, ਪਰ ਐਕਸ-ਰੇ ਅਤੇ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਹੈੱਪੀ ਨੂੰ ਕਿਹਾ: “ਫ਼ਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈ। ਉਹ ਇਕ-ਦੋ ਹਫ਼ਤਿਆਂ ਤਕ ਠੀਕ ਹੋ ਜਾਵੇਗਾ।”

“ਆਵਾਜਾਈ ਦੇ ਸਾਧਨ” ਰਾਹੀਂ ਸੰਮੇਲਨ ਨੂੰ ਜਾਂਦੇ ਹੋਏ

1986 ਵਿਚ ਅਸੀਂ ਕੋਟ ਡਿਵੁਆਰ ਨੂੰ ਚਲੇ ਗਏ ਅਤੇ ਉੱਥੇ ਮੈਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਸਫ਼ਰੀ ਦੌਰਾ ਕਰਨ ਲਈ ਅਸੀਂ ਗੁਆਂਢੀ ਦੇਸ਼ ਬੁਰਕੀਨਾ ਫਾਸੋ ਚਲੇ ਗਏ। ਮੈਂ ਕਦੇ ਸੋਚਿਆ ਨਹੀਂ ਸੀ ਕਿ ਕੁਝ ਸਾਲਾਂ ਬਾਅਦ ਥੋੜ੍ਹੇ ਸਮੇਂ ਲਈ ਇਹ ਸਾਡਾ ਘਰ ਬਣ ਜਾਵੇਗਾ।

ਸਫ਼ਰੀ ਨਿਗਾਹਬਾਨ ਵਜੋਂ ਦੌਰੇ ਕਰਦਿਆਂ ਸਾਡਾ ਘਰ ਸਾਡੀ ਗੱਡੀ ਸੀ

1956 ਵਿਚ ਮੈਂ ਕੈਨੇਡਾ ਛੱਡਿਆ ਸੀ, ਪਰ ਪੂਰੇ 47 ਸਾਲਾਂ ਬਾਅਦ ਯਾਨੀ 2003 ਵਿਚ ਮੈਂ ਕੈਨੇਡਾ ਬੈਥਲ ਵਾਪਸ ਆਇਆ। ਇਸ ਵਾਰ ਮੇਰੇ ਨਾਲ ਹੈੱਪੀ ਸੀ। ਕਾਗਜ਼ੀ ਦਸਤਾਵੇਜ਼ਾਂ ਵਿਚ ਅਸੀਂ ਕੈਨੇਡਾ ਦੇ ਨਾਗਰਿਕ ਸੀ, ਪਰ ਸਾਨੂੰ ਲੱਗਦਾ ਸੀ ਕਿ ਅਸੀਂ ਅਫ਼ਰੀਕਾ ਦੇ ਹਾਂ।

ਬੁਰਕੀਨਾ ਫਾਸੋ ਵਿਚ ਬਾਈਬਲ ਅਧਿਐਨ ਕਰਵਾਉਂਦਿਆਂ

2007 ਵਿਚ ਅਸੀਂ ਫਿਰ ਤੋਂ ਅਫ਼ਰੀਕਾ ਆ ਗਏ। ਉਸ ਸਮੇਂ ਮੈਂ 79 ਸਾਲਾਂ ਦਾ ਸੀ। ਸਾਨੂੰ ਬੁਰਕੀਨਾ ਫਾਸੋ ਭੇਜਿਆ ਗਿਆ ਜਿੱਥੇ ਮੈਨੂੰ ਦੇਸ਼ ਦੀ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਬਾਅਦ ਵਿਚ ਕਮੇਟੀ ਆਫ਼ਿਸ ਨੂੰ ਬਦਲ ਕੇ ਟ੍ਰਾਂਸਲੇਸ਼ਨ ਆਫ਼ਿਸ ਬਣਾ ਦਿੱਤਾ ਗਿਆ ਜੋ ਬੇਨਿਨ ਬ੍ਰਾਂਚ ਦੀ ਨਿਗਰਾਨੀ ਹੇਠ ਕੰਮ ਕਰਦਾ ਹੈ। ਅਗਸਤ 2013 ਵਿਚ ਸਾਨੂੰ ਬੇਨਿਨ ਦੇ ਸ਼ਾਖ਼ਾ ਦਫ਼ਤਰ ਵਿਚ ਭੇਜ ਦਿੱਤਾ ਗਿਆ।

ਹੈੱਪੀ ਨਾਲ ਬੈਨਿਨ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਦਿਆਂ

ਚਾਹੇ ਹੁਣ ਮੈਨੂੰ ਕਈ ਸਿਹਤ ਸਮੱਸਿਆਵਾਂ ਹਨ, ਪਰ ਫਿਰ ਵੀ ਮੈਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ। ਪਿਛਲੇ ਤਿੰਨਾਂ ਸਾਲਾਂ ਦੌਰਾਨ, ਮੈਂ ਮੰਡਲੀ ਦੇ ਬਜ਼ੁਰਗਾਂ ਅਤੇ ਆਪਣੀ ਪਿਆਰੀ ਪਤਨੀ ਦੀ ਮਦਦ ਨਾਲ ਆਪਣੇ ਦੋ ਬਾਈਬਲ ਵਿਦਿਆਰਥੀਆਂ, ਗੀਡੀਅਨ ਅਤੇ ਫਰਾਈਸਸ, ਨੂੰ ਬਪਤਿਸਮਾ ਲੈਂਦਿਆਂ ਦੇਖ ਸਕਿਆ। ਹੁਣ ਉਹ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ।

ਇਸ ਦੌਰਾਨ, ਮੈਨੂੰ ਤੇ ਮੇਰੀ ਪਤਨੀ ਨੂੰ ਦੱਖਣੀ ਅਫ਼ਰੀਕਾ ਦੇ ਸ਼ਾਖ਼ਾ ਦਫ਼ਤਰ ਵਿਚ ਭੇਜ ਦਿੱਤਾ ਗਿਆ ਜਿੱਥੇ ਬੈਥਲ ਦੇ ਭੈਣ-ਭਰਾ ਮੇਰੀ ਸਿਹਤ ਦਾ ਧਿਆਨ ਰੱਖਦੇ ਹਨ। ਮੈਂ ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਸੇਵਾ ਕੀਤੀ ਜਿਨ੍ਹਾਂ ਵਿੱਚੋਂ ਦੱਖਣੀ ਅਫ਼ਰੀਕਾ ਸੱਤਵਾਂ ਦੇਸ਼ ਹੈ। ਇਸ ਤੋਂ ਬਾਅਦ, ਅਕਤੂਬਰ 2017 ਵਿਚ ਸਾਨੂੰ ਇਕ ਬਹੁਤ ਹੀ ਖ਼ਾਸ ਸਨਮਾਨ ਮਿਲਿਆ। ਸਾਨੂੰ ਵਾਰਵਿਕ, ਨਿਊਯਾਰਕ ਦੇ ਵਰਲਡ ਹੈੱਡਕੁਆਰਟਰ ਦੇ ਸਮਰਪਣ ਵਿਚ ਸ਼ਾਮਲ ਹੋਣ ਦਾ ਸਨਮਾਨ ਮਿਲਿਆ। ਇਹ ਕਦੇ ਨਾ ਭੁੱਲਣ ਵਾਲਾ ਤਜਰਬਾ ਹੈ!

1994 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 255 ’ਤੇ ਲਿਖਿਆ ਹੈ: “ਜਿਨ੍ਹਾਂ ਨੇ ਧੀਰਜ ਰੱਖਦਿਆਂ ਸਾਲਾਂ ਤਕ ਸੇਵਾ ਕੀਤੀ ਹੈ, ਅਸੀਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ: ‘ਤਕੜੇ ਹੋਵੋ ਅਤੇ ਤੁਹਾਡੇ ਹੱਥ ਢਿਲੇ ਨਾ ਹੋਣ ਕਿਉਂ ਜੋ ਤੁਹਾਡੇ ਕੰਮ ਦਾ ਬਦਲਾ ਮਿਲੇਗਾ!’—2 ਇਤ. 15:7.” ਮੈਂ ਤੇ ਹੈੱਪੀ ਨੇ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਅਸੀਂ ਦੂਸਰਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ।

^ ਪੈਰਾ 9 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ 1944 ਵਿਚ ਛਾਪੀ ਜਾਂਦੀ ਸੀ।

^ ਪੈਰਾ 18 8 ਨਵੰਬਰ 1953 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 3-5 ’ਤੇ “ਕਿਊਬੈੱਕ ਵਿਚ ਯਹੋਵਾਹ ਦੇ ਗਵਾਹਾਂ ’ਤੇ ਹਮਲਾ ਕਰਾਉਣ ਵਿਚ ਪਾਦਰੀ ਦੋਸ਼ੀ ਪਾਇਆ ਗਿਆ” ਨਾਂ ਦਾ ਲੇਖ ਦੇਖੋ।

^ ਪੈਰਾ 23 ਹੋਰ ਜਾਣਕਾਰੀ ਲਈ 1994 ਵਿਚ ਛਪੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 148-150 ਦੇਖੋ।

^ ਪੈਰਾ 26 8 ਮਈ 1966 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 27 ’ਤੇ “ਪੱਕੀ ਨੀਂਹ ’ਤੇ ਉਸਾਰੀ” ਨਾਂ ਦਾ ਲੇਖ ਦੇਖੋ।