Skip to content

Skip to table of contents

ਅਧਿਐਨ ਲੇਖ 31

“ਅਸੀਂ ਹਾਰ ਨਹੀਂ ਮੰਨਦੇ”!

“ਅਸੀਂ ਹਾਰ ਨਹੀਂ ਮੰਨਦੇ”!

“ਅਸੀਂ ਹਾਰ ਨਹੀਂ ਮੰਨਦੇ।”—2 ਕੁਰਿੰ. 4:16.

ਗੀਤ 24 ਇਨਾਮ ’ਤੇ ਨਜ਼ਰ ਰੱਖੋ!

ਖ਼ਾਸ ਗੱਲਾਂ *

1. ਜ਼ਿੰਦਗੀ ਦੀ ਦੌੜ ਪੂਰੀ ਕਰਨ ਲਈ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ?

ਮਸੀਹੀ ਜ਼ਿੰਦਗੀ ਦੀ ਦੌੜ ਦੌੜਦੇ ਹਨ। ਚਾਹੇ ਅਸੀਂ ਹੁਣੇ ਦੌੜਨਾ ਸ਼ੁਰੂ ਕੀਤਾ ਹੈ ਜਾਂ ਕਾਫ਼ੀ ਸਾਲਾਂ ਤੋਂ ਦੌੜਦੇ ਆ ਰਹੇ ਹਾਂ, ਪਰ ਸਾਨੂੰ ਆਪਣੀ ਦੌੜ ਪੂਰੀ ਕਰਨ ਦੀ ਲੋੜ ਹੈ। ਫ਼ਿਲਿੱਪੈ ਦੇ ਮਸੀਹੀਆਂ ਨੂੰ ਦਿੱਤੀ ਪੌਲੁਸ ਰਸੂਲ ਦੀ ਸਲਾਹ ਤੋਂ ਸਾਨੂੰ ਜ਼ਿੰਦਗੀ ਦੀ ਦੌੜ ਪੂਰੀ ਕਰਨ ਦੀ ਹੱਲਾਸ਼ੇਰੀ ਮਿਲ ਸਕਦੀ ਹੈ। ਪਹਿਲੀ ਸਦੀ ਦੀ ਮੰਡਲੀ ਦੇ ਕੁਝ ਮਸੀਹੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਪੌਲੁਸ ਦੀ ਇਹ ਚਿੱਠੀ ਮਿਲੀ। ਉਹ ਪਹਿਲਾਂ ਤੋਂ ਹੀ ਵਫ਼ਾਦਾਰੀ ਨਾਲ ਦੌੜ ਰਹੇ ਸਨ, ਪਰ ਪੌਲੁਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਧੀਰਜ ਨਾਲ ਦੌੜਦੇ ਰਹਿਣ ਦੀ ਲੋੜ ਸੀ। ਪੌਲੁਸ ਚਾਹੁੰਦਾ ਸੀ ਕਿ ਉਹ ‘ਇਨਾਮ ਹਾਸਲ ਕਰਨ ਲਈ ਅੱਗੇ ਵਧਦੇ’ ਰਹਿਣ ਵਿਚ ਹਮੇਸ਼ਾ ਉਸ ਦੀ ਰੀਸ ਕਰਨ।—ਫ਼ਿਲਿ. 3:14.

2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਐਨ ਸਹੀ ਸਮੇਂ ਤੇ ਹੱਲਾਸ਼ੇਰੀ ਦਿੱਤੀ ਸੀ?

2 ਪੌਲੁਸ ਨੇ ਐਨ ਸਹੀ ਸਮੇਂ ਤੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ। ਫ਼ਿਲਿੱਪੈ ਦੀ ਮੰਡਲੀ ਨੇ ਸ਼ੁਰੂ ਤੋਂ ਹੀ ਵਿਰੋਧ ਦਾ ਸਾਮ੍ਹਣਾ ਕੀਤਾ ਸੀ। ਇਹ ਸਭ ਕੁਝ ਉਦੋਂ ਸ਼ੁਰੂ ਹੋਇਆ ਜਦੋਂ ਪੌਲੁਸ ਤੇ ਸੀਲਾਸ ਨੂੰ ਪਰਮੇਸ਼ੁਰ ਤੋਂ “ਮਕਦੂਨੀਆ ਵਿਚ” ਆਉਣ ਦਾ ਸੱਦਾ ਮਿਲਿਆ। (ਰਸੂ. 16:9) ਉਹ ਲਗਭਗ 50 ਈਸਵੀ ਵਿਚ ਫ਼ਿਲਿੱਪੈ ਪਹੁੰਚੇ। ਉੱਥੇ ਉਨ੍ਹਾਂ ਨੂੰ ਇਕ ਲੀਡੀਆ ਨਾਂ ਦੀ ਔਰਤ ਮਿਲੀ ਜੋ ਖ਼ੁਸ਼ ਖ਼ਬਰੀ “ਸੁਣ ਰਹੀ ਸੀ ਅਤੇ ਯਹੋਵਾਹ ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ।” (ਰਸੂ. 16:14) ਜਲਦੀ ਹੀ ਉਸ ਨੇ ਅਤੇ ਉਸ ਦੇ ਘਰ ਰਹਿਣ ਵਾਲੇ ਸਾਰੇ ਲੋਕਾਂ ਨੇ ਬਪਤਿਸਮਾ ਲੈ ਲਿਆ। ਪਰ ਸ਼ੈਤਾਨ ਹੱਥ ਤੇ ਹੱਥ ਧਰ ਕੇ ਨਹੀਂ ਬੈਠਾ ਸੀ। ਸ਼ਹਿਰ ਦੇ ਆਦਮੀ ਪੌਲੁਸ ਤੇ ਸੀਲਾਸ ਨੂੰ ਘੜੀਸ ਕੇ ਸ਼ਹਿਰ ਦੇ ਮੈਜਿਸਟ੍ਰੇਟਾਂ ਕੋਲ ਲੈ ਗਏ ਅਤੇ ਉਨ੍ਹਾਂ ’ਤੇ ਸ਼ਹਿਰ ਵਿਚ ਗੜਬੜੀ ਮਚਾਉਣ ਦਾ ਝੂਠਾ ਦੋਸ਼ ਲਾਇਆ। ਇਸ ਕਰਕੇ ਪੌਲੁਸ ਤੇ ਸੀਲਾਸ ਨੂੰ ਕੁੱਟਿਆ ਤੇ ਜੇਲ੍ਹ ਵਿਚ ਸੁੱਟਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਸ਼ਹਿਰ ਛੱਡ ਕੇ ਜਾਣ ਲਈ ਕਿਹਾ ਗਿਆ। (ਰਸੂ. 16:16-40) ਕੀ ਉਨ੍ਹਾਂ ਨੇ ਹਾਰ ਮੰਨ ਲਈ? ਨਹੀਂ! ਨਵੀਂ ਬਣੀ ਮਸੀਹੀ ਮੰਡਲੀ ਦੇ ਭੈਣਾਂ-ਭਰਾਵਾਂ ਬਾਰੇ ਕੀ? ਉਨ੍ਹਾਂ ਨੇ ਵੀ ਸਭ ਕੁਝ ਸਹਿ ਕੇ ਵਧੀਆ ਮਿਸਾਲ ਰੱਖੀ। ਬਿਨਾਂ ਸ਼ੱਕ, ਉਨ੍ਹਾਂ ਨੂੰ ਪੌਲੁਸ ਤੇ ਸੀਲਾਸ ਦੀ ਚੰਗੀ ਮਿਸਾਲ ਤੋਂ ਬਹੁਤ ਹੌਸਲਾ ਮਿਲਿਆ ਹੋਣਾ।

3. ਪੌਲੁਸ ਨੂੰ ਕੀ ਪਤਾ ਸੀ ਅਤੇ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

3 ਪੌਲੁਸ ਨੇ ਕਦੇ ਹਾਰ ਨਾ ਮੰਨਣ ਦਾ ਪੱਕਾ ਇਰਾਦਾ ਕੀਤਾ ਸੀ। (2 ਕੁਰਿੰ. 4:16) ਪਰ ਉਸ ਨੂੰ ਪਤਾ ਸੀ ਕਿ ਦੌੜ ਪੂਰੀ ਕਰਨ ਲਈ ਉਸ ਨੂੰ ਆਪਣਾ ਧਿਆਨ ਆਪਣੇ ਟੀਚੇ ’ਤੇ ਲਾਈ ਰੱਖਣ ਦੀ ਲੋੜ ਸੀ। ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਅੱਜ ਵਫ਼ਾਦਾਰ ਭੈਣਾਂ-ਭਰਾਵਾਂ ਦੀਆਂ ਕਿਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਅਸੀਂ ਧੀਰਜ ਧਰ ਸਕਦੇ ਹਾਂ? ਨਾਲੇ ਭਵਿੱਖ ਲਈ ਸਾਡੀ ਉਮੀਦ ਕਦੇ ਹਾਰ ਨਾ ਮੰਨਣ ਦੇ ਸਾਡੇ ਇਰਾਦੇ ਨੂੰ ਮਜ਼ਬੂਤ ਕਿਵੇਂ ਕਰ ਸਕਦੀ ਹੈ?

ਪੌਲੁਸ ਦੀ ਮਿਸਾਲ ਤੋਂ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

4. ਆਪਣੇ ਹਾਲਾਤਾਂ ਦੇ ਬਾਵਜੂਦ ਪੌਲੁਸ ਯਹੋਵਾਹ ਦੀ ਸੇਵਾ ਵਿਚ ਕਿਵੇਂ ਲੱਗਾ ਰਿਹਾ?

4 ਜ਼ਰਾ ਪੌਲੁਸ ਦੇ ਉਨ੍ਹਾਂ ਸਾਰੇ ਕੰਮਾਂ ’ਤੇ ਗੌਰ ਕਰੋ ਜੋ ਉਸ ਨੇ ਫ਼ਿਲਿੱਪੀਆਂ ਨੂੰ ਚਿੱਠੀ ਲਿਖਣ ਦੌਰਾਨ ਕੀਤੇ ਸਨ। ਉਹ ਰੋਮ ਦੇ ਇਕ ਘਰ ਵਿਚ ਕੈਦ ਸੀ। ਉਹ ਪ੍ਰਚਾਰ ਕਰਨ ਲਈ ਘਰ ਤੋਂ ਬਾਹਰ ਨਹੀਂ ਜਾ ਸਕਦਾ ਸੀ। ਪਰ ਉਹ ਮਿਲਣ ਆਉਣ ਵਾਲਿਆਂ ਨੂੰ ਗਵਾਹੀ ਦੇਣ ਅਤੇ ਮੰਡਲੀ ਨੂੰ ਚਿੱਠੀਆਂ ਲਿਖਣ ਵਿਚ ਲੱਗਾ ਰਿਹਾ। ਇਸੇ ਤਰ੍ਹਾਂ ਅੱਜ ਬਹੁਤ ਸਾਰੇ ਮਸੀਹੀ ਜੋ ਬੀਮਾਰੀ ਜਾਂ ਬੁਢਾਪੇ ਕਰਕੇ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ, ਉਹ ਮਿਲਣ ਆਉਣ ਵਾਲੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਹਨ। ਨਾਲੇ ਉਹ ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਚਿੱਠੀਆਂ ਵੀ ਲਿਖਦੇ ਹਨ ਜਿਨ੍ਹਾਂ ਨੂੰ ਮਿਲਣਾ ਮੁਮਕਿਨ ਨਹੀਂ ਹੁੰਦਾ।

5. ਫ਼ਿਲਿੱਪੀਆਂ 3:12-14 ਮੁਤਾਬਕ ਪੌਲੁਸ ਕਿਹੜੀ ਗੱਲ ਕਰਕੇ ਆਪਣਾ ਧਿਆਨ ਟੀਚੇ ’ਤੇ ਲਾਈ ਰੱਖ ਸਕਿਆ?

5 ਪੌਲੁਸ ਨੇ ਆਪਣੇ ਪਹਿਲਾਂ ਕੀਤੇ ਚੰਗੇ ਕੰਮਾਂ ਕਰਕੇ ਜਾਂ ਪੁਰਾਣੀਆਂ ਗ਼ਲਤੀਆਂ ਕਰਕੇ ਆਪਣਾ ਧਿਆਨ ਭਟਕਣ ਨਹੀਂ ਦਿੱਤਾ। ਦਰਅਸਲ, ਉਸ ਨੇ ਕਿਹਾ ਕਿ ਜ਼ਿੰਦਗੀ ਦੀ ਦੌੜ ਪੂਰੀ ਕਰਨ ਵਾਸਤੇ ਉਸ ਲਈ ‘ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਣਾ’ ਜ਼ਰੂਰੀ ਸੀ ਜਿਹੜੀਆਂ ਉਸ ਦੇ ਅੱਗੇ ਸਨ। (ਫ਼ਿਲਿੱਪੀਆਂ 3:12-14 ਪੜ੍ਹੋ।) ਪੌਲੁਸ ਨੇ ਕੀ ਕੀਤਾ ਤਾਂਕਿ ਉਸ ਦਾ ਧਿਆਨ ਨਾ ਭਟਕੇ? ਪਹਿਲੀ ਗੱਲ, ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਯਹੂਦੀਆਂ ਵਿਚ ਬਹੁਤ ਕਾਮਯਾਬ ਵਿਅਕਤੀ ਸੀ। ਪਰ ਫਿਰ ਵੀ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ “ਕੂੜੇ ਦਾ ਢੇਰ ਸਮਝਦਾ” ਸੀ। (ਫ਼ਿਲਿ. 3:3-8) ਦੂਜੀ ਗੱਲ, ਚਾਹੇ ਉਹ ਮਸੀਹੀਆਂ ਨੂੰ ਸਤਾਉਣ ਲਈ ਆਪਣੇ ਆਪ ਨੂੰ ਦੋਸ਼ੀ ਸਮਝਦਾ ਸੀ, ਪਰ ਇਸ ਦੋਸ਼ੀ ਭਾਵਨਾ ਕਰਕੇ ਉਸ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਤੀਜੀ ਗੱਲ, ਉਸ ਨੇ ਇਹ ਨਹੀਂ ਸੋਚਿਆ ਕਿ ਉਸ ਨੇ ਯਹੋਵਾਹ ਦੀ ਸੇਵਾ ਬਹੁਤ ਕਰ ਲਈ ਸੀ। ਪੌਲੁਸ ਨੇ ਪਰਮੇਸ਼ੁਰ ਦੀ ਸੇਵਾ ਵਧ-ਚੜ੍ਹ ਕੇ ਕੀਤੀ ਚਾਹੇ ਉਸ ਨੂੰ ਜੇਲ੍ਹ ਵਿਚ ਸੁੱਟਿਆ ਗਿਆ, ਮਾਰਿਆ-ਕੁੱਟਿਆ ਗਿਆ, ਪੱਥਰ ਮਾਰੇ ਗਏ, ਉਸ ਦਾ ਜਹਾਜ਼ ਤਬਾਹ ਹੋਇਆ ਅਤੇ ਉਸ ਨੂੰ ਖਾਣੇ ਤੇ ਕੱਪੜਿਆਂ ਦੀ ਕਮੀ ਵੀ ਹੋਈ। (2 ਕੁਰਿੰ. 11:23-27) ਪਰ ਪੌਲੁਸ ਜਾਣਦਾ ਸੀ ਕਿ ਉਸ ਨੇ ਜੋ ਵੀ ਚੰਗੇ ਕੰਮ ਕੀਤੇ ਅਤੇ ਦੁੱਖ ਝੱਲੇ ਸਨ, ਉਨ੍ਹਾਂ ਦੇ ਬਾਵਜੂਦ ਉਸ ਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਸੀ। ਸਾਡੇ ਬਾਰੇ ਵੀ ਇਹ ਗੱਲ ਸੱਚ ਹੈ।

6. “ਪਿੱਛੇ ਛੱਡੀਆਂ” ਕੁਝ ਗੱਲਾਂ ਕਿਹੜੀਆਂ ਹਨ ਜਿਨ੍ਹਾਂ ਨੂੰ ਸ਼ਾਇਦ ਭੁੱਲਣਾ ਜ਼ਰੂਰੀ ਹੈ?

6 ‘ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲਣ’ ਵਿਚ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਸਾਡੇ ਵਿੱਚੋਂ ਕੁਝ ਜਣਿਆਂ ਨੂੰ ਸ਼ਾਇਦ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਦੋਸ਼ੀ ਭਾਵਨਾਵਾਂ ਵਿੱਚੋਂ ਨਿਕਲਣ ਦੀ ਲੋੜ ਹੋਵੇ। ਜੇ ਇੱਦਾਂ ਹੈ, ਤਾਂ ਕਿਉਂ ਨਾ ਆਪਾਂ ਆਪਣੇ ਨਿੱਜੀ ਅਧਿਐਨ ਵਿਚ ਮਸੀਹ ਦੀ ਕੁਰਬਾਨੀ ’ਤੇ ਗੌਰ ਕਰੀਏ। ਜੇ ਅਸੀਂ ਇਸ ਹੌਸਲਾ ਦੇਣ ਵਾਲੇ ਵਿਸ਼ੇ ਦਾ ਅਧਿਐਨ ਕਰੀਏ, ਉਸ ’ਤੇ ਸੋਚ-ਵਿਚਾਰ ਕਰੀਏ ਅਤੇ ਪ੍ਰਾਰਥਨਾ ਕਰੀਏ, ਤਾਂ ਅਸੀਂ ਬਿਨਾਂ ਵਜ੍ਹਾ ਦੋਸ਼ੀ ਮਹਿਸੂਸ ਕਰਨ ਤੋਂ ਬਚਾਂਗੇ। ਅਸੀਂ ਸ਼ਾਇਦ ਉਨ੍ਹਾਂ ਗ਼ਲਤੀਆਂ ਲਈ ਆਪਣੇ ਆਪ ਨੂੰ ਸਜ਼ਾ ਦੇਣ ਤੋਂ ਬਚਾਂਗੇ ਜਿਨ੍ਹਾਂ ਨੂੰ ਯਹੋਵਾਹ ਮਾਫ਼ ਕਰ ਚੁੱਕਾ ਹੈ। ਇਕ ਹੋਰ ਸਬਕ ’ਤੇ ਗੌਰ ਕਰੋ ਜੋ ਅਸੀਂ ਪੌਲੁਸ ਤੋਂ ਸਿੱਖ ਸਕਦੇ ਹਾਂ। ਕੁਝ ਜਣਿਆਂ ਨੇ ਸ਼ਾਇਦ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਲਈ ਆਪਣੀ ਚੰਗੀ ਕਮਾਈ ਵਾਲੀ ਨੌਕਰੀ ਛੱਡੀ ਹੋਵੇ। ਜੇ ਇਸ ਤਰ੍ਹਾਂ ਹੈ, ਤਾਂ ਦੁਨੀਆਂ ਵਿਚ ਸਫ਼ਲ ਹੋਣ ਦੇ ਜੋ ਮੌਕੇ ਅਸੀਂ ਛੱਡੇ ਸਨ, ਉਨ੍ਹਾਂ ਬਾਰੇ ਨਾ ਸੋਚ ਕੇ ਅਸੀਂ “ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ” ਸਕਦੇ ਹਾਂ। (ਗਿਣ. 11:4-6; ਉਪ. 7:10) “ਪਿੱਛੇ ਛੱਡੀਆਂ ਗੱਲਾਂ” ਵਿਚ ਸ਼ਾਇਦ ਯਹੋਵਾਹ ਦੀ ਸੇਵਾ ਵਿਚ ਕੀਤੇ ਵਧੀਆ ਕੰਮ ਜਾਂ ਅਜ਼ਮਾਇਸ਼ਾਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਦਾ ਅਸੀਂ ਸਾਮ੍ਹਣਾ ਕੀਤਾ ਸੀ। ਬਿਨਾਂ ਸ਼ੱਕ, ਜਦੋਂ ਅਸੀਂ ਸੋਚਦੇ ਹਾਂ ਕਿ ਯਹੋਵਾਹ ਨੇ ਪਹਿਲਾਂ ਕਿਵੇਂ ਸਾਨੂੰ ਬਰਕਤਾਂ ਦਿੱਤੀਆਂ ਸਨ ਅਤੇ ਸਾਡੀ ਕਿਵੇਂ ਮਦਦ ਕੀਤੀ ਸੀ, ਤਾਂ ਅਸੀਂ ਆਪਣੇ ਪਿਤਾ ਦੇ ਹੋਰ ਨੇੜੇ ਜਾ ਸਕਦੇ ਹਾਂ। ਪਰ ਅਸੀਂ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੁੰਦੇ ਕਿ ਬਸ ਅਸੀਂ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕਰ ਲਿਆ।—1 ਕੁਰਿੰ. 15:58.

ਜ਼ਿੰਦਗੀ ਦੀ ਦੌੜ ਦੌੜਦਿਆਂ ਸਾਨੂੰ ਆਪਣਾ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ’ਤੇ ਲਾਉਣ ਦੀ ਬਜਾਇ ਇਨਾਮ ’ਤੇ ਲਾਈ ਰੱਖਣਾ ਚਾਹੀਦਾ ਹੈ (ਪੈਰਾ 7 ਦੇਖੋ)

7. ਪਹਿਲਾ ਕੁਰਿੰਥੀਆਂ 9:24-27 ਅਨੁਸਾਰ ਜ਼ਿੰਦਗੀ ਦੀ ਦੌੜ ਜਿੱਤਣ ਲਈ ਕੀ ਕਰਨ ਦੀ ਲੋੜ ਹੈ? ਇਕ ਮਿਸਾਲ ਦਿਓ।

7 ਪੌਲੁਸ ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਮਤਲਬ ਚੰਗੀ ਤਰ੍ਹਾਂ ਸਮਝਦਾ ਸੀ: “ਅੱਡੀ ਚੋਟੀ ਦਾ ਜ਼ੋਰ ਲਾਓ।” (ਲੂਕਾ 13:23, 24) ਪੌਲੁਸ ਜਾਣਦਾ ਸੀ ਕਿ ਮਸੀਹ ਵਾਂਗ ਉਸ ਨੂੰ ਵੀ ਪੂਰੀ ਜ਼ਿੰਦਗੀ ਅੱਡੀ ਚੋਟੀ ਦਾ ਜ਼ੋਰ ਲਾਉਣਾ ਚਾਹੀਦਾ ਸੀ। ਉਸ ਨੇ ਮਸੀਹੀਆਂ ਦੀ ਜ਼ਿੰਦਗੀ ਦੀ ਤੁਲਨਾ ਦੌੜ ਨਾਲ ਕੀਤੀ। (1 ਕੁਰਿੰਥੀਆਂ 9:24-27 ਪੜ੍ਹੋ।) ਇਕ ਦੌੜਾਕ ਆਪਣਾ ਪੂਰਾ ਧਿਆਨ ਦੌੜ ਪੂਰੀ ਕਰਨ ’ਤੇ ਲਾਉਂਦਾ ਹੈ ਅਤੇ ਕਿਸੇ ਵੀ ਗੱਲ ਕਰਕੇ ਆਪਣਾ ਧਿਆਨ ਭਟਕਣ ਨਹੀਂ ਦਿੰਦਾ। ਮਿਸਾਲ ਲਈ, ਸ਼ਹਿਰ ਵਿਚ ਹੁੰਦੀਆਂ ਦੌੜਾਂ ਵਿਚ ਦੌੜਾਕ ਨੂੰ ਸ਼ਾਇਦ ਅਜਿਹੇ ਰਸਤੇ ’ਤੇ ਦੌੜਨਾ ਪਵੇ ਜਿਸ ’ਤੇ ਦੁਕਾਨਾਂ ਦੇ ਨਾਲ-ਨਾਲ ਧਿਆਨ ਭਟਕਾਉਣ ਵਾਲੀਆਂ ਹੋਰ ਚੀਜ਼ਾਂ ਵੀ ਹੋਣ। ਕੀ ਤੁਸੀਂ ਸੋਚ ਸਕਦੇ ਹੋ ਕਿ ਦੌੜਾਕ ਰੁਕ ਕੇ ਦੁਕਾਨ ਦੇ ਬਾਹਰ ਲੱਗੀਆਂ ਚੀਜ਼ਾਂ ਦੇਖੇਗਾ? ਨਹੀਂ, ਜੇ ਉਹ ਜਿੱਤਣਾ ਚਾਹੁੰਦਾ ਹੈ, ਤਾਂ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਕਰੇਗਾ। ਜ਼ਿੰਦਗੀ ਦੀ ਦੌੜ ਦੌੜਦਿਆਂ ਸਾਨੂੰ ਵੀ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਜੇ ਅਸੀਂ ਪੌਲੁਸ ਵਾਂਗ ਆਪਣਾ ਧਿਆਨ ਟੀਚੇ ’ਤੇ ਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹਾਂਗੇ, ਤਾਂ ਅਸੀਂ ਜ਼ਰੂਰ ਜਿੱਤਾਂਗੇ!

ਚੁਣੌਤੀਆਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਦੇ ਰਹੋ

8. ਅਸੀਂ ਕਿਹੜੀਆਂ ਤਿੰਨ ਚੁਣੌਤੀਆਂ ’ਤੇ ਗੌਰ ਕਰਾਂਗੇ?

8 ਆਓ ਆਪਾਂ ਤਿੰਨ ਚੁਣੌਤੀਆਂ ’ਤੇ ਗੌਰ ਕਰੀਏ ਜਿਸ ਕਰਕੇ ਅਸੀਂ ਜ਼ਿੰਦਗੀ ਦੀ ਦੌੜ ਵਿਚ ਢਿੱਲੇ ਪੈ ਸਕਦੇ ਹਾਂ। ਉਹ ਹੈ ਆਸ ਪੂਰੀ ਹੋਣ ਵਿਚ ਦੇਰੀ, ਵਿਗੜਦੀ ਸਿਹਤ ਅਤੇ ਲੰਬੇ ਸਮੇਂ ਤਕ ਰਹਿਣ ਵਾਲੀਆਂ ਮੁਸ਼ਕਲਾਂ। ਸਾਨੂੰ ਇਹ ਜਾਣ ਕੇ ਫ਼ਾਇਦਾ ਹੋ ਸਕਦਾ ਹੈ ਕਿ ਦੂਸਰਿਆਂ ਨੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ ਹੈ।—ਫ਼ਿਲਿ. 3:17.

9. ਆਸ ਪੂਰੀ ਹੋਣ ਵਿਚ ਦੇਰ ਹੋਣ ਕਰਕੇ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?

9 ਆਸ ਪੂਰੀ ਹੋਣ ਵਿਚ ਦੇਰੀ। ਆਮ ਤੌਰ ਤੇ ਅਸੀਂ ਉਨ੍ਹਾਂ ਚੰਗੀਆਂ ਚੀਜ਼ਾਂ ਦੀ ਆਸ ਰੱਖਦੇ ਹਾਂ ਜਿਨ੍ਹਾਂ ਦਾ ਯਹੋਵਾਹ ਨੇ ਵਾਅਦਾ ਕੀਤਾ ਹੈ। ਦਰਅਸਲ, ਜਦੋਂ ਹਬੱਕੂਕ ਨੇ ਕਿਹਾ ਕਿ ਉਹ ਦਿਲੋਂ ਚਾਹੁੰਦਾ ਸੀ ਕਿ ਯਹੋਵਾਹ ਯਹੂਦਾਹ ਵਿਚ ਦੁਸ਼ਟਤਾ ਨੂੰ ਖ਼ਤਮ ਕਰੇ, ਤਾਂ ਯਹੋਵਾਹ ਨੇ ਉਸ ਨੂੰ “ਉਡੀਕ” ਕਰਨ ਨੂੰ ਕਿਹਾ। (ਹਬ. 2:3) ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਆਸ ਪੂਰੀ ਹੋਣ ਵਿਚ ਦੇਰ ਹੋ ਰਹੀ ਹੈ, ਤਾਂ ਸਾਡਾ ਜੋਸ਼ ਘੱਟ ਸਕਦਾ ਹੈ। ਇੱਥੋਂ ਤਕ ਕਿ ਅਸੀਂ ਹੌਸਲਾ ਵੀ ਹਾਰ ਸਕਦੇ ਹਾਂ। (ਕਹਾ. 13:12) ਵੀਹਵੀਂ ਸਦੀ ਦੀ ਸ਼ੁਰੂਆਤ ਵਿਚ ਇਸੇ ਤਰ੍ਹਾਂ ਹੋਇਆ। ਉਸ ਸਮੇਂ ਬਹੁਤ ਸਾਰੇ ਚੁਣੇ ਹੋਏ ਮਸੀਹੀ 1914 ਵਿਚ ਸਵਰਗੀ ਇਨਾਮ ਦੀ ਮਿਲਣ ਦੀ ਆਸ ਰੱਖਦੇ ਸਨ। ਪਰ ਆਸ ਪੂਰੀ ਹੋਣ ਵਿਚ ਦੇਰ ਹੋਣ ਤੇ ਵਫ਼ਾਦਾਰ ਭੈਣਾਂ-ਭਰਾਵਾਂ ਨੇ ਕੀ ਕੀਤਾ?

ਰਾਇਲ ਅਤੇ ਪਰਲ ਸਪੇਟਜ਼ ਦੀ ਉਮੀਦ 1914 ਵਿਚ ਪੂਰੀ ਨਹੀਂ ਹੋਈ, ਪਰ ਉਹ ਦਹਾਕਿਆਂ ਤਕ ਵਫ਼ਾਦਾਰੀ ਨਾਲ ਸੇਵਾ ਕਰਦੇ ਰਹੇ (ਪੈਰਾ 10 ਦੇਖੋ)

10. ਇਕ ਜੋੜੇ ਨੇ ਆਸ ਪੂਰੀ ਹੋਣ ਵਿਚ ਦੇਰ ਹੋਣ ’ਤੇ ਕੀ ਕੀਤਾ?

10 ਦੋ ਵਫ਼ਾਦਾਰ ਮਸੀਹੀਆਂ ਦੀ ਮਿਸਾਲ ’ਤੇ ਗੌਰ ਕਰੋ ਜਿਨ੍ਹਾਂ ਨਾਲ ਇਸ ਤਰ੍ਹਾਂ ਹੋਇਆ। 1908 ਵਿਚ ਬਪਤਿਸਮੇ ਵੇਲੇ ਭਰਾ ਰਾਇਲ ਸਪੇਟਜ਼ ਦੀ ਉਮਰ 20 ਸਾਲ ਦੀ ਸੀ। ਉਸ ਨੂੰ ਪੱਕਾ ਭਰੋਸਾ ਸੀ ਕਿ ਜਲਦੀ ਹੀ ਉਸ ਨੂੰ ਆਪਣਾ ਇਨਾਮ ਮਿਲੇਗਾ। ਦਰਅਸਲ, 1911 ਵਿਚ ਜਦੋਂ ਉਸ ਨੇ ਪਰਲ ਨੂੰ ਵਿਆਹ ਦੀ ਪੇਸ਼ਕਸ਼ ਕੀਤੀ, ਤਾਂ ਉਸ ਨੇ ਆਪਣੀ ਹੋਣ ਵਾਲੀ ਪਤਨੀ ਪਰਲ ਨੂੰ ਕਿਹਾ: “ਤੈਨੂੰ ਪਤਾ ਕਿ 1914 ਵਿਚ ਕੀ ਹੋਣ ਵਾਲਾ ਹੈ। ਜੇ ਅਸੀਂ ਵਿਆਹ ਕਰਨਾ ਹੀ ਹੈ, ਤਾਂ ਕਿਉਂ ਨਾ ਹੁਣੇ ਹੀ ਕਰਾ ਲਈਏ।” ਕੀ ਇਸ ਜੋੜੇ ਨੇ 1914 ਵਿਚ ਸਵਰਗੀ ਇਨਾਮ ਨਾ ਮਿਲਣ ’ਤੇ ਜ਼ਿੰਦਗੀ ਦੀ ਦੌੜ ਵਿਚ ਦੌੜਨਾ ਬੰਦ ਕਰ ਦਿੱਤਾ? ਨਹੀਂ, ਕਿਉਂਕਿ ਉਨ੍ਹਾਂ ਨੇ ਆਪਣਾ ਧਿਆਨ ਇਨਾਮ ਦੀ ਬਜਾਇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ’ਤੇ ਲਾਇਆ ਹੋਇਆ ਸੀ। ਉਨ੍ਹਾਂ ਨੇ ਧੀਰਜ ਨਾਲ ਦੌੜਦੇ ਰਹਿਣ ਦਾ ਇਰਾਦਾ ਕੀਤਾ ਸੀ। ਰਾਇਲ ਤੇ ਪਰਲ ਨੇ ਕਈ ਦਹਾਕਿਆਂ ਬਾਅਦ ਵੀ ਆਪਣੀ ਮੌਤ ਤਕ ਜੋਸ਼ ਅਤੇ ਵਫ਼ਾਦਾਰੀ ਨਾਲ ਆਪਣੀ ਦੌੜ ਪੂਰੀ ਕੀਤੀ। ਬਿਨਾਂ ਸ਼ੱਕ, ਤੁਸੀਂ ਵੀ ਯਹੋਵਾਹ ਦੇ ਨਾਂ ’ਤੇ ਲੱਗੇ ਕਲੰਕ ਨੂੰ ਮਿੱਟਦਿਆਂ, ਉਸ ਦੇ ਰਾਜ ਕਰਨ ਦੇ ਹੱਕ ਨੂੰ ਸੱਚ ਸਾਬਤ ਹੁੰਦਿਆਂ ਅਤੇ ਉਸ ਦੇ ਵਾਅਦਿਆਂ ਨੂੰ ਪੂਰਾ ਹੁੰਦਿਆਂ ਦੇਖਣ ਲਈ ਤਰਸਦੇ ਹੋਣੇ। ਪੂਰਾ ਭਰੋਸਾ ਰੱਖੋ ਕਿ ਯਹੋਵਾਹ ਆਪਣੇ ਸਹੀ ਸਮੇਂ ਤੇ ਇਨ੍ਹਾਂ ਨੂੰ ਪੂਰਿਆਂ ਕਰੇਗਾ। ਉਦੋਂ ਤਕ, ਆਓ ਆਪਾਂ ਆਪਣੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਰੁੱਝੇ ਰਹੀਏ ਅਤੇ ਕਦੇ ਵੀ ਆਸ ਪੂਰੀ ਹੋਣ ਵਿਚ ਦੇਰ ਹੋਣ ’ਤੇ ਨਿਰਾਸ਼ ਨਾ ਹੋਈਏ ਜਾਂ ਜ਼ਿੰਦਗੀ ਦੀ ਦੌੜ ਵਿਚ ਢਿੱਲੇ ਨਾ ਪਈਏ।

ਬੁਢਾਪੇ ਵਿਚ ਵੀ ਆਰਥਰ ਸੀਕੋਰਡ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਨ (ਪੈਰਾ 11 ਦੇਖੋ)

11-12. ਵਿਗੜਦੀ ਸਿਹਤ ਦੇ ਬਾਵਜੂਦ ਅਸੀਂ ਯਹੋਵਾਹ ਦੀ ਸੇਵਾ ਕਿਵੇਂ ਕਰਦੇ ਰਹਿ ਸਕਦੇ ਹਾਂ? ਇਕ ਮਿਸਾਲ ਦਿਓ।

11 ਵਿਗੜਦੀ ਸਿਹਤ। ਖੇਡਾਂ ਵਿਚ ਦੌੜਨ ਵਾਲੇ ਦੌੜਾਕ ਦੀ ਸਿਹਤ ਵਧੀਆ ਹੋਣੀ ਚਾਹੀਦੀ ਹੈ। ਪਰ ਯਹੋਵਾਹ ’ਤੇ ਨਿਹਚਾ ਵਧਾਉਣ ਅਤੇ ਜੋਸ਼ ਨਾਲ ਉਸ ਦੀ ਸੇਵਾ ਕਰਨ ਲਈ ਵਧੀਆ ਸਿਹਤ ਹੋਣੀ ਜ਼ਰੂਰੀ ਨਹੀਂ ਹੈ। ਦਰਅਸਲ, ਬਹੁਤ ਸਾਰੇ ਮਸੀਹੀ ਜਿਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਵਧੀਆ ਨਹੀਂ ਹੈ, ਉਹ ਅਜੇ ਵੀ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਦੇ ਰਹਿਣਾ ਚਾਹੁੰਦੇ ਹਨ। (2 ਕੁਰਿੰ. 4:16) ਮਿਸਾਲ ਲਈ, ਭਰਾ ਆਰਥਰ ਸੀਕੋਰਡ * ਨੇ 55 ਸਾਲ ਬੈਥਲ ਵਿਚ ਵਫ਼ਾਦਾਰੀ ਨਾਲ ਸੇਵਾ ਕੀਤੀ ਤੇ 88 ਸਾਲਾਂ ਦੀ ਉਮਰ ਵਿਚ ਜਾ ਕੇ ਉਹ ਬਹੁਤ ਕਮਜ਼ੋਰ ਹੋ ਗਏ ਸਨ। ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੀ ਨਰਸ ਨੇ ਉਨ੍ਹਾਂ ਵੱਲ ਦੇਖ ਕੇ ਉਨ੍ਹਾਂ ਨੂੰ ਪਿਆਰ ਨਾਲ ਕਿਹਾ: “ਭਰਾ ਸੀਕੋਰਡ ਇਸ ਸਰੀਰ ਨੇ ਯਹੋਵਾਹ ਦੀ ਸੇਵਾ ਵਿਚ ਬਹੁਤ ਲੰਬਾ ਸਫ਼ਰ ਤਹਿ ਕੀਤਾ ਹੈ।” ਪਰ ਭਰਾ ਆਰਥਰ ਨੇ ਇਸ ਗੱਲ ’ਤੇ ਧਿਆਨ ਨਹੀਂ ਲਾਇਆ ਕਿ ਉਨ੍ਹਾਂ ਨੇ ਪਿੱਛੇ ਕੀ ਕੀਤਾ ਸੀ। ਉਨ੍ਹਾਂ ਨੇ ਭੈਣ ਵੱਲ ਦੇਖ ਕੇ ਮੁਸਕਰਾਉਂਦਿਆਂ ਕਿਹਾ: “ਹਾਂ, ਇਹ ਸੱਚ ਹੈ। ਪਰ ਅਸੀਂ ਜੋ ਪਿੱਛੇ ਕੀਤਾ ਉਹ ਮਾਅਨੇ ਨਹੀਂ ਰੱਖਦਾ, ਸਗੋਂ ਅਸੀਂ ਅੱਜ ਤੋਂ ਜੋ ਕਰਦੇ ਹਾਂ ਉਹ ਮਾਅਨੇ ਰੱਖਦਾ ਹੈ।”

12 ਸ਼ਾਇਦ ਤੁਸੀਂ ਬਹੁਤ ਸਾਲ ਯਹੋਵਾਹ ਦੀ ਸੇਵਾ ਕੀਤੀ ਹੈ ਅਤੇ ਹੁਣ ਵਿਗੜਦੀ ਸਿਹਤ ਕਰਕੇ ਤੁਸੀਂ ਪਹਿਲਾਂ ਵਾਂਗ ਸੇਵਾ ਨਹੀਂ ਕਰ ਸਕਦੇ। ਜੇ ਇਸ ਤਰ੍ਹਾਂ ਹੈ, ਤਾਂ ਨਿਰਾਸ਼ ਨਾ ਹੋਵੋ। ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਸੇਵਾ ਨੂੰ ਨਜ਼ਰਅੰਦਾਜ਼ ਨਹੀਂ ਕਰਦਾ ਜੋ ਤੁਸੀਂ ਵਫ਼ਾਦਾਰੀ ਨਾਲ ਕੀਤੀ ਸੀ। (ਇਬ. 6:10) ਨਾਲੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਜੋ ਕਰਦੇ ਹਾਂ ਉਸ ਤੋਂ ਸਾਬਤ ਨਹੀਂ ਹੁੰਦਾ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ। ਇਸ ਦੀ ਬਜਾਇ, ਅਸੀਂ ਆਪਣੀ ਖ਼ੁਸ਼ੀ ਤੇ ਉਮੀਦ ਬਣਾਈ ਰੱਖ ਕੇ ਅਤੇ ਤਨ-ਮਨ ਨਾਲ ਉਸ ਦੀ ਸੇਵਾ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ। (ਕੁਲੁ. 3:23) ਯਹੋਵਾਹ ਜਾਣਦਾ ਹੈ ਕਿ ਅਸੀਂ ਕਿੰਨਾ ਕਰ ਸਕਦੇ ਹਾਂ ਅਤੇ ਉਹ ਸਾਡੇ ਤੋਂ ਇਸ ਤੋਂ ਵੱਧ ਦੀ ਮੰਗ ਨਹੀਂ ਕਰਦਾ।—ਮਰ. 12:43, 44.

ਅਨਾਟੋਲਯੀ ਅਤੇ ਲੀਡੀਆ ਮੈਲਿਨੱਕ ਨੇ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਸੇਵਾ ਕੀਤੀ (ਪੈਰਾ 13 ਦੇਖੋ)

13. ਅਨਾਟੋਲਯੀ ਅਤੇ ਲੀਡੀਆ ਦੇ ਤਜਰਬੇ ਤੋਂ ਸਾਨੂੰ ਮੁਸ਼ਕਲਾਂ ਵਿਚ ਅੱਗੇ ਵਧਦੇ ਰਹਿਣ ਦੀ ਹੱਲਾਸ਼ੇਰੀ ਕਿਵੇਂ ਮਿਲਦੀ ਹੈ?

13 ਲੰਬੇ ਸਮੇਂ ਤਕ ਰਹਿਣ ਵਾਲੀਆਂ ਮੁਸ਼ਕਲਾਂ। ਯਹੋਵਾਹ ਦੇ ਕੁਝ ਸੇਵਕਾਂ ਨੇ ਦਹਾਕਿਆਂ ਤਕ ਅਜ਼ਮਾਇਸ਼ਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਮਿਸਾਲ ਲਈ, ਅਨਾਟੋਲਯੀ ਮੈਲਿਨੱਕ * ਸਿਰਫ਼ 12 ਸਾਲਾਂ ਦਾ ਸੀ ਜਦੋਂ ਉਸ ਦੇ ਪਿਤਾ ਨੂੰ ਗਿਰਫ਼ਤਾਰ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਅਤੇ ਉਸ ਨੂੰ ਦੇਸ਼-ਨਿਕਾਲਾ ਦੇ ਕੇ ਸਾਇਬੇਰੀਆ ਭੇਜ ਦਿੱਤਾ ਗਿਆ। ਉਸ ਦਾ ਪਰਿਵਾਰ ਮੌਲਡੋਵਾ ਵਿਚ 7,000 ਕਿਲੋਮੀਟਰ (4,000 ਮੀਲ) ਦੂਰ ਸੀ। ਇਕ ਸਾਲ ਬਾਅਦ ਉਸ ਦੀ ਮਾਤਾ ਤੇ ਨਾਨਾ-ਨਾਨੀ ਨੂੰ ਵੀ ਦੇਸ਼-ਨਿਕਾਲਾ ਦੇ ਕੇ ਸਾਇਬੇਰੀਆ ਭੇਜ ਦਿੱਤਾ ਗਿਆ। ਸਮੇਂ ਦੇ ਬੀਤਣ ਨਾਲ, ਉਹ ਕਿਸੇ ਹੋਰ ਪਿੰਡ ਵਿਚ ਹੁੰਦੀਆਂ ਸਭਾਵਾਂ ’ਤੇ ਜਾ ਸਕੇ, ਪਰ ਸਭਾਵਾਂ ’ਤੇ ਜਾਣ ਲਈ ਉਨ੍ਹਾਂ ਨੂੰ ਕੜਾਕੇ ਦੀ ਠੰਢ ਤੇ ਬਰਫ਼ ਵਿਚ 30 ਕਿਲੋਮੀਟਰ (20 ਮੀਲ) ਤੁਰ ਕੇ ਜਾਣਾ ਪੈਂਦਾ ਸੀ। ਬਾਅਦ ਵਿਚ ਭਰਾ ਮੈਲਿਨੱਕ ਨੇ ਆਪਣੀ ਪਤਨੀ ਲੀਡੀਆ ਅਤੇ ਇਕ ਸਾਲ ਦੀ ਧੀ ਤੋਂ ਦੂਰ ਤਿੰਨ ਸਾਲ ਦੀ ਕੈਦ ਕੱਟੀ। ਇਨ੍ਹਾਂ ਔਖੇ ਸਾਲਾਂ ਦੌਰਾਨ ਵੀ ਅਨਾਟੋਲਯੀ ਅਤੇ ਉਸ ਦਾ ਪਰਿਵਾਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ। ਹੁਣ ਉਹ 82 ਸਾਲਾਂ ਦੀ ਉਮਰ ਵਿਚ ਕੇਂਦਰੀ ਏਸ਼ੀਆ ਦੇ ਸ਼ਾਖ਼ਾ ਦਫ਼ਤਰ ਵਿਚ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ। ਅਨਾਟੋਲਯੀ ਅਤੇ ਲੀਡੀਆ ਵਾਂਗ ਆਓ ਆਪਾਂ ਵੀ ਯਹੋਵਾਹ ਦੀ ਸੇਵਾ ਵਿਚ ਪੂਰੀ ਵਾਹ ਲਾਈਏ ਅਤੇ ਪਹਿਲਾਂ ਵਾਂਗ ਵਫ਼ਾਦਾਰੀ ਨਾਲ ਸਭ ਕੁਝ ਝੱਲਦੇ ਰਹੀਏ।—ਗਲਾ. 6:9.

ਆਪਣੀ ਉਮੀਦ ’ਤੇ ਨਜ਼ਰ ਟਿਕਾਈ ਰੱਖੋ

14. ਇਨਾਮ ਹਾਸਲ ਕਰਨ ਲਈ ਪੌਲੁਸ ਨੂੰ ਕਿਹੜੀ ਗੱਲ ਦਾ ਅਹਿਸਾਸ ਸੀ?

14 ਪੌਲੁਸ ਨੂੰ ਪੂਰਾ ਭਰੋਸਾ ਸੀ ਕਿ ਉਹ ਆਪਣੀ ਦੌੜ ਪੂਰੀ ਕਰ ਲਵੇਗਾ ਅਤੇ ਇਨਾਮ ਹਾਸਲ ਕਰੇਗਾ। ਚੁਣਿਆ ਹੋਇਆ ਮਸੀਹੀ ਹੋਣ ਕਰਕੇ ਉਸ ਨੂੰ “ਸਵਰਗੀ ਸੱਦੇ ਦਾ ਇਨਾਮ ਹਾਸਲ ਕਰਨ” ਦੀ ਉਮੀਦ ਸੀ। ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਇਸ ਇਨਾਮ ਨੂੰ ਹਾਸਲ ਕਰਨ ਲਈ ਉਸ ਨੂੰ ‘ਅੱਗੇ ਵਧਦੇ’ ਰਹਿਣ ਦੀ ਲੋੜ ਸੀ। (ਫ਼ਿਲਿ. 3:14) ਪੌਲੁਸ ਨੇ ਮਿਸਾਲ ਦੇ ਕੇ ਫ਼ਿਲਿੱਪੈ ਦੇ ਮਸੀਹੀਆਂ ਦੀ ਇਨਾਮ ’ਤੇ ਨਜ਼ਰ ਟਿਕਾਈ ਰੱਖਣ ਵਿਚ ਮਦਦ ਕੀਤੀ।

15. ਪੌਲੁਸ ਨੇ ਨਾਗਰਿਕਤਾ ਦੇ ਵਿਸ਼ੇ ਨੂੰ ਵਰਤ ਕੇ ਕਿਵੇਂ ਫ਼ਿਲਿੱਪੈ ਦੇ ਮਸੀਹੀਆਂ ਨੂੰ ‘ਅੱਗੇ ਵਧਦੇ’ ਰਹਿਣ ਦੀ ਹੱਲਾਸ਼ੇਰੀ ਦਿੱਤੀ?

15 ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਹ ਸਵਰਗ ਦੇ ਨਾਗਰਿਕ ਸਨ। (ਫ਼ਿਲਿ. 3:20) ਉਨ੍ਹਾਂ ਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਕਿਉਂ ਸੀ? ਉਨ੍ਹਾਂ ਦਿਨਾਂ ਵਿਚ ਲੋਕ ਰੋਮੀ ਨਾਗਰਿਕਤਾ ਚਾਹੁੰਦੇ ਸਨ ਕਿਉਂਕਿ ਇਸ ਦੇ ਬਹੁਤ ਫ਼ਾਇਦੇ ਸਨ। * ਫ਼ਿਲਿੱਪੈ ਦੇ ਮਸੀਹੀਆਂ ਕੋਲ ਰੋਮੀ ਨਾਗਰਿਕਤਾ ਸੀ ਜਿਸ ਕਰਕੇ ਉਨ੍ਹਾਂ ਨੂੰ ਰੋਮੀ ਤੌਰ-ਤਰੀਕਿਆਂ ਮੁਤਾਬਕ ਕੰਮ ਕਰਨੇ ਚਾਹੀਦੇ ਸਨ। ਪਰ ਚੁਣੇ ਹੋਏ ਮਸੀਹੀਆਂ ਦੀ ਨਾਗਰਿਕਤਾ ਰੋਮੀ ਨਾਗਰਿਕਤਾ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ ਅਤੇ ਇਸ ਦੇ ਫ਼ਾਇਦੇ ਵੀ ਕਿਤੇ ਜ਼ਿਆਦਾ ਹੋਣੇ ਸਨ। ਇਸ ਦੇ ਸਾਮ੍ਹਣੇ ਰੋਮੀ ਨਾਗਰਿਕਤਾ ਕੁਝ ਵੀ ਨਹੀਂ ਸੀ। ਇਸ ਲਈ ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ “ਤੁਹਾਡੇ ਤੌਰ-ਤਰੀਕੇ ਮਸੀਹ ਦੀ ਖ਼ੁਸ਼ ਖ਼ਬਰੀ ਦੇ ਯੋਗ ਹੋਣ।” (ਫ਼ਿਲਿ. 1:27) ਅੱਜ ਚੁਣੇ ਹੋਏ ਮਸੀਹੀ ਸਵਰਗ ਵਿਚ ਮਿਲਣ ਵਾਲੇ ਇਨਾਮ ਵੱਲ ਲਗਾਤਾਰ ਅੱਗੇ ਵੱਧ ਕੇ ਸਾਡੇ ਲਈ ਬਹੁਤ ਵਧੀਆ ਮਿਸਾਲ ਰੱਖਦੇ ਹਨ।

16. ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਬਾਗ਼ ਵਰਗੀ ਸੋਹਣੀ ਧਰਤੀ ’ਤੇ ਰਹਿਣ ਦੀ, ਪਰ ਸਾਨੂੰ ਫ਼ਿਲਿੱਪੀਆਂ 4:6, 7 ਮੁਤਾਬਕ ਕੀ ਕਰਦੇ ਰਹਿਣ ਦੀ ਲੋੜ ਹੈ?

16 ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਬਾਗ਼ ਵਰਗੀ ਸੋਹਣੀ ਧਰਤੀ ’ਤੇ ਰਹਿਣ ਦੀ, ਸਾਨੂੰ ਸਾਰਿਆਂ ਨੂੰ ਇਨਾਮ ਵੱਲ ਅੱਗੇ ਵਧਦੇ ਰਹਿਣ ਦੀ ਲੋੜ ਹੈ। ਚਾਹੇ ਸਾਡੇ ਹਾਲਾਤ ਜੋ ਮਰਜ਼ੀ ਹੋਣ, ਸਾਨੂੰ ਨਾ ਤਾਂ ਪਿੱਛੇ ਛੱਡੀਆਂ ਗੱਲਾਂ ਵੱਲ ਮੁੜ ਕੇ ਦੇਖਣਾ ਚਾਹੀਦਾ ਅਤੇ ਨਾ ਹੀ ਕਿਸੇ ਗੱਲ ਕਰਕੇ ਯਹੋਵਾਹ ਦੀ ਸੇਵਾ ਕਰਨੀ ਛੱਡਣੀ ਚਾਹੀਦੀ। (ਫ਼ਿਲਿ. 3:16) ਸਾਨੂੰ ਲੱਗ ਸਕਦਾ ਹੈ ਕਿ ਸਾਡੀ ਆਸ ਪੂਰੀ ਹੋਣ ਵਿਚ ਦੇਰ ਹੋ ਰਹੀ ਹੈ ਜਾਂ ਸਾਡੀ ਸਿਹਤ ਵਿਗੜਦੀ ਜਾ ਰਹੀ ਹੈ। ਸ਼ਾਇਦ ਅਸੀਂ ਸਾਲਾਂ ਤੋਂ ਔਖੇ ਹਾਲਾਤਾਂ ਜਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਾਂ। ਚਾਹੇ ਜੋ ਮਰਜ਼ੀ ਹੋਵੇ “ਕਿਸੇ ਗੱਲ ਦੀ ਚਿੰਤਾ ਨਾ ਕਰੋ।” ਇਸ ਦੀ ਬਜਾਇ, ਪਰਮੇਸ਼ੁਰ ਨੂੰ ਫ਼ਰਿਆਦ ਅਤੇ ਬੇਨਤੀ ਕਰਦੇ ਰਹੋ ਅਤੇ ਉਹ ਤੁਹਾਨੂੰ ਉਹ ਸ਼ਾਂਤੀ ਦੇਵੇਗਾ ਜੋ ਤੁਹਾਡੀ ਸਮਝ ਤੋਂ ਬਾਹਰ ਹੈ।—ਫ਼ਿਲਿੱਪੀਆਂ 4:6, 7 ਪੜ੍ਹੋ।

17. ਅਗਲੇ ਲੇਖ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

17 ਜਿੱਦਾਂ ਇਕ ਦੌੜਾਕ ਮਿੱਥੇ ਨਿਸ਼ਾਨੇ ਦੇ ਨੇੜੇ ਜਾਣ ’ਤੇ ਪੂਰਾ ਜ਼ੋਰ ਲਾ ਕੇ ਦੌੜਦਾ ਹੈ, ਉਸੇ ਤਰ੍ਹਾਂ ਆਓ ਆਪਾਂ ਵੀ ਆਪਣਾ ਧਿਆਨ ਜ਼ਿੰਦਗੀ ਦੀ ਦੌੜ ਪੂਰੀ ਕਰਨ ’ਤੇ ਲਾਈ ਰੱਖੀਏ। ਜਿੰਨੀ ਸਾਡੀ ਸਿਹਤ ਜਾਂ ਸਾਡੇ ਹਾਲਾਤ ਸਾਨੂੰ ਇਜਾਜ਼ਤ ਦਿੰਦੇ ਹਨ, ਆਓ ਆਪਾਂ ਸ਼ਾਨਦਾਰ ਭਵਿੱਖ ਵੱਲ ਅੱਗੇ ਵਧਦੇ ਰਹੀਏ। ਸਹੀ ਦਿਸ਼ਾ ਵੱਲ ਅਤੇ ਸਹੀ ਰਫ਼ਤਾਰ ਵਿਚ ਦੌੜਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਅਗਲਾ ਲੇਖ ਸਾਡੀ ਇਹ ਜਾਣਨ ਵਿਚ ਮਦਦ ਕਰੇਗਾ ਕਿ “ਜ਼ਿਆਦਾ ਜ਼ਰੂਰੀ ਗੱਲਾਂ” ਕਿਹੜੀਆਂ ਹਨ ਅਤੇ ਅਸੀਂ ਇਨ੍ਹਾਂ ਨੂੰ ਪਹਿਲ ਕਿਵੇਂ ਦੇ ਸਕਦੇ ਹਾਂ।—ਫ਼ਿਲਿ. 1:9, 10.

ਗੀਤ 7 ਸਮਰਪਣ ਦਾ ਵਾਅਦਾ

^ ਪੈਰਾ 5 ਚਾਹੇ ਅਸੀਂ ਜਿੰਨੇ ਮਰਜ਼ੀ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਪਰ ਫਿਰ ਵੀ ਅਸੀਂ ਹੋਰ ਸਮਝਦਾਰ ਬਣਨਾ ਅਤੇ ਭਗਤੀ ਦੇ ਮਾਮਲੇ ਵਿਚ ਸੁਧਾਰ ਕਰਨਾ ਚਾਹੁੰਦੇ ਹਾਂ। ਪੌਲੁਸ ਰਸੂਲ ਨੇ ਸਾਥੀ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਕਦੇ ਹਾਰ ਨਾ ਮੰਨਣ। ਫ਼ਿਲਿੱਪੀਆਂ ਨੂੰ ਲਿਖੀ ਉਸ ਦੀ ਚਿੱਠੀ ਪੜ੍ਹ ਕੇ ਸਾਨੂੰ ਜ਼ਿੰਦਗੀ ਦੀ ਦੌੜ ਪੂਰੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਇਸ ਲੇਖ ਤੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਪੌਲੁਸ ਦੇ ਸ਼ਬਦ ਕਿਵੇਂ ਲਾਗੂ ਕਰ ਸਕਦੇ ਹਾਂ।

^ ਪੈਰਾ 11 ਪਹਿਰਾਬੁਰਜ 15 ਜੂਨ 1965 (ਅੰਗ੍ਰੇਜ਼ੀ) ਵਿਚ ਭਰਾ ਸੀਕੋਰਡ ਦੀ ਜੀਵਨੀ “ਸਹੀ ਭਗਤੀ ਅੱਗੇ ਵਧਾਉਣ ਵਿਚ ਮੇਰਾ ਯੋਗਦਾਨ” ਦੇਖੋ।

^ ਪੈਰਾ 13 ਜਨਵਰੀ-ਮਾਰਚ 2005 ਦੇ ਜਾਗਰੂਕ ਬਣੋ! ਵਿਚ ਭਰਾ ਮੈਲਿਨੱਕ ਦੀ ਜੀਵਨੀ “ਮੈਂ ਬਚਪਨ ਤੋਂ ਪਰਮੇਸ਼ੁਰ ਨਾਲ ਪਿਆਰ ਕਰਨਾ ਸਿੱਖਿਆ” ਦੇਖੋ।

^ ਪੈਰਾ 15 ਫ਼ਿਲਿੱਪੈ ਇਕ ਰੋਮੀ ਕਲੋਨੀ ਸੀ। ਇਸ ਕਰਕੇ ਇੱਥੋਂ ਦੇ ਨਾਗਰਿਕਾਂ ਕੋਲ ਰੋਮੀ ਨਾਗਰਿਕ ਦੇ ਹੱਕ ਸਨ। ਇਸ ਲਈ ਪੌਲੁਸ ਵੱਲੋਂ ਵਰਤੀ ਮਿਸਾਲ ਮਾਅਨੇ ਰੱਖਦੀ ਸੀ।