Skip to content

Skip to table of contents

ਅਧਿਐਨ ਲੇਖ 32

ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ

ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ

“ਮੈਂ ਇਹੀ ਪ੍ਰਾਰਥਨਾ ਕਰਦਾ ਹਾਂ ਕਿ . . . ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ।”—ਫ਼ਿਲਿ. 1:9.

ਗੀਤ 3 ਪਰਮੇਸ਼ੁਰ ਪਿਆਰ ਹੈ

ਖ਼ਾਸ ਗੱਲਾਂ *

1. ਫ਼ਿਲਿੱਪੈ ਵਿਚ ਮੰਡਲੀ ਸਥਾਪਿਤ ਕਰਨ ਵਿਚ ਕਿਨ੍ਹਾਂ ਨੇ ਮਦਦ ਕੀਤੀ?

ਜਦੋਂ ਪੌਲੁਸ ਰਸੂਲ, ਸੀਲਾਸ, ਲੂਕਾ ਅਤੇ ਤਿਮੋਥਿਉਸ ਫ਼ਿਲਿੱਪੈ ਦੇ ਇਕ ਸ਼ਹਿਰ ਵਿਚ ਸਨ, ਤਾਂ ਉਨ੍ਹਾਂ ਨੂੰ ਅਜਿਹੇ ਬਹੁਤ ਸਾਰੇ ਲੋਕ ਮਿਲੇ ਜੋ ਰਾਜ ਦੇ ਸੰਦੇਸ਼ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਇਨ੍ਹਾਂ ਚਾਰ ਜੋਸ਼ੀਲੇ ਭਰਾਵਾਂ ਨੇ ਮੰਡਲੀ ਸਥਾਪਿਤ ਕਰਨ ਵਿਚ ਮਦਦ ਕੀਤੀ ਅਤੇ ਸਾਰੇ ਚੇਲਿਆਂ ਨੇ ਇਕੱਠੇ ਹੋਣਾ ਸ਼ੁਰੂ ਕੀਤਾ। ਸ਼ਾਇਦ ਉਹ ਲੀਡੀਆ ਨਾਂ ਦੀ ਮਸੀਹੀ ਦੇ ਘਰ ਇਕੱਠੇ ਹੁੰਦੇ ਸਨ ਜੋ ਬਹੁਤ ਪਰਾਹੁਣਚਾਰੀ ਕਰਨ ਵਾਲੀ ਸੀ।—ਰਸੂ. 16:40.

2. ਜਲਦੀ ਹੀ ਉਸ ਮੰਡਲੀ ਨੂੰ ਕਿਹੜੀ ਔਖੀ ਘੜੀ ਦਾ ਸਾਮ੍ਹਣਾ ਕਰਨਾ ਪਿਆ?

2 ਜਲਦੀ ਹੀ ਨਵੀਂ ਬਣੀ ਮੰਡਲੀ ਨੂੰ ਇਕ ਔਖੀ ਘੜੀ ਦਾ ਸਾਮ੍ਹਣਾ ਕਰਨਾ ਪਿਆ। ਸ਼ੈਤਾਨ ਨੇ ਸੱਚਾਈ ਦੇ ਦੁਸ਼ਮਣਾਂ ਨੂੰ ਭੜਕਾਇਆ ਜਿਨ੍ਹਾਂ ਨੇ ਵਫ਼ਾਦਾਰ ਮਸੀਹੀਆਂ ਦੇ ਪ੍ਰਚਾਰ ਕੰਮ ਦਾ ਬੁਰੀ ਤਰ੍ਹਾਂ ਵਿਰੋਧ ਕੀਤਾ। ਪੌਲੁਸ ਤੇ ਸੀਲਾਸ ਨੂੰ ਗਿਰਫ਼ਤਾਰ ਕਰ ਲਿਆ ਗਿਆ, ਡੰਡਿਆਂ ਨਾਲ ਕੁੱਟਿਆ ਗਿਆ ਅਤੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਜੇਲ੍ਹ ਵਿੱਚੋਂ ਛੁੱਟਣ ਤੋਂ ਬਾਅਦ ਉਨ੍ਹਾਂ ਨੇ ਨਵੇਂ ਚੇਲਿਆਂ ਨੂੰ ਜਾ ਕੇ ਹੱਲਾਸ਼ੇਰੀ ਦਿੱਤੀ। ਫਿਰ ਪੌਲੁਸ ਰਸੂਲ, ਸੀਲਾਸ ਅਤੇ ਤਿਮੋਥਿਉਸ ਸ਼ਹਿਰ ਛੱਡ ਕੇ ਚਲੇ ਗਏ ਤੇ ਹੋ ਸਕਦਾ ਹੈ ਕਿ ਲੂਕਾ ਉੱਥੇ ਹੀ ਰਿਹਾ। ਨਵੇਂ ਬਣੇ ਮਸੀਹੀਆਂ ਨੇ ਹੁਣ ਕੀ ਕਰਨਾ ਸੀ? ਯਹੋਵਾਹ ਦੀ ਸ਼ਕਤੀ ਦੀ ਮਦਦ ਨਾਲ ਉਹ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। (ਫ਼ਿਲਿ. 2:12) ਪੌਲੁਸ ਕੋਲ ਉਨ੍ਹਾਂ ’ਤੇ ਮਾਣ ਕਰਨ ਦਾ ਵਧੀਆ ਕਾਰਨ ਸੀ।

3. ਫ਼ਿਲਿੱਪੀਆਂ 1:9-11 ਅਨੁਸਾਰ ਪੌਲੁਸ ਨੇ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕੀਤੀ?

3 ਲਗਭਗ 10 ਸਾਲਾਂ ਬਾਅਦ ਪੌਲੁਸ ਨੇ ਫ਼ਿਲਿੱਪੈ ਦੀ ਮੰਡਲੀ ਨੂੰ ਚਿੱਠੀ ਲਿਖੀ। ਚਿੱਠੀ ਪੜ੍ਹਦਿਆਂ ਤੁਸੀਂ ਦੇਖ ਸਕਦੇ ਹੋ ਕਿ ਪੌਲੁਸ ਆਪਣੇ ਭੈਣਾਂ-ਭਰਾਵਾਂ ਨੂੰ ਕਿੰਨਾ ਪਿਆਰ ਕਰਦਾ ਸੀ। ਉਸ ਨੇ ਲਿਖਿਆ: “ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਕਿੰਨਾ ਤਰਸਦਾ ਹਾਂ ਕਿਉਂਕਿ ਯਿਸੂ ਮਸੀਹ ਵਾਂਗ ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ।” (ਫ਼ਿਲਿ. 1:8) ਉਸ ਨੇ ਲਿਖਿਆ ਕਿ ਉਹ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਸੀ। ਪੌਲੁਸ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਪਿਆਰ ਵਧਾਉਣ, ਜ਼ਰੂਰੀ ਗੱਲਾਂ ਨੂੰ ਪਹਿਲ ਦੇਣ, ਨਿਰਦੋਸ਼ ਰਹਿਣ, ਦੂਸਰਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਨ ਅਤੇ ਧਰਮੀ ਫਲ ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇ। ਬਿਨਾਂ ਸ਼ੱਕ, ਤੁਸੀਂ ਸਹਿਮਤ ਹੋਵੋਗੇ ਕਿ ਅੱਜ ਅਸੀਂ ਪੌਲੁਸ ਦੇ ਸ਼ਬਦਾਂ ਤੋਂ ਫ਼ਾਇਦਾ ਪਾ ਸਕਦੇ ਹਾਂ। ਸੋ ਆਓ ਆਪਾਂ ਪੜ੍ਹੀਏ ਕਿ ਪੌਲੁਸ ਨੇ ਫ਼ਿਲਿੱਪੀਆਂ ਦੇ ਮਸੀਹੀਆਂ ਨੂੰ ਕੀ ਲਿਖਿਆ। (ਫ਼ਿਲਿੱਪੀਆਂ 1:9-11 ਪੜ੍ਹੋ।) ਫਿਰ ਅਸੀਂ ਉਸ ਵੱਲੋਂ ਦੱਸੀਆਂ ਗੱਲਾਂ ’ਤੇ ਗੌਰ ਕਰਾਂਗੇ ਅਤੇ ਚਰਚਾ ਕਰਾਂਗੇ ਕਿ ਅਸੀਂ ਉਨ੍ਹਾਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ।

ਪਿਆਰ ਹੋਰ ਵੀ ਵਧਾਓ

4. (ੳ) 1 ਯੂਹੰਨਾ 4:9, 10 ਅਨੁਸਾਰ ਯਹੋਵਾਹ ਨੇ ਸਾਨੂੰ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ? (ਅ) ਸਾਨੂੰ ਪਰਮੇਸ਼ੁਰ ਨੂੰ ਕਿੰਨਾ ਪਿਆਰ ਕਰਨਾ ਚਾਹੀਦਾ ਹੈ?

4 ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ’ਤੇ ਭੇਜਿਆ ਤਾਂਕਿ ਉਹ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਦੇਵੇ। ਇਸ ਤਰ੍ਹਾਂ ਉਸ ਨੇ ਜ਼ਾਹਰ ਕੀਤਾ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। (1 ਯੂਹੰਨਾ 4:9, 10 ਪੜ੍ਹੋ।) ਪਰਮੇਸ਼ੁਰ ਦੇ ਨਿਰਸੁਆਰਥ ਪਿਆਰ ਕਰਕੇ ਅਸੀਂ ਉਸ ਨੂੰ ਪਿਆਰ ਦਿਖਾਉਣ ਲਈ ਪ੍ਰੇਰਿਤ ਹੁੰਦੇ ਹਾਂ। (ਰੋਮੀ. 5:8) ਸਾਨੂੰ ਪਰਮੇਸ਼ੁਰ ਨੂੰ ਕਿੰਨਾ ਪਿਆਰ ਕਰਨਾ ਚਾਹੀਦਾ ਹੈ? ਯਿਸੂ ਨੇ ਇਸ ਸਵਾਲ ਦਾ ਜਵਾਬ ਦਿੱਤਾ ਜਦੋਂ ਉਸ ਨੇ ਇਕ ਫ਼ਰੀਸੀ ਨੂੰ ਕਿਹਾ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:36, 37) ਅਸੀਂ ਅੱਧੇ ਦਿਲ ਨਾਲ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਾ ਚਾਹੁੰਦੇ। ਇਸ ਦੀ ਬਜਾਇ, ਅਸੀਂ ਹਰ ਦਿਨ ਉਸ ਲਈ ਆਪਣੇ ਪਿਆਰ ਨੂੰ ਹੋਰ ਗੂੜ੍ਹਾ ਕਰਨਾ ਚਾਹੁੰਦੇ ਹਾਂ। ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਪਿਆਰ “ਹੋਰ ਵੀ ਵਧਦਾ” ਜਾਣਾ ਚਾਹੀਦਾ ਹੈ। ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਹੋਰ ਗੂੜ੍ਹਾ ਕਰਨ ਲਈ ਕੀ ਕਰ ਸਕਦੇ ਹਾਂ?

5. ਸਾਡਾ ਪਿਆਰ ਹੋਰ ਗੂੜ੍ਹਾ ਕਿਵੇਂ ਹੋ ਸਕਦਾ ਹੈ?

5 ਪਰਮੇਸ਼ੁਰ ਨੂੰ ਪਿਆਰ ਕਰਨ ਲਈ ਸਾਨੂੰ ਉਸ ਬਾਰੇ ਜਾਣਨ ਦੀ ਲੋੜ ਹੈ। ਬਾਈਬਲ ਦੱਸਦੀ ਹੈ: “ਜਿਹੜੇ ਪਿਆਰ ਨਹੀਂ ਕਰਦੇ, ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ ਕਿਉਂਕਿ ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਪੌਲੁਸ ਰਸੂਲ ਨੇ ਸਮਝਾਇਆ ਕਿ ਪਰਮੇਸ਼ੁਰ ਬਾਰੇ “ਸਹੀ ਗਿਆਨ ਅਤੇ ਪੂਰੀ ਸਮਝ” ਹਾਸਲ ਕਰਨ ਨਾਲ ਉਸ ਲਈ ਸਾਡਾ ਪਿਆਰ ਹੋਰ ਗੂੜ੍ਹਾ ਹੁੰਦਾ ਜਾਵੇਗਾ। (ਫ਼ਿਲਿ. 1:9) ਜਦੋਂ ਅਸੀਂ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਤਾਂ ਉਸ ਦੇ ਸ਼ਾਨਦਾਰ ਗੁਣਾਂ ਬਾਰੇ ਥੋੜ੍ਹੀ ਜਿਹੀ ਸਮਝ ਦੇ ਆਧਾਰ ’ਤੇ ਹੀ ਅਸੀਂ ਉਸ ਨਾਲ ਪਿਆਰ ਕਰਨਾ ਸ਼ੁਰੂ ਕੀਤਾ ਸੀ। ਫਿਰ ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਬਾਰੇ ਸਿੱਖਦੇ ਗਏ, ਉੱਦਾਂ-ਉੱਦਾਂ ਸਾਡਾ ਪਿਆਰ ਉਸ ਨਾਲ ਹੋਰ ਗੂੜ੍ਹਾ ਹੁੰਦਾ ਗਿਆ। ਇਸ ਲਈ ਅਸੀਂ ਬਾਕਾਇਦਾ ਬਾਈਬਲ ਦੀ ਸਟੱਡੀ ਕਰਨ ਅਤੇ ਸੋਚ-ਵਿਚਾਰ ਕਰਨ ਨੂੰ ਸਭ ਤੋਂ ਜ਼ਰੂਰੀ ਗੱਲਾਂ ਵਿਚ ਰੱਖਦੇ ਹਾਂ।—ਫ਼ਿਲਿ. 2:16.

6. ਪਹਿਲਾ ਯੂਹੰਨਾ 4:11, 20, 21 ਅਨੁਸਾਰ ਅਸੀਂ ਪਿਆਰ ਨੂੰ ਕਿਵੇਂ ਵਧਾ ਸਕਦੇ ਹਾਂ?

6 ਪਰਮੇਸ਼ੁਰ ਦਾ ਗਹਿਰਾ ਪਿਆਰ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਲਈ ਪ੍ਰੇਰਿਤ ਕਰੇਗਾ। (1 ਯੂਹੰਨਾ 4:11, 20, 21 ਪੜ੍ਹੋ।) ਅਸੀਂ ਸ਼ਾਇਦ ਸੋਚੀਏ ਕਿ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਸੌਖਾ ਹੈ ਕਿਉਂਕਿ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ ਅਤੇ ਉਸ ਦੇ ਸ਼ਾਨਦਾਰ ਗੁਣਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਯਿਸੂ ਦੀ ਮਿਸਾਲ ’ਤੇ ਚੱਲਦੇ ਹਾਂ ਜਿਸ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਸਾਡੀ ਖ਼ਾਤਰ ਆਪਣੀ ਜਾਨ ਦੇ ਦਿੱਤੀ। ਪਰ ਕਦੀ-ਕਦੀ ਇਕ-ਦੂਜੇ ਨੂੰ ਪਿਆਰ ਕਰਨ ਦਾ ਹੁਕਮ ਮੰਨਣਾ ਔਖਾ ਹੋ ਸਕਦਾ ਹੈ। ਜ਼ਰਾ ਫ਼ਿਲਿੱਪੈ ਦੀ ਮੰਡਲੀ ਦੀ ਇਕ ਮਿਸਾਲ ’ਤੇ ਗੌਰ ਕਰੋ।

7. ਯੂਓਦੀਆ ਅਤੇ ਸੁੰਤੁਖੇ ਨੂੰ ਦਿੱਤੀ ਪੌਲੁਸ ਦੀ ਸਲਾਹ ਤੋਂ ਅਸੀਂ ਕੀ ਸਿੱਖਦੇ ਹਾਂ?

7 ਯੂਓਦੀਆ ਅਤੇ ਸੁੰਤੁਖੇ ਜੋਸ਼ੀਲੀਆਂ ਭੈਣਾਂ ਸਨ ਜਿਨ੍ਹਾਂ ਨੇ ਪੌਲੁਸ ਰਸੂਲ ਨਾਲ “ਮੋਢੇ ਨਾਲ ਮੋਢਾ ਜੋੜ ਕੇ” ਸੇਵਾ ਕੀਤੀ ਸੀ। ਪਰ ਸ਼ਾਇਦ ਉਨ੍ਹਾਂ ਵਿਚ ਕੋਈ ਮਨ-ਮੁਟਾਵ ਹੋ ਗਿਆ ਜਿਸ ਕਰਕੇ ਉਨ੍ਹਾਂ ਦੀ ਦੋਸਤੀ ਵਿਚ ਦਰਾੜ ਪੈ ਗਈ। ਜਿਸ ਮੰਡਲੀ ਵਿਚ ਇਹ ਭੈਣਾਂ ਸੇਵਾ ਕਰਦੀਆਂ ਸਨ, ਉਸ ਮੰਡਲੀ ਨੂੰ ਚਿੱਠੀ ਲਿਖਦਿਆਂ ਪੌਲੁਸ ਨੇ ਖ਼ਾਸ ਤੌਰ ਤੇ ਯੂਓਦੀਆ ਅਤੇ ਸੁੰਤੁਖੇ ਦੇ ਨਾਂ ਲਏ ਅਤੇ ਉਨ੍ਹਾਂ ਨੂੰ “ਇਕ ਮਨ” ਹੋਣ ਦੀ ਸਲਾਹ ਦਿੱਤੀ। (ਫ਼ਿਲਿ. 4:2, 3) ਨਾਲੇ ਪੌਲੁਸ ਨੂੰ ਲੱਗਾ ਕਿ ਸਾਰੀ ਮੰਡਲੀ ਨੂੰ ਇਹ ਸਲਾਹ ਦੇਣ ਦੀ ਲੋੜ ਸੀ: “ਤੁਸੀਂ ਸਾਰੇ ਕੰਮ ਬੁੜ-ਬੁੜ ਜਾਂ ਬਹਿਸ ਕੀਤੇ ਬਿਨਾਂ ਕਰਦੇ ਰਹੋ।” (ਫ਼ਿਲਿ. 2:14) ਬਿਨਾਂ ਸ਼ੱਕ, ਪੌਲੁਸ ਵੱਲੋਂ ਦਿੱਤੀ ਸਿੱਧੀ ਸਲਾਹ ਕਰਕੇ ਸਿਰਫ਼ ਇਨ੍ਹਾਂ ਵਫ਼ਾਦਾਰ ਭੈਣਾਂ ਨੂੰ ਹੀ ਫ਼ਾਇਦਾ ਨਹੀਂ ਹੋਇਆ, ਸਗੋਂ ਪੂਰੀ ਮੰਡਲੀ ਦਾ ਇਕ-ਦੂਜੇ ਲਈ ਪਿਆਰ ਹੋਰ ਗੂੜ੍ਹਾ ਹੋਇਆ ਹੋਣਾ।

ਸਾਨੂੰ ਆਪਣੇ ਭੈਣਾਂ-ਭਰਾਵਾਂ ਪ੍ਰਤੀ ਸਹੀ ਨਜ਼ਰੀਆ ਕਿਉਂ ਰੱਖਣਾ ਚਾਹੀਦਾ ਹੈ? (ਪੈਰਾ 8 ਦੇਖੋ) *

8. ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਨਾ ਕਰਨ ਵਿਚ ਮੁੱਖ ਰੁਕਾਵਟ ਕਿਹੜੀ ਹੈ ਅਤੇ ਅਸੀਂ ਇਸ ਨੂੰ ਕਿਵੇਂ ਪਾਰ ਕਰ ਸਕਦੇ ਹਾਂ?

8 ਯੂਓਦੀਆ ਅਤੇ ਸੁੰਤੁਖੇ ਦੀ ਤਰ੍ਹਾਂ ਦੂਜਿਆਂ ਨੂੰ ਪਿਆਰ ਨਾ ਦਿਖਾਉਣ ਵਿਚ ਇਕ ਮੁੱਖ ਰੁਕਾਵਟ ਹੋ ਸਕਦੀ ਹੈ, ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਧਿਆਨ ਲਾਉਣਾ। ਅਸੀਂ ਸਾਰੇ ਜਣੇ ਹਰ ਰੋਜ਼ ਗ਼ਲਤੀਆਂ ਕਰਦੇ ਹਾਂ। ਜੇ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਨ੍ਹਾਂ ਲਈ ਸਾਡਾ ਪਿਆਰ ਠੰਢਾ ਪੈ ਜਾਵੇਗਾ। ਮਿਸਾਲ ਲਈ, ਜੇ ਕੋਈ ਭਰਾ ਕਿੰਗਡਮ ਹਾਲ ਦੀ ਸਫ਼ਾਈ ਕਰਨ ਵਿਚ ਮਦਦ ਨਹੀਂ ਕਰਦਾ, ਤਾਂ ਅਸੀਂ ਸ਼ਾਇਦ ਖਿੱਝ ਜਾਈਏ। ਫਿਰ ਜੇ ਅਸੀਂ ਉਨ੍ਹਾਂ ਸਾਰੀਆਂ ਗ਼ਲਤੀਆਂ ਦੀ ਲਿਸਟ ਬਣਾਉਣੀ ਸ਼ੁਰੂ ਕਰ ਦੇਈਏ ਜੋ ਉਸ ਨੇ ਕੀਤੀਆਂ ਸਨ, ਤਾਂ ਸਾਨੂੰ ਹੋਰ ਜ਼ਿਆਦਾ ਖਿੱਝ ਚੜ੍ਹੇਗੀ ਅਤੇ ਉਸ ਲਈ ਸਾਡਾ ਪਿਆਰ ਘਟੇਗਾ। ਜੇ ਤੁਹਾਡੇ ਨਾਲ ਇੱਦਾਂ ਹੁੰਦਾ ਹੈ, ਤਾਂ ਕਿਉਂ ਨਾ ਇਸ ਗੱਲ ’ਤੇ ਗੌਰ ਕਰੋ: ਯਹੋਵਾਹ ਸਾਡੀਆਂ ਤੇ ਸਾਡੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਜਾਣਦਾ ਹੈ। ਪਰ ਇਨ੍ਹਾਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਹ ਅਜੇ ਵੀ ਸਾਡੇ ਨਾਲ ਤੇ ਸਾਡੇ ਭੈਣਾਂ-ਭਰਾਵਾਂ ਨਾਲ ਪਿਆਰ ਕਰਦਾ ਹੈ। ਇਸ ਕਰਕੇ ਸਾਨੂੰ ਯਹੋਵਾਹ ਦੇ ਪਿਆਰ ਦੀ ਰੀਸ ਕਰਨ ਅਤੇ ਆਪਣੇ ਭੈਣਾਂ-ਭਰਾਵਾਂ ਪ੍ਰਤੀ ਸਹੀ ਨਜ਼ਰੀਆ ਬਣਾਈ ਰੱਖਣ ਦੀ ਲੋੜ ਹੈ। ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਵਿਚ ਪੂਰੀ ਵਾਹ ਲਾਉਂਦੇ ਹਾਂ, ਤਾਂ ਉਨ੍ਹਾਂ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ।—ਫ਼ਿਲਿ. 2:1, 2.

“ਜ਼ਿਆਦਾ ਜ਼ਰੂਰੀ ਗੱਲਾਂ”

9. ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਕਿਹੜੀਆਂ ਕੁਝ “ਜ਼ਿਆਦਾ ਜ਼ਰੂਰੀ ਗੱਲਾਂ” ਦਾ ਜ਼ਿਕਰ ਕੀਤਾ?

9 ਪਵਿੱਤਰ ਸ਼ਕਤੀ ਨੇ ਪੌਲੁਸ ਨੂੰ ਪ੍ਰੇਰਿਆ ਕਿ ਉਹ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਅਤੇ ਸਾਰੇ ਮਸੀਹੀਆਂ ਨੂੰ ਇਹ ਲਿਖੇ ਕਿ ਉਹ “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ” ਰੱਖਣ। (ਫ਼ਿਲਿ. 1:10) ਇਨ੍ਹਾਂ ਜ਼ਰੂਰੀ ਗੱਲਾਂ ਵਿਚ ਸ਼ਾਮਲ ਹੈ, ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ, ਉਸ ਦੇ ਮਕਸਦ ਪੂਰੇ ਹੋਣੇ ਅਤੇ ਮੰਡਲੀ ਵਿਚ ਏਕਤਾ ਤੇ ਸ਼ਾਂਤੀ ਬਣਾਈ ਰੱਖਣੀ। (ਮੱਤੀ 6:9, 10; ਯੂਹੰ. 13:35) ਆਪਣੀ ਜ਼ਿੰਦਗੀ ਵਿਚ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਪਹਿਲ ਦੇ ਕੇ ਅਸੀਂ ਯਹੋਵਾਹ ਲਈ ਆਪਣਾ ਪਿਆਰ ਸਾਬਤ ਕਰਦੇ ਹਾਂ।

10. ਨਿਰਦੋਸ਼ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

10 ਪੌਲੁਸ ਨੇ ਇਹ ਵੀ ਕਿਹਾ ਕਿ ਸਾਨੂੰ ‘ਨਿਰਦੋਸ਼ ਰਹਿਣਾ’ ਚਾਹੀਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਪੂਰੀ ਤਰ੍ਹਾਂ ਮੁਕੰਮਲ ਬਣਨਾ ਚਾਹੀਦਾ ਹੈ। ਅਸੀਂ ਯਹੋਵਾਹ ਪਰਮੇਸ਼ੁਰ ਵਾਂਗ ਨਿਰਦੋਸ਼ ਨਹੀਂ ਬਣ ਸਕਦੇ। ਪਰ ਜੇ ਅਸੀਂ ਆਪਣਾ ਪਿਆਰ ਗੂੜ੍ਹਾ ਕਰਨ ਅਤੇ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਯਹੋਵਾਹ ਸਾਨੂੰ ਨਿਰਦੋਸ਼ ਸਮਝੇਗਾ। ਜਦੋਂ ਅਸੀਂ ਦੂਸਰਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਆਪਣਾ ਪਿਆਰ ਜ਼ਾਹਰ ਕਰਦੇ ਹਾਂ।

11. ਸਾਨੂੰ ਦੂਸਰਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਕਿਉਂ ਨਹੀਂ ਖੜ੍ਹੀ ਕਰਨੀ ਚਾਹੀਦੀ?

11 ਦੂਸਰਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਨਾ ਅਸਲ ਵਿਚ ਇਕ ਚੇਤਾਵਨੀ ਹੈ। ਅਸੀਂ ਕਿਸੇ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਕਿਵੇਂ ਖੜ੍ਹੀ ਕਰ ਸਕਦੇ ਹਾਂ? ਆਪਣੇ ਮਨੋਰੰਜਨ, ਕੱਪੜਿਆਂ ਤੇ ਕੰਮ ਦੀ ਚੋਣ ਨਾਲ ਅਸੀਂ ਇੱਦਾਂ ਕਰ ਸਕਦੇ ਹਾਂ। ਸ਼ਾਇਦ ਅਸੀਂ ਜੋ ਕਰ ਰਹੇ ਹੋਈਏ, ਉਹ ਗ਼ਲਤ ਨਾ ਹੋਵੇ। ਪਰ ਜੇ ਸਾਡੇ ਫ਼ੈਸਲਿਆਂ ਕਰਕੇ ਕਿਸੇ ਦੀ ਜ਼ਮੀਰ ਨੂੰ ਠੋਕਰ ਲੱਗਦੀ ਹੈ ਅਤੇ ਉਹ ਨਿਹਚਾ ਕਰਨੀ ਛੱਡ ਦਿੰਦਾ ਹੈ, ਤਾਂ ਇਹ ਬਹੁਤ ਗੰਭੀਰ ਮਾਮਲਾ ਹੈ। ਯਿਸੂ ਨੇ ਕਿਹਾ ਸੀ ਕਿ ਉਸ ਦੀ ਕਿਸੇ ਭੇਡ ਨੂੰ ਠੋਕਰ ਖੁਆਉਣ ਦੀ ਬਜਾਇ ਚੰਗਾ ਹੋਵੇਗਾ ਕਿ ਅਸੀਂ ਆਪਣੇ ਗਲ਼ ਵਿਚ ਚੱਕੀ ਦਾ ਪੁੜ ਪਾਈਏ ਅਤੇ ਸਾਨੂੰ ਡੂੰਘੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ।—ਮੱਤੀ 18:6.

12. ਇਕ ਪਾਇਨੀਅਰ ਜੋੜੇ ਦੁਆਰਾ ਰੱਖੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

12 ਜ਼ਰਾ ਗੌਰ ਕਰੋ ਕਿ ਇਕ ਪਾਇਨੀਅਰ ਜੋੜੇ ਨੇ ਯਿਸੂ ਦੀ ਚੇਤਾਵਨੀ ਨੂੰ ਕਿਵੇਂ ਲਾਗੂ ਕੀਤਾ। ਉਹ ਉਸ ਮੰਡਲੀ ਵਿਚ ਸੇਵਾ ਕਰਦੇ ਸਨ ਜਿੱਥੇ ਇਕ ਜੋੜੇ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਸੀ। ਇਸ ਜੋੜੇ ਦਾ ਪਰਿਵਾਰ ਪੁਰਾਣੇ ਖ਼ਿਆਲਾਂ ਵਾਲਾ ਸੀ। ਇਸ ਨਵੇਂ ਜੋੜੇ ਦਾ ਮੰਨਣਾ ਸੀ ਕਿ ਮਸੀਹੀਆਂ ਨੂੰ ਫ਼ਿਲਮਾਂ ਦੇਖਣ ਨਹੀਂ ਜਾਣਾ ਚਾਹੀਦਾ ਚਾਹੇ ਕੋਈ ਫ਼ਿਲਮ ਸਾਫ਼-ਸੁਥਰੀ ਹੀ ਕਿਉਂ ਨਾ ਹੋਵੇ। ਜਦੋਂ ਇਨ੍ਹਾਂ ਨੂੰ ਪਤਾ ਲੱਗਾ ਕਿ ਪਾਇਨੀਅਰ ਜੋੜਾ ਫ਼ਿਲਮ ਦੇਖਣ ਗਿਆ ਸੀ, ਤਾਂ ਇਹ ਪਰੇਸ਼ਾਨ ਹੋ ਗਏ। ਇਸ ਤੋਂ ਬਾਅਦ, ਪਾਇਨੀਅਰ ਜੋੜਾ ਉਦੋਂ ਤਕ ਫ਼ਿਲਮ ਦੇਖਣ ਨਹੀਂ ਗਿਆ ਜਦ ਤਕ ਨਵੇਂ ਬਣੇ ਚੇਲਿਆਂ ਨੇ ਆਪਣੀ ਜ਼ਮੀਰ ਨੂੰ ਸਿਖਲਾਈ ਨਹੀਂ ਦੇ ਦਿੱਤੀ ਅਤੇ ਸਹੀ-ਗ਼ਲਤ ਵਿਚ ਫ਼ਰਕ ਪਛਾਣਨਾ ਨਹੀਂ ਸਿੱਖ ਲਿਆ। (ਇਬ. 5:14) ਇਸ ਤਰੀਕੇ ਨਾਲ ਇਸ ਪਾਇਨੀਅਰ ਜੋੜੇ ਨੇ ਸਾਬਤ ਕੀਤਾ ਕਿ ਉਹ ਸਿਰਫ਼ ਆਪਣੀ ਕਹਿਣੀ ਨਾਲ ਹੀ ਨਹੀਂ, ਸਗੋਂ ਆਪਣੀ ਕਰਨੀ ਰਾਹੀਂ ਵੀ ਨਵੇਂ ਬਣੇ ਚੇਲਿਆਂ ਨਾਲ ਪਿਆਰ ਕਰਦੇ ਸਨ।—ਰੋਮੀ. 14:19-21; 1 ਯੂਹੰ. 3:18.

13. ਅਸੀਂ ਕਿਸੇ ਨੂੰ ਪਾਪ ਕਰਨ ਲਈ ਕਿਵੇਂ ਭਰਮਾ ਸਕਦੇ ਹਾਂ?

13 ਕਿਸੇ ਵਿਅਕਤੀ ਨੂੰ ਪਾਪ ਕਰਨ ਲਈ ਭਰਮਾ ਕੇ ਵੀ ਅਸੀਂ ਉਸ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰ ਸਕਦੇ ਹਾਂ। ਇਹ ਕਿਵੇਂ ਹੋ ਸਕਦਾ ਹੈ? ਜ਼ਰਾ ਕਲਪਨਾ ਕਰੋ। ਇਕ ਬਾਈਬਲ ਵਿਦਿਆਰਥੀ ਕਾਫ਼ੀ ਸਮੇਂ ਦੀ ਜੱਦੋ-ਜਹਿਦ ਤੋਂ ਬਾਅਦ ਆਪਣੀ ਸ਼ਰਾਬ ਪੀਣ ਦੀ ਆਦਤ ’ਤੇ ਕਾਬੂ ਪਾ ਸਕਿਆ। ਉਸ ਨੂੰ ਅਹਿਸਾਸ ਹੈ ਕਿ ਉਸ ਨੂੰ ਦੁਬਾਰਾ ਕਦੇ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ। ਉਹ ਛੇਤੀ ਤਰੱਕੀ ਕਰ ਕੇ ਬਪਤਿਸਮਾ ਲੈ ਲੈਂਦਾ ਹੈ। ਬਾਅਦ ਵਿਚ, ਇਕ ਭਰਾ ਉਸ ਨੂੰ ਆਪਣੇ ਘਰ ਬੁਲਾਉਂਦਾ ਹੈ ਅਤੇ ਜ਼ਬਰਦਸਤੀ ਉਸ ਨੂੰ ਸ਼ਰਾਬ ਦਿੰਦਾ ਹੋਇਆ ਕਹਿੰਦਾ ਹੈ: “ਹੁਣ ਤਾਂ ਤੂੰ ਮਸੀਹੀ ਬਣ ਗਿਆ ਹੈਂ ਅਤੇ ਤੇਰੇ ’ਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਹੈ। ਪਵਿੱਤਰ ਸ਼ਕਤੀ ਦਾ ਇਕ ਗੁਣ ਹੈ, ਸੰਜਮ। ਸੰਜਮ ਰੱਖ ਕੇ ਤੂੰ ਹਿਸਾਬ ਨਾਲ ਸ਼ਰਾਬ ਪੀ ਸਕਦਾ ਹੈਂ।” ਅਸੀਂ ਕਲਪਨਾ ਕਰ ਸਕਦੇ ਹਾਂ ਕਿ ਜੇ ਨਵਾਂ ਬਣਿਆ ਮਸੀਹੀ ਉਸ ਭਰਾ ਦੀ ਗ਼ਲਤ ਸਲਾਹ ਨੂੰ ਮੰਨ ਲੈਂਦਾ, ਤਾਂ ਕੀ ਨਤੀਜੇ ਨਿਕਲ ਸਕਦੇ ਸਨ।

14. ਫ਼ਿਲਿੱਪੀਆਂ 1:10 ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰਨ ਵਿਚ ਸਭਾਵਾਂ ਸਾਡੀ ਕਿਵੇਂ ਮਦਦ ਕਰਦੀਆਂ ਹਨ?

14 ਫ਼ਿਲਿੱਪੀਆਂ 1:10 ਵਿਚ ਦਿੱਤੀਆਂ ਸਲਾਹਾਂ ਨੂੰ ਕਈ ਤਰੀਕਿਆਂ ਨਾਲ ਲਾਗੂ ਕਰਨ ਵਿਚ ਸਭਾਵਾਂ ਸਾਡੀ ਮਦਦ ਕਰਦੀਆਂ ਹਨ। ਪਹਿਲਾ, ਸਭਾਵਾਂ ਵਿਚ ਜਿਨ੍ਹਾਂ ਗੱਲਾਂ ’ਤੇ ਚਰਚਾ ਕੀਤੀ ਜਾਂਦੀ ਹੈ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਨ੍ਹਾਂ ਗੱਲਾਂ ਨੂੰ ਜ਼ਿਆਦਾ ਜ਼ਰੂਰੀ ਸਮਝਦਾ ਹੈ। ਦੂਜਾ, ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਸਿੱਖਦੇ ਹਾਂ ਤਾਂਕਿ ਅਸੀਂ ਨਿਰਦੋਸ਼ ਰਹਿ ਸਕੀਏ। ਤੀਜਾ, ਸਾਨੂੰ “ਪਿਆਰ ਤੇ ਚੰਗੇ ਕੰਮ ਕਰਨ” ਦੀ ਹੱਲਾਸ਼ੇਰੀ ਮਿਲਦੀ ਹੈ। (ਇਬ. 10:24, 25) ਜਿੰਨਾ ਜ਼ਿਆਦਾ ਸਾਡੇ ਭੈਣ-ਭਰਾ ਸਾਨੂੰ ਹੌਸਲਾ ਦੇਣਗੇ, ਉੱਨਾ ਜ਼ਿਆਦਾ ਪਰਮੇਸ਼ੁਰ ਅਤੇ ਭੈਣਾਂ-ਭਰਾਵਾਂ ਨਾਲ ਸਾਡਾ ਪਿਆਰ ਹੋਰ ਗੂੜ੍ਹਾ ਹੋਵੇਗਾ। ਪਰਮੇਸ਼ੁਰ ਤੇ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਦੂਸਰੇ ਮਸੀਹੀਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰੀਏ।

“ਧਰਮੀ ਫਲ ਪੈਦਾ” ਕਰਦੇ ਰਹੋ

15. “ਧਰਮੀ ਫਲ ਪੈਦਾ” ਕਰਨ ਦਾ ਕੀ ਮਤਲਬ ਹੈ?

15 ਪੌਲੁਸ ਨੇ ਪ੍ਰਾਰਥਨਾ ਕੀਤੀ ਕਿ ਫ਼ਿਲਿੱਪੈ ਦੇ ਮਸੀਹੀ “ਧਰਮੀ ਫਲ ਪੈਦਾ” ਕਰਨ। (ਫ਼ਿਲਿ. 1:11, ਫੁਟਨੋਟ।) ਬਿਨਾਂ ਸ਼ੱਕ, ਇਸ “ਧਰਮੀ ਫਲ” ਵਿਚ ਯਹੋਵਾਹ ਤੇ ਉਸ ਦੇ ਲੋਕਾਂ ਨਾਲ ਪਿਆਰ ਕਰਨਾ ਸ਼ਾਮਲ ਹੈ। ਇਸ ਵਿਚ ਯਿਸੂ ’ਤੇ ਆਪਣੀ ਨਿਹਚਾ ਅਤੇ ਸ਼ਾਨਦਾਰ ਉਮੀਦ ਬਾਰੇ ਦੂਜਿਆਂ ਨਾਲ ਗੱਲ ਕਰਨੀ ਵੀ ਸ਼ਾਮਲ ਹੈ। ਫ਼ਿਲਿੱਪੀਆਂ 2:15 ਵਿਚ ਇਕ ਹੋਰ ਮਿਸਾਲ ਵਰਤੀ ਗਈ ਹੈ ਕਿ “ਤੁਸੀਂ ਦੁਨੀਆਂ ਵਿਚ ਚਾਨਣ ਵਾਂਗ ਚਮਕ ਰਹੇ ਹੋ।” ਇਹ ਕਹਿਣਾ ਸਹੀ ਹੈ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ “ਦੁਨੀਆਂ ਦਾ ਚਾਨਣ” ਕਿਹਾ। (ਮੱਤੀ 5:14-16) ਨਾਲੇ ਉਸ ਨੇ ਆਪਣੇ ਚੇਲਿਆਂ ਨੂੰ ‘ਚੇਲੇ ਬਣਾਉਣ’ ਦਾ ਹੁਕਮ ਵੀ ਦਿੱਤਾ ਅਤੇ ਕਿਹਾ ਕਿ ਉਹ ‘ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ ਦੇਣਗੇ।’ (ਮੱਤੀ 28:18-20; ਰਸੂ. 1:8) ਇਸ ਸਭ ਤੋਂ ਅਹਿਮ ਕੰਮ ਵਿਚ ਜੋਸ਼ ਨਾਲ ਹਿੱਸਾ ਲੈ ਕੇ ਅਸੀਂ “ਧਰਮੀ ਫਲ” ਪੈਦਾ ਕਰਦੇ ਹਾਂ।

ਪੌਲੁਸ ਨੇ ਰੋਮ ਦੇ ਇਕ ਘਰ ਵਿਚ ਕੈਦ ਹੁੰਦਿਆਂ ਫ਼ਿਲਿੱਪੈ ਦੀ ਮੰਡਲੀ ਨੂੰ ਚਿੱਠੀ ਲਿਖੀ। ਇਸ ਸਮੇਂ ਦੌਰਾਨ ਪੌਲੁਸ ਨੇ ਪਹਿਰੇਦਾਰਾਂ ਅਤੇ ਮਿਲਣ ਆਉਣ ਵਾਲਿਆਂ ਨੂੰ ਵੀ ਗਵਾਹੀ ਦਿੱਤੀ (ਪੈਰਾ 16 ਦੇਖੋ)

16. ਫ਼ਿਲਿੱਪੀਆਂ 1:12-14 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਔਖੇ ਹਾਲਾਤਾਂ ਵਿਚ ਵੀ ਚਾਨਣ ਵਾਂਗ ਚਮਕ ਸਕਦੇ ਹਾਂ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

16 ਸਾਡੇ ਹਾਲਾਤ ਜੋ ਮਰਜ਼ੀ ਹੋਣ, ਪਰ ਅਸੀਂ ਚਾਨਣ ਵਾਂਗ ਚਮਕ ਸਕਦੇ ਹਾਂ। ਕਈ ਵਾਰ ਜਿਨ੍ਹਾਂ ਹਾਲਾਤਾਂ ਵਿਚ ਸਾਨੂੰ ਲੱਗਦਾ ਹੈ ਕਿ ਅਸੀਂ ਪ੍ਰਚਾਰ ਨਹੀਂ ਕਰ ਸਕਦੇ, ਉਨ੍ਹਾਂ ਹਾਲਾਤਾਂ ਵਿਚ ਵੀ ਸਾਨੂੰ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਮਿਸਾਲ ਲਈ, ਪੌਲੁਸ ਰਸੂਲ ਨੇ ਫ਼ਿਲਿੱਪੀਆਂ ਨੂੰ ਉਦੋਂ ਚਿੱਠੀ ਲਿਖੀ ਜਦੋਂ ਉਹ ਰੋਮ ਵਿਚ ਇਕ ਘਰ ਵਿਚ ਕੈਦ ਸੀ। ਕੈਦ ਵਿਚ ਹੁੰਦਿਆਂ ਵੀ ਉਹ ਪਹਿਰੇਦਾਰਾਂ ਅਤੇ ਮਿਲਣ ਆਉਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਦਾ ਰਿਹਾ। ਪੌਲੁਸ ਇਨ੍ਹਾਂ ਹਾਲਾਤਾਂ ਵਿਚ ਵੀ ਜੋਸ਼ ਨਾਲ ਪ੍ਰਚਾਰ ਕਰਦਾ ਰਿਹਾ ਜਿਸ ਕਰਕੇ ਭੈਣਾਂ-ਭਰਾਵਾਂ ਨੂੰ “ਨਿਡਰ ਹੋ ਕੇ . . . ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ” ਕਰਨ ਲਈ ਹਿੰਮਤ ਤੇ ਹੌਸਲਾ ਮਿਲਿਆ।—ਫ਼ਿਲਿੱਪੀਆਂ 1:12-14 ਪੜ੍ਹੋ; 4:22.

ਪ੍ਰਚਾਰ ਕਰਨ ਵਿਚ ਪੂਰੀ ਵਾਹ ਲਾਉਣ ਲਈ ਅਲੱਗ-ਅਲੱਗ ਤਰੀਕੇ ਲੱਭੋ (ਪੈਰਾ 17 ਦੇਖੋ) *

17. ਮੁਸ਼ਕਲ ਹਾਲਾਤਾਂ ਵਿਚ ਵੀ ਕੁਝ ਭੈਣ-ਭਰਾ ਕਿਵੇਂ ਪ੍ਰਚਾਰ ਕਰਦੇ ਰਹਿ ਸਕੇ?

17 ਬਹੁਤ ਸਾਰੇ ਭੈਣਾਂ-ਭਰਾਵਾਂ ਕੋਲ ਪੌਲੁਸ ਦੀ ਦਲੇਰੀ ਦੀ ਮਿਸਾਲ ’ਤੇ ਚੱਲਣ ਦਾ ਮੌਕਾ ਹੈ। ਉਹ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਉਹ ਖੁੱਲ੍ਹੇ-ਆਮ ਜਾਂ ਘਰ-ਘਰ ਪ੍ਰਚਾਰ ਨਹੀਂ ਕਰ ਸਕਦੇ। ਇਸ ਲਈ ਉਹ ਖ਼ੁਸ਼ ਖ਼ਬਰੀ ਸੁਣਾਉਣ ਦੇ ਹੋਰ ਤਰੀਕੇ ਲੱਭਦੇ ਹਨ। (ਮੱਤੀ 10:16-20) ਇਸ ਤਰ੍ਹਾਂ ਦੇ ਦੇਸ਼ ਵਿਚ ਇਕ ਸਰਕਟ ਓਵਰਸੀਅਰ ਨੇ ਸੁਝਾਅ ਦਿੱਤਾ ਕਿ ਹਰ ਪ੍ਰਚਾਰਕ ਨੂੰ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਨਾਲ ਪੜ੍ਹਨ ਜਾਂ ਕੰਮ ਕਰਨ ਵਾਲਿਆਂ ਅਤੇ ਜਾਣ-ਪਛਾਣ ਦੇ ਲੋਕਾਂ ਨੂੰ ਗਵਾਹੀ ਦੇਣੀ ਚਾਹੀਦੀ ਹੈ। ਦੋ ਸਾਲਾਂ ਦੇ ਅੰਦਰ-ਅੰਦਰ ਉਸ ਸਰਕਟ ਵਿਚ ਮੰਡਲੀਆਂ ਦੀ ਗਿਣਤੀ ਵਿਚ ਸ਼ਾਨਦਾਰ ਵਾਧਾ ਹੋਇਆ। ਅਸੀਂ ਸ਼ਾਇਦ ਉਸ ਦੇਸ਼ ਵਿਚ ਰਹਿੰਦੇ ਹੋਈਏ ਜਿੱਥੇ ਅਸੀਂ ਖੁੱਲ੍ਹੇ-ਆਮ ਪ੍ਰਚਾਰ ਕਰ ਸਕਦੇ ਹਾਂ। ਪਰ ਅਸੀਂ ਆਪਣੇ ਕਾਬਲ ਭੈਣਾਂ-ਭਰਾਵਾਂ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ: ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰਨ ਵਿਚ ਪੂਰੀ ਵਾਹ ਲਾਉਣ ਕਰਕੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਮੁਸ਼ਕਲ ਹਾਲਾਤਾਂ ਵਿਚ ਵੀ ਸਾਨੂੰ ਪ੍ਰਚਾਰ ਕਰਨ ਦੀ ਤਾਕਤ ਦੇਵੇਗਾ।—ਫ਼ਿਲਿ. 2:13.

18. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

18 ਇਸ ਅਹਿਮ ਸਮੇਂ ’ਤੇ, ਆਓ ਆਪਾਂ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਦੀਆਂ ਸਲਾਹਾਂ ਨੂੰ ਲਾਗੂ ਕਰਨ ਦਾ ਪੱਕਾ ਇਰਾਦਾ ਕਰੀਏ। ਆਓ ਆਪਾਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੀਏ, ਨਿਰਦੋਸ਼ ਰਹੀਏ, ਦੂਜਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰੀਏ ਅਤੇ ਧਰਮੀ ਫਲ ਪੈਦਾ ਕਰੀਏ। ਇੱਦਾਂ ਕਰ ਕੇ ਅਸੀਂ ਆਪਣੇ ਪਿਆਰ ਕਰਨ ਵਾਲੇ ਪਿਤਾ ਯਹੋਵਾਹ ਲਈ ਆਪਣੇ ਪਿਆਰ ਨੂੰ ਹੋਰ ਵਧਾਵਾਂਗੇ ਅਤੇ ਉਸ ਦੀ ਮਹਿਮਾ ਕਰਾਂਗੇ।

ਗੀਤ 25 ਪਿਆਰ ਹੈ ਸਾਡੀ ਪਛਾਣ

^ ਪੈਰਾ 5 ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੱਜ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਗੂੜ੍ਹਾ ਕਰਨ ਦੀ ਲੋੜ ਹੈ। ਫ਼ਿਲਿੱਪੀਆਂ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਤੋਂ ਸਾਡੀ ਇਹ ਜਾਣਨ ਵਿਚ ਮਦਦ ਹੋਵੇਗੀ ਕਿ ਅਸੀਂ ਉਦੋਂ ਵੀ ਪਿਆਰ ਕਿਵੇਂ ਵਧਾ ਸਕਦੇ ਹਾਂ ਜਦੋਂ ਪਿਆਰ ਦਿਖਾਉਣਾ ਔਖਾ ਹੁੰਦਾ ਹੈ।

^ ਪੈਰਾ 54 ਤਸਵੀਰਾਂ ਬਾਰੇ ਜਾਣਕਾਰੀ: ਜੋਅ ਕਿੰਗਡਮ ਹਾਲ ਦੀ ਸਫ਼ਾਈ ਵੇਲੇ ਇਕ ਭਰਾ ਤੇ ਉਸ ਦੇ ਮੁੰਡੇ ਨਾਲ ਗੱਲਾਂ ਕਰਦਾ ਹੋਇਆ। ਇਹ ਦੇਖ ਕੇ ਮਾਈਕ ਖਿੱਝਦਾ ਹੋਇਆ। ਉਹ ਸੋਚਦਾ ਹੈ, ‘ਜੋਅ ਨੂੰ ਗੱਲਾਂ ਕਰਨ ਦੀ ਬਜਾਇ ਕੰਮ ਕਰਨਾ ਚਾਹੀਦਾ ਹੈ।’ ਬਾਅਦ ਵਿਚ, ਮਾਈਕ ਜੋਅ ਨੂੰ ਇਕ ਸਿਆਣੀ ਭੈਣ ਦੀ ਪਿਆਰ ਨਾਲ ਮਦਦ ਕਰਦਿਆਂ ਦੇਖਦਾ ਹੋਇਆ। ਇਹ ਦੇਖ ਕੇ ਮਾਈਕ ਯਾਦ ਕਰਦਾ ਹੋਇਆ ਕਿ ਉਸ ਨੂੰ ਆਪਣੇ ਭਰਾ ਦੇ ਗੁਣਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।

^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: ਜਿਸ ਦੇਸ਼ ਵਿਚ ਖੁੱਲ੍ਹੇ-ਆਮ ਪ੍ਰਚਾਰ ਨਹੀਂ ਕਰ ਸਕਦੇ, ਉਸ ਦੇਸ਼ ਵਿਚ ਇਕ ਭਰਾ ਸਮਝਦਾਰੀ ਨਾਲ ਆਪਣੇ ਕਿਸੇ ਜਾਣ-ਪਛਾਣ ਵਾਲੇ ਨਾਲ ਰਾਜ ਦਾ ਸੰਦੇਸ਼ ਸਾਂਝਾ ਕਰਦਾ ਹੋਇਆ। ਬਾਅਦ ਵਿਚ, ਕੰਮ ਦੀ ਥਾਂ ’ਤੇ ਖਾਣੇ ਦੌਰਾਨ ਉਹੀ ਭਰਾ ਆਪਣੇ ਨਾਲ ਕੰਮ ਕਰਨ ਵਾਲੇ ਨੂੰ ਗਵਾਹੀ ਦਿੰਦਾ ਹੋਇਆ।