Skip to content

Skip to table of contents

ਅਧਿਐਨ ਲੇਖ 33

‘ਤੂੰ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ’

‘ਤੂੰ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ’

“ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ। ਤੂੰ ਇਹ ਸਭ ਕੁਝ ਕਰਦਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।”—1 ਤਿਮੋ. 4:16.

ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

ਖ਼ਾਸ ਗੱਲਾਂ *

1. ਅਸੀਂ ਸਾਰੇ ਆਪਣੇ ਪਰਿਵਾਰ ਲਈ ਕੀ ਚਾਹੁੰਦੇ ਹਾਂ?

ਪੌਲੀਨ * ਨਾਂ ਦੀ ਭੈਣ ਦੱਸਦੀ ਹੈ, “ਜਦੋਂ ਮੈਂ ਸੱਚਾਈ ਸਿੱਖੀ ਸੀ, ਉਦੋਂ ਤੋਂ ਮੈਂ ਚਾਹੁੰਦੀ ਸੀ ਕਿ ਮੇਰਾ ਪਰਿਵਾਰ ਵੀ ਮੇਰੇ ਨਾਲ ਸੋਹਣੀ ਧਰਤੀ ’ਤੇ ਰਹੇ। ਖ਼ਾਸ ਤੌਰ ’ਤੇ ਮੈਂ ਚਾਹੁੰਦੀ ਸੀ ਕਿ ਮੇਰਾ ਪਤੀ ਵੇਨ ਅਤੇ ਮੁੰਡਾ ਮੇਰੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ।” ਕੀ ਤੁਹਾਡੇ ਪਰਿਵਾਰ ਵਿਚ ਵੀ ਅਜਿਹੇ ਮੈਂਬਰ ਹਨ ਜੋ ਹਾਲੇ ਨਾ ਤਾਂ ਯਹੋਵਾਹ ਬਾਰੇ ਜਾਣਦੇ ਹਨ ਤੇ ਨਾ ਹੀ ਉਸ ਨੂੰ ਪਿਆਰ ਕਰਦੇ ਹਨ? ਤੁਸੀਂ ਵੀ ਜ਼ਰੂਰ ਪੌਲੀਨ ਵਾਂਗ ਚਾਹੁੰਦੇ ਹੋਣੇ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਤੁਹਾਡੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ।

2. ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

2 ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ’ਤੇ ਸੱਚਾਈ ਨੂੰ ਅਪਣਾਉਣ ਦਾ ਦਬਾਅ ਨਹੀਂ ਪਾ ਸਕਦੇ, ਪਰ ਅਸੀਂ ਉਨ੍ਹਾਂ ਨੂੰ ਬਾਈਬਲ ਦੀ ਸੱਚਾਈ ’ਤੇ ਸੋਚ-ਵਿਚਾਰ ਕਰਨ ਅਤੇ ਇਸ ਨੂੰ ਸਵੀਕਾਰ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹਾਂ। (2 ਤਿਮੋ. 3:14, 15) ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ? ਸਾਨੂੰ ਹਮਦਰਦੀ ਕਿਉਂ ਦਿਖਾਉਣੀ ਚਾਹੀਦੀ ਹੈ? ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੇ ਪਰਿਵਾਰ ਦੇ ਮੈਂਬਰ ਵੀ ਸਾਡੇ ਵਾਂਗ ਯਹੋਵਾਹ ਨੂੰ ਪਿਆਰ ਕਰ ਸਕਣ? ਨਾਲੇ ਮੰਡਲੀ ਦੇ ਭੈਣ-ਭਰਾ ਸਾਡੀ ਮਦਦ ਕਿਵੇਂ ਕਰ ਸਕਦੇ ਹਨ?

ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾਹੀ ਕਿਉਂ ਦੇਣੀ ਚਾਹੀਦੀ ਹੈ?

3. ਦੂਜਾ ਪਤਰਸ 3:9 ਮੁਤਾਬਕ ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ?

3 ਯਹੋਵਾਹ ਜਲਦੀ ਹੀ ਇਸ ਦੁਨੀਆਂ ਦਾ ਨਾਸ਼ ਕਰੇਗਾ। “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਲੋਕ ਹੀ ਬਚਾਏ ਜਾਣਗੇ। (ਰਸੂ. 13:48) ਅਸੀਂ ਆਪਣੇ ਇਲਾਕੇ ਵਿਚ ਅਜਨਬੀਆਂ ਨੂੰ ਪ੍ਰਚਾਰ ਕਰਨ ਵਿਚ ਆਪਣਾ ਬਹੁਤ ਸਾਰਾ ਸਮਾਂ ਤੇ ਤਾਕਤ ਲਾਉਂਦੇ ਹਾਂ, ਤਾਂ ਫਿਰ ਬਿਨਾਂ ਸ਼ੱਕ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਪ੍ਰਚਾਰ ਕਰਦੇ ਹਾਂ ਤਾਂਕਿ ਉਹ ਵੀ ਸਾਡੇ ਨਾਲ ਯਹੋਵਾਹ ਦੀ ਸੇਵਾ ਕਰ ਸਕਣ। ਸਾਡਾ ਪਿਆਰਾ ਪਿਤਾ ਯਹੋਵਾਹ “ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”—2 ਪਤਰਸ 3:9 ਪੜ੍ਹੋ।

4. ਪਰਿਵਾਰ ਦੇ ਮੈਂਬਰਾਂ ਨੂੰ ਗਵਾਹੀ ਦਿੰਦਿਆਂ ਸ਼ਾਇਦ ਅਸੀਂ ਕਿਹੜੀ ਗ਼ਲਤੀ ਕਰੀਏ?

4 ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਮੁਕਤੀ ਦਾ ਸੰਦੇਸ਼ ਸੁਣਾਉਣ ਦਾ ਇਕ ਸਹੀ ਤਰੀਕਾ ਹੈ ਤੇ ਇਕ ਗ਼ਲਤ। ਅਸੀਂ ਅਜਨਬੀਆਂ ਨੂੰ ਪ੍ਰਚਾਰ ਕਰਦਿਆਂ ਤਾਂ ਸਮਝਦਾਰੀ ਨਾਲ ਪੇਸ਼ ਆਉਂਦੇ ਹਾਂ, ਪਰ ਸ਼ਾਇਦ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰਚਾਰ ਕਰਦਿਆਂ ਸਿੱਧੀਆਂ-ਸਿੱਧੀਆਂ ਗੱਲਾਂ ਕਹਿ ਦੇਈਏ।

5. ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾਹੀ ਦੇਣ ਤੋਂ ਪਹਿਲਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

5 ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪਹਿਲੀ ਵਾਰ ਗਵਾਹੀ ਦੇਣ ਦੇ ਤਰੀਕੇ ’ਤੇ ਸ਼ਾਇਦ ਸਾਨੂੰ ਕਈਆਂ ਨੂੰ ਪਛਤਾਵਾ ਹੁੰਦਾ ਹੋਵੇ ਅਤੇ ਸੋਚਦੇ ਹੋਈਏ ਕਿ ਕਾਸ਼ ਅਸੀਂ ਉਨ੍ਹਾਂ ਨੂੰ ਚੰਗੇ ਤਰੀਕੇ ਨਾਲ ਗਵਾਹੀ ਦਿੱਤੀ ਹੁੰਦੀ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ ਅਤੇ ਫਿਰ ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।” (ਕੁਲੁ. 4:5, 6) ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਦਿਆਂ ਹਮੇਸ਼ਾ ਇਸ ਸਲਾਹ ਨੂੰ ਯਾਦ ਰੱਖਣਾ ਚੰਗੀ ਗੱਲ ਹੈ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨ ਦੀ ਬਜਾਇ ਉਨ੍ਹਾਂ ਨੂੰ ਨਾਰਾਜ਼ ਕਰ ਸਕਦੇ ਹਾਂ।

ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

ਤੁਹਾਡੀ ਹਮਦਰਦੀ ਅਤੇ ਤੁਹਾਡੇ ਚਾਲ-ਚਲਣ ਤੋਂ ਸਭ ਤੋਂ ਵਧੀਆ ਗਵਾਹੀ ਮਿਲ ਸਕਦੀ ਹੈ (ਪੈਰੇ 6-8 ਦੇਖੋ) *

6-7. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਵਿਆਹੇ ਜੋੜਿਆਂ ਨੂੰ ਆਪਣੇ ਅਵਿਸ਼ਵਾਸੀ ਸਾਥੀ ਨਾਲ ਹਮਦਰਦੀ ਦਿਖਾਉਣ ਦੀ ਲੋੜ ਹੈ।

6 ਹਮਦਰਦੀ ਦਿਖਾਓ। ਪੌਲੀਨ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਕਹਿੰਦੀ ਹੈ, “ਪਹਿਲਾਂ ਮੈਂ ਆਪਣੇ ਪਤੀ ਨਾਲ ਸਿਰਫ਼ ਪਰਮੇਸ਼ੁਰ ਤੇ ਬਾਈਬਲ ਬਾਰੇ ਹੀ ਗੱਲਾਂ ਕਰਦੀ ਰਹਿੰਦੀ ਸੀ। ਅਸੀਂ ਆਪਣੇ ‘ਰੋਜ਼ਮੱਰਾ ਦੇ ਕੰਮਾਂ’ ਬਾਰੇ ਗੱਲ ਨਹੀਂ ਸੀ ਕਰਦੇ।” ਪੌਲੀਨ ਦੇ ਪਤੀ ਵੇਨ ਨੂੰ ਬਾਈਬਲ ਬਾਰੇ ਜ਼ਿਆਦਾ ਕੁਝ ਨਹੀਂ ਸੀ ਪਤਾ ਅਤੇ ਉਸ ਨੂੰ ਸਮਝ ਨਹੀਂ ਸੀ ਆਉਂਦਾ ਕਿ ਪੌਲੀਨ ਕਿਸ ਬਾਰੇ ਗੱਲ ਕਰਦੀ ਸੀ। ਉਸ ਨੂੰ ਲੱਗਦਾ ਸੀ ਕਿ ਉਹ ਸਿਰਫ਼ ਆਪਣੇ ਧਰਮ ਬਾਰੇ ਹੀ ਸੋਚਦੀ ਸੀ। ਉਸ ਨੂੰ ਚਿੰਤਾ ਸੀ ਕਿ ਉਸ ਦੀ ਪਤਨੀ ਕਿਸੇ ਖ਼ਤਰਨਾਕ ਪੰਥ ਨਾਲ ਜੁੜ ਗਈ ਸੀ ਅਤੇ ਉਹ ਗੁਮਰਾਹ ਹੋ ਗਈ ਸੀ।

7 ਪੌਲੀਨ ਮੰਨਦੀ ਹੈ ਕਿ ਉਹ ਜ਼ਿਆਦਾਤਰ ਸ਼ਾਮ ਦਾ ਅਤੇ ਸ਼ਨੀ-ਐਤਵਾਰ ਦਾ ਸਮਾਂ ਮਸੀਹੀ ਭੈਣਾਂ-ਭਰਾਵਾਂ ਨਾਲ ਬਿਤਾਉਂਦੀ ਸੀ, ਜਿਵੇਂ ਸਭਾਵਾਂ ’ਤੇ, ਪ੍ਰਚਾਰ ਵਿਚ ਅਤੇ ਇਕ-ਦੂਜੇ ਦੀ ਸੰਗਤੀ ਕਰਨ ਵਿਚ। ਪੌਲੀਨ ਦੱਸਦੀ ਹੈ, “ਕਈ ਵਾਰੀ ਜਦੋਂ ਵੇਨ ਘਰ ਆਉਂਦਾ ਸੀ, ਤਾਂ ਘਰੇ ਕੋਈ ਨਹੀਂ ਸੀ ਹੁੰਦਾ ਅਤੇ ਉਹ ਇਕੱਲਾਪਣ ਮਹਿਸੂਸ ਕਰਦਾ ਸੀ।” ਬਿਨਾਂ ਸ਼ੱਕ, ਵੇਨ ਆਪਣੀ ਪਤਨੀ ਅਤੇ ਮੁੰਡੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਸੀ। ਪੌਲੀਨ ਦੇ ਪਤੀ ਨੂੰ ਪਤਾ ਨਹੀਂ ਸੀ ਕਿ ਉਸ ਦੀ ਪਤਨੀ ਤੇ ਮੁੰਡਾ ਕਿੱਦਾਂ ਦੇ ਲੋਕਾਂ ਨੂੰ ਮਿਲਦੇ-ਗਿਲ਼ਦੇ ਸਨ ਅਤੇ ਉਸ ਨੂੰ ਲੱਗਦਾ ਸੀ ਕਿ ਪੌਲੀਨ ਲਈ ਨਵੇਂ ਦੋਸਤ ਉਸ ਤੋਂ ਜ਼ਿਆਦਾ ਮਾਅਨੇ ਰੱਖਦੇ ਸਨ। ਵੇਨ ਨੇ ਪੌਲੀਨ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ। ਤੁਸੀਂ ਕੀ ਸੋਚਦੇ ਹੋ ਕਿ ਪੌਲੀਨ ਕਿਹੜੇ ਤਰੀਕਿਆਂ ਨਾਲ ਜ਼ਿਆਦਾ ਹਮਦਰਦੀ ਦਿਖਾ ਸਕਦੀ ਸੀ?

8. ਪਹਿਲਾ ਪਤਰਸ 3:1, 2 ਅਨੁਸਾਰ ਸਾਡੇ ਪਰਿਵਾਰ ਦੇ ਮੈਂਬਰਾਂ ’ਤੇ ਸਭ ਤੋਂ ਜ਼ਿਆਦਾ ਕਿਸ ਗੱਲ ਦਾ ਅਸਰ ਪੈਂਦਾ ਹੈ?

8 ਚੰਗੀ ਮਿਸਾਲ ਬਣੋ। ਅਕਸਰ ਸਾਡੀ ਕਹਿਣੀ ਨਾਲੋਂ ਸਾਡੀ ਕਰਨੀ ਦਾ ਸਾਡੇ ਪਰਿਵਾਰ ਦੇ ਮੈਂਬਰਾਂ ’ਤੇ ਜ਼ਿਆਦਾ ਅਸਰ ਪੈਂਦਾ ਹੈ। (1 ਪਤਰਸ 3:1, 2 ਪੜ੍ਹੋ।) ਅਖ਼ੀਰ ਪੌਲੀਨ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਉਹ ਕਹਿੰਦੀ ਹੈ, “ਮੈਨੂੰ ਪਤਾ ਸੀ ਕਿ ਵੇਨ ਸਾਨੂੰ ਪਿਆਰ ਕਰਦਾ ਸੀ ਅਤੇ ਉਹ ਮੈਨੂੰ ਸੱਚੀ ਤਲਾਕ ਨਹੀਂ ਦੇਣਾ ਚਾਹੁੰਦਾ ਸੀ। ਪਰ ਉਸ ਦੀ ਧਮਕੀ ਤੋਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਵਿਆਹੁਤਾ ਰਿਸ਼ਤੇ ਬਾਰੇ ਯਹੋਵਾਹ ਦੀ ਸਲਾਹ ਮੁਤਾਬਕ ਚੱਲਣ ਦੀ ਲੋੜ ਸੀ। ਮੈਨੂੰ ਆਪਣੇ ਪਤੀ ਨੂੰ ਹਮੇਸ਼ਾ ਪ੍ਰਚਾਰ ਕਰਨ ਦੀ ਬਜਾਇ ਆਪਣੇ ਕੰਮਾਂ ਰਾਹੀਂ ਵਧੀਆ ਮਿਸਾਲ ਰੱਖਣ ਦੀ ਲੋੜ ਸੀ।” ਪੌਲੀਨ ਨੇ ਵੇਨ ’ਤੇ ਬਾਈਬਲ ਦੀਆਂ ਗੱਲਾਂ ਸੁਣਨ ਦਾ ਦਬਾਅ ਪਾਉਣਾ ਬੰਦ ਕਰ ਦਿੱਤਾ ਅਤੇ ਉਹ ਉਸ ਨਾਲ ਰੋਜ਼ਮੱਰਾ ਦੇ ਕੰਮਾਂ ਬਾਰੇ ਗੱਲ ਕਰਨ ਲੱਗੀ। ਵੇਨ ਨੇ ਦੇਖਿਆ ਕਿ ਪੌਲੀਨ ਦਾ ਸੁਭਾਅ ਹੋਰ ਵੀ ਸ਼ਾਂਤਮਈ ਹੋ ਗਿਆ ਸੀ ਅਤੇ ਉਸ ਦਾ ਮੁੰਡਾ ਹੋਰ ਵੀ ਨਿਮਰ ਤੇ ਆਗਿਆਕਾਰ ਹੋ ਗਿਆ ਸੀ। (ਕਹਾ. 31:18, 27, 28) ਜਦੋਂ ਵੇਨ ਨੇ ਆਪਣੇ ਪਰਿਵਾਰ ’ਤੇ ਬਾਈਬਲ ਦਾ ਚੰਗਾ ਅਸਰ ਦੇਖਿਆ, ਤਾਂ ਉਸ ਨੇ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਸੰਦੇਸ਼ ਬਾਰੇ ਸੋਚਣਾ ਅਤੇ ਸੁਣਨਾ ਸ਼ੁਰੂ ਕਰ ਦਿੱਤਾ।—1 ਕੁਰਿੰ. 7:12-14, 16.

9. ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਿਉਂ ਕਰਦੇ ਰਹਿਣਾ ਚਾਹੀਦਾ ਹੈ?

9 ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਯਹੋਵਾਹ ਸਾਡੇ ਸਾਮ੍ਹਣੇ ਆਪਣੀ ਮਿਸਾਲ ਰੱਖਦਾ ਹੈ। ਉਹ ਵਾਰ-ਵਾਰ ਲੋਕਾਂ ਨੂੰ ਖ਼ੁਸ਼ ਖ਼ਬਰੀ ਸਵੀਕਾਰ ਕਰਨ ਅਤੇ ਜ਼ਿੰਦਗੀ ਪਾਉਣ ਦਾ ਮੌਕਾ ਦਿੰਦਾ ਹੈ। (ਯਿਰ. 44:4) ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਦੂਜਿਆਂ ਦੀ ਮਦਦ ਕਰਦੇ ਰਹਿਣ ਦੀ ਸਲਾਹ ਦਿੱਤੀ। ਕਿਉਂ? ਕਿਉਂਕਿ ਇਸ ਤਰ੍ਹਾਂ ਕਰ ਕੇ ਉਹ ਆਪਣੇ ਆਪ ਨੂੰ ਅਤੇ ਉਸ ਦੀ ਗੱਲ ਸੁਣਨ ਵਾਲਿਆਂ ਨੂੰ ਬਚਾ ਸਕਦਾ ਸੀ। (1 ਤਿਮੋ. 4:16) ਪਰਿਵਾਰ ਦੇ ਮੈਂਬਰਾਂ ਨਾਲ ਪਿਆਰ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਜਾਣਨ। ਅਖ਼ੀਰ ਪੌਲੀਨ ਦੀਆਂ ਗੱਲਾਂ ਅਤੇ ਕੰਮਾਂ ਦਾ ਉਸ ਦੇ ਪਰਿਵਾਰ ’ਤੇ ਚੰਗਾ ਅਸਰ ਪਿਆ। ਹੁਣ ਉਹ ਬਹੁਤ ਖ਼ੁਸ਼ ਹੈ ਕਿਉਂਕਿ ਉਸ ਦਾ ਪਤੀ ਉਸ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦਾ ਹੈ। ਦੋਨੋਂ ਪਾਇਨੀਅਰਿੰਗ ਕਰਦੇ ਹਨ ਅਤੇ ਵੇਨ ਬਜ਼ੁਰਗ ਵਜੋਂ ਸੇਵਾ ਕਰਦਾ ਹੈ।

10. ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ?

10 ਧੀਰਜ ਰੱਖੋ। ਜਦੋਂ ਅਸੀਂ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸ਼ਾਇਦ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਸਾਡੇ ਨਵੇਂ ਵਿਸ਼ਵਾਸਾਂ ਅਤੇ ਜ਼ਿੰਦਗੀ ਜੀਉਣ ਦੇ ਤਰੀਕੇ ਨੂੰ ਸਵੀਕਾਰ ਕਰਨਾ ਔਖਾ ਲੱਗੇ। ਅਕਸਰ ਉਹ ਸਭ ਤੋਂ ਪਹਿਲਾਂ ਇਹ ਗੱਲ ਦੇਖਦੇ ਹਨ ਕਿ ਅਸੀਂ ਹੁਣ ਉਨ੍ਹਾਂ ਨਾਲ ਮਿਲ ਕੇ ਕੋਈ ਧਾਰਮਿਕ ਦਿਨ-ਤਿਉਹਾਰ ਨਹੀਂ ਮਨਾਉਂਦੇ ਅਤੇ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ। ਪਰਿਵਾਰ ਦੇ ਕੁਝ ਮੈਂਬਰ ਸ਼ਾਇਦ ਪਹਿਲਾਂ-ਪਹਿਲ ਸਾਡੇ ਨਾਲ ਨਾਰਾਜ਼ ਹੋ ਜਾਣ। (ਮੱਤੀ 10:35, 36) ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕਦੇ ਨਹੀਂ ਬਦਲਣਗੇ। ਜੇ ਅਸੀਂ ਉਨ੍ਹਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨੀ ਬੰਦ ਕਰ ਦਿਆਂਗੇ, ਤਾਂ ਅਸਲ ਵਿਚ ਅਸੀਂ ਇਹ ਫ਼ੈਸਲਾ ਕਰ ਰਹੇ ਹੋਵਾਂਗੇ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਲਾਇਕ ਨਹੀਂ ਹਨ। ਯਹੋਵਾਹ ਨੇ ਸਾਨੂੰ ਨਿਆਂ ਕਰਨ ਦਾ ਕੰਮ ਨਹੀਂ ਦਿੱਤਾ। ਉਸ ਨੇ ਇਹ ਜ਼ਿੰਮੇਵਾਰੀ ਯਿਸੂ ਨੂੰ ਦਿੱਤੀ ਹੈ। (ਯੂਹੰ. 5:22) ਜੇ ਅਸੀਂ ਧੀਰਜ ਰੱਖਾਂਗੇ, ਤਾਂ ਸ਼ਾਇਦ ਸਾਡੇ ਪਰਿਵਾਰ ਦੇ ਮੈਂਬਰ ਸਾਡਾ ਸੰਦੇਸ਼ ਸੁਣਨ ਲਈ ਤਿਆਰ ਹੋ ਜਾਣ।—“ ਸਿਖਾਉਣ ਲਈ ਸਾਡੀ ਵੈੱਬਸਾਈਟ ਵਰਤੋ” ਨਾਂ ਦੀ ਡੱਬੀ ਦੇਖੋ।

11-13. ਆਪਣੇ ਮਾਪਿਆਂ ਨਾਲ ਐਲਿਸ ਦੇ ਵਰਤਾਅ ਤੋਂ ਅਸੀਂ ਕੀ ਸਿੱਖਦੇ ਹਾਂ?

11 ਦ੍ਰਿੜ੍ਹ ਰਹੋ, ਪਰ ਸਮਝਦਾਰੀ ਦਿਖਾਓ। (ਕਹਾ. 15:2) ਐਲਿਸ ਦੀ ਮਿਸਾਲ ’ਤੇ ਗੌਰ ਕਰੋ। ਉਹ ਆਪਣੇ ਮਾਪਿਆਂ ਤੋਂ ਦੂਰ ਰਹਿੰਦੀ ਸੀ ਜਦੋਂ ਉਸ ਨੇ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕੀਤਾ। ਉਸ ਦੇ ਮਾਪੇ ਰਾਜਨੀਤੀ ਵਿਚ ਹਿੱਸਾ ਲੈਂਦੇ ਸਨ ਤੇ ਉਹ ਨਾਸਤਿਕ ਸਨ। ਉਸ ਨੂੰ ਅਹਿਸਾਸ ਹੋਇਆ ਕਿ ਜਿੰਨੀ ਜਲਦੀ ਹੋ ਸਕੇ, ਉਸ ਨੂੰ ਸਿੱਖੀਆਂ ਸਾਰੀਆਂ ਚੰਗੀਆਂ ਗੱਲਾਂ ਆਪਣੇ ਮਾਪਿਆਂ ਨੂੰ ਦੱਸਣੀਆਂ ਚਾਹੀਦੀਆਂ ਸਨ। ਐਲਿਸ ਦੱਸਦੀ ਹੈ, “ਜੇ ਤੁਸੀਂ ਆਪਣੇ ਨਵੇਂ ਵਿਸ਼ਵਾਸਾਂ ਤੇ ਕੰਮਾਂ ਬਾਰੇ ਆਪਣੇ ਪਰਿਵਾਰ ਨੂੰ ਦੱਸਣ ਵਿਚ ਦੇਰ ਕਰੋਗੇ, ਤਾਂ ਉਨ੍ਹਾਂ ਨੂੰ ਜ਼ਿਆਦਾ ਦੁੱਖ ਲੱਗੇਗਾ।” ਉਹ ਆਪਣੇ ਮਾਪਿਆਂ ਨੂੰ ਚਿੱਠੀਆਂ ਲਿਖਦੀ ਸੀ। ਉਹ ਆਪਣੀ ਚਿੱਠੀ ਵਿਚ ਬਾਈਬਲ ਦੇ ਉਨ੍ਹਾਂ ਵਿਸ਼ਿਆਂ ਬਾਰੇ ਲਿਖਦੀ ਸੀ ਜਿਨ੍ਹਾਂ ਬਾਰੇ ਉਸ ਨੂੰ ਲੱਗਦਾ ਸੀ ਉਸ ਦੇ ਮਾਪਿਆਂ ਨੂੰ ਚੰਗਾ ਲੱਗੇਗਾ, ਜਿਵੇਂ ਪਿਆਰ। (1 ਕੁਰਿੰ. 13:1-13) ਉਸ ਨੇ ਆਪਣੇ ਮਾਪਿਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਦੀ ਪਰਵਰਿਸ਼ ਕੀਤੀ ਅਤੇ ਪਰਵਾਹ ਦਿਖਾਈ। ਨਾਲੇ ਉਸ ਨੇ ਤੋਹਫ਼ੇ ਵੀ ਭੇਜੇ। ਜਦੋਂ ਉਹ ਆਪਣੇ ਮਾਪਿਆਂ ਨੂੰ ਮਿਲਣ ਜਾਂਦੀ ਸੀ, ਤਾਂ ਉਹ ਘਰ ਦੇ ਕੰਮਾਂ ਵਿਚ ਆਪਣੀ ਮੰਮੀ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਸੀ। ਪਹਿਲਾਂ-ਪਹਿਲ ਐਲਿਸ ਦੇ ਨਵੇਂ ਵਿਸ਼ਵਾਸਾਂ ਬਾਰੇ ਸੁਣ ਕੇ ਉਸ ਦੇ ਮਾਪੇ ਖ਼ੁਸ਼ ਨਹੀਂ ਸਨ।

12 ਜਦੋਂ ਐਲਿਸ ਆਪਣੇ ਮਾਪਿਆਂ ਨੂੰ ਮਿਲਣ ਜਾਂਦੀ ਸੀ, ਉਦੋਂ ਵੀ ਉਹ ਹਰ ਰੋਜ਼ ਆਪਣੇ ਸਮੇਂ ’ਤੇ ਬਾਈਬਲ ਪੜ੍ਹਦੀ ਸੀ। ਐਲਿਸ ਦੱਸਦੀ ਹੈ, “ਇਸ ਤੋਂ ਮੇਰੇ ਮੰਮੀ ਦੀ ਇਹ ਸਮਝਣ ਵਿਚ ਮਦਦ ਹੋਈ ਕਿ ਮੇਰੇ ਲਈ ਬਾਈਬਲ ਕਿੰਨੀ ਮਾਅਨੇ ਰੱਖਦੀ ਹੈ।” ਇਸ ਦੌਰਾਨ ਐਲਿਸ ਦੇ ਡੈਡੀ ਨੇ ਬਾਈਬਲ ਬਾਰੇ ਸਿੱਖਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਜਾਣ ਸਕੇ ਕਿ ਉਸ ਦੀ ਧੀ ਕਿਉਂ ਬਦਲ ਗਈ ਸੀ। ਨਾਲੇ ਉਹ ਬਾਈਬਲ ਵਿਚ ਗ਼ਲਤੀਆਂ ਵੀ ਲੱਭਣਾ ਚਾਹੁੰਦਾ ਸੀ। ਐਲਿਸ ਦੱਸਦੀ ਹੈ, “ਮੈਂ ਡੈਡੀ ਨੂੰ ਬਾਈਬਲ ਦਿੱਤੀ ਅਤੇ ਉਸ ’ਤੇ ਉਨ੍ਹਾਂ ਲਈ ਕੁਝ ਲਿਖਿਆ ਵੀ।” ਫਿਰ ਕੀ ਹੋਇਆ? ਗ਼ਲਤੀਆਂ ਲੱਭਣ ਦੀ ਬਜਾਇ ਐਲਿਸ ਦੇ ਡੈਡੀ ਨੂੰ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ।

13 ਪਰੀਖਿਆਵਾਂ ਦਾ ਸਾਮ੍ਹਣਾ ਕਰਦਿਆਂ ਵੀ ਸਾਨੂੰ ਦ੍ਰਿੜ੍ਹਤਾ, ਪਰ ਸਮਝਦਾਰੀ ਦਿਖਾਉਣ ਦੀ ਲੋੜ ਹੈ। (1 ਕੁਰਿੰ. 4:12ਅ) ਮਿਸਾਲ ਲਈ, ਐਲਿਸ ਨੂੰ ਆਪਣੀ ਮੰਮੀ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। “ਜਦੋਂ ਮੈਂ ਬਪਤਿਸਮਾ ਲਿਆ, ਤਾਂ ਮੇਰੇ ਮੰਮੀ ਜੀ ਨੇ ਮੈਨੂੰ ‘ਬੁਰੀ ਧੀ’ ਕਿਹਾ।” ਐਲਿਸ ਨੇ ਕੀ ਕੀਤਾ? ਉਹ ਦੱਸਦੀ ਹੈ: “ਮੈਂ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨੀ ਨਹੀਂ ਛੱਡੀ। ਇਸ ਦੀ ਬਜਾਇ, ਮੈਂ ਆਦਰ ਨਾਲ ਸਮਝਾਇਆ ਕਿ ਮੈਂ ਯਹੋਵਾਹ ਦੀ ਗਵਾਹ ਬਣਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਮੇਰਾ ਫ਼ੈਸਲਾ ਅਟੱਲ ਹੈ। ਮੈਂ ਆਪਣੇ ਮੰਮੀ ਜੀ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ। ਅਸੀਂ ਦੋਨੋਂ ਰੋਈਆਂ ਅਤੇ ਮੈਂ ਉਨ੍ਹਾਂ ਲਈ ਵਧੀਆ ਖਾਣਾ ਬਣਾਇਆ। ਉਸ ਤੋਂ ਬਾਅਦ ਮੇਰੇ ਮੰਮੀ ਨੂੰ ਸਮਝ ਲੱਗੀ ਕਿ ਬਾਈਬਲ ਕਰਕੇ ਮੈਂ ਇਕ ਚੰਗੀ ਇਨਸਾਨ ਬਣ ਰਹੀ ਹਾਂ।”

14. ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਦਬਾਅ ਹੇਠ ਕਿਉਂ ਨਹੀਂ ਆਉਣਾ ਚਾਹੀਦਾ?

14 ਸ਼ਾਇਦ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਗੱਲ ਸਮਝਣ ਵਿਚ ਸਮਾਂ ਲੱਗੇ ਕਿ ਯਹੋਵਾਹ ਦੀ ਸੇਵਾ ਸਾਡੇ ਲਈ ਕਿੰਨੀ ਮਾਅਨੇ ਰੱਖਦੀ ਹੈ। ਮਿਸਾਲ ਲਈ, ਜਦੋਂ ਐਲਿਸ ਨੇ ਆਪਣੇ ਮਾਪਿਆਂ ਦੇ ਕਹੇ ਮੁਤਾਬਕ ਉੱਚ-ਸਿੱਖਿਆ ਲੈਣ ਦੀ ਬਜਾਇ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ, ਤਾਂ ਉਸ ਦੀ ਮੰਮੀ ਫਿਰ ਤੋਂ ਰੋਈ। ਪਰ ਐਲਿਸ ਆਪਣੇ ਫ਼ੈਸਲੇ ’ਤੇ ਦ੍ਰਿੜ੍ਹ ਰਹੀ। ਐਲਿਸ ਦੱਸਦੀ ਹੈ, “ਜੇ ਤੁਸੀਂ ਇਕ ਵਾਰ ਦਬਾਅ ਹੇਠ ਆ ਜਾਂਦੇ ਹੋ, ਤਾਂ ਤੁਹਾਡਾ ਪਰਿਵਾਰ ਹੋਰ ਮਾਮਲਿਆਂ ਵਿਚ ਵੀ ਤੁਹਾਡੇ ’ਤੇ ਦਬਾਅ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰੇਗਾ।” ਪਰ ਜੇ ਤੁਸੀਂ ਪਿਆਰ, ਪਰ ਦ੍ਰਿੜ੍ਹਤਾ ਨਾਲ ਆਪਣੀ ਗੱਲ ਕਹੋਗੇ, ਤਾਂ ਸ਼ਾਇਦ ਪਰਿਵਾਰ ਦੇ ਕੁਝ ਮੈਂਬਰ ਤੁਹਾਡੀ ਗੱਲ ਸੁਣਨ।” ਇਸੇ ਤਰ੍ਹਾਂ ਐਲਿਸ ਨਾਲ ਹੋਇਆ। ਅੱਜ ਉਸ ਦੇ ਮੰਮੀ-ਡੈਡੀ ਦੋਨੋਂ ਪਾਇਨੀਅਰਿੰਗ ਕਰਦੇ ਹਨ ਅਤੇ ਡੈਡੀ ਮੰਡਲੀ ਵਿਚ ਬਜ਼ੁਰਗ ਹਨ।

ਮੰਡਲੀ ਦੇ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ?

ਮੰਡਲੀ ਦੇ ਭੈਣ-ਭਰਾ ਤੁਹਾਡੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰਾਂ ਦੀ ਕਿਵੇਂ ਮਦਦ ਕਰ ਸਕਦੇ ਹਨ? (ਪੈਰੇ 15-16 ਦੇਖੋ) *

15. ਮੱਤੀ 5:14-16 ਅਤੇ 1 ਪਤਰਸ 2:12 ਮੁਤਾਬਕ ਦੂਜਿਆਂ ਦੇ “ਚੰਗੇ ਕੰਮ” ਸਾਡੇ ਪਰਿਵਾਰ ਦੇ ਮੈਂਬਰਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

15 ਯਹੋਵਾਹ ਆਪਣੇ ਸੇਵਕਾਂ ਦੇ ‘ਚੰਗੇ ਕੰਮਾਂ’ ਰਾਹੀਂ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। (ਮੱਤੀ 5:14-16; 1 ਪਤਰਸ 2:12 ਪੜ੍ਹੋ।) ਕੀ ਤੁਹਾਡਾ ਅਵਿਸ਼ਵਾਸੀ ਸਾਥੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਕਦੇ ਮਿਲਿਆ ਹੈ? ਪੌਲੀਨ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਂਦੀ ਸੀ ਤਾਂਕਿ ਉਸ ਦਾ ਪਤੀ ਵੇਨ ਗਵਾਹਾਂ ਨੂੰ ਜਾਣ ਸਕੇ। ਵੇਨ ਯਾਦ ਕਰਦਾ ਹੈ ਕਿ ਇਕ ਭਰਾ ਨੇ ਕਿਵੇਂ ਗ਼ਲਤਫ਼ਹਿਮੀ ਦੂਰ ਕਰ ਦਿੱਤੀ: “ਉਸ ਨੇ ਮੇਰੇ ਨਾਲ ਇਕ ਮੈਚ ਦੇਖਣ ਲਈ ਆਪਣੇ ਕੰਮ ਤੋਂ ਛੁੱਟੀ ਲਈ। ਮੈਨੂੰ ਅਹਿਸਾਸ ਹੋਇਆ, ‘ਉਹ ਆਪਣੇ ਧਰਮ ਤੋਂ ਇਲਾਵਾ ਹੋਰ ਕੰਮਾਂ ਵਿਚ ਵੀ ਦਿਲਚਸਪੀ ਲੈਂਦਾ ਹੈ।’”

16. ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਕਿਉਂ ਦੇਣਾ ਚਾਹੀਦਾ ਹੈ?

16 ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨ ਦਾ ਇਕ ਹੋਰ ਵਧੀਆ ਤਰੀਕਾ ਹੈ, ਉਨ੍ਹਾਂ ਨੂੰ ਆਪਣੇ ਨਾਲ ਸਭਾਵਾਂ ਵਿਚ ਆਉਣ ਦਾ ਸੱਦਾ ਦੇਣਾ। (1 ਕੁਰਿੰ. 14:24, 25) ਵੇਨ ਪਹਿਲੀ ਵਾਰ ਜਿਹੜੀ ਸਭਾ ’ਤੇ ਗਿਆ, ਉਹ ਸੀ ਮੈਮੋਰੀਅਲ। ਇਹ ਸਭਾ ਉਸ ਦੇ ਕੰਮ ਤੋਂ ਬਾਅਦ ਸੀ ਤੇ ਜ਼ਿਆਦਾ ਲੰਬੀ ਵੀ ਨਹੀਂ ਸੀ। ਉਹ ਦੱਸਦਾ ਹੈ, “ਮੈਨੂੰ ਭਾਸ਼ਣ ਪੂਰੀ ਤਰ੍ਹਾਂ ਸਮਝ ਨਹੀਂ ਆਇਆ, ਪਰ ਉੱਥੇ ਆਏ ਲੋਕਾਂ ਦਾ ਮੇਰੇ ’ਤੇ ਵਧੀਆ ਅਸਰ ਪਿਆ। ਉਹ ਮੇਰੇ ਕੋਲ ਆਏ ਅਤੇ ਮੇਰਾ ਸੁਆਗਤ ਕੀਤਾ ਅਤੇ ਉਨ੍ਹਾਂ ਨੇ ਘੁੱਟ ਕੇ ਮੇਰੇ ਨਾਲ ਹੱਥ ਮਿਲਾਇਆ। ਮੈਂ ਦੇਖ ਸਕਦਾ ਸੀ ਕਿ ਉਹ ਚੰਗੇ ਲੋਕ ਸਨ।” ਇਕ ਜੋੜਾ ਖ਼ਾਸ ਕਰਕੇ ਪੌਲੀਨ ਦੀ ਮਦਦ ਕਰਦਾ ਸੀ। ਉਹ ਉਸ ਨੂੰ ਤੇ ਉਸ ਦੇ ਮੁੰਡੇ ਨੂੰ ਮੀਟਿੰਗਾਂ ਤੇ ਪ੍ਰਚਾਰ ਵਿਚ ਲੈ ਕੇ ਜਾਂਦਾ ਸੀ। ਜਦੋਂ ਵੇਨ ਨੇ ਪੌਲੀਨ ਦੇ ਨਵੇਂ ਵਿਸ਼ਵਾਸਾਂ ਬਾਰੇ ਜਾਣਨ ਦਾ ਫ਼ੈਸਲਾ ਕੀਤਾ, ਤਾਂ ਵੇਨ ਨੇ ਉਸ ਭਰਾ ਨੂੰ ਕਿਹਾ ਕਿ ਉਹ ਉਸ ਨਾਲ ਬਾਈਬਲ ਦੀ ਸਟੱਡੀ ਕਰੇ।

17. ਸਾਨੂੰ ਕਿਸ ਗੱਲ ਲਈ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ, ਪਰ ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨ ਵਿਚ ਕਦੇ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?

17 ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਸਾਡੇ ਨਾਲ ਮਿਲ ਕੇ ਯਹੋਵਾਹ ਦੇ ਸੇਵਾ ਕਰਨਗੇ। ਪਰ ਪਰਮੇਸ਼ੁਰ ਦੇ ਸੇਵਕ ਬਣਨ ਵਿਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨ ਦੇ ਬਾਵਜੂਦ ਸ਼ਾਇਦ ਉਹ ਸੱਚਾਈ ਵਿਚ ਨਾ ਆਉਣ। ਜੇ ਇੱਦਾਂ ਹੁੰਦਾ ਹੈ, ਤਾਂ ਸਾਨੂੰ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ। ਦਰਅਸਲ, ਅਸੀਂ ਕਿਸੇ ਨੂੰ ਆਪਣੇ ਵਿਸ਼ਵਾਸਾਂ ਨੂੰ ਅਪਣਾਉਣ ਲਈ ਮਜਬੂਰ ਨਹੀਂ ਕਰ ਸਕਦੇ। ਪਰ ਇਸ ਗੱਲ ਨੂੰ ਘੱਟ ਨਾ ਸਮਝੋ ਕਿ ਤੁਹਾਨੂੰ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦਿਆਂ ਦੇਖ ਕੇ ਤੁਹਾਡੇ ਪਰਿਵਾਰ ਦੇ ਮੈਂਬਰਾਂ ’ਤੇ ਵਧੀਆ ਅਸਰ ਪੈ ਸਕਦਾ ਹੈ। ਉਨ੍ਹਾਂ ਲਈ ਪ੍ਰਾਰਥਨਾ ਕਰੋ। ਉਨ੍ਹਾਂ ਨਾਲ ਸਮਝਦਾਰੀ ਨਾਲ ਗੱਲ ਕਰੋ। ਬਿਨਾਂ ਹਾਰ ਮੰਨੇ ਉਨ੍ਹਾਂ ਦੀ ਮਦਦ ਕਰੋ! (ਰਸੂ. 20:20) ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਜਤਨਾਂ ’ਤੇ ਬਰਕਤ ਪਾਵੇਗਾ। ਜੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੀ ਗੱਲ ਸੁਣਨਗੇ, ਤਾਂ ਉਹ ਬਚਾਏ ਜਾਣਗੇ!

ਗੀਤ 18 ਰੱਬ ਦਾ ਸੱਚਾ ਪਿਆਰ

^ ਪੈਰਾ 5 ਅਸੀਂ ਚਾਹੁੰਦੇ ਹਾਂ ਕਿ ਸਾਡਾ ਪਰਿਵਾਰ ਯਹੋਵਾਹ ਬਾਰੇ ਜਾਣੇ, ਪਰ ਪਰਮੇਸ਼ੁਰ ਦੀ ਸੇਵਾ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਉਸ ਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੇ ਪਰਿਵਾਰ ਦੇ ਮੈਂਬਰ ਸਾਡੀ ਗੱਲ ਸੁਣਨ।

^ ਪੈਰਾ 1 ਕੁਝ ਨਾਂ ਬਦਲੇ ਗਏ ਹਨ। ਚਾਹੇ ਇਸ ਲੇਖ ਵਿਚ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਦੀ ਗੱਲ ਕੀਤੀ ਗਈ ਹੈ ਜੋ ਹਾਲੇ ਯਹੋਵਾਹ ਦੀ ਸੇਵਾ ਨਹੀਂ ਕਰਦੇ, ਪਰ ਇਹੀ ਅਸੂਲ ਸਾਡੇ ਰਿਸ਼ਤੇਦਾਰਾਂ ’ਤੇ ਵੀ ਲਾਗੂ ਹੁੰਦੇ ਹਨ।

^ ਪੈਰਾ 53 ਤਸਵੀਰਾਂ ਬਾਰੇ ਜਾਣਕਾਰੀ: ਇਕ ਨੌਜਵਾਨ ਭਰਾ ਆਪਣੇ ਅਵਿਸ਼ਵਾਸੀ ਪਿਤਾ ਦੀ ਗੱਡੀ ਠੀਕ ਕਰਨ ਵਿਚ ਮਦਦ ਕਰਦਾ ਹੋਇਆ। ਢੁਕਵੇਂ ਸਮੇਂ ’ਤੇ ਭਰਾ jw.org® ਤੋਂ ਵੀਡੀਓ ਦਿਖਾਉਂਦਾ ਹੋਇਆ।

^ ਪੈਰਾ 55 ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਦਾ ਅਵਿਸ਼ਵਾਸੀ ਪਤੀ ਆਪਣੇ ਦਿਨ ਭਰ ਦੇ ਕੰਮਾਂ ਬਾਰੇ ਦੱਸਦਾ ਹੋਇਆ ਤੇ ਭੈਣ ਧਿਆਨ ਨਾਲ ਸੁਣਦੀ ਹੋਈ। ਬਾਅਦ ਵਿਚ ਉਹ ਆਪਣੇ ਪਰਿਵਾਰ ਨਾਲ ਮਨੋਰੰਜਨ ਕਰਦੀ ਹੋਈ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਉਸ ਭੈਣ ਨੇ ਭੈਣਾਂ-ਭਰਾਵਾਂ ਨੂੰ ਆਪਣੇ ਘਰ ਸੱਦਿਆ ਹੋਇਆ। ਉਹ ਉਸ ਦੇ ਪਤੀ ਵਿਚ ਦਿਲਚਸਪੀ ਲੈਂਦੇ ਹੋਏ। ਬਾਅਦ ਵਿਚ ਭੈਣ ਦਾ ਪਤੀ ਉਸ ਨਾਲ ਮੈਮੋਰੀਅਲ ’ਤੇ।