Skip to content

Skip to table of contents

ਅਧਿਐਨ ਲੇਖ 32

ਆਪਣੀਆਂ ਹੱਦਾਂ ਨੂੰ ਪਛਾਣਦੇ ਹੋਏ ਨਿਮਰਤਾ ਨਾਲ ਆਪਣੇ ਪਰਮੇਸ਼ੁਰ ਨਾਲ ਚੱਲੋ

ਆਪਣੀਆਂ ਹੱਦਾਂ ਨੂੰ ਪਛਾਣਦੇ ਹੋਏ ਨਿਮਰਤਾ ਨਾਲ ਆਪਣੇ ਪਰਮੇਸ਼ੁਰ ਨਾਲ ਚੱਲੋ

“ਅਧੀਨ [“ਨਿਮਰ,” NW] ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ।”—ਮੀਕਾ. 6:8.

ਗੀਤ 26 ਪਰਮੇਸ਼ੁਰ ਦੇ ਨਾਲ-ਨਾਲ ਚੱਲੋ!

ਖ਼ਾਸ ਗੱਲਾਂ *

1. ਦਾਊਦ ਨੇ ਯਹੋਵਾਹ ਦੀ ਨਿਮਰਤਾ ਬਾਰੇ ਕੀ ਕਿਹਾ ਸੀ?

ਕੀ ਅਸੀਂ ਸੱਚ-ਮੁੱਚ ਕਹਿ ਸਕਦੇ ਹਾਂ ਕਿ ਯਹੋਵਾਹ ਨਿਮਰ ਹੈ? ਜੀ ਹਾਂ। ਦਾਊਦ ਨੇ ਇਕ ਵਾਰ ਕਿਹਾ: “ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੀ ਨਰਮਾਈ [“ਨਿਮਰਤਾ,” NW] ਨੇ ਮੈਨੂੰ ਵਡਿਆਇਆ ਹੈ।” (2 ਸਮੂ. 22:36; ਜ਼ਬੂ. 18:35) ਇਹ ਗੱਲ ਲਿਖਦੇ ਸਮੇਂ ਦਾਊਦ ਸ਼ਾਇਦ ਉਸ ਦਿਨ ਬਾਰੇ ਸੋਚ ਰਿਹਾ ਸੀ ਜਦੋਂ ਸਮੂਏਲ ਨਬੀ ਇਜ਼ਰਾਈਲ ਦਾ ਅਗਲਾ ਰਾਜਾ ਚੁਣਨ ਲਈ ਉਸ ਦੇ ਪਿਤਾ ਦੇ ਘਰ ਆਇਆ ਸੀ। ਦਾਊਦ ਆਪਣੇ ਅੱਠ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ, ਪਰ ਯਹੋਵਾਹ ਨੇ ਰਾਜਾ ਸ਼ਾਊਲ ਦੀ ਥਾਂ ਉਸ ਨੂੰ ਹੀ ਚੁਣਿਆ ਸੀ।—1 ਸਮੂ. 16:1, 10-13.

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

2 ਦਾਊਦ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਇਆ ਹੋਣਾ ਜਿਸ ਨੇ ਯਹੋਵਾਹ ਬਾਰੇ ਕਿਹਾ: ‘ਉਹ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਭਈ ਆਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, ਉਹ ਗ਼ਰੀਬ ਨੂੰ ਖ਼ਾਕ ਵਿੱਚੋਂ ਚੁੱਕਦਾ ਅਤੇ ਕੰਗਾਲ ਨੂੰ ਉਠਾਉਂਦਾ ਹੈ, ਭਈ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ।’ (ਜ਼ਬੂ. 113:6-8) ਇਸ ਲੇਖ ਵਿਚ ਪਹਿਲਾਂ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਨਿਮਰਤਾ ਕਿਵੇਂ ਦਿਖਾਈ ਅਤੇ ਅਸੀਂ ਉਸ ਦੀ ਮਿਸਾਲ ਤੋਂ ਕਿਹੜੇ ਕੁਝ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਫਿਰ ਅਸੀਂ ਰਾਜਾ ਸ਼ਾਊਲ, ਦਾਨੀਏਲ ਨਬੀ ਅਤੇ ਯਿਸੂ ਦੀ ਮਿਸਾਲ ਤੋਂ ਆਪਣੀਆਂ ਹੱਦਾਂ ਵਿਚ ਰਹਿਣ ਬਾਰੇ ਸਿੱਖਾਂਗੇ।

ਯਹੋਵਾਹ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

3. ਯਹੋਵਾਹ ਸਾਡੇ ਨਾਲ ਕਿਵੇਂ ਪੇਸ਼ ਆਉਂਦਾ ਹੈ ਅਤੇ ਇਸ ਤੋਂ ਕੀ ਸਾਬਤ ਹੁੰਦਾ ਹੈ?

3 ਯਹੋਵਾਹ ਆਪਣੇ ਨਾਮੁਕੰਮਲ ਸੇਵਕਾਂ ਨਾਲ ਆਪਣੇ ਪੇਸ਼ ਆਉਣ ਦੇ ਤਰੀਕੇ ਤੋਂ ਜ਼ਾਹਰ ਕਰਦਾ ਹੈ ਕਿ ਉਹ ਨਿਮਰ ਹੈ। ਉਹ ਨਾ ਸਿਰਫ਼ ਸਾਡੀ ਭਗਤੀ ਸਵੀਕਾਰ ਕਰਦਾ ਹੈ, ਸਗੋਂ ਸਾਨੂੰ ਆਪਣੇ ਦੋਸਤ ਵੀ ਸਮਝਦਾ ਹੈ। (ਜ਼ਬੂ. 25:14) ਯਹੋਵਾਹ ਨੇ ਸਾਡੇ ਪਾਪਾਂ ਦੀ ਮਾਫ਼ੀ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਵਿਚ ਪਹਿਲ ਕੀਤੀ ਤਾਂਕਿ ਅਸੀਂ ਉਸ ਨਾਲ ਦੋਸਤੀ ਕਰ ਸਕੀਏ। ਵਾਕਈ ਉਸ ਨੇ ਸਾਡੇ ’ਤੇ ਕਿੰਨੀ ਦਇਆ ਕੀਤੀ ਹੈ!

4. ਯਹੋਵਾਹ ਨੇ ਸਾਨੂੰ ਕਿਹੜੀ ਕਾਬਲੀਅਤ ਦਿੱਤੀ ਹੈ ਅਤੇ ਕਿਉਂ?

4 ਯਹੋਵਾਹ ਇਕ ਹੋਰ ਤਰੀਕੇ ਨਾਲ ਆਪਣੀ ਨਿਮਰਤਾ ਜ਼ਾਹਰ ਕਰਦਾ ਹੈ। ਸਾਡਾ ਸਿਰਜਣਹਾਰ ਹੋਣ ਦੇ ਨਾਤੇ ਯਹੋਵਾਹ ਸਾਨੂੰ ਫ਼ੈਸਲੇ ਲੈਣ ਦੀ ਕਾਬਲੀਅਤ ਤੋਂ ਬਿਨਾਂ ਵੀ ਬਣਾ ਸਕਦਾ ਸੀ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਅਤੇ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਸਾਡੇ ਵਰਗੇ ਮਾਮੂਲੀ ਇਨਸਾਨ ਇਸ ਲਈ ਉਸ ਦੀ ਦਿਲੋਂ ਸੇਵਾ ਕਰਨ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਆਗਿਆਕਾਰ ਰਹਿਣ ਦੇ ਫ਼ਾਇਦੇ ਜਾਣਦੇ ਹਾਂ। (ਬਿਵ. 10:12; ਯਸਾ. 48:17, 18) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ਨਿਮਰ ਹੈ!

ਯਿਸੂ ਨੂੰ ਸਵਰਗ ਵਿਚ ਦਿਖਾਇਆ ਗਿਆ ਹੈ। ਉਸ ਦੇ ਨਾਲ ਰਾਜ ਕਰਨ ਵਾਲੇ ਕੁਝ ਜਣੇ ਖੜ੍ਹੇ ਹਨ। ਉਹ ਬਹੁਤ ਸਾਰੇ ਦੂਤਾਂ ਵੱਲ ਦੇਖ ਰਹੇ ਹਨ। ਕੁਝ ਦੂਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਧਰਤੀ ਵੱਲ ਜਾ ਰਹੇ ਹਨ। ਯਹੋਵਾਹ ਨੇ ਇਨ੍ਹਾਂ ਸਾਰਿਆਂ ਨੂੰ ਅਧਿਕਾਰ ਦਿੱਤਾ ਹੈ (ਪੈਰਾ 5 ਦੇਖੋ)

5. ਯਹੋਵਾਹ ਸਾਨੂੰ ਨਿਮਰ ਬਣਨਾ ਕਿਵੇਂ ਸਿਖਾਉਂਦਾ ਹੈ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

5 ਯਹੋਵਾਹ ਸਾਡੇ ਨਾਲ ਆਪਣੇ ਪੇਸ਼ ਆਉਣ ਦੇ ਤਰੀਕੇ ਰਾਹੀਂ ਸਾਨੂੰ ਨਿਮਰ ਰਹਿਣਾ ਸਿਖਾਉਂਦਾ ਹੈ। ਯਹੋਵਾਹ ਪੂਰੀ ਕਾਇਨਾਤ ਵਿਚ ਸਭ ਤੋਂ ਬੁੱਧੀਮਾਨ ਸ਼ਖ਼ਸ ਹੈ। ਫਿਰ ਵੀ ਉਹ ਦੂਸਰਿਆਂ ਦੇ ਸੁਝਾਅ ਸੁਣਨ ਲਈ ਤਿਆਰ ਰਹਿੰਦਾ ਹੈ। ਮਿਸਾਲ ਲਈ, ਯਹੋਵਾਹ ਨੇ ਆਪਣੇ ਪੁੱਤਰ ਨੂੰ ਸਾਰੀਆਂ ਚੀਜ਼ਾਂ ਸਿਰਜਣ ਵਿਚ ਹੱਥ ਵਟਾਉਣ ਦਾ ਮੌਕਾ ਦਿੱਤਾ। (ਕਹਾ. 8:27-30; ਕੁਲੁ. 1:15, 16) ਭਾਵੇਂ ਯਹੋਵਾਹ ਸਰਬਸ਼ਕਤੀਮਾਨ ਹੈ, ਫਿਰ ਵੀ ਉਹ ਦੂਸਰਿਆਂ ਨੂੰ ਅਧਿਕਾਰ ਦਿੰਦਾ ਹੈ। ਮਿਸਾਲ ਲਈ, ਉਸ ਨੇ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ ਹੈ ਅਤੇ ਉਹ 1,44,000 ਇਨਸਾਨਾਂ ਨੂੰ ਵੀ ਕੁਝ ਅਧਿਕਾਰ ਦੇਵੇਗਾ ਜੋ ਯਿਸੂ ਨਾਲ ਰਾਜ ਕਰਨਗੇ। (ਲੂਕਾ 12:32) ਬਿਨਾਂ ਸ਼ੱਕ, ਯਹੋਵਾਹ ਨੇ ਯਿਸੂ ਨੂੰ ਰਾਜਾ ਅਤੇ ਮਹਾਂ ਪੁਜਾਰੀ ਬਣਨ ਦੀ ਸਿਖਲਾਈ ਦਿੱਤੀ ਹੈ। (ਇਬ. 5:8, 9) ਉਹ ਯਿਸੂ ਦੇ ਨਾਲ ਰਾਜ ਕਰਨ ਵਾਲਿਆਂ ਨੂੰ ਵੀ ਸਿਖਲਾਈ ਦਿੰਦਾ ਹੈ। ਪਰ ਯਹੋਵਾਹ ਉਨ੍ਹਾਂ ਨੂੰ ਇਹ ਕੰਮ ਦੇ ਕੇ ਹਰ ਵੇਲੇ ਉਨ੍ਹਾਂ ’ਤੇ ਨਜ਼ਰ ਨਹੀਂ ਰੱਖਦਾ ਕਿ ਉਹ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾ ਰਹੇ ਹਨ। ਇਸ ਦੀ ਬਜਾਇ, ਉਸ ਨੂੰ ਭਰੋਸਾ ਹੈ ਕਿ ਉਹ ਉਸ ਦੀ ਇੱਛਾ ਪੂਰੀ ਕਰਨਗੇ।—ਪ੍ਰਕਾ. 5:10.

ਅਸੀਂ ਦੂਸਰਿਆਂ ਨੂੰ ਸਿਖਲਾਈ ਅਤੇ ਕੰਮ ਦੇ ਕੇ ਯਹੋਵਾਹ ਦੀ ਰੀਸ ਕਰਦੇ ਹਾਂ (ਪੈਰੇ 6-7 ਦੇਖੋ) *

6-7. ਦੂਸਰਿਆਂ ਨੂੰ ਜ਼ਿੰਮੇਵਾਰੀਆਂ ਦੇਣ ਬਾਰੇ ਅਸੀਂ ਆਪਣੇ ਸਵਰਗੀ ਪਿਤਾ ਤੋਂ ਕੀ ਸਿੱਖ ਸਕਦੇ ਹਾਂ?

6 ਭਾਵੇਂ ਸਾਡੇ ਸਵਰਗੀ ਪਿਤਾ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਹੈ, ਫਿਰ ਵੀ ਉਹ ਕੁਝ ਹੱਦ ਤਕ ਦੂਸਰਿਆਂ ਨੂੰ ਅਧਿਕਾਰ ਦਿੰਦਾ ਹੈ। ਸਾਡੇ ਲਈ ਇਸ ਤਰ੍ਹਾਂ ਕਰਨਾ ਤਾਂ ਹੋਰ ਵੀ ਜ਼ਰੂਰੀ ਹੈ! ਮਿਸਾਲ ਲਈ, ਕੀ ਤੁਸੀਂ ਪਰਿਵਾਰ ਦੇ ਮੁਖੀ ਹੋ ਜਾਂ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਹੇ ਹੋ? ਯਹੋਵਾਹ ਦੀ ਰੀਸ ਕਰਦਿਆਂ ਦੂਜਿਆਂ ਨੂੰ ਜ਼ਿੰਮੇਵਾਰੀਆਂ ਦਿਓ ਅਤੇ ਫਿਰ ਜਦ ਉਹ ਕੰਮ ਕਰ ਰਹੇ ਹੁੰਦੇ ਹਨ, ਤਾਂ ਟੋਕਾ-ਟਾਕੀ ਨਾ ਕਰੋ। ਜਦੋਂ ਤੁਸੀਂ ਯਹੋਵਾਹ ਦੀ ਰੀਸ ਕਰੋਗੇ, ਤਾਂ ਤੁਸੀਂ ਨਾ ਸਿਰਫ਼ ਕੰਮ ਪੂਰਾ ਹੁੰਦਿਆਂ ਦੇਖੋਗੇ, ਸਗੋਂ ਦੂਜਿਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਤੁਸੀਂ ਉਨ੍ਹਾਂ ਦਾ ਹੌਸਲਾ ਵੀ ਬੁਲੰਦ ਕਰੋਗੇ। (ਯਸਾ. 41:10) ਜਿਨ੍ਹਾਂ ਕੋਲ ਕੁਝ ਹੱਦ ਤਕ ਅਧਿਕਾਰ ਹੈ, ਉਹ ਯਹੋਵਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

7 ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਆਪਣੇ ਸਵਰਗੀ ਪੁੱਤਰਾਂ ਦੀ ਰਾਇ ਵੀ ਲੈਂਦਾ ਹੈ। (1 ਰਾਜ. 22:19-22) ਮਾਪਿਓ, ਤੁਸੀਂ ਯਹੋਵਾਹ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹੋ? ਜਦੋਂ ਢੁਕਵਾਂ ਹੋਵੇ, ਤਾਂ ਕੋਈ ਕੰਮ ਕਰਨ ਸੰਬੰਧੀ ਆਪਣੇ ਬੱਚਿਆਂ ਦੀ ਰਾਇ ਲਓ। ਨਾਲੇ ਜੇ ਉਨ੍ਹਾਂ ਦਾ ਸੁਝਾਅ ਸਹੀ ਲੱਗੇ, ਤਾਂ ਉਸ ਨੂੰ ਮੰਨੋ।

8. ਯਹੋਵਾਹ ਨੇ ਅਬਰਾਹਾਮ ਅਤੇ ਸਾਰਾਹ ਨਾਲ ਪੇਸ਼ ਆਉਂਦਿਆਂ ਧੀਰਜ ਕਿਵੇਂ ਦਿਖਾਇਆ?

8 ਯਹੋਵਾਹ ਦੀ ਨਿਮਰਤਾ ਉਸ ਦੇ ਧੀਰਜ ਤੋਂ ਵੀ ਜ਼ਾਹਰ ਹੁੰਦੀ ਹੈ। ਮਿਸਾਲ ਲਈ, ਯਹੋਵਾਹ ਉਦੋਂ ਧੀਰਜ ਦਿਖਾਉਂਦਾ ਹੈ ਜਦੋਂ ਉਸ ਦੇ ਸੇਵਕ ਉਸ ਦੇ ਫ਼ੈਸਲਿਆਂ ’ਤੇ ਸਵਾਲ ਖੜ੍ਹਾ ਕਰਦੇ ਹਨ। ਉਸ ਨੇ ਧਿਆਨ ਨਾਲ ਸੁਣਿਆ ਜਦੋਂ ਅਬਰਾਹਾਮ ਨੇ ਸਦੂਮ ਅਤੇ ਗਮੋਰਾ ਨੂੰ ਨਾਸ਼ ਕਰਨ ਦੇ ਫ਼ੈਸਲੇ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ। (ਉਤ. 18:22-33) ਨਾਲੇ ਯਾਦ ਕਰੋ ਕਿ ਅਬਰਾਹਾਮ ਦੀ ਪਤਨੀ ਸਾਰਾਹ ਨਾਲ ਯਹੋਵਾਹ ਕਿਵੇਂ ਪੇਸ਼ ਆਇਆ। ਯਹੋਵਾਹ ਉਦੋਂ ਨਾਰਾਜ਼ ਜਾਂ ਗੁੱਸੇ ਨਹੀਂ ਹੋਇਆ ਜਦੋਂ ਸਾਰਾਹ ਉਸ ਦੇ ਇਸ ਵਾਅਦੇ ਕਰਕੇ ਹੱਸੀ ਸੀ ਕਿ ਉਹ ਬੁਢਾਪੇ ਵਿਚ ਮਾਂ ਬਣੇਗੀ। (ਉਤ. 18:10-14) ਇਸ ਦੀ ਬਜਾਇ, ਉਹ ਸਾਰਾਹ ਨਾਲ ਆਦਰ ਨਾਲ ਪੇਸ਼ ਆਇਆ।

9. ਯਹੋਵਾਹ ਦੀ ਮਿਸਾਲ ਤੋਂ ਮਾਪੇ ਅਤੇ ਬਜ਼ੁਰਗ ਕੀ ਸਿੱਖ ਸਕਦੇ ਹਨ?

9 ਮਾਪਿਓ ਅਤੇ ਬਜ਼ੁਰਗੋ, ਤੁਸੀਂ ਯਹੋਵਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ? ਤੁਸੀਂ ਉਸ ਸਮੇਂ ਕੀ ਕਰਦੇ ਹੋ ਜਦੋਂ ਤੁਹਾਡੇ ਬੱਚੇ ਜਾਂ ਮੰਡਲੀ ਦੇ ਕੁਝ ਭੈਣ-ਭਰਾ ਤੁਹਾਡੇ ਫ਼ੈਸਲਿਆਂ ਨਾਲ ਸਹਿਮਤ ਨਹੀਂ ਹੁੰਦੇ? ਕੀ ਤੁਸੀਂ ਤੁਰੰਤ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋ? ਜਾਂ ਕੀ ਤੁਸੀਂ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ? ਪਰਿਵਾਰਾਂ ਅਤੇ ਮੰਡਲੀਆਂ ਨੂੰ ਫ਼ਾਇਦਾ ਹੁੰਦਾ ਹੈ ਜਦੋਂ ਅਧਿਕਾਰ ਰੱਖਣ ਵਾਲੇ ਯਹੋਵਾਹ ਦੀ ਰੀਸ ਕਰਦੇ ਹਨ। ਹੁਣ ਤਕ ਅਸੀਂ ਚਰਚਾ ਕੀਤੀ ਹੈ ਕਿ ਯਹੋਵਾਹ ਦੀ ਮਿਸਾਲ ਤੋਂ ਅਸੀਂ ਨਿਮਰਤਾ ਬਾਰੇ ਕੀ ਸਿੱਖ ਸਕਦੇ ਹਾਂ। ਆਓ ਹੁਣ ਅਸੀਂ ਦੇਖੀਏ ਕਿ ਬਾਈਬਲ ਵਿਚ ਦਰਜ ਮਿਸਾਲਾਂ ਤੋਂ ਅਸੀਂ ਆਪਣੀਆਂ ਹੱਦਾਂ ਵਿਚ ਰਹਿਣ ਬਾਰੇ ਕੀ ਸਿੱਖ ਸਕਦੇ ਹਾਂ।

ਅਸੀਂ ਦੂਸਰਿਆਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

10. ਯਹੋਵਾਹ ਦੂਜਿਆਂ ਦੀਆਂ ਮਿਸਾਲਾਂ ਰਾਹੀਂ ਸਾਨੂੰ ਕਿਵੇਂ ਸਿਖਾਉਂਦਾ ਹੈ?

10 ਸਾਡਾ “ਮਹਾਨ ਸਿੱਖਿਅਕ” ਹੋਣ ਦੇ ਨਾਤੇ ਯਹੋਵਾਹ ਸਾਨੂੰ ਆਪਣੇ ਬਚਨ ਵਿਚ ਦਰਜ ਮਿਸਾਲਾਂ ਰਾਹੀਂ ਸਿਖਾਉਂਦਾ ਹੈ। (ਯਸਾ. 30:20, 21, NW) ਬਾਈਬਲ ਦੇ ਬਿਰਤਾਂਤਾਂ ’ਤੇ ਸੋਚ-ਵਿਚਾਰ ਕਰਦਿਆਂ ਅਸੀਂ ਉਨ੍ਹਾਂ ਇਨਸਾਨਾਂ ਬਾਰੇ ਸਿੱਖਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰੀ ਗੁਣ ਦਿਖਾਏ ਅਤੇ ਆਪਣੀਆਂ ਹੱਦਾਂ ਵਿਚ ਰਹੇ। ਪਰ ਅਸੀਂ ਉਨ੍ਹਾਂ ਮਿਸਾਲਾਂ ਤੋਂ ਵੀ ਸਿੱਖਦੇ ਹਾਂ ਜੋ ਅਜਿਹੇ ਗੁਣ ਦਿਖਾਉਣ ਵਿਚ ਨਾਕਾਮ ਰਹੇ।—ਜ਼ਬੂ. 37:37; 1 ਕੁਰਿੰ. 10:11.

11. ਸ਼ਾਊਲ ਦੀ ਬੁਰੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

11 ਜ਼ਰਾ ਰਾਜਾ ਸ਼ਾਊਲ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਉਹ ਜਵਾਨ ਸੀ, ਤਾਂ ਉਹ ਆਪਣੀਆਂ ਹੱਦਾਂ ਜਾਣਦਾ ਸੀ ਅਤੇ ਹੋਰ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਝਿਜਕਦਾ ਸੀ। (1 ਸਮੂ. 9:21; 10:20-22) ਪਰ ਸਮੇਂ ਦੇ ਬੀਤਣ ਨਾਲ ਸ਼ਾਊਲ ਘਮੰਡੀ ਬਣ ਗਿਆ ਅਤੇ ਉਸ ਨੇ ਉਹ ਕੰਮ ਕੀਤਾ ਜਿਸ ਨੂੰ ਕਰਨ ਦਾ ਉਸ ਕੋਲ ਹੱਕ ਨਹੀਂ ਸੀ। ਉਸ ਨੇ ਰਾਜਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਇਹ ਔਗੁਣ ਜ਼ਾਹਰ ਕੀਤਾ। ਇਕ ਵਾਰ ਉਹ ਸਮੂਏਲ ਨਬੀ ਦੀ ਉਡੀਕ ਕਰਦਿਆਂ ਆਪਣਾ ਧੀਰਜ ਗੁਆ ਬੈਠਾ। ਬਲ਼ੀ ਚੜ੍ਹਾਉਣ ਦਾ ਇੰਤਜ਼ਾਮ ਕਰਨ ਲਈ ਯਹੋਵਾਹ ’ਤੇ ਭਰੋਸਾ ਕਰਨ ਦੀ ਬਜਾਇ ਸ਼ਾਊਲ ਨੇ ਆਪ ਹੀ ਹੋਮ-ਬਲ਼ੀ ਚੜ੍ਹਾ ਦਿੱਤੀ ਜਿਸ ਦਾ ਉਸ ਨੂੰ ਹੱਕ ਨਹੀਂ ਸੀ। ਨਤੀਜੇ ਵਜੋਂ, ਸ਼ਾਊਲ ਨੇ ਯਹੋਵਾਹ ਦੀ ਮਿਹਰ ਗੁਆ ਲਈ ਅਤੇ ਫਿਰ ਉਹ ਆਪਣੀ ਰਾਜ-ਗੱਦੀ ਗੁਆ ਬੈਠਾ। (1 ਸਮੂ. 13:8-14) ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਇਸ ਚੇਤਾਵਨੀ ਦੇਣ ਵਾਲੀ ਮਿਸਾਲ ਤੋਂ ਸਿੱਖੀਏ ਅਤੇ ਉਹ ਕੰਮ ਕਰਨ ਤੋਂ ਪਰਹੇਜ਼ ਕਰੀਏ ਜਿਸ ਨੂੰ ਕਰਨ ਦਾ ਸਾਡੇ ਕੋਲ ਅਧਿਕਾਰ ਨਹੀਂ ਹੈ।

12. ਦਾਨੀਏਲ ਆਪਣੀਆਂ ਹੱਦਾਂ ਵਿਚ ਕਿਵੇਂ ਰਿਹਾ?

12 ਸ਼ਾਊਲ ਦੀ ਬੁਰੀ ਮਿਸਾਲ ਤੋਂ ਉਲਟ ਦਾਨੀਏਲ ਨਬੀ ਦੀ ਚੰਗੀ ਮਿਸਾਲ ’ਤੇ ਗੌਰ ਕਰੋ। ਦਾਨੀਏਲ ਆਪਣੀ ਪੂਰੀ ਜ਼ਿੰਦਗੀ ਦੌਰਾਨ ਨਿਮਰ ਰਿਹਾ ਅਤੇ ਆਪਣੀਆਂ ਹੱਦਾਂ ਪਾਰ ਕਰਨ ਦੀ ਬਜਾਇ ਉਸ ਨੇ ਹਮੇਸ਼ਾ ਯਹੋਵਾਹ ਤੋਂ ਸੇਧ ਭਾਲੀ। ਮਿਸਾਲ ਲਈ, ਜਦੋਂ ਯਹੋਵਾਹ ਨੇ ਉਸ ਨੂੰ ਨਬੂਕਦਨੱਸਰ ਦੇ ਸੁਪਨੇ ਦਾ ਅਰਥ ਦੱਸਣ ਲਈ ਵਰਤਿਆ, ਤਾਂ ਦਾਨੀਏਲ ਨੇ ਇਸ ਦਾ ਸਿਹਰਾ ਆਪਣੇ ਸਿਰ ਨਹੀਂ ਲਿਆ। ਉਸ ਨੇ ਆਪਣੀਆਂ ਹੱਦਾਂ ਵਿਚ ਰਹਿ ਕੇ ਸਾਰੀ ਮਹਿਮਾ ਅਤੇ ਵਡਿਆਈ ਯਹੋਵਾਹ ਨੂੰ ਦਿੱਤੀ। (ਦਾਨੀ. 2:26-28) ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਜੇ ਭੈਣਾਂ-ਭਰਾਵਾਂ ਨੂੰ ਸਾਡੇ ਭਾਸ਼ਣ ਸੁਣਨੇ ਪਸੰਦ ਹਨ ਜਾਂ ਜੇ ਪ੍ਰਚਾਰ ਵਿਚ ਅਸੀਂ ਕੋਈ ਸਫ਼ਲਤਾ ਹਾਸਲ ਕਰਦੇ ਹਾਂ, ਤਾਂ ਸਾਨੂੰ ਇਸ ਦੀ ਸਾਰੀ ਮਹਿਮਾ ਯਹੋਵਾਹ ਨੂੰ ਦੇਣੀ ਚਾਹੀਦੀ ਹੈ। ਸਾਨੂੰ ਆਪਣੀਆਂ ਹੱਦਾਂ ਵਿਚ ਰਹਿ ਕੇ ਇਹ ਸਵੀਕਾਰ ਕਰਨ ਦੀ ਲੋੜ ਹੈ ਕਿ ਅਸੀਂ ਇਹ ਕੰਮ ਯਹੋਵਾਹ ਦੀ ਮਦਦ ਤੋਂ ਬਗੈਰ ਨਹੀਂ ਕਰ ਸਕਦੇ। (ਫ਼ਿਲਿ. 4:13) ਜਦੋਂ ਅਸੀਂ ਇਸ ਤਰ੍ਹਾਂ ਦਾ ਰਵੱਈਆ ਰੱਖਦੇ ਹਾਂ, ਤਾਂ ਅਸੀਂ ਯਿਸੂ ਦੀ ਵਧੀਆ ਮਿਸਾਲ ’ਤੇ ਵੀ ਚੱਲਦੇ ਹਾਂ। ਕਿਸ ਤਰ੍ਹਾਂ?

13. ਯੂਹੰਨਾ 5:19, 30 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਅਸੀਂ ਆਪਣੀਆਂ ਹੱਦਾਂ ਵਿਚ ਰਹਿਣ ਬਾਰੇ ਕੀ ਸਿੱਖਦੇ ਹਾਂ?

13 ਭਾਵੇਂ ਕਿ ਯਿਸੂ ਯਹੋਵਾਹ ਦਾ ਮੁਕੰਮਲ ਪੁੱਤਰ ਸੀ, ਫਿਰ ਵੀ ਉਹ ਯਹੋਵਾਹ ’ਤੇ ਨਿਰਭਰ ਰਿਹਾ। (ਯੂਹੰਨਾ 5:19, 30 ਪੜ੍ਹੋ।) ਉਸ ਨੇ ਕਦੇ ਵੀ ਆਪਣੇ ਸਵਰਗੀ ਪਿਤਾ ਤੋਂ ਅਧਿਕਾਰ ਖੋਹਣ ਦੀ ਕੋਸ਼ਿਸ਼ ਨਹੀਂ ਕੀਤੀ। ਫ਼ਿਲਿੱਪੀਆਂ 2:6 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਨੇ “ਪਰਮੇਸ਼ੁਰ ਦੇ ਬਰਾਬਰ ਬਣਨ ਲਈ ਉਸ ਦੇ ਅਧਿਕਾਰ ਉੱਤੇ ਕਬਜ਼ਾ ਕਰਨ ਬਾਰੇ ਨਹੀਂ ਸੋਚਿਆ।” ਇਕ ਅਧੀਨ ਪੁੱਤਰ ਹੋਣ ਦੇ ਨਾਤੇ ਯਿਸੂ ਆਪਣੀਆਂ ਹੱਦਾਂ ਜਾਣਦਾ ਸੀ ਅਤੇ ਆਪਣੇ ਪਿਤਾ ਦੇ ਅਧਿਕਾਰ ਦਾ ਆਦਰ ਕਰਦਾ ਸੀ।

ਯਿਸੂ ਆਪਣੀਆਂ ਹੱਦਾਂ ਜਾਣਦਾ ਸੀ ਅਤੇ ਉਸ ਨੇ ਕਦੇ ਵੀ ਉਹ ਕੰਮ ਨਹੀਂ ਕੀਤਾ ਜਿਸ ਨੂੰ ਕਰਨ ਦਾ ਉਸ ਕੋਲ ਅਧਿਕਾਰ ਨਹੀਂ ਸੀ (ਪੈਰਾ 14 ਦੇਖੋ)

14. ਯਿਸੂ ਨੇ ਕੀ ਜਵਾਬ ਦਿੱਤਾ ਜਦੋਂ ਉਸ ਨੂੰ ਉਹ ਕੰਮ ਕਰਨ ਲਈ ਕਿਹਾ ਗਿਆ ਜਿਸ ਦਾ ਅਧਿਕਾਰ ਉਸ ਕੋਲ ਨਹੀਂ ਸੀ?

14 ਗੌਰ ਕਰੋ ਕਿ ਯਿਸੂ ਨੇ ਉਦੋਂ ਕੀ ਜਵਾਬ ਦਿੱਤਾ ਜਦੋਂ ਚੇਲੇ ਯਾਕੂਬ ਅਤੇ ਯੂਹੰਨਾ ਨੇ ਆਪਣੀ ਮਾਤਾ ਨਾਲ ਉਸ ਕੋਲ ਆ ਕੇ ਇਕ ਅਜਿਹੇ ਸਨਮਾਨ ਦੀ ਮੰਗ ਕੀਤੀ ਜਿਸ ਨੂੰ ਦੇਣ ਦਾ ਅਧਿਕਾਰ ਯਿਸੂ ਕੋਲ ਨਹੀਂ ਸੀ। ਯਿਸੂ ਨੇ ਬਿਨਾਂ ਝਿਜਕੇ ਕਿਹਾ ਕਿ ਸਿਰਫ਼ ਉਸ ਦਾ ਸਵਰਗੀ ਪਿਤਾ ਹੀ ਇਹ ਫ਼ੈਸਲਾ ਕਰ ਸਕਦਾ ਹੈ ਕਿ ਰਾਜ ਵਿਚ ਕੌਣ ਉਸ ਦੇ ਸੱਜੇ ਅਤੇ ਖੱਬੇ ਪਾਸੇ ਬੈਠੇਗਾ। (ਮੱਤੀ 20:20-23) ਯਿਸੂ ਨੇ ਦਿਖਾਇਆ ਕਿ ਉਹ ਆਪਣੀਆਂ ਹੱਦਾਂ ਜਾਣਦਾ ਸੀ। ਉਸ ਨੇ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨੂੰ ਕਰਨ ਦਾ ਅਧਿਕਾਰ ਯਹੋਵਾਹ ਨੇ ਉਸ ਨੂੰ ਨਹੀਂ ਦਿੱਤਾ ਸੀ। (ਯੂਹੰ. 12:49) ਅਸੀਂ ਯਿਸੂ ਦੀ ਵਧੀਆ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?

ਯਿਸੂ ਵਾਂਗ ਅਸੀਂ ਆਪਣੀਆਂ ਹੱਦਾਂ ਵਿਚ ਕਿਵੇਂ ਰਹਿ ਸਕਦੇ ਹਾਂ? (ਪੈਰੇ 15-16 ਦੇਖੋ) *

15-16. ਅਸੀਂ 1 ਕੁਰਿੰਥੀਆਂ 4:6 ਵਿਚ ਦਰਜ ਬਾਈਬਲ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?

15 ਅਸੀਂ 1 ਕੁਰਿੰਥੀਆਂ 4:6 ਵਿਚ ਦਰਜ ਬਾਈਬਲ ਦੀ ਸਲਾਹ ਨੂੰ ਲਾਗੂ ਕਰ ਕੇ ਯਿਸੂ ਦੀ ਰੀਸ ਕਰਦੇ ਹਾਂ। ਇਸ ਆਇਤ ਵਿਚ ਸਾਨੂੰ ਦੱਸਿਆ ਗਿਆ ਹੈ: “ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ ਕਰੋ।” ਸੋ ਜਦੋਂ ਵੀ ਕੋਈ ਸਾਡੇ ਤੋਂ ਸਲਾਹ ਮੰਗਦਾ ਹੈ, ਤਾਂ ਸਾਨੂੰ ਕਦੇ ਵੀ ਆਪਣੀ ਰਾਇ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਬਿਨਾਂ ਸੋਚੇ-ਸਮਝੇ ਕੋਈ ਸਲਾਹ ਦੇਣੀ ਚਾਹੀਦੀ ਹੈ। ਇਸ ਦੀ ਬਜਾਇ, ਸਾਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਸਲਾਹ ਵੱਲ ਉਨ੍ਹਾਂ ਦਾ ਧਿਆਨ ਖਿੱਚਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਆਪਣੀਆਂ ਹੱਦਾਂ ਪਛਾਣ ਰਹੇ ਹੋਵਾਂਗੇ ਅਤੇ ਨਿਮਰਤਾ ਨਾਲ ਕਬੂਲ ਕਰ ਰਹੇ ਹੋਵਾਂਗੇ ਕਿ ਸਰਬਸ਼ਕਤੀਮਾਨ ਦੇ ‘ਸਹੀ ਫ਼ਰਮਾਨ’ ਹੀ ਸਭ ਤੋਂ ਉੱਤਮ ਹਨ।—ਪ੍ਰਕਾ. 15:3, 4.

16 ਯਹੋਵਾਹ ਦੀ ਵਡਿਆਈ ਕਰਨ ਦੇ ਨਾਲ-ਨਾਲ ਆਪਣੀਆਂ ਹੱਦਾਂ ਵਿਚ ਰਹਿਣ ਦੇ ਸਾਡੇ ਕੋਲ ਹੋਰ ਵੀ ਚੰਗੇ ਕਾਰਨ ਹਨ। ਹੁਣ ਅਸੀਂ ਦੇਖਾਂਗੇ ਕਿ ਨਿਮਰਤਾ ਦਾ ਗੁਣ ਖ਼ੁਸ਼ ਰਹਿਣ ਅਤੇ ਦੂਜਿਆਂ ਨਾਲ ਵਧੀਆ ਰਿਸ਼ਤਾ ਬਣਾਉਣ ਵਿਚ ਕਿਵੇਂ ਸਾਡੀ ਮਦਦ ਕਰ ਸਕਦਾ ਹੈ।

ਨਿਮਰ ਬਣਨ ਅਤੇ ਹੱਦਾਂ ਵਿਚ ਰਹਿਣ ਦੇ ਫ਼ਾਇਦੇ

17. ਨਿਮਰ ਅਤੇ ਆਪਣੀਆਂ ਹੱਦਾਂ ਵਿਚ ਰਹਿਣ ਵਾਲੇ ਲੋਕ ਕਿਉਂ ਖ਼ੁਸ਼ ਰਹਿੰਦੇ ਹਨ?

17 ਜੇ ਅਸੀਂ ਨਿਮਰ ਹਾਂ ਅਤੇ ਆਪਣੀਆਂ ਹੱਦਾਂ ਵਿਚ ਰਹਿੰਦੇ ਹਾਂ, ਤਾਂ ਅਸੀਂ ਖ਼ੁਸ਼ ਰਹਾਂਗੇ। ਕਿਉਂ? ਜਦੋਂ ਅਸੀਂ ਮੰਨਦੇ ਹਾਂ ਕਿ ਕੁਝ ਕੰਮ ਕਰਨੇ ਸਾਡੇ ਵੱਸ ਦੀ ਗੱਲ ਨਹੀਂ, ਤਾਂ ਅਸੀਂ ਦੂਸਰਿਆਂ ਤੋਂ ਮਿਲੀ ਮਦਦ ਕਰਕੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਵਾਂਗੇ ਅਤੇ ਖ਼ੁਸ਼ ਰਹਾਂਗੇ। ਮਿਸਾਲ ਲਈ, ਜ਼ਰਾ ਉਸ ਸਮੇਂ ਬਾਰੇ ਸੋਚੋ ਜਦੋਂ ਯਿਸੂ ਨੇ ਦਸ ਕੋੜ੍ਹੀਆਂ ਨੂੰ ਠੀਕ ਕੀਤਾ ਸੀ। ਉਨ੍ਹਾਂ ਵਿੱਚੋਂ ਸਿਰਫ਼ ਇਕ ਯਿਸੂ ਦਾ ਸ਼ੁਕਰੀਆ ਅਦਾ ਕਰਨ ਲਈ ਵਾਪਸ ਮੁੜਿਆ। ਯਿਸੂ ਨੇ ਉਸ ਨੂੰ ਅਜਿਹੀ ਭਿਆਨਕ ਬੀਮਾਰੀ ਤੋਂ ਠੀਕ ਕੀਤਾ ਜਿਸ ਨੂੰ ਉਹ ਆਪਣੇ ਆਪ ਠੀਕ ਨਹੀਂ ਕਰ ਸਕਦਾ ਸੀ। ਇਹ ਨਿਮਰ ਆਦਮੀ ਯਿਸੂ ਦੀ ਮਦਦ ਲਈ ਸ਼ੁਕਰਗੁਜ਼ਾਰ ਸੀ ਅਤੇ ਉਸ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ।—ਲੂਕਾ 17:11-19.

18. ਨਿਮਰ ਬਣ ਕੇ ਅਤੇ ਆਪਣੀਆਂ ਹੱਦਾਂ ਵਿਚ ਰਹਿ ਕੇ ਅਸੀਂ ਦੂਜਿਆਂ ਨਾਲ ਕਿਵੇਂ ਬਣਾਈ ਰੱਖ ਸਕਦੇ ਹਾਂ? (ਰੋਮੀਆਂ 12:10)

18 ਨਿਮਰ ਅਤੇ ਆਪਣੀਆਂ ਹੱਦਾਂ ਵਿਚ ਰਹਿਣ ਵਾਲੇ ਲੋਕ ਦੂਜਿਆਂ ਨਾਲ ਬਣਾ ਕੇ ਰੱਖਦੇ ਹਨ ਅਤੇ ਉਨ੍ਹਾਂ ਦੇ ਗੂੜ੍ਹੇ ਦੋਸਤ ਹੁੰਦੇ ਹਨ। ਕਿਉਂ? ਕਿਉਂਕਿ ਉਹ ਮੰਨਦੇ ਹਨ ਕਿ ਦੂਜਿਆਂ ਵਿਚ ਵੀ ਚੰਗੇ ਗੁਣ ਹਨ ਅਤੇ ਉਹ ਦੂਜਿਆਂ ’ਤੇ ਭਰੋਸਾ ਕਰਦੇ ਹਨ। ਨਿਮਰ ਲੋਕ ਖ਼ੁਸ਼ ਹੁੰਦੇ ਹਨ ਜਦੋਂ ਦੂਸਰੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਸਫ਼ਲ ਹੁੰਦੇ ਹਨ। ਉਹ ਦੂਜਿਆਂ ਦੀ ਤਾਰੀਫ਼ ਅਤੇ ਇੱਜ਼ਤ ਕਰਨ ਵਿਚ ਪਹਿਲ ਕਰਦੇ ਹਨ।—ਰੋਮੀਆਂ 12:10 ਪੜ੍ਹੋ।

19. ਘਮੰਡ ਤੋਂ ਬਚਣ ਦੇ ਕਿਹੜੇ ਕੁਝ ਕਾਰਨ ਹਨ?

19 ਨਿਮਰ ਲੋਕਾਂ ਤੋਂ ਉਲਟ, ਘਮੰਡੀ ਲੋਕਾਂ ਨੂੰ ਦੂਜਿਆਂ ਦੀ ਤਾਰੀਫ਼ ਕਰਨੀ ਮੁਸ਼ਕਲ ਲੱਗਦੀ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਵਾਹ-ਵਾਹ ਹੋਵੇ। ਉਹ ਦੂਸਰਿਆਂ ਨਾਲ ਆਪਣੀ ਤੁਲਨਾ ਕਰਦੇ ਹਨ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਨੂੰ ਵਧਾਉਂਦੇ ਹਨ। ਦੂਸਰਿਆਂ ਨੂੰ ਸਿਖਲਾਈ ਅਤੇ ਜ਼ਿੰਮੇਵਾਰੀ ਦੇਣ ਦੀ ਬਜਾਇ ਉਹ ਸ਼ਾਇਦ ਕਹਿਣ, “ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਕੰਮ ਚੰਗੀ ਤਰ੍ਹਾਂ ਕੀਤਾ ਜਾਵੇ, ਤਾਂ ਬਿਹਤਰ ਹੈ ਕਿ ਤੁਸੀਂ ਉਸ ਨੂੰ ਖ਼ੁਦ ਕਰੋ।” ਇਕ ਘਮੰਡੀ ਇਨਸਾਨ ਅਕਸਰ ਸਭ ਤੋਂ ਅੱਗੇ ਰਹਿਣ ਦੀ ਲਾਲਸਾ ਰੱਖਦਾ ਹੈ ਅਤੇ ਈਰਖਾਲੂ ਹੁੰਦਾ ਹੈ। (ਗਲਾ. 5:26) ਅਜਿਹੇ ਲੋਕਾਂ ਦੇ ਬਹੁਤ ਘੱਟ ਪੱਕੇ ਦੋਸਤ ਹੁੰਦੇ ਹਨ। ਜੇ ਸਾਨੂੰ ਲੱਗਦਾ ਹੈ ਕਿ ਸਾਡੇ ਵਿਚ ਘਮੰਡ ਆ ਰਿਹਾ ਹੈ, ਤਾਂ ਸਾਨੂੰ ‘ਆਪਣੀ ਸੋਚ ਬਦਲਣ’ ਲਈ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ ਤਾਂਕਿ ਇਹ ਔਗੁਣ ਸਾਡੇ ਅੰਦਰ ਜੜ੍ਹ ਨਾ ਫੜ ਲਵੇ।—ਰੋਮੀ. 12:2.

20. ਸਾਨੂੰ ਕਿਉਂ ਨਿਮਰ ਬਣਨਾ ਅਤੇ ਆਪਣੀਆਂ ਹੱਦਾਂ ਵਿਚ ਰਹਿਣਾ ਚਾਹੀਦਾ ਹੈ?

20 ਅਸੀਂ ਯਹੋਵਾਹ ਦੀ ਮਿਸਾਲ ਲਈ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ। ਜਿਸ ਤਰੀਕੇ ਨਾਲ ਉਹ ਆਪਣੇ ਸੇਵਕਾਂ ਨਾਲ ਪੇਸ਼ ਆਉਂਦਾ ਹੈ, ਉਸ ਤੋਂ ਅਸੀਂ ਉਸ ਦੀ ਨਿਮਰਤਾ ਸਾਫ਼ ਦੇਖ ਸਕਦੇ ਹਾਂ ਅਤੇ ਅਸੀਂ ਉਸ ਦੀ ਰੀਸ ਕਰਨੀ ਚਾਹੁੰਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਬਾਈਬਲ ਵਿਚ ਦਰਜ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ’ਤੇ ਵੀ ਚੱਲਣਾ ਚਾਹੁੰਦੇ ਹਾਂ ਜਿਹੜੇ ਆਪਣੀਆਂ ਹੱਦਾਂ ਵਿਚ ਰਹਿ ਕੇ ਪਰਮੇਸ਼ੁਰ ਦੇ ਨਾਲ-ਨਾਲ ਚੱਲੇ। ਆਓ ਅਸੀਂ ਹਮੇਸ਼ਾ ਯਹੋਵਾਹ ਨੂੰ ਉਹ ਮਹਿਮਾ ਅਤੇ ਆਦਰ ਦੇਈਏ ਜਿਸ ਦਾ ਉਹ ਹੱਕਦਾਰ ਹੈ। (ਪ੍ਰਕਾ. 4:11) ਇੱਦਾਂ ਅਸੀਂ ਵੀ ਆਪਣੇ ਸਵਰਗੀ ਪਿਤਾ ਦੇ ਨਾਲ ਚੱਲ ਸਕਾਂਗੇ ਜੋ ਨਿਮਰ ਅਤੇ ਆਪਣੀਆਂ ਹੱਦਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਿਆਰ ਕਰਦਾ ਹੈ।

ਗੀਤ 43 ਖ਼ਬਰਦਾਰ ਰਹੋ, ਦਲੇਰ ਬਣੋ

^ ਪੈਰਾ 5 ਇਕ ਨਿਮਰ ਵਿਅਕਤੀ ਦਿਆਲੂ ਅਤੇ ਹਮਦਰਦ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਨਿਮਰ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੀ ਮਿਸਾਲ ਨਿਮਰ ਬਣਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ। ਨਾਲੇ ਇਹ ਵੀ ਦੇਖਾਂਗੇ ਕਿ ਅਸੀਂ ਰਾਜਾ ਸ਼ਾਊਲ, ਦਾਨੀਏਲ ਨਬੀ ਅਤੇ ਯਿਸੂ ਦੀ ਮਿਸਾਲ ਤੋਂ ਆਪਣੀਆਂ ਹੱਦਾਂ ਵਿਚ ਰਹਿਣ ਬਾਰੇ ਕੀ ਸਿੱਖ ਸਕਦੇ ਹਾਂ।

^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: ਇਕ ਬਜ਼ੁਰਗ ਸਮਾਂ ਕੱਢ ਕੇ ਇਕ ਨੌਜਵਾਨ ਭਰਾ ਨੂੰ ਮੰਡਲੀ ਦੇ ਇਲਾਕੇ ਦੀ ਸਾਂਭ-ਸੰਭਾਲ ਕਰਨ ਬਾਰੇ ਸਿਖਲਾਈ ਦਿੰਦਾ ਹੋਇਆ। ਬਾਅਦ ਵਿਚ ਉਹ ਬਜ਼ੁਰਗ ਉਸ ਭਰਾ ’ਤੇ ਸਖ਼ਤ ਨਜ਼ਰ ਨਹੀਂ ਰੱਖਦਾ, ਸਗੋਂ ਉਸ ਨੂੰ ਆਪਣਾ ਕੰਮ ਪੂਰਾ ਕਰਨ ਦਿੰਦਾ ਹੈ।

^ ਪੈਰਾ 62 ਤਸਵੀਰਾਂ ਬਾਰੇ ਜਾਣਕਾਰੀ: ਭੈਣ ਇਕ ਬਜ਼ੁਰਗ ਨੂੰ ਪੁੱਛਦੀ ਹੋਈ ਕਿ ਚਰਚ ਵਿਚ ਹੋਣ ਵਾਲੇ ਵਿਆਹ ਦਾ ਸੱਦਾ ਸਵੀਕਾਰ ਕਰਨਾ ਠੀਕ ਹੋਵੇਗਾ ਜਾਂ ਨਹੀਂ। ਬਜ਼ੁਰਗ ਉਸ ਨੂੰ ਆਪਣੀ ਰਾਇ ਨਹੀਂ ਦੱਸਦਾ, ਪਰ ਉਸ ਨਾਲ ਬਾਈਬਲ ਦੇ ਕੁਝ ਅਸੂਲ ਸਾਂਝੇ ਕਰਦਾ ਹੈ।