Skip to content

Skip to table of contents

ਅਧਿਐਨ ਲੇਖ 31

ਕੀ ਤੁਸੀਂ “ਉਸ ਸ਼ਹਿਰ ਦੀ ਉਡੀਕ ਕਰ ਰਹੇ ਹੋ ਜਿਸ ਦੀਆਂ ਨੀਂਹਾਂ ਪੱਕੀਆਂ” ਹਨ?

ਕੀ ਤੁਸੀਂ “ਉਸ ਸ਼ਹਿਰ ਦੀ ਉਡੀਕ ਕਰ ਰਹੇ ਹੋ ਜਿਸ ਦੀਆਂ ਨੀਂਹਾਂ ਪੱਕੀਆਂ” ਹਨ?

“ਅਬਰਾਹਾਮ ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ ਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਤੇ ਰਾਜ ਮਿਸਤਰੀ ਪਰਮੇਸ਼ੁਰ ਹੈ।”—ਇਬ. 11:10.

ਗੀਤ 16 ਪਰਮੇਸ਼ੁਰ ਦਾ ਰਾਜ—ਸਾਡੀ ਪਨਾਹ!

ਖ਼ਾਸ ਗੱਲਾਂ *

1. ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ ਅਤੇ ਕਿਉਂ?

ਅੱਜ ਲੱਖਾਂ ਹੀ ਯਹੋਵਾਹ ਦੇ ਸੇਵਕਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਨ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ। ਬਹੁਤ ਸਾਰੇ ਵਿਆਹੇ ਜੋੜਿਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਹਾਲੇ ਬੱਚੇ ਪੈਦਾ ਨਹੀਂ ਕਰਨਗੇ। ਕਈ ਪਰਿਵਾਰਾਂ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਹੈ। ਉਨ੍ਹਾਂ ਨੇ ਇਹ ਫ਼ੈਸਲੇ ਇਸ ਕਰਕੇ ਕੀਤੇ ਹਨ ਤਾਂਕਿ ਉਹ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰ ਸਕਣ। ਉਹ ਖ਼ੁਸ਼ ਹਨ ਅਤੇ ਭਰੋਸਾ ਰੱਖਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਹਰ ਲੋੜ ਪੂਰੀ ਕਰੇਗਾ। ਕੀ ਇਨ੍ਹਾਂ ਫ਼ੈਸਲਿਆਂ ਕਰਕੇ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੇਗੀ? ਨਹੀਂ। ਅਸੀਂ ਇਹ ਗੱਲ ਇੰਨੇ ਦਾਅਵੇ ਨਾਲ ਕਿਉਂ ਕਹਿ ਸਕਦੇ ਹਾਂ? ਇਕ ਕਾਰਨ ਹੈ ਕਿ ਯਹੋਵਾਹ ਨੇ ਅਬਰਾਹਾਮ ਨੂੰ ਬਰਕਤਾਂ ਦਿੱਤੀਆਂ ਜੋ ‘ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਨਿਹਚਾ’ ਸੀ।—ਰੋਮੀ. 4:11.

2. (ੳ) ਇਬਰਾਨੀਆਂ 11:8-10, 16 ਮੁਤਾਬਕ ਅਬਰਾਹਾਮ ਖ਼ੁਸ਼ੀ-ਖ਼ੁਸ਼ੀ ਊਰ ਸ਼ਹਿਰ ਨੂੰ ਛੱਡਣ ਲਈ ਕਿਉਂ ਤਿਆਰ ਸੀ? (ਅ) ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

2 ਅਬਰਾਹਾਮ ਨੇ ਖ਼ੁਸ਼ੀ-ਖ਼ੁਸ਼ੀ ਊਰ ਸ਼ਹਿਰ ਵਿਚ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਤਿਆਗ ਦਿੱਤੀ। ਕਿਉਂ? ਕਿਉਂਕਿ ਉਹ “ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ।” (ਇਬਰਾਨੀਆਂ 11:8-10, 16 ਪੜ੍ਹੋ।) ਉਹ “ਸ਼ਹਿਰ” ਕੀ ਹੈ? ਉਸ ਸ਼ਹਿਰ ਦੇ ਬਣਨ ਦੀ ਉਡੀਕ ਕਰਦਿਆਂ ਅਬਰਾਹਾਮ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ? ਨਾਲੇ ਅਸੀਂ ਅੱਜ ਅਬਰਾਹਾਮ ਅਤੇ ਉਸ ਦੀ ਮਿਸਾਲ ’ਤੇ ਚੱਲਣ ਵਾਲਿਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਉਹ ਸ਼ਹਿਰ ਕੀ ਹੈ “ਜਿਸ ਦੀਆਂ ਨੀਂਹਾਂ” ਪੱਕੀਆਂ ਹਨ?

3. ਉਹ ਸ਼ਹਿਰ ਕੀ ਹੈ ਜਿਸ ਦੀ ਉਡੀਕ ਅਬਰਾਹਾਮ ਕਰ ਰਿਹਾ ਸੀ?

3 ਅਬਰਾਹਾਮ ਜਿਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ, ਉਹ ਪਰਮੇਸ਼ੁਰ ਦਾ ਰਾਜ ਹੈ। ਇਹ ਰਾਜ ਯਿਸੂ ਮਸੀਹ ਅਤੇ 1,44,000 ਚੁਣੇ ਹੋਏ ਮਸੀਹੀਆਂ ਨੂੰ ਮਿਲਾ ਕੇ ਬਣਿਆ ਹੋਇਆ ਹੈ। ਪੌਲੁਸ ਕਹਿੰਦਾ ਹੈ ਕਿ ਇਹ ਰਾਜ ‘ਜੀਉਂਦੇ ਪਰਮੇਸ਼ੁਰ ਦਾ ਸ਼ਹਿਰ ਸਵਰਗੀ ਯਰੂਸ਼ਲਮ’ ਹੈ। (ਇਬ. 12:22; ਪ੍ਰਕਾ. 5:8-10; 14:1) ਯਿਸੂ ਨੇ ਇਸ ਰਾਜ ਦੇ ਆਉਣ ਬਾਰੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਤਾਂਕਿ ਪਰਮੇਸ਼ੁਰ ਦੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਧਰਤੀ ਉੱਤੇ ਪੂਰੀ ਹੋ ਸਕੇ।—ਮੱਤੀ 6:10.

4. ਉਤਪਤ 17:1, 2, 6 ਮੁਤਾਬਕ ਅਬਰਾਹਾਮ ਉਸ ਸ਼ਹਿਰ ਜਾਂ ਰਾਜ ਬਾਰੇ ਕਿੰਨਾ ਕੁ ਜਾਣਦਾ ਸੀ ਜਿਸ ਦਾ ਵਾਅਦਾ ਯਹੋਵਾਹ ਨੇ ਕੀਤਾ ਸੀ?

4 ਕੀ ਅਬਰਾਹਾਮ ਨੂੰ ਪਤਾ ਸੀ ਕਿ ਪਰਮੇਸ਼ੁਰ ਦਾ ਰਾਜ ਕਿਨ੍ਹਾਂ ਲੋਕਾਂ ਨਾਲ ਬਣਿਆ ਹੋਵੇਗਾ? ਨਹੀਂ। ਸਦੀਆਂ ਤੋਂ ਹੀ ਇਹ ਗੱਲਾਂ “ਭੇਤ” ਬਣੀਆਂ ਰਹੀਆਂ। (ਅਫ਼. 1:8-10; ਕੁਲੁ. 1:26, 27) ਪਰ ਅਬਰਾਹਾਮ ਇੰਨਾ ਜ਼ਰੂਰ ਜਾਣਦਾ ਸੀ ਕਿ ਉਸ ਦੀ ਸੰਤਾਨ ਵਿੱਚੋਂ ਕੁਝ ਜਣੇ ਰਾਜੇ ਬਣਨਗੇ ਕਿਉਂਕਿ ਯਹੋਵਾਹ ਨੇ ਖ਼ਾਸ ਕਰਕੇ ਇਹ ਵਾਅਦਾ ਉਸ ਨਾਲ ਕੀਤਾ ਸੀ। (ਉਤਪਤ 17:1, 2, 6 ਪੜ੍ਹੋ।) ਪਰਮੇਸ਼ੁਰ ਦੇ ਵਾਅਦਿਆਂ ’ਤੇ ਅਬਰਾਹਾਮ ਦੀ ਨਿਹਚਾ ਇੰਨੀ ਪੱਕੀ ਸੀ ਮਾਨੋ ਉਹ ਮਸੀਹ ਨੂੰ ਦੇਖ ਸਕਦਾ ਸੀ ਜਿਸ ਨੇ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨਾ ਸੀ। ਇਸ ਕਰਕੇ ਯਿਸੂ ਆਪਣੇ ਜ਼ਮਾਨੇ ਦੇ ਯਹੂਦੀਆਂ ਨੂੰ ਕਹਿ ਸਕਿਆ: “ਤੁਹਾਡਾ ਪਿਤਾ ਅਬਰਾਹਾਮ ਇਸ ਗੱਲੋਂ ਬਹੁਤ ਖ਼ੁਸ਼ ਸੀ ਕਿ ਉਹ ਮੇਰਾ ਦਿਨ ਦੇਖੇਗਾ ਅਤੇ ਉਹ ਮੇਰਾ ਦਿਨ ਦੇਖ ਕੇ ਬਹੁਤ ਖ਼ੁਸ਼ ਹੋਇਆ।” (ਯੂਹੰ. 8:56) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਬਰਾਹਾਮ ਜਾਣਦਾ ਸੀ ਕਿ ਉਸ ਦੀ ਸੰਤਾਨ ਨੇ ਇਸ ਰਾਜ ਦਾ ਹਿੱਸਾ ਬਣਨਾ ਸੀ ਜਿਸ ਨੂੰ ਯਹੋਵਾਹ ਨੇ ਸਥਾਪਿਤ ਕਰਨਾ ਸੀ। ਉਹ ਇਹ ਵਾਅਦਾ ਪੂਰਾ ਹੋਣ ਦੀ ਉਡੀਕ ਕਰਨ ਲਈ ਤਿਆਰ ਸੀ।

ਅਬਰਾਹਾਮ ਨੇ ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਕਿਵੇਂ ਦਿਖਾਈ? (ਪੈਰਾ 5 ਦੇਖੋ)

5. ਅਸੀਂ ਕਿਵੇਂ ਜਾਣਦੇ ਹਾਂ ਕਿ ਅਬਰਾਹਾਮ ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦਾ ਨਕਸ਼ਾ ਬਣਾਉਣ ਵਾਲਾ ਪਰਮੇਸ਼ੁਰ ਹੈ?

5 ਅਬਰਾਹਾਮ ਨੇ ਕਿਵੇਂ ਦਿਖਾਇਆ ਕਿ ਉਹ ਉਸ ਸ਼ਹਿਰ ਜਾਂ ਰਾਜ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ ਦਾ ਨਕਸ਼ਾ ਬਣਾਉਣ ਵਾਲਾ ਪਰਮੇਸ਼ੁਰ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਅਬਰਾਹਾਮ ਧਰਤੀ ਉੱਤੇ ਕਿਸੇ ਰਾਜ ਦਾ ਨਾਗਰਿਕ ਨਹੀਂ ਬਣਿਆ। ਅਬਰਾਹਾਮ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਤੇ ਨਾ ਹੀ ਉਸ ਨੇ ਕਿਸੇ ਇਨਸਾਨੀ ਰਾਜੇ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ, ਅਬਰਾਹਾਮ ਨੇ ਆਪਣਾ ਰਾਜ ਖੜ੍ਹਾ ਨਹੀਂ ਕੀਤਾ, ਸਗੋਂ ਯਹੋਵਾਹ ਪ੍ਰਤੀ ਆਗਿਆਕਾਰ ਰਿਹਾ ਅਤੇ ਉਸ ਦੇ ਵਾਅਦੇ ਦੇ ਪੂਰਾ ਹੋਣ ਦੀ ਉਡੀਕ ਕਰਦਾ ਰਿਹਾ। ਇਸ ਤਰ੍ਹਾਂ ਕਰ ਕੇ ਅਬਰਾਹਾਮ ਨੇ ਯਹੋਵਾਹ ’ਤੇ ਅਟੁੱਟ ਨਿਹਚਾ ਦਿਖਾਈ। ਆਓ ਆਪਾਂ ਦੇਖੀਏ ਕਿ ਅਬਰਾਹਾਮ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।

ਅਬਰਾਹਾਮ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?

6. ਊਰ ਕਿੱਦਾਂ ਦਾ ਸ਼ਹਿਰ ਸੀ?

6 ਅਬਰਾਹਾਮ ਨੇ ਜੋ ਸ਼ਹਿਰ ਛੱਡਿਆ ਸੀ, ਉਹ ਕਾਫ਼ੀ ਹੱਦ ਤਕ ਸੁਰੱਖਿਅਤ, ਸੋਹਣਾ ਅਤੇ ਆਰਾਮਦਾਇਕ ਸੀ। ਇਸ ਦੇ ਆਲੇ-ਦੁਆਲੇ ਵੱਡੀਆਂ-ਵੱਡੀਆਂ ਕੰਧਾਂ ਅਤੇ ਤਿੰਨ ਪਾਸੇ ਪਾਣੀ ਨਾਲ ਭਰੀਆਂ ਡੂੰਘੀਆਂ ਖਾਈਆਂ ਸਨ। ਊਰ ਦੇ ਲੋਕ ਲਿਖਣ ਅਤੇ ਗਣਿਤ ਵਿਚ ਮਾਹਰ ਸਨ। ਲੱਗਦਾ ਹੈ ਕਿ ਊਰ ਵਪਾਰ ਦਾ ਕੇਂਦਰ ਸੀ ਕਿਉਂਕਿ ਇਸ ਸ਼ਹਿਰ ਵਿੱਚੋਂ ਵਪਾਰ ਸੰਬੰਧੀ ਕਈ ਦਸਤਾਵੇਜ਼ ਮਿਲੇ ਹਨ। ਘਰ ਇੱਟਾਂ ਦੇ ਬਣੇ ਹੁੰਦੇ ਸਨ ਜਿਨ੍ਹਾਂ ਦੀਆਂ ਕੰਧਾਂ ’ਤੇ ਪਲਾਸਤਰ ਕੀਤਾ ਹੁੰਦਾ ਸੀ ਅਤੇ ਕਲੀ ਫੇਰੀ ਹੁੰਦੀ ਸੀ। ਕੁਝ ਘਰਾਂ ਵਿਚ 13 ਜਾਂ 14 ਕਮਰੇ ਹੁੰਦੇ ਸਨ ਜਿਨ੍ਹਾਂ ਦੇ ਵਿਹੜੇ ਪੱਥਰ ਨਾਲ ਬਣੇ ਹੁੰਦੇ ਸਨ।

7. ਅਬਰਾਹਾਮ ਨੂੰ ਕਿਉਂ ਭਰੋਸਾ ਕਰਨ ਦੀ ਲੋੜ ਸੀ ਕਿ ਯਹੋਵਾਹ ਉਸ ਦੀ ਤੇ ਉਸ ਦੇ ਪਰਿਵਾਰ ਦੀ ਰਾਖੀ ਕਰੇਗਾ?

7 ਅਬਰਾਹਾਮ ਨੂੰ ਇਹ ਭਰੋਸਾ ਕਰਨ ਦੀ ਲੋੜ ਸੀ ਕਿ ਯਹੋਵਾਹ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਰਾਖੀ ਕਰੇਗਾ। ਕਿਉਂ? ਯਾਦ ਕਰੋ ਕਿ ਅਬਰਾਹਾਮ ਅਤੇ ਸਾਰਾਹ ਊਰ ਸ਼ਹਿਰ ਵਿਚ ਸੁਰੱਖਿਅਤ ਅਤੇ ਆਰਾਮਦਾਇਕ ਘਰ ਛੱਡ ਕੇ ਕਨਾਨ ਦੇ ਖੁੱਲ੍ਹੇ ਮੈਦਾਨਾਂ ਵਿਚ ਤੰਬੂ ਲਾ ਕੇ ਰਹਿਣ ਲੱਗ ਪਏ ਸਨ। ਹੁਣ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਕਰਨ ਲਈ ਮੋਟੀਆਂ ਕੰਧਾਂ ਅਤੇ ਪਾਣੀ ਦੀਆਂ ਡੂੰਘੀਆਂ ਖਾਈਆਂ ਨਹੀਂ ਸਨ। ਇਸ ਦੀ ਬਜਾਇ, ਹੁਣ ਦੁਸ਼ਮਣ ਉਨ੍ਹਾਂ ’ਤੇ ਆਸਾਨੀ ਨਾਲ ਹਮਲਾ ਕਰ ਸਕਦੇ ਸਨ।

8. ਇਕ ਸਮੇਂ ਤੇ ਅਬਰਾਹਾਮ ਨੂੰ ਕਿਹੜੀ ਜੱਦੋ-ਜਹਿਦ ਕਰਨੀ ਪਈ?

8 ਅਬਰਾਹਾਮ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ, ਪਰ ਇਕ ਸਮੇਂ ਤੇ ਉਸ ਨੂੰ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਜੱਦੋ-ਜਹਿਦ ਕਰਨੀ ਪਈ। ਜਿਸ ਦੇਸ਼ ਵਿਚ ਯਹੋਵਾਹ ਨੇ ਅਬਰਾਹਾਮ ਨੂੰ ਘੱਲਿਆ ਸੀ, ਇਕ ਵਾਰ ਉੱਥੇ ਡਾਢਾ ਕਾਲ਼ ਪਿਆ। ਕਾਲ਼ ਕਰਕੇ ਇੰਨਾ ਬੁਰਾ ਹਾਲ ਹੋਇਆ ਕਿ ਅਬਰਾਹਾਮ ਨੇ ਕੁਝ ਸਮੇਂ ਲਈ ਆਪਣੇ ਪਰਿਵਾਰ ਨੂੰ ਮਿਸਰ ਲੈ ਜਾਣ ਦਾ ਫ਼ੈਸਲਾ ਕੀਤਾ। ਜਦੋਂ ਉਹ ਮਿਸਰ ਵਿਚ ਸਨ, ਤਾਂ ਉੱਥੋਂ ਦਾ ਰਾਜਾ ਯਾਨੀ ਫ਼ਿਰਊਨ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ। ਜ਼ਰਾ ਸੋਚੋ, ਅਬਰਾਹਾਮ ਕਿੰਨੀ ਚਿੰਤਾ ਵਿਚ ਹੋਣਾ! ਪਰ ਯਹੋਵਾਹ ਨੇ ਫ਼ਿਰਊਨ ਨੂੰ ਉਕਸਾਇਆ ਕਿ ਉਹ ਅਬਰਾਹਾਮ ਨੂੰ ਉਸ ਦੀ ਪਤਨੀ ਸਾਰਾਹ ਮੋੜ ਦੇਵੇ।—ਉਤ. 12:10-19.

9. ਅਬਰਾਹਾਮ ਦੇ ਪਰਿਵਾਰ ਵਿਚ ਕਿਹੜੀਆਂ ਮੁਸ਼ਕਲਾਂ ਆਈਆਂ?

9 ਅਬਰਾਹਾਮ ਦੀ ਪਰਿਵਾਰਕ ਜ਼ਿੰਦਗੀ ਮੁਸ਼ਕਲਾਂ ਤੋਂ ਖਾਲੀ ਨਹੀਂ ਸੀ। ਉਸ ਦੀ ਪਿਆਰੀ ਪਤਨੀ ਸਾਰਾਹ ਦੇ ਕੋਈ ਬੱਚਾ ਨਹੀਂ ਸੀ ਹੋਇਆ। ਇਸ ਕੌੜੇ ਸੱਚ ਕਰਕੇ ਉਹ ਕਈ ਦਹਾਕਿਆਂ ਤਕ ਨਿਰਾਸ਼ ਰਹੇ। ਸੋ ਹਾਰ ਕੇ ਸਾਰਾਹ ਨੇ ਆਪਣੀ ਨੌਕਰਾਣੀ ਹਾਜਰਾ ਅਬਰਾਹਾਮ ਨੂੰ ਦਿੱਤੀ ਤਾਂਕਿ ਉਸ ਤੋਂ ਅਬਰਾਹਾਮ ਅਤੇ ਸਾਰਾਹ ਲਈ ਔਲਾਦ ਹੋ ਸਕੇ। ਫਿਰ ਜਦੋਂ ਹਾਜਰਾ ਇਸਮਾਏਲ ਨਾਲ ਗਰਭਵਤੀ ਹੋਈ, ਤਾਂ ਉਸ ਨੇ ਸਾਰਾਹ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੱਤਾ। ਹਾਲਾਤ ਇੰਨੇ ਵਿਗੜ ਗਏ ਕਿ ਸਾਰਾਹ ਨੇ ਹਾਜਰਾ ਨੂੰ ਘਰੋਂ ਕੱਢ ਦਿੱਤਾ।—ਉਤ. 16:1-6.

10. ਇਸਮਾਏਲ ਅਤੇ ਇਸਹਾਕ ਸੰਬੰਧੀ ਕਿਹੜੇ ਹਾਲਾਤਾਂ ਕਰਕੇ ਅਬਰਾਹਾਮ ਲਈ ਯਹੋਵਾਹ ਉੱਤੇ ਭਰੋਸਾ ਕਰਨਾ ਔਖਾ ਹੋਇਆ ਹੋਣਾ?

10 ਅਖ਼ੀਰ ਸਾਰਾਹ ਅਬਰਾਹਾਮ ਤੋਂ ਗਰਭਵਤੀ ਹੋਈ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਸ ਨੇ ਇਸਹਾਕ ਰੱਖਿਆ। ਅਬਰਾਹਾਮ ਆਪਣੇ ਦੋਹਾਂ ਪੁੱਤਰਾਂ ਇਸਮਾਏਲ ਅਤੇ ਇਸਹਾਕ ਨੂੰ ਬਹੁਤ ਪਿਆਰ ਕਰਦਾ ਸੀ। ਪਰ ਇਸਮਾਏਲ ਇਸਹਾਕ ਨਾਲ ਬੁਰਾ ਸਲੂਕ ਕਰਦਾ ਸੀ ਜਿਸ ਕਰਕੇ ਅਬਰਾਹਾਮ ਨੂੰ ਮਜਬੂਰ ਹੋ ਕੇ ਇਸਮਾਏਲ ਅਤੇ ਹਾਜਰਾ ਨੂੰ ਆਪਣੇ ਤੋਂ ਦੂਰ ਭੇਜਣਾ ਪਿਆ। (ਉਤ. 21:9-14) ਬਾਅਦ ਵਿਚ ਯਹੋਵਾਹ ਨੇ ਅਬਰਾਹਾਮ ਨੂੰ ਇਸਹਾਕ ਦੀ ਬਲ਼ੀ ਦੇਣ ਲਈ ਕਿਹਾ। (ਉਤ. 22:1, 2; ਇਬ. 11:17-19) ਇਨ੍ਹਾਂ ਦੋਹਾਂ ਮੌਕਿਆਂ ’ਤੇ ਅਬਰਾਹਾਮ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਸੀ ਕਿ ਉਹ ਉਸ ਦੇ ਪੁੱਤਰਾਂ ਬਾਰੇ ਕੀਤੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰੇਗਾ।

11. ਅਬਰਾਹਾਮ ਨੂੰ ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਦੀ ਕਿਉਂ ਲੋੜ ਸੀ?

11 ਇਸ ਸਾਰੇ ਸਮੇਂ ਦੌਰਾਨ ਅਬਰਾਹਾਮ ਨੂੰ ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਦੀ ਲੋੜ ਸੀ। ਲੱਗਦਾ ਹੈ ਕਿ ਉਸ ਦੀ ਉਮਰ 70 ਸਾਲਾਂ ਤੋਂ ਜ਼ਿਆਦਾ ਸੀ ਜਦੋਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਊਰ ਸ਼ਹਿਰ ਛੱਡਿਆ। (ਉਤ. 11:31–12:4) ਉਹ ਤਕਰੀਬਨ 100 ਸਾਲਾਂ ਤਕ ਕਨਾਨ ਦੇਸ਼ ਵਿਚ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਤੰਬੂਆਂ ਵਿਚ ਰਿਹਾ। ਅਬਰਾਹਾਮ 175 ਸਾਲਾਂ ਦੀ ਉਮਰ ਵਿਚ ਮੌਤ ਦੀ ਨੀਂਦ ਸੌਂ ਗਿਆ। (ਉਤ. 25:7) ਪਰ ਉਸ ਨੇ ਯਹੋਵਾਹ ਦਾ ਇਹ ਵਾਅਦਾ ਪੂਰਾ ਹੁੰਦਾ ਨਹੀਂ ਦੇਖਿਆ ਕਿ ਉਹ ਇਹ ਦੇਸ਼ ਉਸ ਦੀ ਔਲਾਦ ਨੂੰ ਦੇਵੇਗਾ। ਨਾਲੇ ਉਸ ਨੇ ਉਹ ਸ਼ਹਿਰ ਯਾਨੀ ਪਰਮੇਸ਼ੁਰ ਦਾ ਰਾਜ ਸਥਾਪਿਤ ਹੁੰਦਾ ਨਹੀਂ ਦੇਖਿਆ। ਫਿਰ ਵੀ ਅਬਰਾਹਾਮ ਬਾਰੇ ਕਿਹਾ ਗਿਆ ਹੈ ਕਿ ਉਹ “ਬੁੱਢਾ ਅਰ ਸਮਾਪੁਰ” ਹੋ ਕੇ ਮਰ ਗਿਆ। (ਉਤ. 25:8) ਇਨ੍ਹਾਂ ਮੁਸ਼ਕਲਾਂ ਵਿੱਚੋਂ ਗੁਜ਼ਰਨ ਦੇ ਬਾਵਜੂਦ ਅਬਰਾਹਾਮ ਨੇ ਆਪਣੀ ਨਿਹਚਾ ਪੱਕੀ ਰੱਖੀ ਅਤੇ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਉਡੀਕ ਕਰਦਾ ਰਿਹਾ। ਉਹ ਇੱਦਾਂ ਕਿਉਂ ਕਰ ਸਕਿਆ? ਕਿਉਂਕਿ ਅਬਰਾਹਾਮ ਜਿੰਨੀ ਦੇਰ ਜੀਉਂਦਾ ਰਿਹਾ, ਯਹੋਵਾਹ ਨੇ ਉਸ ਦੀ ਰਾਖੀ ਕੀਤੀ ਅਤੇ ਉਸ ਨੂੰ ਆਪਣਾ ਦੋਸਤ ਸਮਝਿਆ।—ਉਤ. 15:1; ਯਸਾ. 41:8; ਯਾਕੂ. 2:22, 23.

ਅਬਰਾਹਾਮ ਅਤੇ ਸਾਰਾਹ ਦੀ ਤਰ੍ਹਾਂ ਯਹੋਵਾਹ ਦੇ ਸੇਵਕ ਕਿਵੇਂ ਨਿਹਚਾ ਅਤੇ ਧੀਰਜ ਦਿਖਾਉਂਦੇ ਹਨ? (ਪੈਰਾ 12 ਦੇਖੋ) *

12. ਅਸੀਂ ਕਿਸ ਗੱਲ ਦੀ ਉਡੀਕ ਕਰ ਰਹੇ ਹਾਂ ਅਤੇ ਅਸੀਂ ਕਿਨ੍ਹਾਂ ਗੱਲਾਂ ਉੱਤੇ ਗੌਰ ਕਰਾਂਗੇ?

12 ਅਬਰਾਹਾਮ ਵਾਂਗ ਅਸੀਂ ਪੱਕੀਆਂ ਨੀਂਹਾਂ ਵਾਲੇ ਸ਼ਹਿਰ ਦੀ ਉਡੀਕ ਕਰ ਰਹੇ ਹਾਂ। ਪਰ ਅਸੀਂ ਇਸ ਸ਼ਹਿਰ ਦੇ ਬਣਨ ਦੀ ਉਡੀਕ ਨਹੀਂ ਕਰ ਰਹੇ। ਪਰਮੇਸ਼ੁਰ ਦਾ ਰਾਜ 1914 ਵਿਚ ਸਥਾਪਿਤ ਹੋਇਆ ਸੀ ਅਤੇ ਹੁਣ ਇਹ ਸਵਰਗ ਵਿਚ ਹਕੂਮਤ ਕਰ ਰਿਹਾ ਹੈ। (ਪ੍ਰਕਾ. 12:7-10) ਪਰ ਅਸੀਂ ਇਸ ਗੱਲ ਦੀ ਉਡੀਕ ਕਰ ਰਹੇ ਹਾਂ ਕਿ ਇਹ ਰਾਜ ਸਾਰੀ ਧਰਤੀ ਉੱਤੇ ਹਕੂਮਤ ਕਰੇ। ਉਸ ਸਮੇਂ ਦੀ ਉਡੀਕ ਕਰਦਿਆਂ ਸਾਨੂੰ ਵੀ ਅਬਰਾਹਾਮ ਅਤੇ ਸਾਰਾਹ ਵਰਗੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕੀ ਮੌਜੂਦਾ ਸਮੇਂ ਦੇ ਯਹੋਵਾਹ ਦੇ ਸੇਵਕ ਅਬਰਾਹਾਮ ਅਤੇ ਸਾਰਾਹ ਦੀ ਰੀਸ ਕਰ ਪਾਏ ਹਨ? ਪਹਿਰਾਬੁਰਜ ਵਿਚ ਛਪੀਆਂ ਜੀਵਨੀਆਂ ਤੋਂ ਪਤਾ ਲੱਗਦਾ ਹੈ ਕਿ ਅੱਜ ਕਈਆਂ ਨੇ ਅਬਰਾਹਾਮ ਅਤੇ ਸਾਰਾਹ ਵਰਗੀ ਨਿਹਚਾ ਤੇ ਧੀਰਜ ਦਿਖਾਇਆ ਹੈ। ਆਓ ਆਪਾਂ ਕੁਝ ਜੀਵਨੀਆਂ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਆਪਾਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

ਅਬਰਾਹਾਮ ਦੀ ਰੀਸ ਕਰੋ

ਬਿਲ ਵਾਲਡਨ ਨੇ ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਕਰ ਕੇ ਯਹੋਵਾਹ ਤੋਂ ਬਰਕਤਾਂ ਦਾ ਆਨੰਦ ਮਾਣਿਆ

13. ਭਰਾ ਵਾਲਡਨ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਦੇ ਹੋ?

13 ਕੁਰਬਾਨੀਆਂ ਕਰਨ ਲਈ ਤਿਆਰ ਰਹੋ। ਜੇ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਸ਼ਹਿਰ ਯਾਨੀ ਰਾਜ ਨੂੰ ਪਹਿਲ ਦੇਣੀ ਚਾਹੁੰਦੇ ਹਾਂ, ਤਾਂ ਸਾਨੂੰ ਵੀ ਅਬਰਾਹਾਮ ਵਾਂਗ ਬਣਨ ਦੀ ਲੋੜ ਹੈ ਜਿਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕੁਰਬਾਨੀਆਂ ਕੀਤੀਆਂ। (ਮੱਤੀ 6:33; ਮਰ. 10:28-30) ਬਿਲ ਵਾਲਡਨ ਨਾਂ ਦੇ ਭਰਾ ਦੀ ਮਿਸਾਲ ’ਤੇ ਗੌਰ ਕਰੋ। * 1942 ਵਿਚ ਭਰਾ ਬਿਲ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਆਰਕੀਟੈਕਟ ਦੀ ਡਿਗਰੀ ਮਿਲਣ ਹੀ ਵਾਲੀ ਸੀ ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕੀਤੀ। ਬਿਲ ਦੇ ਪ੍ਰੋਫ਼ੈਸਰ ਨੇ ਉਸ ਲਈ ਨੌਕਰੀ ਲੱਭੀ ਹੋਈ ਸੀ ਜੋ ਉਹ ਡਿਗਰੀ ਲੈਣ ਤੋਂ ਬਾਅਦ ਕਰ ਸਕਦਾ ਸੀ, ਪਰ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ। ਉਸ ਨੇ ਸਮਝਾਇਆ ਕਿ ਉਹ ਪਰਮੇਸ਼ੁਰ ਦੀ ਵਧ-ਚੜ੍ਹ ਕੇ ਸੇਵਾ ਕਰਨੀ ਚਾਹੁੰਦਾ ਹੈ ਜਿਸ ਕਰਕੇ ਉਹ ਚੰਗੀ-ਖ਼ਾਸੀ ਤਨਖ਼ਾਹ ਵਾਲੀ ਨੌਕਰੀ ਨਹੀਂ ਕਰੇਗਾ। ਇਸ ਤੋਂ ਥੋੜ੍ਹੀ ਦੇਰ ਬਾਅਦ ਸਰਕਾਰ ਨੇ ਬਿਲ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ, ਪਰ ਉਸ ਨੇ ਆਦਰ ਨਾਲ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕਰ ਦਿੱਤਾ ਜਿਸ ਕਰਕੇ ਉਸ ਨੂੰ 10,000 ਡਾਲਰ ਜੁਰਮਾਨਾ ਹੋ ਗਿਆ ਅਤੇ ਪੰਜ ਸਾਲ ਦੀ ਜੇਲ੍ਹ ਹੋ ਗਈ। ਤਿੰਨ ਸਾਲ ਬਾਅਦ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਬਾਅਦ ਵਿਚ ਉਸ ਨੂੰ ਗਿਲਿਅਡ ਸਕੂਲ ਜਾਣ ਦਾ ਸੱਦਾ ਮਿਲਿਆ ਅਤੇ ਫਿਰ ਉਸ ਨੇ ਅਫ਼ਰੀਕਾ ਵਿਚ ਮਿਸ਼ਨਰੀ ਵਜੋਂ ਸੇਵਾ ਕੀਤੀ। ਫਿਰ ਬਿਲ ਦਾ ਵਿਆਹ ਈਵਾ ਨਾਂ ਦੀ ਇਕ ਭੈਣ ਨਾਲ ਹੋ ਗਿਆ। ਉਹ ਦੋਵੇਂ ਇਕੱਠੇ ਅਫ਼ਰੀਕਾ ਵਿਚ ਸੇਵਾ ਕਰਨ ਲੱਗ ਪਏ ਜਿਸ ਦੇ ਲਈ ਉਨ੍ਹਾਂ ਨੂੰ ਕੁਰਬਾਨੀਆਂ ਕਰਨ ਦੀ ਲੋੜ ਸੀ। ਕੁਝ ਸਾਲਾਂ ਬਾਅਦ ਉਹ ਬਿਲ ਦੀ ਮੰਮੀ ਦੀ ਦੇਖ-ਭਾਲ ਕਰਨ ਲਈ ਅਮਰੀਕਾ ਵਾਪਸ ਆ ਗਏ। ਥੋੜ੍ਹੇ ਸ਼ਬਦਾਂ ਵਿਚ ਆਪਣੀ ਕਹਾਣੀ ਦੱਸਦਾ ਹੋਇਆ ਬਿਲ ਕਹਿੰਦਾ ਹੈ: “ਮੇਰੀਆਂ ਅੱਖਾਂ ਭਰ ਆਉਂਦੀਆਂ ਹਨ ਜਦੋਂ ਮੈਂ ਸੋਚਦਾ ਹਾਂ ਕਿ ਯਹੋਵਾਹ ਨੇ ਮੈਨੂੰ 70 ਤੋਂ ਜ਼ਿਆਦਾ ਸਾਲਾਂ ਤਕ ਆਪਣੀ ਸੇਵਾ ਕਰਨ ਦਾ ਖ਼ਾਸ ਸਨਮਾਨ ਦਿੱਤਾ ਹੈ। ਮੈਂ ਅਕਸਰ ਉਸ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੈਨੂੰ ਸੇਧ ਦਿੱਤੀ ਕਿ ਮੈਂ ਉਸ ਦੀ ਸੇਵਾ ਨੂੰ ਆਪਣਾ ਕੈਰੀਅਰ ਬਣਾ ਸਕਿਆ।” ਕੀ ਤੁਸੀਂ ਪੂਰੇ ਸਮੇਂ ਦੀ ਸੇਵਾ ਨੂੰ ਆਪਣਾ ਕੈਰੀਅਰ ਬਣਾ ਸਕਦੇ ਹੋ?

ਐਲੇਨੀ ਅਤੇ ਅਰੀਸਟੌਟਲੀਸ ਅਪੌਸਟੋਲੀਡੀਸ ਨੇ ਮਹਿਸੂਸ ਕੀਤਾ ਕਿ ਯਹੋਵਾਹ ਨੇ ਉਨ੍ਹਾਂ ਨੂੰ ਤਾਕਤ ਦਿੱਤੀ

14-15. ਭਰਾ ਅਤੇ ਭੈਣ ਅਰੀਸਟੌਟਲੀਸ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਦੇ ਹੋ?

14 ਇਹ ਨਾ ਸੋਚੋ ਕਿ ਤੁਹਾਡੀ ਜ਼ਿੰਦਗੀ ਮੁਸ਼ਕਲਾਂ ਤੋਂ ਖਾਲੀ ਹੋਵੇਗੀ। ਅਬਰਾਹਾਮ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਜੋ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਜ਼ਿੰਦਗੀ ਲਾਉਂਦੇ ਹਨ, ਉਨ੍ਹਾਂ ਨੂੰ ਵੀ ਮੁਸ਼ਕਲਾਂ ਆਉਂਦੀਆਂ ਹਨ। (ਯਾਕੂ. 1:2; 1 ਪਤ. 5:9) ਗੌਰ ਕਰੋ ਕਿ ਇਹ ਗੱਲ ਅਰੀਸਟੌਟਲੀਸ ਅਪੌਸਟੋਲੀਡੀਸ ਦੇ ਤਜਰਬੇ ਤੋਂ ਕਿਵੇਂ ਸੱਚ ਸਾਬਤ ਹੁੰਦੀ ਹੈ। * ਉਸ ਨੇ 1946 ਵਿਚ ਯੂਨਾਨ ਵਿਚ ਬਪਤਿਸਮਾ ਲਿਆ ਸੀ। 1952 ਵਿਚ ਉਸ ਦੀ ਮੰਗਣੀ ਭੈਣ ਐਲੇਨੀ ਨਾਲ ਹੋ ਗਈ ਜਿਸ ਨੇ ਉਸ ਵਰਗੇ ਟੀਚੇ ਰੱਖੇ ਸਨ। ਭੈਣ ਬੀਮਾਰ ਪੈ ਗਈ ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਦਿਮਾਗ਼ ਵਿਚ ਰਸੌਲ਼ੀ ਸੀ। ਰਸੌਲ਼ੀ ਕੱਢ ਦਿੱਤੀ ਗਈ, ਪਰ ਵਿਆਹ ਤੋਂ ਕੁਝ ਸਾਲਾਂ ਬਾਅਦ ਰਸੌਲ਼ੀ ਫਿਰ ਤੋਂ ਹੋ ਗਈ। ਡਾਕਟਰਾਂ ਨੇ ਦੁਬਾਰਾ ਓਪਰੇਸ਼ਨ ਕੀਤਾ, ਪਰ ਅਧਰੰਗ ਨਾਲ ਉਸ ਦੇ ਕੁਝ ਅੰਗ ਮਾਰੇ ਗਏ ਜਿਸ ਕਰਕੇ ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦੀ ਸੀ। ਆਪਣੀ ਬੀਮਾਰੀ ਅਤੇ ਸਰਕਾਰ ਦੇ ਅਤਿਆਚਾਰਾਂ ਦੇ ਬਾਵਜੂਦ ਭੈਣ ਜੋਸ਼ ਨਾਲ ਪ੍ਰਚਾਰ ਕਰਦੀ ਰਹੀ।

15 ਭਰਾ ਅਰੀਸਟੌਟਲੀਸ 30 ਸਾਲਾਂ ਤਕ ਆਪਣੀ ਪਤਨੀ ਦੀ ਦੇਖ-ਭਾਲ ਕਰਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ ਬਜ਼ੁਰਗ ਵਜੋਂ ਸੇਵਾ ਕੀਤੀ, ਸੰਮੇਲਨ ਕਮੇਟੀਆਂ ਵਿਚ ਕੰਮ ਕੀਤਾ ਅਤੇ ਅਸੈਂਬਲੀ ਹਾਲ ਬਣਾਉਣ ਵਿਚ ਮਦਦ ਕੀਤੀ। ਫਿਰ 1987 ਵਿਚ ਪ੍ਰਚਾਰ ਕਰਦਿਆਂ ਭੈਣ ਐਲੇਨੀ ਨਾਲ ਇਕ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ। ਭਰਾ ਅਰੀਸਟੌਟਲੀਸ ਥੋੜ੍ਹੇ ਸ਼ਬਦਾਂ ਵਿਚ ਆਪਣੇ ਤਜਰਬੇ ਬਾਰੇ ਦੱਸਦਾ ਹੋਇਆ ਕਹਿੰਦਾ ਹੈ: “ਸਾਲਾਂ ਦੌਰਾਨ ਮੁਸ਼ਕਲ ਹਾਲਾਤਾਂ, ਚੁਣੌਤੀਆਂ ਅਤੇ ਅਚਾਨਕ ਹੋਏ ਹਾਦਸਿਆਂ ਕਰਕੇ ਕਾਫ਼ੀ ਹਿੰਮਤ ਅਤੇ ਧੀਰਜ ਦੀ ਲੋੜ ਪਈ। ਪਰ ਯਹੋਵਾਹ ਨੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮੈਨੂੰ ਲੋੜੀਂਦੀ ਤਾਕਤ ਦਿੱਤੀ ਹੈ।” (ਜ਼ਬੂ. 94:18, 19) ਯਹੋਵਾਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਉਸ ਦੀ ਸੇਵਾ ਕਰਨ ਵਿਚ ਪੂਰੀ ਵਾਹ ਲਾਉਂਦੇ ਹਨ!

ਔਡਰੀ ਹਾਈਡ ਨੇ ਭਵਿੱਖ ਉੱਤੇ ਆਪਣੀਆਂ ਨਜ਼ਰਾਂ ਟਿਕਾ ਕੇ ਸਹੀ ਨਜ਼ਰੀਆ ਰੱਖਿਆ

16. ਭਰਾ ਨੌਰ ਨੇ ਆਪਣੀ ਪਤਨੀ ਨੂੰ ਕਿਹੜੀ ਚੰਗੀ ਸਲਾਹ ਦਿੱਤੀ?

16 ਭਵਿੱਖ ’ਤੇ ਨਜ਼ਰਾਂ ਟਿਕਾਈ ਰੱਖੋ। ਅਬਰਾਹਾਮ ਨੇ ਭਵਿੱਖ ਵਿਚ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ’ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੀਆਂ ਜਿਸ ਕਰਕੇ ਉਸ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੀ। ਜ਼ਰਾ ਭੈਣ ਔਡਰੀ ਹਾਈਡ ਦੀ ਮਿਸਾਲ ’ਤੇ ਗੌਰ ਕਰੋ। * ਉਸ ਨੇ ਅਬਰਾਹਾਮ ਵਰਗਾ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਦੇ ਪਹਿਲੇ ਪਤੀ ਨੇਥਨ ਨੌਰ ਦੀ ਕੈਂਸਰ ਕਰਕੇ ਮੌਤ ਹੋ ਗਈ ਅਤੇ ਉਸ ਦੇ ਦੂਜੇ ਪਤੀ ਗਲੈਨ ਹਾਈਡ ਨੂੰ ਭੁੱਲਣ ਦੀ ਬੀਮਾਰੀ (ਅਲਜ਼ਾਇਮਰ) ਲੱਗ ਗਈ। ਉਹ ਦੱਸਦੀ ਹੈ ਕਿ ਮਰਨ ਤੋਂ ਕੁਝ ਹਫ਼ਤੇ ਪਹਿਲਾਂ ਭਰਾ ਨੌਰ ਦੀ ਕਹੀ ਇਕ ਗੱਲ ਨੇ ਉਸ ਦੀ ਕਾਫ਼ੀ ਮਦਦ ਕੀਤੀ। ਉਹ ਕਹਿੰਦੀ ਹੈ: “ਨੇਥਨ ਨੇ ਮੈਨੂੰ ਯਾਦ ਕਰਾਇਆ: ‘ਮੌਤ ਤੋਂ ਬਾਅਦ, ਸਾਡੀ ਆਸ ਪੱਕੀ ਹੈ ਅਤੇ ਫਿਰ ਸਾਨੂੰ ਕਦੀ ਦੁੱਖ ਨਹੀਂ ਝੱਲਣਾ ਪਵੇਗਾ।’ ਉਨ੍ਹਾਂ ਨੇ ਅੱਗੇ ਮੈਨੂੰ ਹੌਸਲਾ ਦਿੰਦਿਆਂ ਕਿਹਾ: ‘ਹਮੇਸ਼ਾ ਅੱਗੇ ਦੇਖਦੀ ਰਹੀਂ ਜਿੱਥੇ ਤੇਰਾ ਇਨਾਮ ਹੈ।’ . . . ਫਿਰ ਉਨ੍ਹਾਂ ਨੇ ਕਿਹਾ: ‘ਹਮੇਸ਼ਾ ਆਪਣੇ ਕੰਮ ਵਿਚ ਲੱਗੀ ਰਹੀਂ ਅਤੇ ਦੂਸਰਿਆਂ ਲਈ ਹਮੇਸ਼ਾ ਕੁਝ-ਨਾ-ਕੁਝ ਕਰਦੀ ਰਹੀਂ। ਇਸ ਤੋਂ ਤੈਨੂੰ ਖ਼ੁਸ਼ੀ ਮਿਲੇਗੀ।’” ਦੂਜਿਆਂ ਲਈ ਭਲੇ ਕੰਮ ਕਰਨ ਵਿਚ ਰੁੱਝੇ ਰਹਿਣ ਅਤੇ ਆਪਣੀ “ਉਮੀਦ ਕਰਕੇ ਖ਼ੁਸ਼” ਰਹਿਣ ਬਾਰੇ ਕਿੰਨੀ ਵਧੀਆ ਸਲਾਹ!—ਰੋਮੀ. 12:12.

17. (ੳ) ਭਵਿੱਖ ਉੱਤੇ ਨਜ਼ਰਾਂ ਟਿਕਾਈ ਰੱਖਣ ਦੇ ਸਾਡੇ ਕੋਲ ਚੰਗੇ ਕਾਰਨ ਕਿਉਂ ਹਨ? (ਅ) ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਦਾ ਆਨੰਦ ਮਾਣਨ ਲਈ ਸਾਨੂੰ ਮੀਕਾਹ 7:7 ਮੁਤਾਬਕ ਕੀ ਕਰਨ ਦੀ ਲੋੜ ਹੈ?

17 ਅੱਜ ਸਾਡੇ ਕੋਲ ਭਵਿੱਖ ’ਤੇ ਨਜ਼ਰਾਂ ਟਿਕਾਈ ਰੱਖਣ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਾਰਨ ਹਨ। ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਦੁਨੀਆਂ ਦੇ ਆਖ਼ਰੀ ਦਿਨਾਂ ਦੇ ਆਖ਼ਰੀ ਹਿੱਸੇ ਵਿਚ ਰਹਿੰਦੇ ਹਾਂ। ਜਲਦੀ ਸਾਡੀ ਉਡੀਕ ਖ਼ਤਮ ਹੋ ਜਾਵੇਗੀ ਜਦੋਂ ਉਹ ਸ਼ਹਿਰ ਯਾਨੀ ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ਉੱਤੇ ਹਕੂਮਤ ਕਰੇਗਾ। ਬਹੁਤ ਸਾਰੀਆਂ ਬਰਕਤਾਂ ਵਿੱਚੋਂ ਇਕ ਬਰਕਤ ਇਹ ਹੋਵੇਗੀ ਕਿ ਅਸੀਂ ਆਪਣੇ ਮਰ ਚੁੱਕੇ ਸਕੇ-ਸੰਬੰਧੀਆਂ ਨੂੰ ਮਿਲ ਕੇ ਖ਼ੁਸ਼ੀ ਨਾਲ ਝੂਮ ਉੱਠਾਂਗੇ। ਇਸ ਸਮੇਂ ਯਹੋਵਾਹ ਆਪਣੇ ਸੇਵਕ ਅਬਰਾਹਾਮ ਅਤੇ ਉਸ ਦੇ ਪਰਿਵਾਰ ਨੂੰ ਧਰਤੀ ਉੱਤੇ ਜੀਉਂਦਾ ਕਰ ਕੇ ਉਸ ਦੀ ਨਿਹਚਾ ਅਤੇ ਧੀਰਜ ਦਾ ਫਲ ਦੇਵੇਗਾ। ਕੀ ਤੁਸੀਂ ਉਨ੍ਹਾਂ ਦਾ ਸੁਆਗਤ ਕਰਨ ਲਈ ਉੱਥੇ ਹੋਵੋਗੇ? ਤੁਸੀਂ ਹੋ ਸਕਦੇ ਹੋ ਜੇ ਤੁਸੀਂ ਅਬਰਾਹਾਮ ਵਾਂਗ ਪਰਮੇਸ਼ੁਰ ਦੇ ਰਾਜ ਲਈ ਕੁਰਬਾਨੀਆਂ ਕਰਦੇ ਹੋ, ਮੁਸ਼ਕਲਾਂ ਦੇ ਬਾਵਜੂਦ ਨਿਹਚਾ ਪੱਕੀ ਰੱਖਦੇ ਹੋ ਅਤੇ ਧੀਰਜ ਨਾਲ ਯਹੋਵਾਹ ਦੀ ਉਡੀਕ ਕਰਦੇ ਹੋ।—ਮੀਕਾਹ 7:7 ਪੜ੍ਹੋ।

ਗੀਤ 28 ਇਕ ਨਵਾਂ ਗੀਤ

^ ਪੈਰਾ 5 ਯਹੋਵਾਹ ਦਾ ਕੋਈ ਵੀ ਵਾਅਦਾ ਪੂਰਾ ਹੋਣ ਦੀ ਉਡੀਕ ਕਰਦਿਆਂ ਸਾਡੇ ਧੀਰਜ ਅਤੇ ਕੁਝ ਹਾਲਾਤਾਂ ਵਿਚ ਸਾਡੀ ਨਿਹਚਾ ਦੀ ਵੀ ਪਰਖ ਹੋ ਸਕਦੀ ਹੈ। ਅਬਰਾਹਾਮ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ ਜੋ ਸਾਡੇ ਇਸ ਇਰਾਦੇ ਨੂੰ ਪੱਕਾ ਕਰਨਗੇ ਕਿ ਅਸੀਂ ਧੀਰਜ ਨਾਲ ਯਹੋਵਾਹ ਦੇ ਵਾਅਦੇ ਪੂਰੇ ਹੋਣ ਦੀ ਉਡੀਕ ਕਰਦੇ ਰਹੀਏ? ਨਾਲੇ ਅੱਜ ਯਹੋਵਾਹ ਦੇ ਕੁਝ ਸੇਵਕਾਂ ਨੇ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ ਹੈ?

^ ਪੈਰਾ 13 ਭਰਾ ਵਾਲਡਨ ਦੀ ਜੀਵਨੀ 1 ਦਸੰਬਰ 2013 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 8-10 ’ਤੇ ਦਿੱਤੀ ਗਈ ਹੈ।

^ ਪੈਰਾ 14 ਭਰਾ ਅਪੌਸਟੋਲੀਡੀਸ ਦੀ ਜੀਵਨੀ 1 ਫਰਵਰੀ 2002 ਦੇ ਪਹਿਰਾਬੁਰਜ ਦੇ ਸਫ਼ੇ 24-28 ’ਤੇ ਦਿੱਤੀ ਗਈ ਹੈ।

^ ਪੈਰਾ 16 ਭੈਣ ਹਾਈਡ ਦੀ ਜੀਵਨੀ 1 ਜੁਲਾਈ 2004 ਦੇ ਪਹਿਰਾਬੁਰਜ ਦੇ ਸਫ਼ੇ 23-29 ’ਤੇ ਦਿੱਤੀ ਗਈ ਹੈ।

^ ਪੈਰਾ 56 ਤਸਵੀਰ ਬਾਰੇ ਜਾਣਕਾਰੀ: ਚੁਣੌਤੀਆਂ ਦੇ ਬਾਵਜੂਦ ਇਕ ਬਜ਼ੁਰਗ ਜੋੜਾ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਉਹ ਭਵਿੱਖ ਬਾਰੇ ਯਹੋਵਾਹ ਦੇ ਵਾਅਦਿਆਂ ਉੱਤੇ ਨਜ਼ਰ ਟਿਕਾਈ ਰੱਖ ਕੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਰਿਹਾ ਹੈ।