Skip to content

Skip to table of contents

ਅਧਿਐਨ ਲੇਖ 33

ਮਰਿਆਂ ਨੂੰ ਜੀਉਂਦਾ ਕਰਨ ਦੀ ਉਮੀਦ ਪਰਮੇਸ਼ੁਰ ਦੇ ਪਿਆਰ, ਬੁੱਧ ਅਤੇ ਧੀਰਜ ਦਾ ਸਬੂਤ

ਮਰਿਆਂ ਨੂੰ ਜੀਉਂਦਾ ਕਰਨ ਦੀ ਉਮੀਦ ਪਰਮੇਸ਼ੁਰ ਦੇ ਪਿਆਰ, ਬੁੱਧ ਅਤੇ ਧੀਰਜ ਦਾ ਸਬੂਤ

“ਪਰਮੇਸ਼ੁਰ ਮਰ ਚੁੱਕੇ . . . ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”—ਰਸੂ. 24:15.

ਗੀਤ 12 ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ

ਖ਼ਾਸ ਗੱਲਾਂ *

1. ਯਹੋਵਾਹ ਨੇ ਜੀਵਨ ਦੀ ਸ਼ੁਰੂਆਤ ਕਿਉਂ ਕੀਤੀ?

ਇਕ ਸਮਾਂ ਸੀ ਜਦੋਂ ਯਹੋਵਾਹ ਤੋਂ ਸਿਵਾਇ ਹੋਰ ਕੋਈ ਨਹੀਂ ਸੀ ਹੁੰਦਾ। ਪਰ ਉਹ ਇਕੱਲਾ ਮਹਿਸੂਸ ਨਹੀਂ ਕਰਦਾ ਸੀ। ਉਸ ਨੂੰ ਕਿਸੇ ਦੀ ਲੋੜ ਨਹੀਂ ਸੀ, ਪਰ ਉਹ ਚਾਹੁੰਦਾ ਸੀ ਕਿ ਦੂਸਰੇ ਵੀ ਜ਼ਿੰਦਗੀ ਦਾ ਆਨੰਦ ਮਾਣਨ। ਪਿਆਰ ਹੋਣ ਕਰਕੇ ਯਹੋਵਾਹ ਨੇ ਸ੍ਰਿਸ਼ਟੀ ਕਰਨੀ ਸ਼ੁਰੂ ਕੀਤੀ।—ਜ਼ਬੂ. 36:9; 1 ਯੂਹੰ. 4:19.

2. ਯਿਸੂ ਅਤੇ ਦੂਤਾਂ ਨੇ ਯਹੋਵਾਹ ਦੀਆਂ ਰਚੀਆਂ ਹੋਈਆਂ ਚੀਜ਼ਾਂ ਬਾਰੇ ਕਿਵੇਂ ਮਹਿਸੂਸ ਕੀਤਾ?

2 ਸਭ ਤੋਂ ਪਹਿਲਾਂ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਨੂੰ ਬਣਾਇਆ। ਫਿਰ ਇਸ ਪੁੱਤਰ ਦੇ ਜ਼ਰੀਏ ਉਸ ਨੇ ‘ਬਾਕੀ ਸਾਰੀਆਂ ਚੀਜ਼ਾਂ ਸਿਰਜੀਆਂ’ ਜਿਨ੍ਹਾਂ ਵਿਚ ਲੱਖਾਂ ਦੂਤ ਵੀ ਸ਼ਾਮਲ ਸਨ। (ਕੁਲੁ. 1:16) ਯਿਸੂ ਨੂੰ ਆਪਣੇ ਪਿਤਾ ਨਾਲ ਕੰਮ ਕਰ ਕੇ ਬਹੁਤ ਖ਼ੁਸ਼ੀ ਮਿਲੀ। (ਕਹਾ. 8:30) ਨਾਲੇ ਪਰਮੇਸ਼ੁਰ ਦੇ ਸਵਰਗੀ ਪੁੱਤਰਾਂ ਕੋਲ ਵੀ ਖ਼ੁਸ਼ ਹੋਣ ਦਾ ਕਾਰਨ ਸੀ। ਉਨ੍ਹਾਂ ਦੂਤਾਂ ਨੇ ਆਪਣੀ ਅੱਖੀਂ ਦੇਖਿਆ ਜਦੋਂ ਯਹੋਵਾਹ ਅਤੇ ਉਸ ਦੇ ਰਾਜ ਮਿਸਤਰੀ ਯਿਸੂ ਨੇ ਆਕਾਸ਼ ਅਤੇ ਧਰਤੀ ਨੂੰ ਸਿਰਜਿਆ ਸੀ। ਇਹ ਦੇਖ ਕੇ ਉਨ੍ਹਾਂ ਨੂੰ ਕਿਵੇਂ ਲੱਗਾ? ਜਦੋਂ ਧਰਤੀ ਬਣ ਗਈ, ਤਾਂ ਉਨ੍ਹਾਂ ਨੇ ਖ਼ੁਸ਼ੀ ਨਾਲ ‘ਨਾਰੇ ਮਾਰੇ’ ਅਤੇ ਬਾਅਦ ਵਿਚ ਵੀ ਉਹ ਯਹੋਵਾਹ ਦੀ ਰਚੀ ਹਰ ਚੀਜ਼ ਨੂੰ ਦੇਖ ਕੇ ਖ਼ੁਸ਼ੀ ਮਨਾਉਂਦੇ ਰਹੇ ਜਿਨ੍ਹਾਂ ਵਿਚ ਉਸ ਦੀ ਕਾਰੀਗਰੀ ਦੀ ਬੇਜੋੜ ਮਿਸਾਲ ਇਨਸਾਨ ਵੀ ਸ਼ਾਮਲ ਸਨ। (ਅੱਯੂ. 38:7; ਕਹਾ. 8:31) ਯਹੋਵਾਹ ਦੀ ਹਰ ਰਚਨਾ ਤੋਂ ਉਸ ਦਾ ਪਿਆਰ ਅਤੇ ਬੁੱਧ ਝਲਕਦੀ ਹੈ।—ਜ਼ਬੂ. 104:24; ਰੋਮੀ. 1:20.

3. ਪਹਿਲਾ ਕੁਰਿੰਥੀਆਂ 15:21, 22 ਅਨੁਸਾਰ ਯਿਸੂ ਦੀ ਰਿਹਾਈ ਦੀ ਕੀਮਤ ਨਾਲ ਕੀ ਮੁਮਕਿਨ ਹੋਇਆ ਹੈ?

3 ਯਹੋਵਾਹ ਚਾਹੁੰਦਾ ਸੀ ਕਿ ਇਨਸਾਨ ਉਸ ਦੀ ਬਣਾਈ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨ। ਜਦੋਂ ਆਦਮ ਤੇ ਹੱਵਾਹ ਨੇ ਆਪਣੇ ਪਿਆਰੇ ਪਿਤਾ ਖ਼ਿਲਾਫ਼ ਬਗਾਵਤ ਕੀਤੀ, ਤਾਂ ਪਾਪ ਅਤੇ ਮੌਤ ਦਾ ਸਾਇਆ ਧਰਤੀ ਉੱਤੇ ਪੈਣਾ ਸ਼ੁਰੂ ਹੋ ਗਿਆ। (ਰੋਮੀ. 5:12) ਇਹ ਦੇਖ ਕੇ ਯਹੋਵਾਹ ਨੇ ਕੀ ਕੀਤਾ? ਉਸ ਨੇ ਉਸੇ ਵੇਲੇ ਦੱਸਿਆ ਕਿ ਉਹ ਇਨਸਾਨਾਂ ਨੂੰ ਬਚਾਉਣ ਲਈ ਕੀ ਕਰੇਗਾ। (ਉਤ. 3:15) ਯਹੋਵਾਹ ਨੇ ਆਦਮ ਅਤੇ ਹੱਵਾਹ ਦੇ ਬੱਚਿਆਂ ਨੂੰ ਪਾਪ ਅਤੇ ਮੌਤ ਤੋਂ ਛੁਡਾਉਣ ਲਈ ਰਿਹਾਈ ਦੀ ਕੀਮਤ ਦਾ ਇੰਤਜ਼ਾਮ ਕੀਤਾ। ਫਿਰ ਉਸ ਨੇ ਹਰ ਇਨਸਾਨ ’ਤੇ ਛੱਡ ਦਿੱਤਾ ਕਿ ਉਹ ਉਸ ਦੀ ਸੇਵਾ ਕਰ ਕੇ ਸਦਾ ਦੀ ਜ਼ਿੰਦਗੀ ਪਾਉਣੀ ਚਾਹੁੰਦਾ ਹੈ ਜਾਂ ਨਹੀਂ।—ਯੂਹੰ. 3:16; ਰੋਮੀ. 6:23; 1 ਕੁਰਿੰਥੀਆਂ 15:21, 22 ਪੜ੍ਹੋ।

4. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

4 ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੇ ਪਰਮੇਸ਼ੁਰ ਦੇ ਵਾਅਦੇ ਕਰਕੇ ਕਈ ਸਵਾਲ ਖੜ੍ਹੇ ਹੁੰਦੇ ਹਨ। ਮਿਸਾਲ ਲਈ, ਕੀ ਮਰ ਚੁੱਕੇ ਲੋਕਾਂ ਨੂੰ ਇੱਕੋ ਸਮੇਂ ਤੇ ਜੀਉਂਦਾ ਕੀਤਾ ਜਾਵੇਗਾ? ਕੀ ਅਸੀਂ ਆਪਣੇ ਜੀਉਂਦੇ ਹੋਣ ਵਾਲੇ ਪਿਆਰਿਆਂ ਨੂੰ ਪਛਾਣ ਸਕਾਂਗੇ? ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਸਾਡੀ ਖ਼ੁਸ਼ੀ ਕਿਵੇਂ ਵਧਦੀ ਜਾਵੇਗੀ? ਇਸ ਉਮੀਦ ’ਤੇ ਸੋਚ-ਵਿਚਾਰ ਕਰਨ ਨਾਲ ਯਹੋਵਾਹ ਦੇ ਪਿਆਰ, ਬੁੱਧ ਅਤੇ ਧੀਰਜ ਲਈ ਸਾਡੀ ਕਦਰ ਕਿਵੇਂ ਵਧ ਸਕਦੀ ਹੈ? ਆਓ ਆਪਾਂ ਇਨ੍ਹਾਂ ਸਵਾਲਾਂ ’ਤੇ ਗੌਰ ਕਰੀਏ।

ਕੀ ਮਰੇ ਹੋਏ ਲੋਕਾਂ ਨੂੰ ਇੱਕੋ ਸਮੇਂ ਤੇ ਜੀਉਂਦਾ ਕੀਤਾ ਜਾਵੇਗਾ?

5. ਇਹ ਮੰਨਣਾ ਸਹੀ ਕਿਉਂ ਹੈ ਕਿ ਲੋਕਾਂ ਨੂੰ ਤਰਤੀਬ ਅਨੁਸਾਰ ਜੀਉਂਦਾ ਕੀਤਾ ਜਾਵੇਗਾ?

5 ਜਦੋਂ ਯਹੋਵਾਹ ਆਪਣੇ ਪੁੱਤਰ ਦੇ ਜ਼ਰੀਏ ਕਰੋੜਾਂ ਲੋਕਾਂ ਨੂੰ ਜੀਉਂਦਾ ਕਰੇਗਾ, ਤਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹ ਇੱਕੋ ਸਮੇਂ ਤੇ ਸਾਰਿਆਂ ਨੂੰ ਜੀਉਂਦਾ ਨਹੀਂ ਕਰੇਗਾ। ਕਿਉਂ ਨਹੀਂ? ਕਿਉਂਕਿ ਅਚਾਨਕ ਧਰਤੀ ਉੱਤੇ ਇੰਨੇ ਸਾਰੇ ਲੋਕ ਹੋਣ ਨਾਲ ਘੜਮੱਸ ਪੈ ਜਾਵੇਗਾ। ਯਹੋਵਾਹ ਕਿਸੇ ਵੀ ਕੰਮ ਵਿਚ ਗੜਬੜੀ ਨਹੀਂ ਕਰਦਾ। ਉਹ ਜਾਣਦਾ ਹੈ ਕਿ ਸ਼ਾਂਤੀ ਬਣਾਈ ਰੱਖਣ ਲਈ ਹਰ ਕੰਮ ਕਾਇਦੇ ਨਾਲ ਹੋਣਾ ਜ਼ਰੂਰੀ ਹੈ। (1 ਕੁਰਿੰ. 14:33) ਇਨਸਾਨਾਂ ਨੂੰ ਬਣਾਉਣ ਤੋਂ ਪਹਿਲਾਂ ਜਦੋਂ ਯਹੋਵਾਹ ਪਰਮੇਸ਼ੁਰ ਨੇ ਯਿਸੂ ਨਾਲ ਮਿਲ ਕੇ ਧਰਤੀ ਉੱਤੇ ਹਰ ਚੀਜ਼ ਤਰਤੀਬ ਨਾਲ ਬਣਾਈ, ਉਦੋਂ ਉਸ ਨੇ ਬੁੱਧ ਅਤੇ ਧੀਰਜ ਤੋਂ ਕੰਮ ਲਿਆ। ਯਿਸੂ ਵੀ ਹਜ਼ਾਰ ਸਾਲ ਦੇ ਦੌਰਾਨ ਇਹ ਗੁਣ ਦਿਖਾਏਗਾ ਜਦੋਂ ਉਹ ਆਰਮਾਗੇਡਨ ਵਿੱਚੋਂ ਬਚ ਨਿਕਲੇ ਲੋਕਾਂ ਨਾਲ ਮਿਲ ਕੇ ਕੰਮ ਕਰੇਗਾ। ਉਹ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਕੀ-ਕੀ ਕਰਨਾ ਹੈ ਤਾਂਕਿ ਦੁਬਾਰਾ ਜੀਉਂਦਾ ਹੋਣ ਵਾਲੇ ਲੋਕਾਂ ਲਈ ਸਭ ਕੁਝ ਤਿਆਰ ਹੋਵੇ।

ਆਰਮਾਗੇਡਨ ਵਿੱਚੋਂ ਬਚ ਨਿਕਲੇ ਲੋਕ ਦੁਬਾਰਾ ਜੀਉਂਦਾ ਹੋਣ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੀਆਂ ਮੰਗਾਂ ਬਾਰੇ ਸਿਖਾਉਣਗੇ (ਪੈਰਾ 6 ਦੇਖੋ) *

6. ਰਸੂਲਾਂ ਦੇ ਕੰਮ 24:15 ਮੁਤਾਬਕ ਯਹੋਵਾਹ ਵੱਲੋਂ ਜੀਉਂਦਾ ਕੀਤੇ ਲੋਕਾਂ ਵਿਚ ਜ਼ਿਆਦਾਤਰ ਕੌਣ ਲੋਕ ਹੋਣਗੇ?

6 ਆਰਮਾਗੇਡਨ ਵਿੱਚੋਂ ਬਚ ਨਿਕਲੇ ਲੋਕਾਂ ਲਈ ਸਭ ਤੋਂ ਜ਼ਰੂਰੀ ਕੰਮ ਇਹ ਹੋਵੇਗਾ ਕਿ ਉਹ ਜੀਉਂਦਾ ਹੋਣ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੀਆਂ ਮੰਗਾਂ ਬਾਰੇ ਸਿਖਾਉਣਗੇ। ਕਿਉਂ? ਕਿਉਂਕਿ ਜੀਉਂਦਾ ਹੋਣ ਵਾਲੇ ਲੋਕਾਂ ਵਿਚ ਜ਼ਿਆਦਾਤਰ ਲੋਕ “ਕੁਧਰਮੀ” ਹੋਣਗੇ। (ਰਸੂਲਾਂ ਦੇ ਕੰਮ 24:15 ਪੜ੍ਹੋ।) ਯਿਸੂ ਦੀ ਰਿਹਾਈ ਦੀ ਕੀਮਤ ਤੋਂ ਫ਼ਾਇਦਾ ਪਾਉਣ ਲਈ ਉਨ੍ਹਾਂ ਨੂੰ ਬਹੁਤ ਸਾਰੇ ਬਦਲਾਅ ਕਰਨੇ ਪੈਣਗੇ। ਉਨ੍ਹਾਂ ਲੋਕਾਂ ਨੂੰ ਯਹੋਵਾਹ ਬਾਰੇ ਕੁਝ ਵੀ ਪਤਾ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਵੇਗੀ। ਕੀ ਹਰੇਕ ਵਿਅਕਤੀ ਨੂੰ ਅਲੱਗ-ਅਲੱਗ ਸਿਖਾਇਆ ਜਾਵੇਗਾ ਜਿੱਦਾਂ ਅੱਜ ਅਸੀਂ ਬਾਈਬਲ ਅਧਿਐਨ ਕਰਾਉਂਦੇ ਹਾਂ? ਕੀ ਉਨ੍ਹਾਂ ਦੀ ਕੋਈ ਮੰਡਲੀ ਹੋਵੇਗੀ ਜਿਸ ਵਿਚ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂਕਿ ਉਹ ਆਪਣੇ ਤੋਂ ਬਾਅਦ ਜੀਉਂਦੇ ਹੋਣ ਵਾਲੇ ਲੋਕਾਂ ਨੂੰ ਸਿਖਾ ਸਕਣ? ਇਹ ਦੇਖਣ ਲਈ ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਪਰ ਇਕ ਗੱਲ ਸਾਨੂੰ ਜ਼ਰੂਰ ਪਤਾ ਹੈ ਕਿ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤੇ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾ. 11:9) ਵਾਕਈ, ਹਜ਼ਾਰ ਸਾਲ ਦੇ ਰਾਜ ਦੌਰਾਨ ਸਾਡੇ ਕੋਲ ਢੇਰ ਸਾਰਾ ਕੰਮ ਹੋਵੇਗਾ ਅਤੇ ਅਸੀਂ ਖ਼ੁਸ਼ੀ-ਖ਼ੁਸ਼ੀ ਇਹ ਕੰਮ ਕਰਾਂਗੇ!

7. ਪਰਮੇਸ਼ੁਰ ਦੇ ਲੋਕ ਦੁਬਾਰਾ ਜੀਉਂਦਾ ਹੋਣ ਵਾਲਿਆਂ ਨੂੰ ਸਿਖਾਉਂਦੇ ਸਮੇਂ ਹਮਦਰਦੀ ਕਿਉਂ ਦਿਖਾਉਣਗੇ?

7 ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਹੋਵਾਹ ਦੇ ਸਾਰੇ ਲੋਕਾਂ ਨੂੰ ਉਸ ਨੂੰ ਖ਼ੁਸ਼ ਕਰਨ ਲਈ ਲਗਾਤਾਰ ਬਦਲਾਅ ਕਰਨੇ ਪੈਣਗੇ। ਇਸ ਕਰਕੇ ਉਹ ਜੀਉਂਦਾ ਕੀਤੇ ਲੋਕਾਂ ਨਾਲ ਹਮਦਰਦੀ ਰੱਖ ਸਕਣਗੇ ਜਦੋਂ ਉਹ ਪਾਪੀ ਝੁਕਾਵਾਂ ਨਾਲ ਲੜਨ ਅਤੇ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਵਿਚ ਉਨ੍ਹਾਂ ਦੀ ਮਦਦ ਕਰਨਗੇ। (1 ਪਤ. 3:8) ਦੁਬਾਰਾ ਜੀਉਂਦਾ ਕੀਤੇ ਗਏ ਲੋਕ ਯਹੋਵਾਹ ਦੇ ਨਿਮਰ ਲੋਕਾਂ ਵੱਲ ਖਿੱਚੇ ਚਲੇ ਆਉਣਗੇ ਜੋ ਖ਼ੁਦ “ਮੁਕਤੀ ਪਾਉਣ ਦਾ ਜਤਨ” ਕਰ ਰਹੇ ਹੋਣਗੇ।—ਫ਼ਿਲਿ. 2:12.

ਕੀ ਅਸੀਂ ਆਪਣੇ ਜੀਉਂਦੇ ਹੋਣ ਵਾਲੇ ਪਿਆਰਿਆਂ ਨੂੰ ਪਛਾਣ ਸਕਾਂਗੇ?

8. ਇਹ ਮੰਨਣਾ ਸਹੀ ਕਿਉਂ ਹੈ ਕਿ ਅਸੀਂ ਆਪਣੇ ਜੀਉਂਦੇ ਕੀਤੇ ਗਏ ਪਿਆਰਿਆਂ ਨੂੰ ਪਛਾਣ ਸਕਾਂਗੇ?

8 ਸਾਡੇ ਕੋਲ ਇਹ ਮੰਨਣ ਦੇ ਕਈ ਕਾਰਨ ਹਨ ਕਿ ਅਸੀਂ ਆਪਣੇ ਜੀਉਂਦੇ ਕੀਤੇ ਗਏ ਪਿਆਰਿਆਂ ਦਾ ਸੁਆਗਤ ਕਰਦੇ ਸਮੇਂ ਉਨ੍ਹਾਂ ਨੂੰ ਪਛਾਣ ਸਕਾਂਗੇ। ਮਿਸਾਲ ਲਈ, ਬੀਤੇ ਸਮੇਂ ਵਿਚ ਜੀਉਂਦੇ ਕੀਤੇ ਗਏ ਲੋਕਾਂ ਬਾਰੇ ਪੜ੍ਹ ਕੇ ਇੱਦਾਂ ਲੱਗਦਾ ਹੈ ਕਿ ਭਵਿੱਖ ਵਿਚ ਲੋਕਾਂ ਨੂੰ ਜੀਉਂਦਾ ਕਰਨ ਵੇਲੇ ਯਹੋਵਾਹ ਉਨ੍ਹਾਂ ਨੂੰ ਨਵਾਂ ਸਰੀਰ ਦੇਵੇਗਾ ਤਾਂਕਿ ਉਨ੍ਹਾਂ ਦੀ ਸ਼ਕਲ-ਸੂਰਤ, ਬੋਲਣ ਦਾ ਲਹਿਜਾ ਅਤੇ ਸੋਚ ਉਸੇ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ ਸੀ। ਯਾਦ ਕਰੋ, ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਅਤੇ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਤੁਲਨਾ ਨੀਂਦ ਤੋਂ ਜਾਗਣ ਨਾਲ ਕੀਤੀ ਸੀ। (ਮੱਤੀ 9:18, 24; ਯੂਹੰ. 11:11-13) ਜਦੋਂ ਇਕ ਵਿਅਕਤੀ ਨੀਂਦ ਤੋਂ ਜਾਗਦਾ ਹੈ, ਤਾਂ ਉਸ ਦੀ ਸ਼ਕਲ-ਸੂਰਤ ਅਤੇ ਆਵਾਜ਼ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਸੌਣ ਤੋਂ ਪਹਿਲਾਂ ਸੀ। ਜ਼ਰਾ ਲਾਜ਼ਰ ਦੀ ਮਿਸਾਲ ’ਤੇ ਗੌਰ। ਉਸ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਗਏ ਸਨ। ਉਸ ਦਾ ਸਰੀਰ ਗਲ਼ਣ ਲੱਗ ਪਿਆ ਸੀ। ਪਰ ਜਦ ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ, ਤਾਂ ਉਸ ਦੀਆਂ ਭੈਣਾਂ ਨੇ ਉਸ ਨੂੰ ਝੱਟ ਪਛਾਣ ਲਿਆ ਅਤੇ ਬਿਨਾਂ ਸ਼ੱਕ ਲਾਜ਼ਰ ਨੂੰ ਵੀ ਆਪਣੀਆਂ ਭੈਣਾਂ ਦੀ ਪਛਾਣ ਸੀ।—ਯੂਹੰ. 11:38-44; 12:1, 2.

9. ਜਦੋਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਦਾ ਸਰੀਰ ਅਤੇ ਦਿਮਾਗ਼ ਮੁਕੰਮਲ ਕਿਉਂ ਨਹੀਂ ਹੋਵੇਗਾ?

9 ਯਹੋਵਾਹ ਵਾਅਦਾ ਕਰਦਾ ਹੈ ਕਿ ਮਸੀਹ ਦੇ ਰਾਜ ਵਿਚ ਕੋਈ ਨਾ ਆਖੇਗਾ: “ਮੈਂ ਬਿਮਾਰ ਹਾਂ।” (ਯਸਾ. 33:24; ਰੋਮੀ. 6:7) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਨੂੰ ਨਵਾਂ ਸਰੀਰ ਦਿੱਤਾ ਜਾਵੇਗਾ ਅਤੇ ਉਹ ਤੰਦਰੁਸਤ ਹੋਣਗੇ। ਪਰ ਉਹ ਉਸੇ ਵੇਲੇ ਮੁਕੰਮਲ ਨਹੀਂ ਹੋਣਗੇ। ਜੇ ਉਹ ਮੁਕੰਮਲ ਹੋ ਗਏ, ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਦੋਸਤ-ਮਿੱਤਰ ਸ਼ਾਇਦ ਉਨ੍ਹਾਂ ਨੂੰ ਪਛਾਣ ਨਾ ਸਕਣ। ਲੱਗਦਾ ਹੈ ਕਿ ਸਾਰੇ ਇਨਸਾਨ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਹੌਲੀ-ਹੌਲੀ ਮੁਕੰਮਲ ਹੋਣਗੇ। ਹਜ਼ਾਰ ਸਾਲ ਪੂਰੇ ਹੋਣ ਤੇ ਯਿਸੂ ਆਪਣੇ ਪਿਤਾ ਨੂੰ ਰਾਜ ਵਾਪਸ ਕਰ ਦੇਵੇਗਾ। ਉਸ ਸਮੇਂ ਤਕ ਇਹ ਰਾਜ ਆਪਣਾ ਮਕਸਦ ਪੂਰਾ ਕਰ ਚੁੱਕਾ ਹੋਵੇਗਾ ਅਤੇ ਸਾਰੇ ਇਨਸਾਨਾਂ ਨੂੰ ਮੁਕੰਮਲ ਬਣਾ ਦੇਵੇਗਾ।—1 ਕੁਰਿੰ. 15:24-28; ਪ੍ਰਕਾ. 20:1-3.

ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਤੇ ਸਾਡੀ ਖ਼ੁਸ਼ੀ ਕਿਵੇਂ ਵਧਦੀ ਜਾਵੇਗੀ?

10. ਆਪਣੇ ਪਿਆਰਿਆਂ ਨੂੰ ਦੁਬਾਰਾ ਮਿਲ ਕੇ ਤੁਹਾਨੂੰ ਕਿਵੇਂ ਲੱਗੇਗਾ?

10 ਜ਼ਰਾ ਕਲਪਨਾ ਕਰੋ ਕਿ ਆਪਣੇ ਪਿਆਰਿਆਂ ਨੂੰ ਦੁਬਾਰਾ ਮਿਲ ਕੇ ਤੁਹਾਨੂੰ ਕਿਵੇਂ ਲੱਗੇਗਾ। ਕੀ ਤੁਸੀਂ ਖ਼ੁਸ਼ੀ ਦੇ ਮਾਰੇ ਝੂਮ ਉਠੋਗੇ ਜਾਂ ਕੀ ਤੁਹਾਡੀਆਂ ਅੱਖਾਂ ਭਰ ਆਉਣਗੀਆਂ? ਕੀ ਤੁਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਮਹਿਮਾ ਦੇ ਗੀਤ ਗਾਓਗੇ? ਇਕ ਗੱਲ ਤਾਂ ਪੱਕੀ ਹੈ ਕਿ ਆਪਣੇ ਪਰਵਾਹ ਕਰਨ ਵਾਲੇ ਪਿਤਾ ਅਤੇ ਉਸ ਦੇ ਨਿਰਸੁਆਰਥ ਪੁੱਤਰ ਲਈ ਤੁਹਾਡੇ ਦਿਲ ਵਿਚ ਪਿਆਰ ਉਮੜ ਆਵੇਗਾ ਕਿਉਂਕਿ ਤੁਸੀਂ ਉਨ੍ਹਾਂ ਕਰਕੇ ਹੀ ਆਪਣੇ ਪਿਆਰਿਆਂ ਨੂੰ ਦੁਬਾਰਾ ਮਿਲ ਪਾਓਗੇ।

11. ਯੂਹੰਨਾ 5:28, 29 ਅਨੁਸਾਰ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣ ਵਾਲਿਆਂ ਨੂੰ ਕੀ ਮਿਲੇਗਾ?

11 ਜ਼ਰਾ ਕਲਪਨਾ ਕਰੋ ਕਿ ਦੁਬਾਰਾ ਜੀਉਂਦਾ ਹੋਣ ਵਾਲੇ ਲੋਕਾਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਉਹ ਆਪਣੇ ਪੁਰਾਣੇ ਸੁਭਾਅ ਨੂੰ ਬਦਲਣਗੇ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣਗੇ। ਅਜਿਹੇ ਲੋਕ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਉਣਗੇ। ਦੂਜੇ ਪਾਸੇ, ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਨੂੰ ਨਵੀਂ ਦੁਨੀਆਂ ਵਿਚ ਸ਼ਾਂਤੀ ਭੰਗ ਕਰਨ ਲਈ ਨਹੀਂ ਰਹਿਣ ਦਿੱਤਾ ਜਾਵੇਗਾ।—ਯਸਾ. 65:20; ਯੂਹੰਨਾ 5:28, 29 ਪੜ੍ਹੋ।

12. ਯਹੋਵਾਹ ਧਰਤੀ ’ਤੇ ਆਪਣੇ ਸਾਰੇ ਲੋਕਾਂ ਨੂੰ ਕਿਸ ਅਰਥ ਵਿਚ ਧਨੀ ਬਣਾਵੇਗਾ?

12 ਪਰਮੇਸ਼ੁਰ ਦੇ ਰਾਜ ਵਿਚ ਉਸ ਦੇ ਸਾਰੇ ਲੋਕ ਕਹਾਉਤਾਂ 10:22 ਦੇ ਇਹ ਸ਼ਬਦ ਪੂਰੇ ਹੁੰਦੇ ਦੇਖਣਗੇ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਸ ਦੇ ਲੋਕ ਇਸ ਅਰਥ ਵਿਚ ਧਨੀ ਹੋਣਗੇ ਕਿ ਉਨ੍ਹਾਂ ਦਾ ਸੁਭਾਅ ਦਿਨੋ-ਦਿਨ ਮਸੀਹ ਵਰਗਾ ਹੁੰਦਾ ਜਾਵੇਗਾ ਅਤੇ ਉਹ ਮੁਕੰਮਲ ਹੁੰਦੇ ਜਾਣਗੇ। (ਯੂਹੰ. 13:15-17; ਅਫ਼. 4:23, 24) ਹਰ ਦਿਨ ਉਹ ਤੰਦਰੁਸਤ ਹੁੰਦੇ ਜਾਣਗੇ ਅਤੇ ਚੰਗੇ ਇਨਸਾਨ ਬਣਦੇ ਜਾਣਗੇ। ਉਸ ਵੇਲੇ ਜੀਉਣ ਦਾ ਕਿੰਨਾ ਮਜ਼ਾ ਆਵੇਗਾ! (ਅੱਯੂ. 33:25) ਪਰ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਉਮੀਦ ’ਤੇ ਸੋਚ-ਵਿਚਾਰ ਕਰ ਕੇ ਅੱਜ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਯਹੋਵਾਹ ਦੇ ਪਿਆਰ ਦੀ ਕਦਰ ਕਰੋ

13. ਜ਼ਬੂਰ 139:1-4 ਮੁਤਾਬਕ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਵੇਲੇ ਕਿਵੇਂ ਜ਼ਾਹਰ ਹੋਵੇਗਾ ਕਿ ਯਹੋਵਾਹ ਸਾਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਹੈ?

13 ਜਿਵੇਂ ਅਸੀਂ ਪਹਿਲਾਂ ਦੇਖਿਆ ਸੀ, ਜਦੋਂ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੇਗਾ, ਤਾਂ ਉਹ ਉਨ੍ਹਾਂ ਦੀ ਯਾਦਾਸ਼ਤ ਅਤੇ ਸੁਭਾਅ ਨੂੰ ਉੱਦਾਂ ਦਾ ਹੀ ਬਣਾਵੇਗਾ ਜਿੱਦਾਂ ਮਰਨ ਤੋਂ ਪਹਿਲਾਂ ਸੀ। ਜ਼ਰਾ ਸੋਚੋ ਕਿ ਇਹ ਗੱਲ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ। ਯਹੋਵਾਹ ਤੁਹਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਤੁਹਾਡੀ ਰਗ-ਰਗ ਤੋਂ ਵਾਕਫ਼ ਹੈ। ਉਸ ਨੂੰ ਪਤਾ ਹੈ ਕਿ ਤੁਸੀਂ ਕੀ ਸੋਚਦੇ ਹੋ, ਕਿਵੇਂ ਮਹਿਸੂਸ ਕਰਦੇ ਹੋ, ਕੀ ਕਹਿੰਦੇ ਅਤੇ ਕਰਦੇ ਹੋ। ਜੇ ਤੁਸੀਂ ਮਰ ਵੀ ਜਾਂਦੇ ਹੋ, ਤਾਂ ਯਹੋਵਾਹ ਤੁਹਾਨੂੰ ਦੁਬਾਰਾ ਜੀਉਂਦਾ ਕਰ ਕੇ ਤੁਹਾਡੀ ਯਾਦਾਸ਼ਤ, ਰਵੱਈਏ ਅਤੇ ਸੁਭਾਅ ਨੂੰ ਉਸੇ ਤਰ੍ਹਾਂ ਦਾ ਬਣਾ ਸਕਦਾ ਹੈ ਜਿਵੇਂ ਪਹਿਲਾਂ ਸੀ। ਰਾਜਾ ਦਾਊਦ ਜਾਣਦਾ ਸੀ ਕਿ ਯਹੋਵਾਹ ਸਾਡੇ ਇਕੱਲੇ-ਇਕੱਲੇ ਵਿਚ ਕਿੰਨੀ ਦਿਲਚਸਪੀ ਰੱਖਦਾ ਹੈ! (ਜ਼ਬੂਰ 139:1-4 ਪੜ੍ਹੋ।) ਇਹ ਜਾਣ ਕੇ ਸਾਡੇ ’ਤੇ ਕੀ ਅਸਰ ਪੈਂਦਾ ਹੈ ਕਿ ਯਹੋਵਾਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ?

14. ਇਸ ਗੱਲ ’ਤੇ ਸੋਚ-ਵਿਚਾਰ ਕਰ ਕੇ ਸਾਡੇ ’ਤੇ ਕੀ ਅਸਰ ਪੈਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ?

14 ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ, ਤਾਂ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕਿਉਂ ਨਹੀਂ? ਯਾਦ ਰੱਖੋ ਕਿ ਯਹੋਵਾਹ ਸਾਡੀ ਦਿਲੋਂ ਪਰਵਾਹ ਕਰਦਾ ਹੈ। ਉਹ ਉਨ੍ਹਾਂ ਗੁਣਾਂ ਦੀ ਕਦਰ ਕਰਦਾ ਹੈ ਜਿਨ੍ਹਾਂ ਕਰਕੇ ਅਸੀਂ ਇਕ-ਦੂਸਰੇ ਤੋਂ ਵੱਖਰੇ ਹਾਂ। ਯਹੋਵਾਹ ਯਾਦ ਰੱਖਦਾ ਹੈ ਕਿ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤਕ ਸਾਡੀ ਜ਼ਿੰਦਗੀ ਕਿਹੋ ਜਿਹੀ ਰਹੀ ਹੈ। ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇਕੱਲੇ ਹਾਂ। ਹਰ ਦਿਨ, ਹਰ ਪਲ ਯਹੋਵਾਹ ਸਾਡੇ ਨਾਲ ਹੁੰਦਾ ਹੈ ਅਤੇ ਸਾਡੀ ਮਦਦ ਕਰਨ ਦੇ ਮੌਕੇ ਭਾਲਦਾ ਹੈ।—2 ਇਤ. 16:9.

ਯਹੋਵਾਹ ਦੀ ਬੁੱਧ ਦੀ ਕਦਰ ਕਰੋ

15. ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਤੋਂ ਯਹੋਵਾਹ ਦੀ ਬੁੱਧ ਦਾ ਸਬੂਤ ਕਿਵੇਂ ਮਿਲਦਾ ਹੈ?

15 ਮੌਤ ਦੀ ਧਮਕੀ ਇਕ ਜ਼ਬਰਦਸਤ ਹਥਿਆਰ ਹੈ। ਸ਼ੈਤਾਨ ਦੇ ਵੱਸ ਵਿਚ ਪਏ ਲੋਕ ਇਹ ਧਮਕੀ ਦੇ ਕੇ ਦੂਜਿਆਂ ਨੂੰ ਵਿਸ਼ਵਾਸਘਾਤ ਕਰਨ ਅਤੇ ਆਪਣੇ ਅਸੂਲਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਦੇ ਹਨ। ਪਰ ਇਹ ਹਥਿਆਰ ਸਾਡੇ ’ਤੇ ਨਹੀਂ ਚੱਲਦਾ। ਅਸੀਂ ਜਾਣਦੇ ਹਾਂ ਕਿ ਜੇ ਸਾਡੇ ਦੁਸ਼ਮਣ ਸਾਨੂੰ ਮੌਤ ਦੇ ਘਾਟ ਉਤਾਰ ਵੀ ਦੇਣ, ਤਾਂ ਯਹੋਵਾਹ ਸਾਨੂੰ ਦੁਬਾਰਾ ਜੀਉਂਦਾ ਕਰੇਗਾ। (ਪ੍ਰਕਾ. 2:10) ਸਾਨੂੰ ਯਕੀਨ ਹੈ ਕਿ ਕੋਈ ਵੀ ਚੀਜ਼ ਯਹੋਵਾਹ ਨਾਲੋਂ ਸਾਨੂੰ ਅੱਡ ਨਹੀਂ ਕਰ ਸਕਦੀ। (ਰੋਮੀ. 8:35-39) ਦੁਬਾਰਾ ਜੀਉਂਦਾ ਕੀਤੇ ਜਾਣ ਦੀ ਉਮੀਦ ਦੇ ਕੇ ਯਹੋਵਾਹ ਨੇ ਆਪਣੀ ਲਾਜਵਾਬ ਬੁੱਧ ਦਾ ਸਬੂਤ ਦਿੱਤਾ ਹੈ! ਇਸ ਉਮੀਦ ਦੇ ਜ਼ਰੀਏ ਉਹ ਸ਼ੈਤਾਨ ਦੇ ਇਸ ਅਸਰਦਾਰ ਹਥਿਆਰ ਨੂੰ ਨਕਾਰਾ ਕਰ ਦਿੰਦਾ ਹੈ ਅਤੇ ਸਾਨੂੰ ਮਾਅਰਕੇ ਦੀ ਦਲੇਰੀ ਦਿੰਦਾ ਹੈ।

ਕੀ ਸਾਡੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਇਸ ਵਾਅਦੇ ’ਤੇ ਭਰੋਸਾ ਰੱਖਦੇ ਹਾਂ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ? (ਪੈਰਾ 16 ਦੇਖੋ) *

16. (ੳ) ਤੁਹਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣ ਦੀ ਲੋੜ ਹੈ? (ਅ) ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ’ਤੇ ਕਿੰਨਾ ਕੁ ਭਰੋਸਾ ਕਰਦੇ ਹੋ?

16 ਜੇ ਯਹੋਵਾਹ ਦੇ ਦੁਸ਼ਮਣ ਤੁਹਾਨੂੰ ਜਾਨੋਂ ਮਾਰਨ ਦੀ ਧਮਕੀ ਦੇਣ, ਤਾਂ ਕੀ ਤੁਸੀਂ ਭਰੋਸਾ ਰੱਖੋਗੇ ਕਿ ਉਹ ਤੁਹਾਨੂੰ ਦੁਬਾਰਾ ਜੀਉਂਦਾ ਕਰੇਗਾ? ਇਹ ਗੱਲ ਤੁਸੀਂ ਕਿਵੇਂ ਜਾਣ ਸਕਦੇ ਹੋ? ਇਕ ਤਰੀਕਾ ਹੈ ਕਿ ਤੁਸੀਂ ਆਪਣੇ ਤੋਂ ਪੁੱਛੋ, ‘ਕੀ ਹਰ ਰੋਜ਼ ਕੀਤੇ ਮੇਰੇ ਛੋਟੇ-ਛੋਟੇ ਫ਼ੈਸਲਿਆਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਮੈਂ ਯਹੋਵਾਹ ’ਤੇ ਭਰੋਸਾ ਕਰਦਾ ਹਾਂ?’ (ਲੂਕਾ 16:10) ਜਾਂ ਤੁਸੀਂ ਖ਼ੁਦ ਤੋਂ ਇਹ ਪੁੱਛ ਸਕਦੇ ਹੋ, ‘ਕੀ ਮੇਰੇ ਰਹਿਣ-ਸਹਿਣ ਤੋਂ ਪਤਾ ਲੱਗਦਾ ਹੈ ਕਿ ਮੈਂ ਯਹੋਵਾਹ ਦੇ ਰਾਜ ਨੂੰ ਪਹਿਲ ਦੇ ਰਿਹਾ ਹਾਂ ਅਤੇ ਮੈਨੂੰ ਉਸ ਦੇ ਵਾਅਦੇ ’ਤੇ ਭਰੋਸਾ ਹੈ ਕਿ ਉਹ ਮੇਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ?’ (ਮੱਤੀ 6:31-33) ਜੇ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ‘ਹਾਂ’ ਵਿਚ ਦਿੰਦੇ ਹੋ, ਤਾਂ ਤੁਸੀਂ ਸਾਬਤ ਕਰਦੇ ਹੋ ਕਿ ਤੁਹਾਨੂੰ ਯਹੋਵਾਹ ’ਤੇ ਭਰੋਸਾ ਹੈ। ਫਿਰ ਤੁਸੀਂ ਭਵਿੱਖ ਵਿਚ ਹੋਣ ਵਾਲੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਵੋਗੇ।—ਕਹਾ. 3:5, 6.

ਯਹੋਵਾਹ ਦੇ ਧੀਰਜ ਦੀ ਕਦਰ ਕਰੋ

17. (ੳ) ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਧੀਰਜ ਰੱਖਦਾ ਹੈ? (ਅ) ਅਸੀਂ ਯਹੋਵਾਹ ਦੇ ਧੀਰਜ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

17 ਯਹੋਵਾਹ ਨੇ ਉਹ ਦਿਨ ਅਤੇ ਘੜੀ ਤੈਅ ਕੀਤੀ ਹੈ ਜਦੋਂ ਉਹ ਇਸ ਦੁਨੀਆਂ ਦਾ ਅੰਤ ਕਰੇਗਾ। (ਮੱਤੀ 24:36) ਉਹ ਬੇਸਬਰਾ ਹੋ ਕੇ ਸਮੇਂ ਤੋਂ ਪਹਿਲਾਂ ਕਦਮ ਨਹੀਂ ਚੁੱਕੇਗਾ। ਭਾਵੇਂ ਉਹ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸ ਰਿਹਾ ਹੈ, ਫਿਰ ਵੀ ਉਹ ਧੀਰਜ ਰੱਖਦਾ ਹੈ। (ਅੱਯੂ. 14:14, 15) ਉਹ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਉਹ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੇਗਾ। (ਯੂਹੰ. 5:28) ਯਹੋਵਾਹ ਦੇ ਧੀਰਜ ਲਈ ਕਦਰਦਾਨੀ ਦਿਖਾਉਣ ਦੇ ਸਾਡੇ ਕੋਲ ਚੰਗੇ ਕਾਰਨ ਹਨ। ਜ਼ਰਾ ਸੋਚੋ: ਯਹੋਵਾਹ ਦੇ ਧੀਰਜ ਰੱਖਣ ਕਰਕੇ ਹੀ ਬਹੁਤ ਸਾਰੇ ਲੋਕਾਂ ਨੂੰ “ਤੋਬਾ ਕਰਨ ਦਾ ਮੌਕਾ” ਮਿਲਿਆ ਹੈ ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ। (2 ਪਤ. 3:9) ਯਹੋਵਾਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇ। ਇਸ ਲਈ ਆਓ ਆਪਾਂ ਯਹੋਵਾਹ ਦੇ ਧੀਰਜ ਲਈ ਕਦਰ ਦਿਖਾਈਏ। ਕਿਵੇਂ? ਸਾਨੂੰ ਪੂਰੀ ਵਾਹ ਲਾ ਕੇ ਉਨ੍ਹਾਂ ਲੋਕਾਂ ਨੂੰ ਲੱਭਣ ਦੀ ਲੋੜ ਹੈ ਜਿਹੜੇ “ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ। ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਸੇਵਾ ਕਰਨ। (ਰਸੂ. 13:48) ਇਸ ਤਰ੍ਹਾਂ ਉਨ੍ਹਾਂ ਨੂੰ ਵੀ ਯਹੋਵਾਹ ਦੇ ਧੀਰਜ ਦਾ ਫ਼ਾਇਦਾ ਹੋਵੇਗਾ ਜਿਸ ਤਰ੍ਹਾਂ ਸਾਨੂੰ ਹੋਇਆ ਹੈ।

18. ਸਾਨੂੰ ਦੂਜਿਆਂ ਨਾਲ ਧੀਰਜ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ?

18 ਯਹੋਵਾਹ ਦੇ ਧੀਰਜ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਹ ਹਜ਼ਾਰ ਸਾਲ ਪੂਰੇ ਹੋਣ ਤੋਂ ਪਹਿਲਾਂ ਸਾਡੇ ਤੋਂ ਮੁਕੰਮਲ ਹੋਣ ਦੀ ਉਮੀਦ ਨਹੀਂ ਰੱਖਦਾ। ਉਦੋਂ ਤਕ ਯਹੋਵਾਹ ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ ਤਿਆਰ ਹੈ। ਇਸੇ ਕਾਰਨ ਸਾਨੂੰ ਵੀ ਦੂਸਰਿਆਂ ਵਿਚ ਚੰਗੇ ਗੁਣ ਦੇਖਣ ਤੇ ਉਨ੍ਹਾਂ ਨਾਲ ਧੀਰਜ ਧਰਨ ਦੀ ਲੋੜ ਹੈ। ਜ਼ਰਾ ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ। ਉਸ ਦੇ ਪਤੀ ਨੂੰ ਕਦੀ-ਕਦੀ ਬਹੁਤ ਘਬਰਾਹਟ ਹੋਣ ਲੱਗ ਪੈਂਦੀ ਸੀ ਜਿਸ ਕਰਕੇ ਉਸ ਨੇ ਸਭਾਵਾਂ ’ਤੇ ਆਉਣਾ ਛੱਡ ਦਿੱਤਾ। ਉਹ ਕਹਿੰਦੀ ਹੈ, “ਇਹ ਮੇਰੇ ਲਈ ਬਹੁਤ ਔਖਾ ਸਮਾਂ ਸੀ। ਭਵਿੱਖ ਲਈ ਬਣਾਈਆਂ ਸਾਡੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ।” ਪਰ ਇਸ ਸਮੇਂ ਦੌਰਾਨ ਭੈਣ ਨੇ ਆਪਣੇ ਪਤੀ ਨਾਲ ਧੀਰਜ ਰੱਖਿਆ। ਉਸ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਕਦੀ ਹਾਰ ਨਹੀਂ ਮੰਨੀ। ਭੈਣ ਨੇ ਆਪਣੇ ਪਤੀ ਦੀ ਮੁਸ਼ਕਲ ’ਤੇ ਧਿਆਨ ਲਾਉਣ ਦੀ ਬਜਾਇ, ਯਹੋਵਾਹ ਵਾਂਗ ਉਸ ਦੀਆਂ ਚੰਗੀਆਂ ਗੱਲਾਂ ’ਤੇ ਧਿਆਨ ਲਾਇਆ। ਉਹ ਕਹਿੰਦੀ ਹੈ, “ਮੇਰੇ ਪਤੀ ਵਿਚ ਕਈ ਚੰਗੇ ਗੁਣ ਹਨ ਅਤੇ ਉਹ ਆਪਣੀ ਘਬਰਾਹਟ ’ਤੇ ਕਾਬੂ ਪਾਉਣ ਦੀ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।” ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਜੀਆਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਧੀਰਜ ਨਾਲ ਪੇਸ਼ ਆਈਏ ਜੋ ਆਪਣੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ!

19. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

19 ਜਦੋਂ ਧਰਤੀ ਬਣਾਈ ਗਈ ਸੀ, ਤਾਂ ਉਸ ਨੂੰ ਦੇਖ ਕੇ ਯਿਸੂ ਅਤੇ ਦੂਤਾਂ ਨੇ ਬਹੁਤ ਖ਼ੁਸ਼ੀ ਮਨਾਈ। ਪਰ ਜ਼ਰਾ ਕਲਪਨਾ ਕਰੋ ਕਿ ਉਹ ਉਦੋਂ ਕਿੰਨੇ ਖ਼ੁਸ਼ ਹੋਣਗੇ ਜਦੋਂ ਉਹ ਦੇਖਣਗੇ ਕਿ ਸਾਰੀ ਧਰਤੀ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਸੇਵਾ ਕਰਨ ਵਾਲੇ ਮੁਕੰਮਲ ਲੋਕਾਂ ਨਾਲ ਭਰੀ ਹੋਈ ਹੈ। ਜਿਨ੍ਹਾਂ ਲੋਕਾਂ ਨੂੰ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ ਧਰਤੀ ਤੋਂ ਚੁਣਿਆ ਗਿਆ ਹੈ, ਉਨ੍ਹਾਂ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੋਵੇਗੀ ਕਿ ਉਨ੍ਹਾਂ ਦੇ ਕੰਮਾਂ ਤੋਂ ਸਾਰੇ ਇਨਸਾਨਾਂ ਨੂੰ ਫ਼ਾਇਦਾ ਹੋ ਰਿਹਾ ਹੈ। (ਪ੍ਰਕਾ. 4:4, 9-11; 5:9, 10) ਜ਼ਰਾ ਸੋਚੋ, ਉਸ ਵੇਲੇ ਜ਼ਿੰਦਗੀ ਕਿੰਨੀ ਖ਼ੁਸ਼ਹਾਲ ਹੋਵੇਗੀ ਜਦੋਂ ਦੁੱਖ ਦੇ ਹੰਝੂਆਂ ਦੀ ਜਗ੍ਹਾ ਖ਼ੁਸ਼ੀ ਦੇ ਹੰਝੂ ਹੋਣਗੇ ਕਿਉਂਕਿ ਉਸ ਵੇਲੇ ਬੀਮਾਰੀ, ਸੋਗ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੋਵੇਗਾ। (ਪ੍ਰਕਾ. 21:4) ਉਹ ਸਮਾਂ ਆਉਣ ਤਕ ਆਪਣੇ ਪਿਆਰ ਕਰਨ ਵਾਲੇ, ਬੁੱਧੀਮਾਨ ਅਤੇ ਧੀਰਜ ਰੱਖਣ ਵਾਲੇ ਪਿਤਾ ਦੀ ਰੀਸ ਕਰਨ ਦਾ ਪੱਕਾ ਇਰਾਦਾ ਕਰੋ। ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਭਾਵੇਂ ਤੁਹਾਨੂੰ ਜਿਹੜੀ ਮਰਜ਼ੀ ਮੁਸ਼ਕਲ ਆਵੇ, ਤੁਸੀਂ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕੋਗੇ। (ਯਾਕੂ. 1:2-4) ਅਸੀਂ ਯਹੋਵਾਹ ਦੇ ਇਸ ਵਾਅਦੇ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ‘ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ!’—ਰਸੂ. 24:15.

ਗੀਤ 1 ਯਹੋਵਾਹ ਦੇ ਗੁਣ

^ ਪੈਰਾ 5 ਯਹੋਵਾਹ ਇਕ ਪਿਆਰ ਕਰਨ ਵਾਲਾ, ਬੁੱਧੀਮਾਨ ਅਤੇ ਧੀਰਜ ਰੱਖਣ ਵਾਲਾ ਪਿਤਾ ਹੈ। ਜਿਸ ਤਰੀਕੇ ਨਾਲ ਯਹੋਵਾਹ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਦਾ ਜੋ ਵਾਅਦਾ ਕੀਤਾ ਹੈ, ਉਸ ਤੋਂ ਇਹ ਗੁਣ ਸਾਫ਼ ਨਜ਼ਰ ਆਉਂਦੇ ਹਨ। ਇਸ ਲੇਖ ਵਿਚ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤੇ ਜਾਣ ਬਾਰੇ ਸਾਡੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਅਸੀਂ ਯਹੋਵਾਹ ਦੇ ਪਿਆਰ, ਬੁੱਧ ਅਤੇ ਧੀਰਜ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਸੈਂਕੜੇ ਸਾਲ ਪਹਿਲਾਂ ਮਰੇ ਇਕ ਅਮਰੀਕੀ ਆਦਿਵਾਸੀ ਆਦਮੀ ਨੂੰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਜੀਉਂਦਾ ਕੀਤਾ ਗਿਆ ਹੈ। ਆਰਮਾਗੇਡਨ ਵਿੱਚੋਂ ਬਚ ਨਿਕਲਿਆ ਭਰਾ ਖ਼ੁਸ਼ੀ-ਖ਼ੁਸ਼ੀ ਉਸ ਆਦਮੀ ਨੂੰ ਸਿਖਾਉਂਦਾ ਹੈ ਕਿ ਮਸੀਹ ਦੀ ਰਿਹਾਈ ਦੀ ਕੀਮਤ ਦਾ ਫ਼ਾਇਦਾ ਲੈਣ ਲਈ ਉਸ ਨੂੰ ਕੀ ਕਰਨ ਦੀ ਲੋੜ ਹੈ।

^ ਪੈਰਾ 61 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਆਪਣੇ ਮਾਲਕ ਨੂੰ ਦੱਸਦਾ ਹੈ ਕਿ ਉਹ ਹਫ਼ਤੇ ਦੇ ਕੁਝ ਦਿਨ ਓਵਰ-ਟਾਈਮ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦਿਨਾਂ ਵਿਚ ਉਸ ਨੇ ਯਹੋਵਾਹ ਦੀ ਭਗਤੀ ਨਾਲ ਜੁੜੇ ਕੰਮ ਕਰਨੇ ਹੁੰਦੇ ਹਨ। ਪਰ ਬਾਕੀ ਦਿਨ ਜਦੋਂ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੁੰਦਾ ਹੈ, ਤਾਂ ਉਹ ਓਵਰ-ਟਾਈਮ ਕਰਨ ਲਈ ਤਿਆਰ ਹੈ।