Skip to content

Skip to table of contents

ਅਧਿਐਨ ਲੇਖ 31

ਕੀ ਤੁਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋਗੇ?

ਕੀ ਤੁਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋਗੇ?

‘ਮੈਂ ਧੀਰਜ ਨਾਲ ਉਡੀਕ ਕਰਾਂਗਾ।’—ਮੀਕਾ. 7:7.

ਗੀਤ 115 ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

ਖ਼ਾਸ ਗੱਲਾਂ *

1-2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

ਤੁਹਾਨੂੰ ਉਦੋਂ ਕਿਵੇਂ ਲੱਗਦਾ ਹੈ ਜਦੋਂ ਤੁਹਾਡੀ ਆਰਡਰ ਕੀਤੀ ਹੋਈ ਚੀਜ਼ ਸਮੇਂ ਸਿਰ ਨਹੀਂ ਮਿਲਦੀ? ਕੀ ਤੁਸੀਂ ਨਿਰਾਸ਼ ਹੋ ਜਾਂਦੇ ਹੋ? ਕਹਾਉਤਾਂ 13:12 ਬਿਲਕੁਲ ਸਹੀ ਕਹਿੰਦਾ ਹੈ: “ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰ ਦਿੰਦੀ ਹੈ।” ਪਰ ਉਦੋਂ ਕੀ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸੇ ਚੰਗੇ ਕਾਰਨ ਕਰਕੇ ਉਹ ਚੀਜ਼ ਸਮੇਂ ਸਿਰ ਨਹੀਂ ਪਹੁੰਚੀ? ਉਸ ਵੇਲੇ ਤੁਸੀਂ ਧੀਰਜ ਨਾਲ ਉਡੀਕ ਕਰਨ ਲਈ ਤਿਆਰ ਹੋਵੋਗੇ।

2 ਇਸ ਲੇਖ ਵਿਚ ਅਸੀਂ ਬਾਈਬਲ ਦੇ ਕੁਝ ਅਸੂਲ ਦੇਖਾਂਗੇ ਜੋ ‘ਧੀਰਜ ਨਾਲ ਉਡੀਕ ਕਰਨ’ ਵਿਚ ਸਾਡੀ ਮਦਦ ਕਰ ਸਕਦੇ ਹਨ। (ਮੀਕਾ. 7:7) ਨਾਲੇ ਅਸੀਂ ਦੋ ਹਾਲਾਤਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਵਿਚ ਸਾਨੂੰ ਧੀਰਜ ਨਾਲ ਉਡੀਕ ਕਰਨੀ ਚਾਹੀਦੀ ਹੈ ਕਿ ਯਹੋਵਾਹ ਸਹੀ ਸਮੇਂ ਤੇ ਕਦਮ ਚੁੱਕੇਗਾ। ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਧੀਰਜ ਨਾਲ ਉਡੀਕ ਕਰਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।

ਬਾਈਬਲ ਦੇ ਅਸੂਲ ਜੋ ਸਾਨੂੰ ਧੀਰਜ ਰੱਖਣਾ ਸਿਖਾਉਂਦੇ ਹਨ

3. ਕਹਾਉਤਾਂ 13:11 ਵਿਚ ਦਰਜ ਅਸੂਲ ਤੋਂ ਕੀ ਪਤਾ ਲੱਗਦਾ ਹੈ?

3 ਕਹਾਉਤਾਂ 13:11 ਤੋਂ ਪਤਾ ਲੱਗਦਾ ਹੈ ਕਿ ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ। ਇਸ ਵਿਚ ਲਿਖਿਆ ਹੈ: “ਰਾਤੋ-ਰਾਤ ਕਮਾਈ ਧਨ-ਦੌਲਤ ਘੱਟਦੀ ਜਾਵੇਗੀ, ਪਰ ਥੋੜ੍ਹਾ-ਥੋੜ੍ਹਾ ਕਰ ਕੇ ਧਨ ਜੋੜਨ ਵਾਲੇ ਦਾ ਧਨ ਵਧਦਾ ਜਾਵੇਗਾ।” ਇਸ ਅਸੂਲ ਤੋਂ ਅਸੀਂ ਕੀ ਸਿੱਖਦੇ ਹਾਂ? ਧੀਰਜ ਨਾਲ ਕੰਮ ਕਰਨੇ ਅਕਲਮੰਦੀ ਦੀ ਗੱਲ ਹੈ, ਪਰ ਬਹੁਤ ਸਾਰੇ ਕੰਮ ਇੱਕੋ ਵਾਰ ਨਾ ਕਰੋ।

4. ਕਹਾਉਤਾਂ 4:18 ਵਿਚ ਦਿੱਤੇ ਅਸੂਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

4 ਕਹਾਉਤਾਂ 4:18 ਵਿਚ ਦੱਸਿਆ ਗਿਆ ਹੈ: “ਧਰਮੀਆਂ ਦਾ ਰਾਹ ਸਵੇਰ ਦੇ ਚਾਨਣ ਵਰਗਾ ਹੈ ਜੋ ਪੂਰਾ ਦਿਨ ਚੜ੍ਹਨ ਤਕ ਵਧਦਾ ਜਾਂਦਾ ਹੈ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਆਪਣਾ ਮਕਸਦ ਹੌਲੀ-ਹੌਲੀ ਦੱਸਦਾ ਹੈ। ਪਰ ਇਹ ਅਸੂਲ ਮਸੀਹੀਆਂ ’ਤੇ ਵੀ ਲਾਗੂ ਹੁੰਦਾ ਹੈ। ਉਹ ਵੀ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਦੇ ਹਨ ਅਤੇ ਯਹੋਵਾਹ ਦੇ ਨੇੜੇ ਜਾਂਦੇ ਹਨ। ਪਰ ਇਸ ਤਰ੍ਹਾਂ ਰਾਤੋ-ਰਾਤ ਨਹੀਂ ਕੀਤਾ ਜਾ ਸਕਦਾ, ਇਸ ਵਿਚ ਸਮਾਂ ਲੱਗਦਾ ਹੈ। ਜੇ ਅਸੀਂ ਧਿਆਨ ਨਾਲ ਅਧਿਐਨ ਕਰਦੇ ਹਾਂ ਅਤੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਸੰਗਠਨ ਤੋਂ ਮਿਲਦੀ ਸਲਾਹ ਮੰਨਦੇ ਹਾਂ, ਤਾਂ ਸਾਡੀ ਸ਼ਖ਼ਸੀਅਤ ਹੌਲੀ-ਹੌਲੀ ਮਸੀਹ ਵਰਗੀ ਬਣਦੀ ਜਾਵੇਗੀ। ਨਾਲੇ ਪਰਮੇਸ਼ੁਰ ਬਾਰੇ ਸਾਡਾ ਗਿਆਨ ਵੀ ਵਧਦਾ ਜਾਵੇਗਾ। ਆਓ ਦੇਖੀਏ ਕਿ ਯਿਸੂ ਨੇ ਇਹ ਗੱਲ ਕਿਵੇਂ ਸਮਝਾਈ।

ਜਿਵੇਂ ਇਕ ਪੌਦਾ ਹੌਲੀ-ਹੌਲੀ ਵਧਦਾ ਹੈ, ਉਸੇ ਤਰ੍ਹਾਂ ਰਾਜ ਦਾ ਸੰਦੇਸ਼ ਸੁਣਨ ਵਾਲਾ ਵਿਅਕਤੀ ਹੌਲੀ-ਹੌਲੀ ਆਪਣੇ ਵਿਚ ਤਬਦੀਲੀਆਂ ਕਰਦਾ ਹੈ (ਪੈਰਾ 5 ਦੇਖੋ)

5. ਯਿਸੂ ਨੇ ਕਿਹੜੀ ਮਿਸਾਲ ਦੇ ਕੇ ਸਮਝਾਇਆ ਕਿ ਤਬਦੀਲੀਆਂ ਕਰਨ ਵਿਚ ਸਮਾਂ ਲੱਗਦਾ ਹੈ?

5 ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਰਾਜ ਦਾ ਸੰਦੇਸ਼ ਕਿਵੇਂ ਇਕ ਛੋਟੇ ਜਿਹੇ ਬੀ ਵਰਗਾ ਹੈ ਜੋ ਹੌਲੀ-ਹੌਲੀ ਨੇਕਦਿਲ ਲੋਕਾਂ ਦੇ ਦਿਲਾਂ ਵਿਚ ਵਧਦਾ ਜਾਂਦਾ ਹੈ। ਉਸ ਨੇ ਕਿਹਾ: “ਬੀ ਪੁੰਗਰਦੇ ਤੇ ਵਧਦੇ ਹਨ, ਪਰ ਉਸ [ਬੀ ਬੀਜਣ ਵਾਲੇ] ਨੂੰ ਨਹੀਂ ਪਤਾ ਕਿ ਇਹ ਕਿਵੇਂ ਹੁੰਦਾ ਹੈ। ਜ਼ਮੀਨ ਖ਼ੁਦ-ਬ-ਖ਼ੁਦ ਹੌਲੀ-ਹੌਲੀ ਫਲ ਦਿੰਦੀ ਹੈ, ਪਹਿਲਾਂ ਬੀ ਪੁੰਗਰਦਾ ਹੈ, ਫਿਰ ਸਿੱਟਾ ਨਿਕਲਦਾ ਹੈ ਅਤੇ ਅਖ਼ੀਰ ਵਿਚ ਸਿੱਟਾ ਦਾਣਿਆਂ ਨਾਲ ਭਰ ਜਾਂਦਾ ਹੈ।” (ਮਰ. 4:27, 28) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ? ਉਹ ਸਮਝਾ ਰਿਹਾ ਸੀ ਕਿ ਜਿਸ ਤਰ੍ਹਾਂ ਇਕ ਪੌਦਾ ਹੌਲੀ-ਹੌਲੀ ਵਧਦਾ ਹੈ, ਉਸੇ ਤਰ੍ਹਾਂ ਰਾਜ ਦਾ ਸੰਦੇਸ਼ ਸੁਣਨ ਵਾਲਾ ਵਿਅਕਤੀ ਹੌਲੀ-ਹੌਲੀ ਆਪਣੇ ਵਿਚ ਤਬਦੀਲੀਆਂ ਕਰਦਾ ਹੈ। ਉਦਾਹਰਣ ਲਈ, ਜਦੋਂ ਬਾਈਬਲ ਵਿਦਿਆਰਥੀ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਵਿਚ ਕਈ ਚੰਗੀਆਂ ਤਬਦੀਲੀਆਂ ਨਜ਼ਰ ਆਉਣ ਲੱਗਦੀਆਂ ਹਨ। (ਅਫ਼. 4:22-24) ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹੀ ਉਸ ਛੋਟੇ ਜਿਹੇ ਬੀ ਨੂੰ ਵਧਾਉਂਦਾ ਹੈ।—1 ਕੁਰਿੰ. 3:7.

6-7. ਯਹੋਵਾਹ ਨੇ ਜਿਸ ਤਰੀਕੇ ਨਾਲ ਧਰਤੀ ਨੂੰ ਰਚਿਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?

6 ਯਹੋਵਾਹ ਕੁਝ ਵੀ ਜਲਦਬਾਜ਼ੀ ਵਿਚ ਨਹੀਂ ਕਰਦਾ, ਸਗੋਂ ਸੋਚ-ਸਮਝ ਕੇ ਤੇ ਸਮਾਂ ਲਗਾ ਕੇ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਂ ਦੀ ਮਹਿਮਾ ਲਈ ਅਤੇ ਦੂਜਿਆਂ ਦੇ ਭਲੇ ਲਈ ਕਰਦਾ ਹੈ। ਗੌਰ ਕਰੋ ਕਿ ਇਨਸਾਨਾਂ ਵਾਸਤੇ ਧਰਤੀ ਨੂੰ ਤਿਆਰ ਕਰਨ ਲਈ ਯਹੋਵਾਹ ਨੇ ਇਕ ਸਮੇਂ ਤੇ ਇਕ ਕਦਮ ਉਠਾਇਆ।

7 ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ ਧਰਤੀ ਨੂੰ ਕਿਵੇਂ ਰਚਿਆ। ਪਹਿਲਾਂ ਉਸ ਨੇ “ਇਸ ਦਾ ਨਾਪ ਠਹਿਰਾਇਆ,” ਫਿਰ ਇਸ ਦੇ ‘ਪਾਵੇ ਗੱਡੇ’ ਅਤੇ “ਇਸ ਦੇ ਕੋਨੇ ਦਾ ਪੱਥਰ ਰੱਖਿਆ।” (ਅੱਯੂ. 38:5, 6) ਉਸ ਨੇ ਆਪਣੇ ਕੰਮ ’ਤੇ ਸੋਚ-ਵਿਚਾਰ ਕਰਨ ਲਈ ਸਮਾਂ ਵੀ ਕੱਢਿਆ। (ਉਤ. 1:10, 12) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦੂਤਾਂ ਨੂੰ ਕਿਵੇਂ ਲੱਗਾ ਹੋਣਾ ਜਦੋਂ ਉਨ੍ਹਾਂ ਨੇ ਯਹੋਵਾਹ ਦੇ ਕੰਮਾਂ ਨੂੰ ਹੌਲੀ-ਹੌਲੀ ਪੂਰਾ ਹੁੰਦਾ ਦੇਖਿਆ? ਉਹ ਬਹੁਤ ਹੀ ਖ਼ੁਸ਼ ਹੋਏ ਹੋਣੇ! ਇਕ ਸਮੇਂ ਤੇ ਤਾਂ ਉਹ “ਜੈ-ਜੈ ਕਾਰ ਕਰਨ” ਲੱਗ ਪਏ। (ਅੱਯੂ. 38:7) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਯਹੋਵਾਹ ਦੇ ਕੰਮਾਂ ਨੂੰ ਪੂਰਾ ਹੋਣ ਵਿਚ ਕਈ ਹਜ਼ਾਰ ਸਾਲ ਲੱਗ ਗਏ। ਪਰ ਜਦੋਂ ਯਹੋਵਾਹ ਨੇ ਸੋਚ-ਸਮਝ ਕੇ ਰਚੀ ਆਪਣੀ ਹਰ ਚੀਜ਼ ਦੇਖੀ, ਤਾਂ ਉਸ ਨੇ ਕਿਹਾ ਕਿ ਇਹ “ਬਹੁਤ ਹੀ ਵਧੀਆ” ਸੀ।—ਉਤ. 1:31.

8. ਹੁਣ ਅਸੀਂ ਕੀ ਦੇਖਾਂਗੇ?

8 ਉੱਪਰ ਦੱਸੀਆਂ ਮਿਸਾਲਾਂ ਤੋਂ ਅਸੀਂ ਦੇਖਿਆ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਬਹੁਤ ਸਾਰੇ ਅਸੂਲ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਧੀਰਜ ਰੱਖਣ ਦੀ ਕਿੰਨੀ ਲੋੜ ਹੈ। ਹੁਣ ਅਸੀਂ ਦੋ ਖ਼ਾਸ ਹਾਲਾਤ ਦੇਖਾਂਗੇ ਜਿਨ੍ਹਾਂ ਵਿਚ ਸਾਨੂੰ ਧੀਰਜ ਨਾਲ ਯਹੋਵਾਹ ਦੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ।

ਸਾਨੂੰ ਕਦੋਂ ਯਹੋਵਾਹ ਦੀ ਉਡੀਕ ਕਰਨ ਦੀ ਲੋੜ ਹੈ?

9. ਕਿਹੜੇ ਇਕ ਹਾਲਾਤ ਵਿਚ ਸਾਨੂੰ ਯਹੋਵਾਹ ਦੇ ਸਮੇਂ ਦੀ ਉਡੀਕ ਕਰਨ ਦੀ ਲੋੜ ਹੈ?

9ਸਾਨੂੰ ਸ਼ਾਇਦ ਆਪਣੀਆਂ ਪ੍ਰਾਰਥਨਾਵਾਂ ਦੇ ਜਵਾਬ ਦੀ ਉਡੀਕ ਕਰਨੀ ਪਵੇ। ਜਦੋਂ ਅਸੀਂ ਕਿਸੇ ਅਜ਼ਮਾਇਸ਼ ਨੂੰ ਸਹਿਣ ਦੀ ਤਾਕਤ ਵਾਸਤੇ ਜਾਂ ਕਿਸੇ ਕਮਜ਼ੋਰੀ ’ਤੇ ਕਾਬੂ ਪਾਉਣ ਲਈ ਮਦਦ ਵਾਸਤੇ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਸ਼ਾਇਦ ਲੱਗੇ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉੱਨੀ ਛੇਤੀ ਨਹੀਂ ਦੇ ਰਿਹਾ ਜਿੰਨੀ ਛੇਤੀ ਅਸੀਂ ਉਮੀਦ ਰੱਖੀ ਸੀ। ਯਹੋਵਾਹ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਉਸੇ ਵੇਲੇ ਕਿਉਂ ਨਹੀਂ ਦੇ ਦਿੰਦਾ?

10. ਆਪਣੀਆਂ ਪ੍ਰਾਰਥਨਾਵਾਂ ਦੇ ਜਵਾਬ ਲਈ ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ?

10 ਯਹੋਵਾਹ ਧਿਆਨ ਨਾਲ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਜ਼ਬੂ. 65:2) ਉਹ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਨੂੰ ਸਾਡੀ ਨਿਹਚਾ ਦਾ ਸਬੂਤ ਸਮਝਦਾ ਹੈ। (ਇਬ. 11:6) ਨਾਲੇ ਉਹ ਇਹ ਵੀ ਦੇਖਦਾ ਹੈ ਕਿ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਚੱਲਣ ਅਤੇ ਉਸ ਦੀ ਇੱਛਾ ਪੂਰੀ ਕਰਨ ਦਾ ਸਾਡਾ ਇਰਾਦਾ ਕਿੰਨਾ ਕੁ ਪੱਕਾ ਹੈ। ਇਸ ਲਈ ਜਦੋਂ ਵੀ ਅਸੀਂ ਆਪਣੀ ਕਿਸੇ ਬੁਰੀ ਆਦਤ ਜਾਂ ਕਿਸੇ ਕਮਜ਼ੋਰੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਧੀਰਜ ਰੱਖਣ ਅਤੇ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕੰਮ ਕਰਨ ਦੀ ਲੋੜ ਹੈ। (1 ਯੂਹੰ. 3:22) ਯਿਸੂ ਨੇ ਵੀ ਕਿਹਾ ਸੀ ਕਿ ਸਾਡੀਆਂ ਕੁਝ ਪ੍ਰਾਰਥਨਾਵਾਂ ਦਾ ਜਵਾਬ ਇਕਦਮ ਨਹੀਂ ਮਿਲੇਗਾ। ਉਸ ਨੇ ਕਿਹਾ: “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਜੋ ਕੋਈ ਮੰਗਦਾ ਰਹਿੰਦਾ ਹੈ, ਉਸ ਨੂੰ ਮਿਲ ਜਾਂਦਾ ਹੈ ਅਤੇ ਜੋ ਕੋਈ ਲੱਭਦਾ ਰਹਿੰਦਾ ਹੈ, ਉਸ ਨੂੰ ਲੱਭ ਜਾਂਦਾ ਹੈ ਅਤੇ ਜੋ ਕੋਈ ਖੜਕਾਉਂਦਾ ਰਹਿੰਦਾ ਹੈ, ਉਸ ਲਈ ਖੋਲ੍ਹਿਆ ਜਾਵੇਗਾ।” (ਮੱਤੀ 7:7, 8) ਜਦੋਂ ਅਸੀਂ ਇਸ ਸਲਾਹ ਨੂੰ ਮੰਨਦੇ ਹਾਂ ਅਤੇ “ਪ੍ਰਾਰਥਨਾ ਕਰਨ ਵਿਚ ਲੱਗੇ” ਰਹਿੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਦਾ ਜਵਾਬ ਵੀ ਦੇਵੇਗਾ।—ਕੁਲੁ. 4:2.

ਧੀਰਜ ਨਾਲ ਯਹੋਵਾਹ ਦੇ ਸਮੇਂ ਦੀ ਉਡੀਕ ਕਰਦਿਆਂ ਨਿਹਚਾ ਨਾਲ ਪ੍ਰਾਰਥਨਾ ਕਰਦੇ ਰਹੋ (ਪੈਰਾ 11 ਦੇਖੋ) *

11. ਜਦੋਂ ਸਾਨੂੰ ਲੱਗਦਾ ਹੈ ਕਿ ਸਾਡੀ ਪ੍ਰਾਰਥਨਾ ਦਾ ਜਵਾਬ ਮਿਲਣ ਵਿਚ ਦੇਰ ਹੋ ਰਹੀ ਹੈ, ਤਾਂ 1 ਪਤਰਸ 5:6 ਸਾਡੀ ਕਿਵੇਂ ਮਦਦ ਕਰਦਾ ਹੈ?

11 ਭਾਵੇਂ ਸਾਨੂੰ ਲੱਗਦਾ ਹੈ ਕਿ ਸਾਡੀ ਪ੍ਰਾਰਥਨਾ ਦਾ ਜਵਾਬ ਮਿਲਣ ਵਿਚ ਦੇਰ ਹੋ ਰਹੀ ਹੈ, ਪਰ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਹੀ “ਸਮਾਂ ਆਉਣ ’ਤੇ” ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ। (1 ਪਤਰਸ 5:6 ਪੜ੍ਹੋ।) ਇਸੇ ਕਰਕੇ ਸਾਨੂੰ ਕਦੇ ਵੀ ਯਹੋਵਾਹ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ ਜੇ ਸਾਡੀ ਪ੍ਰਾਰਥਨਾ ਦਾ ਜਵਾਬ ਉੱਨੀ ਛੇਤੀ ਨਹੀਂ ਮਿਲਦਾ ਜਿੰਨੀ ਛੇਤੀ ਅਸੀਂ ਸੋਚਿਆ ਸੀ। ਉਦਾਹਰਣ ਲਈ, ਬਹੁਤ ਸਾਰੇ ਭੈਣ-ਭਰਾ ਕਈ ਸਾਲਾਂ ਤੋਂ ਪ੍ਰਾਰਥਨਾ ਕਰ ਰਹੇ ਹਨ ਕਿ ਪਰਮੇਸ਼ੁਰ ਦਾ ਰਾਜ ਇਸ ਦੁਨੀਆਂ ਦਾ ਅੰਤ ਕਰ ਦੇਵੇ। ਯਿਸੂ ਨੇ ਵੀ ਕਿਹਾ ਸੀ ਕਿ ਸਾਨੂੰ ਇਸ ਗੱਲ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਮੱਤੀ 6:10) ਪਰ ਇਹ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇ ਅਸੀਂ ਸਿਰਫ਼ ਇਸ ਕਰਕੇ ਪਰਮੇਸ਼ੁਰ ’ਤੇ ਆਪਣੀ ਨਿਹਚਾ ਕਮਜ਼ੋਰ ਹੋਣ ਦਿੰਦੇ ਹਾਂ ਕਿ ਅੰਤ ਸਾਡੀਆਂ ਉਮੀਦਾਂ ਮੁਤਾਬਕ ਨਹੀਂ ਆਇਆ। (ਹੱਬ. 2:3; ਮੱਤੀ 24:44) ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਧੀਰਜ ਨਾਲ ਯਹੋਵਾਹ ਦੇ ਸਮੇਂ ਦੀ ਉਡੀਕ ਕਰੀਏ ਅਤੇ ਨਿਹਚਾ ਨਾਲ ਪ੍ਰਾਰਥਨਾ ਕਰਦੇ ਰਹੀਏ। ਅੰਤ ਬਿਲਕੁਲ ਸਹੀ ਸਮੇਂ ਤੇ ਆਵੇਗਾ ਕਿਉਂਕਿ ਯਹੋਵਾਹ ਨੇ ਪਹਿਲਾਂ ਹੀ ਉਹ ‘ਦਿਨ ਜਾਂ ਘੜੀ’ ਠਹਿਰਾਈ ਹੋਈ ਹੈ। ਨਾਲੇ ਉਹ ਸਾਰਿਆਂ ਲਈ ਸਭ ਤੋਂ ਵਧੀਆ ਸਮਾਂ ਸਾਬਤ ਹੋਵੇਗਾ।—ਮੱਤੀ 24:36; 2 ਪਤ. 3:15.

ਯੂਸੁਫ਼ ਤੋਂ ਧੀਰਜ ਰੱਖਣ ਬਾਰੇ ਅਸੀਂ ਕੀ ਸਿੱਖ ਸਕਦੇ ਹਾਂ? (ਪੈਰੇ 12-14 ਦੇਖੋ)

12. ਖ਼ਾਸ ਕਰਕੇ ਕਦੋਂ ਸਾਡੇ ਧੀਰਜ ਦੀ ਪਰਖ ਹੋ ਸਕਦੀ ਹੈ?

12ਬੇਇਨਸਾਫ਼ੀ ਸਹਿੰਦਿਆਂ ਸ਼ਾਇਦ ਸਾਨੂੰ ਧੀਰਜ ਰੱਖਣ ਦੀ ਲੋੜ ਪਵੇ। ਇਸ ਦੁਨੀਆਂ ਦੇ ਲੋਕ ਅਕਸਰ ਜਾਤ, ਨਸਲ, ਸਭਿਆਚਾਰ, ਕੌਮ ਜਾਂ ਲਿੰਗ ਦੇ ਆਧਾਰ ’ਤੇ ਲੋਕਾਂ ਨਾਲ ਬੁਰਾ ਸਲੂਕ ਕਰਦੇ ਹਨ। ਦੂਜਿਆਂ ਨਾਲ ਇਸ ਕਰਕੇ ਬੁਰਾ ਸਲੂਕ ਕੀਤਾ ਜਾਂਦਾ ਹੈ ਕਿਉਂਕਿ ਉਹ ਸਰੀਰਕ ਜਾਂ ਮਾਨਸਿਕ ਤੌਰ ਤੇ ਠੀਕ ਨਹੀਂ ਹਨ। ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੇ ਆਪਣੇ ਬਾਈਬਲ-ਆਧਾਰਿਤ ਵਿਸ਼ਵਾਸਾਂ ਕਰਕੇ ਬੇਇਨਸਾਫ਼ੀ ਝੱਲੀ ਹੈ। ਜਦੋਂ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਸਾਨੂੰ ਯਿਸੂ ਦੇ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਉਸ ਨੇ ਕਿਹਾ: “ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।” (ਮੱਤੀ 24:13) ਪਰ ਉਦੋਂ ਕੀ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਮੰਡਲੀ ਵਿਚ ਕਿਸੇ ਨੇ ਗੰਭੀਰ ਪਾਪ ਕੀਤਾ ਹੈ? ਇਸ ਬਾਰੇ ਬਜ਼ੁਰਗਾਂ ਨੂੰ ਦੱਸਣ ਤੋਂ ਬਾਅਦ, ਕੀ ਅਸੀਂ ਇਹ ਮਸਲਾ ਉਨ੍ਹਾਂ ਦੇ ਹੱਥਾਂ ਵਿਚ ਛੱਡਾਂਗੇ ਅਤੇ ਧੀਰਜ ਨਾਲ ਉਡੀਕ ਕਰਾਂਗੇ ਕਿ ਉਹ ਯਹੋਵਾਹ ਦੇ ਤਰੀਕੇ ਅਨੁਸਾਰ ਮਸਲੇ ਨੂੰ ਸੁਲਝਾਉਣਗੇ? ਇਸ ਵਿਚ ਕੀ ਕੁਝ ਕਰਨਾ ਸ਼ਾਮਲ ਹੋ ਸਕਦਾ ਹੈ?

13. ਯਹੋਵਾਹ ਦੇ ਤਰੀਕੇ ਅਨੁਸਾਰ ਮਸਲਿਆਂ ਨੂੰ ਸੁਲਝਾਉਣ ਵਿਚ ਕੀ ਕੁਝ ਸ਼ਾਮਲ ਹੈ?

13 ਜਦੋਂ ਬਜ਼ੁਰਗਾਂ ਨੂੰ ਪਤਾ ਲੱਗਦਾ ਹੈ ਕਿ ਮੰਡਲੀ ਵਿਚ ਕਿਸੇ ਨੇ ਗੰਭੀਰ ਪਾਪ ਕੀਤਾ ਹੈ, ਤਾਂ ਉਹ ਪ੍ਰਾਰਥਨਾ ਕਰ ਕੇ “ਸਵਰਗੀ ਬੁੱਧ” ਮੰਗਦੇ ਹਨ ਤਾਂਕਿ ਉਹ ਹਾਲਾਤ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਸਮਝ ਸਕਣ। (ਯਾਕੂ. 3:17) ਉਨ੍ਹਾਂ ਦਾ ਮਕਸਦ ਪਾਪੀ ਦੀ ਮਦਦ ਕਰ ਕੇ ਉਸ ਨੂੰ “ਗ਼ਲਤ ਰਾਹ ਤੋਂ ਵਾਪਸ” ਲਿਆਉਣਾ ਹੈ। (ਯਾਕੂ. 5:19, 20) ਨਾਲੇ ਉਹ ਆਪਣੀ ਪੂਰੀ ਵਾਹ ਲਾ ਕੇ ਮੰਡਲੀ ਦੀ ਰਾਖੀ ਕਰਨੀ ਚਾਹੁੰਦੇ ਹਨ ਅਤੇ ਜਿਨ੍ਹਾਂ ਨੂੰ ਦੁੱਖ ਪਹੁੰਚਿਆ ਹੈ, ਉਨ੍ਹਾਂ ਨੂੰ ਦਿਲਾਸਾ ਦੇਣਾ ਚਾਹੁੰਦੇ ਹਨ। (2 ਕੁਰਿੰ. 1:3, 4) ਗੰਭੀਰ ਪਾਪ ਸੰਬੰਧੀ ਮਸਲਿਆਂ ਨੂੰ ਸੁਲਝਾਉਂਦੇ ਵੇਲੇ ਬਜ਼ੁਰਗਾਂ ਨੂੰ ਪਹਿਲਾਂ ਸਾਰੀ ਗੱਲ ਪਤਾ ਕਰਨੀ ਪੈਂਦੀ ਹੈ ਜਿਸ ਵਿਚ ਕੁਝ ਸਮਾਂ ਲੱਗ ਸਕਦਾ ਹੈ। ਫਿਰ ਉਹ ਪ੍ਰਾਰਥਨਾ ਕਰਦੇ ਹਨ ਤੇ ਧਿਆਨ ਨਾਲ ਬਾਈਬਲ ਤੋਂ ਸਲਾਹ ਦਿੰਦੇ ਹਨ ਅਤੇ ਪਾਪੀ ਨੂੰ “ਜਾਇਜ਼ ਹੱਦ ਤਕ ਅਨੁਸ਼ਾਸਨ” ਦਿੰਦੇ ਹਨ। (ਯਿਰ. 30:11) ਭਾਵੇਂ ਉਹ ਮਸਲਾ ਸੁਲਝਾਉਣ ਵਿਚ ਢਿੱਲ-ਮੱਠ ਨਹੀਂ ਕਰਦੇ, ਪਰ ਉਹ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਵੀ ਨਹੀਂ ਕਰਦੇ। ਜਦੋਂ ਮਸਲਿਆਂ ਨੂੰ ਯਹੋਵਾਹ ਦੀ ਸੇਧ ਨਾਲ ਸੁਲਝਾਇਆ ਜਾਂਦਾ ਹੈ, ਤਾਂ ਮੰਡਲੀ ਵਿਚ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਪਰ ਇਸ ਦੇ ਬਾਵਜੂਦ ਹੋ ਸਕਦਾ ਹੈ ਕਿ ਉਹ ਵਿਅਕਤੀ ਸ਼ਾਇਦ ਹਾਲੇ ਵੀ ਦੁਖੀ ਹੋਵੇ ਜਿਸ ਨੂੰ ਪਾਪ ਕਰਨ ਵਾਲੇ ਕਰਕੇ ਦੁੱਖ ਪਹੁੰਚਿਆ ਹੈ। ਜੇ ਤੁਹਾਡੇ ਨਾਲ ਇੱਦਾਂ ਹੋਇਆ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

14. ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਸਾਡੀ ਮਦਦ ਕਰ ਸਕਦੀਆਂ ਹਨ ਜੇ ਸਾਨੂੰ ਕਿਸੇ ਭੈਣ ਜਾਂ ਭਰਾ ਨੇ ਦੁੱਖ ਪਹੁੰਚਾਇਆ ਹੈ?

14 ਕੀ ਕਦੇ ਕਿਸੇ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੈ, ਇੱਥੋਂ ਤਕ ਕਿ ਕਿਸੇ ਭੈਣ ਜਾਂ ਭਰਾ ਨੇ ਵੀ? ਪਰਮੇਸ਼ੁਰ ਦੇ ਬਚਨ ਵਿਚ ਕਈ ਚੰਗੀਆਂ ਮਿਸਾਲਾਂ ਹਨ ਜਿਨ੍ਹਾਂ ਤੋਂ ਤੁਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰਨੀ ਸਿੱਖ ਸਕਦੇ ਹੋ ਕਿਉਂਕਿ ਉਹੀ ਸਾਰਾ ਕੁਝ ਠੀਕ ਕਰੇਗਾ। ਉਦਾਹਰਣ ਲਈ, ਯੂਸੁਫ਼ ਦੇ ਆਪਣੇ ਭਰਾਵਾਂ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਸੀ, ਪਰ ਉਹ ਉਨ੍ਹਾਂ ਦੀਆਂ ਗੰਭੀਰ ਗ਼ਲਤੀਆਂ ਕਰਕੇ ਕੁੜੱਤਣ ਨਾਲ ਨਹੀਂ ਭਰਿਆ। ਇਸ ਦੀ ਬਜਾਇ, ਉਹ ਪੂਰਾ ਧਿਆਨ ਲਾ ਕੇ ਯਹੋਵਾਹ ਦੀ ਸੇਵਾ ਕਰਦਾ ਰਿਹਾ ਜਿਸ ਨੇ ਉਸ ਨੂੰ ਉਸ ਦੇ ਧੀਰਜ ਦਾ ਫਲ ਦਿੱਤਾ। (ਉਤ. 39:21) ਸਮੇਂ ਦੇ ਬੀਤਣ ਨਾਲ ਯੂਸੁਫ਼ ਨੇ ਆਪਣੇ ਦੁੱਖ ਭੁਲਾ ਕੇ ਆਪਣੇ ਭਰਾਵਾਂ ਨੂੰ ਮਾਫ਼ ਕਰ ਦਿੱਤਾ ਅਤੇ ਯਹੋਵਾਹ ਨੇ ਉਸ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। (ਉਤ. 45:5) ਯੂਸੁਫ਼ ਦੀ ਤਰ੍ਹਾਂ ਸਾਨੂੰ ਵੀ ਦਿਲਾਸਾ ਮਿਲਦਾ ਹੈ ਜਦੋਂ ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ ਅਤੇ ਇਹ ਗੱਲ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੰਦੇ ਹਾਂ ਕਿ ਉਹੀ ਸਹੀ ਸਮੇਂ ਤੇ ਸਾਰਾ ਕੁਝ ਠੀਕ ਕਰੇਗਾ।—ਜ਼ਬੂ. 7:17; 73:28.

15. ਕਿਹੜੀ ਗੱਲ ਨੇ ਬੇਇਨਸਾਫ਼ੀ ਸਹਿਣ ਵਿਚ ਇਕ ਭੈਣ ਦੀ ਮਦਦ ਕੀਤੀ?

15 ਸ਼ਾਇਦ ਸਾਡੇ ਨਾਲ ਉੱਨੀ ਬੇਇਨਸਾਫ਼ੀ ਨਾ ਹੋਈ ਹੋਵੇ ਜਿੰਨੀ ਯੂਸੁਫ਼ ਨਾਲ ਹੋਈ ਸੀ। ਪਰ ਅਸੀਂ ਆਪਣੇ ਨਾਲ ਹੋਏ ਕਿਸੇ ਤਰ੍ਹਾਂ ਦੇ ਬੁਰੇ ਸਲੂਕ ਕਰਕੇ ਸ਼ਾਇਦ ਦੁਖੀ ਹੋਈਏ। ਜੇ ਸਾਨੂੰ ਕਿਸੇ ਭੈਣ-ਭਰਾ ਜਾਂ ਕਿਸੇ ਅਵਿਸ਼ਵਾਸੀ ਵਿਅਕਤੀ ਨਾਲ ਕੋਈ ਸਮੱਸਿਆ ਹੈ, ਤਾਂ ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਸਾਨੂੰ ਫ਼ਾਇਦਾ ਹੋਵੇਗਾ। (ਫ਼ਿਲਿ. 2:3, 4) ਇਕ ਤਜਰਬੇ ’ਤੇ ਗੌਰ ਕਰੋ। ਇਕ ਭੈਣ ਨੂੰ ਬਹੁਤ ਦੁੱਖ ਲੱਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਕੰਮ ਕਰਨ ਵਾਲੀ ਇਕ ਔਰਤ ਦੂਜਿਆਂ ਨਾਲ ਉਸ ਬਾਰੇ ਝੂਠੀਆਂ ਗੱਲਾਂ ਕਰ ਰਹੀ ਸੀ। ਇਸ ਭੈਣ ਨੇ ਜਲਦਬਾਜ਼ੀ ਵਿਚ ਕੁਝ ਕਰਨ ਦੀ ਬਜਾਇ ਯਿਸੂ ਦੀ ਮਿਸਾਲ ’ਤੇ ਸੋਚ-ਵਿਚਾਰ ਕੀਤਾ। ਜਦੋਂ ਯਿਸੂ ਦੀ ਬੇਇੱਜ਼ਤੀ ਕੀਤੀ ਗਈ ਸੀ, ਤਾਂ ਉਸ ਨੇ ਬਦਲੇ ਵਿਚ ਦੂਜਿਆਂ ਦੀ ਬੇਇੱਜ਼ਤੀ ਨਹੀਂ ਕੀਤੀ। (1 ਪਤ. 2:21, 23) ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਉਸ ਭੈਣ ਨੇ ਰਾਈ ਦਾ ਪਹਾੜ ਨਹੀਂ ਬਣਾਇਆ। ਬਾਅਦ ਵਿਚ ਉਸ ਭੈਣ ਨੂੰ ਪਤਾ ਲੱਗਾ ਕਿ ਉਸ ਔਰਤ ਨੂੰ ਕੋਈ ਗੰਭੀਰ ਸਿਹਤ ਸਮੱਸਿਆ ਸੀ ਅਤੇ ਉਹ ਕਾਫ਼ੀ ਤਣਾਅ ਵਿਚ ਰਹਿੰਦੀ ਸੀ। ਇਸ ਕਰਕੇ ਭੈਣ ਇਸ ਨਤੀਜੇ ’ਤੇ ਪਹੁੰਚੀ ਕਿ ਉਹ ਔਰਤ ਉਸ ਦਾ ਬੁਰਾ ਨਹੀਂ ਸੀ ਚਾਹੁੰਦੀ। ਇਹ ਭੈਣ ਖ਼ਾਸ ਕਰਕੇ ਇਸ ਗੱਲੋਂ ਖ਼ੁਸ਼ ਸੀ ਕਿ ਉਸ ਨੇ ਧੀਰਜ ਨਾਲ ਇਸ ਬੁਰੇ ਸਲੂਕ ਨੂੰ ਸਹਿਆ ਅਤੇ ਆਪਣੇ ਮਨ ਦੀ ਸ਼ਾਂਤੀ ਬਣਾਈ ਰੱਖੀ।

16. ਬੇਇਨਸਾਫ਼ੀ ਨੂੰ ਸਹਿੰਦਿਆਂ ਕਿਹੜੀ ਗੱਲ ਤੋਂ ਸਾਨੂੰ ਦਿਲਾਸਾ ਮਿਲ ਸਕਦਾ ਹੈ? (1 ਪਤਰਸ 3:12)

16 ਜੇ ਤੁਸੀਂ ਕਿਸੇ ਬੇਇਨਸਾਫ਼ੀ ਨੂੰ ਸਹਿ ਰਹੇ ਹੋ ਜਾਂ ਕਿਸੇ ਹੋਰ ਕਾਰਨ ਕਰਕੇ ਦੁਖੀ ਹੋ, ਤਾਂ ਯਾਦ ਰੱਖੋ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।” (ਜ਼ਬੂ. 34:18) ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਧੀਰਜ ਰੱਖਦੇ ਹੋ ਅਤੇ ਆਪਣਾ ਬੋਝ ਉਸ ਉੱਤੇ ਸੁੱਟ ਦਿੰਦੇ ਹੋ। (ਜ਼ਬੂ. 55:22) ਉਹ ਸਾਰੀ ਧਰਤੀ ਦਾ ਨਿਆਂਕਾਰ ਹੈ। ਕੋਈ ਵੀ ਚੀਜ਼ ਉਸ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਨਹੀਂ। (1 ਪਤਰਸ 3:12 ਪੜ੍ਹੋ।) ਜੇ ਤੁਸੀਂ ਕਿਸੇ ਅਜਿਹੀ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਹੋ ਜਿਸ ਨੂੰ ਸੁਲਝਾਉਣਾ ਤੁਹਾਡੇ ਵੱਸ ਦੀ ਗੱਲ ਨਹੀਂ, ਤਾਂ ਕੀ ਤੁਸੀਂ ਧੀਰਜ ਨਾਲ ਯਹੋਵਾਹ ਦੇ ਸਮੇਂ ਦੀ ਉਡੀਕ ਕਰੋਗੇ?

ਯਹੋਵਾਹ ਦੀ ਉਡੀਕ ਕਰਨ ਵਾਲਿਆਂ ਲਈ ਬੇਸ਼ੁਮਾਰ ਬਰਕਤਾਂ

17. ਯਸਾਯਾਹ 30:18 ਮੁਤਾਬਕ ਯਹੋਵਾਹ ਸਾਨੂੰ ਕਿਹੜਾ ਭਰੋਸਾ ਦਿਵਾਉਂਦਾ ਹੈ?

17 ਬਹੁਤ ਜਲਦ ਸਾਡਾ ਸਵਰਗੀ ਪਿਤਾ ਆਪਣੇ ਰਾਜ ਵਿਚ ਸਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇਗਾ। ਯਸਾਯਾਹ 30:18 ਕਹਿੰਦਾ ਹੈ: “ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ’ਤੇ ਮਿਹਰ ਕਰੇ, ਉਹ ਤੁਹਾਡੇ ’ਤੇ ਦਇਆ ਕਰਨ ਲਈ ਉੱਠ ਖੜ੍ਹਾ ਹੋਵੇਗਾ ਕਿਉਂਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ। ਖ਼ੁਸ਼ ਹਨ ਉਹ ਸਾਰੇ ਜੋ ਉਸ ’ਤੇ ਉਮੀਦ ਲਾਈ ਰੱਖਦੇ ਹਨ।” ਯਹੋਵਾਹ ’ਤੇ ਉਮੀਦ ਲਾਉਣ ਵਾਲਿਆਂ ਨੂੰ ਨਾ ਸਿਰਫ਼ ਹੁਣ, ਸਗੋਂ ਨਵੀਂ ਦੁਨੀਆਂ ਵਿਚ ਵੀ ਬੇਸ਼ੁਮਾਰ ਬਰਕਤਾਂ ਮਿਲਣਗੀਆਂ।

18. ਅਸੀਂ ਕਿਨ੍ਹਾਂ ਬਰਕਤਾਂ ਦੀ ਉਡੀਕ ਕਰਦੇ ਹਾਂ?

18 ਜਦੋਂ ਪਰਮੇਸ਼ੁਰ ਦੇ ਲੋਕ ਨਵੀਂ ਦੁਨੀਆਂ ਵਿਚ ਦਾਖ਼ਲ ਹੋਣਗੇ, ਤਾਂ ਉਨ੍ਹਾਂ ਨੂੰ ਫਿਰ ਕਦੇ ਵੀ ਚਿੰਤਾਵਾਂ ਨਹੀਂ ਹੋਣਗੀਆਂ ਅਤੇ ਨਾ ਹੀ ਅੱਜ ਵਾਂਗ ਮੁਸ਼ਕਲਾਂ ਸਹਿਣੀਆਂ ਪੈਣਗੀਆਂ। ਬੇਇਨਸਾਫ਼ੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਅਤੇ ਕੋਈ ਦੁੱਖ-ਦਰਦ ਨਹੀਂ ਰਹੇਗਾ। (ਪ੍ਰਕਾ. 21:4) ਸਾਨੂੰ ਕਿਸੇ ਚੀਜ਼ ਲਈ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਸਾਰਿਆਂ ਲਈ ਸਭ ਕੁਝ ਬਹੁਤਾਤ ਵਿਚ ਹੋਵੇਗਾ। (ਜ਼ਬੂ. 72:16; ਯਸਾ. 54:13) ਉਹ ਕਿੰਨਾ ਹੀ ਵਧੀਆ ਸਮਾਂ ਹੋਵੇਗਾ!

19. ਯਹੋਵਾਹ ਸਾਨੂੰ ਹੁਣ ਤੋਂ ਹੌਲੀ-ਹੌਲੀ ਕਿਸ ਗੱਲ ਲਈ ਤਿਆਰ ਕਰ ਰਿਹਾ ਹੈ?

19 ਉਹ ਸਮਾਂ ਆਉਣ ਤਕ ਯਹੋਵਾਹ ਸਾਨੂੰ ਆਪਣੀ ਹਕੂਮਤ ਅਧੀਨ ਰਹਿਣ ਲਈ ਤਿਆਰ ਕਰ ਰਿਹਾ ਹੈ। ਉਹ ਹਰ ਬੁਰੀ ਆਦਤ ’ਤੇ ਕਾਬੂ ਪਾਉਣ ਅਤੇ ਚੰਗੇ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰ ਰਿਹਾ ਹੈ। ਇਸ ਲਈ ਹੌਸਲਾ ਨਾ ਹਾਰੋ, ਸੇਵਾ ਕਰਨ ਵਿਚ ਲੱਗੇ ਰਹੋ। ਬਹੁਤ ਵਧੀਆ ਸਮਾਂ ਆ ਰਿਹਾ ਹੈ! ਉਸ ਸੋਹਣੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਆਓ ਆਪਾਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰਦੇ ਰਹੀਏ ਜੋ ਆਪਣਾ ਕੰਮ ਪੂਰਾ ਕਰ ਰਿਹਾ ਹੈ।

ਗੀਤ 119 ਨਿਹਚਾ ਨਾਲ ਚੱਲੋ

^ ਪੈਰਾ 5 ਕੀ ਤੁਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਕਿਸੇ ਸੇਵਕ ਨੂੰ ਇਹ ਕਹਿੰਦੇ ਸੁਣਿਆ: ‘ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਇਸ ਦੁਨੀਆਂ ਵਿਚ ਬੁੱਢਾ ਹੋ ਜਾਵਾਂਗਾ’? ਸੱਚ-ਮੁੱਚ, ਅਸੀਂ ਸਾਰੇ ਇਨ੍ਹਾਂ ਮੁਸ਼ਕਲ ਘੜੀਆਂ ਵਿਚ ਚਾਹੁੰਦੇ ਹਾਂ ਕਿ ਯਹੋਵਾਹ ਇਸ ਦੁਨੀਆਂ ਦਾ ਅੰਤ ਕਰ ਦੇਵੇ, ਪਰ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਬਾਈਬਲ ਦੇ ਕੁਝ ਅਸੂਲ ਦੇਖਾਂਗੇ ਜੋ ਧੀਰਜ ਰੱਖਣ ਵਿਚ ਸਾਡੀ ਮਦਦ ਕਰਨਗੇ। ਨਾਲੇ ਅਸੀਂ ਦੋ ਹਾਲਾਤਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਵਿਚ ਸਾਨੂੰ ਧੀਰਜ ਨਾਲ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ। ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਧੀਰਜ ਨਾਲ ਉਡੀਕ ਕਰਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।

^ ਪੈਰਾ 56 ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਬਚਪਨ ਤੋਂ ਹੀ ਯਹੋਵਾਹ ਨੂੰ ਹਰ ਰੋਜ਼ ਪ੍ਰਾਰਥਨਾ ਕਰ ਰਹੀ ਹੈ। ਛੋਟੇ ਹੁੰਦਿਆਂ ਤੋਂ ਉਸ ਦੇ ਮੰਮੀ-ਡੈਡੀ ਨੇ ਉਸ ਨੂੰ ਸਿਖਾਇਆ ਸੀ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ। ਫਿਰ ਵੱਡੀ ਹੋ ਕੇ ਉਹ ਪਾਇਨੀਅਰਿੰਗ ਕਰਨ ਲੱਗ ਪਈ ਅਤੇ ਉਹ ਅਕਸਰ ਪ੍ਰਾਰਥਨਾ ਵਿਚ ਯਹੋਵਾਹ ਤੋਂ ਆਪਣੀ ਸੇਵਕਾਈ ’ਤੇ ਬਰਕਤ ਮੰਗਦੀ ਸੀ। ਸਾਲਾਂ ਬਾਅਦ ਜਦੋਂ ਉਸ ਦਾ ਪਤੀ ਬਹੁਤ ਬੀਮਾਰ ਹੋ ਗਿਆ, ਤਾਂ ਉਸ ਨੇ ਯਹੋਵਾਹ ਅੱਗੇ ਤਰਲੇ-ਮਿੰਨਤਾਂ ਕੀਤੀਆਂ ਤਾਂਕਿ ਉਹ ਉਸ ਨੂੰ ਇਹ ਅਜ਼ਮਾਇਸ਼ ਸਹਿਣ ਦੀ ਤਾਕਤ ਦੇਵੇ। ਉਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਹ ਅੱਜ ਵੀ ਪ੍ਰਾਰਥਨਾ ਕਰਨ ਵਿਚ ਲੱਗੀ ਰਹਿੰਦੀ ਹੈ ਅਤੇ ਉਸ ਨੂੰ ਪੂਰਾ ਭਰੋਸਾ ਹੈ ਕਿ ਉਸ ਦਾ ਸਵਰਗੀ ਪਿਤਾ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਜਿਵੇਂ ਉਸ ਨੇ ਉਸ ਦੀ ਪੂਰੀ ਜ਼ਿੰਦਗੀ ਦੌਰਾਨ ਦਿੱਤਾ ਹੈ।