Skip to content

Skip to table of contents

ਅਧਿਐਨ ਲੇਖ 33

ਜੋ ਸਨਮਾਨ ਤੁਹਾਡੇ ਕੋਲ ਹਨ, ਉਨ੍ਹਾਂ ਕਰਕੇ ਖ਼ੁਸ਼ ਹੋਵੋ

ਜੋ ਸਨਮਾਨ ਤੁਹਾਡੇ ਕੋਲ ਹਨ, ਉਨ੍ਹਾਂ ਕਰਕੇ ਖ਼ੁਸ਼ ਹੋਵੋ

“ਉਨ੍ਹਾਂ ਚੀਜ਼ਾਂ ਦਾ ਮਜ਼ਾ ਲੈਣਾ ਚੰਗਾ ਹੈ ਜੋ ਅੱਖਾਂ ਸਾਮ੍ਹਣੇ ਹਨ, ਨਾ ਕਿ ਆਪਣੀਆਂ ਇੱਛਾਵਾਂ ਪਿੱਛੇ ਭੱਜਣਾ।”—ਉਪ. 6:9.

ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ

ਖ਼ਾਸ ਗੱਲਾਂ *

1. ਬਹੁਤ ਸਾਰੇ ਭੈਣ-ਭਰਾ ਯਹੋਵਾਹ ਦੀ ਵਧ-ਚੜ੍ਹ ਕੇ ਸੇਵਾ ਕਰਨ ਲਈ ਕੀ ਕੁਝ ਕਰ ਰਹੇ ਹਨ?

 ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਸਾਡੇ ਕੋਲ ਕਰਨ ਲਈ ਬਹੁਤ ਸਾਰਾ ਕੰਮ ਹੈ। (ਮੱਤੀ 24:14; ਲੂਕਾ 10:2; 1 ਪਤ. 5:2) ਅਸੀਂ ਸਾਰੇ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਲਈ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਵੱਖੋ-ਵੱਖਰੇ ਟੀਚੇ ਰੱਖੇ ਹਨ। ਕੁਝ ਭੈਣ-ਭਰਾ ਪਾਇਨੀਅਰ ਬਣਨ ਬਾਰੇ ਸੋਚ ਰਹੇ ਹਨ। ਹੋਰ ਭੈਣ-ਭਰਾ ਬੈਥਲ ਵਿਚ ਸੇਵਾ ਕਰਨ ਬਾਰੇ ਜਾਂ ਉਸਾਰੀ ਦੇ ਕੰਮ ਵਿਚ ਹਿੱਸਾ ਲੈਣ ਬਾਰੇ ਸੋਚ ਰਹੇ ਹਨ। ਨਾਲੇ ਬਹੁਤ ਸਾਰੇ ਭਰਾ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। (1 ਤਿਮੋ. 3:1, 8) ਯਹੋਵਾਹ ਇਹ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੋਣਾ ਕਿ ਉਸ ਦੇ ਲੋਕ ਉਸ ਦੀ ਸੇਵਾ ਵਿਚ ਕਿੰਨਾ ਕੁਝ ਕਰਨਾ ਚਾਹੁੰਦੇ ਹਨ!—ਜ਼ਬੂ. 110:3; ਯਸਾ. 6:8.

2. ਯਹੋਵਾਹ ਦੀ ਸੇਵਾ ਵਿਚ ਕੁਝ ਟੀਚੇ ਹਾਸਲ ਨਾ ਕਰਨ ਕਰਕੇ ਸਾਨੂੰ ਸ਼ਾਇਦ ਕਿਵੇਂ ਲੱਗੇ?

2 ਪਰ ਅਸੀਂ ਸ਼ਾਇਦ ਨਿਰਾਸ਼ ਹੋਣ ਲੱਗ ਜਾਈਏ ਕਿਉਂਕਿ ਕਾਫ਼ੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਅਸੀਂ ਕੁਝ ਟੀਚੇ ਹਾਸਲ ਨਹੀਂ ਕਰ ਪਾਏ। ਜਾਂ ਸ਼ਾਇਦ ਅਸੀਂ ਆਪਣੀ ਉਮਰ ਜਾਂ ਹੋਰ ਹਾਲਾਤਾਂ ਕਰਕੇ ਨਿਰਾਸ਼ ਹੋ ਜਾਈਏ ਕਿਉਂਕਿ ਯਹੋਵਾਹ ਦੀ ਸੇਵਾ ਵਿਚ ਸਾਨੂੰ ਕੁਝ ਸਨਮਾਨ ਨਹੀਂ ਮਿਲ ਸਕਦੇ। ਮਲਿਸਾ * ਨਾਲ ਵੀ ਇੱਦਾਂ ਹੀ ਹੋਇਆ। ਉਸ ਦੀ ਦਿਲੀ ਤਮੰਨਾ ਸੀ ਕਿ ਉਹ ਬੈਥਲ ਵਿਚ ਸੇਵਾ ਕਰੇ ਜਾਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਵੇ, ਪਰ ਉਹ ਕਹਿੰਦੀ ਹੈ: “ਹੁਣ ਮੇਰੀ ਉਮਰ ਲੰਘ ਚੁੱਕੀ ਹੈ। ਇਹ ਸਨਮਾਨ ਮੇਰੇ ਲਈ ਬੱਸ ਸੁਪਨਾ ਹੀ ਬਣ ਕੇ ਰਹਿ ਗਏ। ਇਸ ਲਈ ਕਦੇ-ਕਦੇ ਮੈਂ ਨਿਰਾਸ਼ ਹੋ ਜਾਂਦੀ ਹਾਂ।”

3. ਕੁਝ ਸਨਮਾਨ ਪਾਉਣ ਦੇ ਕਾਬਲ ਬਣਨ ਲਈ ਕੁਝ ਮਸੀਹੀਆਂ ਨੂੰ ਸ਼ਾਇਦ ਕੀ ਕਰਨਾ ਪਵੇ?

3 ਕੁਝ ਜਵਾਨ ਅਤੇ ਸਿਹਤਮੰਦ ਮਸੀਹੀਆਂ ਨੂੰ ਸ਼ਾਇਦ ਸਮਝਦਾਰ ਬਣਨ ਅਤੇ ਹੋਰ ਸਨਮਾਨ ਪਾਉਣ ਦੇ ਕਾਬਲ ਬਣਨ ਲਈ ਕੁਝ ਗੁਣ ਪੈਦਾ ਕਰਨ ਦੀ ਲੋੜ ਪਵੇ। ਪਰ ਹੋ ਸਕਦਾ ਹੈ ਕਿ ਉਹ ਸਮਝਦਾਰ ਹੋਣ ਤੇ ਆਪਣੇ ਫ਼ੈਸਲੇ ਝੱਟ ਕਰ ਲੈਂਦੇ ਹਨ ਅਤੇ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਦੂਜੇ ਪਾਸੇ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹੋਰ ਵੀ ਧੀਰਜ ਰੱਖਣ, ਹੋਰ ਵੀ ਚੰਗੀ ਤਰ੍ਹਾਂ ਕੰਮ ਕਰਨ ਜਾਂ ਦੂਜਿਆਂ ਦਾ ਹੋਰ ਵੀ ਜ਼ਿਆਦਾ ਆਦਰ ਕਰਨ ਦੀ ਲੋੜ ਹੋਵੇ। ਜੇ ਅਸੀਂ ਇਹ ਜ਼ਰੂਰੀ ਗੁਣ ਪੈਦਾ ਕਰਨ ਲਈ ਮਿਹਨਤ ਕਰਾਂਗੇ, ਤਾਂ ਅਸੀਂ ਜਲਦੀ ਹੀ ਆਪਣੇ ਟੀਚੇ ਨੂੰ ਹਾਸਲ ਕਰ ਪਾਵਾਂਗੇ। ਨਿਕ ਦੇ ਤਜਰਬੇ ’ਤੇ ਗੌਰ ਕਰੋ। ਜਦੋਂ ਉਹ 20 ਸਾਲਾਂ ਦਾ ਸੀ, ਤਾਂ ਉਹ ਬਹੁਤ ਨਿਰਾਸ਼ ਹੋ ਗਿਆ ਕਿਉਂਕਿ ਉਸ ਨੂੰ ਸਹਾਇਕ ਸੇਵਕ ਨਹੀਂ ਬਣਾਇਆ ਗਿਆ। ਉਹ ਕਹਿੰਦਾ ਹੈ: “ਮੈਨੂੰ ਲੱਗਾ ਕਿ ਮੇਰੇ ਵਿਚ ਹੀ ਕੋਈ ਖ਼ਰਾਬੀ ਹੈ।” ਪਰ ਉਸ ਨੇ ਹਾਰ ਨਹੀਂ ਮੰਨੀ। ਉਹ ਪ੍ਰਚਾਰ ਕਰਨ ਵਿਚ ਲੱਗਾ ਰਿਹਾ ਅਤੇ ਮੰਡਲੀ ਵਿਚ ਉਹ ਜੋ ਵੀ ਕੰਮ ਕਰ ਸਕਦਾ ਸੀ, ਉਹ ਪੂਰੀ ਵਾਹ ਲਾ ਕੇ ਕਰਦਾ ਰਿਹਾ। ਅੱਜ ਉਹ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ।

4. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

4 ਕੀ ਤੁਸੀਂ ਇਸ ਗੱਲੋਂ ਨਿਰਾਸ਼ ਹੋ ਕਿ ਯਹੋਵਾਹ ਦੀ ਸੇਵਾ ਵਿਚ ਤੁਸੀਂ ਕੋਈ ਟੀਚਾ ਹਾਸਲ ਨਹੀਂ ਕਰ ਪਾਏ। ਜੇ ਹਾਂ, ਤਾਂ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਜ਼ਬੂ. 37:5-7) ਇਸ ਤੋਂ ਇਲਾਵਾ, ਤਜਰਬੇਕਾਰ ਭਰਾਵਾਂ ਤੋਂ ਸੁਝਾਅ ਲਓ ਕਿ ਤੁਸੀਂ ਹੋਰ ਚੰਗੀ ਤਰ੍ਹਾਂ ਪਰਮੇਸ਼ੁਰ ਦੀ ਸੇਵਾ ਕਿਵੇਂ ਕਰ ਸਕਦੇ ਹੋ ਅਤੇ ਫਿਰ ਉਨ੍ਹਾਂ ਦੇ ਸੁਝਾਵਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਹਾਨੂੰ ਸ਼ਾਇਦ ਉਹ ਸਨਮਾਨ ਮਿਲ ਜਾਵੇ ਜਾਂ ਤੁਸੀਂ ਆਪਣੇ ਉਸ ਟੀਚੇ ਨੂੰ ਹਾਸਲ ਕਰ ਪਾਓ ਜੋ ਤੁਸੀਂ ਚਾਹੁੰਦੇ ਸੀ। ਪਰ ਪਹਿਲਾਂ ਜ਼ਿਕਰ ਕੀਤੀ ਮਲਿਸਾ ਦੀ ਤਰ੍ਹਾਂ ਸ਼ਾਇਦ ਹੁਣ ਤੁਹਾਨੂੰ ਉਹ ਸਨਮਾਨ ਨਾ ਮਿਲੇ ਜੋ ਤੁਸੀਂ ਚਾਹੁੰਦੇ ਹੋ। ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਤੁਸੀਂ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਦੇ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਇਸ ਲੇਖ ਵਿਚ ਇਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ: (1) ਸਾਨੂੰ ਕਿਹੜੀ ਗੱਲ ਤੋਂ ਖ਼ੁਸ਼ੀ ਮਿਲ ਸਕਦੀ ਹੈ? (2) ਅਸੀਂ ਹੋਰ ਜ਼ਿਆਦਾ ਖ਼ੁਸ਼ ਕਿਵੇਂ ਰਹਿ ਸਕਦੇ ਹਾਂ? (3) ਅਸੀਂ ਕਿਹੜੇ ਟੀਚੇ ਰੱਖ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲੇ?

ਸਾਨੂੰ ਕਿਹੜੀ ਗੱਲ ਤੋਂ ਖ਼ੁਸ਼ੀ ਮਿਲ ਸਕਦੀ ਹੈ?

5. ਖ਼ੁਸ਼ ਰਹਿਣ ਲਈ ਸਾਨੂੰ ਕਿਨ੍ਹਾਂ ਗੱਲਾਂ ’ਤੇ ਧਿਆਨ ਲਾਉਣਾ ਚਾਹੀਦਾ ਹੈ? (ਉਪਦੇਸ਼ਕ ਦੀ ਕਿਤਾਬ 6:9)

5 ਉਪਦੇਸ਼ਕ ਦੀ ਕਿਤਾਬ 6:9 ਤੋਂ ਪਤਾ ਲੱਗਦਾ ਹੈ ਕਿ ਸਾਨੂੰ ਕਿਹੜੀ ਗੱਲ ਤੋਂ ਖ਼ੁਸ਼ੀ ਮਿਲ ਸਕਦੀ ਹੈ। (ਪੜ੍ਹੋ।) ਅਸੀਂ ਖ਼ੁਸ਼ ਰਹਾਂਗੇ ਜੇ ਅਸੀਂ ਉਨ੍ਹਾਂ ਗੱਲਾਂ ’ਤੇ ਧਿਆਨ ਲਾਵਾਂਗੇ ਜੋ ਸਾਡੀਆਂ “ਅੱਖਾਂ ਸਾਮ੍ਹਣੇ ਹਨ” ਯਾਨੀ ਜੋ ਕੁਝ ਸਾਡੇ ਕੋਲ ਹੈ ਜਾਂ ਜੋ ਕੁਝ ਅਸੀਂ ਆਪਣੇ ਹਾਲਾਤਾਂ ਮੁਤਾਬਕ ਕਰ ਸਕਦੇ ਹਾਂ। ਪਰ ਜੇ ਅਸੀਂ ਆਪਣੀਆਂ ਇੱਛਾਵਾਂ ਪਿੱਛੇ ਭੱਜਾਂਗੇ ਯਾਨੀ ਉਨ੍ਹਾਂ ਚੀਜ਼ਾਂ ਪਿੱਛੇ ਜੋ ਸਾਨੂੰ ਕਦੇ ਨਹੀਂ ਮਿਲ ਸਕਦੀਆਂ, ਤਾਂ ਅਸੀਂ ਖ਼ੁਸ਼ ਨਹੀਂ ਰਹਾਂਗੇ।

6. ਹੁਣ ਅਸੀਂ ਕਿਹੜੀ ਮਿਸਾਲ ’ਤੇ ਗੌਰ ਕਰਾਂਗੇ ਅਤੇ ਇਸ ਵਿਚ ਅਸੀਂ ਕੀ ਦੇਖਾਂਗੇ?

6 ਜੋ ਕੁਝ ਸਾਡੇ ਕੋਲ ਹੈ, ਕੀ ਉਸ ਵਿਚ ਸੰਤੁਸ਼ਟ ਰਿਹਾ ਜਾ ਸਕਦਾ ਹੈ? ਬਹੁਤ ਸਾਰੇ ਲੋਕ ਸੋਚਦੇ ਹਨ ਨਹੀਂ, ਕਿਉਂਕਿ ਅਸੀਂ ਸਮੇਂ ਦੇ ਬੀਤਣ ਨਾਲ ਕੁਝ-ਨਾ-ਕੁਝ ਨਵਾਂ ਕਰਨਾ ਚਾਹੁੰਦੇ ਹਾਂ। ਫਿਰ ਵੀ ਸੰਤੁਸ਼ਟ ਰਿਹਾ ਜਾ ਸਕਦਾ ਹੈ। ਜੀ ਹਾਂ, ਅਸੀਂ ਉਨ੍ਹਾਂ ਚੀਜ਼ਾਂ ਦਾ ਮਜ਼ਾ ਲੈ ਸਕਦੇ ਹਾਂ ਜੋ ਸਾਡੀਆਂ “ਅੱਖਾਂ ਸਾਮ੍ਹਣੇ ਹਨ।” ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਇਹ ਜਾਣਨ ਲਈ ਆਓ ਆਪਾਂ ਮੱਤੀ 25:14-30 ਵਿਚ ਪੈਸਿਆਂ ਦੀਆਂ ਥੈਲੀਆਂ ਬਾਰੇ ਦਿੱਤੀ ਯਿਸੂ ਦੀ ਮਿਸਾਲ ’ਤੇ ਗੌਰ ਕਰੀਏ। ਇਸ ਵਿਚ ਅਸੀਂ ਦੇਖਾਂਗੇ ਕਿ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ ਅਤੇ ਹੁਣ ਮਿਲੀਆਂ ਬਰਕਤਾਂ ਕਰਕੇ ਅਸੀਂ ਹੋਰ ਜ਼ਿਆਦਾ ਖ਼ੁਸ਼ ਕਿਵੇਂ ਰਹਿ ਸਕਦੇ ਹਾਂ।

ਅਸੀਂ ਹੋਰ ਜ਼ਿਆਦਾ ਖ਼ੁਸ਼ ਕਿਵੇਂ ਰਹਿ ਸਕਦੇ ਹਾਂ?

7. ਥੈਲੀਆਂ ਬਾਰੇ ਯਿਸੂ ਦੀ ਮਿਸਾਲ ਦਾ ਸਾਰ ਦਿਓ।

7 ਯਿਸੂ ਦੀ ਦਿੱਤੀ ਮਿਸਾਲ ਵਿਚ ਇਕ ਆਦਮੀ ਸਫ਼ਰ ’ਤੇ ਚੱਲਾ ਸੀ। ਉਸ ਨੇ ਜਾਣ ਤੋਂ ਪਹਿਲਾਂ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਕਾਰੋਬਾਰ ਕਰਨ ਲਈ ਉਨ੍ਹਾਂ ਨੂੰ ਪੈਸਿਆਂ ਦੀਆਂ ਥੈਲੀਆਂ ਦਿੱਤੀਆਂ। * ਉਸ ਨੇ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਧਿਆਨ ਵਿਚ ਰੱਖ ਕੇ ਪਹਿਲੇ ਨੌਕਰ ਨੂੰ ਪੰਜ ਥੈਲੀਆਂ ਦਿੱਤੀਆਂ, ਦੂਜੇ ਨੂੰ ਦੋ ਥੈਲੀਆਂ ਅਤੇ ਤੀਜੇ ਨੌਕਰ ਨੂੰ ਇਕ ਥੈਲੀ ਦਿੱਤੀ। ਪਹਿਲੇ ਦੋ ਨੌਕਰਾਂ ਨੇ ਸਖ਼ਤ ਮਿਹਨਤ ਕਰ ਕੇ ਮਾਲਕ ਲਈ ਹੋਰ ਪੈਸੇ ਕਮਾਏ, ਪਰ ਤੀਜੇ ਨੌਕਰ ਨੇ ਉਨ੍ਹਾਂ ਪੈਸਿਆਂ ਨਾਲ ਕੁਝ ਵੀ ਨਹੀਂ ਕੀਤਾ ਜੋ ਉਸ ਨੂੰ ਦਿੱਤੇ ਗਏ ਸਨ। ਇਸ ਲਈ ਮਾਲਕ ਨੇ ਉਸ ਨੂੰ ਕੰਮ ਤੋਂ ਕੱਢ ਦਿੱਤਾ।

8. ਪਹਿਲਾ ਨੌਕਰ ਕਿਉਂ ਖ਼ੁਸ਼ ਹੋਇਆ ਹੋਵੇਗਾ?

8 ਪਹਿਲਾ ਨੌਕਰ ਬਹੁਤ ਖ਼ੁਸ਼ ਸੀ। ਉਸ ਨੇ ਇਸ ਗੱਲ ਨੂੰ ਸਨਮਾਨ ਸਮਝਿਆ ਹੋਣਾ ਕਿ ਮਾਲਕ ਨੇ ਉਸ ਨੂੰ ਪੰਜ ਥੈਲੀਆਂ ਦਿੱਤੀਆਂ। ਇਹ ਬਹੁਤ ਜ਼ਿਆਦਾ ਪੈਸੇ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਮਾਲਕ ਨੂੰ ਉਸ ’ਤੇ ਕਿੰਨਾ ਭਰੋਸਾ ਸੀ। ਪਰ ਦੂਜੇ ਨੌਕਰ ਬਾਰੇ ਕੀ? ਉਹ ਨਿਰਾਸ਼ ਹੋ ਸਕਦਾ ਸੀ ਕਿਉਂਕਿ ਉਸ ਨੂੰ ਪਹਿਲੇ ਨੌਕਰ ਜਿੰਨੇ ਪੈਸੇ ਨਹੀਂ ਮਿਲੇ। ਪਰ ਕੀ ਉਹ ਨਿਰਾਸ਼ ਹੋਇਆ?

ਯਿਸੂ ਦੀ ਮਿਸਾਲ ਵਿਚ ਦੱਸੇ ਦੂਜੇ ਨੌਕਰ ਤੋਂ ਅਸੀਂ ਕੀ ਸਿੱਖਦੇ ਹਾਂ? (1) ਮਾਲਕ ਨੇ ਉਸ ਨੂੰ ਪੈਸਿਆਂ ਦੀਆਂ ਦੋ ਥੈਲੀਆਂ ਦਿੱਤੀਆਂ (2) ਉਸ ਨੇ ਸਖ਼ਤ ਮਿਹਨਤ ਕਰ ਕੇ ਆਪਣੇ ਮਾਲਕ ਲਈ ਹੋਰ ਪੈਸੇ ਕਮਾਏ (3) ਉਸ ਨੇ ਆਪਣੇ ਮਾਲਕ ਦੇ ਪੈਸੇ ਦੁਗਣੇ ਕਰ ਦਿੱਤੇ (ਪੈਰੇ 9-11 ਦੇਖੋ)

9. ਯਿਸੂ ਨੇ ਦੂਜੇ ਨੌਕਰ ਬਾਰੇ ਕੀ ਨਹੀਂ ਕਿਹਾ? (ਮੱਤੀ 25:22, 23)

9 ਮੱਤੀ 25:22, 23 ਪੜ੍ਹੋ। ਯਿਸੂ ਨੇ ਇਹ ਨਹੀਂ ਕਿਹਾ ਕਿ ਦੂਜਾ ਨੌਕਰ ਪੈਸਿਆਂ ਦੀਆਂ ਦੋ ਥੈਲੀਆਂ ਮਿਲਣ ਕਰਕੇ ਪਰੇਸ਼ਾਨ ਅਤੇ ਗੁੱਸੇ ਹੋ ਗਿਆ। ਨਾਲੇ ਯਿਸੂ ਨੇ ਇਹ ਨਹੀਂ ਕਿਹਾ ਕਿ ਨੌਕਰ ਨੇ ਇਹ ਸ਼ਿਕਾਇਤ ਕੀਤੀ: ‘ਮੈਨੂੰ ਮਾਲਕ ਨੇ ਬੱਸ ਇੰਨੇ ਕੁ ਪੈਸੇ ਕਿਉਂ ਦਿੱਤੇ? ਮੈਂ ਵੀ ਤਾਂ ਉਸ ਨੌਕਰ ਜਿੰਨਾ ਕਾਬਲ ਹਾਂ ਜਿਸ ਨੂੰ ਪੰਜ ਥੈਲੀਆਂ ਮਿਲੀਆਂ ਹਨ। ਜੇ ਮੇਰੇ ਮਾਲਕ ਨੂੰ ਮੇਰੀ ਕੋਈ ਕਦਰ ਹੀ ਨਹੀਂ ਹੈ, ਤਾਂ ਮੈਂ ਇਹ ਦੋ ਥੈਲੀਆਂ ਜ਼ਮੀਨ ਵਿਚ ਦੱਬ ਦਿੰਦਾ ਹਾਂ ਅਤੇ ਆਪਣੇ ਕੰਮਾਂ-ਕਾਰਾਂ ਵਿਚ ਲੱਗ ਜਾਂਦਾ ਹਾਂ।’

10. ਦੂਜੇ ਨੌਕਰ ਨੇ ਪੈਸਿਆਂ ਦੀਆਂ ਥੈਲੀਆਂ ਦਾ ਕੀ ਕੀਤਾ?

10 ਪਹਿਲੇ ਨੌਕਰ ਵਾਂਗ ਦੂਜੇ ਨੌਕਰ ਨੇ ਵੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਜਿਸ ਕਰਕੇ ਉਸ ਨੇ ਆਪਣੇ ਮਾਲਕ ਲਈ ਸਖ਼ਤ ਮਿਹਨਤ ਕੀਤੀ। ਨਤੀਜੇ ਵਜੋਂ, ਉਸ ਨੇ ਮਾਲਕ ਲਈ ਦੁਗਣੇ ਪੈਸੇ ਕਮਾਏ। ਇਸ ਨੌਕਰ ਨੂੰ ਉਸ ਦੀ ਮਿਹਨਤ ਦਾ ਫਲ ਮਿਲਿਆ। ਮਾਲਕ ਨਾ ਸਿਰਫ਼ ਉਸ ਤੋਂ ਖ਼ੁਸ਼ ਹੋਇਆ, ਸਗੋਂ ਉਸ ਨੇ ਇਸ ਨੌਕਰ ਨੂੰ ਹੋਰ ਵੀ ਜ਼ਿੰਮੇਵਾਰੀਆਂ ਦਿੱਤੀਆਂ।

11. ਅਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਖ਼ੁਸ਼ ਕਿਵੇਂ ਰਹਿ ਸਕਦੇ ਹਾਂ?

11 ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੀ ਸੇਵਾ ਵਿਚ ਮਿਲੇ ਕਿਸੇ ਵੀ ਕੰਮ ਨੂੰ ਪੂਰੇ ਜੀ-ਜਾਨ ਨਾਲ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਹੋਰ ਵੀ ਜ਼ਿਆਦਾ ਖ਼ੁਸ਼ ਰਹਿ ਸਕੀਏ। ਸਾਨੂੰ “ਜ਼ੋਰ-ਸ਼ੋਰ” ਨਾਲ ਪ੍ਰਚਾਰ ਕਰਨ ਵਿਚ ਰੁੱਝੇ ਰਹਿਣਾ ਚਾਹੀਦਾ ਅਤੇ ਮੰਡਲੀ ਦੇ ਕੰਮਾਂ ਵਿਚ ਪੂਰੀ ਤਰ੍ਹਾਂ ਹਿੱਸਾ ਲੈਣਾ ਚਾਹੀਦਾ। (ਰਸੂ. 18:5; ਇਬ. 10:24, 25) ਸਾਨੂੰ ਪੂਰੀ ਤਿਆਰੀ ਕਰ ਕੇ ਮੀਟਿੰਗਾਂ ਵਿਚ ਜਾਣਾ ਚਾਹੀਦਾ ਤਾਂਕਿ ਅਸੀਂ ਹੌਸਲਾ ਵਧਾਉਣ ਵਾਲੀਆਂ ਟਿੱਪਣੀਆਂ ਦੇ ਸਕੀਏ। ਸਾਨੂੰ ਹਫ਼ਤੇ ਦੌਰਾਨ ਹੁੰਦੀਆਂ ਮੀਟਿੰਗਾਂ ਵਿਚ ਕਿਸੇ ਵੀ ਵਿਦਿਆਰਥੀ ਭਾਗ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ। ਜੇ ਸਾਨੂੰ ਮੰਡਲੀ ਵਿਚ ਕੋਈ ਵੀ ਕੰਮ ਕਰਨ ਨੂੰ ਦਿੱਤਾ ਜਾਂਦਾ ਹੈ, ਤਾਂ ਸਾਨੂੰ ਉਹ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਭਰੋਸੇਮੰਦ ਸਾਬਤ ਹੋ ਸਕਦੇ ਹਾਂ। ਸਾਨੂੰ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਕੰਮ ਨੂੰ ਹੋਰ ਵੀ ਚੰਗੀ ਤਰ੍ਹਾਂ ਕਰਨਾ ਸਿੱਖਣਾ ਚਾਹੀਦਾ ਹੈ। (ਕਹਾ. 22:29) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਕੰਮਾਂ ਅਤੇ ਜ਼ਿੰਮੇਵਾਰੀਆਂ ਨੂੰ ਜੀ-ਜਾਨ ਲਾ ਕੇ ਪੂਰਾ ਕਰਾਂਗੇ, ਉੱਨੀ ਜ਼ਿਆਦਾ ਅਸੀਂ ਤਰੱਕੀ ਕਰਾਂਗੇ ਅਤੇ ਖ਼ੁਸ਼ ਰਹਾਂਗੇ। (ਗਲਾ. 6:4) ਇਸ ਤੋਂ ਇਲਾਵਾ, ਜਦੋਂ ਕਿਸੇ ਹੋਰ ਨੂੰ ਉਹ ਜ਼ਿੰਮੇਵਾਰੀ ਮਿਲਦੀ ਹੈ ਜੋ ਸਾਨੂੰ ਚਾਹੀਦੀ ਸੀ, ਤਾਂ ਅਸੀਂ ਉਸ ਦੀ ਖ਼ੁਸ਼ੀ ਵਿਚ ਸ਼ਾਮਲ ਹੋਵਾਂਗੇ।—ਰੋਮੀ. 12:15; ਗਲਾ. 5:26.

12. ਭੈਣ ਮਲਿਸਾ ਅਤੇ ਭਰਾ ਨਿਕ ਨੇ ਆਪਣੀ ਖ਼ੁਸ਼ੀ ਵਧਾਉਣ ਲਈ ਕੀ ਕੀਤਾ?

12 ਕੀ ਤੁਹਾਨੂੰ ਪੈਰਾ ਦੋ ਵਿਚ ਜ਼ਿਕਰ ਕੀਤੀ ਭੈਣ ਮਲਿਸਾ ਯਾਦ ਹੈ ਜੋ ਬੈਥਲ ਵਿਚ ਸੇਵਾ ਕਰਨ ਜਾਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਣ ਦੀ ਤਮੰਨਾ ਰੱਖਦੀ ਸੀ? ਭਾਵੇਂ ਉਹ ਇਨ੍ਹਾਂ ਟੀਚਿਆਂ ਨੂੰ ਹਾਸਲ ਨਹੀਂ ਕਰ ਸਕੀ, ਪਰ ਉਹ ਕਹਿੰਦੀ ਹੈ: “ਮੈਂ ਆਪਣਾ ਪੂਰਾ ਧਿਆਨ ਪਾਇਨੀਅਰਿੰਗ ’ਤੇ ਲਾਈ ਰੱਖਦੀ ਹਾਂ ਅਤੇ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇਸ ਕਰਕੇ ਮੈਂ ਬਹੁਤ ਖ਼ੁਸ਼ ਰਹਿੰਦੀ ਹਾਂ।” ਪੈਰਾ ਤਿੰਨ ਵਿਚ ਦੱਸੇ ਨਿਕ ਨੇ ਆਪਣੀ ਨਿਰਾਸ਼ਾ ’ਤੇ ਕਾਬੂ ਕਿਵੇਂ ਪਾਇਆ ਜੋ ਸਹਾਇਕ ਸੇਵਕ ਨਹੀਂ ਬਣ ਸਕਿਆ? ਉਹ ਕਹਿੰਦਾ ਹੈ: “ਮੈਂ ਆਪਣਾ ਧਿਆਨ ਉਨ੍ਹਾਂ ਸਨਮਾਨਾਂ ’ਤੇ ਲਾਈ ਰੱਖਿਆ ਜੋ ਮੇਰੇ ਕੋਲ ਸਨ। ਮੈਂ ਪ੍ਰਚਾਰ ਕਰਨ ਵਿਚ ਲੱਗਾ ਰਿਹਾ ਅਤੇ ਮੀਟਿੰਗਾਂ ਵਿਚ ਵਧੀਆ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਰਿਹਾ। ਨਾਲੇ ਮੈਂ ਬੈਥਲ ਸੇਵਾ ਲਈ ਫ਼ਾਰਮ ਵੀ ਭਰਿਆ ਅਤੇ ਅਗਲੇ ਹੀ ਸਾਲ ਮੈਨੂੰ ਬੈਥਲ ਬੁਲਾ ਲਿਆ ਗਿਆ।”

13. ਜੇ ਅਸੀਂ ਜੀ-ਜਾਨ ਲਾ ਕੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ, ਤਾਂ ਕੀ ਹੋਵੇਗਾ? (ਉਪਦੇਸ਼ਕ ਦੀ ਕਿਤਾਬ 2:24)

13 ਸਾਡੇ ਕੋਲ ਹੁਣ ਜੋ ਜ਼ਿੰਮੇਵਾਰੀ ਹੈ, ਉਸ ਨੂੰ ਜੇ ਅਸੀਂ ਜੀ-ਜਾਨ ਲਾ ਕੇ ਨਿਭਾਵਾਂਗੇ, ਤਾਂ ਭਵਿੱਖ ਵਿਚ ਸਾਨੂੰ ਹੋਰ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਪਰ ਜੇ ਇਹ ਜ਼ਿੰਮੇਵਾਰੀਆਂ ਨਾ ਵੀ ਮਿਲਣ, ਤਾਂ ਵੀ ਭੈਣ ਮਲਿਸਾ ਵਾਂਗ ਸਾਨੂੰ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਅਤੇ ਸੰਤੁਸ਼ਟੀ ਜ਼ਰੂਰ ਮਿਲੇਗੀ। (ਉਪਦੇਸ਼ਕ ਦੀ ਕਿਤਾਬ 2:24 ਪੜ੍ਹੋ।) ਇਸ ਤੋਂ ਇਲਾਵਾ, ਸਾਨੂੰ ਇਸ ਗੱਲੋਂ ਵੀ ਖ਼ੁਸ਼ੀ ਮਿਲੇਗੀ ਕਿ ਸਾਡੀ ਮਿਹਨਤ ਦੇਖ ਕੇ ਸਾਡਾ ਮਾਲਕ ਯਿਸੂ ਮਸੀਹ ਖ਼ੁਸ਼ ਹੈ।

ਅਜਿਹੇ ਟੀਚੇ ਰੱਖੋ ਜਿਨ੍ਹਾਂ ਤੋਂ ਖ਼ੁਸ਼ੀ ਮਿਲੇ

14. ਸਾਨੂੰ ਯਹੋਵਾਹ ਦੀ ਸੇਵਾ ਵਿਚ ਕੀ ਕਰਨਾ ਚਾਹੀਦਾ ਹੈ?

14 ਜੇ ਅਸੀਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਤਾਂ ਕੀ ਸਾਨੂੰ ਇੰਨੇ ਵਿਚ ਹੀ ਖ਼ੁਸ਼ ਰਹਿਣਾ ਚਾਹੀਦਾ ਅਤੇ ਹੋਰ ਕੋਈ ਟੀਚਾ ਨਹੀਂ ਰੱਖਣਾ ਚਾਹੀਦਾ? ਇਸ ਤਰ੍ਹਾਂ ਨਹੀਂ ਹੈ। ਯਹੋਵਾਹ ਦੀ ਸੇਵਾ ਵਿਚ ਸਾਨੂੰ ਹਮੇਸ਼ਾ ਕੁਝ ਟੀਚੇ ਰੱਖਣੇ ਚਾਹੀਦੇ ਹਨ। ਸਾਨੂੰ ਅਜਿਹੇ ਟੀਚੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਨਾਲ ਅਸੀਂ ਵਧੀਆ ਪ੍ਰਚਾਰਕ ਅਤੇ ਸਿੱਖਿਅਕ ਬਣ ਸਕਾਂਗੇ ਅਤੇ ਆਪਣੇ ਭੈਣਾਂ-ਭਰਾਵਾਂ ਦੀ ਜ਼ਿਆਦਾ ਮਦਦ ਕਰ ਪਾਵਾਂਗੇ। ਅਸੀਂ ਇਹ ਟੀਚੇ ਤਾਂ ਹੀ ਹਾਸਲ ਕਰ ਸਕਾਂਗੇ ਜੇ ਅਸੀਂ ਆਪਣੇ ’ਤੇ ਜ਼ਿਆਦਾ ਧਿਆਨ ਨਹੀਂ ਲਾਵਾਂਗੇ, ਸਗੋਂ ਨਿਮਰ ਹੋ ਕੇ ਦੂਜਿਆਂ ਦੀ ਸੇਵਾ ਕਰਾਂਗੇ।—ਕਹਾ. 11:2; ਰਸੂ. 20:35.

15. ਕਿਹੜੇ ਟੀਚੇ ਰੱਖਣ ਨਾਲ ਤੁਹਾਡੀ ਖ਼ੁਸ਼ੀ ਵਧੇਗੀ?

15 ਤੁਸੀਂ ਕਿਹੜੇ ਟੀਚੇ ਰੱਖ ਸਕਦੇ ਹੋ? ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਟੀਚਾ ਰੱਖਣਾ ਸਹੀ ਹੋਵੇਗਾ। (ਕਹਾ. 16:3; ਯਾਕੂ. 1:5) ਕੀ ਤੁਸੀਂ  ਪਹਿਲੇ ਪੈਰੇ ਵਿਚ ਦੱਸੇ ਟੀਚੇ ਰੱਖ ਸਕਦੇ ਹੋ, ਜਿਵੇਂ ਕਿ ਔਗਜ਼ੀਲਰੀ ਜਾਂ ਰੈਗੂਲਰ ਪਾਇਨੀਅਰਿੰਗ, ਬੈਥਲ ਸੇਵਾ ਜਾਂ ਉਸਾਰੀ ਦਾ ਕੰਮ? ਜਾਂ ਤੁਸੀਂ ਕੋਈ ਨਵੀਂ ਭਾਸ਼ਾ ਸਿੱਖਣ ਬਾਰੇ ਜਾਂ ਕਿਸੇ ਅਜਿਹੇ ਇਲਾਕੇ ਵਿਚ ਜਾਣ ਬਾਰੇ ਸੋਚ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਨਾਲੇ ਤੁਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ 10ਵੇਂ ਅਧਿਆਇ ਨੂੰ ਪੜ੍ਹ ਸਕਦੇ ਹੋ ਅਤੇ ਆਪਣੀ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰ ਸਕਦੇ ਹੋ। * ਜਦੋਂ ਤੁਸੀਂ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਮਿਹਨਤ ਕਰੋਗੇ, ਤਾਂ ਤੁਸੀਂ ਦੇਖ ਸਕੋਗੇ ਕਿ ਤੁਸੀਂ ਤਰੱਕੀ ਕਰ ਰਹੇ ਹੋ। ਇਸ ਤਰ੍ਹਾਂ ਕਰ ਕੇ ਤੁਹਾਡੀ ਖ਼ੁਸ਼ੀ ਵਧੇਗੀ।

16. ਜੇ ਤੁਸੀਂ ਕੋਈ ਖ਼ਾਸ ਟੀਚਾ ਹਾਸਲ ਨਹੀਂ ਕਰ ਪਾਉਂਦੇ, ਤਾਂ ਤੁਸੀਂ ਕੀ ਕਰ ਸਕਦੇ ਹੋ?

16 ਹੋ ਸਕਦਾ ਹੈ ਕਿ ਤੁਹਾਡੇ ਹਾਲਾਤ ਅਜਿਹੇ ਹੋਣ ਕਿ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਟੀਚਾ ਨਾ ਹਾਸਲ ਕਰ ਪਾਓ। ਇਸ ਲਈ ਕਿਉਂ ਨਾ ਤੁਸੀਂ ਕੋਈ ਅਜਿਹਾ ਟੀਚਾ ਰੱਖੋ ਜਿਸ ਨੂੰ ਤੁਸੀਂ ਹਾਸਲ ਕਰ ਸਕੋ?

ਤੁਸੀਂ ਕਿਹੜਾ ਇਕ ਟੀਚਾ ਰੱਖ ਕੇ ਉਸ ਨੂੰ ਹਾਸਲ ਕਰ ਸਕਦੇ ਹੋ? (ਪੈਰਾ 17 ਦੇਖੋ) *

17. ਪਹਿਲਾ ਤਿਮੋਥਿਉਸ 4:13, 15 ਮੁਤਾਬਕ ਇਕ ਭਰਾ ਵਧੀਆ ਸਿੱਖਿਅਕ ਬਣਨ ਲਈ ਕੀ ਕਰ ਸਕਦਾ ਹੈ?

17 ਪਹਿਲਾ ਤਿਮੋਥਿਉਸ 4:13, 15 ਪੜ੍ਹੋ। ਜੇ ਤੁਸੀਂ ਇਕ ਬਪਤਿਸਮਾ-ਪ੍ਰਾਪਤ ਭਰਾ ਹੋ, ਤਾਂ ਤੁਸੀਂ ਬੋਲਣ ਅਤੇ ਸਿਖਾਉਣ ਦੀ ਆਪਣੀ ਕਲਾ ਨਿਖਾਰ ਸਕਦੇ ਹੋ। ਕਿਉਂ? ਕਿਉਂਕਿ ਜੇ ਤੁਸੀਂ ਪੜ੍ਹਨ, ਬੋਲਣ ਅਤੇ ਸਿਖਾਉਣ ਵਿਚ ‘ਮਗਨ ਰਹੋਗੇ,’ ਤਾਂ ਤੁਹਾਡੇ ਸੁਣਨ ਵਾਲਿਆਂ ਨੂੰ ਫ਼ਾਇਦਾ ਹੋਵੇਗਾ। ਲਗਨ ਨਾਲ ਪੜ੍ਹੋ ਅਤੇ ਸਿਖਾਓ ਕਿਤਾਬ ਦਾ ਅਧਿਐਨ ਕਰਨ ਦਾ ਟੀਚਾ ਰੱਖੋ। ਇਕ-ਇਕ ਕਰ ਕੇ ਹਰ ਗੁਣ ਨੂੰ ਪੜ੍ਹੋ ਅਤੇ ਉਸ ਬਾਰੇ ਦਿੱਤੀ ਸਲਾਹ ਨੂੰ ਧਿਆਨ ਵਿਚ ਰੱਖ ਕੇ ਅਭਿਆਸ ਕਰੋ ਤੇ ਭਾਸ਼ਣ ਦਿਓ। ਸਹਾਇਕ ਸਲਾਹਕਾਰ ਤੋਂ ਜਾਂ ਦੂਜੇ ਬਜ਼ੁਰਗਾਂ ਤੋਂ ਸੁਝਾਅ ਲਓ “ਜਿਹੜੇ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।” * (1 ਤਿਮੋ. 5:17) ਇਸ ਦੇ ਨਾਲ-ਨਾਲ, ਆਪਣੇ ਸੁਣਨ ਵਾਲਿਆਂ ਦੀ ਨਿਹਚਾ ਮਜ਼ਬੂਤ ਕਰਨ ਬਾਰੇ ਸੋਚੋ ਜਾਂ ਉਨ੍ਹਾਂ ਨੂੰ ਕੁਝ ਕਦਮ ਚੁੱਕਣ ਲਈ ਉਤਸ਼ਾਹਿਤ ਕਰੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਡੀ ਖ਼ੁਸ਼ੀ ਵਧੇਗੀ ਅਤੇ ਦੂਜਿਆਂ ਦੀ ਵੀ।

ਤੁਸੀਂ ਕਿਹੜਾ ਇਕ ਟੀਚਾ ਰੱਖ ਕੇ ਉਸ ਨੂੰ ਹਾਸਲ ਕਰ ਸਕਦੇ ਹੋ? (ਪੈਰਾ 18 ਦੇਖੋ) *

18. ਅਸੀਂ ਪ੍ਰਚਾਰ ਕਰਨ ਦਾ ਆਪਣਾ ਹੁਨਰ ਕਿਵੇਂ ਨਿਖਾਰ ਸਕਦੇ ਹਾਂ?

18 ਸਾਨੂੰ ਸਾਰਿਆਂ ਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਦਿੱਤਾ ਗਿਆ ਹੈ। (ਮੱਤੀ 28:19, 20; ਰੋਮੀ. 10:14) ਕੀ ਅਸੀਂ ਇਹ ਕੰਮ ਕਰਨ ਲਈ ਆਪਣੇ ਹੁਨਰ ਨਿਖਾਰ ਸਕਦੇ ਹਾਂ? ਅਸੀਂ ਕੁਝ ਖ਼ਾਸ ਟੀਚੇ ਰੱਖ ਸਕਦੇ ਹਾਂ। ਅਸੀਂ ਸਿਖਾਓ ਕਿਤਾਬ ਪੜ੍ਹ ਸਕਦੇ ਹਾਂ ਅਤੇ ਉਸ ਵਿਚ ਦਿੱਤੀ ਸਲਾਹ ਲਾਗੂ ਕਰ ਸਕਦੇ ਹਾਂ। ਅਸੀਂ ਹਫ਼ਤੇ ਦੌਰਾਨ ਹੁੰਦੀਆਂ ਮੀਟਿੰਗਾਂ ਵਿਚ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿੱਚੋਂ ਅਤੇ “ਗੱਲਬਾਤ ਕਰਨ ਲਈ ਸੁਝਾਅ” ਵੀਡੀਓ ਵਿੱਚੋਂ ਕੁਝ ਸੁਝਾਅ ਵੀ ਲਾਗੂ ਕਰ ਸਕਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਇਨ੍ਹਾਂ ਵਿੱਚੋਂ ਕਿਹੜਾ ਸੁਝਾਅ ਸਾਡੇ ਲਈ ਵਧੀਆ ਰਹੇਗਾ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਚੰਗੇ ਸਿੱਖਿਅਕ ਬਣ ਸਕਦੇ ਹਾਂ ਅਤੇ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ।—2 ਤਿਮੋ. 4:5.

ਤੁਸੀਂ ਕਿਹੜਾ ਇਕ ਟੀਚਾ ਰੱਖ ਕੇ ਉਸ ਨੂੰ ਹਾਸਲ ਕਰ ਸਕਦੇ ਹੋ? (ਪੈਰਾ 19 ਦੇਖੋ) *

19. ਤੁਸੀਂ ਆਪਣੇ ਉਨ੍ਹਾਂ ਗੁਣਾਂ ਨੂੰ ਕਿਵੇਂ ਨਿਖਾਰ ਸਕਦੇ ਹੋ ਜੋ ਯਹੋਵਾਹ ਨੂੰ ਪਸੰਦ ਹਨ?

19 ਟੀਚੇ ਰੱਖਣ ਲੱਗਿਆਂ ਇਕ ਜ਼ਰੂਰੀ ਟੀਚਾ ਰੱਖਣਾ ਨਾ ਭੁੱਲੋ। ਉਹ ਹੈ, ਆਪਣੇ ਉਨ੍ਹਾਂ ਗੁਣਾਂ ਨੂੰ ਨਿਖਾਰਨਾ ਜੋ ਯਹੋਵਾਹ ਨੂੰ ਪਸੰਦ ਹਨ। (ਗਲਾ. 5:22, 23; ਕੁਲੁ. 3:12; 2 ਪਤ. 1:5-8) ਇਹ ਤੁਸੀਂ ਕਿਵੇਂ ਕਰ ਸਕਦੇ ਹੋ? ਮੰਨ ਲਓ ਕਿ ਤੁਸੀਂ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੁੰਦੇ ਹੋ। ਤੁਸੀਂ ਸਾਡੇ ਪ੍ਰਕਾਸ਼ਨਾਂ ਵਿੱਚੋਂ ਅਜਿਹੇ ਲੇਖ ਪੜ੍ਹੋ ਜਿਨ੍ਹਾਂ ਵਿਚ ਨਿਹਚਾ ਮਜ਼ਬੂਤ ਕਰਨ ਬਾਰੇ ਸੁਝਾਅ ਦਿੱਤੇ ਗਏ ਹਨ। ਤੁਸੀਂ JW ਬ੍ਰਾਡਕਾਸਟਿੰਗ ਪ੍ਰੋਗ੍ਰਾਮਾਂ ਵਿਚ ਦਿੱਤੇ ਅਜਿਹੇ ਭੈਣਾਂ-ਭਰਾਵਾਂ ਦੇ ਤਜਰਬੇ ਦੇਖ ਸਕਦੇ ਹੋ ਜਿਨ੍ਹਾਂ ਨੇ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਸਹਿੰਦਿਆਂ ਆਪਣੀ ਨਿਹਚਾ ਮਜ਼ਬੂਤ ਰੱਖੀ। ਫਿਰ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਉਨ੍ਹਾਂ ਵਾਂਗ ਆਪਣੀ ਨਿਹਚਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹੋ।

20. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਨਿਰਾਸ਼ ਘੱਟ ਹੋਈਏ ਤੇ ਖ਼ੁਸ਼ ਜ਼ਿਆਦਾ?

20 ਬਿਨਾਂ ਸ਼ੱਕ, ਅਸੀਂ ਸਾਰੇ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਜੋ ਅੱਜ ਅਸੀਂ ਨਹੀਂ ਕਰ ਪਾ ਰਹੇ। ਪਰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਕੋਈ ਵੀ ਗੱਲ ਸਾਨੂੰ ਇੱਦਾਂ ਕਰਨ ਤੋਂ ਰੋਕ ਨਹੀਂ ਸਕੇਗੀ। ਤਦ ਤਕ ਆਓ ਆਪਾਂ ਜੋ ਕਰ ਸਕਦੇ ਹਾਂ, ਉਹ ਜੀ-ਜਾਨ ਲਾ ਕੇ ਕਰੀਏ। ਫਿਰ ਅਸੀਂ ਨਿਰਾਸ਼ ਨਹੀਂ ਹੋਵਾਂਗੇ, ਸਗੋਂ ਸਾਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲੇਗੀ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ “ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਦਾ ਆਦਰ ਅਤੇ ਮਹਿਮਾ ਕਰ ਸਕਾਂਗੇ। (1 ਤਿਮੋ. 1:11) ਇਸ ਲਈ ਸਾਡੇ ਕੋਲ ਜੋ ਵੀ ਜ਼ਿੰਮੇਵਾਰੀ ਹੈ, ਆਓ ਉਸ ਨੂੰ ਖ਼ੁਸ਼ੀ-ਖ਼ੁਸ਼ੀ ਨਿਭਾਈਏ।

ਗੀਤ 35 ਜ਼ਰੂਰੀ ਗੱਲਾਂ ਨੂੰ ਪਹਿਲ ਦਿਓ

^ ਪੈਰਾ 5 ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸ਼ਾਇਦ ਅਸੀਂ ਵਧ-ਚੜ੍ਹ ਕੇ ਪ੍ਰਚਾਰ ਕਰਨਾ ਚਾਹੀਏ ਅਤੇ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰੀਏ। ਪਰ ਉਦੋਂ ਕੀ ਕਰੀਏ ਜਦੋਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਕੁਝ ਟੀਚੇ ਹਾਸਲ ਨਹੀਂ ਕਰ ਪਾਉਂਦੇ? ਅਸੀਂ ਯਹੋਵਾਹ ਦੀ ਸੇਵਾ ਵਿਚ ਕਿਵੇਂ ਰੁੱਝੇ ਰਹਿ ਸਕਦੇ ਹਾਂ ਅਤੇ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਥੈਲੀਆਂ ਬਾਰੇ ਦਿੱਤੀ ਯਿਸੂ ਦੀ ਮਿਸਾਲ ਤੋਂ ਮਿਲਦੇ ਹਨ।

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

^ ਪੈਰਾ 7 ਸ਼ਬਦਾਂ ਦਾ ਮਤਲਬ: ਇਕ ਥੈਲੀ ਵਿਚ ਜਿੰਨੇ ਚਾਂਦੀ ਦੇ ਸਿੱਕੇ ਹੁੰਦੇ ਸਨ, ਉਹ ਇਕ ਮਜ਼ਦੂਰ ਦੀ ਲਗਭਗ 20 ਸਾਲ ਦੀ ਮਜ਼ਦੂਰੀ ਸੀ।

^ ਪੈਰਾ 15 ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਕਾਬਲ ਬਣਨ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਵਿਚ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ, ਇਹ ਜਾਣਨ ਲਈ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦਾ ਅਧਿਆਇ 5 ਅਤੇ 6 ਦੇਖ ਸਕਦੇ ਹਨ।

^ ਪੈਰਾ 17 ਸ਼ਬਦਾਂ ਦਾ ਮਤਲਬ: ਮੰਡਲੀ ਦੇ ਇਕ ਬਜ਼ੁਰਗ ਨੂੰ ਸਹਾਇਕ ਸਲਾਹਕਾਰ ਬਣਾਇਆ ਜਾਂਦਾ ਹੈ। ਉਹ ਸਹਾਇਕ ਸੇਵਕ ਅਤੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਭਾਗ ਬਾਰੇ ਇਕੱਲਿਆਂ ਵਿਚ ਸਲਾਹ ਦਿੰਦਾ ਹੈ। ਉਹ ਲੋੜ ਪੈਣ ਤੇ ਇਸ ਤਰ੍ਹਾਂ ਕਰਦਾ ਹੈ।

^ ਪੈਰਾ 64 ਤਸਵੀਰ ਬਾਰੇ ਜਾਣਕਾਰੀ: ਵਧੀਆ ਸਿੱਖਿਅਕ ਬਣਨ ਦਾ ਟੀਚਾ ਪੂਰਾ ਕਰਨ ਲਈ ਇਕ ਭਰਾ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰਦਾ ਹੋਇਆ।

^ ਪੈਰਾ 66 ਤਸਵੀਰ ਬਾਰੇ ਜਾਣਕਾਰੀ: ਇਕ ਸਿਆਣੀ ਉਮਰ ਦੀ ਭੈਣ ਨੇ ਮੌਕਾ ਮਿਲਣ ਤੇ ਗਵਾਹੀ ਦੇਣ ਦਾ ਟੀਚਾ ਰੱਖਿਆ ਹੈ। ਉਹ ਹੋਟਲ ਵਿਚ ਇਕ ਕੁੜੀ ਨੂੰ ਸੰਪਰਕ ਕਾਰਡ ਦਿੰਦੀ ਹੋਈ।

^ ਪੈਰਾ 68 ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਨੇ ਖੁੱਲ੍ਹ-ਦਿਲੀ ਦਿਖਾਉਣ ਦਾ ਟੀਚਾ ਰੱਖਿਆ ਹੈ। ਉਹ ਇਕ ਹੋਰ ਭੈਣ ਲਈ ਕੁਝ ਖਾਣ ਵਾਸਤੇ ਬਣਾ ਕੇ ਲਿਆਈ ਹੈ।