Skip to content

Skip to table of contents

ਅਧਿਐਨ ਲੇਖ 30

ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ

ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ

“ਤੂੰ ਉਸ ਨੂੰ ਦੂਤਾਂ ਨਾਲੋਂ ਥੋੜ੍ਹਾ ਜਿਹਾ ਨੀਵਾਂ ਬਣਾਇਆ ਅਤੇ ਉਸ ਦੇ ਸਿਰ ’ਤੇ ਮਹਿਮਾ ਅਤੇ ਸ਼ਾਨੋ-ਸ਼ੌਕਤ ਦਾ ਮੁਕਟ ਰੱਖਿਆ।”—ਜ਼ਬੂ. 8:5.

ਗੀਤ 34 ਵਫ਼ਾ ਦੇ ਰਾਹ ’ਤੇ ਚੱਲੋ

ਖ਼ਾਸ ਗੱਲਾਂ *

1. ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ’ਤੇ ਸੋਚ-ਵਿਚਾਰ ਕਰਦੇ ਸਮੇਂ ਸਾਡੇ ਮਨ ਵਿਚ ਕਿਹੜੇ ਸਵਾਲ ਆ ਸਕਦੇ ਹਨ?

ਯਹੋਵਾਹ ਨੇ ਇਸ ਬ੍ਰਹਿਮੰਡ ਵਿਚ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ। ਜਦੋਂ ਅਸੀਂ ਉਨ੍ਹਾਂ ਬਾਰੇ ਸੋਚਦੇ ਹਾਂ, ਤਾਂ ਸ਼ਾਇਦ ਅਸੀਂ ਵੀ ਉਸੇ ਤਰ੍ਹਾਂ ਮਹਿਸੂਸ ਕਰੀਏ ਜਿਵੇਂ ਦਾਊਦ ਨੇ ਕੀਤਾ ਸੀ। ਉਸ ਨੇ ਪ੍ਰਾਰਥਨਾ ਵਿਚ ਕਿਹਾ: “ਜਦ ਮੈਂ ਤੇਰੇ ਆਕਾਸ਼ ਨੂੰ ਦੇਖਦਾ ਹਾਂ ਜੋ ਤੇਰੇ ਹੱਥਾਂ ਦੀ ਕਾਰੀਗਰੀ ਹੈ, ਚੰਦ-ਤਾਰੇ ਜਿਹੜੇ ਤੂੰ ਬਣਾਏ ਹਨ, ਤਾਂ ਫਿਰ, ਮਰਨਹਾਰ ਇਨਸਾਨ ਕੀ ਹੈ ਕਿ ਤੂੰ ਉਸ ਨੂੰ ਯਾਦ ਰੱਖੇਂ ਅਤੇ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਦੇਖ-ਭਾਲ ਕਰੇਂ?” (ਜ਼ਬੂ. 8:3, 4) ਦਾਊਦ ਦੀ ਤਰ੍ਹਾਂ ਸਾਨੂੰ ਵੀ ਲੱਗ ਸਕਦਾ ਹੈ ਕਿ ਇਨ੍ਹਾਂ ਤਾਰਿਆਂ ਦੇ ਮੁਕਾਬਲੇ ਅਸੀਂ ਕਿੰਨੇ ਛੋਟੇ ਹਾਂ। ਫਿਰ ਵੀ ਯਹੋਵਾਹ ਸਾਡੀ ਪਰਵਾਹ ਕਰਦਾ ਹੈ। ਹੁਣ ਅਸੀਂ ਦੇਖਾਂਗੇ ਕਿ ਜਦੋਂ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਬਣਾਇਆ, ਤਾਂ ਉਸ ਨੇ ਨਾ ਸਿਰਫ਼ ਉਨ੍ਹਾਂ ਦੀ ਪਰਵਾਹ ਕੀਤੀ, ਸਗੋਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਵੀ ਬਣਾਇਆ।

2. ਯਹੋਵਾਹ ਨੇ ਧਰਤੀ ਉੱਤੇ ਆਪਣੇ ਪਹਿਲੇ ਬੱਚਿਆਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਸੀ?

2 ਧਰਤੀ ਉੱਤੇ ਆਦਮ ਤੇ ਹੱਵਾਹ ਯਹੋਵਾਹ ਦੇ ਪਹਿਲੇ ਬੱਚੇ ਸਨ ਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਉਹ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ’ਤੇ ਅਧਿਕਾਰ ਰੱਖੋ।” (ਉਤ. 1:28) ਉਨ੍ਹਾਂ ਨੇ ਬੱਚੇ ਪੈਦਾ ਕਰਨੇ ਸਨ ਤੇ ਧਰਤੀ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨੀ ਸੀ। ਜੇ ਉਹ ਆਪਣੇ ਯਹੋਵਾਹ ਦਾ ਕਹਿਣਾ ਮੰਨਦੇ ਅਤੇ ਉਸ ਦਾ ਦਿੱਤਾ ਕੰਮ ਚੰਗੀ ਤਰ੍ਹਾਂ ਕਰਦੇ, ਤਾਂ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਔਲਾਦ ਨੇ ਹਮੇਸ਼ਾ ਲਈ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨਾ ਸੀ।

3. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਪਰਿਵਾਰ ਵਿਚ ਆਦਮ ਤੇ ਹੱਵਾਹ ਦੀ ਇਕ ਅਹਿਮ ਜਗ੍ਹਾ ਸੀ?

3 ਯਹੋਵਾਹ ਦੇ ਪਰਿਵਾਰ ਵਿਚ ਆਦਮ ਤੇ ਹੱਵਾਹ ਦੀ ਬਹੁਤ ਅਹਿਮੀਅਤ ਸੀ। ਦਾਊਦ ਨੇ ਜ਼ਬੂਰ 8:5 ਵਿਚ ਪਹਿਲੇ ਇਨਸਾਨ ਬਾਰੇ ਕਿਹਾ: “ਉਸ ਨੂੰ ਦੂਤਾਂ ਨਾਲੋਂ ਥੋੜ੍ਹਾ ਜਿਹਾ ਨੀਵਾਂ ਬਣਾਇਆ।” ਇਹ ਸੱਚ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਦੂਤਾਂ ਜਿੰਨੀ ਤਾਕਤ, ਸਮਝ ਅਤੇ ਕਾਬਲੀਅਤਾਂ ਨਹੀਂ ਦਿੱਤੀਆਂ। (ਜ਼ਬੂ. 103:20) ਪਰ ਉਨ੍ਹਾਂ ਵਿਚ ਅਤੇ ਦੂਤਾਂ ਵਿਚ ਜ਼ਿਆਦਾ ਫ਼ਰਕ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ ਇਨਸਾਨਾਂ ਨੂੰ ਸਿਰਫ਼ “ਥੋੜ੍ਹਾ ਜਿਹਾ ਨੀਵਾਂ” ਬਣਾਇਆ ਹੈ। ਕਿੰਨੀ ਵਧੀਆ ਗੱਲ ਹੈ, ਹੈ ਨਾ? ਵਾਕਈ, ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਕਿੰਨੇ ਵਧੀਆ ਤਰੀਕੇ ਨਾਲ ਬਣਾਇਆ ਤੇ ਉਨ੍ਹਾਂ ਨੂੰ ਸ਼ਾਨਦਾਰ ਜ਼ਿੰਦਗੀ ਦਿੱਤੀ ਸੀ।

4. ਆਦਮ ਤੇ ਹੱਵਾਹ ਨਾਲ ਕੀ ਹੋਇਆ ਅਤੇ ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

 4 ਦੁੱਖ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਅਤੇ ਉਹ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਨਹੀਂ ਰਹੇ। ਉਨ੍ਹਾਂ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਬਹੁਤ ਸਾਰੀਆਂ ਤਕਲੀਫ਼ਾਂ ਝੱਲਣੀਆਂ ਪਈਆਂ ਜਿਸ ਬਾਰੇ ਅਸੀਂ ਅੱਗੇ ਦੇਖਾਂਗੇ। ਪਰ ਯਹੋਵਾਹ ਦਾ ਮਕਸਦ ਨਹੀਂ ਬਦਲਿਆ। ਉਹ ਅੱਜ ਵੀ ਚਾਹੁੰਦਾ ਹੈ ਕਿ ਵਫ਼ਾਦਾਰ ਇਨਸਾਨ ਹਮੇਸ਼ਾ ਲਈ ਉਸ ਦੇ ਬੱਚੇ ਬਣੇ ਰਹਿਣ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਕਿਸ ਤਰ੍ਹਾਂ ਇਨਸਾਨਾਂ ਨੂੰ ਅਨਮੋਲ ਸਮਝਿਆ ਅਤੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ। ਅਸੀਂ ਇਹ ਵੀ ਦੇਖਾਂਗੇ ਕਿ ਅੱਜ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਯਹੋਵਾਹ ਦੇ ਪਰਿਵਾਰ ਦਾ ਹਮੇਸ਼ਾ ਲਈ ਹਿੱਸਾ ਬਣ ਸਕੀਏ। ਅਖ਼ੀਰ ਵਿਚ ਅਸੀਂ ਇਹ ਵੀ ਦੇਖਾਂਗੇ ਕਿ ਭਵਿੱਖ ਵਿਚ ਯਹੋਵਾਹ ਦੇ ਬੱਚਿਆਂ ਨੂੰ ਇਸ ਧਰਤੀ ਉੱਤੇ ਕਿਹੜੀਆਂ ਬਰਕਤਾਂ ਮਿਲਣਗੀਆਂ।

ਯਹੋਵਾਹ ਨੇ ਇਨਸਾਨਾਂ ਨੂੰ ਕਿਵੇਂ ਮਾਣ ਬਖ਼ਸ਼ਿਆ ਹੈ?

ਯਹੋਵਾਹ ਨੇ ਕਿਵੇਂ ਸਾਡਾ ਮਾਣ ਵਧਾਇਆ? (ਪੈਰੇ 5-11 ਦੇਖੋ) *

5. ਅਸੀਂ ਯਹੋਵਾਹ ਦਾ ਆਦਰ ਕਿਵੇਂ ਕਰ ਸਕਦੇ ਹਾਂ ਜਿਸ ਨੇ ਸਾਨੂੰ ਆਪਣੇ ਸਰੂਪ ’ਤੇ ਬਣਾਇਆ ਹੈ?

5ਯਹੋਵਾਹ ਨੇ ਸਾਨੂੰ ਆਪਣੇ ਸਰੂਪ ’ਤੇ ਬਣਾਇਆ ਹੈ। (ਉਤ. 1:26, 27) ਇਸ ਦਾ ਮਤਲਬ ਹੈ ਕਿ ਅਸੀਂ ਉਹ ਗੁਣ ਜ਼ਾਹਰ ਕਰ ਸਕਦੇ ਹਾਂ ਜੋ ਯਹੋਵਾਹ ਵਿਚ ਹਨ ਜਿਵੇਂ ਪਿਆਰ, ਦਇਆ, ਵਫ਼ਾਦਾਰੀ ਤੇ ਸਹੀ ਕੰਮ ਕਰਨੇ। (ਜ਼ਬੂ. 86:15; 145:17) ਜਦੋਂ ਅਸੀਂ ਆਪਣੇ ਅੰਦਰ ਯਹੋਵਾਹ ਵਰਗੇ ਗੁਣ ਪੈਦਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ। (1 ਪਤ. 1:14-16) ਨਾਲੇ ਇਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਤੇ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। ਇਸ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਸ ਦੇ ਪਰਿਵਾਰ ਦੇ ਅਜਿਹੇ ਮੈਂਬਰ ਬਣ ਸਕਦੇ ਹਾਂ ਜਿੱਦਾਂ ਦੇ ਉਹ ਚਾਹੁੰਦਾ ਹੈ।

6. ਧਰਤੀ ਨੂੰ ਤਿਆਰ ਕਰ ਕੇ ਯਹੋਵਾਹ ਨੇ ਇਨਸਾਨਾਂ ਨੂੰ ਮਾਣ ਕਿਵੇਂ ਬਖ਼ਸ਼ਿਆ?

6ਯਹੋਵਾਹ ਨੇ ਸਾਡੇ ਲਈ ਇਕ ਸੋਹਣਾ ਘਰ ਬਣਾਇਆ। ਪਹਿਲੇ ਇਨਸਾਨ ਨੂੰ ਬਣਾਉਣ ਤੋਂ ਬਹੁਤ ਸਮਾਂ ਪਹਿਲਾਂ ਯਹੋਵਾਹ ਨੇ ਇਨਸਾਨਾਂ ਦੇ ਰਹਿਣ ਲਈ ਧਰਤੀ ਨੂੰ ਤਿਆਰ ਕੀਤਾ। (ਅੱਯੂ. 38:4-6; ਯਿਰ. 10:12) ਯਹੋਵਾਹ ਨੇ ਸਾਰਾ ਕੁਝ ਬਹੁਤ ਸੋਚ-ਸਮਝ ਕੇ ਬਣਾਇਆ। ਫਿਰ ਉਸ ਨੇ ਆਪਣੀਆਂ ਬਣਾਈਆਂ ਸਾਰੀਆਂ ਚੀਜ਼ਾਂ ’ਤੇ ਸੋਚ-ਵਿਚਾਰ ਕੀਤਾ ਅਤੇ “ਦੇਖਿਆ ਕਿ ਇਹ ਵਧੀਆ ਸੀ।” (ਉਤ. 1:10, 12, 31) ਉਸ ਨੇ ਇਨਸਾਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਤਾਂਕਿ ਉਹ ਖ਼ੁਸ਼ ਰਹਿਣ। ਇਸ ਤੋਂ ਉਸ ਦੀ ਦਰਿਆਦਿਲੀ ਦਾ ਸਬੂਤ ਮਿਲਦਾ ਹੈ। (ਜ਼ਬੂ. 104:14, 15, 24) ਨਾਲੇ ਯਹੋਵਾਹ ਨੇ ਜੋ ਸ਼ਾਨਦਾਰ ਚੀਜ਼ਾਂ ਬਣਾਈਆਂ ਸਨ, ਉਨ੍ਹਾਂ ’ਤੇ ਇਨਸਾਨਾਂ ਨੂੰ “ਅਧਿਕਾਰ” ਦੇ ਕੇ ਉਸ ਨੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ। (ਜ਼ਬੂ. 8:6) ਯਹੋਵਾਹ ਹਾਲੇ ਵੀ ਚਾਹੁੰਦਾ ਹੈ ਕਿ ਭਵਿੱਖ ਵਿਚ ਮੁਕੰਮਲ ਇਨਸਾਨ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ। ਕੀ ਤੁਸੀਂ ਅਕਸਰ ਇਸ ਸ਼ਾਨਦਾਰ ਵਾਅਦੇ ਲਈ ਯਹੋਵਾਹ ਦਾ ਧੰਨਵਾਦ ਕਰਦੇ ਹੋ?

7. ਯਹੋਸ਼ੁਆ 24:15 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਹੈ?

7ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਅਸੀਂ ਇਹ ਚੋਣ ਆਪ ਕਰ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਵਿਚ ਕੀ ਕਰਾਂਗੇ। (ਯਹੋਸ਼ੁਆ 24:15 ਪੜ੍ਹੋ।) ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਡੇ ਪਿਆਰੇ ਪਰਮੇਸ਼ੁਰ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਜ਼ਬੂ. 84:11; ਕਹਾ. 27:11) ਅਸੀਂ ਜ਼ਿੰਦਗੀ ਦੇ ਹੋਰ ਮਾਮਲਿਆਂ ਵਿਚ ਵੀ ਇਸ ਆਜ਼ਾਦੀ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ। ਕਿਵੇਂ? ਆਓ ਯਿਸੂ ਦੀ ਮਿਸਾਲ ’ਤੇ ਗੌਰ ਕਰੀਏ।

8. ਯਿਸੂ ਨੇ ਕਿਹੜੇ ਇਕ ਤਰੀਕੇ ਨਾਲ ਫ਼ੈਸਲੇ ਕਰਨ ਦੀ ਆਜ਼ਾਦੀ ਦਾ ਇਸਤੇਮਾਲ ਕੀਤਾ?

8 ਯਿਸੂ ਦੀ ਮਿਸਾਲ ’ਤੇ ਚੱਲ ਕੇ ਸਾਨੂੰ ਵੀ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਯਿਸੂ ਹਮੇਸ਼ਾ ਦੂਜਿਆਂ ਬਾਰੇ ਸੋਚਦਾ ਸੀ। ਇਕ ਵਾਰ ਯਿਸੂ ਅਤੇ ਉਸ ਦੇ ਰਸੂਲ ਬਹੁਤ ਥੱਕੇ ਹੋਏ ਸਨ। ਉਹ ਆਰਾਮ ਕਰਨ ਲਈ ਕਿਸੇ ਏਕਾਂਤ ਜਗ੍ਹਾ ਗਏ, ਪਰ ਉਹ ਆਰਾਮ ਨਹੀਂ ਕਰ ਸਕੇ। ਲੋਕਾਂ ਦੀ ਇਕ ਵੱਡੀ ਭੀੜ ਉਨ੍ਹਾਂ ਦਾ ਪਿੱਛਾ ਕਰਦੀ-ਕਰਦੀ ਉੱਥੇ ਆ ਗਈ। ਉਹ ਯਿਸੂ ਤੋਂ ਸਿੱਖਣਾ ਚਾਹੁੰਦੇ ਸਨ। ਯਿਸੂ ਉਨ੍ਹਾਂ ਨੂੰ ਦੇਖ ਕੇ ਖਿਝਿਆ ਨਹੀਂ। ਉਸ ਨੂੰ ਉਨ੍ਹਾਂ ’ਤੇ ਤਰਸ ਆਇਆ ਅਤੇ “ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।” (ਮਰ. 6:30-34) ਜਦੋਂ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਆਪਣਾ ਸਮਾਂ ਤੇ ਤਾਕਤ ਲਾਉਂਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। (ਮੱਤੀ 5:14-16) ਨਾਲੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹਾਂ।

9. ਯਹੋਵਾਹ ਨੇ ਇਨਸਾਨਾਂ ਨੂੰ ਕਿਹੜਾ ਖ਼ਾਸ ਸਨਮਾਨ ਦਿੱਤਾ ਹੈ?

9ਯਹੋਵਾਹ ਨੇ ਇਨਸਾਨਾਂ ਨੂੰ ਬੱਚੇ ਪੈਦਾ ਕਰਨ ਦੀ ਕਾਬਲੀਅਤ ਦਿੱਤੀ ਹੈ। ਉਸ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਵੀ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਸ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਸਿਖਾਉਣ। ਯਹੋਵਾਹ ਨੇ ਦੂਤਾਂ ਨੂੰ ਬਹੁਤ ਸਾਰੀਆਂ ਕਾਬਲੀਅਤਾਂ ਦਿੱਤੀਆਂ ਹਨ, ਪਰ ਬੱਚੇ ਪੈਦਾ ਕਰਨ ਦੀ ਕਾਬਲੀਅਤ ਉਨ੍ਹਾਂ ਨੂੰ ਨਹੀਂ ਦਿੱਤੀ। ਇਹ ਕਾਬਲੀਅਤ ਉਸ ਨੇ ਸਿਰਫ਼ ਇਨਸਾਨਾਂ ਨੂੰ ਦਿੱਤੀ ਹੈ। ਮਾਪਿਓ, ਕੀ ਤੁਸੀਂ ਇਸ ਖ਼ਾਸ ਸਨਮਾਨ ਲਈ ਪਰਮੇਸ਼ੁਰ ਦਾ ਅਹਿਸਾਨ ਮੰਨਦੇ ਹੋ? ਯਹੋਵਾਹ ਨੇ ਤੁਹਾਨੂੰ ਇਕ ਖ਼ਾਸ ਜ਼ਿੰਮੇਵਾਰੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਬੱਚਿਆਂ ਨੂੰ “ਯਹੋਵਾਹ ਦਾ ਅਨੁਸ਼ਾਸਨ ਅਤੇ ਸਿੱਖਿਆ” ਦਿਓ। (ਅਫ਼. 6:4; ਬਿਵ. 6:5-7; ਜ਼ਬੂ. 127:3) ਤੁਹਾਡੀ ਮਦਦ ਕਰਨ ਲਈ ਯਹੋਵਾਹ ਨੇ ਤੁਹਾਨੂੰ ਕਈ ਪ੍ਰਕਾਸ਼ਨ, ਵੀਡੀਓ, ਸੰਗੀਤ ਅਤੇ ਵੈੱਬਸਾਈਟ ਉੱਤੇ ਲੇਖ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਯਿਸੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। (ਲੂਕਾ 18:15-17) ਜਦੋਂ ਤੁਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹੋ ਅਤੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਦੇ ਹੋ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਨਾਲੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਹਮੇਸ਼ਾ ਲਈ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਦਿੰਦੇ ਹੋ।

10-11. ਯਿਸੂ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਇਨਸਾਨਾਂ ਲਈ ਕੀ ਕੁਝ ਸੰਭਵ ਕੀਤਾ ਹੈ?

10ਯਹੋਵਾਹ ਨੇ ਆਪਣੇ ਸਭ ਤੋਂ ਪਿਆਰੇ ਪੁੱਤਰ ਦੀ ਕੁਰਬਾਨੀ ਦਿੱਤੀ ਤਾਂਕਿ ਇਨਸਾਨ ਦੁਬਾਰਾ ਉਸ ਦੇ ਪਰਿਵਾਰ ਦਾ ਹਿੱਸਾ ਬਣ ਸਕਣ। ਜਿਵੇਂ ਅਸੀਂ  ਪੈਰਾ ਚਾਰ ਵਿਚ ਪੜ੍ਹਿਆ ਸੀ, ਆਦਮ, ਹੱਵਾਹ ਅਤੇ ਉਨ੍ਹਾਂ ਦੇ ਬੱਚੇ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਨਹੀਂ ਰਹੇ। (ਰੋਮੀ. 5:12) ਆਦਮ ਅਤੇ ਹੱਵਾਹ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚੋਂ ਕੱਢ ਦਿੱਤਾ। ਪਰ ਉਨ੍ਹਾਂ ਦੇ ਬੱਚਿਆਂ ਬਾਰੇ ਕੀ? ਯਹੋਵਾਹ ਇਨਸਾਨਾਂ ਨਾਲ ਬਹੁਤ ਪਿਆਰ ਕਰਦਾ ਹੈ। ਇਸ ਲਈ ਉਸ ਨੇ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦਿੱਤੀ ਤਾਂਕਿ ਕਹਿਣਾ ਮੰਨਣ ਵਾਲੇ ਇਨਸਾਨ ਦੁਬਾਰਾ ਉਸ ਦੇ ਪਰਿਵਾਰ ਦਾ ਹਿੱਸਾ ਬਣ ਸਕਣ। (ਯੂਹੰ. 3:16; ਰੋਮੀ. 5:19) ਇਸ ਕੁਰਬਾਨੀ ਸਦਕਾ ਯਹੋਵਾਹ ਨੇ 1,44,000 ਇਨਸਾਨਾਂ ਨੂੰ ਆਪਣੇ ਪੁੱਤਰਾਂ ਵਜੋਂ ਗੋਦ ਲਿਆ।—ਰੋਮੀ. 8:15-17; ਪ੍ਰਕਾ. 14:1.

11 ਇਸ ਤੋਂ ਇਲਾਵਾ, ਲੱਖਾਂ ਹੀ ਲੋਕ ਯਹੋਵਾਹ ਦਾ ਕਹਿਣਾ ਮੰਨ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਹਜ਼ਾਰ ਸਾਲ ਦੇ ਅਖ਼ੀਰ ਵਿਚ ਹੋਣ ਵਾਲੀ ਪਰੀਖਿਆ ਤੋਂ ਬਾਅਦ ਉਹ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨਗੇ। (ਜ਼ਬੂ. 25:14; ਰੋਮੀ. 8:20, 21) ਇਸ ਲਈ ਅੱਜ ਉਹ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਨੂੰ ਆਪਣਾ “ਪਿਤਾ” ਮੰਨਦੇ ਹਨ। (ਮੱਤੀ 6:9) ਜਿਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ, ਉਨ੍ਹਾਂ ਨੂੰ ਵੀ ਯਹੋਵਾਹ ਅਤੇ ਉਸ ਦੇ ਮਿਆਰਾਂ ਬਾਰੇ ਸਿੱਖਣ ਦਾ ਮੌਕਾ ਦਿੱਤਾ ਜਾਵੇਗਾ। ਪਰ ਉਹ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਤਾਂ ਹੀ ਬਣਨਗੇ ਜੇ ਉਹ ਉਸ ਦੀ ਭਗਤੀ ਕਰਨ ਦਾ ਫ਼ੈਸਲਾ ਕਰਨਗੇ।

12. ਅਸੀਂ ਹੁਣ ਕਿਸ ਸਵਾਲ ’ਤੇ ਚਰਚਾ ਕਰਾਂਗੇ?

12 ਹੁਣ ਤਕ ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਪਹਿਲ ਕਰ ਕੇ ਕਈ ਤਰੀਕਿਆਂ ਨਾਲ ਇਨਸਾਨਾਂ ਨੂੰ ਮਾਣ ਬਖ਼ਸ਼ਿਆ ਹੈ। ਉਸ ਨੇ ਚੁਣੇ ਹੋਏ ਮਸੀਹੀਆਂ ਨੂੰ ਪਹਿਲਾਂ ਹੀ ਆਪਣੇ ਪੁੱਤਰਾਂ ਵਜੋਂ ਗੋਦ ਲੈ ਲਿਆ ਹੈ ਅਤੇ “ਵੱਡੀ ਭੀੜ” ਦੇ ਲੋਕਾਂ ਨੂੰ ਵੀ ਨਵੀਂ ਦੁਨੀਆਂ ਵਿਚ ਆਪਣੇ ਬੱਚੇ ਬਣਨ ਦੀ ਉਮੀਦ ਦਿੱਤੀ ਹੈ। (ਪ੍ਰਕਾ. 7:9) ਤਾਂ ਫਿਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅੱਜ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਯਹੋਵਾਹ ਦੇ ਪਰਿਵਾਰ ਦਾ ਹਮੇਸ਼ਾ ਲਈ ਹਿੱਸਾ ਬਣੀਏ?

ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਕੀ ਕਰੀਏ?

13. ਪਰਮੇਸ਼ੁਰ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਅਸੀਂ ਕੀ ਕਰ ਸਕਦੇ ਹਾਂ? (ਮਰਕੁਸ 12:30)

13ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਕੇ ਦਿਖਾਓ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। (ਮਰ. 12:30 ਪੜ੍ਹੋ।) ਯਹੋਵਾਹ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹਨ। ਉਨ੍ਹਾਂ ਵਿੱਚੋਂ ਸਭ ਤੋਂ ਖ਼ਾਸ ਚੀਜ਼ ਇਹ ਹੈ ਕਿ ਯਹੋਵਾਹ ਨੇ ਸਾਨੂੰ ਉਸ ਦੀ ਭਗਤੀ ਕਰਨ ਦੀ ਕਾਬਲੀਅਤ ਦਿੱਤੀ ਹੈ। ਅਸੀਂ ਯਹੋਵਾਹ ਦੇ ‘ਹੁਕਮ ਮੰਨ’ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (1 ਯੂਹੰ. 5:3) ਇਨ੍ਹਾਂ ਵਿੱਚੋਂ ਇਕ ਹੁਕਮ ਹੈ ਲੋਕਾਂ ਨੂੰ ਚੇਲੇ ਬਣਾਉਣਾ ਅਤੇ ਉਨ੍ਹਾਂ ਨੂੰ ਬਪਤਿਸਮਾ ਦੇਣਾ। (ਮੱਤੀ 28:19) ਇਕ ਹੋਰ ਹੁਕਮ ਹੈ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰੀਏ। (ਯੂਹੰ. 13:35) ਜਿਹੜੇ ਲੋਕ ਯਹੋਵਾਹ ਦੇ ਹੁਕਮਾਂ ਨੂੰ ਮੰਨਣਗੇ, ਉਹ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਵੇਗਾ।—ਜ਼ਬੂ. 15:1, 2.

14. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਲਈ ਪਿਆਰ ਦਿਖਾ ਸਕਦੇ ਹਾਂ? (ਮੱਤੀ 9:36-38; ਰੋਮੀਆਂ 12:10)

14ਦੂਜਿਆਂ ਨੂੰ ਪਿਆਰ ਕਰੋ। ਪਿਆਰ ਯਹੋਵਾਹ ਦਾ ਖ਼ਾਸ ਗੁਣ ਹੈ। (1 ਯੂਹੰ. 4:8) ਯਹੋਵਾਹ ਨੇ ਸਾਡੇ ਨਾਲ ਉਦੋਂ ਪਿਆਰ ਕੀਤਾ ਜਦੋਂ ਅਸੀਂ ਉਸ ਨੂੰ ਜਾਣਦੇ ਵੀ ਨਹੀਂ ਸੀ। (1 ਯੂਹੰ. 4:9, 10) ਸਾਨੂੰ ਵੀ ਉਸ ਦੀ ਰੀਸ ਕਰਦੇ ਹੋਏ ਦੂਜਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। (ਅਫ਼. 5:1) ਇਸ ਤਰ੍ਹਾਂ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਅੰਤ ਆਉਣ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਈਏ। (ਮੱਤੀ 9:36-38 ਪੜ੍ਹੋ।) ਇਸ ਤਰ੍ਹਾਂ ਕਰ ਕੇ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਦਿੰਦੇ ਹਾਂ। ਉਨ੍ਹਾਂ ਦੇ ਬਪਤਿਸਮੇ ਤੋਂ ਬਾਅਦ ਵੀ ਸਾਨੂੰ ਉਨ੍ਹਾਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ। (1 ਯੂਹੰ. 4:20, 21) ਕਿਵੇਂ? ਮੰਨ ਲਓ ਕਿ ਇਕ ਭਰਾ ਕੁਝ ਕਰਦਾ ਹੈ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਉਸ ਨੇ ਇੱਦਾਂ ਕਿਉਂ ਕੀਤਾ। ਇਸ ਤਰ੍ਹਾਂ ਹੋਣ ਤੇ ਅਸੀਂ ਇਹ ਨਹੀਂ ਸੋਚਾਂਗੇ ਕਿ ਉਸ ਦੇ ਇਰਾਦੇ ਸਹੀ ਨਹੀਂ ਹਨ ਅਤੇ ਨਾ ਹੀ ਉਸ ’ਤੇ ਸ਼ੱਕ ਕਰਾਂਗੇ। ਇਸ ਦੀ ਬਜਾਇ, ਅਸੀਂ ਉਸ ’ਤੇ ਭਰੋਸਾ ਕਰਾਂਗੇ, ਉਸ ਦਾ ਆਦਰ ਕਰਾਂਗੇ ਅਤੇ ਉਸ ਨੂੰ ਆਪਣੇ ਨਾਲੋਂ ਬਿਹਤਰ ਸਮਝਾਂਗੇ।—ਰੋਮੀਆਂ 12:10 ਪੜ੍ਹੋ; ਫ਼ਿਲਿ. 2:3.

15. ਸਾਨੂੰ ਕਿਨ੍ਹਾਂ ਲੋਕਾਂ ਨਾਲ ਦਇਆ ਨਾਲ ਪੇਸ਼ ਆਉਣਾ ਚਾਹੀਦਾ ਹੈ?

15ਸਾਰੇ ਲੋਕਾਂ ਨਾਲ ਦਇਆ ਨਾਲ ਪੇਸ਼ ਆਓ। ਜੇ ਅਸੀਂ ਹਮੇਸ਼ਾ ਲਈ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਬਾਈਬਲ ਵਿਚ ਦੱਸੀਆਂ ਗੱਲਾਂ ਮੁਤਾਬਕ ਚੱਲਣਾ ਪਵੇਗਾ। ਉਦਾਹਰਣ ਲਈ, ਯਿਸੂ ਨੇ ਸਿਖਾਇਆ ਕਿ ਸਾਨੂੰ ਸਾਰਿਆਂ ਨਾਲ ਦਇਆ ਨਾਲ ਪੇਸ਼ ਆਉਣਾ ਚਾਹੀਦਾ ਹੈ, ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨਾਲ ਵੀ। (ਲੂਕਾ 6:32-36) ਸ਼ਾਇਦ ਸਾਨੂੰ ਕਦੀ-ਕਦੀ ਇਸ ਤਰ੍ਹਾਂ ਕਰਨਾ ਮੁਸ਼ਕਲ ਲੱਗ ਸਕਦਾ ਹੈ। ਪਰ ਸਾਨੂੰ ਯਿਸੂ ਵਰਗੀ ਸੋਚ ਰੱਖਣੀ ਚਾਹੀਦੀ ਹੈ ਅਤੇ ਉਸ ਵਾਂਗ ਪੇਸ਼ ਆਉਣਾ ਚਾਹੀਦਾ ਹੈ। ਜਦੋਂ ਅਸੀਂ ਯਹੋਵਾਹ ਦਾ ਕਹਿਣਾ ਮੰਨਦੇ ਹਾਂ ਅਤੇ ਯਿਸੂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਹਮੇਸ਼ਾ ਲਈ ਆਪਣੇ ਸਵਰਗੀ ਪਿਤਾ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹਾਂ।

16. ਅਸੀਂ ਯਹੋਵਾਹ ਦਾ ਨਾਂ ਖ਼ਰਾਬ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?

16ਯਹੋਵਾਹ ਦੇ ਪਰਿਵਾਰ ਦਾ ਨਾਂ ਬਦਨਾਮ ਨਾ ਹੋਣ ਦਿਓ। ਆਮ ਤੌਰ ਤੇ ਇਕ ਪਰਿਵਾਰ ਵਿਚ ਛੋਟਾ ਮੁੰਡਾ ਉਹੀ ਕਰਦਾ ਹੈ ਜੋ ਉਹ ਆਪਣੇ ਵੱਡੇ ਭਰਾ ਨੂੰ ਕਰਦਿਆਂ ਦੇਖਦਾ ਹੈ। ਜੇ ਵੱਡਾ ਭਰਾ ਬਾਈਬਲ ਦੇ ਅਸੂਲਾਂ ਮੁਤਾਬਕ ਜੀਉਂਦਾ ਹੈ ਅਤੇ ਚੰਗੇ ਕੰਮ ਕਰਦਾ ਹੈ, ਤਾਂ ਛੋਟਾ ਭਰਾ ਵੀ ਉਹੀ ਕਰਦਾ ਹੈ। ਪਰ ਜੇ ਵੱਡਾ ਭਰਾ ਗ਼ਲਤ ਕੰਮ ਕਰਨ ਲੱਗਦਾ ਹੈ, ਤਾਂ ਛੋਟਾ ਭਰਾ ਵੀ ਉਸ ਨੂੰ ਦੇਖ ਕੇ ਗ਼ਲਤ ਕੰਮ ਕਰਨੇ ਸਿੱਖਦਾ ਹੈ। ਯਹੋਵਾਹ ਦੇ ਪਰਿਵਾਰ ਵਿਚ ਵੀ ਕੁਝ ਇਸੇ ਤਰ੍ਹਾਂ ਹੁੰਦਾ ਹੈ। ਜੇ ਇਕ ਮਸੀਹੀ, ਜੋ ਪਹਿਲਾਂ ਵਫ਼ਾਦਾਰ ਹੁੰਦਾ ਸੀ, ਧਰਮ-ਤਿਆਗੀ ਬਣ ਜਾਂਦਾ ਹੈ, ਅਨੈਤਿਕ ਜਾਂ ਗ਼ਲਤ ਕੰਮ ਕਰਨ ਲੱਗ ਜਾਂਦਾ ਹੈ, ਤਾਂ ਸ਼ਾਇਦ ਦੂਸਰੇ ਵੀ ਉਸ ਨੂੰ ਦੇਖ ਕੇ ਗ਼ਲਤ ਕੰਮ ਕਰਨ ਲੱਗ ਪੈਣ ਜਿਸ ਕਰਕੇ ਪਰਮੇਸ਼ੁਰ ਦੇ ਪਰਿਵਾਰ ਦਾ ਨਾਂ ਬਦਨਾਮ ਹੋ ਸਕਦਾ ਹੈ। (1 ਥੱਸ. 4:3-8) ਸਾਨੂੰ ਉਨ੍ਹਾਂ ਲੋਕਾਂ ਨੂੰ ਦੇਖ ਕੇ ਗ਼ਲਤ ਕੰਮ ਨਹੀਂ ਕਰਨੇ ਚਾਹੀਦੇ ਤੇ ਨਾ ਹੀ ਕੁਝ ਅਜਿਹਾ ਕਰਨਾ ਚਾਹੀਦਾ ਜਿਸ ਨਾਲ ਆਪਣੇ ਸਵਰਗੀ ਪਿਤਾ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇ।

17. ਸਾਨੂੰ ਕੀ ਨਹੀਂ ਸੋਚਣਾ ਚਾਹੀਦਾ ਤੇ ਕਿਉਂ?

17ਯਹੋਵਾਹ ’ਤੇ ਭਰੋਸਾ ਰੱਖੋ, ਨਾ ਕਿ ਧਨ-ਦੌਲਤ ’ਤੇ। ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਉਸ ਦੇ ਰਾਜ ਨੂੰ ਪਹਿਲੀ ਥਾਂ ਦੇਵਾਂਗੇ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਚੱਲਾਂਗੇ, ਤਾਂ ਉਹ ਸਾਨੂੰ ਰੋਟੀ, ਕੱਪੜਾ ਅਤੇ ਮਕਾਨ ਜ਼ਰੂਰ ਦੇਵੇਗਾ। (ਜ਼ਬੂ. 55:22; ਮੱਤੀ 6:33) ਜੇ ਸਾਨੂੰ ਉਸ ਦੇ ਵਾਅਦੇ ’ਤੇ ਭਰੋਸਾ ਹੋਵੇਗਾ, ਤਾਂ ਅਸੀਂ ਇਹ ਨਹੀਂ ਸੋਚਾਂਗੇ ਕਿ ਧਨ-ਦੌਲਤ ਜਾਂ ਐਸ਼ੋ-ਆਰਾਮ ਦੀਆਂ ਚੀਜ਼ਾਂ ਸਾਨੂੰ ਖ਼ੁਸ਼ੀ ਅਤੇ ਸੁਰੱਖਿਆ ਦੇ ਸਕਦੀਆਂ ਹਨ ਕਿਉਂਕਿ ਸਾਨੂੰ ਪਤਾ ਹੈ ਕਿ ਅਸਲੀ ਸ਼ਾਂਤੀ ਸਿਰਫ਼ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਨਾਲ ਹੀ ਮਿਲ ਸਕਦੀ ਹੈ। (ਫ਼ਿਲਿ. 4:6, 7) ਜੇ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਖ਼ਰੀਦਣ ਲਈ ਪੈਸੇ ਹੋਣ ਵੀ, ਤਾਂ ਵੀ ਕੀ ਸਾਡੇ ਕੋਲ ਇੰਨਾ ਸਮਾਂ ਤੇ ਤਾਕਤ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਨੂੰ ਵਰਤ ਸਕੀਏ ਜਾਂ ਉਨ੍ਹਾਂ ਦੀ ਦੇਖ-ਭਾਲ ਕਰ ਸਕੀਏ? ਕੀ ਇੱਦਾਂ ਹੋ ਸਕਦਾ ਹੈ ਕਿ ਸਾਨੂੰ ਉਨ੍ਹਾਂ ਚੀਜ਼ਾਂ ਨਾਲ ਬਹੁਤ ਲਗਾਅ ਹੋ ਜਾਵੇ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੀ ਸੇਵਾ ਵਿਚ ਸਾਡੇ ਕੋਲ ਬਹੁਤ ਕੰਮ ਹੈ ਤੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬਿਨਾਂ ਧਿਆਨ ਭਟਕਾਏ ਉਹ ਕੰਮ ਕਰੀਏ। ਉਸ ਆਦਮੀ ਨੂੰ ਯਾਦ ਕਰੋ ਜਿਸ ਕੋਲ ਯਹੋਵਾਹ ਦੀ ਸੇਵਾ ਕਰਨ ਅਤੇ ਉਸ ਦੇ ਪੁੱਤਰ ਵਜੋਂ ਗੋਦ ਲਏ ਜਾਣ ਦਾ ਵਧੀਆ ਮੌਕਾ ਸੀ। ਪਰ ਉਸ ਨੂੰ ਆਪਣੀ ਧਨ-ਦੌਲਤ ਨਾਲ ਇੰਨਾ ਲਗਾਅ ਸੀ ਕਿ ਉਸ ਨੇ ਉਹ ਸ਼ਾਨਦਾਰ ਮੌਕਾ ਹੱਥੋਂ ਗੁਆ ਦਿੱਤਾ। ਅਸੀਂ ਉਸ ਵਾਂਗ ਨਹੀਂ ਬਣਨਾ ਚਾਹੁੰਦੇ।—ਮਰ. 10:17-22.

ਭਵਿੱਖ ਵਿਚ ਯਹੋਵਾਹ ਦੇ ਬੱਚੇ ਹਮੇਸ਼ਾ ਲਈ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਨਗੇ?

18. ਕਹਿਣਾ ਮੰਨਣ ਵਾਲੇ ਲੋਕਾਂ ਨੂੰ ਹਮੇਸ਼ਾ ਲਈ ਕਿਹੜਾ ਵੱਡਾ ਸਨਮਾਨ ਅਤੇ ਬਰਕਤਾਂ ਮਿਲਣਗੀਆਂ?

18 ਕਹਿਣਾ ਮੰਨਣ ਵਾਲੇ ਲੋਕਾਂ ਨੂੰ ਹਮੇਸ਼ਾ ਲਈ ਯਹੋਵਾਹ ਨਾਲ ਪਿਆਰ ਕਰਨ ਅਤੇ ਉਸ ਦੀ ਭਗਤੀ ਕਰਨ ਦਾ ਸਭ ਤੋਂ ਵੱਡਾ ਸਨਮਾਨ ਮਿਲੇਗਾ। ਉਨ੍ਹਾਂ ਨੂੰ ਇਕ ਹੋਰ ਬਰਕਤ ਮਿਲੇਗੀ। ਬਹੁਤ ਜਲਦ ਜਦੋਂ ਪਰਮੇਸ਼ੁਰ ਦਾ ਰਾਜ ਇਸ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ, ਤਾਂ ਉਨ੍ਹਾਂ ਨੂੰ ਇਸ ਧਰਤੀ ਦੀ ਦੇਖ-ਭਾਲ ਕਰਨ ਦਾ ਕੰਮ ਦਿੱਤਾ ਜਾਵੇਗਾ। ਯਿਸੂ ਉਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗਾ ਜੋ ਆਦਮ ਅਤੇ ਹੱਵਾਹ ਕਰਕੇ ਆਈਆਂ ਹਨ। ਯਹੋਵਾਹ ਲੱਖਾਂ ਹੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਅਤੇ ਉਨ੍ਹਾਂ ਨੂੰ ਇਸ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਤੇ ਚੰਗੀ ਸਿਹਤ ਦੇਵੇਗਾ। (ਲੂਕਾ 23:42, 43) ਨਾਲੇ ਜਦੋਂ ਯਹੋਵਾਹ ਦੇ ਲੋਕ ਮੁਕੰਮਲ ਹੋ ਜਾਣਗੇ, ਤਾਂ ਉਨ੍ਹਾਂ ਦੇ ਜੀਉਣ ਦੇ ਤੌਰ-ਤਰੀਕੇ ਤੋਂ ਉਹੀ “ਮਹਿਮਾ ਅਤੇ ਸ਼ਾਨੋ-ਸ਼ੌਕਤ” ਝਲਕੇਗੀ ਜਿਸ ਬਾਰੇ ਦਾਊਦ ਨੇ ਲਿਖਿਆ ਸੀ।—ਜ਼ਬੂ. 8:5.

19. ਤੁਹਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

19 ਜੇ ਤੁਸੀਂ “ਵੱਡੀ ਭੀੜ” ਵਿੱਚੋਂ ਹੋ, ਤਾਂ ਤੁਹਾਡੇ ਕੋਲ ਇਕ ਬਹੁਤ ਹੀ ਵਧੀਆ ਉਮੀਦ ਹੈ। ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਪਰਿਵਾਰ ਦਾ ਹਿੱਸਾ ਬਣੋ। ਇਸ ਲਈ ਉਸ ਨੂੰ ਖ਼ੁਸ਼ ਕਰਨ ਲਈ ਪੂਰੀ ਵਾਹ ਲਾਓ। ਹਰ ਰੋਜ਼ ਪਰਮੇਸ਼ੁਰ ਦੇ ਵਾਅਦਿਆਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਜ਼ਿੰਦਗੀ ਜੀਓ। ਨਾਲੇ ਆਪਣੇ ਸਵਰਗੀ ਪਿਤਾ ਦੀ ਭਗਤੀ ਕਰਨ ਅਤੇ ਹਮੇਸ਼ਾ ਉਸ ਦੀ ਵਡਿਆਈ ਕਰਨ ਦੇ ਆਪਣੇ ਸਨਮਾਨ ਦੀ ਕਦਰ ਕਰੋ!

ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ

^ ਪੈਰਾ 5 ਇਕ ਪਰਿਵਾਰ ਤਾਂ ਹੀ ਖ਼ੁਸ਼ ਰਹਿ ਸਕਦਾ ਹੈ ਜੇ ਪਰਿਵਾਰ ਵਿਚ ਹਰੇਕ ਮੈਂਬਰ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਨੇ ਕੀ ਕਰਨਾ ਹੈ ਅਤੇ ਉਹ ਇਕ-ਦੂਜੇ ਦਾ ਸਾਥ ਦਿੰਦੇ ਹੋਣ। ਪਿਤਾ ਆਪਣੇ ਪਰਿਵਾਰ ਦੀ ਪਿਆਰ ਨਾਲ ਅਗਵਾਈ ਕਰਦਾ ਹੈ ਤੇ ਮਾਂ ਉਸ ਦਾ ਸਾਥ ਦਿੰਦੀ ਹੈ ਅਤੇ ਬੱਚੇ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨਦੇ ਹਨ। ਯਹੋਵਾਹ ਦੇ ਪਰਿਵਾਰ ਵਿਚ ਵੀ ਇੱਦਾਂ ਹੀ ਹੁੰਦਾ ਹੈ। ਯਹੋਵਾਹ ਨੇ ਸਾਡੇ ਸਾਰਿਆਂ ਲਈ ਇਕ ਮਕਸਦ ਰੱਖਿਆ ਹੈ ਤੇ ਜੇ ਅਸੀਂ ਉਸ ਮੁਤਾਬਕ ਕੰਮ ਕਰਾਂਗੇ, ਤਾਂ ਅਸੀਂ ਹਮੇਸ਼ਾ ਲਈ ਉਸ ਦੇ ਪਰਿਵਾਰ ਦੇ ਮੈਂਬਰ ਬਣਾਂਗੇ।

^ ਪੈਰਾ 55 ਤਸਵੀਰ ਬਾਰੇ ਜਾਣਕਾਰੀ: ਯਹੋਵਾਹ ਦੇ ਸਰੂਪ ’ਤੇ ਬਣੇ ਹੋਣ ਕਰਕੇ ਪਤੀ-ਪਤਨੀ ਇਕ-ਦੂਜੇ ਨਾਲ ਅਤੇ ਆਪਣੇ ਮੁੰਡਿਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆ ਰਹੇ ਹਨ। ਉਹ ਯਹੋਵਾਹ ਨਾਲ ਪਿਆਰ ਕਰਦੇ ਹਨ। ਉਨ੍ਹਾਂ ਨੂੰ ਯਹੋਵਾਹ ਤੋਂ ਮਿਲੇ ਵਰਦਾਨ ਦੀ ਕਦਰ ਹੈ, ਇਸ ਲਈ ਉਹ ਆਪਣੇ ਮੁੰਡਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾ ਰਹੇ ਹਨ। ਉਹ ਉਨ੍ਹਾਂ ਨੂੰ ਇਕ ਵੀਡੀਓ ਦਿਖਾ ਕੇ ਸਮਝਾ ਰਹੇ ਹਨ ਕਿ ਯਹੋਵਾਹ ਨੇ ਯਿਸੂ ਦੀ ਕੁਰਬਾਨੀ ਕਿਉਂ ਦਿੱਤੀ। ਉਹ ਬੱਚਿਆਂ ਨੂੰ ਇਹ ਵੀ ਸਿਖਾ ਰਹੇ ਹਨ ਕਿ ਨਵੀਂ ਦੁਨੀਆਂ ਵਿਚ ਉਹ ਧਰਤੀ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨਗੇ।