ਅਧਿਐਨ ਲੇਖ 18
ਆਪਣੀ ਦੌੜ ਪੂਰੀ ਕਰੋ
“ਮੈਂ ਆਪਣੀ ਦੌੜ ਪੂਰੀ ਕਰ ਲਈ ਹੈ।”—2 ਤਿਮੋ. 4:7.
ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ
ਖ਼ਾਸ ਗੱਲਾਂ *
1. ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਹੈ?
ਕੀ ਤੁਸੀਂ ਇਕ ਅਜਿਹੀ ਦੌੜ ਵਿਚ ਦੌੜਨਾ ਚਾਹੋਗੇ ਜੋ ਮੁਸ਼ਕਲ ਹੈ, ਖ਼ਾਸ ਕਰਕੇ ਜੇ ਤੁਸੀਂ ਬੀਮਾਰ ਜਾਂ ਥੱਕੇ ਹੋਏ ਹੋ? ਸ਼ਾਇਦ ਨਹੀਂ। ਪਰ ਪੌਲੁਸ ਰਸੂਲ ਨੇ ਕਿਹਾ ਕਿ ਸਾਰੇ ਸੱਚੇ ਮਸੀਹੀ ਇਕ ਦੌੜ ਵਿਚ ਹਨ। (ਇਬ. 12:1) ਨਾਲੇ ਚਾਹੇ ਅਸੀਂ ਜਵਾਨ ਹੋਈਏ ਜਾਂ ਸਿਆਣੀ ਉਮਰ ਦੇ, ਤਕੜੇ ਹੋਈਏ ਜਾਂ ਕਮਜ਼ੋਰ, ਫਿਰ ਵੀ ਸਾਨੂੰ ਸਾਰਿਆਂ ਨੂੰ ਯਹੋਵਾਹ ਤੋਂ ਇਨਾਮ ਪਾਉਣ ਲਈ ਅੰਤ ਤਕ ਦੌੜਦੇ ਰਹਿਣ ਦੀ ਲੋੜ ਹੈ।—ਮੱਤੀ 24:13.
2. ਦੂਜਾ ਤਿਮੋਥਿਉਸ 4:7, 8 ਅਨੁਸਾਰ ਪੌਲੁਸ ਸਾਨੂੰ ਇਹ ਸਲਾਹ ਕਿਉਂ ਦੇ ਸਕਿਆ?
2 ਪੌਲੁਸ ਸਾਨੂੰ ਇਹ ਸਲਾਹ ਇਸ ਲਈ ਦੇ ਸਕਿਆ ਕਿਉਂਕਿ ਉਸ ਨੇ “ਆਪਣੀ ਦੌੜ ਪੂਰੀ ਕਰ ਲਈ” ਸੀ। (2 ਤਿਮੋਥਿਉਸ 4:7, 8 ਪੜ੍ਹੋ।) ਪਰ ਪੌਲੁਸ ਖ਼ਾਸ ਤੌਰ ਤੇ ਕਿਸ ਦੌੜ ਦਾ ਜ਼ਿਕਰ ਕਰ ਰਿਹਾ ਸੀ?
ਇਹ ਦੌੜ ਕਿਹੜੀ ਹੈ?
3. ਪੌਲੁਸ ਕਿਸ ਦੌੜ ਦਾ ਜ਼ਿਕਰ ਕਰ ਰਿਹਾ ਸੀ?
3 ਪੌਲੁਸ ਨੇ ਜ਼ਰੂਰੀ ਸਬਕ ਸਿਖਾਉਣ ਲਈ ਕਦੀ-ਕਦਾਈਂ ਯੂਨਾਨੀ ਖੇਡਾਂ ਦਾ ਜ਼ਿਕਰ ਕੀਤਾ। (1 ਕੁਰਿੰ. 9:25-27; 2 ਤਿਮੋ. 2:5) ਉਸ ਨੇ ਕਈ ਵਾਰ ਇਕ ਮਸੀਹੀ ਦੀ ਜ਼ਿੰਦਗੀ ਦੀ ਤੁਲਨਾ ਇਕ ਦੌੜਾਕ ਨਾਲ ਕੀਤੀ। (1 ਕੁਰਿੰ. 9:24; ਫ਼ਿਲਿ. 2:16; ਗਲਾ. 5:7, ਫੁਟਨੋਟ) ਇਕ ਵਿਅਕਤੀ ਇਸ “ਦੌੜ” ਵਿਚ ਉਦੋਂ ਸ਼ਾਮਲ ਹੁੰਦਾ ਹੈ ਜਦੋਂ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਾ ਅਤੇ ਬਪਤਿਸਮਾ ਲੈਂਦਾ ਹੈ। (1 ਪਤ. 3:21) ਦੌੜ ਪੂਰੀ ਕਰਨ ’ਤੇ ਯਹੋਵਾਹ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਦਿੰਦਾ ਹੈ।—ਮੱਤੀ 25:31-34, 46; 2 ਤਿਮੋ. 4:8.
4. ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ’ਤੇ ਗੌਰ ਕਰਾਂਗੇ?
4 ਇਕ ਲੰਬੀ ਦੌੜ ਦੌੜਨ ਅਤੇ ਮਸੀਹੀ ਜ਼ਿੰਦਗੀ ਜੀਉਣ ਵਿਚ ਕਿਹੜੀਆਂ ਕੁਝ ਗੱਲਾਂ ਮੇਲ ਖਾਂਦੀਆਂ ਹਨ? ਕਈ ਗੱਲਾਂ ਮੇਲ ਖਾਂਦੀਆਂ ਹਨ। ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ। ਪਹਿਲੀ, ਸਾਨੂੰ ਸਹੀ ਰਾਹ ’ਤੇ ਚੱਲਣ ਦੀ ਲੋੜ ਹੈ; ਦੂਜੀ, ਸਾਨੂੰ ਆਪਣੀ ਨਜ਼ਰ ਮੰਜ਼ਲ ’ਤੇ ਟਿਕਾਈ ਰੱਖਣੀ ਚਾਹੀਦੀ ਹੈ ਅਤੇ ਤੀਸਰੀ, ਰਾਹ ਵਿਚ ਆਉਂਦੀਆਂ ਚੁਣੌਤੀਆਂ ਨੂੰ ਪਾਰ ਕਰਨਾ ਚਾਹੀਦਾ ਹੈ।
ਸਹੀ ਰਾਹ ’ਤੇ ਚੱਲੋ
5. ਸਾਨੂੰ ਕਿਸ ਰਾਹ ’ਤੇ ਚੱਲਣਾ ਚਾਹੀਦਾ ਹੈ ਅਤੇ ਕਿਉਂ?
5 ਖੇਡਾਂ ਦੌਰਾਨ ਹੁੰਦੀ ਦੌੜ ਵਿਚ ਇਨਾਮ ਪਾਉਣ ਲਈ ਦੌੜਾਕਾਂ ਨੂੰ ਤੈਅ ਕੀਤੇ ਰਾਹ ’ਤੇ ਦੌੜਨ ਦੀ ਲੋੜ ਹੈ। ਇਸੇ ਤਰ੍ਹਾਂ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਉਣ ਲਈ ਸਾਨੂੰ ਮਸੀਹੀ ਰਾਹ ’ਤੇ ਦੌੜਨ ਦੀ ਲੋੜ ਹੈ। (ਰਸੂ. 20:24; 1 ਪਤ. 2:21) ਪਰ ਸ਼ੈਤਾਨ ਅਤੇ ਉਸ ਦੀ ਰੀਸ ਕਰਨ ਵਾਲੇ ਚਾਹੁੰਦੇ ਹਨ ਕਿ ਅਸੀਂ ਇਕ ਵੱਖਰਾ ਰਾਹ ਚੁਣੀਏ ਯਾਨੀ ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨਾਲ ਦੌੜੀਏ। (1 ਪਤ. 4:4) ਮਸੀਹੀ ਰਾਹ ’ਤੇ ਚੱਲਦਿਆਂ ਦੇਖ ਕੇ ਉਹ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਰਾਹ ਜ਼ਿਆਦਾ ਵਧੀਆ ਹੈ ਜੋ ਕਿ ਆਜ਼ਾਦੀ ਵੱਲ ਲੈ ਜਾਂਦਾ ਹੈ। ਪਰ ਉਨ੍ਹਾਂ ਦਾ ਇਹ ਦਾਅਵਾ ਸਰਾਸਰ ਝੂਠਾ ਹੈ।—2 ਪਤ. 2:19.
6. ਤੁਸੀਂ ਬ੍ਰਾਇਅਨ ਦੀ ਮਿਸਾਲ ਤੋਂ ਕੀ ਸਿੱਖਦੇ ਹੋ?
6 ਸ਼ੈਤਾਨ ਦੀ ਦੁਨੀਆਂ ਨਾਲ ਮਿਲ ਕੇ ਦੌੜਨ ਵਾਲਿਆਂ ਨੂੰ ਜਲਦੀ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਚੁਣਿਆ ਰਾਹ ਆਜ਼ਾਦੀ ਵੱਲ ਨਹੀਂ, ਸਗੋਂ ਗ਼ੁਲਾਮੀ ਵੱਲ ਲੈ ਜਾਂਦਾ ਹੈ। (ਰੋਮੀ. 6:16) ਜ਼ਰਾ ਬ੍ਰਾਇਅਨ ਦੀ ਮਿਸਾਲ ’ਤੇ ਗੌਰ ਕਰੋ। ਉਸ ਦੇ ਮਾਪਿਆਂ ਨੇ ਉਸ ਨੂੰ ਮਸੀਹੀ ਰਾਹ ’ਤੇ ਚੱਲਣ ਦੀ ਹੱਲਾਸ਼ੇਰੀ ਦਿੱਤੀ। ਪਰ ਜਦੋਂ ਉਹ ਨੌਜਵਾਨ ਸੀ, ਤਾਂ ਉਸ ਨੂੰ ਸ਼ੱਕ ਸੀ ਕਿ ਇਸ ਰਾਹ ’ਤੇ ਚੱਲ ਕੇ ਉਹ ਖ਼ੁਸ਼ ਰਹੇਗਾ ਜਾਂ ਨਹੀਂ। ਬ੍ਰਾਇਅਨ ਨੇ ਸ਼ੈਤਾਨ ਦੇ ਮਿਆਰਾਂ ਮੁਤਾਬਕ ਜੀ ਰਹੇ ਲੋਕਾਂ ਨਾਲ ਦੌੜਨ ਦਾ ਫ਼ੈਸਲਾ ਕੀਤਾ। ਉਹ ਕਹਿੰਦਾ ਹੈ: “ਮੈਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਜੋ ਆਜ਼ਾਦੀ ਮੈਂ ਚਾਹੁੰਦਾ ਸੀ, ਉਹ ਮੈਨੂੰ ਬੁਰੀਆਂ ਆਦਤਾਂ ਦੀ ਗ਼ੁਲਾਮ ਬਣਾ ਦੇਵੇਗੀ। ਸਮੇਂ ਦੇ ਬੀਤਣ ਨਾਲ ਮੈਂ ਨਸ਼ੇ ਕਰਨ, ਸ਼ਰਾਬ ਪੀਣ ਤੇ ਬਦਚਲਣ ਜ਼ਿੰਦਗੀ ਜੀਉਣ ਲੱਗਾ। ਅਗਲੇ ਕਈ ਸਾਲਾਂ ਤਕ ਮੈਂ ਜ਼ਿਆਦਾ ਖ਼ਤਰਨਾਕ ਨਸ਼ੇ ਕਰਨ ਲੱਗਾ ਜਿਨ੍ਹਾਂ ਵਿੱਚੋਂ ਕਈਆਂ ਦਾ ਮੈਂ ਗ਼ੁਲਾਮ ਬਣ ਗਿਆ। . . . ਮੈਂ ਆਪਣੇ ਗੁਜ਼ਾਰੇ ਲਈ ਨਸ਼ੇ ਵੇਚਣ ਲੱਗ ਪਿਆ।” ਅਖ਼ੀਰ, ਬ੍ਰਾਇਅਨ ਨੇ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣ ਦਾ ਫ਼ੈਸਲਾ ਕੀਤਾ। ਉਸ ਨੇ ਰਾਹ ਬਦਲ ਕੇ 2001 ਵਿਚ ਬਪਤਿਸਮਾ ਲਿਆ। ਹੁਣ ਉਹ ਦਿਲੋਂ ਖ਼ੁਸ਼ ਹੈ ਕਿ ਉਹ ਮਸੀਹੀ ਰਾਹ ’ਤੇ ਚੱਲ ਰਿਹਾ ਹੈ। *
7. ਮੱਤੀ 7:13, 14 ਮੁਤਾਬਕ ਸਾਡੇ ਸਾਮ੍ਹਣੇ ਕਿਹੜੇ ਦੋ ਰਾਹ ਹਨ?
7 ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਹੀ ਰਾਹ ਚੁਣੀਏ! ਸ਼ੈਤਾਨ ਚਾਹੁੰਦਾ ਹੈ ਕਿ ਅਸੀਂ “ਹਮੇਸ਼ਾ ਦੀ ਜ਼ਿੰਦਗੀ ਵੱਲ” ਜਾਂਦੇ ਤੰਗ ਰਾਹ ’ਤੇ ਦੌੜਨਾ ਛੱਡ ਕੇ ਬਹੁਤੇ ਲੋਕਾਂ ਵਾਂਗ ਖੁੱਲ੍ਹੇ ਰਾਹ ’ਤੇ ਦੌੜਨਾ ਸ਼ੁਰੂ ਕਰ ਦੇਈਏ। ਇਹ ਰਾਹ ਬਹੁਤਿਆਂ ਨੂੰ ਪਸੰਦ ਹੈ ਕਿਉਂਕਿ ਇਸ ’ਤੇ ਦੌੜਨਾ ਆਸਾਨ ਹੈ। ਪਰ ਇਹ ਰਾਹ “ਨਾਸ਼ ਵੱਲ ਜਾਂਦਾ ਹੈ।” (ਮੱਤੀ 7:13, 14 ਪੜ੍ਹੋ।) ਸਹੀ ਰਾਹ ’ਤੇ ਦੌੜਦੇ ਰਹਿਣ ਅਤੇ ਆਪਣਾ ਧਿਆਨ ਮੰਜ਼ਲ ’ਤੇ ਲਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖੀਏ ਤੇ ਉਸ ਦੀ ਗੱਲ ਸੁਣੀਏ।
ਆਪਣੀ ਨਜ਼ਰ ਟਿਕਾਈ ਰੱਖੋ ਤੇ ਠੋਕਰ ਨਾ ਖਾਓ
8. ਇਕ ਦੌੜਾਕ ਠੋਕਰ ਖਾਣ ’ਤੇ ਕੀ ਕਰਦਾ ਹੈ?
8 ਲੰਬੀ ਦੌੜ ਦੇ ਦੌੜਾਕ ਆਪਣੀ ਨਜ਼ਰ ਰਾਹ ’ਤੇ ਟਿਕਾਈ ਰੱਖਦੇ ਹਨ ਤਾਂਕਿ ਉਹ ਠੋਕਰ ਨਾ ਖਾ ਜਾਣ। ਪਰ ਸ਼ਾਇਦ ਫਿਰ ਵੀ ਉਹ ਅਚਾਨਕ ਆਪਣੇ ਨਾਲ ਦੇ ਦੌੜਾਕ ਨਾਲ ਟਕਰਾ ਕੇ ਜਾਂ ਟੋਏ ਵਿਚ ਪੈਰ ਰੱਖਣ ਕਰਕੇ ਡਿਗ ਪੈਣ।
ਜੇ ਉਹ ਡਿਗ ਪੈਂਦੇ ਹਨ, ਤਾਂ ਉਹ ਉੱਠ ਕੇ ਦੌੜਨਾ ਜਾਰੀ ਰੱਖਦੇ ਹਨ। ਉਹ ਆਪਣਾ ਧਿਆਨ ਠੋਕਰ ਦੇਣ ਵਾਲੀ ਚੀਜ਼ ’ਤੇ ਨਹੀਂ, ਸਗੋਂ ਆਪਣੀ ਮੰਜ਼ਲ ਅਤੇ ਇਨਾਮ ’ਤੇ ਲਾਈ ਰੱਖਦੇ ਹਨ।9. ਠੋਕਰ ਲੱਗ ਜਾਣ ’ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਸਾਡੀ ਦੌੜ ਵਿਚ ਸ਼ਾਇਦ ਅਸੀਂ ਆਪਣੀ ਕਹਿਣੀ ਜਾਂ ਕਰਨੀ ਰਾਹੀਂ ਗ਼ਲਤੀਆਂ ਕਰ ਕੇ ਕਈ ਵਾਰ ਠੋਕਰ ਖਾਈਏ। ਜਾਂ ਸ਼ਾਇਦ ਸਾਡੇ ਨਾਲ ਦੇ ਦੌੜਾਕ ਅਜਿਹੀਆਂ ਗ਼ਲਤੀਆਂ ਕਰਨ ਜਿਨ੍ਹਾਂ ਤੋਂ ਸਾਨੂੰ ਠੇਸ ਪਹੁੰਚੇ। ਇੱਦਾਂ ਹੋਣ ’ਤੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਜ਼ਿੰਦਗੀ ਨੂੰ ਜਾਣ ਵਾਲੇ ਤੰਗ ਰਾਹ ’ਤੇ ਦੌੜ ਰਹੇ ਹਾਂ। ਸੋ ਹੋ ਸਕਦਾ ਹੈ ਕਿ ਅਸੀਂ ਸਮੇਂ-ਸਮੇਂ ’ਤੇ ਇਕ-ਦੂਜੇ ਨੂੰ “ਠੋਕਰ” ਖੁਆ ਦੇਈਏ। ਪੌਲੁਸ ਨੇ ਮੰਨਿਆ ਕਿ ਅਸੀਂ ਕਦੇ-ਨਾ-ਕਦੇ ਇਕ-ਦੂਜੇ ਨੂੰ “ਨਾਰਾਜ਼” ਕਰਾਂਗੇ। (ਕੁਲੁ. 3:13) ਪਰ ਠੋਕਰ ਉੱਤੇ ਧਿਆਨ ਲਾਉਣ ਦੀ ਬਜਾਇ ਆਓ ਆਪਾਂ ਇਨਾਮ ’ਤੇ ਧਿਆਨ ਲਾਈਏ। ਜੇ ਅਸੀਂ ਠੋਕਰ ਖਾ ਵੀ ਲੈਂਦੇ ਹਾਂ, ਤਾਂ ਆਓ ਅਸੀਂ ਉੱਠ ਕੇ ਦੁਬਾਰਾ ਦੌੜਨਾ ਸ਼ੁਰੂ ਕਰ ਦੇਈਏ। ਜੇ ਅਸੀਂ ਗੁੱਸੇ ਹੋ ਜਾਂਦੇ ਹਾਂ ਅਤੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ ਹਾਂ, ਤਾਂ ਅਸੀਂ ਨਾ ਤਾਂ ਆਪਣੀ ਮੰਜ਼ਲ ’ਤੇ ਪਹੁੰਚਾਂਗੇ ਅਤੇ ਨਾ ਹੀ ਇਨਾਮ ਹਾਸਲ ਕਰਾਂਗੇ। ਨਾਲੇ ਅਸੀਂ ਦੂਸਰਿਆਂ ਲਈ ਵੀ ਠੋਕਰ ਦਾ ਕਾਰਨ ਬਣਾਂਗੇ ਜੋ ਜ਼ਿੰਦਗੀ ਨੂੰ ਜਾਣ ਵਾਲੇ ਤੰਗ ਰਾਹ ’ਤੇ ਦੌੜਨ ਦੀ ਕੋਸ਼ਿਸ਼ ਕਰ ਰਹੇ ਹਨ।
10. ਅਸੀਂ ਦੂਸਰਿਆਂ ਲਈ “ਠੋਕਰ ਦਾ ਪੱਥਰ” ਬਣਨ ਤੋਂ ਕਿਵੇਂ ਬਚ ਸਕਦੇ ਹਾਂ?
10 ਜਦੋਂ ਮੁਮਕਿਨ ਹੋਵੇ, ਉਦੋਂ ਅਸੀਂ ਆਪਣੀ ਗੱਲ ’ਤੇ ਅੜੇ ਰਹਿਣ ਦੀ ਬਜਾਇ ਆਪਣੇ ਭੈਣਾਂ-ਭਰਾਵਾਂ ਨੂੰ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਦੇ ਸਕਦੇ ਹਾਂ। ਇੱਦਾਂ ਕਰਕੇ ਵੀ ਅਸੀਂ ਆਪਣੇ ਭੈਣਾਂ-ਭਰਾਵਾਂ ਲਈ “ਠੋਕਰ ਦਾ ਪੱਥਰ” ਬਣਨ ਤੋਂ ਬਚ ਸਕਦੇ ਹਾਂ। (ਰੋਮੀ. 14:13, 19-21; 1 ਕੁਰਿੰ. 8:9, 13) ਇਸ ਜ਼ਰੂਰੀ ਕਾਰਨ ਕਰਕੇ ਅਸੀਂ ਖੇਡਾਂ ਵਿਚ ਦੌੜਨ ਵਾਲਿਆਂ ਤੋਂ ਵੱਖਰੇ ਹਾਂ। ਉਹ ਇਕ-ਦੂਸਰੇ ਨਾਲ ਮੁਕਾਬਲਾ ਕਰਦੇ ਹਨ ਅਤੇ ਸਾਰੇ ਦੌੜਾਕ ਆਪਣੇ ਲਈ ਇਨਾਮ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਦੌੜਾਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ। ਇਸ ਲਈ ਸ਼ਾਇਦ ਉਹ ਦੂਸਰੇ ਦੌੜਾਕਾਂ ਨੂੰ ਧੱਕਾ ਮਾਰ ਕੇ ਅੱਗੇ ਨਿਕਲਣਾ ਚਾਹੁਣ। ਇਸ ਦੇ ਉਲਟ, ਅਸੀਂ ਇਕ-ਦੂਸਰੇ ਨਾਲ ਮੁਕਾਬਲਾ ਨਹੀਂ ਕਰ ਰਹੇ ਹਾਂ। (ਗਲਾ. 5:26; 6:4) ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੇ ਨਾਲ ਇਹ ਦੌੜ ਪੂਰੀ ਕਰਨ ਤੇ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਉਣ। ਇਸ ਲਈ ਅਸੀਂ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਦੀ ਇਹ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ: “ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿ. 2:4.
11. ਇਕ ਦੌੜਾਕ ਕਿਸ ’ਤੇ ਨਜ਼ਰ ਟਿਕਾਈ ਰੱਖਦਾ ਹੈ ਅਤੇ ਕਿਉਂ?
11 ਖੇਡਾਂ ਵਿਚ ਦੌੜਨ ਵਾਲੇ ਸਿਰਫ਼ ਰਾਹ ’ਤੇ ਹੀ ਨਹੀਂ,
ਸਗੋਂ ਮੰਜ਼ਲ ’ਤੇ ਵੀ ਨਜ਼ਰ ਟਿਕਾਈ ਰੱਖਦੇ ਹਨ। ਭਾਵੇਂ ਕਿ ਉਨ੍ਹਾਂ ਨੂੰ ਆਪਣੀ ਮੰਜ਼ਲ ਦਿਖਾਈ ਨਹੀਂ ਦਿੰਦੀ, ਪਰ ਫਿਰ ਵੀ ਉਹ ਇਸ ਤਕ ਪਹੁੰਚਣ ਅਤੇ ਇਨਾਮ ਨੂੰ ਹਾਸਲ ਕਰਨ ਦੀ ਕਲਪਨਾ ਕਰ ਸਕਦੇ ਹਨ। ਇਨਾਮ ਨੂੰ ਹਮੇਸ਼ਾ ਆਪਣੇ ਮਨ ਵਿਚ ਰੱਖ ਕੇ ਉਨ੍ਹਾਂ ਨੂੰ ਦੌੜਨ ਦੀ ਪ੍ਰੇਰਣਾ ਮਿਲਦੀ ਹੈ।12. ਯਹੋਵਾਹ ਨੇ ਸਾਨੂੰ ਕੀ ਦੇਣ ਦਾ ਵਾਅਦਾ ਕੀਤਾ ਹੈ?
12 ਯਹੋਵਾਹ ਨੇ ਜ਼ਿੰਦਗੀ ਦੀ ਦੌੜ ਪੂਰਾ ਕਰਨ ਵਾਲਿਆਂ ਨੂੰ ਇਨਾਮ ਦੇਣ ਦਾ ਪੱਕਾ ਵਾਅਦਾ ਕੀਤਾ ਹੈ। ਇਹ ਇਨਾਮ ਹੈ, ਚੁਣੇ ਹੋਇਆਂ ਲਈ ਸਵਰਗ ਵਿਚ ਅਤੇ ਹੋਰ ਭੇਡਾਂ ਲਈ ਬਾਗ਼ ਵਰਗੀ ਸੋਹਣੀ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ। ਬਾਈਬਲ ਵਿਚ ਇਸ ਇਨਾਮ ਦੀ ਝਲਕ ਦਿੱਤੀ ਗਈ ਹੈ ਤਾਂਕਿ ਅਸੀਂ ਉਸ ਸ਼ਾਨਦਾਰ ਜ਼ਿੰਦਗੀ ਦੀ ਕਲਪਨਾ ਕਰ ਸਕੀਏ। ਜਿੰਨਾ ਜ਼ਿਆਦਾ ਅਸੀਂ ਇਸ ਉਮੀਦ ਨੂੰ ਆਪਣੇ ਮਨਾਂ ਅਤੇ ਦਿਲਾਂ ਵਿਚ ਜੀਉਂਦੀ ਰੱਖਾਂਗੇ, ਉੱਨਾ ਹੀ ਅਸੀਂ ਕਿਸੇ ਚੀਜ਼ ਤੋਂ ਹਮੇਸ਼ਾ ਲਈ ਠੋਕਰ ਖਾਣ ਤੋਂ ਬਚਾਂਗੇ।
ਮੁਸ਼ਕਲਾਂ ਦੇ ਬਾਵਜੂਦ ਦੌੜਦੇ ਰਹੋ
13. ਸਾਡੇ ਕੋਲ ਕੀ ਹੈ ਜੋ ਖੇਡ ਦੇ ਦੌੜਾਕਾਂ ਕੋਲ ਨਹੀਂ ਹੈ?
13 ਯੂਨਾਨੀ ਖੇਡਾਂ ਵਿਚ ਦੌੜਾਕਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਸੀ, ਜਿਵੇਂ ਥਕਾਵਟ ਅਤੇ ਦਰਦ। ਪਰ ਉਨ੍ਹਾਂ ਨੂੰ ਆਪਣੀ ਸਿਖਲਾਈ ਅਤੇ ਆਪਣੀ ਤਾਕਤ ’ਤੇ ਭਰੋਸਾ ਰੱਖਣਾ ਪੈਂਦਾ ਸੀ। ਉਨ੍ਹਾਂ ਦੌੜਾਕਾਂ ਵਾਂਗ ਸਾਨੂੰ ਵੀ ਦੌੜਨ ਦੀ ਸਿਖਲਾਈ ਮਿਲਦੀ ਹੈ। ਪਰ ਸਾਡੇ ਕੋਲ ਉਹ ਹੈ ਜੋ ਖੇਡ ਦੇ ਦੌੜਾਕਾਂ ਕੋਲ ਨਹੀਂ ਹੈ। ਅਸੀਂ ਅਸੀਮ ਤਾਕਤ ਦੇ ਸੋਮੇ ਯਹੋਵਾਹ ਤੋਂ ਤਾਕਤ ਲੈ ਸਕਦੇ ਹਾਂ। ਜੇ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ, ਤਾਂ ਉਹ ਸਾਨੂੰ ਸਿਰਫ਼ ਸਿਖਲਾਈ ਦੇਣ ਦਾ ਹੀ ਨਹੀਂ, ਸਗੋਂ ਤਾਕਤ ਦੇਣ ਦਾ ਵੀ ਵਾਅਦਾ ਕਰਦਾ ਹੈ!—1 ਪਤ. 5:10.
14. ਦੂਜਾ ਕੁਰਿੰਥੀਆਂ 12:9, 10 ਮੁਸ਼ਕਲਾਂ ਝੱਲਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
14 ਪੌਲੁਸ ਨੇ ਕਈ ਮੁਸ਼ਕਲਾਂ ਝੱਲੀਆਂ। ਦੂਜਿਆਂ ਵੱਲੋਂ ਬੇਇੱਜ਼ਤੀ ਅਤੇ ਅਤਿਆਚਾਰ ਸਹਿਣ ਦੇ ਨਾਲ-ਨਾਲ ਕਦੇ-ਕਦਾਈਂ ਉਸ ਨੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕੀਤਾ। ਇਸ ਤੋਂ ਇਲਾਵਾ, ਉਸ ਨੂੰ ਇਕ ਹੋਰ ਮੁਸ਼ਕਲ ਦਾ ਵੀ ਸਾਮ੍ਹਣਾ ਕਰਨਾ ਪਿਆ ਜਿਸ ਨੂੰ ਉਸ ਨੇ “ਸਰੀਰ ਵਿਚ ਇਕ ਕੰਡਾ” ਕਿਹਾ। (2 ਕੁਰਿੰ. 12:7) ਪਰ ਉਸ ਨੇ ਇਨ੍ਹਾਂ ਮੁਸ਼ਕਲਾਂ ਨੂੰ ਯਹੋਵਾਹ ਦੀ ਸੇਵਾ ਛੱਡਣ ਦਾ ਬਹਾਨਾ ਨਹੀਂ, ਸਗੋਂ ਯਹੋਵਾਹ ’ਤੇ ਨਿਰਭਰ ਰਹਿਣ ਦਾ ਇਕ ਮੌਕਾ ਸਮਝਿਆ। (2 ਕੁਰਿੰਥੀਆਂ 12:9, 10 ਪੜ੍ਹੋ।) ਅਜਿਹਾ ਨਜ਼ਰੀਆ ਰੱਖਣ ਕਰਕੇ ਯਹੋਵਾਹ ਨੇ ਹਰੇਕ ਮੁਸ਼ਕਲ ਦੌਰਾਨ ਪੌਲੁਸ ਦੀ ਮਦਦ ਕੀਤੀ।
15. ਪੌਲੁਸ ਦੀ ਰੀਸ ਕਰਦਿਆਂ ਅਸੀਂ ਕੀ ਦੇਖਾਂਗੇ?
15 ਸਾਨੂੰ ਵੀ ਸ਼ਾਇਦ ਆਪਣੇ ਵਿਸ਼ਵਾਸਾਂ ਕਰਕੇ ਬੇਇੱਜ਼ਤੀ ਜਾਂ ਅਤਿਆਚਾਰ ਸਹਿਣੇ ਪੈਣ। ਸਾਨੂੰ ਸ਼ਾਇਦ ਮਾੜੀ ਸਿਹਤ ਜਾਂ ਥਕਾਵਟ ਦਾ ਸਾਮ੍ਹਣਾ ਕਰਨਾ ਪਵੇ। ਪਰ ਜੇ ਅਸੀਂ ਪੌਲੁਸ ਦੀ ਰੀਸ ਕਰਾਂਗੇ, ਤਾਂ ਅਸੀਂ ਦੇਖਾਂਗੇ ਕਿ ਮੁਸ਼ਕਲਾਂ ਦੌਰਾਨ ਯਹੋਵਾਹ ਸਾਨੂੰ ਸਹਾਰਾ ਦਿੰਦਾ ਹੈ।
16. ਮਾੜੀ ਸਿਹਤ ਦੇ ਬਾਵਜੂਦ ਤੁਸੀਂ ਕੀ ਕਰ ਸਕਦੇ ਹੋ?
16 ਕੀ ਤੁਸੀਂ ਲੰਬੇ ਸਮੇਂ ਤੋਂ ਬੀਮਾਰ ਜਾਂ ਵ੍ਹੀਲ-ਚੇਅਰ ’ਤੇ ਹੋ? ਕੀ ਤੁਹਾਡੇ ਗੋਡੇ ਦੁਖਦੇ ਹਨ ਜਾਂ ਤੁਹਾਡੀ ਨਿਗਾਹ ਕਮਜ਼ੋਰ ਹੋ ਗਈ ਹੈ? ਜੇ ਹਾਂ, ਤਾਂ ਕੀ ਤੁਸੀਂ ਨੌਜਵਾਨ ਤੇ ਤੰਦਰੁਸਤ ਲੋਕਾਂ ਨਾਲ ਦੌੜ ਸਕਦੇ ਹੋ? ਬਿਲਕੁਲ! ਕਈ ਮਾੜੀ ਸਿਹਤ ਤੇ ਬਜ਼ੁਰਗ ਹੋਣ ਦੇ ਬਾਵਜੂਦ ਜ਼ਿੰਦਗੀ ਦੀ ਦੌੜ ਵਿਚ ਦੌੜ ਰਹੇ ਹਨ। ਉਹ ਆਪਣੀ ਤਾਕਤ ਨਾਲ ਇਸ ਕੰਮ ਨੂੰ ਪੂਰਾ ਨਹੀਂ ਕਰ ਸਕਦੇ। ਇਸ ਦੀ ਬਜਾਇ, ਉਹ ਫ਼ੋਨ ’ਤੇ ਜਾਂ ਵੀਡੀਓ ਰਾਹੀਂ ਸਭਾਵਾਂ ਨੂੰ ਸੁਣ ਕੇ ਯਹੋਵਾਹ ਤੋਂ ਤਾਕਤ ਲੈਂਦੇ ਹਨ। ਨਾਲੇ ਉਹ ਡਾਕਟਰਾਂ, ਨਰਸਾਂ ਅਤੇ ਰਿਸ਼ਤੇਦਾਰਾਂ ਨੂੰ ਗਵਾਹੀ ਦੇ ਕੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਨ।
17. ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਾਲਿਆਂ ਬਾਰੇ ਯਹੋਵਾਹ ਕੀ ਸੋਚਦਾ ਹੈ?
17 ਸਿਹਤ ਸਮੱਸਿਆਵਾਂ ਤੋਂ ਨਿਰਾਸ਼ ਹੋ ਕੇ ਕਦੇ ਵੀ ਇਹ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਦੀ ਦੌੜ ਵਿਚ ਦੌੜਨ ਦੇ ਕਾਬਲ ਨਹੀਂ ਹੋ। ਤੁਹਾਡੇ ਵੱਲੋਂ ਦਿਖਾਈ ਨਿਹਚਾ ਅਤੇ ਧੀਰਜ ਕਰਕੇ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੁਹਾਨੂੰ ਉਸ ਦੀ ਲੋੜ ਹੈ ਅਤੇ ਉਹ ਤੁਹਾਨੂੰ ਤਿਆਗੇਗਾ ਨਹੀਂ। (ਜ਼ਬੂ. 9:10) ਇਸ ਦੀ ਬਜਾਇ, ਉਹ ਤੁਹਾਡੇ ਹੋਰ ਨੇੜੇ ਆਵੇਗਾ। ਇਕ ਭੈਣ ਦੇ ਸ਼ਬਦਾਂ ਵੱਲ ਗੌਰ ਕਰੋ ਜਿਸ ਨੂੰ ਕਈ ਸਿਹਤ ਸਮੱਸਿਆਵਾਂ ਹਨ। ਉਹ ਕਹਿੰਦੀ ਹੈ: “ਸਿਹਤ ਸਮੱਸਿਆਵਾਂ ਵਧਣ ਕਰਕੇ ਮੈਨੂੰ ਲੱਗਦਾ ਹੈ ਕਿ ਦੂਜਿਆਂ ਨਾਲ ਸੱਚਾਈ ਸਾਂਝੀ ਕਰਨ ਦੇ ਮੌਕੇ ਘਟਦੇ ਜਾ ਰਹੇ ਹਨ। ਪਰ ਇਹ ਜਾਣ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ ਕਿ ਮੇਰੇ ਛੋਟੇ ਤੋਂ ਛੋਟੇ ਕੰਮ ਵੀ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ।” ਨਿਰਾਸ਼ ਹੋਣ ਤੇ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਨਾਲ ਹੈ। ਪੌਲੁਸ ਦੀ ਮਿਸਾਲ ਬਾਰੇ ਸੋਚੋ ਅਤੇ ਉਸ ਦੇ ਹੌਸਲੇ ਭਰੇ ਸ਼ਬਦਾਂ ਨੂੰ ਯਾਦ ਕਰੋ: “ਮੈਂ . . . ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ . . . ਦਾ ਸਾਮ੍ਹਣਾ ਕਰਦਾ ਹਾਂ। ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।”—2 ਕੁਰਿੰ. 12:10.
18. ਕੁਝ ਜਣਿਆਂ ਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
18 ਜ਼ਿੰਦਗੀ ਦੇ ਰਾਹ ’ਤੇ ਦੌੜਨ ਵਾਲੇ ਕੁਝ ਭੈਣ-ਭਰਾ ਇਕ ਹੋਰ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਨ। ਉਹ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ ਜਿਨ੍ਹਾਂ ਨੂੰ ਨਾ ਤਾਂ ਦੂਸਰੇ ਦੇਖ ਸਕਦੇ ਹਨ ਅਤੇ ਨਾ ਹੀ ਸ਼ਾਇਦ ਸਮਝ ਸਕਦੇ ਹਨ। ਯਹੋਵਾਹ ਦੇ ਇਹ ਪਿਆਰੇ ਸੇਵਕ ਇਸ ਮੁਸ਼ਕਲ ਦਾ ਕਿਉਂ ਸਾਮ੍ਹਣਾ ਕਰਦੇ ਹਨ? ਕਿਉਂਕਿ ਜਦੋਂ ਇਕ ਵਿਅਕਤੀ ਦੀ ਬਾਂਹ ਟੁੱਟੀ ਹੁੰਦੀ ਹੈ ਜਾਂ ਉਹ ਵ੍ਹੀਲ-ਚੇਅਰ ’ਤੇ ਹੁੰਦਾ ਹੈ, ਤਾਂ ਸਾਰੇ ਉਸ ਦੀ ਮੁਸ਼ਕਲ ਦੇਖ ਸਕਦੇ ਹਨ ਅਤੇ ਸ਼ਾਇਦ ਉਸ ਦੀ ਮਦਦ ਕਰਨ। ਪਰ ਕਿਸੇ ਮਾਨਸਿਕ ਰੋਗ ਦਾ ਸਾਮ੍ਹਣਾ ਕਰਨ ਵਾਲਿਆਂ ਨੂੰ ਦੇਖ ਕੇ ਸ਼ਾਇਦ ਲੱਗੇ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੈ। ਮਿਸਾਲ ਲਈ, ਡਿਪਰੈਸ਼ਨ ਜਾਂ ਹੱਦੋਂ ਵੱਧ ਚਿੰਤਾ ਕਰਨ ਕਰਕੇ ਉਹ ਉੱਨੇ ਹੀ ਦੁਖੀ ਹਨ ਜਿੰਨੇ ਕਿ ਉਹ ਜਿਨ੍ਹਾਂ ਦੀ ਲੱਤ ਜਾਂ ਬਾਂਹ ਟੁੱਟੀ ਹੁੰਦੀ ਹੈ। ਪਰ ਸ਼ਾਇਦ ਦੂਜੇ ਉਨ੍ਹਾਂ ਲਈ ਉਹ ਪਿਆਰ ਜਾਂ ਪਰਵਾਹ ਨਾ ਦਿਖਾਉਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ।
19. ਅਸੀਂ ਮਫ਼ੀਬੋਸ਼ਥ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
19 ਜੇ ਤੁਸੀਂ ਉਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੀ ਉੱਨੀ ਸੇਵਾ ਨਹੀਂ ਕਰ ਸਕਦੇ ਜਿੰਨੀ ਤੁਸੀਂ ਕਰਨੀ ਚਾਹੁੰਦੇ ਹੋ ਅਤੇ ਦੂਜੇ ਜਣੇ ਤੁਹਾਡੇ ਹਾਲਾਤਾਂ ਨੂੰ ਨਹੀਂ ਸਮਝਦੇ, ਤਾਂ ਤੁਸੀਂ ਮਫ਼ੀਬੋਸ਼ਥ ਦੀ ਮਿਸਾਲ ਤੋਂ ਹੌਸਲਾ ਪਾ ਸਕਦੇ ਹੋ। (2 ਸਮੂ. 4:4) ਉਹ ਬਚਪਨ ਤੋਂ ਹੀ ਅਪਾਹਜ ਸੀ ਤੇ ਰਾਜਾ ਦਾਊਦ ਨੇ ਉਸ ਬਾਰੇ ਗ਼ਲਤ ਨਜ਼ਰੀਆ ਰੱਖਿਆ ਅਤੇ ਉਸ ਨਾਲ ਬੇਇਨਸਾਫ਼ੀ ਕੀਤੀ। ਮਫ਼ੀਬੋਸ਼ਥ ’ਤੇ ਇਹ ਮੁਸ਼ਕਲਾਂ ਉਸ ਦੀ ਆਪਣੀ ਗ਼ਲਤੀ ਕਰਕੇ ਨਹੀਂ ਆਈਆਂ ਸਨ। ਪਰ ਮਫ਼ੀਬੋਸ਼ਥ ਨੇ ਗ਼ਲਤ ਰਵੱਈਆ ਨਹੀਂ ਅਪਣਾਇਆ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਚੰਗੀਆਂ ਚੀਜ਼ਾਂ ਦੀ ਕਦਰ ਕੀਤੀ ਜੋ ਉਸ ਨੂੰ ਮਿਲੀਆਂ ਸਨ। ਉਹ ਸ਼ੁਕਰਗੁਜ਼ਾਰ ਸੀ ਕਿ ਦਾਊਦ ਨੇ ਉਸ ਨਾਲ ਭਲਾਈ ਕੀਤੀ। (2 ਸਮੂ. 9:6-10) ਜਦੋਂ ਦਾਊਦ ਨੇ ਉਸ ਬਾਰੇ ਗ਼ਲਤ ਨਜ਼ਰੀਆ ਰੱਖਿਆ, ਤਾਂ ਮਫ਼ੀਬੋਸ਼ਥ ਨੇ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕੀਤੀ। ਦਾਊਦ ਦੀ ਗ਼ਲਤੀ ਕਰਕੇ ਉਹ ਕੁੜੱਤਣ ਨਾਲ ਨਹੀਂ ਭਰਿਆ। ਨਾਲੇ ਉਸ ਨੇ ਦਾਊਦ ਦੀ ਗ਼ਲਤੀ ਦਾ ਦੋਸ਼ ਯਹੋਵਾਹ ’ਤੇ ਨਹੀਂ ਲਾਇਆ। ਮਫ਼ੀਬੋਸ਼ਥ ਨੇ ਇਸ ਗੱਲ ’ਤੇ ਧਿਆਨ ਲਾਇਆ ਕਿ ਉਹ ਯਹੋਵਾਹ ਦੇ ਚੁਣੇ ਹੋਏ ਰਾਜੇ ਦਾ ਕਿਵੇਂ ਸਾਥ ਦੇ ਸਕਦਾ ਸੀ। (2 ਸਮੂ. 16:1-4; 19:24-30) ਯਹੋਵਾਹ ਨੇ ਸਾਡੇ ਫ਼ਾਇਦੇ ਲਈ ਮਫ਼ੀਬੋਸ਼ਥ ਦੀ ਵਧੀਆ ਮਿਸਾਲ ਆਪਣੇ ਬਚਨ ਵਿਚ ਦਰਜ ਕਰਵਾਈ ਹੈ।—ਰੋਮੀ. 15:4.
20. ਕੁਝ ਜਣਿਆਂ ’ਤੇ ਚਿੰਤਾ ਦਾ ਕੀ ਅਸਰ ਪੈ ਸਕਦਾ ਹੈ, ਪਰ ਉਹ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਨ?
20 ਹੱਦੋਂ ਵੱਧ ਚਿੰਤਾ ਹੋਣ ਕਰਕੇ ਕੁਝ ਭੈਣ-ਭਰਾ ਰੋਜ਼ਮੱਰਾ ਦੇ ਹਾਲਾਤਾਂ ਵਿਚ ਬਹੁਤ ਜ਼ਿਆਦਾ ਘਬਰਾਏ ਹੋਏ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਸ਼ਾਇਦ ਹੋਰ ਲੋਕਾਂ ਵਿਚ ਜਾਣਾ ਔਖਾ ਲੱਗਦਾ ਹੋਵੇ, ਪਰ ਫਿਰ ਵੀ ਉਹ ਲਗਾਤਾਰ ਸਭਾਵਾਂ ਤੇ ਸੰਮੇਲਨਾਂ ’ਤੇ ਹਾਜ਼ਰ ਹੁੰਦੇ ਹਨ। ਉਨ੍ਹਾਂ ਨੂੰ ਅਜਨਬੀਆਂ ਨਾਲ ਗੱਲ ਕਰਨੀ ਔਖੀ ਲੱਗਦੀ ਹੈ, ਪਰ ਫਿਰ ਵੀ ਉਹ ਪ੍ਰਚਾਰ * (ਫ਼ਿਲਿ. 4:6, 7; 1 ਪਤ. 5:7) ਜੇ ਤੁਸੀਂ ਸਰੀਰਕ ਜਾਂ ਜਜ਼ਬਾਤੀ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰ ਰਹੇ ਹੋ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ।
ਵਿਚ ਦੂਜਿਆਂ ਨਾਲ ਗੱਲ ਕਰਦੇ ਹਨ। ਜੇ ਤੁਹਾਡੇ ਬਾਰੇ ਇਹ ਗੱਲ ਸੱਚ ਹੈ, ਤਾਂ ਭਰੋਸਾ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਲੋਕ ਤੁਹਾਡੇ ਵਾਂਗ ਮਹਿਸੂਸ ਕਰਦੇ ਹਨ। ਯਾਦ ਰੱਖੋ ਕਿ ਤੁਹਾਡੇ ਵੱਲੋਂ ਪੂਰੀ ਵਾਹ ਲਾ ਕੇ ਕੀਤੇ ਜਤਨਾਂ ਕਰਕੇ ਯਹੋਵਾਹ ਖ਼ੁਸ਼ ਹੈ। ਤੁਹਾਡੇ ਵੱਲੋਂ ਹਾਰ ਨਾ ਮੰਨਣਾ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਤੁਹਾਨੂੰ ਅਸੀਸ ਅਤੇ ਲੋੜੀਂਦੀ ਤਾਕਤ ਦੇ ਰਿਹਾ ਹੈ।21. ਯਹੋਵਾਹ ਦੀ ਮਦਦ ਨਾਲ ਅਸੀਂ ਸਾਰੇ ਕੀ ਕਰ ਸਕਦੇ ਹਾਂ?
21 ਅਸੀਂ ਕਿੰਨੇ ਖ਼ੁਸ਼ ਹਾਂ ਕਿ ਖੇਡਾਂ ਵਿਚ ਹੁੰਦੀ ਦੌੜ ਅਤੇ ਪੌਲੁਸ ਵੱਲੋਂ ਦੱਸੀ ਦੌੜ ਵਿਚ ਫ਼ਰਕ ਹੈ! ਬਾਈਬਲ ਜ਼ਮਾਨੇ ਦੀਆਂ ਦੌੜਾਂ ਵਿਚ ਇਨਾਮ ਸਿਰਫ਼ ਇਕ ਨੂੰ ਹੀ ਮਿਲਦਾ ਸੀ। ਪਰ ਇਸ ਦੇ ਉਲਟ, ਮਸੀਹੀ ਜ਼ਿੰਦਗੀ ਦੀ ਦੌੜ ਵਿਚ ਵਫ਼ਾਦਾਰੀ ਨਾਲ ਦੌੜਨ ਵਾਲੇ ਮਸੀਹੀਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਮਿਲੇਗਾ। (ਯੂਹੰ. 3:16) ਨਾਲੇ ਖੇਡਾਂ ਵਿਚ ਦੌੜਨ ਵਾਲਿਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਹੋਣਾ ਪੈਂਦਾ ਸੀ, ਨਹੀਂ ਤਾਂ ਉਹ ਜਿੱਤ ਨਹੀਂ ਸਕਦੇ ਸਨ। ਇਸ ਦੇ ਉਲਟ, ਸਾਡੇ ਵਿੱਚੋਂ ਜ਼ਿਆਦਾ ਜਣੇ ਸਰੀਰਕ ਤੌਰ ’ਤੇ ਕਮਜ਼ੋਰ ਹਨ, ਪਰ ਫਿਰ ਵੀ ਉਹ ਦੌੜ ਰਹੇ ਹਨ। (2 ਕੁਰਿੰ. 4:16) ਯਹੋਵਾਹ ਦੀ ਮਦਦ ਨਾਲ ਅਸੀਂ ਸਾਰੇ ਜਣੇ ਆਪਣੀ ਦੌੜ ਪੂਰੀ ਕਰ ਸਕਦੇ ਹਾਂ!
ਗੀਤ 24 ਇਨਾਮ ’ਤੇ ਨਜ਼ਰ ਰੱਖੋ!
^ ਪੈਰਾ 5 ਅੱਜ ਯਹੋਵਾਹ ਦੇ ਬਹੁਤ ਸਾਰੇ ਸੇਵਕ ਵਧਦੀ ਉਮਰ ਦੀਆਂ ਮੁਸ਼ਕਲਾਂ ਅਤੇ ਗੰਭੀਰ ਬੀਮਾਰੀਆਂ ਦਾ ਸਾਮ੍ਹਣਾ ਕਰ ਰਹੇ ਹਨ। ਨਾਲੇ ਅਸੀਂ ਸਾਰੇ ਕਦੇ-ਨਾ-ਕਦੇ ਥੱਕ ਜਾਂਦੇ ਹਾਂ। ਸੋ ਸ਼ਾਇਦ ਕਿਸੇ ਦੌੜ ਵਿਚ ਦੌੜਨ ਬਾਰੇ ਸੋਚ ਕੇ ਅਸੀਂ ਘਬਰਾ ਜਾਈਏ। ਇਸ ਲੇਖ ਵਿਚ ਸਾਨੂੰ ਦੱਸਿਆ ਜਾਵੇਗਾ ਕਿ ਪੌਲੁਸ ਰਸੂਲ ਵੱਲੋਂ ਜ਼ਿਕਰ ਕੀਤੀ ਦੌੜ ਵਿਚ ਅਸੀਂ ਧੀਰਜ ਨਾਲ ਕਿਵੇਂ ਦੌੜ ਸਕਦੇ ਹਾਂ ਅਤੇ ਜ਼ਿੰਦਗੀ ਦੀ ਇਸ ਦੌੜ ਨੂੰ ਕਿਵੇਂ ਜਿੱਤ ਸਕਦੇ ਹਾਂ।
^ ਪੈਰਾ 6 ਪਹਿਰਾਬੁਰਜ 1 ਜਨਵਰੀ 2013 ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦਾ ਲੇਖ ਦੇਖੋ।
^ ਪੈਰਾ 20 ਚਿੰਤਾ ਨਾਲ ਨਜਿੱਠਣ ਲਈ ਵਧੀਆ ਸੁਝਾਅ ਲੈਣ ਅਤੇ ਭੈਣਾਂ-ਭਰਾਵਾਂ ਦੇ ਤਜਰਬੇ ਜਾਣਨ ਲਈ jw.org/hi ’ਤੇ ਮਈ 2019 ਦਾ ਪ੍ਰੋਗ੍ਰਾਮ ਦੇਖੋ। “ਲਾਇਬ੍ਰੇਰੀ” > “JW ਬਰਾਡਕਾਸਟਿੰਗ” ਦੇਖੋ।
^ ਪੈਰਾ 63 ਤਸਵੀਰਾਂ ਬਾਰੇ ਜਾਣਕਾਰੀ: ਪ੍ਰਚਾਰ ਵਿਚ ਰੁੱਝੇ ਰਹਿਣ ਕਰਕੇ ਇਹ ਬਜ਼ੁਰਗ ਭਰਾ ਸਹੀ ਰਾਹ ’ਤੇ ਚੱਲ ਰਿਹਾ ਹੈ।
^ ਪੈਰਾ 65 ਤਸਵੀਰਾਂ ਬਾਰੇ ਜਾਣਕਾਰੀ: ਅਸੀਂ ਦੂਜਿਆਂ ’ਤੇ ਹੋਰ ਸ਼ਰਾਬ ਪੀਣ ਦਾ ਦਬਾਅ ਪਾ ਕੇ ਜਾਂ ਆਪ ਹੱਦੋਂ ਵੱਧ ਸ਼ਰਾਬ ਪੀ ਕੇ ਉਨ੍ਹਾਂ ਨੂੰ ਠੋਕਰ ਖੁਆ ਸਕਦੇ ਹਾਂ।
^ ਪੈਰਾ 67 ਤਸਵੀਰਾਂ ਬਾਰੇ ਜਾਣਕਾਰੀ: ਚਾਹੇ ਇਹ ਭਰਾ ਹਸਪਤਾਲ ਵਿਚ ਹੈ, ਪਰ ਫਿਰ ਵੀ ਆਪਣੀ ਦੇਖ-ਭਾਲ ਕਰਨ ਵਾਲਿਆਂ ਨੂੰ ਗਵਾਹੀ ਦੇ ਕੇ ਮਸੀਹੀ ਦੌੜ ਵਿਚ ਦੌੜ ਰਿਹਾ ਹੈ।