Skip to content

Skip to table of contents

ਅਧਿਐਨ ਲੇਖ 15

ਪ੍ਰਚਾਰ ਦੇ ਇਲਾਕੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ?

ਪ੍ਰਚਾਰ ਦੇ ਇਲਾਕੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ?

“ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।”—ਯੂਹੰ. 4:35.

ਗੀਤ 44 ਖ਼ੁਸ਼ੀ ਨਾਲ ਵਾਢੀ ਕਰੋ

ਖ਼ਾਸ ਗੱਲਾਂ *

1-2. ਯਿਸੂ ਨੇ ਸ਼ਾਇਦ ਯੂਹੰਨਾ 4:35, 36 ਦੇ ਸ਼ਬਦ ਕਿਉਂ ਕਹੇ?

ਗਲੀਲ ਨੂੰ ਜਾਂਦਿਆਂ ਯਿਸੂ ਜੌਂ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ। (ਯੂਹੰ. 4:3-6) ਲਗਭਗ ਚਾਰ ਮਹੀਨਿਆਂ ਵਿਚ ਇਹ ਫ਼ਸਲ ਪੱਕ ਕੇ ਤਿਆਰ ਹੋ ਜਾਣੀ ਸੀ। ਯਿਸੂ ਨੇ ਅਜਿਹੀ ਗੱਲ ਕਹੀ ਜੋ ਸ਼ਾਇਦ ਸੁਣਨ ਨੂੰ ਅਜੀਬ ਲੱਗੀ ਹੋਣੀ: “ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।” (ਯੂਹੰਨਾ 4:35, 36 ਪੜ੍ਹੋ।) ਉਸ ਦੇ ਕਹਿਣ ਦਾ ਕੀ ਮਤਲਬ ਸੀ?

2 ਲੱਗਦਾ ਹੈ ਕਿ ਯਿਸੂ ਇੱਥੇ ਫ਼ਸਲ ਨੂੰ ਨਹੀਂ, ਬਲਕਿ ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਕਰ ਰਿਹਾ ਸੀ। ਜ਼ਰਾ ਗੌਰ ਕਰੋ ਕਿ ਇਸ ਤੋਂ ਪਹਿਲਾਂ ਕੀ ਹੋਇਆ ਸੀ। ਭਾਵੇਂ ਕਿ ਯਹੂਦੀ ਆਮ ਤੌਰ ’ਤੇ ਸਾਮਰੀਆਂ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ ਸਨ, ਪਰ ਯਿਸੂ ਨੇ ਇਕ ਸਾਮਰੀ ਤੀਵੀਂ ਨੂੰ ਪ੍ਰਚਾਰ ਕੀਤਾ ਅਤੇ ਉਸ ਨੇ ਯਿਸੂ ਦੀ ਗੱਲ ਸੁਣੀ! ਦਰਅਸਲ ਜਦੋਂ ਯਿਸੂ ਨੇ ਕਿਹਾ ਕਿ “ਫ਼ਸਲ ਵਾਢੀ ਲਈ ਪੱਕ ਚੁੱਕੀ ਹੈ,” ਤਾਂ ਉਸ ਵੇਲੇ ਸਾਮਰੀ ਲੋਕਾਂ ਦੀ ਭੀੜ ਯਿਸੂ ਤੋਂ ਹੋਰ ਗੱਲਾਂ ਸਿੱਖਣ ਲਈ ਆ ਰਹੀ ਸੀ। ਉਸ ਸਾਮਰੀ ਔਰਤ ਨੇ ਇਸ ਭੀੜ ਨੂੰ ਯਿਸੂ ਬਾਰੇ ਦੱਸਿਆ ਸੀ। (ਯੂਹੰ. 4:9, 39-42) ਬਾਈਬਲ ’ਤੇ ਲਿਖੀ ਇਕ ਕਿਤਾਬ ਵਿਚ ਇਸ ਬਿਰਤਾਂਤ ਬਾਰੇ ਕਿਹਾ ਗਿਆ ਹੈ: “ਲੋਕਾਂ ਦੀ ਉਤਸੁਕਤਾ ਤੋਂ . . . ਪਤਾ ਲੱਗਿਆ ਕਿ ਉਹ ਅਜਿਹੀ ਫ਼ਸਲ ਵਾਂਗ ਸਨ ਜੋ ਵਾਢੀ ਲਈ ਪੱਕ ਚੁੱਕੀ ਸੀ।”

ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਸਾਨੂੰ ਲੱਗੇ ਕਿ “ਫ਼ਸਲ ਵਾਢੀ ਲਈ ਪੱਕ ਚੁੱਕੀ” ਹੈ? (ਪੈਰਾ 3 ਦੇਖੋ)

3. ਲੋਕਾਂ ਪ੍ਰਤੀ ਯਿਸੂ ਵਰਗਾ ਨਜ਼ਰੀਆ ਰੱਖਣ ਕਰਕੇ ਤੁਸੀਂ ਵਧੀਆ ਪ੍ਰਚਾਰਕ ਕਿਵੇਂ ਬਣੋਗੇ?

3 ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਤੁਸੀਂ ਖ਼ੁਸ਼ ਖ਼ਬਰੀ ਸੁਣਾਉਂਦੇ ਹੋ? ਕੀ ਤੁਸੀਂ ਉਨ੍ਹਾਂ ਨੂੰ ਪੱਕੀ ਫ਼ਸਲ ਵਾਂਗ ਦੇਖਦੇ ਹੋ ਜੋ ਵਾਢੀ ਲਈ ਤਿਆਰ ਹੈ? ਜੇ ਹਾਂ, ਤਾਂ ਤਿੰਨ ਗੱਲਾਂ ਹੋਣਗੀਆਂ: ਪਹਿਲੀ, ਤੁਸੀਂ ਉਨ੍ਹਾਂ ਨੂੰ ਹੋਰ ਜ਼ਿਆਦਾ ਜੋਸ਼ ਨਾਲ ਪ੍ਰਚਾਰ ਕਰੋਗੇ। ਵਾਢੀ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। ਇਸ ਲਈ ਹੁਣ ਸਮਾਂ ਬਰਬਾਦ ਕਰਨ ਦਾ ਵਕਤ ਨਹੀਂ ਹੈ। ਦੂਸਰੀ, ਤੁਹਾਨੂੰ ਉਨ੍ਹਾਂ ਲੋਕਾਂ ਨੂੰ ਦੇਖ ਕੇ ਖ਼ੁਸ਼ੀ ਹੋਵੇਗੀ ਜੋ ਖ਼ੁਸ਼ ਖ਼ਬਰੀ ਪ੍ਰਤੀ ਹੁੰਗਾਰਾ ਭਰਦੇ ਹਨ। ਬਾਈਬਲ ਕਹਿੰਦੀ ਹੈ: “ਵਾਢੀ ਤੇ ਖੁਸ਼ੀ ਕਰੀਦੀ ਹੈ।” (ਯਸਾ. 9:3) ਤੀਸਰੀ, ਤੁਸੀਂ ਹਰੇਕ ਇਨਸਾਨ ਨੂੰ ਇਸ ਨਜ਼ਰ ਨਾਲ ਦੇਖੋਗੇ ਕਿ ਉਹ ਮਸੀਹ ਦਾ ਚੇਲਾ ਬਣ ਸਕਦਾ ਹੈ ਜਿਸ ਕਰਕੇ ਤੁਸੀਂ ਆਪਣੀ ਪੇਸ਼ਕਾਰੀ ਉਸ ਦੀ ਦਿਲਚਸਪੀ ਮੁਤਾਬਕ ਢਾਲੋਗੇ।

4. ਇਸ ਲੇਖ ਵਿਚ ਅਸੀਂ ਪੌਲੁਸ ਰਸੂਲ ਤੋਂ ਕੀ ਸਿੱਖਾਂਗੇ?

4 ਯਿਸੂ ਦੇ ਕੁਝ ਚੇਲੇ ਸ਼ਾਇਦ ਸੋਚਦੇ ਸਨ ਕਿ ਸਾਮਰੀ ਲੋਕ ਕਦੇ ਵੀ ਯਿਸੂ ਦੇ ਚੇਲੇ ਨਹੀਂ ਬਣਨਗੇ। ਪਰ ਯਿਸੂ ਨੇ ਦੇਖਿਆ ਕਿ ਉਹ ਉਸ ਦੇ ਚੇਲੇ ਬਣ ਸਕਦੇ ਸਨ। ਸਾਨੂੰ ਵੀ ਆਪਣੇ ਇਲਾਕੇ ਦੇ ਲੋਕਾਂ ਪ੍ਰਤੀ ਯਿਸੂ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ। ਇਸ ਮਾਮਲੇ ਵਿਚ ਪੌਲੁਸ ਰਸੂਲ ਨੇ ਸਾਡੇ ਲਈ ਲਾਜਵਾਬ ਮਿਸਾਲ ਕਾਇਮ ਕੀਤੀ। ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ (1) ਉਸ ਨੇ ਉਨ੍ਹਾਂ ਲੋਕਾਂ ਦੇ ਵਿਸ਼ਵਾਸਾਂ ਬਾਰੇ ਜਾਣਿਆ ਜਿਨ੍ਹਾਂ ਨੂੰ ਉਸ ਨੇ ਪ੍ਰਚਾਰ ਕਰਨਾ ਸੀ, (2) ਉਸ ਨੇ ਜਾਣਿਆ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਸੀ ਅਤੇ (3) ਉਸ ਨੇ ਉਨ੍ਹਾਂ ਨੂੰ ਯਿਸੂ ਦੇ ਚੇਲਿਆਂ ਵਜੋਂ ਦੇਖਿਆ।

ਲੋਕਾਂ ਦੇ ਕੀ ਵਿਸ਼ਵਾਸ ਹਨ?

5. ਪੌਲੁਸ ਸਭਾ ਘਰ ਵਿਚ ਆਏ ਲੋਕਾਂ ਨੂੰ ਕਿਉਂ ਸਮਝ ਸਕਦਾ ਸੀ?

5 ਪੌਲੁਸ ਅਕਸਰ ਯਹੂਦੀ ਸਭਾ ਘਰਾਂ ਵਿਚ ਪ੍ਰਚਾਰ ਕਰਦਾ ਹੁੰਦਾ ਸੀ। ਮਿਸਾਲ ਲਈ, ਥੱਸਲੁਨੀਕਾ ਦੇ ਸਭਾ ਘਰ ਵਿਚ ਉਸ ਨੇ “ਤਿੰਨ ਹਫ਼ਤੇ ਸਬਤ ਦੇ ਦਿਨ ਯਹੂਦੀਆਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕੀਤੀ।” (ਰਸੂ. 17:1, 2) ਪੌਲੁਸ ਪੂਰੇ ਯਕੀਨ ਨਾਲ ਸਭਾ ਘਰ ਵਿਚ ਪ੍ਰਚਾਰ ਕਰਦਾ ਸੀ ਕਿਉਂਕਿ ਉਸ ਦੀ ਪਰਵਰਿਸ਼ ਇਕ ਯਹੂਦੀ ਵਜੋਂ ਹੋਈ ਸੀ। (ਰਸੂ. 26:4, 5) ਪੌਲੁਸ ਯਹੂਦੀਆਂ ਦੇ ਵਿਸ਼ਵਾਸਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਜਿਸ ਕਰਕੇ ਉਸ ਨੇ ਪੂਰੇ ਭਰੋਸੇ ਨਾਲ ਉਨ੍ਹਾਂ ਨੂੰ ਗਵਾਹੀ ਦਿੱਤੀ।—ਫ਼ਿਲਿ. 3:4, 5.

6. ਜਿਨ੍ਹਾਂ ਲੋਕਾਂ ਨੂੰ ਪੌਲੁਸ ਨੇ ਬਾਜ਼ਾਰ ਵਿਚ ਪ੍ਰਚਾਰ ਕੀਤਾ ਸੀ ਉਹ ਸਭਾ ਘਰ ਦੇ ਲੋਕਾਂ ਨਾਲੋਂ ਕਿਵੇਂ ਵੱਖਰੇ ਸਨ?

6 ਥੱਸਲੁਨੀਕਾ ਤੇ ਬਰੀਆ ਵਿਚ ਵਿਰੋਧ ਹੋਣ ਤੋਂ ਬਾਅਦ ਪੌਲੁਸ ਇਨ੍ਹਾਂ ਸ਼ਹਿਰਾਂ ਨੂੰ ਛੱਡ ਕੇ ਐਥਿਨਜ਼ ਪਹੁੰਚਿਆ। ਇਕ ਵਾਰ ਫਿਰ “ਉਹ ਸਭਾ ਘਰ ਵਿਚ ਯਹੂਦੀਆਂ ਨਾਲ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਹੋਰ ਲੋਕਾਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕਰਨ ਲੱਗਾ।” (ਰਸੂ. 17:17) ਪਰ ਹੁਣ ਬਾਜ਼ਾਰ ਵਿਚ ਉਸ ਨੇ ਵੱਖਰੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨਾ ਸੀ। ਇਨ੍ਹਾਂ ਲੋਕਾਂ ਵਿਚ ਫ਼ਿਲਾਸਫ਼ਰ ਅਤੇ ਗ਼ੈਰ-ਯਹੂਦੀ ਵੀ ਸਨ ਜੋ ਪੌਲੁਸ ਦੇ ਸੰਦੇਸ਼ ਨੂੰ “ਨਵੀਂ ਸਿੱਖਿਆ” ਸਮਝਦੇ ਸਨ। ਉਨ੍ਹਾਂ ਨੇ ਉਸ ਨੂੰ ਕਿਹਾ: “ਜਿਹੜੀਆਂ ਗੱਲਾਂ ਤੂੰ ਦੱਸ ਰਿਹਾ ਹੈਂ, ਉਹ ਸਾਨੂੰ ਸੁਣਨ ਨੂੰ ਅਜੀਬ ਲੱਗਦੀਆਂ ਹਨ।”—ਰਸੂ. 17:18-20.

7. ਰਸੂਲਾਂ ਦੇ ਕੰਮ 17:22, 23 ਮੁਤਾਬਕ ਪੌਲੁਸ ਨੇ ਆਪਣੀ ਪੇਸ਼ਕਾਰੀ ਕਿਵੇਂ ਢਾਲ਼ੀ?

7 ਰਸੂਲਾਂ ਦੇ ਕੰਮ 17:22, 23 ਪੜ੍ਹੋ। ਪੌਲੁਸ ਨੇ ਐਥਿਨਜ਼ ਦੇ ਗ਼ੈਰ-ਯਹੂਦੀਆਂ ਨੂੰ ਉਸ ਤਰੀਕੇ ਨਾਲ ਸੰਦੇਸ਼ ਪੇਸ਼ ਨਹੀਂ ਕੀਤਾ ਜਿੱਦਾਂ ਉਸ ਨੇ ਸਭਾ ਘਰ ਵਿਚ ਯਹੂਦੀਆਂ ਨੂੰ ਪੇਸ਼ ਕੀਤਾ ਸੀ। ਪੌਲੁਸ ਨੇ ਸ਼ਾਇਦ ਖ਼ੁਦ ਨੂੰ ਪੁੱਛਿਆ ਹੋਵੇ, ‘ਐਥਿਨਜ਼ ਦੇ ਲੋਕ ਕੀ ਵਿਸ਼ਵਾਸ ਕਰਦੇ ਹਨ?’ ਉਸ ਨੇ ਬਹੁਤ ਧਿਆਨ ਨਾਲ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਦੇਖਿਆ ਤੇ ਲੋਕਾਂ ਦੇ ਧਾਰਮਿਕ ਰੀਤੀ-ਰਿਵਾਜਾਂ ਨੂੰ ਸਮਝਿਆ। ਫਿਰ ਜਦ ਪੌਲੁਸ ਨੇ ਉਨ੍ਹਾਂ ਨੂੰ ਧਰਮ-ਗ੍ਰੰਥ ਤੋਂ ਸੱਚਾਈਆਂ ਦੱਸੀਆਂ, ਤਾਂ ਉਸ ਨੇ ਅਜਿਹੀਆਂ ਗੱਲਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਿਨ੍ਹਾਂ ਨਾਲ ਉਹ ਸਹਿਮਤ ਸਨ। ਬਾਈਬਲ ਉੱਤੇ ਟਿੱਪਣੀ ਕਰਨ ਵਾਲਾ ਇਕ ਵਿਅਕਤੀ ਕਹਿੰਦਾ ਹੈ, “ਇਕ ਯਹੂਦੀ ਮਸੀਹੀ ਹੋਣ ਕਰਕੇ ਉਹ ਜਾਣਦਾ ਸੀ ਕਿ ਮੂਰਤੀ-ਪੂਜਾ ਕਰਨ ਵਾਲੇ ਯੂਨਾਨੀ ਲੋਕ ਯਹੂਦੀਆਂ ਤੇ ਮਸੀਹੀਆਂ ਦੇ ‘ਸੱਚੇ’ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ ਸਨ, ਪਰ ਉਸ ਨੇ ਉਨ੍ਹਾਂ ਨੂੰ ਇਹ ਸਮਝਾਇਆ ਕਿ ਜਿਸ ਪਰਮੇਸ਼ੁਰ ਬਾਰੇ ਉਹ ਦੱਸ ਰਿਹਾ ਹੈ ਉਹ ਐਥਿਨਜ਼ ਦੇ ਲੋਕਾਂ ਲਈ ਕੋਈ ਅਜਨਬੀ ਨਹੀਂ ਹੈ।” ਸੋ ਪੌਲੁਸ ਆਪਣੀ ਪੇਸ਼ਕਾਰੀ ਢਾਲ਼ਣ ਲਈ ਤਿਆਰ ਸੀ। ਉਸ ਨੇ ਐਥਿਨਜ਼ ਦੇ ਲੋਕਾਂ ਨੂੰ ਕਿਹਾ ਕਿ ਉਸ ਦਾ ਸੰਦੇਸ਼ ਉਸ “ਅਣਜਾਣ ਪਰਮੇਸ਼ੁਰ” ਤੋਂ ਹੈ ਜਿਸ ਦੀ ਭਗਤੀ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਸਨ। ਭਾਵੇਂ ਕਿ ਗ਼ੈਰ-ਯਹੂਦੀ ਲੋਕਾਂ ਨੂੰ ਧਰਮ-ਗ੍ਰੰਥ ਬਾਰੇ ਜ਼ਿਆਦਾ ਨਹੀਂ ਪਤਾ ਸੀ, ਪਰ ਪੌਲੁਸ ਨੇ ਇਹ ਨਹੀਂ ਸੋਚਿਆ ਕਿ ਉਹ ਕਦੇ ਵੀ ਮਸੀਹੀ ਨਹੀਂ ਬਣ ਸਕਦੇ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ ਪੱਕੀ ਹੋਈ ਫ਼ਸਲ ਵਾਂਗ ਦੇਖਿਆ ਜੋ ਵਾਢੀ ਲਈ ਤਿਆਰ ਸਨ ਤੇ ਉਸ ਨੇ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੀ ਪੇਸ਼ਕਾਰੀ ਢਾਲ਼ੀ।

ਪੌਲੁਸ ਰਸੂਲ ਦੀ ਮਿਸਾਲ ਦੀ ਰੀਸ ਕਰਦਿਆਂ ਪ੍ਰਚਾਰ ਦੌਰਾਨ ਆਲੇ-ਦੁਆਲੇ ਦੀਆਂ ਚੀਜ਼ਾਂ ’ਤੇ ਧਿਆਨ ਦਿਓ, ਲੋਕਾਂ ਦੀ ਦਿਲਚਸਪੀ ਮੁਤਾਬਕ ਪੇਸ਼ਕਾਰੀ ਢਾਲੋ ਅਤੇ ਉਨ੍ਹਾਂ ਨੂੰ ਮਸੀਹ ਦੇ ਚੇਲਿਆਂ ਵਜੋਂ ਦੇਖੋ (ਪੈਰੇ 8, 12, 18 ਦੇਖੋ) *

8. (ੳ) ਤੁਸੀਂ ਆਪਣੇ ਇਲਾਕੇ ਦੇ ਲੋਕਾਂ ਦੇ ਵਿਸ਼ਵਾਸਾਂ ਬਾਰੇ ਕਿਵੇਂ ਜਾਣ ਸਕਦੇ ਹੋ? (ਅ) ਜੇ ਕੋਈ ਤੁਹਾਨੂੰ ਕਹਿੰਦਾ ਕਿ ਉਸ ਦਾ ਆਪਣਾ ਧਰਮ ਹੈ, ਤਾਂ ਤੁਸੀਂ ਉਸ ਨੂੰ ਕੀ ਕਹਿ ਸਕਦੇ ਹੋ?

8 ਪੌਲੁਸ ਦੀ ਤਰ੍ਹਾਂ ਆਲੇ-ਦੁਆਲੇ ਦੀਆਂ ਚੀਜ਼ਾਂ ’ਤੇ ਧਿਆਨ ਦਿਓ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਇਲਾਕੇ ਦੇ ਲੋਕ ਕਿਨ੍ਹਾਂ ਗੱਲਾਂ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੇ ਆਪਣੇ ਘਰ ਜਾਂ ਗੱਡੀ ’ਤੇ ਕੀ ਕੁਝ ਲਗਾਇਆ ਹੈ? ਕੀ ਵਿਅਕਤੀ ਦੇ ਨਾਂ, ਪਹਿਰਾਵੇ, ਹਾਰ-ਸ਼ਿੰਗਾਰ ਜਾਂ ਉਸ ਦੀ ਬੋਲ-ਚਾਲ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਧਰਮ ਨੂੰ ਮੰਨਦਾ ਹੈ? ਸ਼ਾਇਦ ਉਸ ਨੇ ਤੁਹਾਨੂੰ ਦੱਸਿਆ ਹੋਵੇ ਕਿ ਉਸ ਦਾ ਆਪਣਾ ਧਰਮ ਹੈ। ਜਦੋਂ ਇਕ ਸਪੈਸ਼ਲ ਪਾਇਨੀਅਰ ਭੈਣ ਨਾਲ ਇੱਦਾਂ ਹੁੰਦਾ ਹੈ, ਤਾਂ ਉਹ ਕਹਿੰਦੀ ਹੈ, “ਅਸੀਂ ਤੁਹਾਡਾ ਧਰਮ ਬਦਲਣ ਨਹੀਂ ਆਏ ਹਾਂ। ਪਰ ਇਸ ਵਿਸ਼ੇ ’ਤੇ ਤੁਹਾਡੇ ਨਾਲ ਗੱਲ ਕਰਨ ਆਏ ਹਾਂ . . . ”

9. ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਨਾਲ ਤੁਸੀਂ ਕਿਨ੍ਹਾਂ ਵਿਸ਼ਿਆਂ ’ਤੇ ਗੱਲ ਕਰ ਸਕਦੇ ਹੋ?

9 ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਨਾਲ ਤੁਸੀਂ ਕਿਨ੍ਹਾਂ ਵਿਸ਼ਿਆਂ ’ਤੇ ਗੱਲ ਕਰ ਸਕਦੇ ਹੋ? ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰੋ ਜਿਨ੍ਹਾਂ ਨਾਲ ਉਹ ਵੀ ਸਹਿਮਤ ਹੋਵੇ। ਸ਼ਾਇਦ ਉਹ ਮੰਨਦਾ ਹੋਵੇ ਕਿ ਇੱਕੋ ਰੱਬ ਹੈ ਅਤੇ ਯਿਸੂ ਮਨੁੱਖਜਾਤੀ ਨੂੰ ਬਚਾਉਣ ਵਾਲਾ ਹੈ ਜਾਂ ਸ਼ਾਇਦ ਉਸ ਨੂੰ ਵਿਸ਼ਵਾਸ ਹੋਵੇ ਕਿ ਅਸੀਂ ਦੁਸ਼ਟ ਸਮੇਂ ਵਿਚ ਜੀ ਰਹੇ ਹਾਂ ਜਿਸ ਦਾ ਛੇਤੀ ਹੀ ਖ਼ਾਤਮਾ ਹੋਣ ਵਾਲਾ ਹੈ। ਤੁਸੀਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਹੋ। ਇਸ ਲਈ ਅਜਿਹੇ ਵਿਸ਼ਿਆਂ ’ਤੇ ਗੱਲ ਕਰੋ ਅਤੇ ਆਪਣਾ ਸੰਦੇਸ਼ ਇਸ ਤਰੀਕੇ ਨਾਲ ਸੁਣਾਓ ਕਿ ਉਹ ਸੁਣਨ ਲਈ ਤਿਆਰ ਹੋ ਜਾਵੇ।

10. ਸਾਨੂੰ ਕੀ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਉਂ?

10 ਯਾਦ ਰੱਖੋ ਕਿ ਲੋਕ ਸ਼ਾਇਦ ਆਪਣੇ ਧਰਮ ਵੱਲੋਂ ਸਿਖਾਈ ਹਰ ਗੱਲ ’ਤੇ ਵਿਸ਼ਵਾਸ ਨਾ ਕਰਦੇ ਹੋਣ। ਇਸ ਲਈ ਜਦੋਂ ਤੁਹਾਨੂੰ ਕਿਸੇ ਵਿਅਕਤੀ ਦੇ ਧਰਮ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਕੀ ਮੰਨਦਾ ਹੈ। ਆਸਟ੍ਰੇਲੀਆ ਤੋਂ ਡੇਵਿਡ ਨਾਂ ਦਾ ਸਪੈਸ਼ਲ ਪਾਇਨੀਅਰ ਦੱਸਦਾ ਹੈ: “ਬਹੁਤ ਸਾਰੇ ਲੋਕ ਧਰਮ ਦੇ ਨਾਲ-ਨਾਲ ਫ਼ਲਸਫ਼ਿਆਂ ’ਤੇ ਵੀ ਵਿਸ਼ਵਾਸ ਕਰਦੇ ਹਨ।” ਅਲਬਾਨੀਆ ਦੀ ਰਹਿਣ ਵਾਲੀ ਡੋਨਾਲਟਾ ਦੱਸਦੀ ਹੈ: “ਪ੍ਰਚਾਰ ਵਿਚ ਮਿਲਣ ਵਾਲੇ ਕੁਝ ਲੋਕ ਕਹਿੰਦੇ ਹਨ ਕਿ ਉਹ ਕਿਸੇ ਧਰਮ ਨੂੰ ਮੰਨਦੇ ਹਨ, ਪਰ ਬਾਅਦ ਵਿਚ ਉਹ ਦੱਸਦੇ ਹਨ ਕਿ ਉਹ ਰੱਬ ’ਤੇ ਵਿਸ਼ਵਾਸ ਨਹੀਂ ਕਰਦੇ।” ਅਰਜਨਟੀਨਾ ਤੋਂ ਇਕ ਮਿਸ਼ਨਰੀ ਭਰਾ ਦੱਸਦਾ ਹੈ ਕਿ ਕੁਝ ਲੋਕ ਕਹਿੰਦੇ ਹਨ ਕਿ ਉਹ ਤ੍ਰਿਏਕ ’ਤੇ ਵਿਸ਼ਵਾਸ ਕਰਦੇ ਹਨ, ਪਰ ਸ਼ਾਇਦ ਅਸਲ ਵਿਚ ਉਹ ਇਹ ਗੱਲ ਨਹੀਂ ਮੰਨਦੇ ਕਿ ਪਿਤਾ, ਪੁੱਤਰ ਤੇ ਪਵਿੱਤਰ ਸ਼ਕਤੀ ਇੱਕੋ ਸ਼ਖ਼ਸ ਹਨ। ਉਹ ਕਹਿੰਦਾ ਹੈ: “ਇਹ ਗੱਲਾਂ ਪਤਾ ਲੱਗਣ ’ਤੇ ਉਨ੍ਹਾਂ ਨਾਲ ਅਜਿਹਿਆਂ ਵਿਸ਼ਿਆਂ ’ਤੇ ਗੱਲ ਕਰਨੀ ਸੌਖੀ ਹੋ ਜਾਂਦੀ ਹੈ ਜਿਨ੍ਹਾਂ ਨਾਲ ਉਹ ਸਹਿਮਤ ਹੁੰਦੇ ਹਨ।” ਇਸ ਲਈ ਜਾਣਨ ਦੀ ਕੋਸ਼ਿਸ਼ ਕਰੋ ਕਿ ਲੋਕ ਅਸਲ ਵਿਚ ਕੀ ਮੰਨਦੇ ਹਨ। ਫਿਰ ਪੌਲੁਸ ਦੀ ਤਰ੍ਹਾਂ ਤੁਸੀਂ ਵੀ “ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ” ਕਰ ਸਕਦੇ ਹੋ।—1 ਕੁਰਿੰ. 9:19-23.

ਲੋਕਾਂ ਨੂੰ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਹੈ?

11. ਰਸੂਲਾਂ ਦੇ ਕੰਮ 14:14-17 ਮੁਤਾਬਕ ਪੌਲੁਸ ਨੇ ਲੁਸਤ੍ਰਾ ਦੇ ਲੋਕਾਂ ਨੂੰ ਦਿਲਚਸਪ ਤਰੀਕੇ ਨਾਲ ਸੰਦੇਸ਼ ਕਿਵੇਂ ਸੁਣਾਇਆ?

11 ਰਸੂਲਾਂ ਦੇ ਕੰਮ 14:14-17 ਪੜ੍ਹੋ। ਪੌਲੁਸ ਨੇ ਦੇਖਿਆ ਕਿ ਲੋਕਾਂ ਨੂੰ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਸੀ ਅਤੇ ਫਿਰ ਉਸ ਮੁਤਾਬਕ ਆਪਣੀ ਪੇਸ਼ਕਾਰੀ ਢਾਲ਼ੀ। ਮਿਸਾਲ ਲਈ, ਉਸ ਨੇ ਲੁਸਤ੍ਰਾ ਵਿਚ ਇਕੱਠੀ ਹੋਈ ਭੀੜ ਨਾਲ ਗੱਲ ਕੀਤੀ ਜਿਸ ਨੂੰ ਧਰਮ-ਗ੍ਰੰਥ ਬਾਰੇ ਥੋੜ੍ਹੀ-ਬਹੁਤੀ ਜਾਂ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਪੌਲੁਸ ਨੇ ਇਸ ਤਰੀਕੇ ਨਾਲ ਤਰਕ ਕੀਤਾ ਜਿਸ ਨੂੰ ਉਹ ਸਮਝ ਸਕਦੇ ਸਨ। ਉਸ ਨੇ ਉਹ ਸ਼ਬਦ ਤੇ ਮਿਸਾਲਾਂ ਵਰਤੀਆਂ ਜਿਨ੍ਹਾਂ ਨੂੰ ਉਸ ਦੇ ਸੁਣਨ ਵਾਲੇ ਆਸਾਨੀ ਨਾਲ ਸਮਝ ਸਕਦੇ ਸਨ, ਜਿਵੇਂ ਫ਼ਸਲ ਦੀ ਪੈਦਾਵਾਰ ਬਾਰੇ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਕਿਵੇਂ ਆਉਂਦੀ ਹੈ।

12. ਤੁਸੀਂ ਇਕ ਵਿਅਕਤੀ ਦੀ ਦਿਲਚਸਪੀ ਬਾਰੇ ਕਿਵੇਂ ਜਾਣ ਸਕਦੇ ਹੋ ਅਤੇ ਉਸ ਮੁਤਾਬਕ ਆਪਣੀ ਪੇਸ਼ਕਾਰੀ ਕਿਵੇਂ ਢਾਲ਼ ਸਕਦੇ ਹੋ?

12 ਆਪਣੇ ਇਲਾਕੇ ਦੇ ਲੋਕਾਂ ਦੀ ਦਿਲਚਸਪੀ ਜਾਣਨ ਦੀ ਕੋਸ਼ਿਸ਼ ਕਰੋ ਅਤੇ ਉਸ ਮੁਤਾਬਕ ਆਪਣੀ ਪੇਸ਼ਕਾਰੀ ਢਾਲੋ। ਇਕ ਵਿਅਕਤੀ ਨਾਲ ਗੱਲ ਕਰਨ ਤੋਂ ਪਹਿਲਾਂ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਉਹ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਰੱਖਦਾ ਹੈ? ਆਲੇ-ਦੁਆਲੇ ਦੀਆਂ ਚੀਜ਼ਾਂ ਦੇਖੋ। ਸ਼ਾਇਦ ਉਹ ਬਾਗ਼ਬਾਨੀ ਕਰ ਰਿਹਾ ਹੋਵੇ, ਅਖ਼ਬਾਰ ਪੜ੍ਹ ਰਿਹਾ ਹੋਵੇ, ਆਪਣੀ ਗੱਡੀ ਠੀਕ ਕਰ ਰਿਹਾ ਹੋਵੇ ਜਾਂ ਕੋਈ ਹੋਰ ਕੰਮ ਕਰ ਰਿਹਾ ਹੋਵੇ। ਜੇ ਤੁਹਾਨੂੰ ਸਹੀ ਲੱਗੇ, ਤਾਂ ਵਿਅਕਤੀ ਜੋ ਕੰਮ ਕਰ ਰਿਹਾ ਹੈ, ਉਸ ਤੋਂ ਹੀ ਗੱਲ ਸ਼ੁਰੂ ਕਰੋ। (ਯੂਹੰ. 4:7) ਇਕ ਵਿਅਕਤੀ ਦੇ ਕੱਪੜਿਆਂ ਤੋਂ ਵੀ ਉਸ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ, ਜਿਵੇਂ ਕਿ ਉਹ ਕਿਹੜੇ ਦੇਸ਼ ਦਾ ਹੈ, ਕਿਹੜਾ ਕੰਮ-ਧੰਦਾ ਕਰਦਾ ਹੈ ਜਾਂ ਉਹ ਕਿਹੜੀ ਖੇਡ ਨੂੰ ਪਸੰਦ ਕਰਦਾ ਹੈ। ਗੁਸਤਾਵੋ ਦੱਸਦਾ ਹੈ: “ਮੈਂ 19 ਸਾਲਾਂ ਦੇ ਇਕ ਨੌਜਵਾਨ ਨਾਲ ਗੱਲ ਕਰਨੀ ਸ਼ੁਰੂ ਕੀਤੀ ਜਿਸ ਦੀ ਟੀ-ਸ਼ਰਟ ’ਤੇ ਮਸ਼ਹੂਰ ਗਾਇਕ ਦੀ ਫੋਟੋ ਸੀ। ਮੈਂ ਉਸ ਨੂੰ ਟੀ-ਸ਼ਰਟ ਬਾਰੇ ਪੁੱਛਿਆ ਅਤੇ ਉਸ ਨੇ ਦੱਸਿਆ ਕਿ ਉਹ ਉਸ ਗਾਇਕ ਨੂੰ ਕਿਉਂ ਪਸੰਦ ਕਰਦਾ ਹੈ। ਇਸ ਗੱਲਬਾਤ ਤੋਂ ਬਾਈਬਲ ਸਟੱਡੀ ਸ਼ੁਰੂ ਹੋ ਗਈ ਅਤੇ ਹੁਣ ਉਹ ਸਾਡਾ ਭਰਾ ਹੈ।”

13. ਤੁਸੀਂ ਦਿਲਚਸਪ ਤਰੀਕੇ ਨਾਲ ਬਾਈਬਲ ਸਟੱਡੀ ਨੂੰ ਕਿਵੇਂ ਪੇਸ਼ ਕਰ ਸਕਦੇ ਹੋ?

13 ਕਿਸੇ ਦੀ ਦਿਲਚਸਪੀ ਮੁਤਾਬਕ ਉਸ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਅਤੇ ਦੱਸੋ ਕਿ ਸਟੱਡੀ ਨਾਲ ਉਸ ਦੀ ਕਿਵੇਂ ਮਦਦ ਹੋਵੇਗੀ। (ਯੂਹੰ. 4:13-15) ਮਿਸਾਲ ਲਈ, ਇਕ ਭੈਣ ਨੂੰ ਦਿਲਚਸਪੀ ਰੱਖਣ ਵਾਲੀ ਔਰਤ ਨੇ ਆਪਣੇ ਘਰ ਅੰਦਰ ਬੁਲਾਇਆ। ਭੈਣ ਨੇ ਉਸ ਔਰਤ ਦੀ ਕੰਧ ’ਤੇ ਇਕ ਸਰਟੀਫਿਕੇਟ ਟੰਗਿਆ ਦੇਖਿਆ ਜਿਸ ਤੋਂ ਪਤਾ ਲੱਗਾ ਕਿ ਉਹ ਪ੍ਰੋਫ਼ੈਸਰ ਸੀ ਅਤੇ ਉਸ ਨੇ ਸਿੱਖਿਆ ਦੇ ਖੇਤਰ ਵਿਚ ਕੋਈ ਡਿਗਰੀ ਹਾਸਲ ਕੀਤੀ ਸੀ। ਭੈਣ ਨੇ ਉਸ ਨੂੰ ਦੱਸਿਆ ਕਿ ਅਸੀਂ ਵੀ ਬਾਈਬਲ ਸਟੱਡੀ ਅਤੇ ਸਭਾਵਾਂ ਦੇ ਜ਼ਰੀਏ ਲੋਕਾਂ ਨੂੰ ਸਿੱਖਿਆ ਦਿੰਦੇ ਹਾਂ। ਉਹ ਔਰਤ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ, ਅਗਲੇ ਦਿਨ ਸਭਾ ’ਤੇ ਗਈ ਅਤੇ ਜਲਦੀ ਹੀ ਸੰਮੇਲਨ ’ਤੇ ਵੀ ਹਾਜ਼ਰ ਹੋਈ। ਇਕ ਸਾਲ ਬਾਅਦ ਉਸ ਨੇ ਬਪਤਿਸਮਾ ਲੈ ਲਿਆ। ਖ਼ੁਦ ਤੋਂ ਪੁੱਛੋ: ‘ਜਿਨ੍ਹਾਂ ਲੋਕਾਂ ਨੂੰ ਮੈਂ ਦੁਬਾਰਾ ਮਿਲਦਾ ਹਾਂ, ਉਨ੍ਹਾਂ ਨੂੰ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਹੈ? ਕੀ ਮੈਂ ਬਾਈਬਲ ਸਟੱਡੀ ਨੂੰ ਇਸ ਤਰੀਕੇ ਨਾਲ ਪੇਸ਼ ਕਰ ਸਕਦਾ ਹਾਂ ਜਿਸ ਨਾਲ ਉਹ ਸਟੱਡੀ ਕਰਨ ਲਈ ਤਿਆਰ ਹੋ ਜਾਣ?’

14. ਤੁਸੀਂ ਹਰ ਵਿਦਿਆਰਥੀ ਮੁਤਾਬਕ ਬਾਈਬਲ ਸਟੱਡੀ ਨੂੰ ਕਿਵੇਂ ਢਾਲ਼ ਸਕਦੇ ਹੋ?

14 ਕਿਸੇ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਬਾਅਦ ਹਰ ਵਾਰ ਸਟੱਡੀ ਕਰਾਉਣ ਤੋਂ ਪਹਿਲਾਂ ਤਿਆਰੀ ਕਰੋ ਤੇ ਵਿਦਿਆਰਥੀ ਦੇ ਪਿਛੋਕੜ ਤੇ ਦਿਲਚਸਪੀ ਨੂੰ ਵੀ ਧਿਆਨ ਵਿਚ ਰੱਖੋ। ਤਿਆਰੀ ਕਰਦੇ ਵੇਲੇ ਸੋਚੋ ਕਿ ਤੁਸੀਂ ਕਿਹੜੀਆਂ ਆਇਤਾਂ ਪੜ੍ਹਾਓਗੇ, ਕਿਹੜੀਆਂ ਵੀਡੀਓ ਦਿਖਾਓਗੇ ਅਤੇ ਬਾਈਬਲ ਦੀਆਂ ਸੱਚਾਈਆਂ ਸਮਝਾਉਣ ਲਈ ਕਿਹੜੀਆਂ ਮਿਸਾਲਾਂ ਵਰਤੋਗੇ। ਖ਼ੁਦ ਨੂੰ ਪੁੱਛੋ: ‘ਖ਼ਾਸ ਕਰਕੇ ਕਿਹੜੀ ਗੱਲ ਮੇਰੇ ਵਿਦਿਆਰਥੀ ਦੇ ਦਿਲ ਨੂੰ ਛੂਹ ਸਕਦੀ ਹੈ?’ (ਕਹਾ. 16:23) ਅਲਬਾਨੀਆ ਵਿਚ ਫਲੋਰਾ ਨਾਂ ਦੀ ਪਾਇਨੀਅਰ ਭੈਣ ਨਾਲ ਸਟੱਡੀ ਕਰਨ ਵਾਲੀ ਇਕ ਔਰਤ ਨੇ ਸਾਫ਼-ਸਾਫ਼ ਦੱਸਿਆ: “ਮੈਂ ਇਸ ਗੱਲ ’ਤੇ ਯਕੀਨ ਨਹੀਂ ਕਰ ਸਕਦੀ ਕਿ ਮਰੇ ਹੋਏ ਲੋਕ ਜੀਉਂਦੇ ਕੀਤੇ ਜਾਣਗੇ।” ਫਲੋਰਾ ਨੇ ਉਸ ਔਰਤ ਨੂੰ ਇਹ ਸਿੱਖਿਆ ਮੰਨਣ ਲਈ ਮਜਬੂਰ ਨਹੀਂ ਕੀਤਾ। ਉਹ ਦੱਸਦੀ ਹੈ: “ਮੈਂ ਸੋਚਿਆ ਕਿ ਪਹਿਲਾਂ ਉਹ ਉਸ ਪਰਮੇਸ਼ੁਰ ਬਾਰੇ ਜਾਣ ਲਵੇ ਜੋ ਮਰੇ ਹੋਇਆਂ ਨੂੰ ਜੀਉਂਦੇ ਕਰਨ ਦਾ ਵਾਅਦਾ ਕਰਦਾ ਹੈ।” ਉਸ ਦਿਨ ਤੋਂ ਬਾਅਦ ਫਲੋਰਾ ਹਰ ਵਾਰ ਸਟੱਡੀ ਕਰਾਉਣ ਵੇਲੇ ਯਹੋਵਾਹ ਦੇ ਪਿਆਰ, ਬੁੱਧ ਤੇ ਸ਼ਕਤੀ ’ਤੇ ਜ਼ੋਰ ਦਿੰਦੀ ਸੀ। ਬਾਅਦ ਵਿਚ ਉਸ ਦੀ ਵਿਦਿਆਰਥਣ ਜੀਉਂਦੇ ਕੀਤੇ ਜਾਣ ਦੀ ਸਿੱਖਿਆ ’ਤੇ ਵਿਸ਼ਵਾਸ ਕਰਨ ਲੱਗ ਪਈ। ਹੁਣ ਉਹ ਯਹੋਵਾਹ ਦੀ ਜੋਸ਼ੀਲੀ ਗਵਾਹ ਹੈ।

ਦੇਖੋ ਕਿ ਉਹ ਮਸੀਹ ਦੇ ਚੇਲੇ ਬਣ ਸਕਦੇ ਹਨ

15. ਰਸੂਲਾਂ ਦੇ ਕੰਮ 17:16-18 ਅਨੁਸਾਰ ਐਥਿਨਜ਼ ਸ਼ਹਿਰ ਨੂੰ ਦੇਖ ਕੇ ਪੌਲੁਸ ਕਿਉਂ ਪਰੇਸ਼ਾਨ ਹੋ ਗਿਆ ਸੀ, ਪਰ ਉਹ ਉੱਥੋਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਪਿੱਛੇ ਕਿਉਂ ਨਹੀਂ ਹਟਿਆ?

15 ਰਸੂਲਾਂ ਦੇ ਕੰਮ 17:16-18 ਪੜ੍ਹੋ। ਭਾਵੇਂ ਕਿ ਐਥਿਨਜ਼ ਸ਼ਹਿਰ ਮੂਰਤੀਆਂ ਨਾਲ ਭਰਿਆ ਹੋਇਆ ਸੀ, ਉੱਥੇ ਦੇ ਲੋਕ ਹਰਾਮਕਾਰੀ ਕਰਦੇ ਸਨ ਅਤੇ ਝੂਠੇ ਲੋਕਾਂ ਦੀਆਂ ਫ਼ਿਲਾਸਫ਼ੀਆਂ ਨੂੰ ਮੰਨਦੇ ਸਨ, ਪਰ ਫਿਰ ਵੀ ਪੌਲੁਸ ਉਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਉਨ੍ਹਾਂ ਵੱਲੋਂ ਕੀਤੀ ਬੇਇੱਜ਼ਤੀ ਕਰਕੇ ਨਿਰਾਸ਼ ਹੋਇਆ। ਪੌਲੁਸ ਆਪ ਵੀ ਮਸੀਹੀ ਬਣ ਗਿਆ ਸੀ ਭਾਵੇਂ ਉਹ “ਪਰਮੇਸ਼ੁਰ ਦੀ ਨਿੰਦਿਆ ਕਰਦਾ ਹੁੰਦਾ ਸੀ, ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਤੇ ਹੰਕਾਰੀ ਸੀ।” (1 ਤਿਮੋ. 1:13) ਜਿਵੇਂ ਯਿਸੂ ਨੇ ਦੇਖਿਆ ਕਿ ਪੌਲੁਸ ਮਸੀਹੀ ਬਣ ਸਕਦਾ ਸੀ, ਉਸੇ ਤਰ੍ਹਾਂ ਪੌਲੁਸ ਨੇ ਦੇਖਿਆ ਕਿ ਐਥਿਨਜ਼ ਦੇ ਲੋਕ ਚੇਲੇ ਬਣ ਸਕਦੇ ਸਨ। ਉਸ ਦਾ ਭਰੋਸਾ ਬੇਕਾਰ ਨਹੀਂ ਗਿਆ।—ਰਸੂ. 9:13-15; 17:34.

16-17. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਹਰ ਤਰ੍ਹਾਂ ਦੇ ਲੋਕ ਮਸੀਹ ਦੇ ਚੇਲੇ ਬਣ ਸਕਦੇ ਹਨ? ਇਕ ਮਿਸਾਲ ਦਿਓ।

16 ਪਹਿਲੀ ਸਦੀ ਵਿਚ ਹਰ ਪਿਛੋਕੜ ਦੇ ਲੋਕ ਯਿਸੂ ਦੇ ਚੇਲੇ ਬਣੇ ਸਨ। ਕੁਰਿੰਥੁਸ ਵਿਚ ਯੂਨਾਨੀ ਸ਼ਹਿਰ ਦੇ ਮਸੀਹੀਆਂ ਨੂੰ ਚਿੱਠੀ ਲਿਖਦਿਆਂ ਪੌਲੁਸ ਨੇ ਕਿਹਾ ਕਿ ਮੰਡਲੀ ਦੇ ਕੁਝ ਮੈਂਬਰ ਇਕ ਸਮੇਂ ’ਤੇ ਅਪਰਾਧੀ ਸਨ ਜਾਂ ਅਨੈਤਿਕ ਜ਼ਿੰਦਗੀ ਬਤੀਤ ਕਰਦੇ ਸਨ। ਫਿਰ ਉਸ ਨੇ ਕਿਹਾ: “ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ। ਪਰ ਹੁਣ ਤੁਹਾਨੂੰ . . . ਸ਼ੁੱਧ . . . ਕੀਤਾ ਗਿਆ ਹੈ।” (1 ਕੁਰਿੰ. 6:9-11) ਜੇ ਤੁਸੀਂ ਉੱਥੇ ਹੁੰਦੇ, ਤਾਂ ਕੀ ਤੁਸੀਂ ਮੰਨਦੇ ਕਿ ਉਹ ਮਸੀਹ ਦੇ ਚੇਲੇ ਬਣ ਸਕਦੇ ਸਨ?

17 ਅੱਜ ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਬਣਨ ਲਈ ਬਦਲਾਅ ਕਰ ਰਹੇ ਹਨ। ਮਿਸਾਲ ਲਈ, ਆਸਟ੍ਰੇਲੀਆ ਵਿਚ ਯੂਕੀਨਾ ਨਾਂ ਦੀ ਪਾਇਨੀਅਰ ਭੈਣ ਨੇ ਸਿੱਖਿਆ ਕਿ ਹਰ ਤਰ੍ਹਾਂ ਦੇ ਲੋਕ ਬਾਈਬਲ ਦੇ ਸੰਦੇਸ਼ ਪ੍ਰਤੀ ਹੁੰਗਾਰਾ ਭਰ ਸਕਦੇ ਹਨ। ਇਕ ਦਿਨ ਆਫ਼ਿਸ ਵਿਚ ਉਸ ਨੇ ਇਕ ਨੌਜਵਾਨ ਕੁੜੀ ਨੂੰ ਦੇਖਿਆ ਜਿਸ ਨੇ ਕਈ ਟੈਟੂ ਬਣਵਾਏ ਹੋਏ ਸਨ। ਯੂਕੀਨਾ ਕਹਿੰਦੀ ਹੈ: “ਪਹਿਲਾਂ ਮੈਂ ਉਸ ਨਾਲ ਗੱਲ ਕਰਨ ਤੋਂ ਝਿਜਕ ਰਹੀ ਸੀ, ਪਰ ਫਿਰ ਮੈਂ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਪਤਾ ਲੱਗਾ ਕਿ ਉਸ ਨੂੰ ਬਾਈਬਲ ਵਿਚ ਇੰਨੀ ਦਿਲਚਸਪੀ ਸੀ ਕਿ ਉਸ ਦੇ ਕੁਝ ਟੈਟੂ ਜ਼ਬੂਰਾਂ ਦੀਆਂ ਆਇਤਾਂ ਸਨ!” ਕੁੜੀ ਸਟੱਡੀ ਕਰਨ ਅਤੇ ਸਭਾਵਾਂ ’ਤੇ ਆਉਣ ਲੱਗ ਪਈ। *

18. ਸਾਨੂੰ ਲੋਕਾਂ ਬਾਰੇ ਰਾਇ ਕਾਇਮ ਕਿਉਂ ਨਹੀਂ ਕਰਨੀ ਚਾਹੀਦੀ?

18 ਜਦੋਂ ਯਿਸੂ ਨੇ ਕਿਹਾ ਕਿ ਫ਼ਸਲ ਵਾਢੀ ਲਈ ਤਿਆਰ ਹੈ, ਤਾਂ ਕੀ ਉਸ ਨੂੰ ਇਹ ਉਮੀਦ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਦੇ ਚੇਲੇ ਬਣਨਗੇ? ਬਿਲਕੁਲ ਵੀ ਨਹੀਂ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਬਹੁਤ ਹੀ ਘੱਟ ਲੋਕ ਉਸ ’ਤੇ ਨਿਹਚਾ ਕਰਨਗੇ। (ਯੂਹੰ. 12:37, 38) ਨਾਲੇ ਯਿਸੂ ਕੋਲ ਲੋਕਾਂ ਦੇ ਦਿਲ ਪੜ੍ਹਨ ਦੀ ਲਾਜਵਾਬ ਕਾਬਲੀਅਤ ਸੀ। ਇਸ ਲਈ ਉਸ ਨੂੰ ਪਤਾ ਸੀ ਕਿ ਬਹੁਤ ਸਾਰੇ ਲੋਕ ਉਸ ਦੀਆਂ ਕਹੀਆਂ ਗੱਲਾਂ ਨੂੰ ਸਵੀਕਾਰ ਨਹੀਂ ਕਰਨਗੇ। (ਮੱਤੀ 9:4) ਭਾਵੇਂ ਕਿ ਉਸ ਨੇ ਆਪਣਾ ਧਿਆਨ ਉਨ੍ਹਾਂ ਲੋਕਾਂ ’ਤੇ ਲਾਇਆ ਜਿਨ੍ਹਾਂ ਨੇ ਉਸ ’ਤੇ ਵਿਸ਼ਵਾਸ ਕਰਨਾ ਸੀ, ਪਰ ਉਸ ਨੇ ਜੋਸ਼ ਨਾਲ ਸਾਰਿਆਂ ਨੂੰ ਪ੍ਰਚਾਰ ਕੀਤਾ। ਅਸੀਂ ਲੋਕਾਂ ਦੇ ਦਿਲ ਨਹੀਂ ਪੜ੍ਹ ਸਕਦੇ। ਇਸ ਕਰਕੇ ਸਾਡੇ ਲਈ ਇਹ ਹੋਰ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਤੋਂ ਹੀ ਆਪਣੇ ਇਲਾਕੇ ਦੇ ਲੋਕਾਂ ਬਾਰੇ ਰਾਇ ਕਾਇਮ ਨਾ ਕਰੀਏ। ਇਸ ਦੀ ਬਜਾਇ, ਹਰ ਕਿਸੇ ਨੂੰ ਮਸੀਹ ਦੇ ਚੇਲੇ ਵਜੋਂ ਦੇਖੀਏ। ਬੁਰਕੀਨਾ ਫਾਸੋ ਵਿਚ ਮਾਰਕ ਨਾਂ ਦਾ ਮਿਸ਼ਨਰੀ ਕਹਿੰਦਾ ਹੈ: “ਜਿਨ੍ਹਾਂ ਲੋਕਾਂ ਬਾਰੇ ਮੈਂ ਸੋਚਦਾ ਹਾਂ ਕਿ ਉਹ ਤਰੱਕੀ ਕਰਨਗੇ, ਉਹ ਅਕਸਰ ਸਟੱਡੀ ਕਰਨੀ ਬੰਦ ਕਰ ਦਿੰਦੇ ਹਨ। ਪਰ ਜਿਨ੍ਹਾਂ ਬਾਰੇ ਮੈਂ ਸੋਚਦਾ ਹਾਂ ਕਿ ਇਨ੍ਹਾਂ ਨੇ ਜ਼ਿਆਦਾ ਤਰੱਕੀ ਨਹੀਂ ਕਰਨੀ, ਉਹ ਅੱਗੇ ਵਧਦੇ ਹਨ। ਇਸ ਲਈ ਮੈਂ ਸਿੱਖਿਆ ਹੈ ਕਿ ਯਹੋਵਾਹ ਦੀ ਸ਼ਕਤੀ ਦੀ ਸੇਧ ਮੁਤਾਬਕ ਚੱਲਣਾ ਵਧੀਆ ਹੈ।”

19. ਸਾਨੂੰ ਆਪਣੇ ਇਲਾਕੇ ਦੇ ਲੋਕਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?

19 ਪਹਿਲਾਂ-ਪਹਿਲ ਸ਼ਾਇਦ ਤੁਸੀਂ ਸੋਚੋ ਕਿ ਤੁਹਾਡੇ ਇਲਾਕੇ ਵਿਚ ਅਜਿਹੇ ਲੋਕ ਘੱਟ ਹੀ ਹਨ ਜੋ ਮਸੀਹ ਦੇ ਚੇਲੇ ਬਣ ਸਕਦੇ ਹਨ। ਪਰ ਯਾਦ ਰੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਫ਼ਸਲ ਪੱਕ ਕੇ ਵਾਢੀ ਲਈ ਤਿਆਰ ਹੈ। ਇਸ ਦਾ ਮਤਲਬ ਹੈ ਕਿ ਲੋਕ ਬਦਲ ਕੇ ਮਸੀਹ ਦੇ ਚੇਲੇ ਬਣ ਸਕਦੇ ਹਨ। ਯਹੋਵਾਹ ਨੂੰ ਭਰੋਸਾ ਹੈ ਕਿ ਸਾਡੇ ਇਲਾਕੇ ਦੇ ਲੋਕ ਚੇਲੇ ਬਣ ਸਕਦੇ ਹਨ ਅਤੇ ਉਹ ਅਨਮੋਲ “ਪਦਾਰਥ” ਹਨ। (ਹੱਜ. 2:7) ਲੋਕਾਂ ਪ੍ਰਤੀ ਯਹੋਵਾਹ ਤੇ ਯਿਸੂ ਵਰਗਾ ਨਜ਼ਰੀਆ ਰੱਖਣ ਕਰਕੇ ਅਸੀਂ ਜਾਣਾਂਗੇ ਕਿ ਉਨ੍ਹਾਂ ਦਾ ਪਿਛੋਕੜ ਕੀ ਹੈ ਅਤੇ ਉਹ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਰੱਖਦੇ ਹਨ। ਅਸੀਂ ਉਨ੍ਹਾਂ ਨੂੰ ਆਪਣੇ ਭੈਣਾਂ-ਭਰਾਵਾਂ ਵਜੋਂ ਦੇਖਾਂਗੇ।

ਗੀਤ 18 ਰੱਬ ਦਾ ਸੱਚਾ ਪਿਆਰ

^ ਪੈਰਾ 5 ਲੋਕਾਂ ਪ੍ਰਤੀ ਸਾਡੇ ਰਵੱਈਏ ਦਾ ਸਾਡੇ ਪ੍ਰਚਾਰ ਤੇ ਸਿਖਾਉਣ ਦੇ ਕੰਮ ’ਤੇ ਕਿਵੇਂ ਅਸਰ ਪੈਂਦਾ ਹੈ? ਇਸ ਲੇਖ ਵਿਚ ਅਸੀਂ ਜਾਂਚ ਕਰਾਂਗੇ ਕਿ ਯਿਸੂ ਤੇ ਪੌਲੁਸ ਰਸੂਲ ਆਪਣੇ ਸੁਣਨ ਵਾਲਿਆਂ ਬਾਰੇ ਕੀ ਸੋਚਦੇ ਸਨ। ਨਾਲੇ ਯਿਸੂ ਤੇ ਪੌਲੁਸ ਦੀ ਰੀਸ ਕਰਦਿਆਂ ਅਸੀਂ ਦੇਖ ਸਕਦੇ ਹਾਂ ਕਿ ਲੋਕਾਂ ਦੇ ਕੀ ਵਿਸ਼ਵਾਸ ਹਨ, ਉਹ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਂਦੇ ਹਨ ਤੇ ਉਹ ਆਉਣ ਵਾਲੇ ਸਮੇਂ ਵਿਚ ਮਸੀਹ ਦੇ ਚੇਲੇ ਬਣ ਸਕਦੇ ਹਨ।

^ ਪੈਰਾ 17ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਦੇ ਲੜੀਵਾਰ ਲੇਖਾਂ ਵਿਚ ਹੋਰ ਮਿਸਾਲਾਂ ਦਿੱਤੀਆਂ ਗਈਆਂ ਹਨ ਕਿ ਲੋਕ ਕਿਵੇਂ ਬਦਲ ਸਕਦੇ ਹਨ। ਇਹ ਲੜੀਵਾਰ ਲੇਖ 2017 ਤਕ ਪਹਿਰਾਬੁਰਜ ਵਿਚ ਆਉਂਦੇ ਰਹੇ। ਹੁਣ ਇਹ jw.org/pa ’ਤੇ ਆਉਂਦੇ ਹਨ। “ਸਾਡੇ ਬਾਰੇ” > “ਤਜਰਬੇ” ਹੇਠਾਂ ਦੇਖੋ।

^ ਪੈਰਾ 57 ਤਸਵੀਰ ਬਾਰੇ ਜਾਣਕਾਰੀ: ਘਰ-ਘਰ ਪ੍ਰਚਾਰ ਕਰਦਿਆਂ ਇਕ ਜੋੜਾ ਦੇਖਦਾ ਹੈ (1) ਸਾਫ਼-ਸੁਥਰਾ ਘਰ ਜਿਸ ਦੇ ਬਾਹਰ ਫੁੱਲ ਲੱਗੇ ਹੋਏ ਹਨ; (2) ਇਕ ਘਰ ਜਿਸ ਵਿਚ ਛੋਟੇ ਬੱਚੇ ਹਨ; (3) ਇਕ ਘਰ ਜੋ ਅੰਦਰੋਂ-ਬਾਹਰੋਂ ਗੰਦਾ ਹੈ ਅਤੇ (4) ਇਕ ਧਾਰਮਿਕ ਵਿਸ਼ਵਾਸਾਂ ਵਾਲਾ ਪਰਿਵਾਰ। ਤੁਸੀਂ ਉਸ ਇਨਸਾਨ ਨੂੰ ਕਿੱਥੇ ਲੱਭ ਸਕਦੇ ਹੋ ਜੋ ਮਸੀਹ ਦਾ ਚੇਲਾ ਬਣ ਸਕਦਾ ਹੈ?