Skip to content

Skip to table of contents

ਅਧਿਐਨ ਲੇਖ 17

ਤੁਸੀਂ ਯਹੋਵਾਹ ਲਈ ਅਨਮੋਲ ਹੋ!

ਤੁਸੀਂ ਯਹੋਵਾਹ ਲਈ ਅਨਮੋਲ ਹੋ!

“ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।”​—ਜ਼ਬੂ. 149:4.

ਗੀਤ 18 ਰੱਬ ਦਾ ਸੱਚਾ ਪਿਆਰ

ਖ਼ਾਸ ਗੱਲਾਂ *

ਸਾਡਾ ਸਵਰਗੀ ਪਿਤਾ ਸਾਡੇ ਸਾਰਿਆਂ ਤੋਂ “ਖ਼ੁਸ਼ ਹੁੰਦਾ ਹੈ” (ਪੈਰਾ 1 ਦੇਖੋ)

1. ਯਹੋਵਾਹ ਆਪਣੇ ਲੋਕਾਂ ਵਿਚ ਕੀ ਦੇਖਦਾ ਹੈ?

ਯਹੋਵਾਹ ਪਰਮੇਸ਼ੁਰ “ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।” (ਜ਼ਬੂ. 149:4) ਇਸ ਗੱਲ ਤੋਂ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਯਹੋਵਾਹ ਸਾਡੇ ਵਿਚ ਚੰਗੇ ਗੁਣ ਦੇਖਦਾ ਹੈ; ਉਹ ਦੇਖਦਾ ਹੈ ਕਿ ਅਸੀਂ ਕੀ ਕੁਝ ਕਰ ਸਕਦੇ ਹਾਂ ਅਤੇ ਉਹ ਸਾਨੂੰ ਆਪਣੇ ਵੱਲ ਖਿੱਚਦਾ ਹੈ। ਜੇ ਅਸੀਂ ਉਸ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਉਹ ਹਮੇਸ਼ਾ ਸਾਡੇ ਨੇੜੇ ਰਹੇਗਾ!​—ਯੂਹੰ. 6:44.

2. ਕਈ ਭੈਣਾਂ-ਭਰਾਵਾਂ ਨੂੰ ਇਹ ਮੰਨਣਾ ਔਖਾ ਕਿਉਂ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ?

2 ਕੁਝ ਸ਼ਾਇਦ ਸੋਚਣ, ‘ਮੈਨੂੰ ਪਤਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਇਕ ਸਮੂਹ ਵਜੋਂ ਪਿਆਰ ਕਰਦਾ ਹੈ, ਪਰ ਮੈਂ ਕਿਵੇਂ ਭਰੋਸਾ ਰੱਖ ਸਕਦਾ ਹਾਂ ਕਿ ਯਹੋਵਾਹ ਮੈਨੂੰ ਵੀ ਪਿਆਰ ਕਰਦਾ ਹੈ? ਇਕ ਵਿਅਕਤੀ ਦੇ ਮਨ ਵਿਚ ਸ਼ਾਇਦ ਇਹ ਸਵਾਲ ਕਿਉਂ ਆਵੇ?’ ਔਕਸਾਨਾ, * ਜਿਸ ਨੇ ਬਚਪਨ ਵਿਚ ਬਹੁਤ ਸਾਰੇ ਦੁੱਖ ਸਹੇ ਸਨ, ਕਹਿੰਦੀ ਹੈ: “ਜਦੋਂ ਮੇਰਾ ਬਪਤਿਸਮਾ ਹੋਇਆ ਅਤੇ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ, ਤਾਂ ਮੈਂ ਬਹੁਤ ਖ਼ੁਸ਼ ਸੀ। ਪਰ 15 ਸਾਲ ਬਾਅਦ ਬਚਪਨ ਦੀਆਂ ਬੁਰੀਆਂ ਯਾਦਾਂ ਫਿਰ ਤੋਂ ਮੇਰੇ ਮਨ ਵਿਚ ਤਾਜ਼ਾ ਹੋ ਗਈਆਂ। ਮੈਨੂੰ ਇੱਦਾਂ ਲੱਗਣ ਲੱਗਾ ਕਿ ਮੈਂ ਯਹੋਵਾਹ ਦੀ ਮਿਹਰ ਗੁਆ ਬੈਠੀ ਹਾਂ ਅਤੇ ਮੈਂ ਉਸ ਦੇ ਪਿਆਰ ਦੇ ਲਾਇਕ ਨਹੀਂ ਹਾਂ।” ਯੁਆ ਨਾਂ ਦੀ ਪਾਇਨੀਅਰ ਭੈਣ ਦਾ ਬਚਪਨ ਵੀ ਇੰਨਾ ਵਧੀਆ ਨਹੀਂ ਸੀ। ਉਹ ਕਹਿੰਦੀ ਹੈ, “ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਕਿਉਂਕਿ ਮੈਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੀ ਸੀ। ਪਰ ਮੈਨੂੰ ਪੂਰਾ ਯਕੀਨ ਸੀ ਕਿ ਉਹ ਮੈਨੂੰ ਕਦੇ ਪਿਆਰ ਨਹੀਂ ਕਰ ਸਕਦਾ।”

3. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

3 ਇਨ੍ਹਾਂ ਵਫ਼ਾਦਾਰ ਭੈਣਾਂ ਵਾਂਗ ਤੁਸੀਂ ਵੀ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹੋ, ਪਰ ਸ਼ਾਇਦ ਤੁਹਾਨੂੰ ਵੀ ਸ਼ੱਕ ਹੋਵੇ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਹੀਂ। ਤੁਹਾਨੂੰ ਇਸ ਗੱਲ ’ਤੇ ਯਕੀਨ ਕਰਨ ਦੀ ਕਿਉਂ ਲੋੜ ਹੈ ਕਿ ਉਹ ਸੱਚ-ਮੁੱਚ ਤੁਹਾਡੀ ਪਰਵਾਹ ਕਰਦਾ ਹੈ? ਜਦੋਂ ਤੁਹਾਡੇ ’ਤੇ ਇਹ ਸੋਚ ਹਾਵੀ ਹੁੰਦੀ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਨਹੀਂ ਕਰਦਾ, ਤਾਂ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਆਓ ਇਨ੍ਹਾਂ ਸਵਾਲਾਂ ਦੇ ਜਵਾਬ ਲਈਏ।

ਯਹੋਵਾਹ ਦੇ ਪਿਆਰ ’ਤੇ ਸ਼ੱਕ ਕਰਨਾ ਖ਼ਤਰਨਾਕ ਹੈ

4. ਯਹੋਵਾਹ ਦੇ ਪਿਆਰ ’ਤੇ ਸ਼ੱਕ ਕਰਨਾ ਖ਼ਤਰਨਾਕ ਕਿਉਂ ਹੋ ਸਕਦਾ ਹੈ?

4 ਪਿਆਰ ਵਿਚ ਜ਼ਬਰਦਸਤ ਤਾਕਤ ਹੁੰਦੀ ਹੈ। ਜੇ ਸਾਨੂੰ ਯਕੀਨ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਮਦਦ ਕਰਦਾ ਹੈ, ਤਾਂ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਨ ਲਈ ਤਿਆਰ ਹੋਵਾਂਗੇ। ਦੂਜੇ ਪਾਸੇ, ਜੇ ਸਾਨੂੰ ਇਸ ਗੱਲ ’ਤੇ ਯਕੀਨ ਨਹੀਂ ਹੈ ਕਿ ਪਰਮੇਸ਼ੁਰ ਸਾਡੀ ਪਰਵਾਹ ਕਰਦਾ ਹੈ, ਤਾਂ ਸਾਡੀ “ਤਾਕਤ ਘੱਟ” ਹੋ ਜਾਵੇਗੀ। (ਕਹਾ. 24:10) ਨਿਰਾਸ਼ਾ ਅਤੇ ਪਰਮੇਸ਼ੁਰ ਦੇ ਪਿਆਰ ’ਤੇ ਨਿਹਚਾ ਨਾ ਹੋਣ ਕਰਕੇ ਅਸੀਂ ਸ਼ੈਤਾਨ ਦੇ ਹਮਲਿਆਂ ਤੋਂ ਵੀ ਖ਼ੁਦ ਨੂੰ ਬਚਾ ਨਹੀਂ ਸਕਾਂਗੇ।​—ਅਫ਼. 6:16.

5. ਪਰਮੇਸ਼ੁਰ ਦੇ ਪਿਆਰ ’ਤੇ ਸ਼ੱਕ ਕਰਨ ਕਰਕੇ ਕੁਝ ਮਸੀਹੀਆਂ ’ਤੇ ਕੀ ਅਸਰ ਪਿਆ?

5 ਸਾਡੇ ਸਮੇਂ ਦੇ ਕੁਝ ਵਫ਼ਾਦਾਰ ਮਸੀਹੀਆਂ ਦਾ ਸ਼ੱਕ ਕਰਨ ਕਰਕੇ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਹੋ ਗਿਆ ਹੈ। ਜੇਮਸ ਨਾਂ ਦਾ ਬਜ਼ੁਰਗ ਕਹਿੰਦਾ ਹੈ: “ਮੈਂ ਬੈਥਲ ਵਿਚ ਕੰਮ ਕਰਦਾ ਸੀ ਅਤੇ ਹੋਰ ਭਾਸ਼ਾ ਵਾਲੀ ਮੰਡਲੀ ਵਿਚ ਸੇਵਾ ਕਰਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਪਰ ਮੈਨੂੰ ਸ਼ੱਕ ਸੀ ਕਿ ਯਹੋਵਾਹ ਮੇਰੀਆਂ ਕੁਰਬਾਨੀਆਂ ਦੀ ਕਦਰ ਕਰਦਾ ਵੀ ਹੈ। ਇਕ ਸਮੇਂ ’ਤੇ ਮੈਂ ਇਹ ਵੀ ਸੋਚਣ ਲੱਗ ਪਿਆ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਸੁਣਦਾ ਵੀ ਹੈ ਜਾਂ ਨਹੀਂ।” ਬੈਥਲ ਵਿਚ ਸੇਵਾ ਕਰਨ ਵਾਲੀ ਈਵਾ ਨਾਂ ਦੀ ਭੈਣ ਕਹਿੰਦੀ ਹੈ: “ਮੈਂ ਜਾਣਦੀ ਸੀ ਕਿ ਯਹੋਵਾਹ ਦੇ ਪਿਆਰ ’ਤੇ ਸ਼ੱਕ ਕਰਨਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਦਾ ਅਸਰ ਸਾਡੀ ਸੇਵਾ ’ਤੇ ਪੈਂਦਾ ਹੈ।” ਪਾਇਨੀਅਰ ਅਤੇ ਬਜ਼ੁਰਗ ਵਜੋਂ ਸੇਵਾ ਕਰਨ ਵਾਲਾ ਮਾਈਕਲ ਨਾਂ ਦਾ ਭਰਾ ਕਹਿੰਦਾ ਹੈ: “ਜੇ ਤੁਸੀਂ ਇਹ ਵਿਸ਼ਵਾਸ ਨਹੀਂ ਕਰਦੇ ਕਿ ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ, ਤਾਂ ਤੁਸੀਂ ਹੌਲੀ-ਹੌਲੀ ਉਸ ਤੋਂ ਦੂਰ ਹੋ ਜਾਓਗੇ।”

6. ਯਹੋਵਾਹ ਦੇ ਪਿਆਰ ਲਈ ਸ਼ੱਕ ਪੈਦਾ ਹੋਣ ’ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?

6 ਇਨ੍ਹਾਂ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਗ਼ਲਤ ਸੋਚ ਹੋਣ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ। ਪਰ ਜੇ ਸਾਡੇ ਮਨ ਵਿਚ ਯਹੋਵਾਹ ਦੇ ਪਿਆਰ ਲਈ ਸ਼ੱਕ ਪੈਦਾ ਹੁੰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਸੇ ਵੇਲੇ ਇਹ ਸ਼ੱਕ ਆਪਣੇ ਮਨ ਵਿੱਚੋਂ ਕੱਢਣੇ ਚਾਹੀਦੇ ਹਨ। ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੇ “ਮਨ ਦੀ ਬੇਚੈਨੀ” ਯਾਨੀ ਪਰੇਸ਼ਾਨ ਕਰਨ ਵਾਲੇ ਵਿਚਾਰਾਂ ਨੂੰ ਦੂਰ ਕਰ ਕੇ ਤੁਹਾਨੂੰ ‘ਪਰਮੇਸ਼ੁਰ ਦੀ ਸ਼ਾਂਤੀ ਦੇਵੇ ਜੋ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।’ (ਜ਼ਬੂ. 139:23; ਫੁਟਨੋਟ; ਫ਼ਿਲਿ. 4:6, 7) ਅਜਿਹੀ ਸੋਚ ਰੱਖਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਵਫ਼ਾਦਾਰ ਭੈਣ-ਭਰਾ ਤੁਹਾਡੇ ਵਾਂਗ ਹੀ ਅਜਿਹੀਆਂ ਭਾਵਨਾਵਾਂ ਨਾਲ ਲੜਦੇ ਹਨ। ਪੁਰਾਣੇ ਸਮੇਂ ਵਿਚ ਵੀ ਯਹੋਵਾਹ ਦੇ ਸੇਵਕਾਂ ਨਾਲ ਇੱਦਾਂ ਹੋਇਆ ਸੀ। ਆਓ ਦੇਖੀਏ ਕਿ ਅਸੀਂ ਪੌਲੁਸ ਰਸੂਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।

ਪੌਲੁਸ ਦੇ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

7. ਪੌਲੁਸ ਨੂੰ ਕਿਹੜੀਆਂ ਮੁਸ਼ਕਲਾਂ ਝੱਲਣੀਆਂ ਪਈਆਂ?

7 ਕੀ ਤੁਸੀਂ ਕਦੇ-ਕਦੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇ ਭਾਰ ਹੇਠ ਦੱਬੇ ਹੋਏ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਤੁਸੀਂ ਇਨ੍ਹਾਂ ਨੂੰ ਨਿਭਾ ਨਹੀਂ ਸਕਦੇ? ਜੇ ਹਾਂ, ਤਾਂ ਤੁਸੀਂ ਪੌਲੁਸ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ। ਉਸ ਨੂੰ ਨਾ ਸਿਰਫ਼ ਇਕ ਮੰਡਲੀ ਦੀ, ਸਗੋਂ “ਸਾਰੀਆਂ ਮੰਡਲੀਆਂ ਦੀ ਚਿੰਤਾ ਸਤਾਉਂਦੀ ਰਹਿੰਦੀ” ਸੀ। (2 ਕੁਰਿੰ. 11:23-28) ਕੀ ਗੰਭੀਰ ਸਿਹਤ ਸਮੱਸਿਆਵਾਂ ਹੋਣ ਕਰਕੇ ਤੁਹਾਡੀ ਖ਼ੁਸ਼ੀ ਖੰਭ ਲਾ ਕੇ ਉੱਡ ਗਈ ਹੈ? ਪੌਲੁਸ ਦੇ “ਸਰੀਰ ਵਿਚ ਇਕ ਕੰਡਾ ਚੋਭਿਆ ਗਿਆ” ਸੀ ਯਾਨੀ ਉਸ ਨੂੰ ਵੀ ਸਿਹਤ ਸਮੱਸਿਆ ਸੀ। ਉਹ ਇਸ ਸਮੱਸਿਆ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਚਾਹੁੰਦਾ ਸੀ। (2 ਕੁਰਿੰ. 12:7-10) ਕੀ ਤੁਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਹੋ ਜਾਂਦੇ ਹੋ? ਪੌਲੁਸ ਵੀ ਕਈ ਵਾਰ ਇੱਦਾਂ ਹੀ ਮਹਿਸੂਸ ਕਰਦਾ ਸੀ। ਉਸ ਨੇ ਖ਼ੁਦ ਨੂੰ “ਬੇਬੱਸ ਇਨਸਾਨ” ਕਿਹਾ ਕਿਉਂਕਿ ਉਸ ਨੂੰ ਲਗਾਤਾਰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਸੀ।​—ਰੋਮੀ. 7:21-24.

8. ਪੌਲੁਸ ਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਕਿੱਥੋਂ ਮਿਲੀ?

8 ਭਾਵੇਂ ਕਿ ਪੌਲੁਸ ਨੂੰ ਇਹ ਸਾਰੀਆਂ ਮੁਸ਼ਕਲਾਂ ਝੱਲਣੀਆਂ ਪਈਆਂ, ਪਰ ਫਿਰ ਵੀ ਉਹ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਸ ਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਕਿੱਥੋਂ ਮਿਲੀ? ਪੌਲੁਸ ਆਪਣੀਆਂ ਕਮੀਆਂ-ਕਮਜ਼ੋਰੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਅਤੇ ਉਸ ਨੂੰ ਯਿਸੂ ਦੀ ਕੁਰਬਾਨੀ ’ਤੇ ਪੱਕੀ ਨਿਹਚਾ ਸੀ। ਉਹ ਯਿਸੂ ਦਾ ਇਹ ਵਾਅਦਾ ਵੀ ਜਾਣਦਾ ਸੀ: ‘ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ।’ (ਯੂਹੰ. 3:16; ਰੋਮੀ. 6:23) ਇਸ ਵਿਚ ਕੋਈ ਸ਼ੱਕ ਨਹੀਂ ਕਿ ਪੌਲੁਸ ਨੇ ਆਪਣੀ ਨਿਹਚਾ ਦਾ ਸਬੂਤ ਦਿੱਤਾ ਸੀ। ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਗੰਭੀਰ ਗ਼ਲਤੀਆਂ ਲਈ ਪਛਤਾਵਾ ਕਰਨ ਵਾਲਿਆਂ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।​—ਜ਼ਬੂ. 86:5.

9. ਗਲਾਤੀਆਂ 2:20 ਵਿਚ ਦਰਜ ਪੌਲੁਸ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਪੌਲੁਸ ਨੂੰ ਪੂਰਾ ਭਰੋਸਾ ਸੀ ਕਿ ਪਰਮੇਸ਼ੁਰ ਉਸ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਪਰਮੇਸ਼ੁਰ ਨੇ ਉਸ ਲਈ ਯਿਸੂ ਨੂੰ ਜਾਨ ਕੁਰਬਾਨ ਕਰਨ ਲਈ ਭੇਜਿਆ। (ਗਲਾਤੀਆਂ 2:20 ਪੜ੍ਹੋ।) ਜ਼ਰਾ ਇਸ ਆਇਤ ਦੇ ਅਖ਼ੀਰ ਵਿਚ ਦਿੱਤੇ ਹੌਸਲੇ ਭਰੇ ਸ਼ਬਦਾਂ ’ਤੇ ਗੌਰ ਕਰੋ। ਪੌਲੁਸ ਨੇ ਕਿਹਾ: ‘ਪਰਮੇਸ਼ੁਰ ਦੇ ਪੁੱਤਰ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ।’ ਪੌਲੁਸ ਨੇ ਇਹ ਨਹੀਂ ਸੋਚਿਆ ਕਿ ਉਹ ਇੰਨਾ ਬੁਰਾ ਸੀ ਕਿ ਪਰਮੇਸ਼ੁਰ ਉਸ ਨੂੰ ਪਿਆਰ ਨਹੀਂ ਕਰ ਸਕਦਾ। ਉਸ ਨੇ ਇਹ ਵੀ ਨਹੀਂ ਸੋਚਿਆ: ‘ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰੇ ਭੈਣਾਂ-ਭਰਾਵਾਂ ਨੂੰ ਪਿਆਰ ਕਿਉਂ ਕਰਦਾ ਹੈ ਤੇ ਮੈਨੂੰ ਕਿਉਂ ਨਹੀਂ।’ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਯਾਦ ਕਰਾਇਆ: “ਜਦੋਂ ਅਸੀਂ ਅਜੇ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ।” (ਰੋਮੀ. 5:8) ਪਰਮੇਸ਼ੁਰ ਦੇ ਪਿਆਰ ਦੀਆਂ ਕੋਈ ਹੱਦਾਂ ਨਹੀਂ ਹਨ!

10. ਰੋਮੀਆਂ 8:38, 39 ਤੋਂ ਅਸੀਂ ਕੀ ਸਿੱਖਦੇ ਹਾਂ?

10 ਰੋਮੀਆਂ 8:38, 39 ਪੜ੍ਹੋ। ਪੌਲੁਸ ਨੂੰ ਪਰਮੇਸ਼ੁਰ ਦੇ ਪਿਆਰ ਦੀ ਤਾਕਤ ’ਤੇ ਪੂਰਾ ਭਰੋਸਾ ਸੀ। ਉਸ ਨੇ ਲਿਖਿਆ ਕੋਈ ਵੀ ਚੀਜ਼ “ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ” ਨਹੀਂ ਸਕਦੀ ਹੈ। ਪੌਲੁਸ ਜਾਣਦਾ ਸੀ ਕਿ ਯਹੋਵਾਹ ਇਜ਼ਰਾਈਲੀਆਂ ਨਾਲ ਕਿੰਨੇ ਧੀਰਜ ਨਾਲ ਪੇਸ਼ ਆਇਆ ਸੀ! ਉਹ ਇਹ ਵੀ ਜਾਣਦਾ ਸੀ ਕਿ ਯਹੋਵਾਹ ਨੇ ਉਸ ’ਤੇ ਦਇਆ ਦਿਖਾਈ ਸੀ। ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਪੌਲੁਸ ਕਹਿ ਰਿਹਾ ਸੀ, ‘ਯਹੋਵਾਹ ਨੇ ਆਪਣੇ ਪੁੱਤਰ ਨੂੰ ਮੇਰੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਭੇਜਿਆ ਸੀ। ਤਾਂ ਫਿਰ ਕੀ ਮੇਰੇ ਕੋਲ ਉਸ ਦੇ ਪਿਆਰ ’ਤੇ ਸ਼ੱਕ ਕਰਨ ਦਾ ਕੋਈ ਕਾਰਨ ਹੈ?’​—ਰੋਮੀ. 8:32.

ਪਰਮੇਸ਼ੁਰ ਲਈ ਇਹ ਮਾਅਨੇ ਨਹੀਂ ਰੱਖਦਾ ਕਿ ਅਸੀਂ ਬੀਤੇ ਸਮੇਂ ਵਿਚ ਕਿਹੜੀਆਂ ਗ਼ਲਤੀਆਂ ਕੀਤੀਆਂ ਸਨ, ਸਗੋਂ ਇਹ ਮਾਅਨੇ ਰੱਖਦਾ ਹੈ ਕਿ ਅਸੀਂ ਅੱਜ ਅਤੇ ਭਵਿੱਖ ਵਿਚ ਕੀ ਕਰਾਂਗੇ (ਪੈਰਾ 11 ਦੇਖੋ) *

11. ਪਹਿਲਾ ਤਿਮੋਥਿਉਸ 1:12-15 ਮੁਤਾਬਕ ਭਾਵੇਂ ਪੌਲੁਸ ਨੇ ਕਈ ਪਾਪ ਕੀਤੇ ਸਨ, ਪਰ ਫਿਰ ਵੀ ਉਸ ਨੂੰ ਕਿਉਂ ਭਰੋਸਾ ਸੀ ਕਿ ਪਰਮੇਸ਼ੁਰ ਉਸ ਨੂੰ ਪਿਆਰ ਕਰਦਾ ਸੀ?

11 ਪਹਿਲਾ ਤਿਮੋਥਿਉਸ 1:12-15 ਪੜ੍ਹੋ। ਪੌਲੁਸ ਨੂੰ ਉਨ੍ਹਾਂ ਕੰਮਾਂ ਬਾਰੇ ਸੋਚ ਕੇ ਜ਼ਰੂਰ ਬੁਰਾ ਲੱਗਦਾ ਹੋਣਾ ਜੋ ਉਸ ਨੇ ਮਸੀਹੀ ਬਣਨ ਤੋਂ ਪਹਿਲਾਂ ਕੀਤੇ ਸਨ। ਅਸੀਂ ਇਹ ਜਾਣ ਕੇ ਹੈਰਾਨ ਨਹੀਂ ਹੁੰਦੇ ਕਿ ਪੌਲੁਸ ਨੇ ਖ਼ੁਦ ਨੂੰ “ਸਭ ਤੋਂ ਵੱਡਾ” ਪਾਪੀ ਕਿਹਾ ਸੀ। ਸੱਚਾਈ ਸਿੱਖਣ ਤੋਂ ਪਹਿਲਾਂ ਪੌਲੁਸ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿਚ ਜਾ ਕੇ ਬੇਰਹਿਮੀ ਨਾਲ ਮਸੀਹੀਆਂ ’ਤੇ ਅਤਿਆਚਾਰ ਕਰਦਾ ਸੀ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੰਦਾ ਸੀ। ਨਾਲੇ ਜਦੋਂ ਮਸੀਹੀਆਂ ਨੂੰ ਜਾਨੋਂ ਮਾਰਨ ਦਾ ਫ਼ੈਸਲਾ ਕਰਨਾ ਹੁੰਦਾ ਸੀ, ਤਾਂ ਉਹ ਵੀ ਸਹਿਮਤ ਹੁੰਦਾ ਸੀ। (ਰਸੂ. 26:10, 11) ਪੌਲੁਸ ਨੂੰ ਜ਼ਰੂਰ ਬੁਰਾ ਲੱਗਾ ਹੋਣਾ ਜੇ ਉਹ ਕਿਸੇ ਅਜਿਹੇ ਨੌਜਵਾਨ ਮਸੀਹੀ ਨੂੰ ਮਿਲਿਆ ਹੋਣਾ ਜਿਸ ਦੇ ਮਾਪਿਆਂ ਦੀ ਜਾਨ ਉਸ ਕਰਕੇ ਗਈ ਸੀ। ਪੌਲੁਸ ਨੂੰ ਆਪਣੀਆਂ ਗ਼ਲਤੀਆਂ ਦਾ ਪਛਤਾਵਾ ਸੀ, ਪਰ ਉਹ ਜਾਣਦਾ ਸੀ ਕਿ ਉਹ ਆਪਣੇ ਬੀਤੇ ਸਮੇਂ ਨੂੰ ਬਦਲ ਨਹੀਂ ਸਕਦਾ। ਉਸ ਨੂੰ ਪੂਰਾ ਭਰੋਸਾ ਸੀ ਕਿ ਮਸੀਹ ਉਸ ਲਈ ਮਰਿਆ ਅਤੇ ਉਸ ਨੇ ਲਿਖਿਆ: “ਅੱਜ ਮੈਂ ਜੋ ਵੀ ਹਾਂ, ਉਹ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਕਾਰਨ ਹੀ ਹਾਂ।” (1 ਕੁਰਿੰ. 15:3, 10) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਤੁਹਾਨੂੰ ਵੀ ਇਸ ਗੱਲ ’ਤੇ ਭਰੋਸਾ ਕਰਨ ਦੀ ਲੋੜ ਹੈ ਕਿ ਮਸੀਹ ਤੁਹਾਡੇ ਲਈ ਮਰਿਆ ਅਤੇ ਉਸ ਨੇ ਯਹੋਵਾਹ ਨਾਲ ਇਕ ਨਿੱਜੀ ਰਿਸ਼ਤਾ ਜੋੜਨ ਵਿਚ ਤੁਹਾਡੇ ਲਈ ਰਾਹ ਖੋਲ੍ਹਿਆ ਹੈ। (ਰਸੂ. 3:19) ਪਰਮੇਸ਼ੁਰ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਅਸੀਂ ਬੀਤੇ ਸਮੇਂ ਵਿਚ ਕਿਹੜੀਆਂ ਗ਼ਲਤੀਆਂ ਕੀਤੀਆਂ ਸਨ ਭਾਵੇਂ ਅਸੀਂ ਉਸ ਵੇਲੇ ਯਹੋਵਾਹ ਦੇ ਗਵਾਹ ਸੀ ਜਾਂ ਨਹੀਂ। ਇਸ ਦੀ ਬਜਾਇ, ਉਸ ਲਈ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਅੱਜ ਅਤੇ ਭਵਿੱਖ ਵਿਚ ਕੀ ਕਰਾਂਗੇ।​—ਯਸਾ. 1:18.

12. ਜੇ ਸਾਨੂੰ ਲੱਗਦਾ ਹੈ ਕਿ ਅਸੀਂ ਨਿਕੰਮੇ ਹਾਂ ਜਾਂ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਹਾਂ, ਤਾਂ 1 ਯੂਹੰਨਾ 3:19, 20 ਦੇ ਸ਼ਬਦ ਸਾਡੀ ਕਿਵੇਂ ਮਦਦ ਕਰ ਸਕਦੇ ਹਨ?

12 ਜਦੋਂ ਤੁਸੀਂ ਸੋਚਦੇ ਹੋ ਕਿ ਯਿਸੂ ਤੁਹਾਡੇ ਪਾਪਾਂ ਦੀ ਖ਼ਾਤਰ ਮਰਿਆ, ਤਾਂ ਸ਼ਾਇਦ ਤੁਸੀਂ ਕਹੋ, ‘ਮੈਂ ਇਸ ਅਨਮੋਲ ਤੋਹਫ਼ੇ ਦੇ ਲਾਇਕ ਨਹੀਂ ਹਾਂ।’ ਤੁਹਾਨੂੰ ਇੱਦਾਂ ਕਿਉਂ ਲੱਗ ਸਕਦਾ ਹੈ? ਪਾਪੀ ਹੋਣ ਕਰਕੇ ਸਾਡਾ ਦਿਲ ਸਾਨੂੰ ਇੱਦਾਂ ਮਹਿਸੂਸ ਕਰਾਉਂਦਾ ਹੈ ਕਿ ਅਸੀਂ ਨਿਕੰਮੇ ਹਾਂ ਜਾਂ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਹਾਂ। (1 ਯੂਹੰਨਾ 3:19, 20 ਪੜ੍ਹੋ।) ਉਸ ਵੇਲੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ “ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ।” ਸਾਡੇ ਸਵਰਗੀ ਪਿਤਾ ਦਾ ਪਿਆਰ ਅਤੇ ਮਾਫ਼ੀ ਸਾਡੇ ਦਿਲ ਵਿਚ ਪੈਦਾ ਹੁੰਦੀ ਕਿਸੇ ਵੀ ਗ਼ਲਤ ਸੋਚ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਸਾਨੂੰ ਆਪਣੇ-ਆਪ ਨੂੰ ਯਕੀਨ ਦਿਵਾਉਣਾ ਪੈਣਾ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਇੱਦਾਂ ਕਰਨ ਲਈ ਸਾਨੂੰ ਲਗਾਤਾਰ ਬਾਈਬਲ ਦਾ ਅਧਿਐਨ ਕਰਨ, ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਅਤੇ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਦੀ ਲੋੜ ਹੈ। ਇਹ ਕੰਮ ਕਰਨੇ ਇੰਨੇ ਜ਼ਰੂਰੀ ਕਿਉਂ ਹਨ?

ਬਾਈਬਲ ਅਧਿਐਨ, ਪ੍ਰਾਰਥਨਾ ਅਤੇ ਵਫ਼ਾਦਾਰ ਦੋਸਤਾਂ ਤੋਂ ਮਦਦ ਲਓ

13. ਬਾਈਬਲ ਪੜ੍ਹਨ ਨਾਲ ਸਾਡੀ ਕਿਵੇਂ ਮਦਦ ਹੋ ਸਕਦੀ ਹੈ? (“ ਬਾਈਬਲ ਤੋਂ ਉਨ੍ਹਾਂ ਨੂੰ ਮਦਦ ਮਿਲੀ” ਨਾਂ ਦੀ ਡੱਬੀ ਦੇਖੋ।)

13 ਹਰ ਰੋਜ਼ ਬਾਈਬਲ ਪੜ੍ਹਨ ਨਾਲ ਤੁਸੀਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਸਕੋਗੇ। ਨਾਲੇ ਤੁਸੀਂ ਸਿੱਖੋਗੇ ਕਿ ਪਰਮੇਸ਼ੁਰ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ! ਹਰ ਰੋਜ਼ ਬਾਈਬਲ ਦੀਆਂ ਕੁਝ ਆਇਤਾਂ ’ਤੇ ਸੋਚ-ਵਿਚਾਰ ਕਰਨ ਨਾਲ ਤੁਸੀਂ ਸਹੀ ਸੋਚ ਰੱਖ ਸਕੋਗੇ ਅਤੇ “ਪਰਮੇਸ਼ੁਰ ਦੇ ਸਹੀ ਮਿਆਰਾਂ” ਨੂੰ ਆਪਣੇ ਦਿਲ ਤੇ ਦਿਮਾਗ਼ ਵਿਚ ਬਿਠਾ ਸਕੋਗੇ। (2 ਤਿਮੋ. 3:16) ਕੇਵਨ ਨਾਂ ਦਾ ਬਜ਼ੁਰਗ ਆਪਣੇ ਆਪ ਨੂੰ ਬੇਕਾਰ ਸਮਝਦਾ ਸੀ। ਉਹ ਕਹਿੰਦਾ ਹੈ: “ਜ਼ਬੂਰ 103 ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਨਾਲ ਮੈਂ ਆਪਣੀ ਸੋਚ ਸੁਧਾਰ ਸਕਿਆ ਅਤੇ ਸਮਝ ਸਕਿਆ ਕਿ ਯਹੋਵਾਹ ਅਸਲ ਵਿਚ ਮੇਰੇ ਬਾਰੇ ਕੀ ਸੋਚਦਾ ਹੈ।” ਈਵਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਦਿਨ ਦੇ ਅਖ਼ੀਰ ਵਿਚ ਸਮਾਂ ਕੱਢ ਕੇ ਸੋਚ-ਵਿਚਾਰ ਕਰਦੀ ਹਾਂ ਕਿ ਯਹੋਵਾਹ ਲਈ ਕਿਹੜੀਆਂ ਗੱਲਾਂ ਜ਼ਿਆਦਾ ਮਾਅਨੇ ਰੱਖਦੀਆਂ ਹਨ। ਇਸ ਨਾਲ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਮੇਰੀ ਨਿਹਚਾ ਵੀ ਪੱਕੀ ਹੁੰਦੀ ਹੈ।”

14. ਪ੍ਰਾਰਥਨਾ ਕਰਨ ਨਾਲ ਸਾਡੀ ਕਿਵੇਂ ਮਦਦ ਹੋ ਸਕਦੀ ਹੈ?

14 ਲਗਾਤਾਰ ਪ੍ਰਾਰਥਨਾ ਕਰੋ। (1 ਥੱਸ. 5:17) ਕਿਸੇ ਨਾਲ ਦੋਸਤੀ ਗੂੜ੍ਹੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਉਸ ਨਾਲ ਅਕਸਰ ਗੱਲ ਕਰੀਏ ਅਤੇ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਏ। ਯਹੋਵਾਹ ਨਾਲ ਦੋਸਤੀ ਕਰਨ ਲਈ ਵੀ ਇੱਦਾਂ ਕਰਨਾ ਜ਼ਰੂਰੀ ਹੈ। ਪ੍ਰਾਰਥਨਾ ਵਿਚ ਜਦੋਂ ਅਸੀਂ ਆਪਣੀਆਂ ਭਾਵਨਾਵਾਂ, ਸੋਚਾਂ ਅਤੇ ਚਿੰਤਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਪਰਮੇਸ਼ੁਰ ’ਤੇ ਪੂਰਾ ਭਰੋਸਾ ਹੈ। ਨਾਲੇ ਅਸੀਂ ਜਾਣਦੇ ਹਾਂ ਕਿ ਉਹ ਸਾਨੂੰ ਪਿਆਰ ਕਰਦਾ ਹੈ। (ਜ਼ਬੂ. 94:17-19; 1 ਯੂਹੰ. 5:14, 15) ਯੁਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਪ੍ਰਾਰਥਨਾ ਵਿਚ ਮੈਂ ਯਹੋਵਾਹ ਨੂੰ ਸਿਰਫ਼ ਇਹ ਨਹੀਂ ਦੱਸਦੀ ਕਿ ਮੈਂ ਪੂਰੇ ਦਿਨ ਵਿਚ ਕੀ-ਕੀ ਕੀਤਾ, ਸਗੋਂ ਮੈਂ ਦਿਲ ਖੋਲ੍ਹ ਕੇ ਉਸ ਨੂੰ ਦੱਸਦੀ ਹਾਂ ਕਿ ਮੈਂ ਕੀ ਸੋਚਦੀ ਅਤੇ ਮਹਿਸੂਸ ਕਰਦੀ ਹਾਂ। ਹੌਲੀ-ਹੌਲੀ ਮੈਂ ਮਹਿਸੂਸ ਕੀਤਾ ਕਿ ਯਹੋਵਾਹ ਮੇਰਾ ਬਾਸ ਨਹੀਂ, ਸਗੋਂ ਮੇਰਾ ਪਿਤਾ ਹੈ ਜੋ ਆਪਣੇ ਬੱਚਿਆਂ ਨੂੰ ਸੱਚਾ ਪਿਆਰ ਕਰਦਾ ਹੈ।”​—“ ਕੀ ਤੁਸੀਂ ਇਸ ਨੂੰ ਪੜ੍ਹਿਆ ਹੈ?” ਨਾਂ ਦੀ ਡੱਬੀ ਦੇਖੋ।

15. ਯਹੋਵਾਹ ਨੇ ਸਾਡੇ ਵਿਚ ਨਿੱਜੀ ਦਿਲਚਸਪੀ ਕਿਵੇਂ ਦਿਖਾਈ ਹੈ?

15 ਵਫ਼ਾਦਾਰ ਦੋਸਤਾਂ ਨਾਲ ਸਮਾਂ ਬਿਤਾਓ। ਉਹ ਯਹੋਵਾਹ ਵੱਲੋਂ ਤੋਹਫ਼ੇ ਹਨ। (ਯਾਕੂ. 1:17) ਸਾਡੇ ਸਵਰਗੀ ਪਿਤਾ ਨੇ ਮੰਡਲੀ ਵਿਚ ਸਾਨੂੰ ਭੈਣ-ਭਰਾ ਦਿੱਤੇ ਹਨ ਜੋ ਸਾਨੂੰ ‘ਹਰ ਵੇਲੇ ਪਿਆਰ ਕਰਦੇ ਹਨ।’ (ਕਹਾ. 17:17) ਇਸ ਤਰ੍ਹਾਂ ਕਰ ਕੇ ਪਰਮੇਸ਼ੁਰ ਨੇ ਸਾਡੇ ਵਿਚ ਨਿੱਜੀ ਦਿਲਚਸਪੀ ਦਿਖਾਈ ਹੈ। ਕੁਲੁੱਸੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਉਨ੍ਹਾਂ ਭੈਣਾਂ-ਭਰਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਤੋਂ ਉਸ ਨੂੰ “ਬਹੁਤ ਦਿਲਾਸਾ ਮਿਲਿਆ” ਸੀ। (ਕੁਲੁ. 4:10, 11) ਇੱਥੋਂ ਤਕ ਕਿ ਯਿਸੂ ਨੂੰ ਵੀ ਦਿਲਾਸੇ ਦੀ ਲੋੜ ਸੀ। ਉਹ ਸਵਰਗ ਅਤੇ ਧਰਤੀ ਦੇ ਦੋਸਤਾਂ ਤੋਂ ਮਿਲੇ ਹੌਸਲੇ ਲਈ ਬਹੁਤ ਸ਼ੁਕਰਗੁਜ਼ਾਰ ਸੀ।​—ਲੂਕਾ 22:28, 43.

16. ਯਹੋਵਾਹ ਦੇ ਨੇੜੇ ਰਹਿਣ ਵਿਚ ਵਫ਼ਾਦਾਰ ਦੋਸਤ ਸਾਡੀ ਕਿਵੇਂ ਮਦਦ ਕਰ ਸਕਦੇ ਹਨ?

16 ਕੀ ਤੁਸੀਂ ਵਫ਼ਾਦਾਰ ਦੋਸਤਾਂ ਤੋਂ ਮਦਦ ਮੰਗਦੇ ਹੋ? ਕਿਸੇ ਸਮਝਦਾਰ ਦੋਸਤ ਨੂੰ ਆਪਣੀਆਂ ਮੁਸ਼ਕਲਾਂ ਦੱਸਣੀਆਂ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ, ਸਗੋਂ ਇੱਦਾਂ ਕਰਨ ਨਾਲ ਸਾਡਾ ਬਚਾਅ ਹੋ ਸਕਦਾ ਹੈ। ਜੇਮਸ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਸਮਝਦਾਰ ਮਸੀਹੀਆਂ ਨਾਲ ਦੋਸਤੀ ਗੂੜ੍ਹੀ ਕਰਨ ਨਾਲ ਮੇਰੀ ਬਹੁਤ ਮਦਦ ਹੋਈ ਹੈ। ਜਦੋਂ ਵੀ ਗ਼ਲਤ ਸੋਚ ਮੇਰੇ ’ਤੇ ਹਾਵੀ ਹੁੰਦੀ ਸੀ, ਤਾਂ ਮੇਰੇ ਇਹ ਦੋਸਤ ਧੀਰਜ ਨਾਲ ਮੇਰੀ ਗੱਲ ਸੁਣਦੇ ਸਨ ਅਤੇ ਮੈਨੂੰ ਯਾਦ ਕਰਾਉਂਦੇ ਸਨ ਕਿ ਉਹ ਮੈਨੂੰ ਕਿੰਨਾ ਪਿਆਰ ਕਰਦੇ ਹਨ। ਇਨ੍ਹਾਂ ਤੋਂ ਮੈਂ ਸਮਝ ਸਕਿਆ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਮੇਰੀ ਪਰਵਾਹ ਹੈ।” ਭੈਣਾਂ-ਭਰਾਵਾਂ ਨਾਲ ਦੋਸਤੀ ਗੂੜ੍ਹੀ ਕਰਨੀ ਅਤੇ ਇਸ ਨੂੰ ਬਣਾਈ ਰੱਖਣਾ ਕਿੰਨਾ ਹੀ ਜ਼ਰੂਰੀ ਹੈ!

ਖ਼ੁਦ ਨੂੰ ਯਹੋਵਾਹ ਦੇ ਪਿਆਰ ਦੇ ਲਾਇਕ ਬਣਾਈ ਰੱਖੋ

17-18. ਸਾਨੂੰ ਕਿਸ ਦੀ ਸੁਣਨੀ ਚਾਹੀਦੀ ਹੈ ਅਤੇ ਕਿਉਂ?

17 ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਸਹੀ ਕੰਮ ਕਰਨ ਦੀ ਲੜਾਈ ਨੂੰ ਲੜਨਾ ਛੱਡ ਦੇਈਏ। ਉਹ ਚਾਹੁੰਦਾ ਹੈ ਕਿ ਅਸੀਂ ਇਹ ਸੋਚੀਏ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ ਅਤੇ ਅਸੀਂ ਇਸ ਲਾਇਕ ਨਹੀਂ ਕਿ ਉਹ ਸਾਨੂੰ ਬਚਾਵੇ। ਪਰ ਅਸੀਂ ਇਸ ਲੇਖ ਵਿਚ ਦੇਖਿਆ ਕਿ ਇਹ ਗੱਲਾਂ ਸਰਾਸਰ ਝੂਠ ਹਨ।

18 ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਸੀਂ ਉਸ ਲਈ ਬਹੁਤ ਅਨਮੋਲ ਹੋ! ਜੇ ਤੁਸੀਂ ਪਰਮੇਸ਼ੁਰ ਦਾ ਕਹਿਣਾ ਮੰਨੋਗੇ, ਤਾਂ ਤੁਸੀਂ ਵੀ ਯਿਸੂ ਵਾਂਗ ਹਮੇਸ਼ਾ “ਉਸ ਦੇ ਪਿਆਰ ਦੇ ਲਾਇਕ” ਬਣੇ ਰਹੋਗੇ। (ਯੂਹੰ. 15:10) ਇਸ ਲਈ ਨਾ ਤਾਂ ਸ਼ੈਤਾਨ ਦੀ ਸੁਣੋ ਅਤੇ ਨਾ ਹੀ ਆਪਣੇ ਦਿਲ ਦੀ, ਸਗੋਂ ਯਹੋਵਾਹ ਦੀ ਸੁਣੋ ਜੋ ਸਾਰਿਆਂ ਵਿਚ ਚੰਗੇ ਗੁਣ ਦੇਖਦਾ ਹੈ। ਇਸ ਗੱਲ ’ਤੇ ਪੂਰਾ ਭਰੋਸਾ ਰੱਖੋ ਕਿ ਪਰਮੇਸ਼ੁਰ “ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ” ਅਤੇ ਤੁਹਾਡੇ ਤੋਂ ਵੀ!

ਗੀਤ 1 ਯਹੋਵਾਹ ਦੇ ਗੁਣ

^ ਪੈਰਾ 5 ਸਾਡੇ ਕੁਝ ਭੈਣਾਂ-ਭਰਾਵਾਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਇਕੱਲੇ-ਇਕੱਲੇ ਨੂੰ ਪਿਆਰ ਕਰਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਜੇ ਸਾਡੇ ਮਨ ਵਿਚ ਪਰਮੇਸ਼ੁਰ ਦੇ ਪਿਆਰ ਬਾਰੇ ਸ਼ੱਕ ਹਨ, ਤਾਂ ਅਸੀਂ ਉਨ੍ਹਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ।

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

^ ਪੈਰਾ 67 ਤਸਵੀਰ ਬਾਰੇ ਜਾਣਕਾਰੀ: ਬੀਤੇ ਸਮੇਂ ਵਿਚ ਪੌਲੁਸ ਨੇ ਕਈ ਮਸੀਹੀਆਂ ’ਤੇ ਅਤਿਆਚਾਰ ਕੀਤੇ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਪਰ ਜਦੋਂ ਉਸ ਨੂੰ ਵਿਸ਼ਵਾਸ ਹੋਇਆ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ, ਤਾਂ ਉਹ ਪੂਰੀ ਤਰ੍ਹਾਂ ਬਦਲ ਗਿਆ ਅਤੇ ਉਸ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ। ਸ਼ਾਇਦ ਇਨ੍ਹਾਂ ਵਿੱਚੋਂ ਕਈਆਂ ਦੇ ਰਿਸ਼ਤੇਦਾਰਾਂ ’ਤੇ ਉਸ ਨੇ ਅਤਿਆਚਾਰ ਕੀਤੇ ਸਨ।