Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਨੇ ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਜ਼ਬੂਰ 22:1 ਵਿਚ ਲਿਖੇ ਸ਼ਬਦ ਕਿਉਂ ਕਹੇ ਸਨ?

ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਮੱਤੀ 27:46 ਦੇ ਸ਼ਬਦ ਕਹੇ ਸਨ, ਜਿੱਥੇ ਲਿਖਿਆ ਹੈ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?” ਇਹ ਸ਼ਬਦ ਕਹਿ ਕੇ ਯਿਸੂ ਨੇ ਜ਼ਬੂਰ 22:1 ਵਿਚ ਦਰਜ ਦਾਊਦ ਦੇ ਸ਼ਬਦ ਪੂਰੇ ਕੀਤੇ। (ਮਰ. 15:34) ਕੀ ਯਿਸੂ ਨਿਰਾਸ਼ ਹੋ ਗਿਆ ਸੀ? ਜਾਂ ਕੀ ਉਸ ਵਿਚ ਨਿਹਚਾ ਦੀ ਘਾਟ ਸੀ? ਨਹੀਂ। ਇੱਦਾਂ ਨਹੀਂ ਸੀ। ਯਿਸੂ ਨੂੰ ਪਤਾ ਸੀ ਕਿ ਉਸ ਨੂੰ ਕਿਉਂ ਜਾਨੋਂ ਮਾਰਿਆ ਜਾਵੇਗਾ ਅਤੇ ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਵੀ ਸੀ। (ਮੱਤੀ 16:21; 20:28) ਯਿਸੂ ਇਹ ਵੀ ਜਾਣਦਾ ਸੀ ਕਿ ਉਸ ਦੀ ਮੌਤ ਵੇਲੇ ਯਹੋਵਾਹ ਉਸ ਦੀ “ਸੁਰੱਖਿਆ” ਨਹੀਂ ਕਰੇਗਾ। (ਅੱਯੂ. 1:10) ਇੱਦਾਂ ਕਰ ਕੇ ਯਹੋਵਾਹ ਨੇ ਯਿਸੂ ਨੂੰ ਇਹ ਸਾਬਤ ਕਰਨ ਦਾ ਮੌਕਾ ਦਿੱਤਾ ਕਿ ਚਾਹੇ ਉਸ ਨੂੰ ਜਿੰਨੀ ਮਰਜ਼ੀ ਦਰਦਨਾਕ ਮੌਤ ਕਿਉਂ ਨਾ ਮਰਨਾ ਪਵੇ, ਫਿਰ ਵੀ ਉਹ ਵਫ਼ਾਦਾਰ ਰਹੇਗਾ।—ਮਰ. 14:35, 36.

ਤਾਂ ਫਿਰ ਯਿਸੂ ਨੇ ਜ਼ਬੂਰ 22:1 ਦੇ ਸ਼ਬਦ ਕਿਉਂ ਕਹੇ ਸਨ? ਸਾਨੂੰ ਇਸ ਦਾ ਸਹੀ-ਸਹੀ ਕਾਰਨ ਨਹੀਂ ਪਤਾ। ਸ਼ਾਇਦ ਉਸ ਨੇ ਅੱਗੇ ਦਿੱਤੇ ਕਾਰਨਾਂ ਕਰਕੇ ਅਜਿਹਾ ਕਿਹਾ ਹੋਵੇ। *

ਇਹ ਸ਼ਬਦ ਕਹਿ ਕੇ ਸ਼ਾਇਦ ਯਿਸੂ ਇਸ ਗੱਲ ’ਤੇ ਜ਼ੋਰ ਦੇ ਰਿਹਾ ਸੀ ਕਿ ਯਹੋਵਾਹ ਉਸ ਦੀ ਮੌਤ ਵੇਲੇ ਦਖ਼ਲਅੰਦਾਜ਼ੀ ਨਹੀਂ ਕਰੇਗਾ। ਯਿਸੂ ਨੇ ਯਹੋਵਾਹ ਦੀ ਮਦਦ ਤੋਂ ਬਿਨਾਂ ਹੀ ਰਿਹਾਈ ਦੀ ਕੀਮਤ ਦੇਣੀ ਸੀ। ਉਸ ਨੂੰ ਆਪਣੀ ਜਾਨ ਕੁਰਬਾਨ ਕਰਨੀ ਪੈਣੀ ਸੀ ਤਾਂਕਿ ਉਹ ‘ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖੇ।’—ਇਬ. 2:9.

ਜ਼ਬੂਰ ਦੇ ਇਹ ਸ਼ਬਦ ਕਹਿ ਕੇ ਸ਼ਾਇਦ ਯਿਸੂ ਆਪਣੇ ਚੇਲਿਆਂ ਦਾ ਧਿਆਨ ਉਸ ਪੂਰੇ ਜ਼ਬੂਰ ਵੱਲ ਖਿੱਚ ਰਿਹਾ ਸੀ। ਪੁਰਾਣੇ ਜ਼ਮਾਨੇ ਵਿਚ ਯਹੂਦੀ ਲੋਕ ਬਹੁਤ ਸਾਰੇ ਜ਼ਬੂਰ ਜ਼ਬਾਨੀ ਯਾਦ ਕਰ ਲੈਂਦੇ ਸਨ। ਜਦੋਂ ਉਹ ਕਿਸੇ ਜ਼ਬੂਰ ਦੀ ਇਕ ਆਇਤ ਸੁਣਦੇ ਸਨ, ਤਾਂ ਉਨ੍ਹਾਂ ਨੂੰ ਪੂਰਾ ਜ਼ਬੂਰ ਯਾਦ ਆ ਜਾਂਦਾ ਸੀ। ਸ਼ਾਇਦ ਯਿਸੂ ਵੀ ਇਹ ਸ਼ਬਦ ਕਹਿ ਕੇ ਆਪਣੇ ਚੇਲਿਆਂ ਨੂੰ ਜ਼ਬੂਰ ਵਿਚ ਦਰਜ ਬਹੁਤ ਸਾਰੀਆਂ ਭਵਿੱਖਬਾਣੀਆਂ ਯਾਦ ਕਰਵਾ ਰਿਹਾ ਸੀ ਜਿਨ੍ਹਾਂ ਵਿਚ ਲਿਖਿਆ ਸੀ ਕਿ ਉਸ ਦੀ ਮੌਤ ਵੇਲੇ ਕੀ-ਕੀ ਹੋਵੇਗਾ। (ਜ਼ਬੂ. 22:7, 8, 15, 16, 18, 24) ਉਸ ਜ਼ਬੂਰ ਦੀਆਂ ਆਖ਼ਰੀ ਆਇਤਾਂ ਵਿਚ ਯਹੋਵਾਹ ਦੀ ਜੈ-ਜੈ ਕਾਰ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਉਹ ਪੂਰੀ ਧਰਤੀ ’ਤੇ ਰਾਜ ਕਰੇਗਾ।—ਜ਼ਬੂ. 22:27-31.

ਦਾਊਦ ਦੇ ਇਹ ਸ਼ਬਦ ਕਹਿ ਕੇ ਸ਼ਾਇਦ ਯਿਸੂ ਇਹ ਦੱਸ ਰਿਹਾ ਸੀ ਕਿ ਉਹ ਨਿਰਦੋਸ਼ ਹੈ। ਯਿਸੂ ਦੀ ਮੌਤ ਤੋਂ ਪਹਿਲਾਂ ਉਸ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਮੁਕੱਦਮਾ ਚਲਾਇਆ ਗਿਆ ਸੀ। ਉਸ ’ਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਦਾ ਝੂਠਾ ਇਲਜ਼ਾਮ ਲਾਇਆ ਗਿਆ। (ਮੱਤੀ 26:65, 66) ਅੱਧੀ ਰਾਤ ਨੂੰ ਜਲਦਬਾਜ਼ੀ ਵਿਚ ਉਸ ਦੇ ਮੁਕੱਦਮੇ ਦੀ ਕਾਰਵਾਈ ਕੀਤੀ ਗਈ, ਉਹ ਵੀ ਕਾਨੂੰਨ ਦੇ ਖ਼ਿਲਾਫ਼ ਜਾ ਕੇ। (ਮੱਤੀ 26:59; ਮਰ. 14:56-59) ਇਹ ਸ਼ਬਦ ਕਹਿ ਕੇ ਸ਼ਾਇਦ ਯਿਸੂ ਇਸ ਗੱਲ ਵੱਲ ਧਿਆਨ ਖਿੱਚ ਰਿਹਾ ਸੀ ਕਿ ਉਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਸੀ।

ਸ਼ਾਇਦ ਯਿਸੂ ਆਪਣੀ ਤੁਲਨਾ ਜ਼ਬੂਰ ਦੇ ਲਿਖਾਰੀ ਦਾਊਦ ਨਾਲ ਕਰ ਰਿਹਾ ਸੀ। ਦਾਊਦ ਨੇ ਵੀ ਦੁੱਖ ਝੱਲੇ ਸਨ, ਪਰ ਇਸ ਦਾ ਮਤਲਬ ਇਹ ਨਹੀਂ ਸੀ ਯਹੋਵਾਹ ਨੇ ਉਸ ਨੂੰ ਠੁਕਰਾ ਦਿੱਤਾ ਸੀ। ਜਦੋਂ ਦਾਊਦ ਨੇ ਜ਼ਬੂਰ ਵਿਚ ਲਿਖਿਆ ਕਿ “ਹੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?,” ਤਾਂ ਇਸ ਦਾ ਮਤਲਬ ਇਹ ਨਹੀਂ ਸੀ ਕਿ ਪਰਮੇਸ਼ੁਰ ’ਤੇ ਉਸ ਦੀ ਨਿਹਚਾ ਘੱਟ ਗਈ ਸੀ। ਦਾਊਦ ਨੇ ਅਗਲੀਆਂ ਆਇਤਾਂ ਵਿਚ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਯਹੋਵਾਹ ਉਸ ਨੂੰ ਬਚਾਵੇਗਾ। ਸੱਚ-ਮੁੱਚ ਯਹੋਵਾਹ ਨੇ ਉਸ ਨੂੰ ਬਚਾਇਆ ਵੀ ਅਤੇ ਉਸ ਨੂੰ ਬਰਕਤ ਦਿੱਤੀ। (ਜ਼ਬੂ. 22:23, 24, 27) ਇਸੇ ਤਰ੍ਹਾਂ ਭਾਵੇਂ “ਦਾਊਦ ਦਾ ਪੁੱਤਰ” ਯਿਸੂ ਉਸ ਵੇਲੇ ਤਸੀਹੇ ਦੀ ਸੂਲ਼ੀ ’ਤੇ ਦੁੱਖ ਝੱਲ ਰਿਹਾ ਸੀ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਯਹੋਵਾਹ ਨੇ ਉਸ ਨੂੰ ਠੁਕਰਾ ਦਿੱਤਾ ਸੀ।—ਮੱਤੀ 21:9.

ਸ਼ਾਇਦ ਯਿਸੂ ਆਪਣੇ ਦਿਲ ਦਾ ਦਰਦ ਬਿਆਨ ਕਰ ਰਿਹਾ ਸੀ ਕਿ ਯਹੋਵਾਹ ਚਾਹੁੰਦੇ ਹੋਏ ਵੀ ਉਸ ਦੀ ਸੁਰੱਖਿਆ ਨਹੀਂ ਕਰ ਸਕਦਾ ਕਿਉਂਕਿ ਯਿਸੂ ਨੇ ਇਹ ਸਾਬਤ ਕਰਨਾ ਸੀ ਕਿ ਉਹ ਹਰ ਹਾਲ ਵਿਚ ਯਹੋਵਾਹ ਦਾ ਵਫ਼ਾਦਾਰ ਰਹੇਗਾ। ਯਹੋਵਾਹ ਨੇ ਕਦੇ ਵੀ ਨਹੀਂ ਚਾਹਿਆ ਸੀ ਕਿ ਉਸ ਦਾ ਪੁੱਤਰ ਇੰਨੇ ਦੁੱਖ ਝੱਲ ਕੇ ਮਰੇ। ਪਰ ਆਦਮ ਅਤੇ ਹਵਾ ਦੀ ਬਗਾਵਤ ਕਰਕੇ ਇੱਦਾਂ ਕਰਨਾ ਜ਼ਰੂਰੀ ਹੋ ਗਿਆ ਸੀ। ਯਿਸੂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ, ਫਿਰ ਵੀ ਉਸ ਨੂੰ ਦੁੱਖ ਝੱਲ ਕੇ ਮਰਨਾ ਪਿਆ। ਯਿਸੂ ਦੇ ਰਿਹਾਈ ਦੀ ਕੀਮਤ ਦੇਣ ਕਰਕੇ ਹੀ ਸ਼ੈਤਾਨ ਵੱਲੋਂ ਖੜ੍ਹੇ ਕੀਤੇ ਸਵਾਲਾਂ ਦਾ ਜਵਾਬ ਮਿਲਣਾ ਸੀ ਅਤੇ ਇਨਸਾਨਾਂ ਨੇ ਜੋ ਗੁਆਇਆ ਸੀ, ਉਹ ਉਨ੍ਹਾਂ ਨੂੰ ਵਾਪਸ ਮਿਲਣਾ ਸੀ। (ਮਰ. 8:31; 1 ਪਤ. 2:21-24) ਇਹ ਸਭ ਤਾਂ ਹੀ ਮੁਮਕਿਨ ਹੋਣਾ ਸੀ ਜੇ ਯਹੋਵਾਹ ਥੋੜ੍ਹੇ ਸਮੇਂ ਲਈ ਯਿਸੂ ਦੀ ਸੁਰੱਖਿਆ ਕਰਨੀ ਛੱਡ ਦਿੰਦਾ। ਯਿਸੂ ਦੀ ਜ਼ਿੰਦਗੀ ਵਿਚ ਇਹ ਪਹਿਲੀ ਵਾਰ ਸੀ ਜਦ ਯਹੋਵਾਹ ਨੇ ਉਸ ਦੀ ਮਦਦ ਨਹੀਂ ਕੀਤੀ।

ਸ਼ਾਇਦ ਯਿਸੂ ਆਪਣੇ ਚੇਲਿਆਂ ਦਾ ਧਿਆਨ ਇਸ ਗੱਲ ਵੱਲ ਖਿੱਚ ਰਿਹਾ ਸੀ ਕਿ ਯਹੋਵਾਹ ਨੇ ਕਿਉਂ ਉਸ ਨੂੰ ਅਜਿਹੀ ਮੌਤ ਮਰਨ ਦਿੱਤਾ। * ਯਿਸੂ ਜਾਣਦਾ ਸੀ ਕਿ ਤਸੀਹੇ ਦੀ ਸੂਲ਼ੀ ’ਤੇ ਇਕ ਅਪਰਾਧੀ ਦੀ ਮੌਤ ਮਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਠੋਕਰ ਲੱਗੇਗੀ। (1 ਕੁਰਿੰ. 1:23) ਜੇ ਉਸ ਦੇ ਚੇਲੇ ਇਸ ਗੱਲ ਨੂੰ ਯਾਦ ਰੱਖਦੇ ਕਿ ਉਹ ਅਜਿਹੀ ਮੌਤ ਕਿਉਂ ਮਰਿਆ, ਤਾਂ ਉਨ੍ਹਾਂ ਨੇ ਉਸ ਨੂੰ ਅਪਰਾਧੀ ਨਹੀਂ, ਸਗੋਂ ਮੁਕਤੀਦਾਤਾ ਮੰਨਣਾ ਸੀ।—ਗਲਾ. 3:13, 14.

ਚਾਹੇ ਯਿਸੂ ਨੇ ਜਿਹੜੇ ਮਰਜ਼ੀ ਕਾਰਨ ਕਰਕੇ ਇਹ ਸ਼ਬਦ ਕਹੇ ਸਨ, ਪਰ ਇਕ ਗੱਲ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਯਹੋਵਾਹ ਦੀ ਮਰਜ਼ੀ ਸੀ ਕਿ ਉਹ ਅਜਿਹੀ ਮੌਤ ਮਰੇ। ਜ਼ਬੂਰ ਦੇ ਇਹ ਸ਼ਬਦ ਕਹਿਣ ਤੋਂ ਕੁਝ ਸਮੇਂ ਬਾਅਦ ਯਿਸੂ ਨੇ ਇਹ ਵੀ ਕਿਹਾ: “ਸਾਰਾ ਕੰਮ ਪੂਰਾ ਹੋਇਆ!” (ਯੂਹੰ. 19:30; ਲੂਕਾ 22:37) ਜੀ ਹਾਂ, ਯਹੋਵਾਹ ਨੇ ਥੋੜ੍ਹੇ ਸਮੇਂ ਲਈ ਯਿਸੂ ਦੀ ਮਦਦ ਕਰਨੀ ਛੱਡ ਦਿੱਤੀ ਸੀ ਤਾਂਕਿ ਯਿਸੂ ਉਹ ਸਾਰੇ ਕੰਮ ਪੂਰੇ ਕਰ ਸਕੇ ਜੋ ਕਰਨ ਲਈ ਉਸ ਨੂੰ ਭੇਜਿਆ ਗਿਆ ਸੀ। ਉਹ ਉਨ੍ਹਾਂ ਸਾਰੀਆਂ ਭਵਿੱਖਬਾਣੀਆਂ ਨੂੰ ਵੀ ਪੂਰਾ ਕਰ ਸਕਿਆ ਜੋ “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਅਤੇ ਜ਼ਬੂਰ ਵਿਚ” ਉਸ ਬਾਰੇ ਲਿਖੀਆਂ ਗਈਆਂ ਸਨ।—ਲੂਕਾ 24:44.

^ ਪੈਰਾ 2 ਇਸ ਅੰਕ ਦੇ ਲੇਖ “ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ” ਦੇ ਪੈਰੇ 9 ਅਤੇ 10 ਦੇਖੋ।

^ ਪੈਰਾ 4 ਆਪਣੀ ਸੇਵਕਾਈ ਦੌਰਾਨ ਯਿਸੂ ਕਈ ਵਾਰ ਕੁਝ ਗੱਲਾਂ ਕਹਿੰਦਾ ਜਾਂ ਸਵਾਲ ਪੁੱਛਦਾ ਸੀ। ਪਰ ਉਹ ਆਪਣੀ ਰਾਇ ਦੱਸਣ ਲਈ ਇੱਦਾਂ ਨਹੀਂ ਕਰਦਾ ਸੀ। ਇਸ ਦੀ ਬਜਾਇ, ਉਹ ਕਿਸੇ ਵਿਸ਼ੇ ਬਾਰੇ ਆਪਣੇ ਚੇਲਿਆਂ ਦੀ ਰਾਇ ਜਾਣਨ ਲਈ ਸਵਾਲ ਪੁੱਛਦਾ ਜਾਂ ਕੁਝ ਕਹਿੰਦਾ ਸੀ।—ਮਰ. 7:24-27; ਯੂਹੰ. 6:1-5; 15 ਅਕਤੂਬਰ 2010 ਦੇ ਪਹਿਰਾਬੁਰਜ ਦੇ ਸਫ਼ੇ 4-5 ਦੇਖੋ।