Skip to content

Skip to table of contents

ਅਧਿਐਨ ਲੇਖ 16

ਯਿਸੂ ਦੀ ਕੁਰਬਾਨੀ ਲਈ ਕਦਰ ਦਿਖਾਉਂਦੇ ਰਹੋ

ਯਿਸੂ ਦੀ ਕੁਰਬਾਨੀ ਲਈ ਕਦਰ ਦਿਖਾਉਂਦੇ ਰਹੋ

“ਮਨੁੱਖ ਦਾ ਪੁੱਤਰ . . . ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”​—ਮਰ. 10:45.

ਗੀਤ 149 ਰਿਹਾਈ ਲਈ ਅਹਿਸਾਨਮੰਦ

ਖ਼ਾਸ ਗੱਲਾਂ *

1-2. ਰਿਹਾਈ ਦੀ ਕੀਮਤ ਕੀ ਹੈ ਅਤੇ ਸਾਨੂੰ ਇਸ ਦੀ ਕਿਉਂ ਲੋੜ ਹੈ?

ਜਦੋਂ ਆਦਮ ਮੁਕੰਮਲ ਇਨਸਾਨ ਸੀ, ਤਾਂ ਉਸ ਨੇ ਪਾਪ ਕਰਕੇ ਆਪਣੀ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਗੁਆ ਲਈ। ਨਾ ਸਿਰਫ਼ ਆਪਣੇ ਲਈ, ਸਗੋਂ ਆਪਣੀ ਔਲਾਦ ਲਈ ਵੀ। ਇਸ ਗ਼ਲਤੀ ਲਈ ਆਦਮ ਕੋਈ ਵੀ ਬਹਾਨਾ ਨਹੀਂ ਬਣਾ ਸਕਦਾ ਸੀ ਉਸ ਨੇ ਜਾਣ-ਬੁੱਝ ਕੇ ਇਹ ਪਾਪ ਕੀਤਾ ਸੀ। ਪਰ ਉਸ ਦੇ ਬੱਚਿਆਂ ਬਾਰੇ ਕੀ? ਆਦਮ ਦੇ ਪਾਪ ਵਿਚ ਉਸ ਦੇ ਬੱਚਿਆਂ ਦਾ ਕੋਈ ਹੱਥ ਨਹੀਂ ਸੀ। (ਰੋਮੀ. 5:12, 14) ਆਦਮ ਨੇ ਜੋ ਕੀਤਾ ਸੀ ਉਸ ਲਈ ਉਸ ਨੂੰ ਮਰਨਾ ਹੀ ਪੈਣਾ ਸੀ, ਪਰ ਕੀ ਉਸ ਦੇ ਬੱਚਿਆਂ ਨੂੰ ਇਸ ਸਜ਼ਾ ਤੋਂ ਬਚਾਉਣ ਲਈ ਕੁਝ ਕੀਤਾ ਜਾ ਸਕਦਾ ਸੀ? ਜੀ ਹਾਂ! ਆਦਮ ਦੇ ਪਾਪ ਕਰਨ ਤੋਂ ਥੋੜ੍ਹੀ ਹੀ ਦੇਰ ਬਾਅਦ ਯਹੋਵਾਹ ਨੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਕਿ ਉਹ ਆਦਮ ਦੇ ਲੱਖਾਂ ਹੀ ਬੱਚਿਆ ਨੂੰ ਪਾਪ ਅਤੇ ਮੌਤ ਦੀ ਗਰਿਫ਼ਤ ਤੋਂ ਕਿਵੇਂ ਬਚਾਵੇਗਾ। (ਉਤ. 3:15) ਯਹੋਵਾਹ ਨੇ ਮਿੱਥੇ ਹੋਏ ਸਮੇਂ ’ਤੇ ਆਪਣੇ ਪੁੱਤਰ ਨੂੰ ਸਵਰਗ ਤੋਂ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ” ਲਈ ਭੇਜਿਆ।​—ਮਰ. 10:45; ਯੂਹੰ. 6:51.

2 ਰਿਹਾਈ ਦੀ ਕੀਮਤ ਕੀ ਹੈ? ਆਦਮ ਨੇ ਜੋ ਗੁਆਇਆ ਸੀ, ਉਸ ਨੂੰ ਵਾਪਸ ਹਾਸਲ ਕਰਨ ਲਈ ਯਿਸੂ ਨੇ ਆਪਣੀ ਜਾਨ ਦੇ ਕੇ ਇਹ ਕੀਮਤ ਚੁਕਾਈ। ਮਸੀਹੀ ਯੂਨਾਨੀ ਲਿਖਤਾਂ ਵਿਚ ਇਸ ਕੀਮਤ ਨੂੰ ਰਿਹਾਈ ਦੀ ਕੀਮਤ ਕਿਹਾ ਗਿਆ ਹੈ। (1 ਕੁਰਿੰ. 15:22) ਪਰ ਯਿਸੂ ਨੂੰ ਇਹ ਕੀਮਤ ਕਿਉਂ ਚੁਕਾਉਣੀ ਪਈ? ਕਿਉਂਕਿ ਯਹੋਵਾਹ ਦੇ ਨਿਆਂ ਦੇ ਮਿਆਰ ਇਹੀ ਮੰਗ ਕਰਦੇ ਸਨ ਕਿ “ਜਾਨ ਦੇ ਬਦਲੇ ਜਾਨ ਲਈ ਜਾਵੇ।” (ਕੂਚ 21:23, 24) ਆਦਮ ਨੇ ਆਪਣੀ ਮੁਕੰਮਲ ਜ਼ਿੰਦਗੀ ਗੁਆਈ ਸੀ। ਇਸ ਲਈ ਪਰਮੇਸ਼ੁਰ ਦੇ ਨਿਆਂ ਦੀ ਮੰਗ ਪੂਰੀ ਕਰਨ ਲਈ ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰ ਦਿੱਤੀ। (ਰੋਮੀ. 5:17) ਇਸ ਤਰ੍ਹਾਂ ਯਿਸੂ ਉਨ੍ਹਾਂ ਸਾਰਿਆਂ ਲਈ “ਯੁਗਾਂ-ਯੁਗਾਂ ਦਾ ਪਿਤਾ” ਬਣਿਆ ਜੋ ਉਸ ਦੀ ਰਿਹਾਈ ਦੀ ਕੀਮਤ ’ਤੇ ਨਿਹਚਾ ਕਰਦੇ ਹਨ।​—ਯਸਾ. 9:6; ਰੋਮੀ. 3:23, 24.

3. ਯੂਹੰਨਾ 14:31; 15:13 ਮੁਤਾਬਕ ਯਿਸੂ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰਨ ਲਈ ਕਿਉਂ ਤਿਆਰ ਸੀ?

3 ਯਿਸੂ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ ਕਿਉਂਕਿ ਉਹ ਆਪਣੇ ਸਵਰਗੀ ਪਿਤਾ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ। (ਯੂਹੰਨਾ 14:31; 15:13 ਪੜ੍ਹੋ।) ਇਸ ਪਿਆਰ ਕਰਕੇ ਹੀ ਉਸ ਨੇ ਮੌਤ ਤਕ ਆਪਣੀ ਵਫ਼ਾਦਾਰੀ ਬਣਾਈ ਰੱਖੀ ਅਤੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਦਾ ਪੱਕਾ ਇਰਾਦਾ ਕੀਤਾ। ਯਿਸੂ ਦੀ ਕੁਰਬਾਨੀ ਕਰਕੇ ਮਨੁੱਖਜਾਤੀ ਅਤੇ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪਰਮੇਸ਼ੁਰ ਨੇ ਯਿਸੂ ਨੂੰ ਇੰਨੀ ਦਰਦਨਾਕ ਮੌਤ ਕਿਉਂ ਮਰਨ ਦਿੱਤਾ? ਅਸੀਂ ਬਾਈਬਲ ਦੇ ਇਕ ਲਿਖਾਰੀ ’ਤੇ ਵੀ ਥੋੜ੍ਹਾ ਗੌਰ ਕਰਾਂਗੇ ਜਿਸ ਨੇ ਰਿਹਾਈ ਦੀ ਕੀਮਤ ਲਈ ਦਿਲੋਂ ਕਦਰ ਦਿਖਾਈ ਸੀ। ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਰਿਹਾਈ ਦੀ ਕੀਮਤ ਲਈ ਕਦਰ ਦਿਖਾ ਸਕਦੇ ਹਾਂ। ਨਾਲੇ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਜੋ ਕੀਤਾ ਹੈ, ਉਸ ਲਈ ਅਸੀਂ ਆਪਣੀ ਕਦਰ ਹੋਰ ਕਿਵੇਂ ਵਧਾ ਸਕਦੇ ਹਾਂ।

ਯਿਸੂ ਨੂੰ ਦਰਦਨਾਕ ਮੌਤ ਕਿਉਂ ਮਰਨਾ ਪਿਆ?

ਜ਼ਰਾ ਸੋਚੋ ਕਿ ਸਾਡੇ ਲਈ ਰਿਹਾਈ ਦੀ ਕੀਮਤ ਦੇਣ ਲਈ ਯਿਸੂ ਨੂੰ ਕਿੰਨਾ ਕੁਝ ਸਹਿਣਾ ਪਿਆ! (ਪੈਰਾ 4 ਦੇਖੋ)

4. ਦੱਸੋ ਕਿ ਯਿਸੂ ਕਿਵੇਂ ਮਰਿਆ?

4 ਜ਼ਰਾ ਕਲਪਨਾ ਕਰੋ ਕਿ ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਦਿਨ ਉਸ ਨਾਲ ਕੀ-ਕੀ ਹੋਇਆ? ਜੇ ਉਹ ਚਾਹੁੰਦਾ ਤਾਂ ਆਪਣੀ ਸੁਰੱਖਿਆ ਲਈ ਦੂਤਾਂ ਦੀਆਂ ਪਲਟਣਾ ਬੁਲਾ ਸਕਦਾ ਸੀ, ਪਰ ਉਸ ਨੇ ਇੱਦਾਂ ਨਹੀਂ ਕੀਤਾ। ਉਹ ਖ਼ੁਦ ਨੂੰ ਰੋਮੀ ਫ਼ੌਜੀਆਂ ਦੇ ਹਵਾਲੇ ਕਰ ਦਿੰਦਾ ਹੈ ਅਤੇ ਉਹ ਉਸ ਨੂੰ ਬੇਰਹਿਮੀ ਨਾਲ ਮਾਰਦੇ-ਕੁੱਟਦੇ ਹਨ। (ਮੱਤੀ 26:52-54; ਯੂਹੰ. 18:3; 19:1) ਉਹ ਕੋਰੜੇ ਮਾਰ-ਮਾਰ ਕੇ ਯਿਸੂ ਦੀ ਚਮੜੀ ਉਧੇੜ ਦਿੰਦੇ ਹਨ। ਫਿਰ ਉਹ ਉਸ ਦੀ ਲਹੂ-ਲੁਹਾਨ ਪਿੱਠ ਉੱਤੇ ਲੱਕੜ ਦੀ ਭਾਰੀ ਸੂਲ਼ੀ ਚੁਕਾ ਦਿੰਦੇ ਹਨ। ਪਰ ਜਦੋਂ ਥੋੜ੍ਹੇ ਸਮੇਂ ਬਾਅਦ ਯਿਸੂ ਤੋਂ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਤੁਰਿਆ ਨਹੀਂ ਜਾਂਦਾ, ਤਾਂ ਫ਼ੌਜੀ ਕਿਸੇ ਹੋਰ ਆਦਮੀ ਨੂੰ ਉਸ ਦੀ ਸੂਲ਼ੀ ਚੁੱਕਣ ਲਈ ਕਹਿੰਦੇ ਹਨ। (ਮੱਤੀ 27:32) ਜਦੋਂ ਉਹ ਉਸ ਜਗ੍ਹਾ ਪਹੁੰਚਦੇ ਹਨ ਜਿੱਥੇ ਯਿਸੂ ਨੂੰ ਮਾਰਿਆ ਜਾਣਾ ਹੈ, ਤਾਂ ਫ਼ੌਜੀ ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਉਸੇ ਸੂਲ਼ੀ ’ਤੇ ਉਸ ਨੂੰ ਟੰਗ ਦਿੰਦੇ ਹਨ। ਜਿੱਦਾਂ ਹੀ ਉਸ ਸੂਲ਼ੀ ਨੂੰ ਖੜ੍ਹਾ ਕੀਤਾ ਜਾਂਦਾ ਹੈ, ਯਿਸੂ ਦੇ ਸਰੀਰ ਦਾ ਸਾਰਾ ਭਾਰ ਉਸ ਦੇ ਹੱਥਾਂ-ਪੈਰਾਂ ’ਤੇ ਪੈਣ ਲੱਗਦਾ ਹੈ ਜਿਸ ਕਰਕੇ ਉਸ ਦੇ ਜ਼ਖ਼ਮਾਂ ’ਤੇ ਹੋਰ ਵੀ ਜ਼ਿਆਦਾ ਖਿੱਚ ਪੈਂਦੀ ਹੈ। ਉਸ ਦੇ ਦੋਸਤ ਉਸ ਨੂੰ ਦੇਖ ਕੇ ਬਹੁਤ ਦੁਖੀ ਹੁੰਦੇ ਹਨ ਅਤੇ ਉਸ ਦੀ ਮਾਂ ਰੋਂਦੀ ਹੈ, ਪਰ ਯਹੂਦੀ ਹਾਕਮ ਯਿਸੂ ਦਾ ਮਜ਼ਾਕ ਉਡਾਉਂਦੇ ਹਨ। (ਲੂਕਾ 23:32-38; ਯੂਹੰ. 19:25) ਜਿਵੇਂ-ਜਿਵੇਂ ਇਕ-ਇਕ ਘੰਟਾ ਬੀਤਦਾ ਹੈ, ਉਸ ਦੇ ਦਿਲ ਅਤੇ ਫੇਫੜਿਆਂ ਵਿਚ ਖਿੱਚ ਪੈਣ ਕਰਕੇ ਉਸ ਲਈ ਸਾਹ ਲੈਣਾ ਹੋਰ ਵੀ ਔਖਾ ਹੋ ਜਾਂਦਾ ਹੈ। ਯਿਸੂ ਜਾਣਦਾ ਸੀ ਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ, ਇਸ ਲਈ ਉਹ ਮਰਨ ਤੋਂ ਪਹਿਲਾਂ ਆਖ਼ਰੀ ਪ੍ਰਾਰਥਨਾ ਕਰਦਾ ਹੈ ਅਤੇ ਫਿਰ ਸਿਰ ਸੁੱਟ ਕੇ ਦਮ ਤੋੜ ਦਿੰਦਾ ਹੈ। (ਮਰ. 15:37; ਲੂਕਾ 23:46; ਯੂਹੰ. 10:17, 18; 19:30) ਸੱਚ-ਮੁੱਚ ਯਿਸੂ ਨੇ ਕਿੰਨੀ ਹੀ ਬੇਇੱਜ਼ਤੀ ਸਹੀ ਅਤੇ ਕਿੰਨਾ ਦਰਦ ਸਿਹਾ!

5. ਯਿਸੂ ਕਿਸ ਗੱਲ ਕਰਕੇ ਬਹੁਤ ਪਰੇਸ਼ਾਨ ਸੀ?

5 ਯਿਸੂ ਨੂੰ ਇਸ ਗੱਲ ਦਾ ਦੁੱਖ ਨਹੀਂ ਸੀ ਕਿ ਉਸ ਨੂੰ ਕਿਵੇਂ ਮਾਰਿਆ ਜਾਵੇਗਾ, ਸਗੋਂ ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਸ ’ਤੇ ਕੀ ਦੋਸ਼ ਲਾਇਆ ਜਾਵੇਗਾ। ਯਿਸੂ ਜਾਣਦਾ ਸੀ ਕਿ ਉਸ ਉੱਤੇ ਪਰਮੇਸ਼ੁਰ ਦੀ ਜਾਂ ਉਸ ਦੇ ਨਾਂ ਦੀ ਨਿੰਦਿਆ ਕਰਨ ਦਾ ਝੂਠਾ ਦੋਸ਼ ਲਾਇਆ ਜਾਵੇਗਾ। (ਮੱਤੀ 26:64-66) ਇਸ ਗੱਲ ਕਰਕੇ ਯਿਸੂ ਇੰਨਾ ਪਰੇਸ਼ਾਨ ਸੀ ਕਿ ਉਸ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਇਸ ਦੋਸ਼ ਕਰਕੇ ਨਾ ਮਰਨ ਦੇਵੇ। (ਮੱਤੀ 26:38, 39, 42) ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਇੰਨੀ ਦਰਦਨਾਕ ਮੌਤ ਕਿਉਂ ਮਰਨ ਦਿੱਤਾ? ਆਓ ਆਪਾਂ ਤਿੰਨ ਕਾਰਨਾਂ ’ਤੇ ਗੌਰ ਕਰੀਏ।

6. ਯਿਸੂ ਨੂੰ ਤਸੀਹੇ ਦੀ ਸੂਲ਼ੀ ’ਤੇ ਕਿਉਂ ਟੰਗਿਆ ਗਿਆ ਸੀ?

6 ਪਹਿਲਾ ਕਾਰਨ, ਯਿਸੂ ਨੂੰ ਤਸੀਹੇ ਦੀ ਸੂਲ਼ੀ ’ਤੇ ਇਸ ਲਈ ਟੰਗਿਆ ਗਿਆ ਤਾਂਕਿ ਯਹੂਦੀ ਸਰਾਪ ਤੋਂ ਮੁਕਤ ਹੋ ਸਕਣ। (ਗਲਾ. 3:10, 13) ਯਹੂਦੀਆਂ ’ਤੇ ਇਹ ਸਰਾਪ ਕਿਉਂ ਪਿਆ ਸੀ? ਕਿਉਂਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਪਰਮੇਸ਼ੁਰ ਦੇ ਸਾਰੇ ਕਾਨੂੰਨ ਮੰਨਣਗੇ, ਪਰ ਉਨ੍ਹਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਆਦਮ ਦੀ ਔਲਾਦ ਹੋਣ ਕਰਕੇ ਉਨ੍ਹਾਂ ਨੇ ਮਰਨਾ ਹੀ ਸੀ, ਪਰ ਕਾਨੂੰਨ ਨਾ ਮੰਨਣ ਕਰਕੇ ਉਨ੍ਹਾਂ ’ਤੇ ਇਹ ਸਰਾਪ ਵੀ ਪੈ ਗਿਆ। (ਰੋਮੀ. 5:12) ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਜੇ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਪਾਪ ਕਰਦਾ ਸੀ, ਤਾਂ ਉਸ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਸੂਲ਼ੀ ਉੱਤੇ ਟੰਗ ਦਿੱਤੀ ਜਾਂਦੀ ਸੀ। * (ਬਿਵ. 21:22, 23; 27:26) ਜਿਸ ਕੌਮ ਨੇ ਯਿਸੂ ਨੂੰ ਠੁਕਰਾ ਦਿੱਤਾ ਸੀ ਉਸੇ ਕੌਮ ਨੂੰ ਸਰਾਪ ਤੋਂ ਮੁਕਤ ਕਰਾਉਣ ਲਈ ਯਿਸੂ ਨੂੰ ਤਸੀਹੇ ਦੀ ਸੂਲ਼ੀ ’ਤੇ ਟੰਗਿਆ ਗਿਆ।

7. ਦੂਜਾ ਕਾਰਨ ਦੱਸੋ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਦਰਦਨਾਕ ਮੌਤ ਕਿਉਂ ਮਰਨ ਦਿੱਤਾ?

7 ਦੂਜਾ ਕਾਰਨ, ਯਹੋਵਾਹ ਨੇ ਆਪਣੇ ਪੁੱਤਰ ਨੂੰ ਦਰਦਨਾਕ ਮੌਤ ਇਸ ਲਈ ਮਰਨ ਦਿੱਤਾ ਤਾਂਕਿ ਉਹ ਯਿਸੂ ਨੂੰ ਮਹਾਂ ਪੁਜਾਰੀ ਬਣਨ ਦੀ ਸਿਖਲਾਈ ਦੇ ਸਕੇ। ਯਿਸੂ ਨੇ ਖ਼ੁਦ ਮਹਿਸੂਸ ਕੀਤਾ ਕਿ ਅਜ਼ਮਾਇਸ਼ਾਂ ਦੌਰਾਨ ਯਹੋਵਾਹ ਦੇ ਹੁਕਮ ਮੰਨਣੇ ਸੌਖੇ ਨਹੀਂ ਹੁੰਦੇ। ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ “ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ” ਪ੍ਰਾਰਥਨਾਵਾਂ ਕੀਤੀਆਂ। ਬਿਨਾਂ ਸ਼ੱਕ ਇੰਨੇ ਸਾਰੇ ਦੁੱਖ ਆਪ ਝੱਲੇ ਹੋਣ ਕਰਕੇ ਯਿਸੂ ਸਾਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਨਾਲੇ ਜਦੋਂ ਅਸੀਂ “ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ” ਹੁੰਦੇ ਹਾਂ, ਤਾਂ ਉਹ ਸਾਡੀ “ਮਦਦ ਕਰ ਸਕਦਾ ਹੈ।” ਅਸੀਂ ਯਹੋਵਾਹ ਦੇ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਅਜਿਹਾ ਮਹਾਂ ਪੁਜਾਰੀ ਦਿੱਤਾ ਹੈ ਜੋ “ਸਾਡੀਆਂ ਕਮਜ਼ੋਰੀਆਂ ਨੂੰ ਸਮਝ” ਸਕਦਾ ਹੈ।​—ਇਬ. 2:17, 18; 4:14-16; 5:7-10.

8. ਤੀਜਾ ਕਾਰਨ ਦੱਸੋ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਦਰਦਨਾਕ ਮੌਤ ਕਿਉਂ ਮਰਨ ਦਿੱਤਾ?

8 ਤੀਜਾ ਕਾਰਨ, ਯਹੋਵਾਹ ਨੇ ਯਿਸੂ ਨੂੰ ਦਰਦਨਾਕ ਮੌਤ ਇਸ ਲਈ ਮਰਨ ਦਿੱਤਾ ਤਾਂਕਿ ਇਸ ਜ਼ਰੂਰੀ ਸਵਾਲ ਦਾ ਜਵਾਬ ਮਿਲ ਸਕੇ: ਕੀ ਇਨਸਾਨ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਨ? ਸ਼ੈਤਾਨ ਦਾ ਕਹਿਣਾ ਹੈ ਕਿ ਉਹ ਨਹੀਂ ਰਹਿ ਸਕਦੇ। ਉਹ ਦਾਅਵਾ ਕਰਦਾ ਹੈ ਕਿ ਇਨਸਾਨ ਸੁਆਰਥੀ ਹੋਣ ਕਰਕੇ ਪਰਮੇਸ਼ੁਰ ਦੀ ਭਗਤੀ ਕਰਦੇ ਹਨ। ਨਾਲੇ ਉਹ ਮੰਨਦਾ ਹੈ ਕਿ ਆਦਮ ਵਾਂਗ ਉਸ ਦੀ ਔਲਾਦ ਵੀ ਯਹੋਵਾਹ ਨੂੰ ਪਿਆਰ ਨਹੀਂ ਕਰਦੀ। (ਅੱਯੂ. 1:9-11; 2:4, 5) ਯਹੋਵਾਹ ਨੂੰ ਆਪਣੇ ਪੁੱਤਰ ’ਤੇ ਪੱਕਾ ਭਰੋਸਾ ਸੀ ਕਿ ਉਹ ਉਸ ਦੇ ਵਫ਼ਾਦਾਰ ਰਹੇਗਾ। ਇਸ ਲਈ ਉਸ ਨੇ ਪੂਰੀ ਹੱਦ ਤਕ ਯਿਸੂ ਨੂੰ ਪਰਖਣ ਦਿੱਤਾ। ਯਿਸੂ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ ਅਤੇ ਉਸ ਨੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ।

ਬਾਈਬਲ ਦੇ ਇਕ ਲਿਖਾਰੀ ਨੇ ਰਿਹਾਈ ਦੀ ਕੀਮਤ ਲਈ ਦਿਲੋਂ ਕਦਰ ਦਿਖਾਈ

9. ਯੂਹੰਨਾ ਰਸੂਲ ਨੇ ਸਾਡੇ ਲਈ ਕਿਹੋ ਜਿਹੀ ਮਿਸਾਲ ਰੱਖੀ?

9 ਰਿਹਾਈ ਦੀ ਕੀਮਤ ਦੀ ਸਿੱਖਿਆ ਕਰਕੇ ਕਈ ਮਸੀਹੀਆਂ ਦੀ ਨਿਹਚਾ ਮਜ਼ਬੂਤ ਹੋਈ ਹੈ। ਇਸ ਕਰਕੇ ਉਹ ਵਿਰੋਧ ਦੇ ਬਾਵਜੂਦ ਵੀ ਪ੍ਰਚਾਰ ਕਰਦੇ ਰਹੇ ਅਤੇ ਪੂਰੀ ਜ਼ਿੰਦਗੀ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਸਹਿੰਦੇ ਰਹੇ। ਜ਼ਰਾ ਯੂਹੰਨਾ ਰਸੂਲ ਦੀ ਮਿਸਾਲ ’ਤੇ ਗੌਰ ਕਰੋ। ਉਸ ਨੇ 60 ਤੋਂ ਵੀ ਜ਼ਿਆਦਾ ਸਾਲ ਮਸੀਹ ਅਤੇ ਰਿਹਾਈ ਦੀ ਕੀਮਤ ਬਾਰੇ ਵਫ਼ਾਦਾਰੀ ਨਾਲ ਪ੍ਰਚਾਰ ਕੀਤਾ। ਰੋਮੀ ਸਰਕਾਰ ਨੇ ਯੂਹੰਨਾ ਰਸੂਲ ਨੂੰ ਲਗਭਗ 100 ਸਾਲ ਦੀ ਉਮਰ ਵਿਚ ਖ਼ਤਰਾ ਸਮਝ ਕੇ ਪਾਤਮੁਸ ਟਾਪੂ ਉੱਤੇ ਕੈਦ ਕਰ ਦਿੱਤਾ ਸੀ। ਉਸ ਦਾ ਅਪਰਾਧ ਕੀ ਸੀ? “ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ” ਉਸ ਨੂੰ ਕੈਦ ਵਿਚ ਰੱਖਿਆ ਗਿਆ। (ਪ੍ਰਕਾ. 1:9) ਸੱਚ-ਮੁੱਚ ਉਸ ਨੇ ਨਿਹਚਾ ਅਤੇ ਧੀਰਜ ਦੀ ਕਿੰਨੀ ਹੀ ਵਧੀਆ ਮਿਸਾਲ ਰੱਖੀ!

10. ਯੂਹੰਨਾ ਨੇ ਆਪਣੀਆਂ ਲਿਖਤਾਂ ਵਿਚ ਕਿਵੇਂ ਦਿਖਾਇਆ ਕਿ ਉਹ ਰਿਹਾਈ ਦੀ ਕੀਮਤ ਦੀ ਕਦਰ ਕਰਦਾ ਸੀ?

10 ਯੂਹੰਨਾ ਨੇ ਆਪਣੀਆਂ ਲਿਖਤਾਂ ਵਿਚ ਦੱਸਿਆ ਕਿ ਉਸ ਨੂੰ ਯਿਸੂ ਨਾਲ ਕਿੰਨਾ ਪਿਆਰ ਸੀ ਅਤੇ ਉਹ ਰਿਹਾਈ ਦੀ ਕੀਮਤ ਦੀ ਕਿੰਨੀ ਕਦਰ ਕਰਦਾ ਸੀ। ਉਸ ਨੇ ਰਿਹਾਈ ਦੀ ਕੀਮਤ ਜਾਂ ਉਸ ਦੇ ਫ਼ਾਇਦਿਆਂ ਬਾਰੇ 100 ਤੋਂ ਵੀ ਜ਼ਿਆਦਾ ਵਾਰ ਜ਼ਿਕਰ ਕੀਤਾ। ਮਿਸਾਲ ਲਈ, ਯੂਹੰਨਾ ਨੇ ਲਿਖਿਆ: “ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਕੋਲ ਸਾਡਾ ਇਕ ਮਦਦਗਾਰ ਹੈ ਯਾਨੀ ਯਿਸੂ ਮਸੀਹ ਜਿਹੜਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦਾ ਹੈ।” (1 ਯੂਹੰ. 2:1, 2) ਯੂਹੰਨਾ ਦੀਆਂ ਲਿਖਤਾਂ ਵਿਚ “ਯਿਸੂ ਦੀ ਗਵਾਹੀ ਦੇਣ” ’ਤੇ ਜ਼ੋਰ ਦਿੱਤਾ ਗਿਆ ਹੈ। (ਪ੍ਰਕਾ. 19:10) ਯੂਹੰਨਾ ਸੱਚ-ਮੁੱਚ ਰਿਹਾਈ ਦੀ ਕੀਮਤ ਦੀ ਦਿਲੋਂ ਕਦਰ ਕਰਦਾ ਸੀ। ਅਸੀਂ ਰਿਹਾਈ ਦੀ ਕੀਮਤ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

ਅਸੀਂ ਰਿਹਾਈ ਦੀ ਕੀਮਤ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

ਰਿਹਾਈ ਦੀ ਕੀਮਤ ਲਈ ਕਦਰ ਹੋਣ ਕਰਕੇ ਅਸੀਂ ਪਾਪ ਕਰਨ ਦੇ ਫੰਦੇ ਤੋਂ ਬਚ ਸਕਾਂਗੇ (ਪੈਰਾ 11 ਦੇਖੋ) *

11. ਪਾਪ ਕਰਨ ਦੇ ਫੰਦੇ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

11 ਪਾਪ ਕਰਨ ਦੇ ਫੰਦੇ ਤੋਂ ਬਚੋ। ਜੇ ਅਸੀਂ ਸੱਚ-ਮੁੱਚ ਰਿਹਾਈ ਦੀ ਕੀਮਤ ਦੀ ਕਦਰ ਕਰਦੇ ਹਾਂ, ਤਾਂ ਅਸੀਂ ਇਹ ਨਹੀਂ ਸੋਚਾਂਗੇ, ‘ਪਾਪ ਕਰਨ ਲਈ ਲੁਭਾਏ ਜਾਣ ’ਤੇ ਮੈਨੂੰ ਗ਼ਲਤ ਇੱਛਾਵਾਂ ਨਾਲ ਜ਼ਿਆਦਾ ਲੜਨ ਦੀ ਲੋੜ ਨਹੀਂ ਹੈ। ਜੇ ਮੈਂ ਕੋਈ ਪਾਪ ਕਰ ਵੀ ਲਿਆ, ਤਾਂ ਮੈਂ ਯਹੋਵਾਹ ਤੋਂ ਮਾਫ਼ੀ ਮੰਗ ਲਵਾਂਗਾ।’ ਇਹ ਸੋਚਣ ਦੀ ਬਜਾਇ, ਜਦੋਂ ਸਾਡੇ ’ਤੇ ਗ਼ਲਤ ਕੰਮ ਕਰਨ ਦਾ ਦਬਾਅ ਪਾਇਆ ਜਾਂਦਾ ਹੈ, ਤਾਂ ਸਾਨੂੰ ਸੋਚਣਾ ਚਾਹੀਦਾ, ‘ਮੈਂ ਇੱਦਾਂ ਕਿਵੇਂ ਕਰ ਸਕਦਾ? ਯਹੋਵਾਹ ਅਤੇ ਯਿਸੂ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ, ਮੈਂ ਉਨ੍ਹਾਂ ਨੂੰ ਦੁਖੀ ਕਿਵੇਂ ਕਰ ਸਕਦਾ?’ ਨਾਲੇ ਅਸੀਂ ਯਹੋਵਾਹ ਤੋਂ ਤਾਕਤ ਮੰਗ ਸਕਦੇ ਹਾਂ ਅਤੇ ਉਸ ਨੂੰ ਬੇਨਤੀ ਕਰ ਸਕਦੇ ਹਾਂ ਕਿ “ਸਾਨੂੰ ਪਰੀਖਿਆ ਵਿਚ ਨਾ ਪੈਣ ਦੇ।”​—ਮੱਤੀ 6:13.

12. ਪਹਿਲਾ ਯੂਹੰਨਾ 3:16-18 ਮੁਤਾਬਕ ਸਾਨੂੰ ਕੀ ਕਰਨਾ ਚਾਹੀਦਾ ਹੈ?

12 ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰੋ। ਜੇ ਅਸੀਂ ਰਿਹਾਈ ਦੀ ਕੀਮਤ ਦੀ ਕਦਰ ਕਰਦੇ ਹਾਂ, ਤਾਂ ਅਸੀਂ ਭੈਣਾਂ-ਭਰਾਵਾਂ ਨੂੰ ਪਿਆਰ ਕਰਾਂਗੇ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਯਿਸੂ ਨੇ ਨਾ ਸਿਰਫ਼ ਸਾਡੇ ਲਈ, ਸਗੋਂ ਉਨ੍ਹਾਂ ਲਈ ਵੀ ਆਪਣੀ ਜਾਨ ਦਿੱਤੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। (1 ਯੂਹੰਨਾ 3:16-18 ਪੜ੍ਹੋ।) ਅਸੀਂ ਆਪਣੇ ਕੰਮਾਂ ਤੋਂ ਦਿਖਾਉਂਦੇ ਹਾਂ ਕਿ ਅਸੀਂ ਭੈਣਾਂ-ਭਰਾਵਾਂ ਨੂੰ ਕਿੰਨਾ ਪਿਆਰ ਕਰਦੇ ਹਾਂ। (ਅਫ਼. 4:29, 31–5:2) ਮਿਸਾਲ ਲਈ, ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ ਜਦੋਂ ਉਹ ਬੀਮਾਰ ਹੁੰਦੇ ਹਨ ਜਾਂ ਕੋਈ ਵੱਡੀ ਮੁਸ਼ਕਲ ਝੱਲ ਰਹੇ ਹੁੰਦੇ ਹਨ, ਜਿਵੇਂ ਕਿ ਕੁਦਰਤੀ ਆਫ਼ਤਾਂ। ਪਰ ਉਦੋਂ ਕੀ ਜਦੋਂ ਕੋਈ ਭੈਣ-ਭਰਾ ਸਾਡਾ ਦਿਲ ਦੁਖਾਉਂਦਾ ਹੈ?

13. ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ?

13 ਕੀ ਤੁਸੀਂ ਭੈਣਾਂ-ਭਰਾਵਾਂ ਖ਼ਿਲਾਫ਼ ਨਾਰਾਜ਼ਗੀ ਪਾਲ਼ ਲੈਂਦੇ ਹੋ? (ਲੇਵੀ. 19:18) ਜੇ ਹਾਂ, ਤਾਂ ਇਹ ਸਲਾਹ ਮੰਨੋ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।” (ਕੁਲੁ. 3:13) ਹਰ ਵਾਰ ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਮਾਫ਼ ਕਰਦੇ ਹਾਂ, ਤਾਂ ਅਸੀਂ ਆਪਣੇ ਸਵਰਗੀ ਪਿਤਾ ਨੂੰ ਦਿਖਾਉਂਦੇ ਹਾਂ ਕਿ ਅਸੀਂ ਰਿਹਾਈ ਦੀ ਕੀਮਤ ਦੀ ਦਿਲੋਂ ਕਦਰ ਕਰਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਦਿੱਤੇ ਇਸ ਤੋਹਫ਼ੇ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ?

ਅਸੀਂ ਯਿਸੂ ਦੀ ਕੁਰਬਾਨੀ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ?

14. ਕਿਹੜੇ ਇਕ ਤਰੀਕੇ ਨਾਲ ਅਸੀਂ ਯਿਸੂ ਦੀ ਕੁਰਬਾਨੀ ਲਈ ਆਪਣੀ ਕਦਰ ਵਧਾ ਸਕਦੇ ਹਾਂ?

14 ਯਿਸੂ ਦੀ ਕੁਰਬਾਨੀ ਲਈ ਯਹੋਵਾਹ ਦਾ ਧੰਨਵਾਦ ਕਰੋ। ਭਾਰਤ ਵਿਚ ਰਹਿਣ ਵਾਲੀ 83 ਸਾਲ ਦੀ ਭੈਣ ਜੋਆਨਾ ਕਹਿੰਦੀ ਹੈ: “ਮੈਂ ਹਰ ਰੋਜ਼ ਪ੍ਰਾਰਥਨਾ ਵਿਚ ਯਿਸੂ ਦੀ ਕੁਰਬਾਨੀ ਦਾ ਜ਼ਿਕਰ ਕਰਦੀ ਹਾਂ ਅਤੇ ਇਸ ਲਈ ਯਹੋਵਾਹ ਦਾ ਧੰਨਵਾਦ ਕਰਦੀ ਹਾਂ।” ਪੂਰੇ ਦਿਨ ਵਿਚ ਸਾਡੇ ਤੋਂ ਜੋ ਵੀ ਗ਼ਲਤੀਆਂ ਹੁੰਦੀਆਂ ਹਨ ਉਨ੍ਹਾਂ ਬਾਰੇ ਪ੍ਰਾਰਥਨਾ ਵਿਚ ਸਾਨੂੰ ਯਹੋਵਾਹ ਨੂੰ ਦੱਸਣਾ ਚਾਹੀਦਾ ਹੈ ਅਤੇ ਫਿਰ ਉਸ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਪਰ ਜੇ ਸਾਡੇ ਤੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਸਾਨੂੰ ਬਜ਼ੁਰਗਾਂ ਤੋਂ ਵੀ ਮਦਦ ਲੈਣੀ ਚਾਹੀਦੀ ਹੈ। ਉਹ ਸਾਡੀ ਗੱਲ ਸੁਣਨਗੇ ਅਤੇ ਬਾਈਬਲ ਵਿੱਚੋਂ ਸਾਨੂੰ ਸਲਾਹ ਦੇਣਗੇ। ਨਾਲੇ ਉਹ ਸਾਡੇ ਨਾਲ ਪ੍ਰਾਰਥਨਾ ਕਰਨਗੇ ਅਤੇ ਯਹੋਵਾਹ ਤੋਂ ਸਾਡੇ ਲਈ ਮਾਫ਼ੀ ਮੰਗਣਗੇ ਤਾਂਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਦੁਬਾਰਾ ਜੁੜ ਸਕੇ।​—ਯਾਕੂ. 5:14-16.

15. ਯਿਸੂ ਦੀ ਕੁਰਬਾਨੀ ਬਾਰੇ ਪੜ੍ਹਨ ਅਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਣਾ ਕਿਉਂ ਜ਼ਰੂਰੀ ਹੈ?

15 ਯਿਸੂ ਦੀ ਕੁਰਬਾਨੀ ’ਤੇ ਸੋਚ-ਵਿਚਾਰ ਕਰੋ। ਭੈਣ ਰਾਜਮਣੀ, ਜੋ ਕਿ 73 ਸਾਲ ਦੀ ਹੈ, ਕਹਿੰਦੀ ਹੈ: “ਹਰ ਵਾਰ ਜਦੋਂ ਮੈਂ ਯਿਸੂ ਬਾਰੇ ਪੜ੍ਹਦੀ ਹਾਂ ਕਿ ਉਸ ਨੇ ਕੀ ਕੁਝ ਸਿਹਾ, ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।” ਪਰਮੇਸ਼ੁਰ ਦੇ ਪੁੱਤਰ ਨੇ ਜੋ ਦੁੱਖ ਝੱਲੇ ਉਨ੍ਹਾਂ ਬਾਰੇ ਸੋਚ ਕੇ ਸਾਡਾ ਦਿਲ ਵੀ ਭਰ ਸਕਦਾ ਹੈ। ਪਰ ਜਿੰਨਾ ਜ਼ਿਆਦਾ ਅਸੀਂ ਯਿਸੂ ਦੀ ਕੁਰਬਾਨੀ ’ਤੇ ਸੋਚ-ਵਿਚਾਰ ਕਰਾਂਗੇ, ਉੱਨਾ ਜ਼ਿਆਦਾ ਸਾਡਾ ਯਿਸੂ ਲਈ ਅਤੇ ਯਹੋਵਾਹ ਲਈ ਪਿਆਰ ਹੋਰ ਵਧੇਗਾ। ਰਿਹਾਈ ਦੀ ਕੀਮਤ ’ਤੇ ਸੋਚ-ਵਿਚਾਰ ਕਰਨ ਲਈ ਕਿਉਂ ਨਾ ਇਸ ਬਾਰੇ ਗਹਿਰਾਈ ਨਾਲ ਨਿੱਜੀ ਅਧਿਐਨ ਕਰੋ।

ਯਿਸੂ ਨੇ ਆਪਣੇ ਚੇਲਿਆਂ ਨੂੰ ਦਿਖਾਇਆ ਕਿ ਉਹ ਇਹ ਸਾਦੀ ਜਿਹੀ ਰੀਤ ਮਨਾ ਕੇ ਉਸ ਦੀ ਕੁਰਬਾਨੀ ਨੂੰ ਯਾਦ ਰੱਖ ਸਕਦੇ ਸਨ (ਪੈਰਾ 16 ਦੇਖੋ)

16. ਦੂਸਰਿਆਂ ਨੂੰ ਯਿਸੂ ਦੀ ਕੁਰਬਾਨੀ ਬਾਰੇ ਦੱਸਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

16 ਦੂਸਰਿਆਂ ਨੂੰ ਯਿਸੂ ਦੀ ਕੁਰਬਾਨੀ ਬਾਰੇ ਦੱਸੋ। ਹਰ ਵਾਰ ਦੂਸਰਿਆਂ ਨੂੰ ਯਿਸੂ ਦੀ ਕੁਰਬਾਨੀ ਬਾਰੇ ਦੱਸਣ ਨਾਲ ਇਸ ਲਈ ਸਾਡੀ ਕਦਰ ਹੋਰ ਵਧਦੀ ਹੈ। ਸੰਗਠਨ ਨੇ ਸਾਨੂੰ ਬਹੁਤ ਵਧੀਆ ਪ੍ਰਕਾਸ਼ਨ ਅਤੇ ਵੀਡੀਓਜ਼ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਦੂਸਰਿਆਂ ਨੂੰ ਸਿਖਾ ਸਕਦੇ ਹਾਂ ਕਿ ਯਿਸੂ ਸਾਡੇ ਲਈ ਕਿਉਂ ਮਰਿਆ। ਮਿਸਾਲ ਲਈ, ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦਾ ਪਾਠ 4 “ਯਿਸੂ ਮਸੀਹ ਕੌਣ ਹੈ?” ਜਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਅਧਿਆਇ 5 “ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!” ਨਾਲੇ ਹਰ ਸਾਲ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਅਤੇ ਜੋਸ਼ ਨਾਲ ਦੂਸਰਿਆਂ ਨੂੰ ਵੀ ਇਸ ਵਿਚ ਹਾਜ਼ਰ ਹੋਣ ਦਾ ਸੱਦਾ ਦੇ ਕੇ ਅਸੀਂ ਯਿਸੂ ਦੀ ਕੁਰਬਾਨੀ ਲਈ ਆਪਣੀ ਕਦਰ ਹੋਰ ਵਧਾ ਸਕਦੇ ਹਾਂ। ਸੱਚ-ਮੁੱਚ ਯਹੋਵਾਹ ਨੇ ਸਾਨੂੰ ਆਪਣੇ ਪੁੱਤਰ ਬਾਰੇ ਦੂਸਰਿਆਂ ਨੂੰ ਸਿਖਾਉਣ ਦਾ ਕਿੰਨਾ ਹੀ ਵੱਡਾ ਸਨਮਾਨ ਦਿੱਤਾ ਹੈ!

17. ਰਿਹਾਈ ਦੀ ਕੀਮਤ ਪਰਮੇਸ਼ੁਰ ਵੱਲੋਂ ਇਕ ਅਨਮੋਲ ਤੋਹਫ਼ਾ ਕਿਉਂ ਹੈ?

17 ਅਸੀਂ ਰਿਹਾਈ ਦੀ ਕੀਮਤ ਲਈ ਕਦਰ ਪੈਦਾ ਕਰਨ ਅਤੇ ਇਸ ਨੂੰ ਹੋਰ ਵਧਾਉਣ ਦੇ ਕਈ ਕਾਰਨ ਦੇਖੇ। ਯਿਸੂ ਦੀ ਕੁਰਬਾਨੀ ਕਰਕੇ ਅਸੀਂ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਯਹੋਵਾਹ ਨਾਲ ਇਕ ਕਰੀਬੀ ਰਿਸ਼ਤਾ ਬਣਾ ਸਕਦੇ ਹਾਂ। ਨਾਲੇ ਇਸ ਨਾਲ ਸ਼ੈਤਾਨ ਦੇ ਕੰਮਾਂ ਦਾ ਵੀ ਨਾਸ਼ ਕੀਤਾ ਜਾਵੇਗਾ। (1 ਯੂਹੰ. 3:8) ਰਿਹਾਈ ਦੀ ਕੀਮਤ ਕਰਕੇ ਧਰਤੀ ਲਈ ਯਹੋਵਾਹ ਦਾ ਮਕਸਦ ਪੂਰਾ ਹੋਵੇਗਾ ਅਤੇ ਪੂਰੀ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ। ਇਸ ਉੱਤੇ ਰਹਿਣ ਵਾਲਾ ਹਰ ਇਨਸਾਨ ਪਰਮੇਸ਼ੁਰ ਨੂੰ ਪਿਆਰ ਕਰੇਗਾ ਅਤੇ ਉਸ ਦੀ ਸੇਵਾ ਕਰੇਗਾ। ਇਸ ਲਈ ਆਓ ਆਪਾਂ ਹਰ ਰੋਜ਼ ਆਪਣੇ ਕੰਮਾਂ ਤੋਂ ਦਿਖਾਈਏ ਕਿ ਅਸੀਂ ਪਰਮੇਸ਼ੁਰ ਦੇ ਇਸ ਅਨਮੋਲ ਤੋਹਫ਼ੇ ਦੀ ਕਦਰ ਕਰਦੇ ਹਾਂ!

ਗੀਤ 2 ਯਹੋਵਾਹ ਤੇਰਾ ਧੰਨਵਾਦ

^ ਪੈਰਾ 5 ਯਿਸੂ ਨੂੰ ਦਰਦਨਾਕ ਮੌਤ ਕਿਉਂ ਮਰਨਾ ਪਿਆ? ਇਸ ਲੇਖ ਵਿਚ ਅਸੀਂ ਇਸ ਸਵਾਲ ਦਾ ਜਵਾਬ ਲਵਾਂਗੇ। ਨਾਲੇ ਇਸ ਵਿਚ ਦੱਸਿਆ ਜਾਵੇਗਾ ਕਿ ਅਸੀਂ ਯਿਸੂ ਦੀ ਕੁਰਬਾਨੀ ਪ੍ਰਤੀ ਆਪਣੀ ਕਦਰਦਾਨੀ ਹੋਰ ਕਿਵੇਂ ਵਧਾ ਸਕਦੇ ਹਾਂ।

^ ਪੈਰਾ 6 ਰੋਮੀਆਂ ਦੀ ਰੀਤ ਮੁਤਾਬਕ ਅਪਰਾਧੀਆਂ ਨੂੰ ਜੀਉਂਦੇ-ਜੀ ਸੂਲ਼ੀ ’ਤੇ ਬੰਨ੍ਹ ਦਿੱਤਾ ਜਾਂਦਾ ਸੀ ਜਾਂ ਫਿਰ ਉਨ੍ਹਾਂ ਦੇ ਕਿੱਲ ਠੋਕ ਦਿੱਤੇ ਜਾਂਦੇ ਸਨ। ਯਹੋਵਾਹ ਨੇ ਆਪਣੇ ਪੁੱਤਰ ਨੂੰ ਇਸੇ ਰੀਤ ਮੁਤਾਬਕ ਮਰਨ ਦਿੱਤਾ।

^ ਪੈਰਾ 55 ਤਸਵੀਰਾਂ ਬਾਰੇ ਜਾਣਕਾਰੀ: ਹਰ ਭਰਾ ਪਾਪ ਕਰਨ ਦੇ ਫੰਦੇ ਤੋਂ ਬਚਦਾ ਹੈ, ਜਿਵੇਂ ਕਿ ਅਸ਼ਲੀਲ ਤਸਵੀਰਾਂ ਦੇਖਣ ਤੋਂ, ਸਿਗਰਟ ਪੀਣ ਤੋਂ ਜਾਂ ਰਿਸ਼ਵਤ ਲੈਣ ਤੋਂ।