Skip to content

Skip to table of contents

ਚਿੰਤਾਵਾਂ ਦੇ ਬਾਵਜੂਦ ਆਪਣੀ ਖ਼ੁਸ਼ੀ ਤੇ ਸ਼ਾਂਤੀ ਬਣਾਈ ਰੱਖੋ

ਚਿੰਤਾਵਾਂ ਦੇ ਬਾਵਜੂਦ ਆਪਣੀ ਖ਼ੁਸ਼ੀ ਤੇ ਸ਼ਾਂਤੀ ਬਣਾਈ ਰੱਖੋ

ਚਿੰਤਾ ਇਕ ਭਾਰੀ ਬੋਝ ਵਾਂਗ ਹੋ ਸਕਦੀ ਹੈ। (ਕਹਾ. 12:25) ਕੀ ਤੁਸੀਂ ਵੀ ਕਦੇ ਇਸ ਭਾਰੇ ਬੋਝ ਹੇਠ ਦੱਬੇ ਹੋਏ ਮਹਿਸੂਸ ਕੀਤਾ ਹੈ? ਕੀ ਤੁਹਾਨੂੰ ਵੀ ਕਦੇ ਲੱਗਾ ਹੈ, ‘ਬੱਸ! ਹੁਣ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ?’ ਜੇ ਇੱਦਾਂ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਸਾਡੇ ਵਿੱਚੋਂ ਬਹੁਤ ਜਣਿਆਂ ਨੂੰ ਆਪਣੇ ਕਿਸੇ ਪਰਿਵਾਰ ਦੇ ਬੀਮਾਰ ਜੀਅ ਦੀ ਦੇਖ-ਭਾਲ ਕਰਨੀ ਪੈ ਰਹੀ ਹੈ, ਆਪਣੇ ਕਿਸੇ ਪਿਆਰੇ ਦੀ ਮੌਤ ਦਾ ਗਮ ਸਹਿਣਾ ਪੈ ਰਿਹਾ ਹੈ ਅਤੇ ਕਿਸੇ ਕੁਦਰਤੀ ਆਫ਼ਤ ਦੀ ਮਾਰ ਝੱਲਣੀ ਪੈ ਰਹੀ ਹੈ। ਜਾਂ ਇੱਦਾਂ ਦੀਆਂ ਹੋਰ ਮੁਸ਼ਕਲਾਂ ਕਰਕੇ ਸ਼ਾਇਦ ਅਸੀਂ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਈਏ। ਪਰ ਚਿੰਤਾਵਾਂ ਦੇ ਬਾਵਜੂਦ ਵੀ ਅਸੀਂ ਆਪਣੀ ਖ਼ੁਸ਼ੀ ਤੇ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ? a

ਰਾਜਾ ਦਾਊਦ ਦੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਅਸੀਂ ਸਿੱਖਾਂਗੇ ਕਿ ਅਸੀਂ ਚਿੰਤਾਵਾਂ ਵਿਚ ਵੀ ਆਪਣੀ ਖ਼ੁਸ਼ੀ ਤੇ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ। ਦਾਊਦ ਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਔਖੀਆਂ ਘੜੀਆਂ ਵਿੱਚੋਂ ਨਿਕਲਣਾ ਪਿਆ, ਇੱਥੋਂ ਤਕ ਕਿ ਕਈ ਵਾਰ ਉਸ ਦੀ ਜਾਨ ਨੂੰ ਵੀ ਖ਼ਤਰਾ ਹੁੰਦਾ ਸੀ। (1 ਸਮੂ. 17:34, 35; 18:10, 11) ਇਨ੍ਹਾਂ ਔਖੀਆਂ ਘੜੀਆਂ ਵਿਚ ਦਾਊਦ ਨੇ ਕੀ ਕੀਤਾ? ਚਿੰਤਾਵਾਂ ਨਾਲ ਸਿੱਝਦੇ ਵੇਲੇ ਅਸੀਂ ਦਾਊਦ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਚਿੰਤਾ ਹੋਣ ਤੇ ਦਾਊਦ ਨੇ ਕੀ ਕੀਤਾ?

ਦਾਊਦ ਨੂੰ ਇੱਕੋ ਸਮੇਂ ʼਤੇ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਨਿਕਲਣਾ ਪਿਆ। ਉਦਾਹਰਣ ਲਈ, ਜਦੋਂ ਰਾਜਾ ਸ਼ਾਊਲ ਦਾਊਦ ਦੇ ਖ਼ੂਨ ਦਾ ਪਿਆਸਾ ਸੀ ਅਤੇ ਦਾਊਦ ਉਸ ਤੋਂ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ, ਤਾਂ ਉਸ ਨੂੰ ਇਕ ਹੋਰ ਮੁਸ਼ਕਲ ਘੜੀ ਵਿੱਚੋਂ ਲੰਘਣਾ ਪਿਆ। ਜਦੋਂ ਉਹ ਅਤੇ ਉਸ ਦੇ ਆਦਮੀ ਇਕ ਯੁੱਧ ਲੜ ਕੇ ਵਾਪਸ ਆਏ, ਤਾਂ ਉਹ ਇਹ ਦੇਖ ਕੇ ਹੈਰਾਨ-ਪਰੇਸ਼ਾਨ ਹੋ ਗਏ ਕਿ ਦੁਸ਼ਮਣ ਉਨ੍ਹਾਂ ਦੀਆਂ ਚੀਜ਼ਾਂ ਲੁੱਟ ਕੇ ਲੈ ਗਏ ਸਨ, ਉਨ੍ਹਾਂ ਦੇ ਘਰਾਂ ਨੂੰ ਅੱਗ ਲਾ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ ਸਨ। ਇਹ ਸਭ ਦੇਖ ਕੇ “ਦਾਊਦ ਤੇ ਉਸ ਦੇ ਆਦਮੀ ਉੱਚੀ-ਉੱਚੀ ਰੋਣ ਲੱਗੇ। ਉਹ ਤਦ ਤਕ ਰੋਂਦੇ ਰਹੇ ਜਦ ਤਕ ਉਨ੍ਹਾਂ ਵਿਚ ਹੋਰ ਰੋਣ ਦੀ ਤਾਕਤ ਨਾ ਰਹੀ।” ਦਾਊਦ ਦੀ ਚਿੰਤਾ ਉਦੋਂ ਹੋਰ ਵੀ ਵਧ ਗਈ ਜਦੋਂ ਉਸ ਦੇ ਭਰੋਸੇਮੰਦ ਆਦਮੀ “ਉਸ ਨੂੰ ਪੱਥਰ ਮਾਰਨ ਦੀਆਂ ਗੱਲਾਂ ਕਰ ਰਹੇ ਸਨ।” (1 ਸਮੂ. 30:1-6) ਦਾਊਦ ਨੂੰ ਇੱਕੋ ਸਮੇਂ ʼਤੇ ਤਿੰਨ ਮੁਸ਼ਕਲ ਘੜੀਆਂ ਵਿੱਚੋਂ ਲੰਘਣਾ ਪਿਆ: ਉਸ ਦਾ ਪਰਿਵਾਰ ਖ਼ਤਰੇ ਵਿਚ ਸੀ, ਉਸ ਨੂੰ ਡਰ ਸੀ ਕਿ ਉਸ ਦੇ ਆਪਣੇ ਆਦਮੀ ਉਸ ਨੂੰ ਮਾਰਨਾ ਚਾਹੁੰਦੇ ਸਨ ਅਤੇ ਰਾਜਾ ਸ਼ਾਊਲ ਹਾਲੇ ਵੀ ਉਸ ਦਾ ਪਿੱਛਾ ਕਰ ਰਿਹਾ ਸੀ। ਜ਼ਰਾ ਕਲਪਨਾ ਕਰੋ ਕਿ ਦਾਊਦ ਨੂੰ ਉਸ ਵੇਲੇ ਕਿੰਨੀ ਜ਼ਿਆਦਾ ਚਿੰਤਾ ਹੋਈ ਹੋਣੀ!

ਦਾਊਦ ਨੇ ਅੱਗੇ ਕੀ ਕੀਤਾ? ਉਸ ਨੇ ਉਸੇ ਵੇਲੇ “ਆਪਣੇ ਪਰਮੇਸ਼ੁਰ ਯਹੋਵਾਹ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕੀਤਾ।” ਕਿਵੇਂ? ਚਿੰਤਾ ਹੋਣ ਤੇ ਦਾਊਦ ਮਦਦ ਲਈ ਹਮੇਸ਼ਾ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ ਅਤੇ ਸੋਚ-ਵਿਚਾਰ ਕਰਦਾ ਸੀ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਉਸ ਦੀ ਮਦਦ ਕਿਵੇਂ ਕੀਤੀ ਸੀ। (1 ਸਮੂ. 17:37; ਜ਼ਬੂ. 18:2, 6) ਇਸ ਮੌਕੇ ʼਤੇ ਵੀ ਦਾਊਦ ਜਾਣਦਾ ਸੀ ਕਿ ਉਸ ਨੂੰ ਯਹੋਵਾਹ ਤੋਂ ਸੇਧ ਦੀ ਲੋੜ ਸੀ, ਇਸ ਲਈ ਉਸ ਨੇ ਯਹੋਵਾਹ ਨੂੰ ਪੁੱਛਿਆ ਕਿ ਉਸ ਨੂੰ ਅੱਗੇ ਕੀ ਕਰਨਾ ਚਾਹੀਦਾ ਸੀ। ਯਹੋਵਾਹ ਵੱਲੋਂ ਸੇਧ ਮਿਲਣ ਤੇ ਉਸ ਨੇ ਤੁਰੰਤ ਕਦਮ ਚੁੱਕਿਆ। ਨਤੀਜੇ ਵਜੋਂ, ਯਹੋਵਾਹ ਨੇ ਉਸ ਨੂੰ ਤੇ ਉਸ ਦੇ ਆਦਮੀਆਂ ਨੂੰ ਬਰਕਤਾਂ ਦਿੱਤੀਆਂ ਅਤੇ ਉਹ ਆਪਣੀਆਂ ਚੀਜ਼ਾਂ ਤੇ ਆਪਣੇ ਪਰਿਵਾਰਾਂ ਨੂੰ ਵਾਪਸ ਮੋੜ ਲਿਆਏ। (1 ਸਮੂ. 30:7-9, 18, 19) ਕੀ ਤੁਸੀਂ ਗੌਰ ਕੀਤਾ ਕਿ ਦਾਊਦ ਨੇ ਕਿਹੜੇ ਤਿੰਨ ਕਦਮ ਚੁੱਕੇ? ਉਸ ਨੇ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਉਸ ਦੀ ਮਦਦ ਕਿਵੇਂ ਕੀਤੀ ਸੀ ਅਤੇ ਉਸ ਨੇ ਯਹੋਵਾਹ ਦੀ ਸੇਧ ਮੁਤਾਬਕ ਕਦਮ ਚੁੱਕਿਆ। ਅਸੀਂ ਦਾਊਦ ਦੀ ਰੀਸ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕਿਆਂ ʼਤੇ ਗੌਰ ਕਰੀਏ।

ਚਿੰਤਾ ਹੋਣ ਤੇ ਅਸੀਂ ਦਾਊਦ ਦੀ ਰੀਸ ਕਿਵੇਂ ਕਰ ਸਕਦੇ ਹਾਂ?

1. ਪ੍ਰਾਰਥਨਾ ਕਰੋ। ਜਦੋਂ ਵੀ ਸਾਨੂੰ ਚਿੰਤਾ ਹੁੰਦੀ ਹੈ, ਤਾਂ ਅਸੀਂ ਯਹੋਵਾਹ ਨੂੰ ਮਦਦ ਅਤੇ ਬੁੱਧ ਵਾਸਤੇ ਪ੍ਰਾਰਥਨਾ ਕਰ ਸਕਦੇ ਹਾਂ। ਪ੍ਰਾਰਥਨਾ ਵਿਚ ਉਸ ਦੇ ਸਾਮ੍ਹਣੇ ਆਪਣਾ ਦਿਲ ਖੋਲ੍ਹ ਕੇ ਅਸੀਂ ਆਪਣੇ ਮਨ ਦਾ ਬੋਝ ਹਲਕਾ ਕਰ ਸਕਦੇ ਹਾਂ। ਜਾਂ ਜੇ ਅਸੀਂ ਦਿਲ ਖੋਲ੍ਹ ਕੇ ਪ੍ਰਾਰਥਨਾ ਨਹੀਂ ਕਰ ਸਕਦੇ, ਤਾਂ ਅਸੀਂ ਆਪਣੇ ਮਨ ਵਿਚ ਹੀ ਉਸ ਨੂੰ ਇਕ ਛੋਟੀ ਜਿਹੀ ਪ੍ਰਾਰਥਨਾ ਕਰ ਸਕਦੇ ਹਾਂ। ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਵੇਲੇ ਅਸੀਂ ਦਾਊਦ ਵਰਗਾ ਭਰੋਸਾ ਜ਼ਾਹਰ ਕਰ ਸਕਦੇ ਹਾਂ ਜਿਸ ਨੇ ਕਿਹਾ: “ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ, ਉਹੀ ਮੈਨੂੰ ਬਚਾਉਂਦਾ ਹੈ। ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ ਜਿਸ ਵਿਚ ਮੈਂ ਪਨਾਹ ਲਈ ਹੈ।” (ਜ਼ਬੂ. 18:2) ਕੀ ਸੱਚੀਂ ਪ੍ਰਾਰਥਨਾ ਕਰਨ ਨਾਲ ਕੋਈ ਫ਼ਾਇਦਾ ਹੁੰਦਾ ਹੈ? ਇਕ ਪਾਇਨੀਅਰ ਭੈਣ ਕਾਲੀਆ ਦੱਸਦੀ ਹੈ: “ਪ੍ਰਾਰਥਨਾ ਕਰਨ ਤੋਂ ਬਾਅਦ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਪ੍ਰਾਰਥਨਾ ਕਰਨ ਨਾਲ ਮੈਂ ਆਪਣੀ ਸੋਚ ਯਹੋਵਾਹ ਦੀ ਸੋਚ ਮੁਤਾਬਕ ਢਾਲ ਪਾਉਂਦੀ ਹਾਂ ਅਤੇ ਉਸ ਉੱਤੇ ਮੇਰਾ ਭਰੋਸਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਜਾਂਦਾ ਹੈ।” ਸੱਚ-ਮੁੱਚ! ਪ੍ਰਾਰਥਨਾ ਯਹੋਵਾਹ ਵੱਲੋਂ ਇਕ ਬੇਸ਼ਕੀਮਤੀ ਤੋਹਫ਼ਾ ਹੈ ਜਿਸ ਕਰਕੇ ਅਸੀਂ ਚਿੰਤਾਵਾਂ ਨਾਲ ਸਿੱਝ ਪਾਉਂਦੇ ਹਾਂ।

2. ਸੋਚ-ਵਿਚਾਰ ਕਰੋ। ਜਦੋਂ ਤੁਸੀਂ ਆਪਣੀ ਪਿਛਲੀ ਜ਼ਿੰਦਗੀ ʼਤੇ ਝਾਤ ਮਾਰਦੇ ਹੋ, ਤਾਂ ਤੁਹਾਨੂੰ ਕੋਈ ਅਜਿਹੀ ਔਖੀ ਘੜੀ ਯਾਦ ਆਉਂਦੀ ਹੈ ਜਿਸ ਨੂੰ ਤੁਸੀਂ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਸਹਿ ਸਕੇ ਸੀ? ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਸਾਡੀ ਅਤੇ ਹੋਰ ਸੇਵਕਾਂ ਦੀ ਮਦਦ ਕਿਵੇਂ ਕੀਤੀ ਸੀ, ਤਾਂ ਸਾਨੂੰ ਤਾਕਤ ਮਿਲਦੀ ਹੈ ਅਤੇ ਉਸ ʼਤੇ ਸਾਡਾ ਭਰੋਸਾ ਹੋਰ ਵੀ ਵਧਦਾ ਹੈ। (ਜ਼ਬੂ. 18:17-19) ਯੋਸ਼ੁਆ ਨਾਂ ਦਾ ਇਕ ਬਜ਼ੁਰਗ ਦੱਸਦਾ ਹੈ: “ਮੈਂ ਉਹ ਸਾਰੀਆਂ ਪ੍ਰਾਰਥਨਾਵਾਂ ਲਿਖ ਕੇ ਰੱਖੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੈਨੂੰ ਜਵਾਬ ਦਿੱਤਾ ਸੀ। ਇਸ ਤਰ੍ਹਾਂ ਮੈਂ ਉਸ ਸਮੇਂ ਨੂੰ ਯਾਦ ਕਰ ਪਾਉਂਦਾ ਹਾਂ ਜਦੋਂ ਮੈਂ ਕਿਸੇ ਖ਼ਾਸ ਗੱਲ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਅਤੇ ਉਸ ਨੇ ਮੇਰੀ ਲੋੜ ਮੁਤਾਬਕ ਮੈਨੂੰ ਜਵਾਬ ਦਿੱਤਾ।” ਜੀ ਹਾਂ, ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਪਹਿਲਾਂ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਅਸੀਂ ਨਵੇਂ ਸਿਰਿਓਂ ਤਾਕਤ ਪਾਉਂਦੇ ਹਾਂ ਅਤੇ ਚਿੰਤਾਵਾਂ ਨਾਲ ਸਿੱਝ ਪਾਉਂਦੇ ਹਾਂ।

3. ਕਦਮ ਚੁੱਕੋ। ਕਿਸੇ ਵੀ ਹਾਲਾਤ ਵਿਚ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੇ ਬਚਨ ਤੋਂ ਸਲਾਹ ਲਵੋ। (ਜ਼ਬੂ. 19:7, 11) ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਕਿਸੇ ਆਇਤ ʼਤੇ ਖੋਜਬੀਨ ਕਰਨ ਨਾਲ ਉਹ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ ਕਿ ਉਹ ਆਇਤ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਵੇਂ ਲਾਗੂ ਹੁੰਦੀ ਹੈ। ਜੈਰਡ ਨਾਂ ਦਾ ਬਜ਼ੁਰਗ ਕਹਿੰਦਾ ਹੈ: “ਕਿਸੇ ਆਇਤ ʼਤੇ ਖੋਜਬੀਨ ਕਰਨ ਨਾਲ ਮੈਂ ਉਸ ਆਇਤ ਨੂੰ ਹੋਰ ਚੰਗੀ ਤਰ੍ਹਾਂ ਜਾਣ ਪਾਉਂਦਾ ਹਾਂ ਅਤੇ ਸਮਝ ਪਾਉਂਦਾ ਹਾਂ ਕਿ ਯਹੋਵਾਹ ਮੈਨੂੰ ਕੀ ਕਰਨ ਲਈ ਕਹਿ ਰਿਹਾ ਹੈ। ਉਹ ਆਇਤ ਮੇਰੇ ਦਿਲ ਨੂੰ ਛੂਹ ਜਾਂਦੀ ਹੈ ਜਿਸ ਕਰਕੇ ਮੈਂ ਉਸ ਮੁਤਾਬਕ ਕਦਮ ਚੁੱਕਣ ਲਈ ਪ੍ਰੇਰਿਤ ਹੁੰਦਾ ਹਾਂ।” ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸੇਧ ਲੈਂਦੇ ਹਾਂ ਅਤੇ ਉਸ ਮੁਤਾਬਕ ਕਦਮ ਚੁੱਕਦੇ ਹਾਂ, ਤਾਂ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਚਿੰਤਾਵਾਂ ਨਾਲ ਸਿੱਝ ਪਾਉਂਦੇ ਹਾਂ।

ਯਹੋਵਾਹ ਦੀ ਮਦਦ ਨਾਲ ਆਪਣੀ ਖ਼ੁਸ਼ੀ ਤੇ ਸ਼ਾਂਤੀ ਬਣਾਈ ਰੱਖੋ

ਦਾਊਦ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੋਵਾਹ ਦੀ ਮਦਦ ਨਾਲ ਹੀ ਉਹ ਚਿੰਤਾਵਾਂ ਨਾਲ ਸਿੱਝ ਸਕਦਾ ਸੀ। ਉਹ ਯਹੋਵਾਹ ਦੀ ਮਦਦ ਲਈ ਦਿਲੋਂ ਸ਼ੁਕਰਗੁਜ਼ਾਰ ਸੀ। ਇਸ ਕਰਕੇ ਹੀ ਉਸ ਨੇ ਕਿਹਾ: “ਪਰਮੇਸ਼ੁਰ ਦੀ ਤਾਕਤ ਨਾਲ ਮੈਂ ਕੰਧ ਟੱਪ ਸਕਦਾ ਹਾਂ। ਸੱਚਾ ਪਰਮੇਸ਼ੁਰ ਮੈਨੂੰ ਤਾਕਤ ਦਿੰਦਾ ਹੈ, ਉਹ ਮੇਰਾ ਰਾਹ ਪੱਧਰਾ ਕਰੇਗਾ।” (ਜ਼ਬੂ. 18:29, 32) ਸ਼ਾਇਦ ਅਸੀਂ ਵੀ ਕੁਝ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਲੰਘੀਏ ਜੋ ਸਾਨੂੰ ਕੰਧ ਵਰਗੀਆਂ ਲੱਗ ਸਕਦੀਆਂ ਹਨ ਅਤੇ ਜਿਨ੍ਹਾਂ ਨੂੰ ਟੱਪਣਾ ਸਾਡੇ ਲਈ ਔਖਾ ਹੋ ਸਕਦਾ ਹੈ। ਪਰ ਅਸੀਂ ਯਹੋਵਾਹ ਦੀ ਮਦਦ ਨਾਲ ਕੰਧ ਵਰਗੀਆਂ ਮੁਸ਼ਕਲਾਂ ਨੂੰ ਟੱਪ ਸਕਦੇ ਹਾਂ! ਜੀ ਹਾਂ, ਸਾਨੂੰ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਸ ਗੱਲ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਕਿਵੇਂ ਸਾਡੀ ਮਦਦ ਕੀਤੀ ਸੀ ਅਤੇ ਉਸ ਦੀ ਸਲਾਹ ਮੁਤਾਬਕ ਕਦਮ ਚੁੱਕਣਾ ਚਾਹੀਦਾ ਹੈ। ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਚਿੰਤਾਵਾਂ ਨਾਲ ਸਿੱਝਣ ਲਈ ਯਹੋਵਾਹ ਹੀ ਸਾਨੂੰ ਤਾਕਤ ਅਤੇ ਬੁੱਧ ਦੇ ਸਕਦਾ ਹੈ!

a ਇਕ ਵਿਅਕਤੀ ਜਿਸ ਨੂੰ ਹੱਦੋਂ ਵੱਧ ਚਿੰਤਾ ਹੈ, ਸ਼ਾਇਦ ਉਸ ਨੂੰ ਡਾਕਟਰ ਕੋਲ ਜਾਣ ਦੀ ਲੋੜ ਪਵੇ।