Skip to content

Skip to table of contents

ਅਧਿਐਨ ਲੇਖ 16

ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰੋ ਅਤੇ ਖ਼ੁਸ਼ੀ ਪਾਓ

ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰੋ ਅਤੇ ਖ਼ੁਸ਼ੀ ਪਾਓ

“ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ।”​—ਗਲਾ. 6:4.

ਗੀਤ 37 ਦਿਲੋਂ-ਜਾਨ ਨਾਲ ਯਹੋਵਾਹ ਦੀ ਸੇਵਾ ਕਰੋ

ਖ਼ਾਸ ਗੱਲਾਂ a

1. ਕਿਹੜੀ ਗੱਲ ਕਰਕੇ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ?

 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ। ਅਸੀਂ ਇਹ ਗੱਲ ਇਸ ਲਈ ਜਾਣਦੇ ਹਾਂ ਕਿਉਂਕਿ ਖ਼ੁਸ਼ੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22) ਨਾਲੇ ਇਹ ਵੀ ਗੱਲ ਸੱਚ ਹੈ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਸ ਲਈ ਜਦੋਂ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ।​—ਰਸੂ. 20:35.

2-3. (ੳ) ਗਲਾਤੀਆਂ 6:4 ਵਿਚ ਜ਼ਿਕਰ ਕੀਤੀਆਂ ਕਿਹੜੀਆਂ ਦੋ ਗੱਲਾਂ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਬਣਾਈ ਰੱਖਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਗਲਾਤੀਆਂ 6:4 ਵਿਚ ਪੌਲੁਸ ਰਸੂਲ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਰਾਹੀਂ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਾਂ। (ਪੜ੍ਹੋ।) ਪਹਿਲੀ ਗੱਲ, ਅਸੀਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਜ਼ਰੂਰ ਖ਼ੁਸ਼ੀ ਮਿਲੇਗੀ। (ਮੱਤੀ 22:36-38) ਦੂਜੀ ਗੱਲ, ਸਾਨੂੰ ਕਦੇ ਵੀ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ। ਆਪਣੀ ਸਿਹਤ, ਸਿਖਲਾਈ ਜਾਂ ਕਾਬਲੀਅਤਾਂ ਕਰਕੇ ਅਸੀਂ ਜੋ ਕੁਝ ਵੀ ਕਰ ਪਾਉਂਦੇ ਹਾਂ, ਉਸ ਲਈ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਜੋ ਵੀ ਹੈ, ਉਹ ਸਾਰਾ ਕੁਝ ਉਸ ਨੇ ਹੀ ਸਾਨੂੰ ਦਿੱਤਾ ਹੈ। ਇਸ ਤੋਂ ਇਲਾਵਾ, ਜੇ ਦੂਸਰੇ ਭੈਣ-ਭਰਾ ਸੇਵਾ ਦੇ ਕਿਸੇ ਪਹਿਲੂ ਵਿਚ ਸਾਡੇ ਨਾਲੋਂ ਜ਼ਿਆਦਾ ਵਧੀਆ ਹਨ, ਤਾਂ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਹੁਨਰ ਆਪਣੇ ਆਪ ਨੂੰ ਵਡਿਆਉਣ ਲਈ ਜਾਂ ਆਪਣੇ ਸੁਆਰਥ ਪੂਰੇ ਕਰਨ ਲਈ ਨਹੀਂ, ਸਗੋਂ ਯਹੋਵਾਹ ਦੀ ਵਡਿਆਈ ਕਰਨ ਲਈ ਵਰਤ ਰਹੇ ਹਨ। ਇਸ ਲਈ ਸਾਨੂੰ ਉਨ੍ਹਾਂ ਨਾਲ ਮੁਕਾਬਲਾ ਕਰਨ ਦੀ ਬਜਾਇ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।

3 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਨਿਰਾਸ਼ ਹੋਣ ਤੋਂ ਕਿਵੇਂ ਬਚ ਸਕਦੇ ਹਾਂ ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਵਧੀਆ ਢੰਗ ਨਾਲ ਕਿਵੇਂ ਵਰਤ ਸਕਦੇ ਹਾਂ ਅਤੇ ਦੂਜਿਆਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।

ਜਦੋਂ ਅਸੀਂ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ

ਅਸੀਂ ਸਾਰੀ ਜ਼ਿੰਦਗੀ ਜੀ-ਜਾਨ ਨਾਲ ਸੇਵਾ ਕਰ ਕੇ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ (ਪੈਰੇ 4-6 ਦੇਖੋ) b

4. ਕੁਝ ਸੇਵਕ ਕਿਉਂ ਨਿਰਾਸ਼ ਹੋ ਜਾਂਦੇ ਹਨ? ਮਿਸਾਲ ਦਿਓ।

4 ਯਹੋਵਾਹ ਦੇ ਕਈ ਸੇਵਕਾਂ ਲਈ ਵਧਦੀ ਉਮਰ ਜਾਂ ਖ਼ਰਾਬ ਸਿਹਤ ਕਰਕੇ ਜ਼ਿਆਦਾ ਸੇਵਾ ਕਰਨੀ ਮੁਸ਼ਕਲ ਹੋ ਸਕਦੀ ਹੈ। ਕੈਰਲ ਨਾਲ ਵੀ ਇਸੇ ਤਰ੍ਹਾਂ ਹੋਇਆ। ਇਕ ਸਮੇਂ ʼਤੇ ਉਹ ਉੱਥੇ ਸੇਵਾ ਕਰਦੀ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉਸ ਸਮੇਂ ਦੌਰਾਨ ਉਸ ਨੇ 35 ਬਾਈਬਲ ਸਟੱਡੀਆਂ ਕਰਾਈਆਂ ਅਤੇ ਉਸ ਨੇ ਕਈ ਲੋਕਾਂ ਦੀ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕੀਤੀ। ਪਰ ਫਿਰ ਉਸ ਦੀ ਸਿਹਤ ਖ਼ਰਾਬ ਹੋ ਗਈ ਜਿਸ ਕਰਕੇ ਉਸ ਨੂੰ ਜ਼ਿਆਦਾਤਰ ਸਮਾਂ ਘਰ ਵਿਚ ਹੀ ਰਹਿਣਾ ਪੈਂਦਾ ਸੀ। ਕੈਰਲ ਦੱਸਦੀ ਹੈ: “ਮੈਨੂੰ ਪਤਾ ਹੈ ਕਿ ਮੈਂ ਆਪਣੀ ਖ਼ਰਾਬ ਸਿਹਤ ਕਰਕੇ ਦੂਜਿਆਂ ਜਿੰਨੀ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੀ। ਪਰ ਮੈਂ ਜਿੰਨਾ ਕਰਨਾ ਚਾਹੁੰਦੀ ਹਾਂ, ਉੱਨਾ ਵੀ ਨਹੀਂ ਕਰ ਪਾਉਂਦੀ। ਇਸ ਕਰਕੇ ਮੈਂ ਨਿਰਾਸ਼ ਹੋ ਜਾਂਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਦੂਜੇ ਭੈਣਾਂ-ਭਰਾਵਾਂ ਜਿੰਨੀ ਵਫ਼ਾਦਾਰ ਨਹੀਂ ਹਾਂ।” ਬੀਮਾਰ ਹੋਣ ਦੇ ਬਾਵਜੂਦ ਕੈਰਲ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਹੈ। ਸੱਚ-ਮੁੱਚ! ਇਹ ਤਾਰੀਫ਼ ਦੀ ਗੱਲ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਹਮਦਰਦ ਪਿਤਾ ਉਸ ਦੀ ਇਸ ਇੱਛਾ ਤੋਂ ਜ਼ਰੂਰ ਖ਼ੁਸ਼ ਹੁੰਦਾ ਹੋਣਾ।

5. (ੳ) ਜੇ ਅਸੀਂ ਯਹੋਵਾਹ ਦੀ ਸੇਵਾ ਪਹਿਲਾਂ ਜਿੰਨੀ ਨਾ ਕਰ ਪਾਉਣ ਕਰਕੇ ਨਿਰਾਸ਼ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਕਿਹੜੀ ਗੱਲ ਯਾਦ ਕਰਾਉਣੀ ਚਾਹੀਦੀ ਹੈ? (ਅ) ਤਸਵੀਰ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਭਰਾ ਹਮੇਸ਼ਾ ਤੋਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਦਾ ਆ ਰਿਹਾ ਹੈ?

5 ਕੀ ਤੁਸੀਂ ਪਹਿਲਾਂ ਜਿੰਨੀ ਯਹੋਵਾਹ ਦੀ ਸੇਵਾ ਨਹੀਂ ਕਰ ਪਾ ਰਹੇ ਹੋ? ਜੇ ਹਾਂ, ਤਾਂ ਆਪਣੇ ਆਪ ਨੂੰ ਪੁੱਛੋ, ‘ਯਹੋਵਾਹ ਮੇਰੇ ਤੋਂ ਕੀ ਚਾਹੁੰਦਾ ਹੈ?’ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਹਾਲਾਤਾਂ ਮੁਤਾਬਕ ਪੂਰੀ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰੋ। ਜ਼ਰਾ ਇਸ ਮਿਸਾਲ ʼਤੇ ਗੌਰ ਕਰੋ। 80 ਸਾਲਾਂ ਦੀ ਇਕ ਭੈਣ ਇਸ ਗੱਲੋਂ ਨਿਰਾਸ਼ ਹੈ ਕਿ ਉਹ ਯਹੋਵਾਹ ਦੀ ਸੇਵਾ ਵਿਚ ਉੱਨਾ ਨਹੀਂ ਕਰ ਪਾ ਰਹੀ ਜਿੰਨਾ ਉਹ 40 ਸਾਲ ਦੀ ਉਮਰ ਵਿਚ ਕਰਦੀ ਸੀ। ਉਸ ਨੂੰ ਲੱਗਦਾ ਹੈ ਕਿ ਚਾਹੇ ਹੁਣ ਉਹ ਪੂਰੀ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰ ਰਹੀ ਹੈ, ਪਰ ਇਸ ਤੋਂ ਯਹੋਵਾਹ ਖ਼ੁਸ਼ ਨਹੀਂ ਹੈ। ਕੀ ਸੱਚੀਂ ਯਹੋਵਾਹ ਉਸ ਦੀ ਸੇਵਾ ਤੋਂ ਖ਼ੁਸ਼ ਨਹੀਂ ਹੈ? ਜ਼ਰਾ ਇਸ ਬਾਰੇ ਸੋਚੋ ਕਿ ਇਹ ਭੈਣ ਪਹਿਲਾਂ 40 ਸਾਲ ਦੀ ਉਮਰ ਵਿਚ ਅਤੇ ਹੁਣ 80 ਸਾਲ ਦੀ ਉਮਰ ਵਿਚ ਪੂਰੇ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ। ਉਸ ਨੇ ਕਦੇ ਵੀ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ ਅਤੇ ਇਹੀ ਗੱਲ ਯਹੋਵਾਹ ਲਈ ਮਾਅਨੇ ਰੱਖਦੀ ਹੈ। ਜੇ ਸਾਨੂੰ ਵੀ ਲੱਗਦਾ ਹੈ ਕਿ ਯਹੋਵਾਹ ਸਾਡੀ ਸੇਵਾ ਤੋਂ ਖ਼ੁਸ਼ ਨਹੀਂ ਹੈ, ਤਾਂ ਸਾਨੂੰ ਆਪਣੇ ਆਪ ਨੂੰ ਇਹ ਗੱਲ ਯਾਦ ਕਰਾਉਣ ਦੀ ਲੋੜ ਹੈ ਕਿ ਇਹ ਫ਼ੈਸਲਾ ਕਰਨ ਦਾ ਹੱਕ ਯਹੋਵਾਹ ਦਾ ਹੈ ਕਿ ਕਿਹੜੀ ਗੱਲ ਉਸ ਨੂੰ ਖ਼ੁਸ਼ ਕਰੇਗੀ। ਜਦੋਂ ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਨੂੰ ਕਹਿੰਦਾ ਹੈ: “ਸ਼ਾਬਾਸ਼!”​—ਮੱਤੀ 25:20-23 ਵਿਚ ਨੁਕਤਾ ਦੇਖੋ।

6. ਅਸੀਂ ਮਾਰੀਆ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

6 ਅਸੀਂ ਜੋ ਨਹੀਂ ਕਰ ਸਕਦੇ, ਉਸ ʼਤੇ ਆਪਣਾ ਧਿਆਨ ਲਾਉਣ ਦੀ ਬਜਾਇ ਜਦੋਂ ਅਸੀਂ ਆਪਣਾ ਧਿਆਨ ਉਸ ʼਤੇ ਲਾਉਂਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਤਾਂ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਭੈਣ ਮਾਰੀਆ ਦੀ ਮਿਸਾਲ ʼਤੇ ਗੌਰ ਕਰੋ। ਸਿਹਤ ਖ਼ਰਾਬ ਹੋਣ ਕਰਕੇ ਉਹ ਪ੍ਰਚਾਰ ਵਿਚ ਪਹਿਲਾਂ ਜਿੰਨਾ ਹਿੱਸਾ ਨਹੀਂ ਲੈ ਸਕਦੀ। ਸ਼ੁਰੂ-ਸ਼ੁਰੂ ਵਿਚ ਉਹ ਨਿਰਾਸ਼ ਹੋ ਗਈ ਅਤੇ ਉਸ ਨੂੰ ਲੱਗਦਾ ਸੀ ਕਿ ਉਹ ਕਿਸੇ ਕੰਮ ਦੀ ਨਹੀਂ ਰਹੀ। ਪਰ ਫਿਰ ਉਸ ਨੇ ਆਪਣੀ ਮੰਡਲੀ ਵਿਚ ਇਕ ਭੈਣ ਵੱਲ ਧਿਆਨ ਦਿੱਤਾ ਜੋ ਬੀਮਾਰੀ ਕਰਕੇ ਆਪਣੇ ਬਿਸਤਰੇ ਤੋਂ ਉੱਠ ਵੀ ਨਹੀਂ ਸਕਦੀ ਸੀ। ਫਿਰ ਮਾਰੀਆ ਨੇ ਉਸ ਦੀ ਮਦਦ ਕਰਨ ਬਾਰੇ ਸੋਚਿਆ। ਮਾਰੀਆ ਦੱਸਦੀ ਹੈ: “ਮੈਂ ਉਸ ਭੈਣ ਨਾਲ ਮਿਲ ਕੇ ਫ਼ੋਨ ਰਾਹੀਂ ਅਤੇ ਚਿੱਠੀਆਂ ਲਿਖ ਕੇ ਗਵਾਹੀ ਦੇਣ ਲੱਗ ਪਈ। ਹਰ ਵਾਰ ਜਦੋਂ ਮੈਂ ਉਸ ਨਾਲ ਮਿਲ ਕੇ ਪ੍ਰਚਾਰ ਕਰਦੀ ਸੀ, ਤਾਂ ਘਰ ਵਾਪਸ ਆ ਕੇ ਮੈਨੂੰ ਬਹੁਤ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਸੀ ਕਿ ਮੈਂ ਇਸ ਬੀਮਾਰ ਭੈਣ ਦੀ ਮਦਦ ਕਰ ਪਾਈ।” ਸਾਡੀ ਖ਼ੁਸ਼ੀ ਵੀ ਉਦੋਂ ਹੋਰ ਵੱਧ ਸਕਦੀ ਹੈ ਜਦੋਂ ਅਸੀਂ ਆਪਣਾ ਧਿਆਨ ਸਿਰਫ਼ ਉਨ੍ਹਾਂ ਗੱਲਾਂ ʼਤੇ ਲਾਉਂਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਨਾ ਕਿ ਉਨ੍ਹਾਂ ʼਤੇ ਜੋ ਅਸੀਂ ਨਹੀਂ ਕਰ ਸਕਦੇ। ਆਓ ਦੇਖੀਏ, ਅਸੀਂ ਆਪਣੇ ਹੁਨਰ, ਕਾਬਲੀਅਤਾਂ ਤੇ ਸਿਖਲਾਈ ਯਹੋਵਾਹ ਦੀ ਸੇਵਾ ਵਿਚ ਵਰਤ ਕੇ ਹੋਰ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

ਜੇ ਤੁਹਾਡੇ ਕੋਲ ਕੋਈ ਹੁਨਰ ਹੈ, ਤਾਂ ਉਸ ਨੂੰ “ਵਰਤੋ”

7. ਪਤਰਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਕਿਹੜੀ ਸਲਾਹ ਦਿੱਤੀ?

7 ਪਤਰਸ ਰਸੂਲ ਨੇ ਆਪਣੀ ਪਹਿਲੀ ਚਿੱਠੀ ਵਿਚ ਭੈਣਾਂ-ਭਰਾਵਾਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਵਰਤ ਕੇ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ। ਪਤਰਸ ਨੇ ਲਿਖਿਆ: “ਪਰਮੇਸ਼ੁਰ ਨੇ ਤੁਹਾਡੇ ʼਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ ਕੀਤੀ ਹੈ। ਇਸ ਲਈ ਤੁਹਾਨੂੰ ਜੋ ਵੀ ਹੁਨਰ ਬਖ਼ਸ਼ੇ ਗਏ ਹਨ, ਤੁਸੀਂ ਵਧੀਆ ਪ੍ਰਬੰਧਕਾਂ ਦੇ ਤੌਰ ਤੇ ਉਨ੍ਹਾਂ ਨੂੰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ।” (1 ਪਤ. 4:10) ਸਾਨੂੰ ਇਹ ਸੋਚ ਕੇ ਪਿੱਛੇ ਨਹੀਂ ਹਟ ਜਾਣਾ ਚਾਹੀਦਾ ਕਿ ਜੇ ਅਸੀਂ ਜੀ-ਜਾਨ ਲਾ ਕੇ ਆਪਣੇ ਹੁਨਰ ਵਰਤਾਂਗੇ, ਤਾਂ ਦੂਜੇ ਸਾਡੇ ਤੋਂ ਈਰਖਾ ਕਰਨਗੇ ਜਾਂ ਨਿਰਾਸ਼ ਹੋ ਜਾਣਗੇ। ਜੇ ਅਸੀਂ ਇਹ ਸੋਚ ਕੇ ਪਿੱਛੇ ਹਟਾਂਗੇ, ਤਾਂ ਅਸੀਂ ਪੂਰੇ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਨਹੀਂ ਕਰ ਰਹੇ ਹੋਵਾਂਗੇ।

8. ਪਹਿਲਾ ਕੁਰਿੰਥੀਆਂ 4:6, 7 ਮੁਤਾਬਕ ਸਾਨੂੰ ਆਪਣੇ ਹੁਨਰ ਬਾਰੇ ਸ਼ੇਖ਼ੀਆਂ ਕਿਉਂ ਨਹੀਂ ਮਾਰਨੀਆਂ ਚਾਹੀਦੀਆਂ?

8 ਸਾਨੂੰ ਜੀ-ਜਾਨ ਲਾ ਕੇ ਆਪਣੇ ਹੁਨਰ ਵਰਤਣੇ ਚਾਹੀਦੇ ਹਨ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਇਨ੍ਹਾਂ ਬਾਰੇ ਸ਼ੇਖ਼ੀਆਂ ਨਾ ਮਾਰੀਏ। (1 ਕੁਰਿੰਥੀਆਂ 4:6, 7 ਪੜ੍ਹੋ।) ਉਦਾਹਰਣ ਲਈ, ਸ਼ਾਇਦ ਤੁਹਾਡੇ ਕੋਲ ਸੌਖਿਆਂ ਹੀ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਹੁਨਰ ਹੋਵੇ। ਤੁਹਾਨੂੰ ਆਪਣਾ ਇਹ ਹੁਨਰ ਇਸਤੇਮਾਲ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਪਰ ਤੁਹਾਨੂੰ ਇਸ ਬਾਰੇ ਸ਼ੇਖ਼ੀਆਂ ਨਹੀਂ ਮਾਰਨੀਆਂ ਚਾਹੀਦੀਆਂ। ਜ਼ਰਾ ਸੋਚੋ ਕਿ ਹਾਲ ਹੀ ਵਿਚ ਤੁਹਾਨੂੰ ਪ੍ਰਚਾਰ ਵਿਚ ਇਕ ਵਧੀਆ ਤਜਰਬਾ ਹੋਇਆ ਹੈ ਅਤੇ ਤੁਸੀਂ ਇਕ ਬਾਈਬਲ ਸਟੱਡੀ ਸ਼ੁਰੂ ਕਰ ਸਕੇ ਹੋ। ਤੁਸੀਂ ਆਪਣੇ ਪ੍ਰਚਾਰ ਦੇ ਗਰੁੱਪ ਵਿਚ ਇਸ ਬਾਰੇ ਦੱਸਣਾ ਚਾਹੁੰਦੇ ਹੋ। ਜਦੋਂ ਤੁਸੀਂ ਪ੍ਰਚਾਰ ਦੇ ਗਰੁੱਪ ਵਿਚ ਜਾਂਦੇ ਹੋ, ਤਾਂ ਉੱਥੇ ਇਕ ਭੈਣ ਆਪਣਾ ਵਧੀਆ ਤਜਰਬਾ ਦੱਸ ਰਹੀ ਹੁੰਦੀ ਹੈ ਕਿ ਉਹ ਕਿਵੇਂ ਇਕ ਰਸਾਲਾ ਦੇ ਸਕੀ। ਉਸ ਨੇ ਇਕ ਰਸਾਲਾ ਦਿੱਤਾ, ਪਰ ਤੁਸੀਂ ਇਕ ਬਾਈਬਲ ਸਟੱਡੀ ਸ਼ੁਰੂ ਕੀਤੀ। ਹੁਣ ਤੁਸੀਂ ਕੀ ਕਰੋਗੇ? ਤੁਹਾਨੂੰ ਪਤਾ ਹੈ ਕਿ ਤੁਹਾਡੇ ਤਜਰਬੇ ਤੋਂ ਤੁਹਾਡੇ ਗਰੁੱਪ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲੇਗਾ। ਪਰ ਤੁਸੀਂ ਆਪਣੇ ਤਜਰਬੇ ਬਾਰੇ ਕਿਸੇ ਹੋਰ ਸਮੇਂ ʼਤੇ ਦੱਸਣ ਦਾ ਫ਼ੈਸਲਾ ਕਰਦੇ ਹੋ ਤਾਂਕਿ ਤੁਹਾਡੀ ਭੈਣ ਦੀ ਖ਼ੁਸ਼ੀ ਨਾ ਘਟੇ ਜਿਸ ਨੇ ਸਿਰਫ਼ ਰਸਾਲਾ ਦਿੱਤਾ ਹੈ। ਇਸ ਤਰ੍ਹਾਂ ਕਰਕੇ ਤੁਸੀਂ ਦਇਆ ਦਿਖਾਓਗੇ। ਨਾਲੇ ਤੁਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਦਾ ਆਪਣਾ ਹੁਨਰ ਵਰਤਦੇ ਰਹੋ।

9. ਸਾਨੂੰ ਆਪਣੇ ਹੁਨਰ ਕਿਵੇਂ ਵਰਤਣੇ ਚਾਹੀਦੇ ਹਨ?

9 ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਕੋਲ ਜੋ ਵੀ ਹੁਨਰ ਜਾਂ ਕਾਬਲੀਅਤਾਂ ਹਨ, ਉਹ ਪਰਮੇਸ਼ੁਰ ਨੇ ਹੀ ਸਾਨੂੰ ਦਿੱਤੀਆਂ ਹਨ। ਸਾਨੂੰ ਇਨ੍ਹਾਂ ਦੀ ਵਰਤੋਂ ਆਪਣੀ ਵਾਹ-ਵਾਹ ਕਰਾਉਣ ਲਈ ਨਹੀਂ, ਸਗੋਂ ਮੰਡਲੀ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਕਰਨੀ ਚਾਹੀਦੀ ਹੈ। (ਫ਼ਿਲਿ. 2:3) ਜਦੋਂ ਅਸੀਂ ਆਪਣੀ ਤਾਕਤ ਅਤੇ ਕਾਬਲੀਅਤਾਂ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਲਾਉਂਦੇ ਹਾਂ, ਤਾਂ ਅਸੀਂ ਆਪਣੇ ਕੰਮ ਤੋਂ ਖ਼ੁਸ਼ ਹੋਵਾਂਗੇ। ਅਸੀਂ ਇਸ ਗੱਲੋਂ ਖ਼ੁਸ਼ ਨਹੀਂ ਹੁੰਦੇ ਕਿ ਅਸੀਂ ਦੂਜਿਆਂ ਨਾਲੋਂ ਜ਼ਿਆਦਾ ਕਰ ਰਹੇ ਹਾਂ ਜਾਂ ਅਸੀਂ ਉਨ੍ਹਾਂ ਨਾਲੋਂ ਬਿਹਤਰ ਹਾਂ, ਸਗੋਂ ਇਸ ਗੱਲੋਂ ਖ਼ੁਸ਼ ਹੁੰਦੇ ਹਾਂ ਕਿ ਅਸੀਂ ਆਪਣੇ ਹੁਨਰ ਯਹੋਵਾਹ ਦੀ ਵਡਿਆਈ ਲਈ ਵਰਤ ਰਹੇ ਹਾਂ।

10. ਸਾਨੂੰ ਦੂਜਿਆਂ ਨੂੰ ਨੀਵਾਂ ਕਿਉਂ ਨਹੀਂ ਸਮਝਣਾ ਚਾਹੀਦਾ?

10 ਜੇ ਸਾਡੇ ਵਿਚ ਕੋਈ ਹੁਨਰ ਜਾਂ ਕਾਬਲੀਅਤ ਹੈ, ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਦੂਜਿਆਂ ਨੂੰ ਨੀਵਾਂ ਨਾ ਸਮਝੀਏ। ਉਦਾਹਰਣ ਲਈ, ਸ਼ਾਇਦ ਇਕ ਭਰਾ ਬਹੁਤ ਵਧੀਆ ਪਬਲਿਕ ਭਾਸ਼ਣ ਦਿੰਦਾ ਹੋਵੇ। ਇਹ ਉਸ ਦੀ ਵਧੀਆ ਕਾਬਲੀਅਤ ਹੈ। ਪਰ ਹੋ ਸਕਦਾ ਹੈ ਕਿ ਉਹ ਆਪਣੇ ਦਿਲ ਵਿਚ ਕਿਸੇ ਅਜਿਹੇ ਭਰਾ ਨੂੰ ਨੀਵਾਂ ਸਮਝੇ ਜੋ ਬਹੁਤੇ ਵਧੀਆ ਢੰਗ ਨਾਲ ਭਾਸ਼ਣ ਨਾ ਦਿੰਦਾ ਹੋਵੇ। ਚਾਹੇ ਉਹ ਵਧੀਆ ਢੰਗ ਨਾਲ ਭਾਸ਼ਣ ਨਹੀਂ ਦੇ ਸਕਦਾ, ਪਰ ਹੋ ਸਕਦਾ ਹੈ ਕਿ ਉਹ ਪਰਾਹੁਣਚਾਰੀ ਕਰਨ, ਬੱਚਿਆਂ ਨੂੰ ਸਿਖਲਾਈ ਦੇਣ ਅਤੇ ਪ੍ਰਚਾਰ ਕਰਨ ਦੇ ਮਾਮਲੇ ਵਿਚ ਵਧੀਆ ਹੋਵੇ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡੇ ਬਹੁਤ ਸਾਰੇ ਭੈਣ-ਭਰਾ ਯਹੋਵਾਹ ਦੀ ਸੇਵਾ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਵਿਚ ਆਪਣੇ ਹੁਨਰ ਵਰਤਦੇ ਹਨ!

ਦੂਜਿਆਂ ਦੀਆਂ ਮਿਸਾਲਾਂ ਤੋਂ ਸਿੱਖੋ

11. ਸਾਨੂੰ ਯਿਸੂ ਦੀ ਮਿਸਾਲ ਤੋਂ ਸਿੱਖਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?

11 ਚਾਹੇ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ, ਫਿਰ ਵੀ ਅਸੀਂ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸਿੱਖਣ ਲਈ ਸਾਡੇ ਕੋਲ ਸਭ ਤੋਂ ਵਧੀਆ ਮਿਸਾਲ ਯਿਸੂ ਦੀ ਹੈ। ਭਾਵੇਂ ਕਿ ਯਿਸੂ ਮੁਕੰਮਲ ਸੀ, ਫਿਰ ਵੀ ਉਸ ਨੇ ਜੋ ਸ਼ਾਨਦਾਰ ਗੁਣ ਦਿਖਾਏ ਅਤੇ ਕੰਮ ਕੀਤੇ, ਉਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। (1 ਪਤ. 2:21) ਜਦੋਂ ਅਸੀਂ ਧਿਆਨ ਨਾਲ ਯਿਸੂ ਦੀ ਰੀਸ ਕਰਾਂਗੇ, ਤਾਂ ਅਸੀਂ ਯਹੋਵਾਹ ਦੇ ਵਧੀਆ ਸੇਵਕ ਬਣਾਂਗੇ ਅਤੇ ਵਧੀਆ ਢੰਗ ਨਾਲ ਪ੍ਰਚਾਰ ਕਰ ਸਕਾਂਗੇ।

12-13. ਅਸੀਂ ਰਾਜਾ ਦਾਊਦ ਦੀ ਚੰਗੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

12 ਪਰਮੇਸ਼ੁਰ ਦੇ ਬਚਨ ਵਿਚ ਕਈ ਵਫ਼ਾਦਾਰ ਸੇਵਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਵਧੀਆ ਮਿਸਾਲ ਰੱਖੀ। (ਇਬ. 6:12) ਉਨ੍ਹਾਂ ਵਿੱਚੋਂ ਇਕ ਹੈ, ਰਾਜਾ ਦਾਊਦ। ਉਸ ਨੇ ਕੁਝ ਗੰਭੀਰ ਗ਼ਲਤੀਆਂ ਕੀਤੀਆਂ ਸਨ। ਪਰ ਫਿਰ ਵੀ ਯਹੋਵਾਹ ਨੇ ਕਿਹਾ ਕਿ ਉਹ “ਮੇਰੇ ਦਿਲ ਨੂੰ ਭਾਉਂਦਾ ਹੈ।” (ਰਸੂ. 13:22) ਯਹੋਵਾਹ ਨੇ ਇੱਦਾਂ ਕਿਉਂ ਕਿਹਾ? ਕਿਉਂਕਿ ਗ਼ਲਤੀ ਕਰਨ ਤੋਂ ਬਾਅਦ ਜਦੋਂ ਦਾਊਦ ਨੂੰ ਸੁਧਾਰਿਆ ਗਿਆ ਅਤੇ ਉਸ ਨੂੰ ਸਲਾਹ ਦਿੱਤੀ ਗਈ, ਤਾਂ ਉਸ ਨੇ ਆਪਣੇ ਬਾਰੇ ਕੋਈ ਸਫ਼ਾਈ ਨਹੀਂ ਦਿੱਤੀ। ਇਸ ਦੀ ਬਜਾਇ, ਉਸ ਨੇ ਆਪਣੀ ਗ਼ਲਤੀ ਮੰਨੀ ਅਤੇ ਦਿਲੋਂ ਮਾਫ਼ੀ ਮੰਗਣ ਕਰਕੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ।​—ਜ਼ਬੂ. 51:3, 4, 10-12.

13 ਦਾਊਦ ਦੀ ਮਿਸਾਲ ਤੋਂ ਸਿੱਖਦੇ ਹੋਏ ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਸਲਾਹ ਮਿਲਣ ਤੇ ਮੈਂ ਕਿਵੇਂ ਪੇਸ਼ ਆਉਂਦਾ ਹਾਂ? ਕੀ ਮੈਂ ਆਪਣੀ ਗ਼ਲਤੀ ਮੰਨ ਲੈਂਦਾ ਹਾਂ ਜਾਂ ਸਫ਼ਾਈ ਦੇਣ ਦੀ ਕੋਸ਼ਿਸ਼ ਕਰਦਾ ਹਾਂ? ਕੀ ਮੈਂ ਫਟਾਫਟ ਆਪਣੀ ਗ਼ਲਤੀ ਦਾ ਦੋਸ਼ ਦੂਜਿਆਂ ਦੇ ਮੱਥੇ ਮੜ੍ਹ ਦਿੰਦਾ ਹਾਂ? ਕੀ ਮੈਂ ਗ਼ਲਤੀ ਦੁਬਾਰਾ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ?’ ਇਸ ਤੋਂ ਇਲਾਵਾ, ਜਦੋਂ ਤੁਸੀਂ ਬਾਈਬਲ ਵਿੱਚੋਂ ਹੋਰ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਪੜ੍ਹਦੇ ਹੋ, ਤਾਂ ਤੁਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛ ਸਕਦੇ ਹੋ: ਕੀ ਉਨ੍ਹਾਂ ਨੇ ਵੀ ਮੇਰੇ ਵਰਗੀਆਂ ਮੁਸ਼ਕਲਾਂ ਝੱਲੀਆਂ ਸਨ? ਉਨ੍ਹਾਂ ਨੇ ਕਿਹੜੇ ਵਧੀਆ ਗੁਣ ਦਿਖਾਏ? ਹਰ ਵਫ਼ਾਦਾਰ ਸੇਵਕ ਦੀ ਮਿਸਾਲ ʼਤੇ ਗੌਰ ਕਰਦਿਆਂ ਆਪਣੇ ਆਪ ਤੋਂ ਪੁੱਛੋ: ‘ਮੈਂ ਯਹੋਵਾਹ ਦੇ ਇਸ ਵਫ਼ਾਦਾਰ ਸੇਵਕ ਦੀ ਹੋਰ ਚੰਗੀ ਤਰ੍ਹਾਂ ਰੀਸ ਕਿਵੇਂ ਕਰ ਸਕਦਾ ਹਾਂ?’

14. ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?

14 ਅਸੀਂ ਆਪਣੇ ਭੈਣਾਂ-ਭਰਾਵਾਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ, ਫਿਰ ਚਾਹੇ ਉਹ ਜਵਾਨ ਹੋਣ ਜਾਂ ਸਿਆਣੀ ਉਮਰ ਦੇ। ਕੀ ਤੁਹਾਡੀ ਮੰਡਲੀ ਵਿਚ ਵੀ ਅਜਿਹੇ ਭੈਣ-ਭਰਾ ਹਨ ਜੋ ਵਫ਼ਾਦਾਰੀ ਨਾਲ ਮੁਸ਼ਕਲਾਂ ਝੱਲ ਰਹੇ ਹਨ? ਹੋ ਸਕਦਾ ਹੈ ਕਿ ਉਨ੍ਹਾਂ ʼਤੇ ਦੋਸਤਾਂ ਦਾ ਦਬਾਅ ਹੋਵੇ ਜਾਂ ਪਰਿਵਾਰ ਵੱਲੋਂ ਉਨ੍ਹਾਂ ਦਾ ਵਿਰੋਧ ਹੁੰਦਾ ਹੋਵੇ ਜਾਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਵੇ। ਤੁਸੀਂ ਉਨ੍ਹਾਂ ਵਿਚ ਕਿਹੜੇ ਵਧੀਆ ਗੁਣ ਦੇਖਦੇ ਹੋ ਜਿਨ੍ਹਾਂ ਦੀ ਤੁਸੀਂ ਰੀਸ ਕਰਨੀ ਚਾਹੁੰਦੇ ਹੋ? ਉਨ੍ਹਾਂ ਦੀ ਚੰਗੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਤੁਸੀਂ ਆਪਣੀਆਂ ਮੁਸ਼ਕਲਾਂ ਨਾਲ ਨਜਿੱਠਣਾ ਸਿੱਖ ਸਕਦੇ ਹੋ। ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਕਰਕੇ ਕਿੰਨੇ ਖ਼ੁਸ਼ ਹਾਂ ਜੋ ਸਾਡੇ ਸਾਮ੍ਹਣੇ ਨਿਹਚਾ ਦੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਹਨ!​—ਇਬ. 13:7; ਯਾਕੂ. 1:2, 3.

ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾਓ

15. ਅੱਜ ਅਸੀਂ ਪੌਲੁਸ ਦੀ ਕਿਹੜੀ ਸਲਾਹ ਮੰਨ ਸਕਦੇ ਹਾਂ?

15 ਮੰਡਲੀ ਦੀ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਜਣੇ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਰਹੀਏ। ਜ਼ਰਾ ਪਹਿਲੀ ਸਦੀ ਦੇ ਮਸੀਹੀਆਂ ʼਤੇ ਗੌਰ ਕਰੋ। ਉਨ੍ਹਾਂ ਕੋਲ ਬਹੁਤ ਸਾਰੀਆਂ ਦਾਤਾਂ ਅਤੇ ਜ਼ਿੰਮੇਵਾਰੀਆਂ ਸਨ। (1 ਕੁਰਿੰ. 12:4, 7-11) ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਸੀ ਕਿ ਉਹ ਇਕ-ਦੂਜੇ ਨਾਲ ਮੁਕਾਬਲੇਬਾਜ਼ੀ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀਆਂ ਕਾਬਲੀਅਤਾਂ ਵਰਤ ਕੇ ‘ਮਸੀਹ ਦਾ ਸਰੀਰ ਤਕੜਾ’ ਕਰਨ ਯਾਨੀ ਮਸੀਹੀ ਮੰਡਲੀ ਨੂੰ ਮਜ਼ਬੂਤ ਕਰਨ। ਪੌਲੁਸ ਨੇ ਅਫ਼ਸੀਆਂ ਨੂੰ ਲਿਖਿਆ: “ਜਦੋਂ ਹਰੇਕ ਅੰਗ ਚੰਗੀ ਤਰ੍ਹਾਂ ਆਪਣਾ ਕੰਮ ਕਰਦਾ ਹੈ, ਤਾਂ ਸਾਰਾ ਸਰੀਰ ਵਧਦਾ ਹੈ ਅਤੇ ਪਿਆਰ ਵਿਚ ਮਜ਼ਬੂਤ ਹੁੰਦਾ ਹੈ।” (ਅਫ਼. 4:1-3, 11, 12, 16) ਜਿਨ੍ਹਾਂ ਮਸੀਹੀਆਂ ਨੇ ਇਹ ਸਲਾਹ ਮੰਨੀ, ਉਨ੍ਹਾਂ ਕਰਕੇ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਬਣੀ ਰਹੀ। ਇਹੀ ਗੱਲ ਅੱਜ ਵੀ ਮੰਡਲੀਆਂ ਵਿਚ ਦੇਖੀ ਜਾ ਸਕਦੀ ਹੈ।

16. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? (ਇਬਰਾਨੀਆਂ 6:10)

16 ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਯਿਸੂ ਤੋਂ ਸਿੱਖਾਂਗੇ ਅਤੇ ਉਸ ਦੇ ਗੁਣਾਂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਬਾਈਬਲ ਦੇ ਜ਼ਮਾਨੇ ਅਤੇ ਅੱਜ ਦੇ ਜ਼ਮਾਨੇ ਦੇ ਭੈਣਾਂ-ਭਰਾਵਾਂ ਦੀਆਂ ਨਿਹਚਾ ਦੀਆਂ ਮਿਸਾਲਾਂ ਤੋਂ ਵੀ ਸਿੱਖ ਸਕਦੇ ਹਾਂ। ਜੇ ਤੁਸੀਂ ਯਹੋਵਾਹ ਦੀ ਸੇਵਾ ਪੂਰੀ ਜੀ-ਜਾਨ ਲਾ ਕੇ ਕਰ ਰਹੇ ਹੋ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ “ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ।” (ਇਬਰਾਨੀਆਂ 6:10 ਪੜ੍ਹੋ।) ਇਸ ਲਈ ਯਹੋਵਾਹ ਦੀ ਸੇਵਾ ਜੀ-ਜਾਨ ਲਾ ਕੇ ਕਰਦੇ ਰਹੋ। ਇਸ ਨਾਲ ਨਾ ਸਿਰਫ਼ ਤੁਹਾਨੂੰ, ਸਗੋਂ ਯਹੋਵਾਹ ਨੂੰ ਵੀ ਬਹੁਤ ਖ਼ੁਸ਼ੀ ਮਿਲੇਗੀ।

ਗੀਤ 65 ਅੱਗੇ ਵਧਦੇ ਰਹੋ!

a ਭੈਣਾਂ-ਭਰਾਵਾਂ ਦੀ ਮਿਸਾਲ ʼਤੇ ਗੌਰ ਕਰ ਕੇ ਸਾਨੂੰ ਫ਼ਾਇਦਾ ਹੁੰਦਾ ਹੈ। ਪਰ ਸਾਨੂੰ ਕਦੇ ਵੀ ਉਨ੍ਹਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਾਂ। ਨਾਲੇ ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਅਸੀਂ ਘਮੰਡ ਜਾਂ ਨਿਰਾਸ਼ਾ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ।

b ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਨੇ ਜਵਾਨੀ ਵੇਲੇ ਬੈਥਲ ਵਿਚ ਸੇਵਾ ਕੀਤੀ, ਫਿਰ ਉਸ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਮਿਲ ਕੇ ਪਾਇਨੀਅਰਿੰਗ ਕੀਤੀ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਦੇ ਬੱਚੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਪ੍ਰਚਾਰ ਕਰਨਾ ਸਿਖਾਇਆ। ਹੁਣ ਸਿਆਣੀ ਉਮਰ ਵਿਚ ਵੀ ਉਹ ਚਿੱਠੀਆਂ ਲਿਖ ਕੇ ਗਵਾਹੀ ਦਿੰਦਾ ਹੈ। ਇਸ ਭਰਾ ਨੇ ਸਾਰੀ ਜ਼ਿੰਦਗੀ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕੀਤੀ ਹੈ।