Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਬਾਈਬਲ ਸਹੁੰ ਖਾਣ ਬਾਰੇ ਕੀ ਕਹਿੰਦੀ ਹੈ?

ਸਹੁੰ ਖਾਣੀ ‘ਬਹੁਤ ਹੀ ਗੰਭੀਰ ਗੱਲ ਹੈ। ਸਹੁੰ ਖਾ ਕੇ ਅਸੀਂ ਸਾਰਿਆਂ ਸਾਮ੍ਹਣੇ ਸੱਚ ਬੋਲਣ ਜਾਂ ਕਿਸੇ ਕੰਮ ਨੂੰ ਪੂਰਾ ਕਰਨ ਦਾ ਐਲਾਨ ਜਾਂ ਵਾਅਦਾ ਕਰਦੇ ਹਾਂ। ਅਕਸਰ ਪਰਮੇਸ਼ੁਰ ਦਾ ਨਾਂ ਲੈ ਕੇ ਸਹੁੰ ਖਿਲਾਈ ਜਾਂਦੀ ਹੈ।’ ਸਹੁੰ ਮੂੰਹ-ਜ਼ਬਾਨੀ ਜਾਂ ਲਿਖਤੀ ਤੌਰ ʼਤੇ ਵੀ ਖਾਧੀ ਜਾ ਸਕਦੀ ਹੈ।

ਕੁਝ ਲੋਕ ਸ਼ਾਇਦ ਸੋਚਦੇ ਹਨ ਕਿ ਸਹੁੰ ਖਾਣੀ ਗ਼ਲਤ ਹੈ ਕਿਉਂਕਿ ਯਿਸੂ ਨੇ ਕਿਹਾ ਸੀ: “ਕਦੀ ਸਹੁੰ ਨਾ ਖਾਓ। . . . ਬੱਸ ਤੁਹਾਡੀ ‘ਹਾਂ’ ਦੀ ਹਾਂ ਅਤੇ ਤੁਹਾਡੀ ‘ਨਾਂਹ’ ਦੀ ਨਾਂਹ ਹੋਵੇ ਕਿਉਂਕਿ ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ ਵੱਲੋਂ ਹੁੰਦਾ ਹੈ।” (ਮੱਤੀ 5:33-37) ਬਿਨਾਂ ਸ਼ੱਕ, ਯਿਸੂ ਜਾਣਦਾ ਸੀ ਕਿ ਮੂਸਾ ਦੇ ਕਾਨੂੰਨ ਅਨੁਸਾਰ ਕੁਝ ਹਾਲਾਤਾਂ ਵਿਚ ਇਜ਼ਰਾਈਲੀਆਂ ਲਈ ਸਹੁੰ ਖਾਣੀ ਜ਼ਰੂਰੀ ਹੁੰਦੀ ਸੀ ਅਤੇ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਨੇ ਵੀ ਸਹੁੰਆਂ ਖਾਧੀਆਂ ਸਨ। (ਉਤ. 14:22, 23; ਕੂਚ 22:10, 11) ਯਿਸੂ ਇਹ ਵੀ ਜਾਣਦਾ ਸੀ ਕਿ ਯਹੋਵਾਹ ਨੇ ਵੀ ਸਹੁੰਆਂ ਖਾਧੀਆਂ ਸੀ। (ਇਬ. 6:13-17) ਇਸ ਲਈ ਯਿਸੂ ਦੇ ਕਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਸੀ ਕਿ ਸਾਨੂੰ ਕਦੇ ਸਹੁੰ ਨਹੀਂ ਖਾਣੀ ਚਾਹੀਦੀ। ਇਸ ਦੀ ਬਜਾਇ, ਉਸ ਨੇ ਲੋਕਾਂ ਨੂੰ ਹਰ ਛੋਟੀ-ਛੋਟੀ ਗੱਲ ਤੇ ਜਾਂ ਬਿਨਾਂ ਕਿਸੇ ਮਤਲਬ ਦੇ ਸਹੁੰ ਖਾਣ ਤੋਂ ਚੇਤਾਵਨੀ ਦਿੱਤੀ ਸੀ। ਸਾਨੂੰ ਆਪਣੀ ਜ਼ਬਾਨ ʼਤੇ ਪੱਕੇ ਰਹਿਣੇ ਚਾਹੀਦਾ ਹੈ ਕਿਉਂਕਿ ਯਹੋਵਾਹ ਸਾਡੇ ਤੋਂ ਇਹੀ ਚਾਹੁੰਦਾ ਹੈ।

ਉਦੋਂ ਕੀ ਜਦੋਂ ਤੁਹਾਨੂੰ ਸਹੁੰ ਖਾਣ ਲਈ ਕਿਹਾ ਜਾਂਦਾ ਹੈ? ਪਹਿਲਾ, ਪੱਕਾ ਕਰੋ ਕਿ ਜਿਸ ਗੱਲ ਲਈ ਤੁਸੀਂ ਸਹੁੰ ਖਾਧੀ ਹੈ, ਉਸ ਨੂੰ ਪੂਰਾ ਕਰ ਸਕੋਗੇ ਜਾਂ ਨਹੀਂ। ਜੇ ਤੁਹਾਨੂੰ ਪੂਰਾ ਯਕੀਨ ਨਹੀਂ ਹੈ, ਤਾਂ ਵਧੀਆ ਹੋਵੇਗਾ ਕਿ ਤੁਸੀਂ ਸਹੁੰ ਨਾ ਹੀ ਖਾਓ। ਪਰਮੇਸ਼ੁਰ ਦਾ ਬਚਨ ਸਾਨੂੰ ਖ਼ਬਰਦਾਰ ਕਰਦਾ ਹੈ: “ਸੁੱਖਣਾ ਸੁੱਖ ਕੇ ਪੂਰੀ ਨਾ ਕਰਨ ਨਾਲੋਂ ਚੰਗਾ ਹੈ ਕਿ ਤੂੰ ਸੁੱਖਣਾ ਸੁੱਖੇਂ ਹੀ ਨਾ।” (ਉਪ. 5:5) ਦੂਜਾ, ਤੁਸੀਂ ਸਹੁੰ ਖਾਣ ਬਾਰੇ ਬਾਈਬਲ ਵਿਚ ਦਿੱਤੇ ਅਸੂਲਾਂ ʼਤੇ ਗੌਰ ਕਰੋ ਅਤੇ ਫਿਰ ਬਾਈਬਲ ਅਨੁਸਾਰ ਸਿਖਾਈ ਜ਼ਮੀਰ ਮੁਤਾਬਕ ਫ਼ੈਸਲਾ ਲਵੋ ਤੇ ਉਸ ਮੁਤਾਬਕ ਕੰਮ ਕਰੋ। ਆਓ ਦੇਖੀਏ ਕਿ ਇਸ ਬਾਰੇ ਬਾਈਬਲ ਵਿਚ ਕਿਹੜੇ ਕੁਝ ਅਸੂਲ ਦਿੱਤੇ ਗਏ ਹਨ।

ਕੁਝ ਸਹੁੰਆਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਹੁੰਦੀਆਂ ਹਨ। ਉਦਾਹਰਣ ਲਈ, ਯਹੋਵਾਹ ਦੇ ਗਵਾਹ ਜਦੋਂ ਵਿਆਹ ਕਰਾਉਂਦੇ ਹਨ, ਤਾਂ ਲਾੜਾ-ਲਾੜੀ ਪਰਮੇਸ਼ੁਰ ਅਤੇ ਲੋਕਾਂ ਸਾਮ੍ਹਣੇ ਇਕ-ਦੂਜੇ ਨਾਲ ਵਿਆਹ ਦੀਆਂ ਕਸਮਾਂ ਖਾਂਦੇ ਹਨ। ਉਹ ਦੋਵੇਂ “ਜ਼ਿੰਦਗੀ ਭਰ” ਇਕ-ਦੂਜੇ ਨੂੰ ਪਿਆਰ ਕਰਨ, ਖ਼ਿਆਲ ਰੱਖਣ ਅਤੇ ਮਾਣ-ਸਤਿਕਾਰ ਕਰਨ ਦਾ ਵਾਅਦਾ ਕਰਦੇ ਹਨ। (ਕਈ ਜੋੜੇ ਸ਼ਾਇਦ ਇਸ ਸਹੁੰ ਦਾ ਇਕ-ਇਕ ਸ਼ਬਦ ਨਾ ਦੁਹਰਾਉਣ, ਪਰ ਉਹ ਵੀ ਪਰਮੇਸ਼ੁਰ ਸਾਮ੍ਹਣੇ ਇਸ ਤਰ੍ਹਾਂ ਕਰਨ ਦਾ ਵਾਅਦਾ ਕਰਦੇ ਹਨ।) ਫਿਰ ਉਹ ਪਤੀ-ਪਤਨੀ ਬਣ ਜਾਂਦੇ ਹਨ ਅਤੇ ਉਨ੍ਹਾਂ ਦਾ ਬੰਧਨ ਉਮਰ ਭਰ ਦਾ ਬਣ ਜਾਂਦਾ ਹੈ। (ਉਤ. 2:24; 1 ਕੁਰਿੰ. 7:39) ਇਸ ਮੌਕੇ ʼਤੇ ਕਸਮਾਂ-ਵਾਅਦੇ ਕਰਨੇ ਸਹੀ ਅਤੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਹੁੰਦੇ ਹਨ।

ਕੁਝ ਸਹੁੰਆਂ ਪਰਮੇਸ਼ੁਰ ਦੀ ਮਰਜ਼ੀ ਤੋਂ ਉਲਟ ਹੁੰਦੀਆਂ ਹਨ। ਇਕ ਸੱਚਾ ਮਸੀਹੀ ਉਦੋਂ ਸਹੁੰ ਨਹੀਂ ਖਾਵੇਗਾ ਜਦੋਂ ਉਸ ਨੂੰ ਦੇਸ਼ ਦੀ ਰਾਖੀ ਲਈ ਹਥਿਆਰ ਚੁੱਕਣ ਵਾਸਤੇ ਜਾਂ ਪਰਮੇਸ਼ੁਰ ʼਤੇ ਆਪਣੀ ਨਿਹਚਾ ਨਾਲ ਸਮਝੌਤਾ ਕਰਨ ਵਾਸਤੇ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਸਹੁੰ ਖਾਣੀ ਪਰਮੇਸ਼ੁਰ ਦੇ ਹੁਕਮਾਂ ਤੋਂ ਉਲਟ ਹੈ। ਸੱਚੇ ਮਸੀਹੀ “ਦੁਨੀਆਂ ਦੇ ਨਹੀਂ” ਹਨ, ਇਸ ਲਈ ਅਸੀਂ ਇਸ ਦੁਨੀਆਂ ਦੇ ਵਾਦ-ਵਿਵਾਦਾਂ ਅਤੇ ਲੜਾਈਆਂ ਜਾਂ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ।​—ਯੂਹੰ. 15:19; ਯਸਾ. 2:4; ਯਾਕੂ. 1:27.

ਕੁਝ ਸਹੁੰਆਂ ਆਪਣੀ ਜ਼ਮੀਰ ਮੁਤਾਬਕ ਖਾਧੀਆਂ ਜਾ ਸਕਦੀਆਂ ਹਨ। ਕਈ ਮੌਕਿਆਂ ʼਤੇ ਸਾਨੂੰ ਯਿਸੂ ਦੀ ਇਸ ਸਲਾਹ ʼਤੇ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”​—ਲੂਕਾ 20:25.

ਮੰਨ ਲਓ, ਕੋਈ ਮਸੀਹੀ ਕਿਸੇ ਦੇਸ਼ ਦੀ ਨਾਗਰਿਕਤਾ ਜਾਂ ਪਾਸਪੋਰਟ ਲੈਣ ਲਈ ਅਰਜ਼ੀ ਦਿੰਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਇਸ ਵਾਸਤੇ ਉਸ ਨੂੰ ਦੇਸ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣੀ ਪਵੇਗੀ। ਜੇ ਉਸ ਦੇਸ਼ ਵਿਚ ਇਹ ਸਹੁੰ ਖਾ ਕੇ ਪਰਮੇਸ਼ੁਰ ਦਾ ਕੋਈ ਕਾਨੂੰਨ ਟੁੱਟਦਾ ਹੈ, ਤਾਂ ਉਹ ਬਾਈਬਲ ਦੁਆਰਾ ਸਿਖਾਈ ਜ਼ਮੀਰ ਮੁਤਾਬਕ ਸਹੁੰ ਨਹੀਂ ਚੁੱਕੇਗਾ। ਸ਼ਾਇਦ ਹੋ ਸਕਦਾ ਹੈ ਕਿ ਉਸ ਦੇਸ਼ ਦੀ ਸਰਕਾਰ ਤੁਹਾਨੂੰ ਆਪਣੀ ਜ਼ਮੀਰ ਮੁਤਾਬਕ ਇਸ ਸਹੁੰ ਦੇ ਸ਼ਬਦਾਂ ਵਿਚ ਕੁਝ ਫੇਰ-ਬਦਲ ਕਰਨ ਦੀ ਇਜਾਜ਼ਤ ਦੇਵੇ।

ਹੋ ਸਕਦਾ ਹੈ ਕਿ ਸਹੁੰ ਵਿਚ ਜੋ ਫੇਰ-ਬਦਲ ਕੀਤਾ ਗਿਆ ਹੈ, ਉਹ ਰੋਮੀਆਂ 13:1 ਵਿਚ ਦਿੱਤੇ ਅਸੂਲ ਮੁਤਾਬਕ ਹੋਵੇ ਜਿਸ ਵਿਚ ਦੱਸਿਆ ਗਿਆ ਹੈ: “ਹਰ ਇਨਸਾਨ ਉੱਚ ਅਧਿਕਾਰੀਆਂ ਦੇ ਅਧੀਨ ਰਹੇ।” ਇਸ ਲਈ ਮਸੀਹੀ ਸ਼ਾਇਦ ਇਹ ਸਹੁੰ ਖਾਣ ਦਾ ਫ਼ੈਸਲਾ ਕਰੇ ਕਿਉਂਕਿ ਇਹ ਸਹੁੰ ਪਰਮੇਸ਼ੁਰ ਦੇ ਕਾਨੂੰਨਾਂ ਦੇ ਮੁਤਾਬਕ ਹੀ ਹੈ।

ਜੇ ਕੋਈ ਚੀਜ਼ ਵਰਤ ਕੇ ਜਾਂ ਕਿਸੇ ਖ਼ਾਸ ਤਰੀਕੇ ਨਾਲ ਖੜ੍ਹੇ ਹੋ ਕੇ ਜਾਂ ਹੱਥ ਨਾਲ ਕੋਈ ਸੰਕੇਤ ਕਰ ਕੇ ਸਹੁੰ ਖਿਲਾਈ ਜਾਂਦੀ ਹੈ, ਤਾਂ ਉਸ ਸਮੇਂ ਵੀ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਦੁਆਰਾ ਸਿਖਾਈ ਆਪਣੀ ਜ਼ਮੀਰ ਮੁਤਾਬਕ ਫ਼ੈਸਲਾ ਕਰੋ। ਪੁਰਾਣੇ ਜ਼ਮਾਨੇ ਵਿਚ ਰੋਮੀ ਅਤੇ ਸਿਥੀਅਨ ਲੋਕ ਤਲਵਾਰ ਨੂੰ ਯੁੱਧ ਦੇ ਇਕ ਦੇਵਤੇ ਦਾ ਚਿੰਨ੍ਹ ਮੰਨਦੇ ਸਨ, ਇਸ ਲਈ ਆਪਣੀ ਵਫ਼ਾਦਾਰੀ ਦਾ ਸਬੂਤ ਦੇਣ ਵਾਸਤੇ ਉਹ ਤਲਵਾਰ ਫੜ ਕੇ ਉਸ ਦੇਵਤੇ ਦੀ ਸਹੁੰ ਖਾਂਦੇ ਸਨ। ਯੂਨਾਨੀ ਸਹੁੰ ਖਾਂਦੇ ਵੇਲੇ ਆਪਣੇ ਹੱਥ ਸਵਰਗ ਵੱਲ ਚੁੱਕਦੇ ਸਨ। ਇਸ ਤਰ੍ਹਾਂ ਕਰ ਕੇ ਉਹ ਦਿਖਾਉਂਦੇ ਸਨ ਕਿ ਉਨ੍ਹਾਂ ਦੀਆਂ ਕਹੀਆਂ ਗੱਲਾਂ ਅਤੇ ਕੰਮਾਂ ਨੂੰ ਕੋਈ ਸ਼ਕਤੀ ਉੱਪਰੋਂ ਦੇਖਦੀ ਹੈ ਜਿਸ ਨੂੰ ਉਨ੍ਹਾਂ ਨੇ ਲੇਖਾ ਦੇਣਾ ਹੈ।

ਬਿਨਾਂ ਸ਼ੱਕ, ਯਹੋਵਾਹ ਦੇ ਸੇਵਕ ਝੂਠੀ ਭਗਤੀ ਨਾਲ ਜੁੜੇ ਕਿਸੇ ਵੀ ਰਾਸ਼ਟਰੀ ਚਿੰਨ੍ਹ ਦੀ ਸਹੁੰ ਨਹੀਂ ਖਾਂਦੇ। ਪਰ ਉਦੋਂ ਕੀ ਜਦੋਂ ਤੁਹਾਨੂੰ ਅਦਾਲਤ ਵਿਚ ਬਾਈਬਲ ʼਤੇ ਹੱਥ ਰੱਖ ਕੇ ਸੱਚੀ ਗਵਾਹੀ ਦੇਣ ਵਾਸਤੇ ਸਹੁੰ ਖਾਣ ਲਈ ਕਿਹਾ ਜਾਂਦਾ ਹੈ? ਇਸ ਮੌਕੇ ʼਤੇ ਤੁਸੀਂ ਇਸ ਤਰ੍ਹਾਂ ਸਹੁੰ ਖਾਣ ਦਾ ਫ਼ੈਸਲਾ ਕਰ ਸਕਦੇ ਹੋ ਕਿਉਂਕਿ ਬਾਈਬਲ ਵਿਚ ਦੱਸਿਆ ਹੈ ਕਿ ਕਈ ਵਫ਼ਾਦਾਰ ਸੇਵਕਾਂ ਨੇ ਵੀ ਅਜਿਹੇ ਤਰੀਕਿਆਂ ਨਾਲ ਸਹੁੰ ਖਾਧੀ ਸੀ। (ਉਤ. 24:2, 3, 9; 47:29-31) ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਜੇ ਤੁਸੀਂ ਇੱਦਾਂ ਸਹੁੰ ਖਾਂਦੇ ਹੋ, ਤਾਂ ਤੁਸੀਂ ਸੱਚ ਬੋਲਣ ਲਈ ਪਰਮੇਸ਼ੁਰ ਦੇ ਸਾਮ੍ਹਣੇ ਸਹੁੰ ਖਾ ਰਹੇ ਹੋਵੋਗੇ। ਇਸ ਲਈ ਤੁਹਾਡੇ ਵਾਸਤੇ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਤੁਸੀਂ ਪੁੱਛੇ ਜਾਣ ਵਾਲੇ ਹਰ ਸਵਾਲ ਦਾ ਸਹੀ-ਸਹੀ ਜਵਾਬ ਦਿਓਗੇ।

ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਹੁਤ ਅਨਮੋਲ ਸਮਝਦੇ ਹਾਂ। ਇਸ ਲਈ ਕੋਈ ਵੀ ਸਹੁੰ ਖਾਣ ਤੋਂ ਪਹਿਲਾਂ ਸਾਨੂੰ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਸਾਡੀ ਜ਼ਮੀਰ ਸ਼ੁੱਧ ਰਹੇ ਅਤੇ ਬਾਈਬਲ ਦਾ ਕੋਈ ਅਸੂਲ ਨਾ ਟੁੱਟੇ। ਜੇ ਤੁਸੀਂ ਸਹੁੰ ਖਾਂਦੇ ਹੋ, ਤਾਂ ਤੁਹਾਡੇ ਲਈ ਇਸ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ।​—1 ਪਤ. 2:12.