Skip to content

Skip to table of contents

ਅਧਿਐਨ ਲੇਖ 5

ਅਸੀਂ ਤੁਹਾਡੇ ਨਾਲ ਚੱਲਾਂਗੇ

ਅਸੀਂ ਤੁਹਾਡੇ ਨਾਲ ਚੱਲਾਂਗੇ

“ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ।”—ਜ਼ਕ. 8:23.

ਗੀਤ 53 ਏਕਤਾ ਬਣਾਈ ਰੱਖੋ

ਖ਼ਾਸ ਗੱਲਾਂ *

ਹੋਰ ਭੇਡਾਂ (“ਦਸ ਆਦਮੀ”) ਚੁਣੇ ਹੋਏ ਮਸੀਹੀਆਂ (“ਇੱਕ ਆਦਮੀ”) ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਨੂੰ ਸਨਮਾਨ ਸਮਝਦੇ ਹਨ (ਪੈਰੇ 1-2 ਦੇਖੋ)

1. ਯਹੋਵਾਹ ਨੇ ਸਾਡੇ ਸਮੇਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

ਯਹੋਵਾਹ ਨੇ ਸਾਡੇ ਸਮੇਂ ਬਾਰੇ ਇਹ ਭਵਿੱਖਬਾਣੀ ਕੀਤੀ ਸੀ: “ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕ. 8:23) “ਇੱਕ ਯਹੂਦੀ” ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਇਨ੍ਹਾਂ ਨੂੰ ‘ਪਰਮੇਸ਼ੁਰ ਦਾ ਇਜ਼ਰਾਈਲ’ ਵੀ ਕਿਹਾ ਜਾਂਦਾ ਹੈ। (ਗਲਾ. 6:16) “ਦਸ ਮਨੁੱਖ” ਧਰਤੀ ’ਤੇ ਹਮੇਸ਼ਾ ਰਹਿਣ ਵਾਲੇ ਲੋਕਾਂ ਨੂੰ ਦਰਸਾਉਂਦੇ ਹਨ। ਇਹ ਲੋਕ ਜਾਣਦੇ ਹਨ ਕਿ ਯਹੋਵਾਹ ਦੀ ਮਿਹਰ ਚੁਣੇ ਹੋਏ ਮਸੀਹੀਆਂ ’ਤੇ ਹੈ ਅਤੇ ਇਹ ਉਨ੍ਹਾਂ ਨਾਲ ਮਿਲ ਕੇ ਭਗਤੀ ਕਰਨ ਨੂੰ ਸਨਮਾਨ ਸਮਝਦੇ ਹਨ।

2. “ਦਸ ਮਨੁੱਖ” ਚੁਣੇ ਹੋਇਆਂ ਨਾਲ ਕਿਵੇਂ ‘ਚੱਲ’ ਸਕਦੇ ਹਨ?

2 ਭਾਵੇਂ ਅੱਜ ਧਰਤੀ ’ਤੇ ਰਹਿ ਰਹੇ ਹਰ ਚੁਣੇ ਹੋਏ ਮਸੀਹੀ ਦਾ ਨਾਂ ਜਾਣਨਾ ਮੁਮਕਿਨ ਨਹੀਂ ਹੈ, * ਪਰ ਫਿਰ ਵੀ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲੇ ਉਨ੍ਹਾਂ ਦੇ ਨਾਲ ‘ਚੱਲ’ ਸਕਦੇ ਹਨ। ਕਿਵੇਂ? ਬਾਈਬਲ ਦੱਸਦੀ ਹੈ ਕਿ ‘ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’ ਆਇਤ ਵਿਚ ਇਕ ਯਹੂਦੀ ਲਿਖਿਆ ਗਿਆ ਹੈ, ਪਰ “ਤੁਹਾਡੇ” ਸ਼ਬਦ ਤੋਂ ਪਤਾ ਲੱਗਦਾ ਹੈ ਕਿ ਇੱਥੇ ਇਕ ਤੋਂ ਵੱਧ ਵਿਅਕਤੀਆਂ ਦੀ ਗੱਲ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਹ ਯਹੂਦੀ ਸਿਰਫ਼ ਇਕ ਵਿਅਕਤੀ ਨੂੰ ਨਹੀਂ, ਸਗੋਂ ਚੁਣੇ ਹੋਏ ਮਸੀਹੀਆਂ ਦੇ ਪੂਰੇ ਸਮੂਹ ਨੂੰ ਦਰਸਾਉਂਦਾ ਹੈ। ਜਿਹੜੇ ਮਸੀਹੀ ਚੁਣੇ ਹੋਏ ਨਹੀਂ ਹਨ, ਉਹ ਚੁਣੇ ਹੋਇਆਂ ਨਾਲ ਰਲ਼ ਕੇ ਯਹੋਵਾਹ ਦੀ ਸੇਵਾ ਕਰਦੇ ਹਨ। ਪਰ ਉਹ ਚੁਣੇ ਹੋਇਆਂ ਨੂੰ ਆਪਣੇ ਆਗੂ ਨਹੀਂ ਸਮਝਦੇ ਕਿਉਂਕਿ ਉਹ ਜਾਣਦੇ ਹਨ ਕਿ ਯਿਸੂ ਉਨ੍ਹਾਂ ਦਾ ਆਗੂ ਹੈ।​—ਮੱਤੀ 23:10.

3. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

3 ਅੱਜ ਧਰਤੀ ’ਤੇ ਪਰਮੇਸ਼ੁਰ ਦੇ ਲੋਕਾਂ ਵਿਚ ਚੁਣੇ ਹੋਏ ਮਸੀਹੀ ਅਜੇ ਵੀ ਹਨ ਜਿਸ ਕਰਕੇ ਸ਼ਾਇਦ ਕੁਝ ਮਸੀਹੀ ਸੋਚਣ: (1) ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? (2) ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਲੈਣ ਵਾਲੇ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (3) ਕੀ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਜੇ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?

4. ਚੁਣੇ ਹੋਏ ਮਸੀਹੀਆਂ ਨੂੰ ਪਹਿਲਾ ਕੁਰਿੰਥੀਆਂ 11:27-29 ਵਿਚ ਦਿੱਤੀ ਕਿਹੜੀ ਚੇਤਾਵਨੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਕਿਉਂ?

4 ਚੁਣੇ ਹੋਏ ਮਸੀਹੀਆਂ ਨੂੰ ਪਹਿਲਾ ਕੁਰਿੰਥੀਆਂ 11:27-29 (ਪੜ੍ਹੋ।) ਵਿਚ ਦਿੱਤੀ ਚੇਤਾਵਨੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸ਼ਾਇਦ ਇਕ ਚੁਣਿਆ ਹੋਇਆ ਮਸੀਹੀ “ਯੋਗ ਨਾ” ਹੋਣ ਦੇ ਬਾਵਜੂਦ ਵੀ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਕਿਵੇਂ ਲਵੇ? ਜੇ ਉਹ ਯਹੋਵਾਹ ਦੇ ਧਰਮੀ ਮਿਆਰਾਂ ’ਤੇ ਨਹੀਂ ਚੱਲਦਾ, ਪਰ ਮੈਮੋਰੀਅਲ ’ਤੇ ਰੋਟੀ ਖਾਂਦਾ ਅਤੇ ਦਾਖਰਸ ਪੀਂਦਾ ਹੈ, ਤਾਂ ਉਹ ਇਸ ਤਰ੍ਹਾਂ ਕਰ ਰਿਹਾ ਹੋਵੇਗਾ। (ਇਬ. 6:4-6; 10:26-29) ਚੁਣੇ ਹੋਏ ਮਸੀਹੀਆਂ ਨੂੰ ਅਹਿਸਾਸ ਹੈ ਕਿ ਜੇ ਉਹ “ਮਸੀਹ ਯਿਸੂ ਰਾਹੀਂ ਦਿੱਤੇ ਗਏ ਪਰਮੇਸ਼ੁਰ ਦੇ ਸਵਰਗੀ ਸੱਦੇ ਦਾ ਇਨਾਮ ਹਾਸਲ” ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਵਫ਼ਾਦਾਰ ਰਹਿਣਾ ਚਾਹੀਦਾ ਹੈ।—ਫ਼ਿਲਿ. 3:13-16.

5. ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

5 ਯਹੋਵਾਹ ਦੀ ਪਵਿੱਤਰ ਸ਼ਕਤੀ ਆਪਣੇ ਸੇਵਕਾਂ ਦੀ ਘਮੰਡੀ ਬਣਨ ਵਿਚ ਨਹੀਂ, ਸਗੋਂ ਨਿਮਰ ਬਣਨ ਵਿਚ ਮਦਦ ਕਰਦੀ ਹੈ। (ਅਫ਼. 4:1-3; ਕੁਲੁ. 3:10, 12) ਇਸ ਲਈ ਚੁਣੇ ਹੋਏ ਮਸੀਹੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਵਧੀਆ ਨਹੀਂ ਸਮਝਦੇ। ਉਹ ਜਾਣਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਆਪਣੇ ਬਾਕੀ ਸੇਵਕਾਂ ਨਾਲੋਂ ਜ਼ਿਆਦਾ ਪਵਿੱਤਰ ਸ਼ਕਤੀ ਨਹੀਂ ਦਿੰਦਾ। ਉਨ੍ਹਾਂ ਨੂੰ ਇਹ ਵੀ ਨਹੀਂ ਲੱਗਦਾ ਕਿ ਉਹ ਬਾਈਬਲ ਦੀਆਂ ਸੱਚਾਈਆਂ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਹਨ। ਇਸ ਤੋਂ ਇਲਾਵਾ, ਉਹ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਉਸ ਨੂੰ ਵੀ ਚੁਣਿਆ ਗਿਆ ਹੈ ਅਤੇ ਉਸ ਨੂੰ ਵੀ ਮੈਮੋਰੀਅਲ ’ਤੇ ਰੋਟੀ ਖਾਣੀ ਅਤੇ ਦਾਖਰਸ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਦੀ ਬਜਾਇ, ਉਹ ਨਿਮਰ ਹਨ ਅਤੇ ਮੰਨਦੇ ਹਨ ਕਿ ਸਿਰਫ਼ ਯਹੋਵਾਹ ਹੀ ਕਿਸੇ ਨੂੰ ਸਵਰਗ ਜਾਣ ਦਾ ਸੱਦਾ ਦਿੰਦਾ ਹੈ।

6. ਪਹਿਲਾ ਕੁਰਿੰਥੀਆਂ 4:7, 8 ਮੁਤਾਬਕ ਚੁਣੇ ਹੋਏ ਮਸੀਹੀਆਂ ਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

6 ਭਾਵੇਂ ਚੁਣੇ ਹੋਏ ਮਸੀਹੀ ਮਹਿਸੂਸ ਕਰਦੇ ਹਨ ਕਿ ਸਵਰਗ ਜਾਣ ਦਾ ਸੱਦਾ ਇਕ ਸ਼ਾਨਦਾਰ ਸਨਮਾਨ ਹੈ, ਪਰ ਉਹ ਇਹ ਉਮੀਦ ਨਹੀਂ ਰੱਖਦੇ ਕਿ ਦੂਸਰੇ ਉਨ੍ਹਾਂ ਨਾਲ ਖ਼ਾਸ ਤਰੀਕੇ ਨਾਲ ਪੇਸ਼ ਆਉਣ। (ਫ਼ਿਲਿੱ. 2:2, 3) ਉਹ ਮਸੀਹੀ ਇਹ ਵੀ ਜਾਣਦੇ ਹਨ ਕਿ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਚੁਣਿਆ ਸੀ, ਤਾਂ ਉਸ ਨੇ ਸਾਰਿਆਂ ਨੂੰ ਇਸ ਬਾਰੇ ਨਹੀਂ ਦੱਸਿਆ ਸੀ। ਇਸ ਲਈ ਇਕ ਚੁਣੇ ਹੋਏ ਮਸੀਹੀ ਨੂੰ ਹੈਰਾਨੀ ਨਹੀਂ ਹੁੰਦੀ ਜਦੋਂ ਕੁਝ ਲੋਕ ਇਕਦਮ ਇਹ ਵਿਸ਼ਵਾਸ ਨਹੀਂ ਕਰਦੇ ਕਿ ਉਹ ਚੁਣਿਆ ਹੋਇਆ ਹੈ। ਉਸ ਨੂੰ ਅਹਿਸਾਸ ਹੈ ਕਿ ਬਾਈਬਲ ਦੱਸਦੀ ਹੈ ਕਿ ਕਿਸੇ ਵੀ ਮਸੀਹੀ ਨੂੰ ਉਸ ਇਨਸਾਨ ’ਤੇ ਇਕਦਮ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੋ ਕਹਿੰਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਖ਼ਾਸ ਜ਼ਿੰਮੇਵਾਰੀ ਦਿੱਤੀ ਹੈ। (ਪ੍ਰਕਾ. 2:2) ਚੁਣਿਆ ਹੋਇਆ ਮਸੀਹੀ ਇਹ ਨਹੀਂ ਚਾਹੁੰਦਾ ਕਿ ਭੈਣ-ਭਰਾ ਉਸ ਵੱਲ ਜ਼ਿਆਦਾ ਧਿਆਨ ਦੇਣ। ਇਸ ਕਰਕੇ ਉਹ ਲੋਕਾਂ ਨੂੰ ਮਿਲਦਿਆਂ ਹੀ ਨਹੀਂ ਦੱਸ ਦਿੰਦਾ ਕਿ ਉਹ ਚੁਣਿਆ ਹੋਇਆ ਹੈ। ਨਾਲੇ ਉਹ ਦੂਸਰਿਆਂ ਸਾਮ੍ਹਣੇ ਸ਼ੇਖ਼ੀਆਂ ਵੀ ਨਹੀਂ ਮਾਰਦਾ।—1 ਕੁਰਿੰਥੀਆਂ 4:7, 8 ਪੜ੍ਹੋ।

7. ਚੁਣੇ ਹੋਏ ਮਸੀਹੀ ਕੀ ਨਹੀਂ ਕਰਨਗੇ ਅਤੇ ਕਿਉਂ?

7 ਚੁਣੇ ਹੋਏ ਮਸੀਹੀ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਸਿਰਫ਼ ਚੁਣੇ ਹੋਇਆਂ ਨਾਲ ਹੀ ਸਮਾਂ ਬਿਤਾਉਣਾ ਚਾਹੀਦਾ ਜਿਵੇਂ ਕਿ ਉਹ ਕਿਸੇ ਖ਼ਾਸ ਸਮੂਹ ਦੇ ਮੈਂਬਰ ਹੋਣ। ਉਹ ਹੋਰ ਚੁਣੇ ਹੋਏ ਮਸੀਹੀਆਂ ਨੂੰ ਨਹੀਂ ਲੱਭਦੇ ਤਾਂਕਿ ਉਹ ਸਵਰਗੀ ਉਮੀਦ ਬਾਰੇ ਗੱਲ ਕਰ ਸਕਣ ਜਾਂ ਇਕ ਗਰੁੱਪ ਵਜੋਂ ਬਾਈਬਲ ਦੀ ਸਟੱਡੀ ਕਰ ਸਕਣ। (ਗਲਾ. 1:15-17) ਜੇ ਚੁਣੇ ਹੋਏ ਮਸੀਹੀ ਇਸ ਤਰ੍ਹਾਂ ਕਰਨਗੇ, ਤਾਂ ਮੰਡਲੀ ਦੀ ਸ਼ਾਂਤੀ ਭੰਗ ਹੋ ਜਾਵੇਗੀ। ਉਹ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਕੰਮ ਕਰ ਰਹੇ ਹੋਣਗੇ ਜੋ ਅਸਲ ਵਿਚ ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਂਤੀ ਅਤੇ ਏਕਤਾ ਬਣਾ ਕੇ ਰੱਖਦੀ ਹੈ।—ਰੋਮੀ. 16:17, 18.

ਚੁਣੇ ਹੋਏ ਮਸੀਹੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

ਸਾਨੂੰ ਚੁਣੇ ਹੋਏ ਮਸੀਹੀਆਂ ਜਾਂ ਅਗਵਾਈ ਲੈਣ ਵਾਲੇ ਭਰਾਵਾਂ ਨਾਲ ਮਸ਼ਹੂਰ ਹਸਤੀਆਂ ਵਾਂਗ ਪੇਸ਼ ਨਹੀਂ ਆਉਣਾ ਚਾਹੀਦਾ (ਪੈਰਾ 8 ਦੇਖੋ) *

8. ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਨਾਲ ਪੇਸ਼ ਆਉਂਦਿਆਂ ਸਾਨੂੰ ਧਿਆਨ ਰੱਖਣ ਦੀ ਕਿਉਂ ਲੋੜ ਹੈ? (ਫੁਟਨੋਟ ਵੀ ਦੇਖੋ।)

8 ਸਾਨੂੰ ਚੁਣੇ ਹੋਏ ਮਸੀਹੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਕਿਸੇ ਵਿਅਕਤੀ ਦੀ ਹੱਦੋਂ ਵੱਧ ਤਾਰੀਫ਼ ਕਰਨੀ ਗ਼ਲਤ ਹੈ ਭਾਵੇਂ ਉਹ ਮਸੀਹ ਦਾ ਚੁਣਿਆ ਹੋਇਆ ਭਰਾ ਹੀ ਕਿਉਂ ਨਾ ਹੋਵੇ। (ਮੱਤੀ 23:8-12) ਜਦੋਂ ਬਾਈਬਲ ਬਜ਼ੁਰਗਾਂ ਬਾਰੇ ਗੱਲ ਕਰਦੀ ਹੈ, ਤਾਂ ਇਹ ਸਾਨੂੰ “ਉਨ੍ਹਾਂ ਦੀ ਨਿਹਚਾ ਦੀ ਮਿਸਾਲ” ’ਤੇ ਚੱਲਣ ਦੀ ਹੱਲਾਸ਼ੇਰੀ ਦਿੰਦੀ ਹੈ। ਪਰ ਇਹ ਕਦੇ ਨਹੀਂ ਕਹਿੰਦੀ ਕਿ ਅਸੀਂ ਕਿਸੇ ਇਨਸਾਨ ਨੂੰ ਆਪਣਾ ਆਗੂ ਬਣਾਈਏ। (ਇਬ. 13:7) ਇਹ ਸੱਚ ਹੈ ਕਿ ਬਾਈਬਲ ਕਹਿੰਦੀ ਹੈ ਕਿ ਕਈਆਂ ਦਾ “ਦੁਗਣਾ ਆਦਰ ਕੀਤਾ ਜਾਵੇ।” ਪਰ ਅਸੀਂ ਇਨ੍ਹਾਂ ਦਾ ਆਦਰ ਇਸ ਲਈ ਕਰਦੇ ਹਾਂ ਕਿਉਂਕਿ ਇਹ “ਵਧੀਆ ਤਰੀਕੇ ਨਾਲ ਅਗਵਾਈ ਕਰਦੇ ਹਨ” ਅਤੇ “ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।” ਨਾ ਕਿ ਇਸ ਲਈ ਆਦਰ ਕਰਦੇ ਹਾਂ ਕਿਉਂਕਿ ਇਨ੍ਹਾਂ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ। (1 ਤਿਮੋ. 5:17) ਜੇ ਅਸੀਂ ਚੁਣੇ ਹੋਏ ਮਸੀਹੀਆਂ ਨੂੰ ਹੱਦੋਂ ਵੱਧ ਉੱਚਾ ਚੁੱਕਦੇ ਹਾਂ ਅਤੇ ਉਨ੍ਹਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ, ਤਾਂ ਸ਼ਾਇਦ ਉਨ੍ਹਾਂ ਨੂੰ ਚੰਗਾ ਨਾ ਲੱਗੇ। * ਜਾਂ ਇੱਥੋਂ ਤਕ ਕਿ ਉਨ੍ਹਾਂ ਲਈ ਨਿਮਰ ਰਹਿਣਾ ਔਖਾ ਹੋ ਜਾਵੇ। (ਰੋਮੀ. 12:3) ਸਾਡੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਕਰਕੇ ਮਸੀਹ ਦਾ ਚੁਣਿਆ ਹੋਇਆ ਕੋਈ ਭਰਾ ਇੱਦਾਂ ਦੀ ਕੋਈ ਗੰਭੀਰ ਗ਼ਲਤੀ ਕਰੇ!​—ਲੂਕਾ 17:2.

9. ਅਸੀਂ ਚੁਣੇ ਹੋਏ ਮਸੀਹੀਆਂ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ?

9 ਅਸੀਂ ਯਹੋਵਾਹ ਵੱਲੋਂ ਚੁਣੇ ਹੋਏ ਮਸੀਹੀਆਂ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ? ਸਾਨੂੰ ਉਨ੍ਹਾਂ ਤੋਂ ਉਨ੍ਹਾਂ ਦੇ ਚੁਣੇ ਜਾਣ ਬਾਰੇ ਸਵਾਲ ਨਹੀਂ ਪੁੱਛਣੇ ਚਾਹੀਦੇ। ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਸਾਨੂੰ ਇਸ ਬਾਰੇ ਜਾਣਨ ਦਾ ਕੋਈ ਹੱਕ ਨਹੀਂ ਹੈ। (1 ਥੱਸ. 4:11; 2 ਥੱਸ. 3:11) ਨਾਲੇ ਸਾਨੂੰ ਇਹ ਨਹੀਂ ਸੋਚ ਲੈਣ ਚਾਹੀਦਾ ਕਿ ਉਨ੍ਹਾਂ ਦੇ ਪਤੀ ਜਾਂ ਪਤਨੀ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਚੁਣਿਆ ਗਿਆ ਹੈ। ਇਕ ਇਨਸਾਨ ਨੂੰ ਸਵਰਗ ਜਾਣ ਦੀ ਉਮੀਦ ਵਿਰਾਸਤ ਵਿਚ ਨਹੀਂ, ਸਗੋਂ ਪਰਮੇਸ਼ੁਰ ਤੋਂ ਮਿਲਦੀ ਹੈ। (1 ਥੱਸ. 2:12) ਸਾਨੂੰ ਅਜਿਹੇ ਸਵਾਲ ਵੀ ਨਹੀਂ ਪੁੱਛਣੇ ਚਾਹੀਦੇ ਜਿਨ੍ਹਾਂ ਕਰਕੇ ਦੂਜਿਆਂ ਨੂੰ ਦੁੱਖ ਲੱਗੇ। ਮਿਸਾਲ ਲਈ, ਅਸੀਂ ਇਕ ਚੁਣੇ ਹੋਏ ਮਸੀਹੀ ਦੀ ਪਤਨੀ ਤੋਂ ਇਹ ਨਹੀਂ ਪੁੱਛਾਂਗੇ ਕਿ ਉਸ ਨੂੰ ਆਪਣੇ ਪਤੀ ਤੋਂ ਬਗੈਰ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਧਰਤੀ ’ਤੇ ਰਹਿਣ ਬਾਰੇ ਕਿਵੇਂ ਲੱਗਦਾ ਹੈ। ਅਸੀਂ ਸਾਰੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਨਵੀਂ ਦੁਨੀਆਂ ਵਿਚ ਯਹੋਵਾਹ “ਸਾਰੇ ਜੀਆਂ ਦੀ ਇੱਛਿਆ ਪੂਰੀ” ਕਰੇਗਾ।​—ਜ਼ਬੂ. 145:16.

10. ਕਿਸੇ ਦੀ ਹੱਦੋਂ ਵੱਧ ਤਾਰੀਫ਼ ਨਾ ਕਰਕੇ ਸਾਡੀ ਰਾਖੀ ਕਿਵੇਂ ਹੁੰਦੀ ਹੈ?

10 ਜੇ ਅਸੀਂ ਚੁਣੇ ਹੋਏ ਮਸੀਹੀਆਂ ਨੂੰ ਦੂਜੇ ਭੈਣ-ਭਰਾਵਾਂ ਤੋਂ ਜ਼ਿਆਦਾ ਉੱਚਾ ਨਹੀਂ ਚੁੱਕਦੇ, ਤਾਂ ਇਸ ਨਾਲ ਸਾਡੀ ਵੀ ਰਾਖੀ ਹੁੰਦੀ ਹੈ। ਕਿਵੇਂ? ਬਾਈਬਲ ਦੱਸਦੀ ਹੈ ਕਿ ਸ਼ਾਇਦ ਕੁਝ ਚੁਣੇ ਹੋਏ ਮਸੀਹੀ ਵਫ਼ਾਦਾਰ ਨਾ ਰਹਿਣ। (ਮੱਤੀ 25:10-12; 2 ਪਤ. 2:20, 21) ਪਰ ਜੇ ਅਸੀਂ ਕਿਸੇ ਦੀ ਹੱਦੋਂ ਵੱਧ ਤਾਰੀਫ਼ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ਦੇ ਪਿੱਛੇ ਨਹੀਂ ਲੱਗਾਂਗੇ ਭਾਵੇਂ ਉਹ ਚੁਣੇ ਹੋਏ ਹੋਣ, ਬਹੁਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋਣ ਜਾਂ ਜਿਨ੍ਹਾਂ ਨੂੰ ਬਹੁਤ ਸਾਰੇ ਭੈਣ-ਭਰਾ ਜਾਣਦੇ ਹੋਣ। (ਯਹੂ. 16) ਫਿਰ ਜੇ ਉਹ ਵਫ਼ਾਦਾਰ ਨਾ ਰਹਿਣ ਜਾਂ ਮੰਡਲੀ ਨੂੰ ਛੱਡ ਦੇਣ, ਤਾਂ ਅਸੀਂ ਯਹੋਵਾਹ ’ਤੇ ਨਿਹਚਾ ਕਰਨੀ ਅਤੇ ਉਸ ਦੀ ਸੇਵਾ ਕਰਨੀ ਨਹੀਂ ਛੱਡਾਂਗੇ।

ਕੀ ਸਾਨੂੰ ਗਿਣਤੀ ਦੀ ਚਿੰਤਾ ਕਰਨੀ ਚਾਹੀਦੀ ਹੈ?

11. ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਨੂੰ ਕੀ ਹੋ ਰਿਹਾ ਹੈ?

11 ਬਹੁਤ ਸਾਲਾਂ ਤਕ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਸੀ। ਪਰ ਹਾਲ ਹੀ ਦੇ ਸਾਲਾਂ ਵਿਚ ਹਰ ਸਾਲ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੀ ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਹੈ? ਨਹੀਂ। ਆਓ ਦੇਖੀਏ ਕਿਉਂ।

12. ਸਾਨੂੰ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਬਾਰੇ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?

12 “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ।” (2 ਤਿਮੋ. 2:19) ਯਹੋਵਾਹ ਦੇ ਉਲਟ, ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਕਰਨ ਵਾਲੇ ਭਰਾ ਇਹ ਨਹੀਂ ਜਾਣਦੇ ਕਿ ਵਾਕਈ ਕਿਹੜੇ ਚੁਣੇ ਹੋਏ ਹਨ। ਇਸ ਲਈ ਗਿਣਤੀ ਵਿਚ ਉਨ੍ਹਾਂ ਮਸੀਹੀਆਂ ਨੂੰ ਵੀ ਗਿਣਿਆ ਜਾਂਦਾ ਹੈ ਜਿਨ੍ਹਾਂ ਨੂੰ ਗ਼ਲਤਫ਼ਹਿਮੀ ਹੈ ਕਿ ਉਹ ਚੁਣੇ ਹੋਏ ਹਨ। ਮਿਸਾਲ ਲਈ, ਕੁਝ ਜਿਹੜੇ ਪਹਿਲਾਂ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਂਦੇ ਸਨ, ਉਨ੍ਹਾਂ ਨੇ ਬਾਅਦ ਵਿਚ ਰੋਟੀ ਖਾਣੀ ਅਤੇ ਦਾਖਰਸ ਪੀਣਾ ਬੰਦ ਕਰ ਦਿੱਤਾ। ਕੁਝ ਸ਼ਾਇਦ ਮਾਨਸਿਕ ਜਾਂ ਜਜ਼ਬਾਤੀ ਤੌਰ ਤੇ ਠੀਕ ਨਾ ਹੋਣ ਕਰਕੇ ਇਹ ਸੋਚਣ ਕਿ ਉਹ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਧਰਤੀ ’ਤੇ ਕਿੰਨੇ ਕੁ ਚੁਣੇ ਹੋਏ ਮਸੀਹੀ ਰਹਿ ਗਏ ਹਨ।

13. ਕੀ ਬਾਈਬਲ ਦੱਸਦੀ ਹੈ ਕਿ ਮਹਾਂਕਸ਼ਟ ਦੇ ਸ਼ੁਰੂ ਹੋਣ ਵੇਲੇ ਧਰਤੀ ’ਤੇ ਚੁਣੇ ਹੋਏ ਮਸੀਹੀਆਂ ਦੀ ਗਿਣਤੀ ਕਿੰਨੀ ਹੋਵੇਗੀ?

13 ਜਦੋਂ ਯਿਸੂ ਧਰਤੀ ’ਤੇ ਆਵੇਗਾ, ਤਾਂ ਧਰਤੀ ਦੇ ਬਹੁਤ ਸਾਰੇ ਹਿੱਸਿਆਂ ਵਿਚ ਚੁਣੇ ਹੋਏ ਮਸੀਹੀ ਹੋਣਗੇ। (ਮੱਤੀ 24:31) ਬਾਈਬਲ ਦੱਸਦੀ ਹੈ ਕਿ ਆਖ਼ਰੀ ਦਿਨਾਂ ਦੌਰਾਨ ਧਰਤੀ ’ਤੇ ਥੋੜ੍ਹੇ ਜਿਹੇ ਚੁਣੇ ਹੋਏ ਮਸੀਹੀ ਹੋਣਗੇ। (ਪ੍ਰਕਾ. 12:17) ਪਰ ਇਹ ਨਹੀਂ ਦੱਸਦੀ ਕਿ ਮਹਾਂਕਸ਼ਟ ਸ਼ੁਰੂ ਹੋਣ ਵੇਲੇ ਇਨ੍ਹਾਂ ਦੀ ਗਿਣਤੀ ਕਿੰਨੀ ਰਹਿ ਜਾਵੇਗੀ।

ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜੇ ਕੋਈ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਲੈਂਦਾ ਹੈ (ਪੈਰਾ 14 ਦੇਖੋ)

14. ਰੋਮੀਆਂ 9:11, 16 ਮੁਤਾਬਕ ਸਾਨੂੰ ਚੁਣੇ ਹੋਏ ਮਸੀਹੀਆਂ ਬਾਰੇ ਕਿਹੜੀਆਂ ਗੱਲਾਂ ਸਮਝਣ ਦੀ ਲੋੜ ਹੈ?

14 ਯਹੋਵਾਹ ਫ਼ੈਸਲਾ ਕਰਦਾ ਹੈ ਕਿ ਉਹ ਕਦੋਂ ਕਿਸੇ ਨੂੰ ਚੁਣੇਗਾ। (ਰੋਮੀ. 8:28-30) ਯਹੋਵਾਹ ਨੇ ਚੁਣੇ ਜਾਣ ਦਾ ਕੰਮ ਯਿਸੂ ਦੇ ਜੀ ਉੱਠਣ ਤੋਂ ਬਾਅਦ ਸ਼ੁਰੂ ਕੀਤਾ। ਇੱਦਾਂ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਸਾਰੇ ਸੱਚੇ ਮਸੀਹੀ ਚੁਣੇ ਹੋਏ ਸਨ। ਪਹਿਲੀ ਸਦੀ ਤੋਂ ਲੈ ਕੇ ਆਖ਼ਰੀ ਦਿਨਾਂ ਦੇ ਸ਼ੁਰੂ ਤਕ ਯਿਸੂ ਦੇ ਪਿੱਛੇ ਚੱਲਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਝੂਠੇ ਮਸੀਹੀ ਸਨ। ਪਰ ਫਿਰ ਵੀ ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ਨੇ ਕੁਝ ਜਣਿਆਂ ਨੂੰ ਚੁਣਿਆ ਜਿਹੜੇ ਸੱਚੇ ਮਸੀਹੀ ਸਨ। ਉਹ “ਕਣਕ” ਵਰਗੇ ਸਨ ਜਿਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ ਕਿ ਉਹ “ਜੰਗਲੀ ਬੂਟੀ” ਵਿਚ ਉੱਗਣਗੇ। (ਮੱਤੀ 13:24-30) ਯਹੋਵਾਹ ਆਖ਼ਰੀ ਦਿਨਾਂ ਦੌਰਾਨ ਵੀ 1,44,000 ਦਾ ਹਿੱਸਾ ਬਣਨ ਲਈ ਮਸੀਹੀਆਂ ਨੂੰ ਚੁਣ ਰਿਹਾ ਹੈ। * ਇਸ ਲਈ ਜੇ ਪਰਮੇਸ਼ੁਰ ਅੰਤ ਆਉਣ ਤੋਂ ਪਹਿਲਾਂ ਵੀ ਕਿਸੇ ਨੂੰ ਚੁਣੇ, ਤਾਂ ਸਾਨੂੰ ਉਸ ਦੀ ਬੁੱਧ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ। (ਰੋਮੀਆਂ 9:11, 16 ਪੜ੍ਹੋ।) * ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਯਿਸੂ ਵੱਲੋਂ ਦੱਸੀ ਮਿਸਾਲ ਵਿਚਲੇ ਕਾਮਿਆਂ ਵਰਗੇ ਨਾ ਬਣੀਏ। ਉਹ ਆਪਣੇ ਮਾਲਕ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ ਸਨ ਕਿ ਉਹ ਉਨ੍ਹਾਂ ਨੌਕਰਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਇਆ ਜੋ ਅਖ਼ੀਰਲੇ ਘੰਟੇ ਕੰਮ ਕਰਨ ਆਏ ਸਨ।​—ਮੱਤੀ 20:8-15.

15. ਕੀ ਸਾਰੇ ਚੁਣੇ ਹੋਏ ਮਸੀਹੀ ਮੱਤੀ 24:45-47 ਵਿਚ ਜ਼ਿਕਰ ਕੀਤੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦਾ ਹਿੱਸਾ ਹਨ? ਸਮਝਾਓ।

15 ਸਾਰੇ ਚੁਣੇ ਹੋਏ ਮਸੀਹੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦਾ ਹਿੱਸਾ ਨਹੀਂ ਹਨ। (ਮੱਤੀ 24:45-47 ਪੜ੍ਹੋ।) ਪਹਿਲੀ ਸਦੀ ਵਾਂਗ ਅੱਜ ਵੀ ਯਹੋਵਾਹ ਅਤੇ ਯਿਸੂ ਬਹੁਤ ਸਾਰੇ ਲੋਕਾਂ ਨੂੰ ਖਿਲਾਉਣ ਯਾਨੀ ਸਿਖਾਉਣ ਲਈ ਥੋੜ੍ਹੇ ਲੋਕਾਂ ਨੂੰ ਵਰਤ ਰਹੇ ਹਨ। ਪਹਿਲੀ ਸਦੀ ਦੇ ਕੁਝ ਹੀ ਚੁਣੇ ਹੋਏ ਮਸੀਹੀਆਂ ਨੂੰ ਯੂਨਾਨੀ ਲਿਖਤਾਂ ਲਿਖਣ ਲਈ ਵਰਤਿਆ ਗਿਆ ਸੀ। ਅੱਜ ਵੀ ਕੁਝ ਹੀ ਚੁਣੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ “ਸਹੀ ਸਮੇਂ ਤੇ ਭੋਜਨ” ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

16. ਇਸ ਲੇਖ ਤੋਂ ਤੁਸੀਂ ਕੀ ਸਿੱਖਿਆ?

16 ਇਸ ਲੇਖ ਤੋਂ ਅਸੀਂ ਕੀ ਸਿੱਖਿਆ? ਯਹੋਵਾਹ ਨੇ ਆਪਣੇ ਜ਼ਿਆਦਾਤਰ ਲੋਕਾਂ ਨੂੰ ਇਸ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਦਿੱਤੀ ਹੈ ਅਤੇ ਕੁਝ ਜਣਿਆਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਹੈ। ਯਹੋਵਾਹ ਆਪਣੇ ਸਾਰੇ ਸੇਵਕਾਂ ਨੂੰ ਇਨਾਮ ਦੇਵੇਗਾ ਚਾਹੇ ਉਹ “ਇੱਕ ਯਹੂਦੀ” ਹੋਵੇ ਜਾਂ “ਦਸ ਆਦਮੀ।” ਪਰ ਉਹ ਉਨ੍ਹਾਂ ਸਾਰਿਆਂ ਤੋਂ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਵਫ਼ਾਦਾਰ ਰਹਿਣ ਦੀ ਮੰਗ ਕਰਦਾ ਹੈ। ਸਾਰਿਆਂ ਨੂੰ ਨਿਮਰ ਬਣੇ ਰਹਿਣਾ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਮਿਲ ਕੇ ਸੇਵਾ ਕਰਨੀ ਅਤੇ ਏਕਤਾ ਵਿਚ ਬੱਝੇ ਰਹਿਣਾ ਚਾਹੀਦਾ ਹੈ। ਨਾਲੇ ਸਾਰਿਆਂ ਨੂੰ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਦੇਖ ਕੇ ਆਓ ਆਪਾਂ ਯਹੋਵਾਹ ਦੀ ਸੇਵਾ ਕਰਦੇ ਰਹੀਏ ਅਤੇ ‘ਇਕ ਝੁੰਡ’ ਵਜੋਂ ਮਸੀਹ ਦੇ ਪਿੱਛੇ-ਪਿੱਛੇ ਚੱਲਦੇ ਰਹੀਏ।—ਯੂਹੰ. 10:16.

^ ਪੈਰਾ 5 ਇਸ ਸਾਲ ਮਸੀਹ ਦੀ ਮੌਤ ਦੀ ਯਾਦਗਾਰ 7 ਅਪ੍ਰੈਲ ਮੰਗਲਵਾਰ ਨੂੰ ਮਨਾਈ ਜਾਵੇਗੀ। ਸਾਨੂੰ ਉਸ ਸ਼ਾਮ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਪ੍ਰਤੀ ਕਿੱਦਾਂ ਦਾ ਨਜ਼ਰੀਆ ਰੱਖਣਾ ਚਾਹੀਦਾ ਹੈ? ਕੀ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਜੇ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜੋ ਕਿ ਜਨਵਰੀ 2016 ਦੇ ਪਹਿਰਾਬੁਰਜ ’ਤੇ ਆਧਾਰਿਤ ਹੈ।

^ ਪੈਰਾ 2 ਜ਼ਬੂਰ 87:5, 6 ਮੁਤਾਬਕ ਪਰਮੇਸ਼ੁਰ ਭਵਿੱਖ ਵਿਚ ਸ਼ਾਇਦ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਵਾਲਿਆਂ ਦੇ ਨਾਂ ਜ਼ਾਹਰ ਕਰੇ।—ਰੋਮੀ. 8:19.

^ ਪੈਰਾ 8 ਜਨਵਰੀ 2016 ਦੇ ਪਹਿਰਾਬੁਰਜ ਵਿਚ “ਪਿਆਰ ‘ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ’” ਨਾਂ ਦੀ ਡੱਬੀ ਦੇਖੋ।

^ ਪੈਰਾ 14 ਭਾਵੇਂ ਕਿ ਰਸੂਲਾਂ ਦੇ ਕੰਮ 2:33 ਵਿਚ ਦੱਸਿਆ ਗਿਆ ਹੈ ਕਿ ਪਵਿੱਤਰ ਸ਼ਕਤੀ ਯਿਸੂ ਦੁਆਰਾ ਦਿੱਤੀ ਜਾਂਦੀ ਹੈ, ਪਰ ਯਹੋਵਾਹ ਹੀ ਹਰ ਵਿਅਕਤੀ ਨੂੰ ਚੁਣਦਾ ਹੈ।

^ ਪੈਰਾ 14 ਹੋਰ ਜਾਣਕਾਰੀ ਲਈ 1 ਮਈ 2007 ਦੇ ਪਹਿਰਾਬੁਰਜ ’ਤੇ “ਪਾਠਕਾਂ ਵੱਲੋਂ ਸਵਾਲ” ਦੇਖੋ।

ਗੀਤ 29 ਵਫ਼ਾ ਦੇ ਰਾਹ ’ਤੇ ਚੱਲੋ

^ ਪੈਰਾ 56 ਤਸਵੀਰ ਬਾਰੇ ਜਾਣਕਾਰੀ: ਕਲਪਨਾ ਕਰੋ ਕਿ ਵੱਡੇ ਸੰਮੇਲਨ ਵਿਚ ਹੈੱਡਕੁਆਰਟਰ ਤੋਂ ਆਇਆ ਇਕ ਭਰਾ ਤੇ ਉਸ ਦੀ ਪਤਨੀ ਭੈਣਾਂ-ਭਰਾਵਾਂ ਨਾਲ ਘਿਰੇ ਹੋਏ ਹਨ ਜੋ ਉਨ੍ਹਾਂ ਦੀ ਫੋਟੋ ਖਿੱਚਣੀ ਚਾਹੁੰਦੇ ਹਨ। ਇਹ ਕਿੰਨੀ ਹੀ ਬੇਅਦਬੀ ਦੀ ਗੱਲ ਹੈ!