Skip to content

Skip to table of contents

ਅਧਿਐਨ ਲੇਖ 2

ਤੁਸੀਂ ਦੂਸਰਿਆਂ ਨੂੰ “ਹੌਸਲਾ” ਦੇ ਸਕਦੇ ਹੋ

ਤੁਸੀਂ ਦੂਸਰਿਆਂ ਨੂੰ “ਹੌਸਲਾ” ਦੇ ਸਕਦੇ ਹੋ

ਇਹੀ ਭਰਾ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਦਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ ਹੈ।”—ਕੁਲੁ. 4:11.

ਗੀਤ 53 ਏਕਤਾ ਬਣਾਈ ਰੱਖੋ

ਖ਼ਾਸ ਗੱਲਾਂ *

1. ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕ ਕਿੱਦਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ?

ਦੁਨੀਆਂ ਭਰ ਵਿਚ ਯਹੋਵਾਹ ਦੇ ਬਹੁਤ ਸਾਰੇ ਸੇਵਕ ਦਰਦਨਾਕ ਅਤੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ। ਕੀ ਤੁਹਾਡੀ ਮੰਡਲੀ ਵਿਚ ਵੀ ਇੱਦਾਂ ਦੇ ਭੈਣ-ਭਰਾ ਹਨ? ਕਈ ਭੈਣ-ਭਰਾ ਗੰਭੀਰ ਬੀਮਾਰੀਆਂ ਜਾਂ ਆਪਣੇ ਕਿਸੇ ਪਿਆਰੇ ਦੀ ਮੌਤ ਦਾ ਦੁੱਖ ਝੱਲ ਰਹੇ ਹਨ। ਦੂਸਰੇ ਭੈਣ-ਭਰਾ ਕਾਫ਼ੀ ਦੁਖੀ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਨਜ਼ਦੀਕੀ ਦੋਸਤ ਨੇ ਸੱਚਾਈ ਛੱਡ ਦਿੱਤੀ ਹੈ। ਹੋਰ ਭੈਣ-ਭਰਾ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਹੌਸਲੇ ਦੀ ਲੋੜ ਹੈ। ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

2. ਪੌਲੁਸ ਰਸੂਲ ਨੂੰ ਕਦੇ-ਕਦੇ ਹੌਸਲੇ ਦੀ ਕਿਉਂ ਲੋੜ ਸੀ?

2 ਪੌਲੁਸ ਰਸੂਲ ਨੇ ਇਕ ਤੋਂ ਬਾਅਦ ਇਕ ਜਾਨਲੇਵਾ ਹਾਲਾਤਾਂ ਦਾ ਸਾਮ੍ਹਣਾ ਕੀਤਾ। (2 ਕੁਰਿੰ. 11:23-28) ਉਸ ਦੇ “ਸਰੀਰ ਵਿਚ ਇਕ ਕੰਡਾ ਚੋਭਿਆ ਗਿਆ” ਸੀ ਜੋ ਕਿ ਸ਼ਾਇਦ ਇਕ ਸਿਹਤ ਸਮੱਸਿਆ ਸੀ। (2 ਕੁਰਿੰ. 12:7) ਪੌਲੁਸ ਨੂੰ ਨਿਰਾਸ਼ਾ ਦਾ ਵੀ ਸਾਮ੍ਹਣਾ ਕਰਨਾ ਪਿਆ ਜਦੋਂ ਉਸ ਦਾ ਸਾਥੀ ਦੇਮਾਸ ਉਸ ਨੂੰ ਛੱਡ ਕੇ ਚਲਾ ਗਿਆ ਸੀ “ਕਿਉਂਕਿ [ਦੇਮਾਸ] ਨੂੰ ਦੁਨੀਆਂ ਨਾਲ ਪਿਆਰ ਸੀ।” (2 ਤਿਮੋ. 4:10) ਪੌਲੁਸ ਇਕ ਦਲੇਰ ਚੁਣਿਆ ਹੋਇਆ ਮਸੀਹੀ ਸੀ ਜਿਸ ਨੇ ਨਿਰਸੁਆਰਥ ਦੂਜਿਆਂ ਦੀ ਮਦਦ ਕੀਤੀ, ਪਰ ਕਦੇ-ਕਦੇ ਉਹ ਵੀ ਨਿਰਾਸ਼ ਹੋ ਜਾਂਦਾ ਸੀ।—ਰੋਮੀ. 9:1, 2.

3. ਪੌਲੁਸ ਨੂੰ ਕਿਨ੍ਹਾਂ ਤੋਂ ਹੌਸਲਾ ਅਤੇ ਸਹਾਰਾ ਮਿਲਿਆ?

3 ਪੌਲੁਸ ਨੂੰ ਆਪਣੀ ਲੋੜ ਮੁਤਾਬਕ ਹੌਸਲਾ ਅਤੇ ਸਹਾਰਾ ਮਿਲਿਆ। ਕਿਵੇਂ? ਬਿਨਾਂ ਸ਼ੱਕ, ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਉਸ ਨੂੰ ਤਕੜਾ ਕੀਤਾ। (2 ਕੁਰਿੰ. 4:7; ਫ਼ਿਲਿ. 4:13) ਯਹੋਵਾਹ ਨੇ ਦੂਸਰੇ ਮਸੀਹੀਆਂ ਰਾਹੀਂ ਵੀ ਉਸ ਨੂੰ ਹੌਸਲਾ ਦਿੱਤਾ। ਪੌਲੁਸ ਨੇ ਆਪਣੇ ਕੁਝ ਸਾਥੀਆਂ ਬਾਰੇ ਕਿਹਾ ਕਿ “ਇਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ।” (ਕੁਲੁ. 4:11) ਉਸ ਨੇ ਇਨ੍ਹਾਂ ਸਾਥੀਆਂ ਵਿੱਚੋਂ ਅਰਿਸਤਰਖੁਸ, ਤੁਖੀਕੁਸ ਅਤੇ ਮਰਕੁਸ ਦਾ ਨਾਂ ਲੈ ਕੇ ਜ਼ਿਕਰ ਕੀਤਾ। ਇਨ੍ਹਾਂ ਨੇ ਪੌਲੁਸ ਨੂੰ ਤਕੜਾ ਕੀਤਾ ਜਿਸ ਕਰਕੇ ਉਹ ਮੁਸ਼ਕਲਾਂ ਸਹਿ ਸਕਿਆ। ਕਿਹੜੇ ਗੁਣਾਂ ਕਰਕੇ ਇਹ ਤਿੰਨ ਮਸੀਹੀ ਇੰਨਾ ਹੌਸਲਾ ਦੇ ਸਕੇ? ਅਸੀਂ ਇਨ੍ਹਾਂ ਦੀ ਵਧੀਆ ਮਿਸਾਲ ਦੀ ਰੀਸ ਕਰਦਿਆਂ ਇਕ-ਦੂਸਰੇ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ?

ਅਰਿਸਤਰਖੁਸ ਵਾਂਗ ਵਫ਼ਾਦਾਰ

ਅਰਿਸਤਰਖੁਸ ਵਾਂਗ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ‘ਬਿਪਤਾ ਦੇ ਦਿਨਾਂ’ ਦੌਰਾਨ ਸਾਥ ਦੇ ਕੇ ਇਕ ਵਫ਼ਾਦਾਰ ਦੋਸਤ ਬਣ ਸਕਦੇ ਹਾਂ (ਪੈਰੇ 4-5 ਦੇਖੋ) *

4. ਅਰਿਸਤਰਖੁਸ ਇਕ ਵਫ਼ਾਦਾਰ ਦੋਸਤ ਕਿਵੇਂ ਸਾਬਤ ਹੋਇਆ?

4 ਅਰਿਸਤਰਖੁਸ, ਜੋ ਕਿ ਥੱਸਲੁਨੀਕਾ ਦਾ ਇਕ ਮਕਦੂਨੀ ਮਸੀਹੀ ਸੀ, ਪੌਲੁਸ ਦਾ ਵਫ਼ਾਦਾਰ ਸਾਥੀ ਸਾਬਤ ਹੋਇਆ। ਅਰਿਸਤਰਖੁਸ ਦਾ ਪਹਿਲੀ ਵਾਰ ਜ਼ਿਕਰ ਉਦੋਂ ਆਉਂਦਾ ਹੈ ਜਦੋਂ ਪੌਲੁਸ ਆਪਣੇ ਤੀਸਰੇ ਮਿਸ਼ਨਰੀ ਦੌਰੇ ਲਈ ਅਫ਼ਸੁਸ ਗਿਆ। ਪੌਲੁਸ ਦੇ ਨਾਲ ਹੋਣ ਕਰਕੇ ਭੀੜ ਨੇ ਅਰਿਸਤਰਖੁਸ ਨੂੰ ਫੜ ਲਿਆ। (ਰਸੂ. 19:29) ਅਖ਼ੀਰ ਰਿਹਾ ਹੋਣ ਤੋਂ ਬਾਅਦ ਉਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵਫ਼ਾਦਾਰੀ ਨਾਲ ਪੌਲੁਸ ਦਾ ਸਾਥ ਦਿੱਤਾ। ਕੁਝ ਮਹੀਨੇ ਬਾਅਦ ਯੂਨਾਨ ਵਿਚ ਅਰਿਸਤਰਖੁਸ ਅਜੇ ਵੀ ਪੌਲੁਸ ਨਾਲ ਹੀ ਸੀ ਭਾਵੇਂ ਵਿਰੋਧੀ ਪੌਲੁਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਰਹੇ ਸਨ। (ਰਸੂ. 20:2-4) ਲਗਭਗ 58 ਈਸਵੀ ਵਿਚ ਜਦੋਂ ਪੌਲੁਸ ਨੂੰ ਇਕ ਕੈਦੀ ਵਜੋਂ ਰੋਮ ਭੇਜਿਆ ਗਿਆ, ਤਾਂ ਅਰਿਸਤਰਖੁਸ ਇਸ ਲੰਬੇ ਸਫ਼ਰ ਦੌਰਾਨ ਉਸ ਦੇ ਨਾਲ ਸੀ ਅਤੇ ਰਸਤੇ ਵਿਚ ਉਨ੍ਹਾਂ ਦਾ ਜਹਾਜ਼ ਤਬਾਹ ਹੋ ਗਿਆ ਸੀ। (ਰਸੂ. 27:1, 2, 41) ਲੱਗਦਾ ਹੈ ਕਿ ਉਹ ਰੋਮ ਵਿਚ ਪੌਲੁਸ ਨਾਲ ਕੁਝ ਸਮਾਂ ਜੇਲ੍ਹ ਵਿਚ ਰਿਹਾ। (ਕੁਲੁ. 4:10) ਇਹ ਹੈਰਾਨੀ ਦੀ ਗੱਲ ਨਹੀਂ ਕਿ ਪੌਲੁਸ ਨੂੰ ਇਸ ਵਫ਼ਾਦਾਰ ਸਾਥੀ ਤੋਂ ਹੌਸਲਾ ਅਤੇ ਹੌਸਲਾ ਮਿਲਿਆ!

5. ਕਹਾਉਤਾਂ 17:17 ਅਨੁਸਾਰ ਅਸੀਂ ਇਕ ਵਫ਼ਾਦਾਰ ਦੋਸਤ ਕਿਵੇਂ ਬਣ ਸਕਦੇ ਹਾਂ?

5 ਅਰਿਸਤਰਖੁਸ ਦੀ ਤਰ੍ਹਾਂ ਅਸੀਂ ਸਿਰਫ਼ ਚੰਗੇ ਸਮਿਆਂ ਵਿਚ ਹੀ ਨਹੀਂ, ਸਗੋਂ ‘ਬਿਪਤਾ ਦੇ ਦਿਨਾਂ’ ਦੌਰਾਨ ਵੀ ਆਪਣੇ ਭੈਣਾਂ-ਭਰਾਵਾਂ ਦਾ ਸਾਥ ਦੇ ਕੇ ਇਕ ਵਫ਼ਾਦਾਰ ਦੋਸਤ ਬਣ ਸਕਦੇ ਹਾਂ। (ਕਹਾਉਤਾਂ 17:17 ਪੜ੍ਹੋ।) ਇਕ ਅਜ਼ਮਾਇਸ਼ ਖ਼ਤਮ ਹੋਣ ਤੋਂ ਬਾਅਦ ਵੀ ਸਾਡੇ ਭੈਣਾਂ ਜਾਂ ਭਰਾਵਾਂ ਨੂੰ ਹੌਸਲੇ ਦੀ ਲੋੜ ਹੁੰਦੀ ਹੈ। ਕੈਂਸਰ ਕਰਕੇ ਫਰਾਂਸਿਸ * ਦੇ ਮਾਪਿਆਂ ਦੀ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੌਤ ਹੋ ਗਈ। ਉਹ ਕਹਿੰਦਾ ਹੈ: “ਮੈਨੂੰ ਲੱਗਦਾ ਕਿ ਸਖ਼ਤ ਅਜ਼ਮਾਇਸ਼ਾਂ ਦਾ ਅਸਰ ਸਾਡੇ ’ਤੇ ਲੰਬੇ ਸਮੇਂ ਤਕ ਰਹਿੰਦਾ ਹੈ। ਮੈਂ ਵਫ਼ਾਦਾਰ ਦੋਸਤਾਂ ਦੀ ਬਹੁਤ ਕਦਰ ਕਰਦਾ ਹਾਂ ਜੋ ਇਹ ਯਾਦ ਰੱਖਦੇ ਹਨ ਕਿ ਮੈਂ ਹਾਲੇ ਵੀ ਗਮ ਸਹਿ ਰਿਹਾ ਹਾਂ, ਭਾਵੇਂ ਕਿ ਮੇਰੇ ਮਾਪਿਆਂ ਨੂੰ ਗੁਜ਼ਰਿਆ ਕੁਝ ਸਮਾਂ ਬੀਤ ਗਿਆ ਹੈ।”

6. ਵਫ਼ਾਦਾਰੀ ਦਾ ਗੁਣ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗਾ?

6 ਆਪਣੇ ਭੈਣਾਂ-ਭਰਾਵਾਂ ਨੂੰ ਸਹਾਰਾ ਦੇਣ ਲਈ ਵਫ਼ਾਦਾਰ ਦੋਸਤ ਕੁਰਬਾਨੀਆਂ ਕਰਨ ਲਈ ਤਿਆਰ ਰਹਿੰਦੇ ਹਨ। ਮਿਸਾਲ ਲਈ, ਪੀਟਰ ਨਾਂ ਦੇ ਇਕ ਭਰਾ ਨੂੰ ਬਹੁਤ ਗੰਭੀਰ ਬੀਮਾਰੀ ਸੀ। ਉਸ ਦੀ ਪਤਨੀ ਕੈਥਰਨ ਕਹਿੰਦੀ ਹੈ: “ਜਦੋਂ ਸਾਨੂੰ ਪੀਟਰ ਦੀ ਬੀਮਾਰੀ ਬਾਰੇ ਪਤਾ ਲੱਗਾ, ਤਾਂ ਸਾਡੀ ਮੰਡਲੀ ਦਾ ਇਕ ਜੋੜਾ ਸਾਡੇ ਨਾਲ ਸੀ। ਉਸ ਜੋੜੇ ਨੇ ਉਦੋਂ ਹੀ ਫ਼ੈਸਲਾ ਕੀਤਾ ਕਿ ਉਹ ਇਸ ਮੁਸ਼ਕਲ ਘੜੀ ਦੌਰਾਨ ਸਾਨੂੰ ਕਦੇ ਬੇਸਹਾਰਾ ਨਹੀਂ ਛੱਡਣਗੇ ਅਤੇ ਲੋੜ ਪੈਣ ਤੇ ਉਨ੍ਹਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ।” ਇਹ ਕਿੰਨੀ ਹੌਸਲੇ ਭਰੀ ਗੱਲ ਹੈ ਕਿ ਸੱਚੇ ਦੋਸਤ ਅਜ਼ਮਾਇਸ਼ਾਂ ਦੌਰਾਨ ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ!

ਤੁਖੀਕੁਸ ਵਾਂਗ ਭਰੋਸੇਯੋਗ

ਤੁਖੀਕੁਸ ਵਾਂਗ ਅਸੀਂ ਮੁਸ਼ਕਲਾਂ ਦੌਰਾਨ ਦੂਜਿਆਂ ਦੀ ਮਦਦ ਕਰ ਕੇ ਇਕ ਭਰੋਸੇਮੰਦ ਦੋਸਤ ਬਣ ਸਕਦੇ ਹਾਂ (ਪੈਰੇ 7-9 ਦੇਖੋ) *

7-8. ਕੁਲੁੱਸੀਆਂ 4:7-9 ਅਨੁਸਾਰ ਤੁਖੀਕੁਸ ਕਿਵੇਂ ਭਰੋਸੇਯੋਗ ਸਾਬਤ ਹੋਇਆ?

7 ਏਸ਼ੀਆ ਦੇ ਰੋਮੀ ਜ਼ਿਲ੍ਹੇ ਤੋਂ ਤੁਖੀਕੁਸ ਨਾਂ ਦਾ ਇਕ ਮਸੀਹੀ ਪੌਲੁਸ ਦਾ ਭਰੋਸੇਯੋਗ ਸਾਥੀ ਸੀ। (ਰਸੂ. 20:4) ਲਗਭਗ 55 ਈਸਵੀ ਵਿਚ ਪੌਲੁਸ ਨੇ ਯਹੂਦੀ ਮਸੀਹੀਆਂ ਲਈ ਦਾਨ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਅਤੇ ਉਸ ਨੇ ਸ਼ਾਇਦ ਤੁਖੀਕੁਸ ਨੂੰ ਇਸ ਜ਼ਰੂਰੀ ਕੰਮ ਵਿਚ ਹੱਥ ਵਟਾਉਣ ਦਿੱਤਾ। (2 ਕੁਰਿੰ. 8:18-20) ਬਾਅਦ ਵਿਚ ਰੋਮ ਵਿਚ ਪਹਿਲੀ ਵਾਰ ਕੈਦ ਹੋਣ ’ਤੇ ਪੌਲੁਸ ਨੇ ਤੁਖੀਕੁਸ ਦੇ ਹੱਥੀਂ ਕਾਫ਼ੀ ਸੰਦੇਸ਼ ਭੇਜੇ। ਉਸ ਨੇ ਏਸ਼ੀਆ ਦੀਆਂ ਮੰਡਲੀਆਂ ਤਕ ਪੌਲੁਸ ਦੀਆਂ ਚਿੱਠੀਆਂ ਅਤੇ ਹੌਸਲਾ ਦੇਣ ਵਾਲੇ ਸੰਦੇਸ਼ ਪਹੁੰਚਾਏ।—ਕੁਲੁ. 4:7-9.

8 ਤੁਖੀਕੁਸ, ਪੌਲੁਸ ਦਾ ਭਰੋਸੇਮੰਦ ਦੋਸਤ ਸਾਬਤ ਹੋਇਆ। (ਤੀਤੁ. 3:12) ਉਨ੍ਹਾਂ ਦਿਨਾਂ ਵਿਚ ਸਾਰੇ ਮਸੀਹੀ ਤੁਖੀਕੁਸ ਵਾਂਗ ਭਰੋਸੇਮੰਦ ਨਹੀਂ ਸਨ। ਲਗਭਗ 65 ਈਸਵੀ ਵਿਚ ਦੂਜੀ ਵਾਰ ਕੈਦ ਦੌਰਾਨ ਪੌਲੁਸ ਨੇ ਲਿਖਿਆ ਕਿ ਸ਼ਾਇਦ ਵਿਰੋਧੀਆਂ ਦੇ ਡਰ ਕਰਕੇ ਏਸ਼ੀਆ ਜ਼ਿਲ੍ਹੇ ਵਿਚ ਬਹੁਤ ਸਾਰੇ ਮਸੀਹੀਆਂ ਨੇ ਉਸ ਨਾਲ ਸੰਗਤੀ ਕਰਨੀ ਛੱਡ ਦਿੱਤੀ। (2 ਤਿਮੋ. 1:15) ਪਰ ਪੌਲੁਸ ਤੁਖੀਕੁਸ ’ਤੇ ਭਰੋਸਾ ਕਰ ਸਕਦਾ ਸੀ ਜਿਸ ਕਰਕੇ ਤੁਖੀਕੁਸ ਨੂੰ ਇਕ ਹੋਰ ਕੰਮ ਵੀ ਦਿੱਤਾ ਗਿਆ। (2 ਤਿਮੋ. 4:12) ਪੌਲੁਸ ਜ਼ਰੂਰ ਤੁਖੀਕੁਸ ਵਰਗੇ ਚੰਗੇ ਦੋਸਤ ਦੀ ਕਦਰ ਕਰਦਾ ਸੀ।

9. ਅਸੀਂ ਤੁਖੀਕੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

9 ਇਕ ਭਰੋਸੇਯੋਗ ਦੋਸਤ ਬਣ ਕੇ ਅਸੀਂ ਤੁਖੀਕੁਸ ਦੀ ਰੀਸ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਸਿਰਫ਼ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਦਾ ਵਾਅਦਾ ਹੀ ਨਹੀਂ ਕਰਦੇ, ਸਗੋਂ ਆਪਣੇ ਕੰਮਾਂ ਰਾਹੀਂ ਉਨ੍ਹਾਂ ਦੀ ਮਦਦ ਕਰਦੇ ਵੀ ਹਾਂ। (ਮੱਤੀ 5:37; ਲੂਕਾ 16:10) ਉਨ੍ਹਾਂ ਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਲੋੜ ਪੈਣ ’ਤੇ ਉਹ ਸਾਡੇ ’ਤੇ ਭਰੋਸਾ ਕਰ ਸਕਦੇ ਹਨ। ਇਕ ਭੈਣ ਇਸ ਦਾ ਕਾਰਨ ਦੱਸਦੀ ਹੈ। ਉਹ ਕਹਿੰਦੀ ਹੈ: “ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਜਿਸ ਨੇ ਤੁਹਾਡੀ ਮਦਦ ਕਰਨ ਦਾ ਵਾਅਦਾ ਕੀਤਾ ਸੀ, ਉਹ ਸਮੇਂ ਸਿਰ ਆਪਣਾ ਵਾਅਦਾ ਨਿਭਾਵੇਗਾ ਵੀ ਕਿ ਨਹੀਂ।”

10. ਕਹਾਉਤਾਂ 18:24 ਮੁਤਾਬਕ ਅਜ਼ਮਾਇਸ਼ ਜਾਂ ਨਿਰਾਸ਼ਾ ਦਾ ਸਾਮ੍ਹਣਾ ਕਰਨ ਵਾਲਿਆਂ ਨੂੰ ਹੌਸਲਾ ਕਿੱਥੋਂ ਮਿਲ ਸਕਦਾ ਹੈ?

10 ਕਿਸੇ ਅਜ਼ਮਾਇਸ਼ ਜਾਂ ਨਿਰਾਸ਼ਾ ਦਾ ਸਾਮ੍ਹਣਾ ਕਰ ਰਹੇ ਵਿਅਕਤੀ ਨੂੰ ਅਕਸਰ ਇਕ ਭਰੋਸੇਮੰਦ ਦੋਸਤ ਨੂੰ ਆਪਣੇ ਦਿਲ ਦੀ ਗੱਲ ਦੱਸ ਕੇ ਹੌਸਲਾ ਮਿਲਦਾ ਹੈ। (ਕਹਾਉਤਾਂ 18:24 ਪੜ੍ਹੋ।) ਆਪਣੇ ਮੁੰਡੇ ਦੇ ਛੇਕੇ ਜਾਣ ਤੋਂ ਬਾਅਦ ਬਿਜੇ ਨਾਂ ਦਾ ਇਕ ਪਿਤਾ ਬਹੁਤ ਨਿਰਾਸ਼ ਹੋ ਗਿਆ। ਉਹ ਕਹਿੰਦਾ ਹੈ, “ਮੈਨੂੰ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਇਕ ਭਰੋਸੇਮੰਦ ਦੋਸਤ ਦੀ ਲੋੜ ਸੀ।” ਕਾਰਲੋਸ ਨਾਂ ਦਾ ਭਰਾ ਆਪਣੀ ਕਿਸੇ ਗ਼ਲਤੀ ਕਰਕੇ ਮੰਡਲੀ ਵਿਚ ਇਕ ਸਨਮਾਨ ਗੁਆ ਬੈਠਾ। ਉਹ ਕਹਿੰਦਾ ਹੈ, “ਮੈਨੂੰ ਅਜਿਹੇ ਦੋਸਤਾਂ ਦੀ ਲੋੜ ਸੀ ਜਿਨ੍ਹਾਂ ਨਾਲ ਮੈਂ ਦਿਲ ਖੋਲ੍ਹ ਕੇ ਗੱਲ ਕਰ ਸਕਾਂ ਤੇ ਮੈਨੂੰ ਇਸ ਗੱਲ ਦਾ ਡਰ ਨਾ ਹੋਵੇ ਕਿ ਉਹ ਮੇਰੇ ਬਾਰੇ ਕੋਈ ਰਾਇ ਕਾਇਮ ਕਰ ਲੈਣਗੇ।” ਬਜ਼ੁਰਗ ਉਸ ਲਈ ਉਹ ਦੋਸਤ ਸਾਬਤ ਹੋਏ ਤੇ ਉਨ੍ਹਾਂ ਨੇ ਉਸ ਦੀ ਮੁਸ਼ਕਲ ਵਿੱਚੋਂ ਲੰਘਣ ਵਿਚ ਮਦਦ ਕੀਤੀ। ਉਸ ਨੂੰ ਇਹ ਜਾਣ ਕੇ ਵੀ ਹੌਸਲਾ ਮਿਲਿਆ ਕਿ ਬਜ਼ੁਰਗ ਉਸ ਦੀ ਗੱਲ ਕਿਸੇ ਨੂੰ ਵੀ ਨਹੀਂ ਦੱਸਣਗੇ।

11. ਅਸੀਂ ਭਰੋਸੇਮੰਦ ਦੋਸਤ ਬਣਨ ਲਈ ਕੀ ਕਰ ਸਕਦੇ ਹਾਂ?

11 ਭਰੋਸੇਮੰਦ ਦੋਸਤ ਬਣਨ ਲਈ ਸਾਨੂੰ ਧੀਰਜ ਪੈਦਾ ਕਰਨ ਦੀ ਲੋੜ ਹੈ। ਜਦੋਂ ਜ਼ੈਨਾ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ, ਤਾਂ ਜ਼ੈਨਾ ਨੂੰ ਆਪਣੇ ਗੂੜ੍ਹੇ ਦੋਸਤਾਂ ਨਾਲ ਗੱਲ ਕਰ ਕੇ ਹੌਸਲਾ ਮਿਲਿਆ। ਉਹ ਕਹਿੰਦੀ ਹੈ: “ਭਾਵੇਂ ਮੈਂ ਇੱਕੋ ਗੱਲ ਵਾਰ-ਵਾਰ ਕਹਿੰਦੀ ਸੀ, ਪਰ ਫਿਰ ਵੀ ਉਹ ਧੀਰਜ ਨਾਲ ਸੁਣਦੇ ਸੀ।” ਚੰਗੀ ਤਰ੍ਹਾਂ ਸੁਣਨ ਵਾਲੇ ਬਣ ਕੇ ਤੁਸੀਂ ਵੀ ਵਧੀਆ ਦੋਸਤ ਸਾਬਤ ਹੋ ਸਕਦੇ ਹੋ।

ਮਰਕੁਸ ਵਾਂਗ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਸੇਵਾ ਕਰੋ

ਮਰਕੁਸ ਵੱਲੋਂ ਮਿਲੀ ਮਦਦ ਕਰਕੇ ਪੌਲੁਸ ਵਫ਼ਾਦਾਰ ਰਹਿ ਸਕਿਆ ਅਤੇ ਅਸੀਂ ਔਖੀਆਂ ਘੜੀਆਂ ਦੌਰਾਨ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ (ਪੈਰੇ 12-14 ਦੇਖੋ) *

12. ਮਰਕੁਸ ਕੌਣ ਸੀ ਅਤੇ ਉਸ ਨੇ ਖ਼ੁਸ਼ੀ-ਖ਼ੁਸ਼ੀ ਦੂਜਿਆਂ ਲਈ ਕੀ ਕੀਤਾ?

12 ਮਰਕੁਸ ਯਰੂਸ਼ਲਮ ਦਾ ਰਹਿਣ ਵਾਲਾ ਇਕ ਯਹੂਦੀ ਮਸੀਹੀ ਸੀ। ਉਸ ਦਾ ਰਿਸ਼ਤੇਦਾਰ ਬਰਨਾਬਾਸ ਇਕ ਮੰਨਿਆ-ਪ੍ਰਮੰਨਿਆ ਮਿਸ਼ਨਰੀ ਸੀ। (ਕੁਲੁ. 4:10) ਇੱਦਾਂ ਲੱਗਦਾ ਹੈ ਕਿ ਮਰਕੁਸ ਦਾ ਪਰਿਵਾਰ ਅਮੀਰ ਸੀ, ਪਰ ਫਿਰ ਵੀ ਮਰਕੁਸ ਨੇ ਆਪਣੀ ਜ਼ਿੰਦਗੀ ਵਿਚ ਧਨ-ਦੌਲਤ ਨੂੰ ਪਹਿਲ ਨਹੀਂ ਦਿੱਤੀ। ਆਪਣੀ ਪੂਰੀ ਜ਼ਿੰਦਗੀ ਦੌਰਾਨ ਮਰਕੁਸ ਨੇ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਸੇਵਾ ਕੀਤੀ। ਮਿਸਾਲ ਲਈ, ਜਦੋਂ ਪੌਲੁਸ ਰਸੂਲ ਤੇ ਪਤਰਸ ਰਸੂਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ, ਤਾਂ ਲੱਗਦਾ ਹੈ ਕਿ ਮਰਕੁਸ ਨੇ ਅਲੱਗ-ਅਲੱਗ ਸਮਿਆਂ ’ਤੇ ਉਨ੍ਹਾਂ ਦੀਆਂ ਭੌਤਿਕ ਲੋੜਾਂ ਪੂਰੀਆਂ ਕੀਤੀਆਂ। (ਰਸੂ. 13:2-5; 1 ਪਤ. 5:13) ਪੌਲੁਸ ਨੇ ਮਰਕੁਸ ਬਾਰੇ ਕਿਹਾ ਕਿ ਉਹ ਉਨ੍ਹਾਂ ਭਰਾਵਾਂ ਵਿੱਚੋਂ ਸੀ ਜੋ “ਮੇਰੇ ਨਾਲ ਪਰਮੇਸ਼ੁਰ ਦੇ ਰਾਜ ਦਾ ਕੰਮ ਕਰ ਰਹੇ” ਸਨ ਅਤੇ ਉਸ ਤੋਂ “ਮੈਨੂੰ ਬਹੁਤ ਹੌਸਲਾ ਮਿਲਿਆ।”—ਕੁਲੁ. 4:10, 11.

13. ਦੂਜਾ ਤਿਮੋਥਿਉਸ 4:11 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮਰਕੁਸ ਵੱਲੋਂ ਵਫ਼ਾਦਾਰੀ ਨਾਲ ਕੀਤੀ ਮਦਦ ਦੀ ਪੌਲੁਸ ਕਦਰ ਕਰਦਾ ਸੀ?

13 ਮਰਕੁਸ, ਪੌਲੁਸ ਦਾ ਪੱਕਾ ਦੋਸਤ ਬਣ ਗਿਆ ਸੀ। ਮਿਸਾਲ ਲਈ, ਰੋਮ ਵਿਚ ਆਖ਼ਰੀ ਵਾਰ ਜੇਲ੍ਹ ਵਿਚ ਹੁੰਦਿਆਂ ਪੌਲੁਸ ਨੇ ਲਗਭਗ 65 ਈਸਵੀ ਵਿਚ ਤਿਮੋਥਿਉਸ ਨੂੰ ਦੂਜੀ ਚਿੱਠੀ ਲਿਖੀ। ਉਸ ਚਿੱਠੀ ਵਿਚ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ ਕਿ ਉਹ ਰੋਮ ਆਵੇ ਤੇ ਆਪਣੇ ਨਾਲ ਮਰਕੁਸ ਨੂੰ ਵੀ ਲਿਆਵੇ। (2 ਤਿਮੋ. 4:11) ਬਿਨਾਂ ਸ਼ੱਕ, ਮਰਕੁਸ ਵੱਲੋਂ ਵਫ਼ਾਦਾਰੀ ਨਾਲ ਕੀਤੀ ਮਦਦ ਦੀ ਪੌਲੁਸ ਬਹੁਤ ਕਦਰ ਕਰਦਾ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਮਰਕੁਸ ਇਸ ਅਹਿਮ ਮੌਕੇ ’ਤੇ ਉਸ ਦੇ ਨਾਲ ਹੋਵੇ। ਮਰਕੁਸ ਨੇ ਪੌਲੁਸ ਦੀ ਕਈ ਤਰੀਕਿਆਂ ਨਾਲ ਮਦਦ ਕੀਤੀ। ਸ਼ਾਇਦ ਉਹ ਉਸ ਲਈ ਖਾਣਾ ਜਾਂ ਚਿੱਠੀਆਂ ਲਿਖਣ ਲਈ ਸਮਾਨ ਲਿਆਉਂਦਾ ਸੀ। ਅਜਿਹੇ ਸਾਥ ਅਤੇ ਹੌਸਲੇ ਕਰਕੇ ਪੌਲੁਸ ਨੂੰ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਦਿਨਾਂ ਵਿਚ ਜ਼ਰੂਰ ਮਦਦ ਮਿਲੀ ਹੋਣੀ।

14-15. ਮੱਤੀ 7:12 ਤੋਂ ਅਸੀਂ ਦੂਜਿਆਂ ਦੀ ਮਦਦ ਕਰਨ ਬਾਰੇ ਕੀ ਸਿੱਖਦੇ ਹਾਂ?

14 ਮੱਤੀ 7:12 ਪੜ੍ਹੋ। ਅਸੀਂ ਉਨ੍ਹਾਂ ਦੀ ਕਿੰਨੀ ਕਦਰ ਕਰਦੇ ਹਾਂ ਜਿਹੜੇ ਮੁਸ਼ਕਲ ਘੜੀਆਂ ਵਿਚ ਸਾਡੀ ਮਦਦ ਕਰਦੇ ਹਨ! ਰਾਇਨ, ਜਿਸ ਦੇ ਪਿਤਾ ਦੀ ਅਚਾਨਕ ਇਕ ਕਾਰ ਦੁਰਘਟਨਾ ਵਿਚ ਮੌਤ ਹੋ ਗਈ, ਦੱਸਦਾ ਹੈ: “ਦੁੱਖ ਦੀ ਘੜੀ ਵਿਚ ਰੋਜ਼ਮੱਰਾ ਦੇ ਕੰਮ ਕਰਨੇ ਵੀ ਨਾਮੁਮਕਿਨ ਲੱਗਦੇ ਹਨ। ਜਦੋਂ ਕੋਈ ਨਿੱਕੇ-ਮੋਟੇ ਕੰਮਾਂ ਵਿਚ ਵੀ ਸਾਡੀ ਮਦਦ ਕਰਦਾ ਹੈ, ਤਾਂ ਇਸ ਤੋਂ ਬਹੁਤ ਹੌਸਲਾ ਮਿਲਦਾ ਹੈ।”

15 ਸਚੇਤ ਰਹਿ ਕੇ ਅਤੇ ਧਿਆਨ ਰੱਖ ਕੇ ਸਾਨੂੰ ਦੂਜਿਆਂ ਦੀ ਮਦਦ ਕਰਨ ਦੇ ਜ਼ਰੂਰ ਮੌਕੇ ਮਿਲਣਗੇ। ਮਿਸਾਲ ਲਈ, ਪਹਿਲਾਂ ਜ਼ਿਕਰ ਕੀਤੇ ਗਏ ਕੈਥਰਨ ਤੇ ਪੀਟਰ ਦੀ ਮਦਦ ਕਰਨ ਲਈ ਇਕ ਭੈਣ ਨੇ ਪਹਿਲ ਕੀਤੀ। ਨਾ ਤਾਂ ਪੀਟਰ ਤੇ ਨਾ ਹੀ ਕੈਥਰਨ ਹੁਣ ਗੱਡੀ ਚਲਾ ਸਕਦੇ ਸਨ, ਇਸ ਲਈ ਇਸ ਭੈਣ ਨੇ ਇਕ ਸ਼ਡਿਉਲ ਬਣਾਇਆ ਤਾਂਕਿ ਮੰਡਲੀ ਦੇ ਵੱਖੋ-ਵੱਖਰੇ ਭੈਣ-ਭਰਾ ਵਾਰੀ-ਵਾਰੀ ਉਨ੍ਹਾਂ ਨੂੰ ਡਾਕਟਰ ਕੋਲ ਲੈ ਜਾ ਸਕਣ। ਕੀ ਇਸ ਪ੍ਰਬੰਧ ਨਾਲ ਉਨ੍ਹਾਂ ਦੀ ਕੋਈ ਮਦਦ ਹੋਈ? ਕੈਥਰਨ ਕਹਿੰਦੀ ਹੈ: “ਇੱਦਾਂ ਲੱਗਾ ਜਿੱਦਾਂ ਸਾਡੇ ਮੋਢਿਆਂ ਤੋਂ ਕੋਈ ਭਾਰੀ ਬੋਝ ਲੱਥ ਗਿਆ ਹੋਵੇ।” ਕਦੇ ਨਾ ਭੁੱਲੋ ਕਿ ਤੁਹਾਡੇ ਛੋਟੇ-ਮੋਟੇ ਕੰਮਾਂ ਤੋਂ ਵੀ ਦੂਜਿਆਂ ਨੂੰ ਬਹੁਤ ਹੌਸਲਾ ਮਿਲ ਸਕਦਾ ਹੈ।

16. ਹੌਸਲਾ ਦੇਣ ਦੇ ਮਾਮਲੇ ਵਿਚ ਅਸੀਂ ਮਰਕੁਸ ਦੀ ਮਿਸਾਲ ਤੋਂ ਕਿਹੜਾ ਜ਼ਰੂਰੀ ਸਬਕ ਸਿੱਖਦੇ ਹਾਂ?

16 ਪਹਿਲੀ ਸਦੀ ਵਿਚ ਰਹਿਣ ਵਾਲਾ ਮਰਕੁਸ ਨਾਂ ਦਾ ਚੇਲਾ ਕਾਫ਼ੀ ਵਿਅਸਤ ਰਹਿੰਦਾ ਸੀ। ਉਸ ਕੋਲ ਪਰਮੇਸ਼ੁਰ ਦੀ ਸੇਵਾ ਵਿਚ ਕਾਫ਼ੀ ਭਾਰੀਆਂ ਜ਼ਿੰਮੇਵਾਰੀਆਂ ਸਨ ਜਿਨ੍ਹਾਂ ਵਿੱਚੋਂ ਇਕ ਸੀ ਕਿ ਉਸ ਨੇ ਆਪਣੇ ਨਾਂ ਦੀ ਕਿਤਾਬ ਲਿਖਣੀ ਸੀ। ਫਿਰ ਵੀ ਮਰਕੁਸ ਨੇ ਪੌਲੁਸ ਨੂੰ ਹੌਸਲਾ ਦੇਣ ਲਈ ਸਮਾਂ ਕੱਢਿਆ ਅਤੇ ਪੌਲੁਸ ਵੀ ਬਿਨਾਂ ਝਿਜਕੇ ਮਰਕੁਸ ਤੋਂ ਮਦਦ ਮੰਗ ਸਕਦਾ ਸੀ। ਐਂਜਲਾ, ਜਿਸ ਦੀ ਨਾਨੀ ਦਾ ਕਤਲ ਹੋਇਆ ਸੀ, ਉਨ੍ਹਾਂ ਭੈਣਾਂ-ਭਰਾਵਾਂ ਦੀ ਸ਼ੁਕਰਗੁਜ਼ਾਰ ਹੈ ਜੋ ਉਸ ਨੂੰ ਹੌਸਲਾ ਦੇਣ ਲਈ ਤਿਆਰ ਸਨ। ਉਹ ਕਹਿੰਦੀ ਹੈ: “ਜਦੋਂ ਦੋਸਤ ਸੱਚੀਂ ਸਾਡੀ ਮਦਦ ਕਰਨੀ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨਾਲ ਸੌਖਿਆਂ ਹੀ ਗੱਲ ਕਰ ਸਕਦੇ ਹਾਂ। ਇੱਦਾਂ ਲੱਗਦਾ ਕਿ ਉਹ ਮੇਰੀ ਮਦਦ ਕਰਨੀ ਚਾਹੁੰਦੇ ਹਨ ਤੇ ਇਸ ਤਰ੍ਹਾਂ ਕਰਨ ਤੋਂ ਝਿਜਕਦੇ ਨਹੀਂ।” ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ, ‘ਕੀ ਮੈਂ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਂਦਾ ਹਾਂ ਜੋ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ?’

ਦੂਜਿਆਂ ਨੂੰ ਹੌਸਲਾ ਦੇਣ ਦਾ ਪੱਕਾ ਇਰਾਦਾ ਕਰੋ

17. ਦੂਜਾ ਕੁਰਿੰਥੀਆਂ 1:3, 4 ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਦੂਜਿਆਂ ਨੂੰ ਹੌਸਲਾ ਦੇਣ ਲਈ ਕਿਵੇਂ ਪ੍ਰੇਰਿਤ ਹੋ ਸਕਦੇ ਹਾਂ?

17 ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਲੱਭ ਸਕਦੇ ਹਾਂ ਜਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ। ਅਸੀਂ ਸ਼ਾਇਦ ਉਨ੍ਹਾਂ ਨਾਲ ਉਹੀ ਹੌਸਲਾ ਦੇਣ ਵਾਲੀਆਂ ਗੱਲਾਂ ਸਾਂਝੀਆਂ ਕਰੀਏ ਜਿਨ੍ਹਾਂ ਰਾਹੀਂ ਦੂਜਿਆਂ ਨੇ ਸਾਨੂੰ ਹੌਸਲਾ ਦਿੱਤਾ ਸੀ। ਨੀਨੋ, ਜਿਸ ਦੀ ਨਾਨੀ ਦੀ ਮੌਤ ਹੋ ਗਈ, ਕਹਿੰਦੀ ਹੈ: “ਜੇ ਅਸੀਂ ਹਰ ਵਕਤ ਤਿਆਰ ਰਹਿੰਦੇ ਹਾਂ, ਤਾਂ ਯਹੋਵਾਹ ਸਾਡੇ ਜ਼ਰੀਏ ਦੂਜਿਆਂ ਨੂੰ ਹੌਸਲਾ ਦੇ ਸਕਦਾ ਹੈ।” (2 ਕੁਰਿੰਥੀਆਂ 1:3, 4 ਪੜ੍ਹੋ।) ਫਰਾਂਸਿਸ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਦੂਜਾ ਕੁਰਿੰਥੀਆਂ 1:4 ਦੇ ਸ਼ਬਦ ਬਿਲਕੁਲ ਸੱਚੇ ਹਨ। ਅਸੀਂ ਉਹ ਹੌਸਲਾ ਦੂਜਿਆਂ ਨੂੰ ਦੇ ਸਕਦੇ ਹਾਂ ਜੋ ਸਾਨੂੰ ਮਿਲਦਾ ਹੈ।”

18. (ੳ) ਕੁਝ ਲੋਕ ਸ਼ਾਇਦ ਹੌਸਲਾ ਦੇਣ ਤੋਂ ਕਿਉਂ ਡਰ ਜਾਣ? (ਅ) ਅਸੀਂ ਦੂਜਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ? ਇਕ ਮਿਸਾਲ ਦਿਓ।

18 ਡਰ ਦੇ ਬਾਵਜੂਦ ਵੀ ਸਾਨੂੰ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭਣੇ ਚਾਹੀਦੇ ਹਨ। ਮਿਸਾਲ ਲਈ, ਸ਼ਾਇਦ ਅਸੀਂ ਇਹ ਸੋਚ ਕੇ ਡਰ ਜਾਈਏ ਕਿ ਅਸੀਂ ਕਿਸੇ ਨੂੰ ਹੌਸਲਾ ਦੇਣ ਲਈ ਕੀ ਕਹਾਂਗੇ ਜਾਂ ਉਨ੍ਹਾਂ ਲਈ ਕੀ ਕਰਾਂਗੇ। ਪੌਲ ਨਾਂ ਦਾ ਇਕ ਬਜ਼ੁਰਗ ਯਾਦ ਕਰਦਾ ਹੈ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਕਈ ਭੈਣਾਂ-ਭਰਾਵਾਂ ਨੇ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਹੈ: “ਮੈਂ ਦੇਖ ਸਕਦਾ ਸੀ ਕਿ ਉਨ੍ਹਾਂ ਲਈ ਮੇਰੇ ਕੋਲ ਆ ਕੇ ਗੱਲ ਕਰਨੀ ਸੌਖੀ ਨਹੀਂ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਹਿਣ। ਪਰ ਫਿਰ ਵੀ ਮੈਂ ਇਸ ਗੱਲ ਦੀ ਬਹੁਤ ਕਦਰ ਹਾਂ ਕਿ ਉਨ੍ਹਾਂ ਨੇ ਮੈਨੂੰ ਹੌਸਲਾ ਅਤੇ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ।” ਇਸੇ ਤਰ੍ਹਾਂ ਇਕ ਵੱਡੇ ਭੁਚਾਲ਼ ਦਾ ਸਾਮ੍ਹਣਾ ਕਰਨ ਤੋਂ ਬਾਅਦ ਟੇਜਨ ਨਾਂ ਦਾ ਭਰਾ ਕਹਿੰਦਾ ਹੈ: “ਮੈਨੂੰ ਸੱਚ-ਮੁੱਚ ਯਾਦ ਨਹੀਂ ਕਿ ਉਸ ਭੁਚਾਲ਼ ਤੋਂ ਬਾਅਦ ਭੈਣਾਂ-ਭਰਾਵਾਂ ਨੇ ਮੈਨੂੰ ਕੀ ਮੈਸਿਜ ਭੇਜੇ, ਪਰ ਮੈਨੂੰ ਇਹ ਯਾਦ ਹੈ ਕਿ ਮੇਰੀ ਪਰਵਾਹ ਕਰਨ ਕਰਕੇ ਉਨ੍ਹਾਂ ਨੇ ਮੇਰਾ ਹਾਲ-ਚਾਲ ਪੁੱਛਿਆ।” ਅਸੀਂ ਵੀ ਦੂਜਿਆਂ ਦੀ ਪਰਵਾਹ ਕਰਦੇ ਹੋਏ ਉਨ੍ਹਾਂ ਨੂੰ ਹੌਸਲਾ ਦੇ ਸਕਦੇ ਹਾਂ।

19. ਤੁਸੀਂ ਦੂਸਰਿਆਂ ਨੂੰ “ਹੌਸਲਾ” ਦੇਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ?

19 ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਹਾਲਾਤ ਹੋਰ ਵੀ ਵਿਗੜਦੇ ਜਾਣਗੇ ਅਤੇ ਸਾਡੀ ਜ਼ਿੰਦਗੀ ਵਿਚ ਹੋਰ ਵੀ ਚੁਣੌਤੀਆਂ ਆਉਣਗੀਆਂ। (2 ਤਿਮੋ. 3:13) ਵਿਰਾਸਤ ਵਿਚ ਮਿਲੇ ਪਾਪ ਅਤੇ ਕਮੀਆਂ-ਕਮਜ਼ੋਰੀਆਂ ਕਰਕੇ ਸਾਡੇ ’ਤੇ ਮੁਸ਼ਕਲਾਂ ਵੀ ਆਉਂਦੀਆਂ ਰਹਿਣਗੀਆਂ ਜਿਸ ਕਰਕੇ ਸਾਨੂੰ ਲਗਾਤਾਰ ਹੌਸਲੇ ਦੀ ਲੋੜ ਪਵੇਗੀ। ਦੂਸਰੇ ਮਸੀਹੀਆਂ ਤੋਂ ਮਿਲੇ ਹੌਸਲੇ ਕਰਕੇ ਪੌਲੁਸ ਰਸੂਲ ਦੀ ਮੌਤ ਤਕ ਵਫ਼ਾਦਾਰ ਰਹਿਣ ਵਿਚ ਮਦਦ ਹੋਈ। ਆਓ ਆਪਾਂ ਅਰਿਸਤਰਖੁਸ ਵਾਂਗ ਵਫ਼ਾਦਾਰ, ਤੁਖੀਕੁਸ ਵਾਂਗ ਭਰੋਸੇਯੋਗ ਅਤੇ ਮਰਕੁਸ ਵਾਂਗ ਖ਼ੁਸ਼ੀ-ਖ਼ੁਸ਼ੀ ਸੇਵਾ ਕਰਨ ਵਾਲੇ ਬਣੀਏ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਵਿਚ ਪੱਕੇ ਰਹਿਣ ਵਿਚ ਮਦਦ ਕਰ ਸਕਾਂਗੇ।—1 ਥੱਸ. 3:2, 3.

^ ਪੈਰਾ 5 ਪੌਲੁਸ ਰਸੂਲ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਇਨ੍ਹਾਂ ਮੁਸ਼ਕਲਾਂ ਦੌਰਾਨ ਉਸ ਨੂੰ ਆਪਣੇ ਸਾਥੀਆਂ ਤੋਂ ਬਹੁਤ ਹੌਸਲਾ ਮਿਲਿਆ। ਅਸੀਂ ਤਿੰਨ ਗੁਣਾਂ ’ਤੇ ਚਰਚਾ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਪੌਲੁਸ ਦੇ ਸਾਥੀ ਦੂਜਿਆਂ ਨੂੰ ਹੌਸਲਾ ਦੇਣ ਵਿਚ ਕਾਮਯਾਬ ਹੋਏ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਉਨ੍ਹਾਂ ਦੀ ਰੀਸ ਕਰਦਿਆਂ ਆਪਣੇ ਕੰਮਾਂ ਰਾਹੀਂ ਦੂਜਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ।

^ ਪੈਰਾ 5 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

ਗੀਤ 28 ਇਕ ਨਵਾਂ ਗੀਤ

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਅਰਿਸਤਰਖੁਸ ਅਤੇ ਪੌਲੁਸ ਦਾ ਜਹਾਜ਼ ਤਬਾਹ ਹੋ ਗਿਆ।

^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: ਤੁਖੀਕੁਸ ਨੇ ਮੰਡਲੀਆਂ ਤਕ ਪੌਲੁਸ ਦੀਆਂ ਚਿੱਠੀਆਂ ਪਹੁੰਚਾਈਆਂ।

^ ਪੈਰਾ 60 ਤਸਵੀਰਾਂ ਬਾਰੇ ਜਾਣਕਾਰੀ: ਮਰਕੁਸ ਨੇ ਪੌਲੁਸ ਦੀ ਮਦਦ ਕੀਤੀ।