ਕੀ ਤੁਸੀਂ ਜਾਣਦੇ ਹੋ?
ਇਕ ਪੁਰਾਣੇ ਪੱਥਰ ’ਤੇ ਉੱਕਰੇ ਸ਼ਬਦ ਬਾਈਬਲ ਵਿਚ ਲਿਖੀ ਗੱਲ ਦੀ ਕਿਵੇਂ ਪੁਸ਼ਟੀ ਕਰਦੇ ਹਨ?
ਯਰੂਸ਼ਲਮ ਦੇ “ਬਾਈਬਲ ਲੈਂਡਜ਼ ਮਿਊਜ਼ੀਅਮ” ਵਿਚ ਇਕ ਪੁਰਾਣਾ ਪੱਥਰ ਪਿਆ ਹੈ ਜਿਸ ਉੱਤੇ ਤਕਰੀਬਨ 700-600 ਈਸਵੀ ਪੂਰਵ ਵਿਚ ਕੁਝ ਉੱਕਰਿਆ ਗਿਆ ਸੀ। ਇਹ ਪੱਥਰ ਇਕ ਅਜਿਹੀ ਗੁਫ਼ਾ ਵਿੱਚੋਂ ਲੱਭਿਆ ਸੀ ਜਿਸ ਨੂੰ ਕਬਰ ਵਜੋਂ ਵਰਤਿਆ ਜਾਂਦਾ ਸੀ। ਇਹ ਗੁਫ਼ਾ ਇਜ਼ਰਾਈਲ ਵਿਚ ਹਬਰੋਨ ਦੇ ਨੇੜੇ ਸੀ। ਇਸ ਪੱਥਰ ’ਤੇ ਲਿਖਿਆ ਹੈ: “ਹਗਾਵ ਦੇ ਪੁੱਤਰ ਹਗਾਫ਼ ਨੂੰ ਯਾਹਵੇਹ ਸੈਬੀਔਟ ਵੱਲੋਂ ਸਰਾਪ।” ਇਹ ਗੱਲ ਬਾਈਬਲ ਦੀ ਕਿਵੇਂ ਪੁਸ਼ਟੀ ਕਰਦੀ ਹੈ? ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੇ ਜ਼ਮਾਨੇ ਵਿਚ ਜ਼ਿਆਦਾਤਰ ਲੋਕ ਪਰਮੇਸ਼ੁਰ ਦਾ ਨਾਂ ਯਹੋਵਾਹ ਜਾਣਦੇ ਸਨ ਅਤੇ ਇਸ ਨੂੰ ਵਰਤਦੇ ਵੀ ਸਨ। ਇਬਰਾਨੀ ਭਾਸ਼ਾ ਵਿਚ ਇਹ ਨਾਂ ਚਾਰ ਅੱਖਰਾਂ ਨਾਲ ਲਿਖਿਆ ਜਾਂਦਾ ਹੈ: ਯ ਹ ਵ ਹ (YHWH)। ਦਰਅਸਲ, ਅਜਿਹੀਆਂ ਗੁਫ਼ਾਵਾਂ ਤੋਂ ਹੋਰ ਵੀ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਲੋਕ ਇਨ੍ਹਾਂ ਗੁਫ਼ਾਵਾਂ ਵਿਚ ਮਿਲਣ ਅਤੇ ਲੁਕਣ ਲਈ ਜਾਂਦੇ ਸਨ, ਉਹ ਅਕਸਰ ਪਰਮੇਸ਼ੁਰ ਦਾ ਨਾਂ ਅਤੇ ਇਸ ਦੇ ਨਾਲ ਮਿਲਦੇ-ਜੁਲਦੇ ਹੋਰ ਨਾਂ ਗੁਫ਼ਾਵਾਂ ਦੀਆਂ ਕੰਧਾਂ ’ਤੇ ਉੱਕਰ ਦਿੰਦੇ ਸਨ।
ਇਨ੍ਹਾਂ ਉੱਕਰੇ ਹੋਏ ਸ਼ਬਦਾਂ ਬਾਰੇ ਗੱਲ ਕਰਦਿਆਂ ਯੂਨੀਵਰਸਿਟੀ ਆਫ਼ ਜਾਰਜੀਆ ਤੋਂ ਡਾਕਟਰ ਰੇਚਲ ਨਬੂਲਸੀ ਨੇ ਕਿਹਾ: “ਯ ਹ ਵ ਹ ਨਾਂ ਅਕਸਰ ਵਰਤਿਆ ਜਾਂਦਾ ਸੀ। ਇਸ ਤੋਂ ਇਕ ਖ਼ਾਸ ਗੱਲ ਪਤਾ ਲੱਗਦੀ ਹੈ। . . . ਇਹ ਉੱਕਰੇ ਹੋਏ ਸ਼ਬਦ ਦਿਖਾਉਂਦੇ ਹਨ ਕਿ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਦੀ ਜ਼ਿੰਦਗੀ ਵਿਚ ਯ ਹ ਵ ਹ ਦੀ ਕਿੰਨੀ ਅਹਿਮੀਅਤ ਸੀ।” ਇਹ ਗੱਲ ਬਾਈਬਲ ਦੀ ਪੁਸ਼ਟੀ ਕਰਦੀ ਹੈ ਜਿਸ ਵਿਚ ਪਰਮੇਸ਼ੁਰ ਦਾ ਨਾਂ ਇਨ੍ਹਾਂ ਇਬਰਾਨੀ ਅੱਖਰਾਂ ਵਿਚ ਹਜ਼ਾਰਾਂ ਵਾਰ ਆਉਂਦਾ ਹੈ: ਯ ਹ ਵ ਹ। ਅਕਸਰ ਲੋਕਾਂ ਦੇ ਨਾਵਾਂ ਵਿਚ ਪਰਮੇਸ਼ੁਰ ਦਾ ਨਾਂ ਸ਼ਾਮਲ ਹੁੰਦਾ ਸੀ।
ਪੱਥਰ ’ਤੇ ਉੱਕਰੇ ਹੋਏ “ਯਾਹਵੇਹ ਸੈਬੀਔਟ” ਸ਼ਬਦਾਂ ਦਾ ਮਤਲਬ ਹੈ, “ਸੈਨਾਵਾਂ ਦਾ ਯਹੋਵਾਹ।” ਇਸ ਤੋਂ ਪਤਾ ਲੱਗਦਾ ਹੈ ਕਿ ਸਿਰਫ਼ ਪਰਮੇਸ਼ੁਰ ਦਾ ਨਾਂ ਹੀ ਨਹੀਂ, ਸਗੋਂ “ਸੈਨਾਵਾਂ ਦਾ ਯਹੋਵਾਹ” ਸ਼ਬਦ ਵੀ ਬਾਈਬਲ ਦੇ ਜ਼ਮਾਨੇ ਵਿਚ ਆਮ ਵਰਤੇ ਜਾਂਦੇ ਸਨ। ਇਸ ਤੋਂ ਬਾਈਬਲ ਵਿਚ ਵਰਤੇ ਗਏ “ਸੈਨਾਵਾਂ ਦਾ ਯਹੋਵਾਹ” ਸ਼ਬਦਾਂ ਦੀ ਵੀ ਪੁਸ਼ਟੀ ਹੁੰਦੀ ਹੈ। ਇਹ ਸ਼ਬਦ ਬਾਈਬਲ ਦੀਆਂ ਇਬਰਾਨੀ ਲਿਖਤਾਂ ਵਿਚ 283 ਵਾਰ ਵਰਤੇ ਗਏ ਹਨ ਅਤੇ ਜ਼ਿਆਦਾਤਰ ਇਹ ਯਸਾਯਾਹ, ਯਿਰਮਿਯਾਹ ਅਤੇ ਜ਼ਕਰਯਾਹ ਦੀਆਂ ਕਿਤਾਬਾਂ ਵਿਚ ਆਉਂਦੇ ਹਨ।