Skip to content

Skip to table of contents

ਅਧਿਐਨ ਲੇਖ 1

ਸ਼ਾਂਤ ਰਹੋ ਅਤੇ ਯਹੋਵਾਹ ਉੱਤੇ ਭਰੋਸਾ ਰੱਖੋ

ਸ਼ਾਂਤ ਰਹੋ ਅਤੇ ਯਹੋਵਾਹ ਉੱਤੇ ਭਰੋਸਾ ਰੱਖੋ

2021 ਲਈ ਬਾਈਬਲ ਦਾ ਹਵਾਲਾ: “ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ।”—ਯਸਾ. 30:15.

ਗੀਤ 23 ਯਹੋਵਾਹ ਸਾਡਾ ਬਲ

ਖ਼ਾਸ ਗੱਲਾਂ *

1. ਰਾਜਾ ਦਾਊਦ ਵਾਂਗ ਸ਼ਾਇਦ ਅਸੀਂ ਕਿਹੜਾ ਸਵਾਲ ਪੁੱਛੀਏ?

ਅਸੀਂ ਸਾਰੇ ਸ਼ਾਂਤੀ ਭਰੀ ਜ਼ਿੰਦਗੀ ਜੀਉਣੀ ਚਾਹੁੰਦੇ ਹਾਂ। ਸਾਡੇ ਵਿੱਚੋਂ ਕੋਈ ਵੀ ਚਿੰਤਾਵਾਂ ਦੇ ਬੋਝ ਹੇਠ ਨਹੀਂ ਆਉਣਾ ਚਾਹੁੰਦਾ। ਪਰ ਕਦੀ-ਕਦਾਈਂ ਅਸੀਂ ਸਾਰੇ ਚਿੰਤਾ ਕਰਦੇ ਹਾਂ। ਇਸ ਕਰਕੇ ਯਹੋਵਾਹ ਦੇ ਕੁਝ ਸੇਵਕ ਸ਼ਾਇਦ ਰਾਜਾ ਦਾਊਦ ਵਾਂਗ ਖ਼ੁਦ ਨੂੰ ਇਹ ਸਵਾਲ ਪੁੱਛਣ: “ਮੈਂ ਕਦ ਤੀਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ?”—ਜ਼ਬੂ. 13:2.

2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਭਾਵੇਂ ਅਸੀਂ ਚਿੰਤਾਵਾਂ ਤੋਂ ਪੂਰੀ ਤਰ੍ਹਾਂ ਪਿੱਛਾ ਨਹੀਂ ਛੁਡਾ ਸਕਦੇ, ਪਰ ਅਸੀਂ ਇਨ੍ਹਾਂ ਨੂੰ ਘਟਾਉਣ ਲਈ ਕੁਝ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਕਿਹੜੀਆਂ ਕੁਝ ਗੱਲਾਂ ਕਰਕੇ ਸਾਨੂੰ ਚਿੰਤਾ ਹੁੰਦੀ ਹੈ। ਫਿਰ ਅਸੀਂ ਉਨ੍ਹਾਂ ਛੇ ਤਰੀਕਿਆਂ ਬਾਰੇ ਗੱਲ ਕਰਾਂਗੇ ਜੋ ਮੁਸ਼ਕਲਾਂ ਦੌਰਾਨ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰ ਸਕਦੇ ਹਨ।

ਚਿੰਤਾ ਦੇ ਕਾਰਨ

3. ਅਸੀਂ ਕਿਨ੍ਹਾਂ ਚਿੰਤਾਵਾਂ ਦਾ ਸਾਮ੍ਹਣਾ ਕਰਦੇ ਹਾਂ ਅਤੇ ਉਨ੍ਹਾਂ ’ਤੇ ਸਾਡਾ ਕਿੰਨਾ ਕੁ ਵੱਸ ਚੱਲਦਾ ਹੈ?

3 ਸਾਨੂੰ ਜਿਨ੍ਹਾਂ ਗੱਲਾਂ ਕਰਕੇ ਚਿੰਤਾ ਹੁੰਦੀ ਹੈ ਸ਼ਾਇਦ ਉਨ੍ਹਾਂ ’ਤੇ ਸਾਡਾ ਥੋੜ੍ਹਾ-ਬਹੁਤਾ ਜਾਂ ਬਿਲਕੁਲ ਹੀ ਵੱਸ ਨਾ ਚੱਲੇ। ਮਿਸਾਲ ਲਈ, ਅਸੀਂ ਹਰ ਸਾਲ ਖਾਣ-ਪੀਣ ਦੀਆਂ ਚੀਜ਼ਾਂ, ਕੱਪੜਿਆਂ ਅਤੇ ਮਕਾਨ ਦੀਆਂ ਕੀਮਤਾਂ ਨੂੰ ਵਧਣ ਤੋਂ ਨਹੀਂ ਰੋਕ ਸਕਦੇ। ਨਾਲੇ ਇਹ ਵੀ ਸਾਡੇ ਹੱਥ-ਵੱਸ ਨਹੀਂ ਕਿ ਸਾਡੇ ਨਾਲ ਕੰਮ ਕਰਨ ਵਾਲੇ ਜਾਂ ਸਕੂਲ ਵਿਚ ਪੜ੍ਹਨ ਵਾਲੇ ਸਾਡੇ ’ਤੇ ਕਿੰਨੀ ਵਾਰ ਬੇਈਮਾਨੀ ਜਾਂ ਅਨੈਤਿਕ ਕੰਮ ਕਰਨ ਦਾ ਦਬਾਅ ਪਾਉਣਗੇ। ਅਸੀਂ ਆਪਣੇ ਆਂਢ-ਗੁਆਂਢ ਵਿਚ ਲੋਕਾਂ ਨੂੰ ਅਪਰਾਧ ਕਰਨ ਤੋਂ ਨਹੀਂ ਰੋਕ ਸਕਦੇ। ਅਸੀਂ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਇਸ ਲਈ ਕਰਦੇ ਹਾਂ ਕਿਉਂਕਿ ਦੁਨੀਆਂ ਦੇ ਜ਼ਿਆਦਾਤਰ ਲੋਕੀਂ ਬਾਈਬਲ ਦੇ ਅਸੂਲਾਂ ਮੁਤਾਬਕ ਨਹੀਂ ਚੱਲਦੇ। ਇਸ ਦੁਨੀਆਂ ਦਾ ਮਾਲਕ ਸ਼ੈਤਾਨ ਜਾਣਦਾ ਹੈ ਕਿ “ਇਸ ਜ਼ਮਾਨੇ ਦੀਆਂ ਚਿੰਤਾਵਾਂ” ਕਰਕੇ ਕੁਝ ਲੋਕ ਯਹੋਵਾਹ ਦੀ ਸੇਵਾ ਨਹੀਂ ਕਰਨਗੇ। (ਮੱਤੀ 13:22; 1 ਯੂਹੰ. 5:19) ਸੋ ਅਸੀਂ ਇਹ ਦੇਖ ਕੇ ਹੈਰਾਨ ਨਹੀਂ ਹੁੰਦੇ ਕਿ ਲੋਕੀਂ ਕਿੰਨੀਆਂ ਚਿੰਤਾਵਾਂ ਨਾਲ ਘਿਰੇ ਹੋਏ ਹਨ!

4. ਚਿੰਤਾਵਾਂ ਦੇ ਬੋਝ ਹੇਠ ਆਉਣ ’ਤੇ ਅਸੀਂ ਸ਼ਾਇਦ ਕੀ ਸੋਚੀਏ?

4 ਕਈ ਵਾਰ ਚਿੰਤਾਵਾਂ ਸਾਨੂੰ ਇਸ ਹੱਦ ਤਕ ਘੇਰ ਲੈਂਦੀਆਂ ਹਨ ਕਿ ਸਾਡਾ ਧਿਆਨ ਹੋਰ ਕਿਸੇ ਚੀਜ਼ ’ਤੇ ਲੱਗਦਾ ਹੀ ਨਹੀਂ। ਮਿਸਾਲ ਲਈ, ਸ਼ਾਇਦ ਸਾਨੂੰ ਇਹ ਚਿੰਤਾ ਖਾਈ ਜਾਵੇ ਕਿ ਸਾਡੇ ਕੋਲ ਆਪਣੀ ਰੋਜ਼ੀ-ਰੋਟੀ ਤੋਰਨ ਲਈ ਪੈਸੇ ਕਿੱਥੋਂ ਆਉਣਗੇ ਜਾਂ ਬੀਮਾਰ ਹੋਣ ਤੇ ਕੀ ਅਸੀਂ ਕੰਮ ’ਤੇ ਜਾ ਸਕਾਂਗੇ ਜਾਂ ਕੀ ਸਾਡੀ ਨੌਕਰੀ ਤਾਂ ਹੱਥੋਂ ਨਹੀਂ ਚਲੀ ਜਾਵੇਗੀ। ਸਾਨੂੰ ਸ਼ਾਇਦ ਇਸ ਗੱਲ ਦਾ ਵੀ ਡਰ ਹੋਵੇ ਕਿ ਨਿਹਚਾ ਦੀ ਪਰਖ ਹੋਣ ਤੇ ਅਸੀਂ ਯਹੋਵਾਹ ਦਾ ਕੋਈ ਕਾਨੂੰਨ ਤੋੜ ਬੈਠਾਂਗੇ ਅਤੇ ਉਸ ਦੇ ਵਫ਼ਾਦਾਰ ਨਹੀਂ ਰਹਾਂਗੇ। ਜਲਦੀ ਸ਼ੈਤਾਨ ਆਪਣੇ ਲੋਕਾਂ ਰਾਹੀਂ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰੇਗਾ। ਸੋ ਸਾਨੂੰ ਸ਼ਾਇਦ ਫ਼ਿਕਰ ਹੋਵੇ ਕਿ ਅਸੀਂ ਉਸ ਸਮੇਂ ਕੀ ਕਰਾਂਗੇ। ਅਸੀਂ ਸ਼ਾਇਦ ਸੋਚੀਏ, ‘ਕੀ ਇਨ੍ਹਾਂ ਗੱਲਾਂ ਦੀ ਚਿੰਤਾ ਕਰਨੀ ਗ਼ਲਤ ਹੈ?’

5. ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ: “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ”?

5 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ।” (ਮੱਤੀ 6:25) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਸਾਨੂੰ ਕਿਸੇ ਵੀ ਗੱਲ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ? ਬਿਲਕੁਲ ਨਹੀਂ! ਦਰਅਸਲ, ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕਾਂ ਨੇ ਵੀ ਚਿੰਤਾ ਕੀਤੀ, ਪਰ ਉਨ੍ਹਾਂ ਨੇ ਯਹੋਵਾਹ ਦੀ ਮਨਜ਼ੂਰੀ ਨਹੀਂ ਗੁਆਈ। * (1 ਰਾਜ. 19:4; ਜ਼ਬੂ. 6:3) ਉਸ ਆਇਤ ਵਿਚ ਯਿਸੂ ਸਾਨੂੰ ਤਸੱਲੀ ਦੇ ਰਿਹਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਅਸੀਂ ਚਿੰਤਾਵਾਂ ਦੇ ਬੋਝ ਹੇਠ ਇੰਨੇ ਕੁਚਲੇ ਜਾਈਏ ਕਿ ਇਸ ਦਾ ਸਾਡੀ ਭਗਤੀ ’ਤੇ ਅਸਰ ਪੈਣ ਲੱਗ ਪਵੇ। ਸੋ ਫਿਰ ਅਸੀਂ ਕਿਹੜੇ ਕੁਝ ਤਰੀਕਿਆਂ ਰਾਹੀਂ ਚਿੰਤਾਵਾਂ ਨਾਲ ਘਿਰਨ ਤੋਂ ਬਚ ਸਕਦੇ ਹਾਂ?—“ ਇਹ ਕਿਵੇਂ ਕਰੀਏ?” ਨਾਂ ਦੀ ਡੱਬੀ ਦੇਖੋ।

ਸ਼ਾਂਤ ਰਹਿਣ ਦੇ ਛੇ ਤਰੀਕੇ

ਪੈਰਾ 6 ਦੇਖੋ *

6. ਫ਼ਿਲਿੱਪੀਆਂ 4:6, 7 ਅਨੁਸਾਰ ਸਾਨੂੰ ਕਿਵੇਂ ਸਕੂਨ ਮਿਲ ਸਕਦਾ ਹੈ?

6 (1ਲਗਾਤਾਰ ਪ੍ਰਾਰਥਨਾ ਕਰੋ। ਜਦੋਂ ਤੁਸੀਂ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਨਾਲ ਤੁਹਾਨੂੰ ਸਕੂਨ ਮਿਲ ਸਕਦਾ ਹੈ। (1 ਪਤ. 5:7) ਪ੍ਰਾਰਥਨਾ ਦੇ ਜ਼ਰੀਏ ਤੁਹਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲ ਸਕਦੀ ਹੈ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿੱਪੀਆਂ 4:6, 7 ਪੜ੍ਹੋ।) ਯਹੋਵਾਹ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਰਾਹੀਂ ਸਾਡੇ ਪਰੇਸ਼ਾਨ ਮਨ ਨੂੰ ਸ਼ਾਂਤ ਕਰ ਸਕਦਾ ਹੈ।—ਗਲਾ. 5:22.

7. ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਮੇਂ ਤੁਹਾਨੂੰ ਕੀ ਯਾਦ ਰੱਖਣ ਦੀ ਲੋੜ ਹੈ?

7 ਯਹੋਵਾਹ ਨਾਲ ਗੱਲ ਕਰਦੇ ਵੇਲੇ ਉਸ ਅੱਗੇ ਆਪਣਾ ਦਿਲ ਖੋਲ੍ਹ ਦਿਓ। ਉਸ ਨੂੰ ਦੱਸੋ ਕਿ ਤੁਹਾਨੂੰ ਕਿਹੜੀ ਮੁਸ਼ਕਲ ਹੈ ਅਤੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਫਿਰ ਉਸ ਮੁਸ਼ਕਲ ਦਾ ਹੱਲ ਲੱਭਣ ਲਈ ਉਸ ਤੋਂ ਬੁੱਧ ਮੰਗੋ ਅਤੇ ਉਸ ਹੱਲ ਮੁਤਾਬਕ ਕੰਮ ਕਰਨ ਲਈ ਤਾਕਤ ਮੰਗੋ। ਜੇ ਉਸ ਮੁਸ਼ਕਲ ਦਾ ਹੱਲ ਕਰਨਾ ਤੁਹਾਡੇ ਹੱਥ-ਵੱਸ ਨਹੀਂ, ਤਾਂ ਯਹੋਵਾਹ ਤੋਂ ਮਦਦ ਮੰਗੋ ਕਿ ਤੁਸੀਂ ਉਸ ਬਾਰੇ ਹੱਦੋਂ ਵੱਧ ਚਿੰਤਾ ਨਾ ਕਰੋ। ਆਪਣੀ ਮੁਸ਼ਕਲ ਬਾਰੇ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨ ਨਾਲ ਤੁਸੀਂ ਸਾਫ਼ ਦੇਖ ਸਕੋਗੇ ਕਿ ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। ਜੇ ਪ੍ਰਾਰਥਨਾ ਕਰਨ ਤੋਂ ਬਾਅਦ ਤੁਹਾਨੂੰ ਇਕਦਮ ਜਵਾਬ ਨਹੀਂ ਮਿਲਦਾ, ਤਾਂ ਹਾਰ ਨਾ ਮੰਨੋ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਸਿਰਫ਼ ਦਿਲ ਖੋਲ੍ਹ ਕੇ ਹੀ ਨਹੀਂ, ਸਗੋਂ ਲਗਾਤਾਰ ਪ੍ਰਾਰਥਨਾ ਕਰੋ।—ਲੂਕਾ 11:8-10.

8. ਪ੍ਰਾਰਥਨਾ ਕਰਦੇ ਵੇਲੇ ਸਾਨੂੰ ਕੀ ਨਹੀਂ ਭੁੱਲਣਾ ਚਾਹੀਦਾ?

8 ਆਪਣੀਆਂ ਚਿੰਤਾਵਾਂ ਦਾ ਬੋਝ ਯਹੋਵਾਹ ਉੱਤੇ ਸੁੱਟਦੇ ਵੇਲੇ ਉਸ ਦਾ ਧੰਨਵਾਦ ਕਰਨਾ ਨਾ ਭੁੱਲੋ। ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ’ਤੇ ਧਿਆਨ ਲਾਉਣ ਨਾਲ ਸਾਨੂੰ ਫ਼ਾਇਦਾ ਹੋ ਸਕਦਾ ਹੈ, ਖ਼ਾਸਕਰ ਜਦੋਂ ਅਸੀਂ ਮਾੜੇ ਹਾਲਾਤਾਂ ਵਿੱਚੋਂ ਲੰਘ ਰਹੇ ਹੁੰਦੇ ਹਾਂ। ਕਦੀ-ਕਦਾਈਂ ਸ਼ਾਇਦ ਤੁਹਾਨੂੰ ਆਪਣੇ ਜਜ਼ਬਾਤ ਸ਼ਬਦਾਂ ਵਿਚ ਬਿਆਨ ਕਰਨੇ ਔਖੇ ਲੱਗਣ। ਪਰ ਯਾਦ ਰੱਖੋ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ, ਚਾਹੇ ਤੁਸੀਂ ਸਿਰਫ਼ ਇੰਨਾ ਹੀ ਕਹਿ ਸਕੋ: ‘ਮੇਰੀ ਮਦਦ ਕਰ!’—2 ਇਤ. 18:31; ਰੋਮੀ. 8:26.

ਪੈਰਾ 9 ਦੇਖੋ *

9. ਅਸੀਂ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ?

9 (2ਯਹੋਵਾਹ ਦੀ ਬੁੱਧ ਦਾ ਸਹਾਰਾ ਲਓ, ਨਾ ਕਿ ਆਪਣੀ। ਯਸਾਯਾਹ ਨਬੀ ਦੇ ਦਿਨਾਂ ਵਿਚ ਯਹੂਦਾਹ ਦੇ ਲੋਕਾਂ ਨੂੰ ਡਰ ਸੀ ਕਿ ਅੱਸ਼ੂਰੀ ਉਨ੍ਹਾਂ ’ਤੇ ਹਮਲਾ ਕਰਨਗੇ। ਉਨ੍ਹਾਂ ਨੇ ਅੱਸ਼ੂਰੀਆਂ ਦੇ ਕਬਜ਼ੇ ਹੇਠ ਆਉਣ ਤੋਂ ਬਚਣ ਲਈ ਮਿਸਰੀਆਂ ਦੀ ਪਨਾਹ ਲਈ। (ਯਸਾ. 30:1, 2) ਯਹੋਵਾਹ ਨੇ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਇਸ ਤਰ੍ਹਾਂ ਕਰਨ ਦੇ ਭਿਆਨਕ ਨਤੀਜੇ ਨਿਕਲਣਗੇ। (ਯਸਾ. 30:7, 12, 13) ਨਾਲੇ ਯਹੋਵਾਹ ਨੇ ਯਸਾਯਾਹ ਦੇ ਰਾਹੀਂ ਇਹ ਵੀ ਦੱਸਿਆ ਕਿ ਉਹ ਕਿਵੇਂ ਸੁਰੱਖਿਅਤ ਰਹਿ ਸਕਦੇ ਸਨ। ਉਸ ਨੇ ਕਿਹਾ: “ਸ਼ਾਂਤੀ ਅਤੇ [ਯਹੋਵਾਹ ’ਤੇ] ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ।”—ਯਸਾ. 30:15ਅ.

10. ਅਸੀਂ ਕਿਹੜੇ ਕੁਝ ਹਾਲਾਤਾਂ ਵਿਚ ਯਹੋਵਾਹ ’ਤੇ ਆਪਣਾ ਭਰੋਸਾ ਜ਼ਾਹਰ ਕਰ ਸਕਦੇ ਹਾਂ?

10 ਅਸੀਂ ਯਹੋਵਾਹ ’ਤੇ ਆਪਣਾ ਭਰੋਸਾ ਕਿਵੇਂ ਦਿਖਾ ਸਕਦੇ ਹਾਂ? ਜ਼ਰਾ ਇਨ੍ਹਾਂ ਮਿਸਾਲਾਂ ’ਤੇ ਗੌਰ ਕਰੋ। ਮੰਨ ਲਓ ਕਿ ਤੁਹਾਨੂੰ ਇਕ ਚੰਗੀ-ਖ਼ਾਸੀ ਤਨਖ਼ਾਹ ਵਾਲੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਿਸ ਵਿਚ ਤੁਹਾਨੂੰ ਜ਼ਿਆਦਾ ਘੰਟੇ ਲਾਉਣੇ ਪੈਣਗੇ ਅਤੇ ਤੁਸੀਂ ਯਹੋਵਾਹ ਦੀ ਸੇਵਾ ਪਹਿਲਾਂ ਵਾਂਗ ਨਹੀਂ ਕਰ ਪਾਓਗੇ। ਜਾਂ ਮੰਨ ਲਓ ਕਿ ਕੰਮ ਦੀ ਜਗ੍ਹਾ ’ਤੇ ਕੋਈ ਤੁਹਾਡੇ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਵਿਅਕਤੀ ਯਹੋਵਾਹ ਦਾ ਬਪਤਿਸਮਾ-ਪ੍ਰਾਪਤ ਸੇਵਕ ਨਹੀਂ ਹੈ। ਜਾਂ ਉਦੋਂ ਕੀ ਜੇ ਘਰ ਦੇ ਤੁਹਾਨੂੰ ਕਹਿਣ: “ਤੂੰ ਸਾਨੂੰ ਛੱਡ ਦੇ ਜਾਂ ਆਪਣਾ ਰੱਬ।” ਉੱਪਰ ਦੱਸੇ ਹਾਲਾਤਾਂ ਵਿਚ ਤੁਹਾਡੇ ਲਈ ਫ਼ੈਸਲਾ ਲੈਣਾ ਔਖਾ ਹੋ ਸਕਦਾ ਹੈ, ਪਰ ਯਹੋਵਾਹ ਤੁਹਾਨੂੰ ਹਰ ਹਾਲਾਤ ਵਿਚ ਸੇਧ ਦੇਵੇਗਾ। (ਮੱਤੀ 6:33; 10:37; 1 ਕੁਰਿੰ. 7:39) ਸੋ ਸਵਾਲ ਖੜ੍ਹਾ ਹੁੰਦਾ, ਕੀ ਤੁਸੀਂ ਯਹੋਵਾਹ ’ਤੇ ਭਰੋਸਾ ਰੱਖ ਕੇ ਉਸ ਸੇਧ ਮੁਤਾਬਕ ਚੱਲੋਗੇ?

ਪੈਰਾ 11 ਦੇਖੋ *

11. ਬਾਈਬਲ ਦੇ ਕਿਹੜੇ ਬਿਰਤਾਂਤਾਂ ਦੀ ਜਾਂਚ ਕਰਨ ਨਾਲ ਅਸੀਂ ਵਿਰੋਧ ਦਾ ਸਾਮ੍ਹਣਾ ਕਰਦਿਆਂ ਸ਼ਾਂਤ ਰਹਿ ਸਕਦੇ ਹਾਂ?

11 (3ਚੰਗੀਆਂ ਅਤੇ ਬੁਰੀਆਂ ਮਿਸਾਲਾਂ ਤੋਂ ਸਿੱਖੋ। ਬਾਈਬਲ ਵਿਚ ਇੱਦਾਂ ਦੇ ਕਈ ਬਿਰਤਾਂਤ ਦਰਜ ਹਨ ਜੋ ਸ਼ਾਂਤ ਰਹਿਣ ਅਤੇ ਯਹੋਵਾਹ ’ਤੇ ਭਰੋਸਾ ਰੱਖਣ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹਨ। ਇਨ੍ਹਾਂ ਬਿਰਤਾਂਤਾਂ ਦੀ ਜਾਂਚ ਕਰਦਿਆਂ ਦੇਖੋ ਕਿ ਸਖ਼ਤ ਵਿਰੋਧ ਦਾ ਸਾਮ੍ਹਣਾ ਕਰਦਿਆਂ ਕਿਹੜੀ ਗੱਲ ਨੇ ਪਰਮੇਸ਼ੁਰ ਦੇ ਸੇਵਕਾਂ ਦੀ ਸ਼ਾਂਤ ਰਹਿਣ ਵਿਚ ਮਦਦ ਕੀਤੀ। ਮਿਸਾਲ ਲਈ, ਜਦੋਂ ਯਹੂਦੀ ਮਹਾਸਭਾ ਨੇ ਰਸੂਲਾਂ ਨੂੰ ਪ੍ਰਚਾਰ ਬੰਦ ਕਰਨ ਦਾ ਹੁਕਮ ਦਿੱਤਾ, ਤਾਂ ਉਹ ਡਰੇ ਨਹੀਂ। ਇਸ ਦੀ ਬਜਾਇ, ਉਨ੍ਹਾਂ ਨੇ ਦਲੇਰੀ ਨਾਲ ਕਿਹਾ: “ਅਸੀਂ ਇਨਸਾਨਾਂ ਦੀ ਬਜਾਇ [ਪਰਮੇਸ਼ੁਰ] ਦਾ ਹੀ ਹੁਕਮ ਮੰਨਾਂਗੇ।” (ਰਸੂ. 5:29) ਰਸੂਲ ਉਦੋਂ ਵੀ ਨਹੀਂ ਘਬਰਾਏ ਜਦੋਂ ਉਨ੍ਹਾਂ ਨੂੰ ਕੋਰੜੇ ਮਾਰੇ ਗਏ ਸਨ। ਕਿਉਂ? ਕਿਉਂਕਿ ਉਹ ਜਾਣਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ। ਉਹ ਉਨ੍ਹਾਂ ਤੋਂ ਬੇਹੱਦ ਖ਼ੁਸ਼ ਸੀ। ਇਸ ਲਈ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਲੱਗੇ ਰਹੇ। (ਰਸੂ. 5:40-42) ਇਸੇ ਤਰ੍ਹਾਂ ਜਦੋਂ ਇਸਤੀਫ਼ਾਨ ਨਾਂ ਦੇ ਰਸੂਲ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਸੀ, ਤਾਂ ਉਹ ਇੰਨਾ ਸ਼ਾਂਤ ਰਿਹਾ ਕਿ “ਉਸ ਦਾ ਚਿਹਰਾ ਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ।” (ਰਸੂ. 6:12-15) ਕਿਉਂ? ਕਿਉਂਕਿ ਉਸ ਨੂੰ ਅਹਿਸਾਸ ਸੀ ਕਿ ਯਹੋਵਾਹ ਉਸ ਤੋਂ ਖ਼ੁਸ਼ ਸੀ।

12. ਪਹਿਲਾ ਪਤਰਸ 3:14 ਅਤੇ 4:14 ਅਨੁਸਾਰ ਅਤਿਆਚਾਰ ਸਹਿੰਦੇ ਵੇਲੇ ਅਸੀਂ ਖ਼ੁਸ਼ ਕਿਉਂ ਰਹਿ ਸਕਦੇ ਹਾਂ?

12 ਰਸੂਲਾਂ ਕੋਲ ਪੱਕਾ ਸਬੂਤ ਸੀ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ। ਉਸ ਨੇ ਉਨ੍ਹਾਂ ਨੂੰ ਚਮਤਕਾਰ ਕਰਨ ਦੀ ਤਾਕਤ ਦਿੱਤੀ ਸੀ। (ਰਸੂ. 5:12-16; 6:8) ਅੱਜ ਯਹੋਵਾਹ ਸਾਨੂੰ ਚਮਤਕਾਰ ਕਰਨ ਦੀ ਤਾਕਤ ਨਹੀਂ ਦਿੰਦਾ। ਪਰ ਆਪਣੇ ਬਚਨ ਰਾਹੀਂ ਉਹ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਜਦੋਂ ਅਸੀਂ ਚੰਗੇ ਕੰਮ ਕਰਨ ਕਰਕੇ ਦੁੱਖ ਝੱਲਦੇ ਹਾਂ, ਤਾਂ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ ਅਤੇ ਉਸ ਦੀ ਸ਼ਕਤੀ ਸਾਡੇ ਨਾਲ ਹੁੰਦੀ ਹੈ। (1 ਪਤਰਸ 3:14; 4:14 ਪੜ੍ਹੋ।) ਸੋ ਇਹ ਨਾ ਸੋਚੋ ਕਿ ਭਵਿੱਖ ਵਿਚ ਅਤਿਆਚਾਰ ਹੋਣ ਤੇ ਅਸੀਂ ਕੀ ਕਰਾਂਗੇ। ਇਸ ਦੀ ਬਜਾਇ, ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਯਹੋਵਾਹ ਦੀ ਬਚਾਉਣ ਦੀ ਕਾਬਲੀਅਤ ’ਤੇ ਆਪਣਾ ਭਰੋਸਾ ਮਜ਼ਬੂਤ ਕਰਨ ਲਈ ਹੁਣ ਕੀ ਕਰ ਸਕਦੇ ਹਾਂ। ਪਹਿਲੀ ਸਦੀ ਦੇ ਚੇਲਿਆਂ ਵਾਂਗ ਸਾਨੂੰ ਵੀ ਯਿਸੂ ਦੇ ਇਸ ਵਾਅਦੇ ’ਤੇ ਯਕੀਨ ਹੋਣਾ ਚਾਹੀਦਾ ਹੈ: “ਮੈਂ ਤੁਹਾਨੂੰ ਬੁੱਧ ਦਿਆਂਗਾ ਅਤੇ ਇਹ ਜਾਣਨ ਵਿਚ ਤੁਹਾਡੀ ਮਦਦ ਕਰਾਂਗਾ ਕਿ ਤੁਸੀਂ ਕੀ ਕਹਿਣਾ ਹੈ। ਫਿਰ ਤੁਹਾਡੇ ਸਾਰੇ ਵਿਰੋਧੀ ਇਕੱਠੇ ਹੋ ਕੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਜਾਂ ਤੁਹਾਡੇ ਵਿਰੁੱਧ ਕੁਝ ਨਹੀਂ ਕਹਿ ਸਕਣਗੇ।” ਸਾਨੂੰ ਇਹ ਗਾਰੰਟੀ ਵੀ ਦਿੱਤੀ ਗਈ ਹੈ: “ਧੀਰਜ ਨਾਲ ਇਹ ਸਭ ਕੁਝ ਸਹਿ ਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।” (ਲੂਕਾ 21:12-19) ਨਾਲੇ ਇਹ ਕਦੇ ਨਾ ਭੁੱਲੋ ਕਿ ਯਹੋਵਾਹ ਆਪਣੇ ਮਰ ਚੁੱਕੇ ਵਫ਼ਾਦਾਰ ਸੇਵਕਾਂ ਦੀ ਨਿੱਕੀ-ਨਿੱਕੀ ਗੱਲ ਚੇਤੇ ਰੱਖਦਾ ਹੈ ਤਾਂਕਿ ਉਹ ਉਨ੍ਹਾਂ ਨੂੰ ਜੀਉਂਦਾ ਕਰ ਸਕੇ।

13. ਸਾਨੂੰ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਤੋਂ ਕੀ ਫ਼ਾਇਦਾ ਹੋ ਸਕਦਾ ਹੈ ਜੋ ਸ਼ਾਂਤ ਰਹਿਣ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਵਿਚ ਨਾਕਾਮ ਰਹੇ?

13 ਅਸੀਂ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਤੋਂ ਵੀ ਸਿੱਖ ਸਕਦੇ ਹਾਂ ਜੋ ਸ਼ਾਂਤ ਰਹਿਣ ਅਤੇ ਯਹੋਵਾਹ ’ਤੇ ਭਰੋਸਾ ਦਿਖਾਉਣ ਵਿਚ ਨਾਕਾਮ ਰਹੇ। ਉਨ੍ਹਾਂ ਦੀਆਂ ਬੁਰੀਆਂ ਮਿਸਾਲਾਂ ਦੀ ਜਾਂਚ ਕਰ ਕੇ ਅਸੀਂ ਉਹੀ ਗ਼ਲਤੀਆਂ ਦੁਹਰਾਉਣ ਤੋਂ ਬਚ ਸਕਾਂਗੇ। ਮਿਸਾਲ ਲਈ, ਯਹੂਦਾਹ ਦੇ ਰਾਜਾ ਆਸਾ ਨੇ ਆਪਣੇ ਰਾਜ ਦੇ ਸ਼ੁਰੂ ਵਿਚ ਯਹੋਵਾਹ ਉੱਤੇ ਭਰੋਸਾ ਰੱਖਿਆ ਜਦੋਂ ਉਸ ਦਾ ਟਾਕਰਾ ਇਕ ਵੱਡੀ ਫ਼ੌਜ ਨਾਲ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਜਿੱਤ ਦਿਵਾਈ। (2 ਇਤ. 14:9-12) ਪਰ ਬਾਅਦ ਵਿਚ ਜਦੋਂ ਇਜ਼ਰਾਈਲ ਦਾ ਰਾਜਾ ਬਆਸ਼ਾ ਇਕ ਛੋਟੀ ਫ਼ੌਜ ਲੈ ਕੇ ਉਸ ਨਾਲ ਲੜਨ ਆਇਆ, ਤਾਂ ਆਸਾ ਨੇ ਬਚਾਓ ਲਈ ਯਹੋਵਾਹ ਦਾ ਸਹਾਰਾ ਲੈਣ ਦੀ ਬਜਾਇ ਸੀਰੀਆ ਨੂੰ ਸੋਨਾ-ਚਾਂਦੀ ਦੇ ਕੇ ਮਦਦ ਮੰਗੀ। (2 ਇਤ. 16:1-3) ਨਾਲੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਜਦ ਉਸ ਨੂੰ ਇਕ ਗੰਭੀਰ ਰੋਗ ਲੱਗ ਗਿਆ ਸੀ, ਤਾਂ ਵੀ ਉਸ ਨੇ ਮਦਦ ਲਈ ਯਹੋਵਾਹ ’ਤੇ ਭਰੋਸਾ ਨਹੀਂ ਰੱਖਿਆ।—2 ਇਤ. 16:12.

14. ਅਸੀਂ ਆਸਾ ਦੀਆਂ ਗ਼ਲਤੀਆਂ ਤੋਂ ਕੀ ਸਿੱਖ ਸਕਦੇ ਹਾਂ?

14 ਸ਼ੁਰੂ-ਸ਼ੁਰੂ ਵਿਚ ਆਸਾ ਨੇ ਮੁਸ਼ਕਲਾਂ ਦੌਰਾਨ ਯਹੋਵਾਹ ਦਾ ਸਹਾਰਾ ਲਿਆ। ਪਰ ਬਾਅਦ ਵਿਚ ਉਸ ਨੇ ਆਪਣੇ ਪਰਮੇਸ਼ੁਰ ’ਤੇ ਭਰੋਸਾ ਨਹੀਂ ਰੱਖਿਆ, ਸਗੋਂ ਆਪਣੀ ਸਮਝ ਦਾ ਸਹਾਰਾ ਲਿਆ। ਆਸਾ ਨੂੰ ਸ਼ਾਇਦ ਲੱਗਾ ਹੋਣਾ ਕਿ ਸੀਰੀਆ ਤੋਂ ਮਦਦ ਮੰਗ ਕੇ ਉਸ ਨੇ ਬਹੁਤ ਵਧੀਆ ਕਦਮ ਚੁੱਕਿਆ। ਪਰ ਯਹੂਦਾਹ ਵਿਚ ਬਹੁਤੀ ਦੇਰ ਸ਼ਾਂਤੀ ਨਹੀਂ ਰਹੀ। ਯਹੋਵਾਹ ਨੇ ਆਪਣੇ ਇਕ ਨਬੀ ਰਾਹੀਂ ਉਸ ਨੂੰ ਕਿਹਾ: “ਤੈਂ ਅਰਾਮ [ਯਾਨੀ ਸੀਰੀਆ] ਦੇ ਪਾਤਸ਼ਾਹ ਉੱਤੇ ਭਰੋਸਾ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਰੱਖਿਆ, ਏਸੇ ਕਾਰਨ ਅਰਾਮ ਦੇ ਪਾਤਸ਼ਾਹ ਦੀ ਸੈਨਾ ਤੇਰੇ ਹੱਥੋਂ ਬਚ ਕੇ ਚੱਲੀ ਗਈ ਹੈ।” (2 ਇਤ. 16:7) ਸਾਨੂੰ ਖ਼ੁਦ ’ਤੇ ਇੰਨਾ ਭਰੋਸਾ ਨਹੀਂ ਰੱਖਣਾ ਚਾਹੀਦਾ ਕਿ ਅਸੀਂ ਯਹੋਵਾਹ ਦੇ ਬਚਨ ਤੋਂ ਸੇਧ ਲੈਣ ਦੀ ਬਜਾਇ ਆਪਣੀ ਸਮਝ ਦੇ ਸਹਾਰੇ ਚੱਲਣ ਲੱਗ ਪਈਏ। ਉਦੋਂ ਕੀ ਜਦੋਂ ਸਾਨੂੰ ਅਚਾਨਕ ਕੋਈ ਫ਼ੈਸਲਾ ਲੈਣਾ ਪੈਂਦਾ ਹੈ? ਸਾਨੂੰ ਸ਼ਾਂਤੀ ਨਾਲ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਉਹ ਸਹੀ ਫ਼ੈਸਲਾ ਲੈਣ ਵਿਚ ਸਾਡੀ ਜ਼ਰੂਰ ਮਦਦ ਕਰੇਗਾ।

ਪੈਰਾ 15 ਦੇਖੋ *

15. ਬਾਈਬਲ ਪੜ੍ਹਦੇ ਸਮੇਂ ਅਸੀਂ ਕੀ ਕਰ ਸਕਦੇ ਹਾਂ?

15 (4ਬਾਈਬਲ ਦੀਆਂ ਆਇਤਾਂ ਯਾਦ ਕਰੋ। ਜਦੋਂ ਤੁਸੀਂ ਕੋਈ ਆਇਤ ਪੜ੍ਹਦੇ ਹੋ ਜੋ ਸ਼ਾਂਤ ਰਹਿਣ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ, ਤਾਂ ਉਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। ਇੱਦਾਂ ਕਰਨ ਲਈ ਤੁਸੀਂ ਉਸ ਨੂੰ ਉੱਚੀ ਆਵਾਜ਼ ਵਿਚ ਪੜ੍ਹ ਸਕਦੇ ਹੋ ਜਾਂ ਲਿਖ ਸਕਦੇ ਹੋ ਅਤੇ ਫਿਰ ਉਸ ਨੂੰ ਸਮੇਂ-ਸਮੇਂ ਤੇ ਪੜ੍ਹ ਸਕਦੇ ਹੋ। ਯਹੋਸ਼ੁਆ ਨੂੰ ਕਿਹਾ ਗਿਆ ਸੀ ਕਿ ਉਹ ਦਿਨ-ਰਾਤ ਕਾਨੂੰਨ ਨੂੰ ਧੀਮੀ ਆਵਾਜ਼ ਵਿਚ ਪੜ੍ਹੇ ਤਾਂਕਿ ਉਹ ਸਮਝਦਾਰੀ ਨਾਲ ਕੰਮ ਕਰ ਸਕੇ। ਨਾਲੇ ਇਸ ਤਰ੍ਹਾਂ ਕਰ ਕੇ ਉਸ ਨੇ ਡਰਨ ਦੀ ਬਜਾਇ ਦਲੇਰੀ ਨਾਲ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰ ਪਾਉਣੀ ਸੀ। (ਯਹੋ. 1:8, 9) ਪਰਮੇਸ਼ੁਰ ਦਾ ਬਚਨ ਤੁਹਾਨੂੰ ਉਨ੍ਹਾਂ ਹਾਲਾਤਾਂ ਵਿਚ ਮਨ ਦੀ ਸ਼ਾਂਤੀ ਦੇ ਸਕਦਾ ਹੈ ਜਿਨ੍ਹਾਂ ਦੌਰਾਨ ਤੁਸੀਂ ਘਬਰਾ ਜਾਓ ਜਾਂ ਚਿੰਤਾ ਕਰਨ ਲੱਗ ਪਓ।—ਜ਼ਬੂ. 27:1-3; ਕਹਾ. 3:25, 26.

ਪੈਰਾ 16 ਦੇਖੋ *

16. ਮੰਡਲੀ ਦੇ ਭੈਣਾਂ-ਭਰਾਵਾਂ ਰਾਹੀਂ ਯਹੋਵਾਹ ਸ਼ਾਂਤ ਰਹਿਣ ਅਤੇ ਉਸ ’ਤੇ ਭਰੋਸਾ ਰੱਖਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?

16 (5ਪਰਮੇਸ਼ੁਰ ਦੇ ਲੋਕਾਂ ਨਾਲ ਸਮਾਂ ਬਿਤਾਓ। ਯਹੋਵਾਹ ਆਪਣੇ ਲੋਕਾਂ ਦੇ ਜ਼ਰੀਏ ਵੀ ਸ਼ਾਂਤ ਰਹਿਣ ਅਤੇ ਉਸ ’ਤੇ ਭਰੋਸਾ ਕਰਨ ਵਿਚ ਸਾਡੀ ਮਦਦ ਕਰਦਾ ਹੈ। ਸਭਾਵਾਂ ਵਿਚ ਸਾਨੂੰ ਭਾਸ਼ਣ ਤੇ ਦੂਸਰਿਆਂ ਦੇ ਜਵਾਬ ਸੁਣ ਕੇ ਅਤੇ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰ ਕੇ ਹੌਸਲਾ ਮਿਲਦਾ ਹੈ। (ਇਬ. 10:24, 25) ਮੰਡਲੀ ਵਿਚ ਆਪਣੇ ਪੱਕੇ ਦੋਸਤਾਂ ਨੂੰ ਆਪਣੀਆਂ ਚਿੰਤਾਵਾਂ ਦੱਸ ਕੇ ਵੀ ਸਾਨੂੰ ਹਿੰਮਤ ਮਿਲ ਸਕਦੀ ਹੈ। ਇਕ ਦੋਸਤ ਦਾ “ਚੰਗਾ ਬਚਨ” ਸਾਡੇ ਮਨ ਦਾ ਬੋਝ ਹਲਕਾ ਕਰ ਸਕਦਾ ਹੈ।—ਕਹਾ. 12:25.

ਪੈਰਾ 17 ਦੇਖੋ *

17. ਇਬਰਾਨੀਆਂ 6:19 ਅਨੁਸਾਰ ਨਵੀਂ ਦੁਨੀਆਂ ਦੀ ਉਮੀਦ ਸਾਨੂੰ ਮੁਸ਼ਕਲ ਹਾਲਾਤਾਂ ਵਿਚ ਕਿਵੇਂ ਮਜ਼ਬੂਤ ਕਰ ਸਕਦੀ ਹੈ?

17 (6ਆਪਣੀ ਉਮੀਦ ਪੱਕੀ ਰੱਖੋ। ਨਵੀਂ ਦੁਨੀਆਂ ਵਿਚ ਰਹਿਣ ਦੀ ਉਮੀਦ “ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ” ਹੈ। ਇਹ ਮੁਸ਼ਕਲ ਹਾਲਾਤਾਂ ਅਤੇ ਚਿੰਤਾਵਾਂ ਦੇ ਬਾਵਜੂਦ ਸਾਨੂੰ ਮਜ਼ਬੂਤ ਰੱਖਦੀ ਹੈ। (ਇਬਰਾਨੀਆਂ 6:19 ਪੜ੍ਹੋ।) ਯਹੋਵਾਹ ਦੇ ਵਾਅਦੇ ’ਤੇ ਸੋਚ-ਵਿਚਾਰ ਕਰੋ ਕਿ ਨਵੀਂ ਦੁਨੀਆਂ ਵਿਚ ਤੁਹਾਨੂੰ ਕੋਈ ਚਿੰਤਾ ਨਹੀਂ ਹੋਵੇਗੀ। (ਯਸਾ. 65:17) ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ ਜਿੱਥੇ ਹਰ ਪਾਸੇ ਸ਼ਾਂਤੀ ਹੈ ਅਤੇ ਤੁਹਾਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ। (ਮੀਕਾ. 4:4) ਨਵੀਂ ਦੁਨੀਆਂ ਬਾਰੇ ਦੂਜਿਆਂ ਨੂੰ ਦੱਸ ਕੇ ਤੁਸੀਂ ਇਸ ਉਮੀਦ ਨੂੰ ਹੋਰ ਮਜ਼ਬੂਤ ਕਰ ਸਕਦੇ ਹੋ। ਇਸ ਲਈ ਪ੍ਰਚਾਰ ਦੇ ਕੰਮ ਵਿਚ ਜੀ-ਜਾਨ ਲਾਓ। ਇਸ ਤਰ੍ਹਾਂ ਕਰ ਕੇ “ਤੁਹਾਡੀ ਉਮੀਦ ਅਖ਼ੀਰ ਤਕ ਪੱਕੀ” ਰਹੇਗੀ।—ਇਬ. 6:11.

18. ਆਉਣ ਵਾਲੇ ਸਮੇਂ ਵਿਚ ਕੀ ਹੋ ਸਕਦਾ ਹੈ ਅਤੇ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?

18 ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਸਾਡੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਹੋਰ ਵਧਣਗੀਆਂ। ਸਾਲ 2021 ਲਈ ਬਾਈਬਲ ਦਾ ਹਵਾਲਾ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਅਤੇ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। ਇਹ ਅਸੀਂ ਆਪਣੀ ਤਾਕਤ ਨਾਲ ਨਹੀਂ, ਪਰ ਯਹੋਵਾਹ ’ਤੇ ਭਰੋਸਾ ਰੱਖ ਕੇ ਕਰ ਪਾਵਾਂਗੇ। ਇਸ ਸਾਲ ਦੌਰਾਨ ਆਓ ਅਸੀਂ ਦਿਖਾਈਏ ਕਿ ਸਾਨੂੰ ਯਹੋਵਾਹ ਦੇ ਇਸ ਵਾਅਦੇ ’ਤੇ ਪੂਰੀ ਨਿਹਚਾ ਹੈ: “ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ।”ਯਸਾ. 30:15.

ਗੀਤ 49 ਯਹੋਵਾਹ ਸਾਡਾ ਸਹਾਰਾ

^ ਪੇਰਗ੍ਰੈਫ 5 ਸਾਲ 2021 ਲਈ ਚੁਣੇ ਗਏ ਬਾਈਬਲ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਅੱਜ ਅਤੇ ਆਉਣ ਵਾਲੇ ਮੁਸ਼ਕਲ ਹਾਲਾਤਾਂ ਦੌਰਾਨ ਯਹੋਵਾਹ ਉੱਤੇ ਭਰੋਸਾ ਰੱਖਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ। ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਅਸੀਂ ਯਸਾਯਾਹ 30:15 ਦੀ ਸਲਾਹ ਨੂੰ ਲਾਗੂ ਕਰਨ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ।

^ ਪੇਰਗ੍ਰੈਫ 5 ਸਾਡੇ ਕੁਝ ਪਿਆਰੇ ਭੈਣ-ਭਰਾ ਹੱਦੋਂ ਵੱਧ ਚਿੰਤਾ ਕਰਦੇ ਹਨ ਜੋ ਇਕ ਗੰਭੀਰ ਬੀਮਾਰੀ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਆਇਤ ਵਿਚ ਯਿਸੂ ਇੱਦਾਂ ਦੀ ਚਿੰਤਾ ਬਾਰੇ ਗੱਲ ਕਰ ਰਿਹਾ ਸੀ।

^ ਪੇਰਗ੍ਰੈਫ 63 ਤਸਵੀਰਾਂ ਬਾਰੇ ਜਾਣਕਾਰੀ: (1) ਇਕ ਭੈਣ ਦਿਨ ਦੌਰਾਨ ਵਾਰ-ਵਾਰ ਆਪਣੀਆਂ ਚਿੰਤਾਵਾਂ ਬਾਰੇ ਦਿਲੋਂ ਪ੍ਰਾਰਥਨਾ ਕਰਦੀ ਹੋਈ।

^ ਪੇਰਗ੍ਰੈਫ 65 ਤਸਵੀਰਾਂ ਬਾਰੇ ਜਾਣਕਾਰੀ: (2) ਕੰਮ ’ਤੇ ਦੁਪਹਿਰ ਦੇ ਖਾਣੇ ਵੇਲੇ ਉਹ ਸਮਝ ਲਈ ਪਰਮੇਸ਼ੁਰ ਦਾ ਬਚਨ ਪੜ੍ਹਦੀ ਹੋਈ।

^ ਪੇਰਗ੍ਰੈਫ 67 ਤਸਵੀਰਾਂ ਬਾਰੇ ਜਾਣਕਾਰੀ: (3) ਉਹ ਬਾਈਬਲ ਵਿਚ ਦਰਜ ਚੰਗੀਆਂ ਅਤੇ ਬੁਰੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰਦੀ ਹੋਈ।

^ ਪੇਰਗ੍ਰੈਫ 69 ਤਸਵੀਰਾਂ ਬਾਰੇ ਜਾਣਕਾਰੀ: (4) ਇਕ ਹੌਸਲੇ ਭਰੀ ਆਇਤ ਨੂੰ ਯਾਦ ਕਰਨ ਲਈ ਉਹ ਉਸ ਨੂੰ ਲਿਖ ਕੇ ਆਪਣੀ ਫਰਿੱਜ ’ਤੇ ਲਾਉਂਦੀ ਹੋਈ।

^ ਪੇਰਗ੍ਰੈਫ 71 ਤਸਵੀਰਾਂ ਬਾਰੇ ਜਾਣਕਾਰੀ: (5) ਉਹ ਆਪਣੇ ਦੋਸਤਾਂ ਨਾਲ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਵਿਚ ਸਮਾਂ ਬਿਤਾਉਂਦੀ ਹੋਈ।

^ ਪੇਰਗ੍ਰੈਫ 73 ਤਸਵੀਰਾਂ ਬਾਰੇ ਜਾਣਕਾਰੀ: (6) ਉਹ ਭਵਿੱਖ ਬਾਰੇ ਸੋਚ ਕੇ ਆਪਣੀ ਉਮੀਦ ਪੱਕੀ ਕਰਦੀ ਹੋਈ।