Skip to content

Skip to table of contents

ਅਧਿਐਨ ਲੇਖ 4

ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕਿਉਂ ਹਾਜ਼ਰ ਹੁੰਦੇ ਹਾਂ?

ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕਿਉਂ ਹਾਜ਼ਰ ਹੁੰਦੇ ਹਾਂ?

“ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”​—ਲੂਕਾ 22:19.

ਗੀਤ 25 ਅਨਮੋਲ ਪਰਜਾ

ਖ਼ਾਸ ਗੱਲਾਂ *

1-2. (ੳ) ਅਸੀਂ ਖ਼ਾਸ ਕਰਕੇ ਆਪਣੇ ਮਰ ਚੁੱਕੇ ਅਜ਼ੀਜ਼ ਨੂੰ ਕਦੋਂ ਯਾਦ ਕਰਦੇ ਹਾਂ? (ਅ) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਕਿਹੜੀ ਰੀਤ ਸ਼ੁਰੂ ਕੀਤੀ?

 ਭਾਵੇਂ ਸਾਡੇ ਕਿਸੇ ਅਜ਼ੀਜ਼ ਨੂੰ ਗੁਜ਼ਰਿਆਂ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ, ਫਿਰ ਵੀ ਅਸੀਂ ਉਸ ਨੂੰ ਹਮੇਸ਼ਾ ਯਾਦ ਕਰਦੇ ਹਾਂ। ਖ਼ਾਸ ਕਰਕੇ ਸਾਡੇ ਮਨ ਵਿਚ ਉਸ ਦੀ ਯਾਦ ਉਦੋਂ ਹੋਰ ਵੀ ਤਾਜ਼ਾ ਹੋ ਜਾਂਦੀ ਹੈ ਜਦੋਂ ਹਰ ਸਾਲ ਉਸ ਦੀ ਮੌਤ ਦੀ ਤਾਰੀਖ਼ ਆਉਂਦੀ ਹੈ।

2 ਅਸੀਂ ਯਿਸੂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਲਈ ਉਸ ਦੀ ਮੌਤ ਦੇ ਦਿਨ ਅਸੀਂ ਉਸ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਹਰ ਸਾਲ ਪੂਰੀ ਦੁਨੀਆਂ ਵਿਚ ਲੱਖਾਂ ਹੀ ਲੋਕ ਸਾਡੇ ਨਾਲ ਮਿਲ ਮੈਮੋਰੀਅਲ ਮਨਾਉਣ ਲਈ ਇਕੱਠੇ ਹੁੰਦੇ ਹਨ। (1 ਪਤ. 1:8) ਇਸ ਮੌਕੇ ’ਤੇ ਅਸੀਂ ਸਾਰੇ ਮਿਲ ਕੇ ਯਾਦ ਕਰਦੇ ਹਾਂ ਕਿ ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਪਾਪ ਤੇ ਮੌਤ ਤੋਂ ਰਿਹਾਈ ਮਿਲੀ ਹੈ। (ਮੱਤੀ 20:28) ਅਸਲ ਵਿਚ, ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਉਸ ਦੀ ਮੌਤ ਦੀ ਯਾਦਗਾਰ ਮਨਾਉਣ। ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਪ੍ਰਭੂ ਦਾ ਸ਼ਾਮ ਦਾ ਭੋਜਨ ਖਾਣ ਦੀ ਰੀਤ ਸ਼ੁਰੂ ਕੀਤੀ ਅਤੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” *​—ਲੂਕਾ 22:19.

3. ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ’ਤੇ ਗੌਰ ਕਰਾਂਗੇ?

3 ਮੈਮੋਰੀਅਲ ਵਿਚ ਹਾਜ਼ਰ ਹੋਣ ਵਾਲੇ ਲੋਕਾਂ ਵਿੱਚੋਂ ਬਹੁਤ ਥੋੜ੍ਹੇ ਜਣਿਆਂ ਕੋਲ ਹੀ ਸਵਰਗ ਜਾਣ ਦੀ ਉਮੀਦ ਹੈ। ਪਰ ਉੱਥੇ ਹਾਜ਼ਰ ਬਹੁਤ ਸਾਰੇ ਲੋਕਾਂ ਕੋਲ ਧਰਤੀ ’ਤੇ ਰਹਿਣ ਦੀ ਉਮੀਦ ਹੈ। ਇਸ ਲੇਖ ਵਿਚ ਅਸੀਂ ਕੁਝ ਕਾਰਨਾਂ ’ਤੇ ਗੌਰ ਕਰਾਂਗੇ ਕਿ ਅਸੀਂ ਸਾਰੇ ਮੈਮੋਰੀਅਲ ਮਨਾਉਣ ਲਈ ਕਿਉਂ ਹਾਜ਼ਰ ਹੁੰਦੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਇਸ ਵਿਚ ਹਾਜ਼ਰ ਹੋਣ ਦੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ। ਆਓ ਆਪਾਂ ਪਹਿਲਾਂ ਦੇਖੀਏ ਕਿ ਇਸ ਵਿਚ ਚੁਣੇ ਹੋਏ ਮਸੀਹੀ ਕਿਉਂ ਹਾਜ਼ਰ ਹੁੰਦੇ ਹਨ।

ਚੁਣੇ ਹੋਏ ਮਸੀਹੀ ਕਿਉਂ ਹਾਜ਼ਰ ਹੁੰਦੇ ਹਨ?

4. ਚੁਣੇ ਹੋਏ ਮਸੀਹੀ ਮੈਮੋਰੀਅਲ ਮਨਾਉਣ ਵੇਲੇ ਰੋਟੀ ਤੇ ਦਾਖਰਸ ਕਿਉਂ ਲੈਂਦੇ ਹਨ?

4 ਹਰ ਸਾਲ ਚੁਣੇ ਹੋਏ ਮਸੀਹੀ ਮੈਮੋਰੀਅਲ ਮਨਾਉਣ ਵੇਲੇ ਰੋਟੀ ਤੇ ਦਾਖਰਸ ਲੈਂਦੇ ਹਨ। ਕਿਉਂ? ਇਸ ਦਾ ਜਵਾਬ ਜਾਣਨ ਲਈ ਆਓ ਦੇਖੀਏ ਕਿ ਯਿਸੂ ਦੀ ਧਰਤੀ ਉੱਤੇ ਆਖ਼ਰੀ ਰਾਤ ਵੇਲੇ ਕੀ ਹੋਇਆ ਸੀ। ਪਸਾਹ ਦੀ ਰੋਟੀ ਖਾਣ ਤੋਂ ਬਾਅਦ ਯਿਸੂ ਨੇ ਪ੍ਰਭੂ ਦਾ ਸ਼ਾਮ ਦਾ ਭੋਜਨ ਖਾਣ ਦੀ ਰੀਤ ਸ਼ੁਰੂ ਕੀਤੀ। ਉਸ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਖਾਣ ਲਈ ਰੋਟੀ ਤੇ ਪੀਣ ਲਈ ਦਾਖਰਸ ਦਿੱਤਾ। ਯਿਸੂ ਨੇ ਉਨ੍ਹਾਂ ਨਾਲ ਦੋ ਇਕਰਾਰਾਂ ਬਾਰੇ ਗੱਲ ਕੀਤੀ। ਪਹਿਲਾ, ਨਵਾਂ ਇਕਰਾਰ ਅਤੇ ਦੂਜਾ, ਰਾਜ ਦੇਣ ਦਾ ਇਕਰਾਰ। * (ਲੂਕਾ 22:19, 20, 28-30) ਇਨ੍ਹਾਂ ਦੋ ਇਕਰਾਰਾਂ ਕਰਕੇ ਰਸੂਲਾਂ ਤੇ ਕੁਝ ਹੋਰ ਮਸੀਹੀਆਂ ਲਈ ਸਵਰਗ ਵਿਚ ਰਾਜਿਆਂ ਤੇ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਰਾਹ ਖੁੱਲ੍ਹ ਗਿਆ। (ਪ੍ਰਕਾ. 5:10; 14:1) ਯਿਸੂ ਨੇ ਸਿਰਫ਼ ਚੁਣੇ ਹੋਏ ਮਸੀਹੀਆਂ ਨਾਲ ਹੀ ਇਹ ਦੋ ਇਕਰਾਰ ਕੀਤੇ ਸਨ। ਇਸ ਲਈ ਸਿਰਫ਼ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀ ਹੀ ਮੈਮੋਰੀਅਲ ਮਨਾਉਣ ਵੇਲੇ ਰੋਟੀ ਤੇ ਦਾਖਰਸ ਲੈ ਸਕਦੇ ਹਨ।

5. ਚੁਣੇ ਹੋਏ ਮਸੀਹੀ ਆਪਣੀ ਉਮੀਦ ਬਾਰੇ ਕਿਹੜੀ ਗੱਲ ਜਾਣਦੇ ਹਨ?

5 ਚੁਣੇ ਹੋਏ ਮਸੀਹੀ ਇਕ ਹੋਰ ਕਾਰਨ ਕਰਕੇ ਮੈਮੋਰੀਅਲ ਮਨਾਉਣ ਲਈ ਹਾਜ਼ਰ ਹੁੰਦੇ ਹਨ। ਇਸ ਵੇਲੇ ਉਨ੍ਹਾਂ ਕੋਲ ਆਪਣੀ ਉਮੀਦ ’ਤੇ ਸੋਚ-ਵਿਚਾਰ ਕਰਨ ਦਾ ਮੌਕਾ ਹੁੰਦਾ ਹੈ। ਯਹੋਵਾਹ ਨੇ ਉਨ੍ਹਾਂ ਨੂੰ ਸ਼ਾਨਦਾਰ ਉਮੀਦ ਦਿੱਤੀ ਹੈ ਕਿ ਉਨ੍ਹਾਂ ਨੂੰ ਸਵਰਗ ਵਿਚ ਅਵਿਨਾਸ਼ੀ ਸਰੀਰ ਤੇ ਅਮਰ ਜੀਵਨ ਮਿਲੇਗਾ। ਨਾਲੇ ਉਨ੍ਹਾਂ ਨੂੰ ਯਿਸੂ ਤੇ ਸਵਰਗ ਜਾ ਚੁੱਕੇ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਰਾਜ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਲਈ ਸਭ ਤੋਂ ਵੱਡਾ ਸਨਮਾਨ ਇਹ ਹੋਵੇਗਾ ਕਿ ਉਹ ਯਹੋਵਾਹ ਨੂੰ ਦੇਖ ਸਕਣਗੇ। (1 ਕੁਰਿੰ. 15:51-53; 1 ਯੂਹੰ. 3:2) ਚੁਣੇ ਹੋਏ ਮਸੀਹੀ ਇਹ ਗੱਲ ਜਾਣਦੇ ਹਨ ਕਿ ਜੇ ਉਹ ਆਪਣੀ ਮੌਤ ਤਕ ਵਫ਼ਾਦਾਰ ਰਹਿਣਗੇ, ਤਾਂ ਹੀ ਉਨ੍ਹਾਂ ਨੂੰ ਇਹ ਸਨਮਾਨ ਮਿਲਣਗੇ। (2 ਤਿਮੋ. 4:7, 8) ਆਪਣੀ ਸਵਰਗੀ ਜ਼ਿੰਦਗੀ ਦੀ ਉਮੀਦ ਬਾਰੇ ਸੋਚ-ਵਿਚਾਰ ਕਰ ਕੇ ਚੁਣੇ ਹੋਏ ਮਸੀਹੀਆਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਤੀਤੁ. 2:13) ਪਰ “ਹੋਰ ਭੇਡਾਂ” ਵਿਚ ਸ਼ਾਮਲ ਲੋਕਾਂ ਬਾਰੇ ਕੀ? (ਯੂਹੰ. 10:16) ਉਹ ਮੈਮੋਰੀਅਲ ਮਨਾਉਣ ਲਈ ਕਿਉਂ ਹਾਜ਼ਰ ਹੁੰਦੇ ਹਨ?

ਹੋਰ ਭੇਡਾਂ ਕਿਉਂ ਹਾਜ਼ਰ ਹੁੰਦੀਆਂ ਹਨ?

6. ਹੋਰ ਭੇਡਾਂ ਵਿਚ ਸ਼ਾਮਲ ਲੋਕ ਹਰ ਸਾਲ ਮੈਮੋਰੀਅਲ ਵਿਚ ਕਿਉਂ ਹਾਜ਼ਰ ਹੁੰਦੇ ਹਨ?

6 ਹੋਰ ਭੇਡਾਂ ਵਿਚ ਸ਼ਾਮਲ ਲੋਕ ਮੈਮੋਰੀਅਲ ਮਨਾਉਂਦੇ ਵੇਲੇ ਭਾਵੇਂ ਰੋਟੀ ਤੇ ਦਾਖਰਸ ਨਹੀਂ ਲੈਂਦੇ, ਪਰ ਫਿਰ ਵੀ ਉਹ ਹਾਜ਼ਰ ਹੋ ਕੇ ਖ਼ੁਸ਼ ਹੁੰਦੇ ਹਨ। 1938 ਵਿਚ ਪਹਿਲੀ ਵਾਰ ਖ਼ਾਸ ਕਰਕੇ ਉਨ੍ਹਾਂ ਸਾਰੇ ਲੋਕਾਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਦੀ ਉਮੀਦ ਧਰਤੀ ’ਤੇ ਰਹਿਣ ਦੀ ਹੈ। 1 ਮਾਰਚ 1938 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ: “ਹੋਰ ਭੇਡਾਂ ਵਿਚ ਸ਼ਾਮਲ ਲੋਕਾਂ ਦਾ ਮੈਮੋਰੀਅਲ ਵਿਚ ਹਾਜ਼ਰ ਹੋਣਾ ਬਿਲਕੁਲ ਸਹੀ ਹੈ ਕਿਉਂਕਿ ਉਨ੍ਹਾਂ ਲਈ ਵੀ ਇਹ ਖ਼ੁਸ਼ੀ ਦਾ ਮੌਕਾ ਹੁੰਦਾ ਹੈ।” ਜਿਸ ਤਰ੍ਹਾਂ ਵਿਆਹ ਵਿਚ ਬੁਲਾਏ ਮਹਿਮਾਨਾਂ ਨੂੰ ਵਿਆਹ ਦੀਆਂ ਰੀਤਾਂ ਦੇਖ ਕੇ ਖ਼ੁਸ਼ੀ ਹੁੰਦੀ ਹੈ, ਉਸੇ ਤਰ੍ਹਾਂ ਹੋਰ ਭੇਡਾਂ ਵਿਚ ਸ਼ਾਮਲ ਲੋਕਾਂ ਨੂੰ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਖ਼ੁਸ਼ੀ ਹੁੰਦੀ ਹੈ।

7. ਹੋਰ ਭੇਡਾਂ ਵਿਚ ਸ਼ਾਮਲ ਲੋਕ ਮੈਮੋਰੀਅਲ ਵਿਚ ਦਿੱਤਾ ਜਾਣ ਵਾਲਾ ਭਾਸ਼ਣ ਸੁਣਨ ਲਈ ਬੇਤਾਬ ਕਿਉਂ ਹੁੰਦੇ ਹਨ?

7 ਹੋਰ ਭੇਡਾਂ ਵਿਚ ਸ਼ਾਮਲ ਲੋਕ ਵੀ ਮੈਮੋਰੀਅਲ ਵਿਚ ਆਪਣੀ ਉਮੀਦ ’ਤੇ ਸੋਚ-ਵਿਚਾਰ ਕਰਦੇ ਹਨ। ਉਹ ਖ਼ਾਸ ਕਰਕੇ ਇਸ ਮੌਕੇ ’ਤੇ ਦਿੱਤਾ ਜਾਣ ਵਾਲਾ ਭਾਸ਼ਣ ਸੁਣਨ ਲਈ ਬੇਤਾਬ ਹੁੰਦੇ ਹਨ। ਇਸ ਭਾਸ਼ਣ ਵਿਚ ਦੱਸਿਆ ਜਾਂਦਾ ਹੈ ਕਿ 1,000 ਸਾਲ ਦੇ ਰਾਜ ਦੌਰਾਨ ਮਸੀਹ ਅਤੇ ਉਸ ਨਾਲ ਮਿਲ ਕੇ ਰਾਜ ਕਰਨ ਵਾਲੇ ਵਫ਼ਾਦਾਰ ਇਨਸਾਨਾਂ ਲਈ ਕੀ-ਕੀ ਕਰਨਗੇ। ਯਿਸੂ ਮਸੀਹ ਦੇ ਰਾਜ ਅਧੀਨ ਇਹ ਸਵਰਗੀ ਰਾਜੇ ਧਰਤੀ ਨੂੰ ਸੋਹਣਾ ਬਣਾ ਦੇਣਗੇ ਅਤੇ ਆਗਿਆਕਾਰ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰਨਗੇ। ਜਦੋਂ ਮੈਮੋਰੀਅਲ ਵਿਚ ਹੋਰ ਭੇਡਾਂ ਵਿਚ ਸ਼ਾਮਲ ਯਸਾਯਾਹ 35:5, 6; 65:21-23; ਪ੍ਰਕਾਸ਼ ਦੀ ਕਿਤਾਬ 21:3, 4 ਵਰਗੀਆਂ ਭਵਿੱਖਬਾਣੀਆਂ ਬਾਰੇ ਕਲਪਨਾ ਕਰਦੇ ਹਨ, ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ। ਆਪਣੇ ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਨਵੀਂ ਦੁਨੀਆਂ ਵਿਚ ਦੇਖ ਕੇ ਉਨ੍ਹਾਂ ਦੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਉਨ੍ਹਾਂ ਦਾ ਇਰਾਦਾ ਹੋਰ ਵੀ ਮਜ਼ਬੂਤ ਹੁੰਦਾ ਹੈ।​—ਮੱਤੀ 24:13; ਗਲਾ. 6:9.

8. ਹੋਰ ਕਿਹੜੇ ਕਾਰਨ ਕਰਕੇ ਹੋਰ ਭੇਡਾਂ ਵਿਚ ਸ਼ਾਮਲ ਲੋਕ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਹਨ?

8 ਆਓ ਇਕ ਹੋਰ ਕਾਰਨ ’ਤੇ ਗੌਰ ਕਰੀਏ ਕਿ ਹੋਰ ਭੇਡਾਂ ਵਿਚ ਸ਼ਾਮਲ ਲੋਕ ਮੈਮੋਰੀਅਲ ਵਿਚ ਹਾਜ਼ਰ ਕਿਉਂ ਹੁੰਦੇ ਹਨ? ਉਹ ਹਾਜ਼ਰ ਹੋ ਕੇ ਦਿਖਾਉਂਦੇ ਹਨ ਕਿ ਉਹ ਚੁਣੇ ਹੋਏ ਮਸੀਹੀਆਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਸਾਥ ਦੇਣਾ ਚਾਹੁੰਦੇ ਹਨ। ਪਰਮੇਸ਼ੁਰ ਦੇ ਬਚਨ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਚੁਣੇ ਹੋਏ ਮਸੀਹੀਆਂ ਅਤੇ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੋਕਾਂ ਵਿਚ ਏਕਤਾ ਦਾ ਬੰਧਨ ਹੋਵੇਗਾ। ਇਹ ਕਿਵੇਂ ਹੋਣਾ ਸੀ? ਆਓ ਕੁਝ ਭਵਿੱਖਬਾਣੀਆਂ ’ਤੇ ਗੌਰ ਕਰੀਏ।

9. ਜ਼ਕਰਯਾਹ 8:23 ਮੁਤਾਬਕ ਹੋਰ ਭੇਡਾਂ ਅਤੇ ਚੁਣੇ ਹੋਏ ਮਸੀਹੀਆਂ ਦਾ ਕਿਹੋ ਜਿਹਾ ਰਿਸ਼ਤਾ ਹੈ?

9 ਜ਼ਕਰਯਾਹ 8:23 ਪੜ੍ਹੋ। ਇਸ ਭਵਿੱਖਬਾਣੀ ਵਿਚ ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਕਿ ਹੋਰ ਭੇਡਾਂ ਅਤੇ ਚੁਣੇ ਹੋਏ ਮਸੀਹੀਆਂ ਦਾ ਆਪਸੀ ਰਿਸ਼ਤਾ ਕਿਹੋ ਜਿਹਾ ਹੈ। “ਇਕ ਯਹੂਦੀ” ਅਤੇ “ਤੁਹਾਡੇ ਨਾਲ” ਸ਼ਬਦ ਚੁਣੇ ਹੋਏ ਮਸੀਹੀਆਂ ਲਈ ਵਰਤੇ ਗਏ ਹਨ। (ਰੋਮੀ. 2:28, 29) “ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਦਸ ਆਦਮੀ” ਹੋਰ ਭੇਡਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਦੇ “ਕੱਪੜੇ ਦਾ ਸਿਰਾ ਘੁੱਟ ਕੇ ਫੜਨਗੇ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਹੋਰ ਭੇਡਾਂ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਸ਼ੁੱਧ ਭਗਤੀ ਕਰਦੀਆਂ ਹਨ। ਇਸੇ ਲਈ ਹੋਰ ਭੇਡਾਂ ਵਿਚ ਸ਼ਾਮਲ ਲੋਕ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਚੁਣੇ ਹੋਏ ਮਸੀਹੀਆਂ ਲਈ ਆਪਣੇ ਗਹਿਰੇ ਲਗਾਅ ਦਾ ਸਬੂਤ ਦਿੰਦੇ ਹਨ।

10. ਹਿਜ਼ਕੀਏਲ 37:15-19, 24, 25 ਦੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਯਹੋਵਾਹ ਨੇ ਕੀ ਕੀਤਾ?

10 ਹਿਜ਼ਕੀਏਲ 37:15-19, 24, 25 ਪੜ੍ਹੋ। ਯਹੋਵਾਹ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਨੂੰ ਏਕਤਾ ਦੇ ਅਟੁੱਟ ਬੰਧਨ ਵਿਚ ਜੋੜੇਗਾ। ਭਵਿੱਖਬਾਣੀ ਵਿਚ ਦੋ ਸੋਟੀਆਂ ਦਾ ਜ਼ਿਕਰ ਕੀਤਾ ਗਿਆ ਹੈ। “ਯਹੂਦਾਹ ਦੀ ਸੋਟੀ” (ਜਿਸ ਗੋਤ ਵਿੱਚੋਂ ਇਜ਼ਰਾਈਲ ਲਈ ਰਾਜੇ ਚੁਣੇ ਜਾਂਦੇ ਸਨ) ਸਵਰਗੀ ਜ਼ਿੰਦਗੀ ਦੀ ਉਮੀਦ ਰੱਖਣ ਵਾਲਿਆਂ ਨੂੰ ਦਰਸਾਉਂਦੀ ਹੈ। “ਇਫ਼ਰਾਈਮ ਦੀ ਸੋਟੀ” ਧਰਤੀ ’ਤੇ ਜੀਉਣ ਦੀ ਉਮੀਦ ਰੱਖਣ ਵਾਲਿਆਂ ਨੂੰ ਦਰਸਾਉਂਦੀ ਹੈ। * ਯਹੋਵਾਹ ਇਨ੍ਹਾਂ ਦੋਹਾਂ ਸੋਟੀਆਂ ਨੂੰ ਜੋੜ ਕੇ “ਇਕ ਸੋਟੀ” ਬਣਾਵੇਗਾ। ਇਸ ਦਾ ਮਤਲਬ ਹੈ ਕਿ ਉਹ ‘ਇੱਕੋ ਚਰਵਾਹੇ’ ਅਧੀਨ ਦੋ ਸਮੂਹਾਂ ਵਜੋਂ ਨਹੀਂ, ਸਗੋਂ “ਇੱਕੋ ਝੁੰਡ” ਵਜੋਂ ਸੇਵਾ ਕਰਦੇ ਹਨ। ਚੁਣੇ ਹੋਏ ਮਸੀਹੀ ਅਤੇ ਹੋਰ ਭੇਡਾਂ ਵਿਚ ਸ਼ਾਮਲ ਲੋਕ ਆਪਣੇ ਇੱਕੋ-ਇਕ ਰਾਜੇ ਯਿਸੂ ਮਸੀਹ ਅਧੀਨ ਹਰ ਸਾਲ ਇਕੱਠੇ ਮਿਲ ਕੇ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਹਨ।​—ਯੂਹੰ. 10:16.

11. ਮੱਤੀ 25:31-36, 40 ਵਿਚ ਜ਼ਿਕਰ ਕੀਤੀਆਂ “ਭੇਡਾਂ” ਮਸੀਹ ਦੇ ਭਰਾਵਾਂ ਦਾ ਸਾਥ ਕਿਵੇਂ ਦਿੰਦੀਆਂ ਹਨ?

11 ਮੱਤੀ 25:31-36, 40 ਪੜ੍ਹੋ। ਯਿਸੂ ਇੱਥੇ ਜਿਨ੍ਹਾਂ “ਭੇਡਾਂ” ਦੀ ਗੱਲ ਕਰ ਰਿਹਾ ਸੀ, ਉਹ ਅੰਤ ਦੇ ਸਮੇਂ ਵਿਚ ਰਹਿੰਦੇ ਹੋਰ ਭੇਡਾਂ ਵਿਚ ਸ਼ਾਮਲ ਧਰਮੀ ਲੋਕ ਹਨ ਜਿਨ੍ਹਾਂ ਦੀ ਧਰਤੀ ’ਤੇ ਰਹਿਣ ਦੀ ਉਮੀਦ ਹੈ। ਚੁਣੇ ਹੋਏ ਮਸੀਹੀਆਂ ਦੀ ਵੱਡੀ ਜ਼ਿੰਮੇਵਾਰੀ ਹੈ, ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ। ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਹੋਰ ਭੇਡਾਂ ਵਿਚ ਸ਼ਾਮਲ ਲੋਕ ਧਰਤੀ ’ਤੇ ਰਹਿੰਦੇ ਮਸੀਹ ਦੇ ਭਰਾਵਾਂ ਦਾ ਸਾਥ ਦਿੰਦੇ ਹਨ।​—ਮੱਤੀ 24:14; 28:19, 20.

12-13. ਹੋਰ ਕਿਨ੍ਹਾਂ ਤਰੀਕਿਆਂ ਨਾਲ ਹੋਰ ਭੇਡਾਂ ਮਸੀਹ ਦੇ ਭਰਾਵਾਂ ਦਾ ਸਾਥ ਦਿੰਦੀਆਂ ਹਨ?

12 ਹਰ ਸਾਲ ਮੈਮੋਰੀਅਲ ਤੋਂ ਕਈ ਹਫ਼ਤੇ ਪਹਿਲਾਂ ਲੋਕਾਂ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦੇਣ ਦੀ ਮੁਹਿੰਮ ਚਲਾਈ ਜਾਂਦੀ ਹੈ। ਇਸ ਮੁਹਿੰਮ ਵਿਚ ਹੋਰ ਭੇਡਾਂ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈ ਕੇ ਮਸੀਹ ਦੇ ਭਰਾਵਾਂ ਦਾ ਸਾਥ ਦਿੰਦੀਆਂ ਹਨ। (“ ਕੀ ਤੁਸੀਂ ਤਿਆਰ ਹੋ?” ਨਾਂ ਦੀ ਡੱਬੀ ਦੇਖੋ।) ਚਾਹੇ ਜ਼ਿਆਦਾਤਰ ਮੰਡਲੀਆਂ ਵਿਚ ਰੋਟੀ ਤੇ ਦਾਖਰਸ ਲੈਣ ਵਾਲਾ ਕੋਈ ਮਸੀਹੀ ਨਹੀਂ ਹੁੰਦਾ, ਫਿਰ ਵੀ ਉਹ ਮੈਮੋਰੀਅਲ ਮਨਾਉਣ ਲਈ ਸਾਰੇ ਪ੍ਰਬੰਧ ਕਰਦੀਆਂ ਹਨ। ਹੋਰ ਭੇਡਾਂ ਇਨ੍ਹਾਂ ਤਰੀਕਿਆਂ ਨਾਲ ਮਸੀਹ ਦੇ ਭਰਾਵਾਂ ਦਾ ਸਾਥ ਦੇ ਕੇ ਬਹੁਤ ਖ਼ੁਸ਼ ਹੁੰਦੀਆਂ ਹਨ। ਇਹ ਭੇਡਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਉਹ ਮਸੀਹ ਦੇ ਭਰਾਵਾਂ ਦਾ ਸਾਥ ਦੇਣ ਲਈ ਜੋ ਵੀ ਕਰਦੀਆਂ ਹਨ, ਉਹ ਯਿਸੂ ਨੂੰ ਇੱਦਾਂ ਲੱਗਦਾ ਹੈ ਜਿਵੇਂ ਉਹ ਉਸ ਲਈ ਕਰਦੀਆਂ ਹਨ।​—ਮੱਤੀ 25:37-40.

13 ਚਾਹੇ ਸਾਡੀ ਉਮੀਦ ਧਰਤੀ ’ਤੇ ਰਹਿਣ ਦੀ ਹੋਵੇ ਜਾਂ ਸਵਰਗ ਵਿਚ, ਅਸੀਂ ਸਾਰੇ ਹੋਰ ਵੀ ਕਈ ਕਾਰਨਾਂ ਕਰਕੇ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਹਾਂ। ਆਓ ਇਨ੍ਹਾਂ ਕਾਰਨਾਂ ਬਾਰੇ ਜਾਣੀਏ।

ਅਸੀਂ ਸਾਰੇ ਕਿਉਂ ਹਾਜ਼ਰ ਹੁੰਦੇ ਹਾਂ?

14. ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਆਪਣੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਕਿਵੇਂ ਦਿੱਤਾ?

14 ਅਸੀਂ ਯਹੋਵਾਹ ਤੇ ਯਿਸੂ ਦੇ ਪਿਆਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਯਹੋਵਾਹ ਨੇ ਸਾਡੇ ਲਈ ਬਹੁਤ ਸਾਰੇ ਤਰੀਕਿਆਂ ਨਾਲ ਆਪਣਾ ਪਿਆਰ ਦਿਖਾਇਆ ਹੈ। ਉਸ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਸਾਡੇ ਲਈ ਦੁੱਖ ਝੱਲਣ ਤੇ ਮਰਨ ਲਈ ਭੇਜਿਆ। (ਯੂਹੰ. 3:16) ਨਾਲੇ ਅਸੀਂ ਜਾਣਦੇ ਹਾਂ ਕਿ ਯਿਸੂ ਨੇ ਵੀ ਖ਼ੁਸ਼ੀ-ਖ਼ੁਸ਼ੀ ਸਾਡੇ ਲਈ ਆਪਣੀ ਜਾਨ ਵਾਰ ਕੇ ਆਪਣੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਦਿੱਤਾ। (ਯੂਹੰ. 15:13) ਯਹੋਵਾਹ ਤੇ ਯਿਸੂ ਨੇ ਸਾਡੇ ਲਈ ਜੋ ਪਿਆਰ ਦਿਖਾਇਆ, ਅਸੀਂ ਉਸ ਦਾ ਮੁੱਲ ਕਦੇ ਨਹੀਂ ਦੇ ਸਕਦੇ। ਪਰ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ। (ਕੁਲੁ. 3:15) ਨਾਲੇ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਹੋ ਕੇ ਅਸੀਂ ਉਨ੍ਹਾਂ ਦੇ ਪਿਆਰ ਬਾਰੇ ਸੋਚਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੁੰਦੇ ਹਾਂ।

15. ਚੁਣੇ ਹੋਏ ਮਸੀਹੀ ਅਤੇ ਹੋਰ ਭੇਡਾਂ ਵਿਚ ਸ਼ਾਮਲ ਲੋਕ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰ ਕਿਉਂ ਹਨ?

15 ਅਸੀਂ ਰਿਹਾਈ ਦੀ ਕੀਮਤ ਲਈ ਬਹੁਤ ਸ਼ੁਕਰਗੁਜ਼ਾਰ ਹਾਂ। (ਮੱਤੀ 20:28) ਚੁਣੇ ਹੋਏ ਮਸੀਹੀ ਰਿਹਾਈ ਦੀ ਕੀਮਤ ਲਈ ਬਹੁਤ ਸ਼ੁਕਰਗੁਜ਼ਾਰ ਹਨ ਕਿਉਂਕਿ ਇਸੇ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਉਮੀਦ ਮਿਲੀ ਹੈ। ਮਸੀਹ ਉੱਤੇ ਨਿਹਚਾ ਕਰਨ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਧਰਮੀ ਠਹਿਰਾਇਆ ਅਤੇ ਆਪਣੇ ਪੁੱਤਰਾਂ ਵਜੋਂ ਅਪਣਾਇਆ ਹੈ। (ਰੋਮੀ. 5:1; 8:15-17, 23) ਹੋਰ ਭੇਡਾਂ ਵੀ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰ ਹਨ। ਮਸੀਹ ਦੀ ਕੁਰਬਾਨੀ ਉੱਤੇ ਨਿਹਚਾ ਕਰਨ ਕਰਕੇ ਹੋਰ ਭੇਡਾਂ ਵਿਚ ਸ਼ਾਮਲ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਠਹਿਰਦੇ ਹਨ, ਉਹ ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ‘ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲਣ’ ਦੀ ਉਮੀਦ ਮਿਲਦੀ ਹੈ। (ਪ੍ਰਕਾ. 7:13-15) ਹਰ ਸਾਲ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਚੁਣੇ ਹੋਏ ਮਸੀਹੀ ਅਤੇ ਹੋਰ ਭੇਡਾਂ ਵਿਚ ਸ਼ਾਮਲ ਲੋਕ ਰਿਹਾਈ ਦੀ ਕੀਮਤ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ।

16. ਅਸੀਂ ਹੋਰ ਕਿਹੜੇ ਕਾਰਨ ਕਰਕੇ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਹਾਂ?

16 ਅਸੀਂ ਸਾਰੇ ਯਿਸੂ ਦਾ ਕਹਿਣਾ ਮੰਨਣਾ ਚਾਹੁੰਦੇ ਹਾਂ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਇਹ ਹੁਕਮ ਦਿੱਤਾ ਸੀ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” (1 ਕੁਰਿੰ. 11:23, 24) ਅਸੀਂ ਸਾਰੇ ਯਿਸੂ ਦਾ ਇਹ ਹੁਕਮ ਮੰਨਣਾ ਚਾਹੁੰਦੇ ਹਾਂ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ’ਤੇ ਰਹਿਣ ਦੀ।

ਮੈਮੋਰੀਅਲ ਵਿਚ ਹਾਜ਼ਰ ਹੋਣ ਨਾਲ ਕੀ ਫ਼ਾਇਦੇ ਹੁੰਦੇ ਹਨ?

17. ਮੈਮੋਰੀਅਲ ਵਿਚ ਹਾਜ਼ਰ ਹੋ ਕੇ ਅਸੀਂ ਯਹੋਵਾਹ ਦੇ ਨੇੜੇ ਕਿਵੇਂ ਜਾਂਦੇ ਹਾਂ?

17 ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ। (ਯਾਕੂ. 4:8) ਹੁਣ ਤਕ ਅਸੀਂ ਸਿੱਖਿਆ ਕਿ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਸਾਨੂੰ ਯਹੋਵਾਹ ਵੱਲੋਂ ਮਿਲੀ ਉਮੀਦ ’ਤੇ ਅਤੇ ਉਸ ਦੇ ਪਿਆਰ ਦੇ ਸਭ ਤੋਂ ਵੱਡੇ ਸਬੂਤ ’ਤੇ ਸੋਚ-ਵਿਚਾਰ ਕਰਨ ਦਾ ਮੌਕਾ ਮਿਲਦਾ ਹੈ। (ਯਿਰ. 29:11; 1 ਯੂਹੰ. 4:8-10) ਜਦੋਂ ਅਸੀਂ ਭਵਿੱਖ ਬਾਰੇ ਆਪਣੀ ਪੱਕੀ ਉਮੀਦ ’ਤੇ ਅਤੇ ਪਰਮੇਸ਼ੁਰ ਦੇ ਕਦੇ ਨਾ ਮਿਟਣ ਵਾਲੇ ਪਿਆਰ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਯਹੋਵਾਹ ਲਈ ਸਾਡਾ ਪਿਆਰ ਹੋਰ ਗੂੜ੍ਹਾ ਹੁੰਦਾ ਹੈ ਅਤੇ ਉਸ ਨਾਲ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ।​—ਰੋਮੀ. 8:38, 39.

18. ਯਿਸੂ ਦੀ ਮਿਸਾਲ ’ਤੇ ਸੋਚ-ਵਿਚਾਰ ਕਰ ਕੇ ਸਾਡਾ ਦਿਲ ਸਾਨੂੰ ਕੀ ਕਰਨ ਲਈ ਉਕਸਾਉਂਦਾ ਹੈ?

18 ਸਾਡਾ ਦਿਲ ਸਾਨੂੰ ਯਿਸੂ ਦੀ ਮਿਸਾਲ ਦੀ ਰੀਸ ਕਰਨ ਲਈ ਉਕਸਾਉਂਦਾ ਹੈ। (1 ਪਤ. 2:21) ਮੈਮੋਰੀਅਲ ਤੋਂ ਕੁਝ ਦਿਨ ਪਹਿਲਾਂ ਅਸੀਂ ਬਾਈਬਲ ਵਿੱਚੋਂ ਧਰਤੀ ਉੱਤੇ ਯਿਸੂ ਦੇ ਆਖ਼ਰੀ ਹਫ਼ਤੇ, ਉਸ ਦੀ ਮੌਤ ਅਤੇ ਉਸ ਦੇ ਦੁਬਾਰਾ ਜੀ ਉਠਾਏ ਜਾਣ ਬਾਰੇ ਪੜ੍ਹਦੇ ਹਾਂ। ਫਿਰ ਮੈਮੋਰੀਅਲ ਦੀ ਸ਼ਾਮ ਵੇਲੇ ਦਿੱਤੇ ਜਾਂਦੇ ਭਾਸ਼ਣ ਵਿਚ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਿਸੂ ਨੇ ਸਾਡੇ ਲਈ ਕਿੰਨਾ ਪਿਆਰ ਦਿਖਾਇਆ। (ਅਫ਼. 5:2; 1 ਯੂਹੰ. 3:16) ਜਦੋਂ ਅਸੀਂ ਬਾਈਬਲ ਵਿੱਚੋਂ ਯਿਸੂ ਦੇ ਨਿਰਸੁਆਰਥ ਪਿਆਰ ਬਾਰੇ ਪੜ੍ਹਦੇ ਹਾਂ ਅਤੇ ਇਸ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡਾ ਦਿਲ ਸਾਨੂੰ ਉਕਸਾਉਂਦਾ ਹੈ ਕਿ ਅਸੀਂ ‘ਯਿਸੂ ਵਾਂਗ ਜ਼ਿੰਦਗੀ ਬਤੀਤ ਕਰੀਏ।’—1 ਯੂਹੰ. 2:6.

19. ਅਸੀਂ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਕਿਵੇਂ ਬਣੇ ਰਹਿ ਸਕਦੇ ਹਾਂ?

19 ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ। (ਯਹੂ. 20, 21) ਜਦੋਂ ਅਸੀਂ ਪੂਰੀ ਵਾਹ ਲਾ ਕੇ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਾਂ, ਉਸ ਦਾ ਨਾਂ ਪਵਿੱਤਰ ਕਰਦੇ ਹਾਂ ਅਤੇ ਉਸ ਦਾ ਦਿਲ ਖ਼ੁਸ਼ ਕਰਦੇ ਹਾਂ, ਤਾਂ ਅਸੀਂ ਉਸ ਦੇ ਪਿਆਰ ਦੇ ਲਾਇਕ ਬਣੇ ਰਹਿ ਸਕਦੇ ਹਾਂ। (ਕਹਾ. 27:11; ਮੱਤੀ 6:9; 1 ਯੂਹੰ. 5:3) ਮੈਮੋਰੀਅਲ ਵਿਚ ਹਾਜ਼ਰ ਹੋਣ ਨਾਲ ਸਾਡਾ ਇਰਾਦਾ ਪੱਕਾ ਹੁੰਦਾ ਹੈ ਕਿ ਅਸੀਂ ਹਰ ਰੋਜ਼ ਯਹੋਵਾਹ ਮੁਤਾਬਕ ਚੱਲੀਏ। ਇਸ ਤਰ੍ਹਾਂ ਅਸੀਂ ਯਹੋਵਾਹ ਨੂੰ ਕਹਿ ਸਕਾਂਗੇ: ‘ਮੈਂ ਹਮੇਸ਼ਾ ਤੇਰੇ ਪਿਆਰ ਦੇ ਲਾਇਕ ਬਣਿਆ ਰਹਿਣਾ ਚਾਹੁੰਦਾ ਹਾਂ।’

20. ਅਸੀਂ ਮੈਮੋਰੀਅਲ ਵਿਚ ਕਿਉਂ ਹਾਜ਼ਰ ਹੁੰਦੇ ਹਾਂ?

20 ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ਉੱਤੇ ਹਮੇਸ਼ਾ ਲਈ ਰਹਿਣ ਦੀ, ਸਾਡੇ ਕੋਲ ਮੈਮੋਰੀਅਲ ਵਿਚ ਹਾਜ਼ਰ ਹੋਣ ਦੇ ਬਹੁਤ ਸਾਰੇ ਚੰਗੇ ਕਾਰਨ ਹਨ। ਅਸੀਂ ਯਿਸੂ ਨੂੰ ਪਿਆਰ ਕਰਦੇ ਹਾਂ, ਇਸ ਲਈ ਉਸ ਦਿਨ ਅਸੀਂ ਉਸ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਨਾਲੇ ਖ਼ਾਸ ਕਰਕੇ ਉਸ ਦਿਨ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਨੇ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਅਤੇ ਇਹ ਸਾਡੇ ਲਈ ਉਸ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਇਸ ਸਾਲ ਸ਼ੁੱਕਰਵਾਰ 15 ਅਪ੍ਰੈਲ 2022 ਦੀ ਸ਼ਾਮ ਨੂੰ ਮੈਮੋਰੀਅਲ ਮਨਾਇਆ ਜਾਵੇਗਾ। ਅਸੀਂ ਯਹੋਵਾਹ ਨੂੰ ਅਤੇ ਉਸ ਦੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਹਾਂ। ਤਾਂ ਫਿਰ ਕੀ ਸਾਡੇ ਲਈ ਮੈਮੋਰੀਅਲ ਵਿਚ ਹਾਜ਼ਰ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਕੋਈ ਹੋਰ ਕੰਮ ਹੋ ਸਕਦਾ?

ਗੀਤ 19 ਪ੍ਰਭੂ ਦਾ ਭੋਜਨ

^ ਹਰ ਸਾਲ ਅਸੀਂ ਸਾਰੇ ਯਿਸੂ ਦੀ ਮੌਤ ਦੀ ਯਾਦਗਾਰ (ਮੈਮੋਰੀਅਲ) ਮਨਾਉਣ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਸੋਹਣੀ ਧਰਤੀ ’ਤੇ ਰਹਿਣ ਦੀ ਹੋਵੇ। ਇਸ ਲੇਖ ਵਿਚ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਕੁਝ ਕਾਰਨਾਂ ’ਤੇ ਗੌਰ ਕਰਾਂਗੇ ਕਿ ਸਾਨੂੰ ਮੈਮੋਰੀਅਲ ਵਿਚ ਹਾਜ਼ਰ ਕਿਉਂ ਹੋਣਾ ਚਾਹੀਦਾ ਅਤੇ ਇਸ ਵਿਚ ਹਾਜ਼ਰ ਹੋਣ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ।

^ ਹੋਰ ਬਾਈਬਲਾਂ ਵਿਚ ਇਸ ਆਇਤ ਨੂੰ ਇਸ ਤਰ੍ਹਾਂ ਵੀ ਲਿਖਿਆ ਗਿਆ ਹੈ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ” (ਪੰਜਾਬੀ ਦੀ ਪਵਿੱਤਰ ਬਾਈਬਲ [OV]) ਅਤੇ “ਮੇਰੀ ਯਾਦ ਵਿਚ ਇਹ ਕਰਿਆ ਕਰੋ” (ਪਵਿੱਤਰ ਬਾਈਬਲ ਨਵਾਂ ਅਨੁਵਾਦ [CL])।

^ ਹਿਜ਼ਕੀਏਲ ਅਧਿਆਇ 37 ਵਿਚ ਦਰਜ ਦੋ ਸੋਟੀਆਂ ਦੀ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੀ ਸ਼ੁੱਧ ਭਗਤੀ ਬਹਾਲ! ਕਿਤਾਬ ਦੇ ਸਫ਼ੇ 130-135 ’ਤੇ ਪੈਰੇ 3-17 ਦੇਖੋ।