Skip to content

Skip to table of contents

ਅਧਿਐਨ ਲੇਖ 5

“ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ”

“ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ”

“ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।”​—ਅਫ਼. 5:15, 16.

ਗੀਤ 8 ਯਹੋਵਾਹ ਸਾਡਾ ਸਹਾਰਾ

ਖ਼ਾਸ ਗੱਲਾਂ *

1. ਅਸੀਂ ਯਹੋਵਾਹ ਨਾਲ ਸਮਾਂ ਕਿਵੇਂ ਬਿਤਾ ਸਕਦੇ ਹਾਂ?

 ਸਾਨੂੰ ਸਾਰਿਆਂ ਨੂੰ ਆਪਣੇ ਅਜ਼ੀਜ਼ਾਂ ਨਾਲ ਸਮਾਂ ਬਿਤਾ ਕੇ ਬੇਹੱਦ ਖ਼ੁਸ਼ੀ ਹੁੰਦੀ ਹੈ, ਜਿਵੇਂ ਕਿ ਇਕ ਵਿਆਹੇ ਜੋੜੇ ਨੂੰ ਇਕ-ਦੂਜੇ ਨਾਲ ਇਕੱਲਿਆਂ ਸਮਾਂ ਬਿਤਾ ਕੇ, ਨੌਜਵਾਨਾਂ ਨੂੰ ਆਪਣੇ ਕਰੀਬੀ ਦੋਸਤਾਂ ਨਾਲ ਘੁੰਮ-ਫਿਰ ਕੇ ਅਤੇ ਸਾਨੂੰ ਸਾਰਿਆਂ ਨੂੰ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲ-ਗਿਲ਼ ਕੇ ਚੰਗਾ ਲੱਗਦਾ ਹੈ। ਸਭ ਤੋਂ ਵੱਧ ਸਾਨੂੰ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਸਮਾਂ ਬਿਤਾਉਣਾ ਬਹੁਤ ਪਸੰਦ ਹੈ। ਇਸ ਤਰ੍ਹਾਂ ਕਰਨ ਲਈ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ, ਉਸ ਦਾ ਬਚਨ ਪੜ੍ਹਦੇ ਹਾਂ ਅਤੇ ਉਸ ਦੇ ਮਕਸਦ ਤੇ ਉਸ ਦੇ ਸ਼ਾਨਦਾਰ ਗੁਣਾਂ ’ਤੇ ਸੋਚ-ਵਿਚਾਰ ਕਰਦੇ ਹਾਂ। ਸੱਚ-ਮੁੱਚ! ਅਸੀਂ ਯਹੋਵਾਹ ਨਾਲ ਜੋ ਸਮਾਂ ਬਿਤਾਉਂਦੇ ਹਾਂ, ਉਹ ਬਹੁਤ ਹੀ ਖ਼ਾਸ ਹੁੰਦਾ ਹੈ।​—ਜ਼ਬੂ. 139:17.

2. ਸਾਨੂੰ ਕਿਹੜੀ ਮੁਸ਼ਕਲ ਆਉਂਦੀ ਹੈ?

2 ਭਾਵੇਂ ਕਿ ਸਾਨੂੰ ਯਹੋਵਾਹ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ, ਫਿਰ ਵੀ ਹਮੇਸ਼ਾ ਸਮਾਂ ਕੱਢਣਾ ਸੌਖਾ ਨਹੀਂ ਹੁੰਦਾ। ਰੁਝੇਵਿਆਂ ਭਰੀ ਜ਼ਿੰਦਗੀ ਕਰਕੇ ਸਾਡੇ ਲਈ ਯਹੋਵਾਹ ਦੀ ਭਗਤੀ ਦੇ ਕੰਮਾਂ ਲਈ ਸਮਾਂ ਕੱਢਣਾ ਮੁਸ਼ਕਲ ਹੋ ਸਕਦਾ ਹੈ। ਸਾਡੇ ਕੰਮ-ਧੰਦਿਆਂ ਕਰਕੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਰਕੇ ਅਤੇ ਹੋਰ ਜ਼ਰੂਰੀ ਕੰਮਾਂ ਕਰਕੇ ਸ਼ਾਇਦ ਸਾਡੇ ਕੋਲ ਪ੍ਰਾਰਥਨਾ ਕਰਨ, ਅਧਿਐਨ ਕਰਨ ਜਾਂ ਸੋਚ-ਵਿਚਾਰ ਕਰਨ ਲਈ ਸਮਾਂ ਹੀ ਨਾ ਬਚੇ।

3. ਹੋਰ ਕਿਹੜੀ ਚੀਜ਼ ਕਰਕੇ ਸਾਡਾ ਸਮਾਂ ਚੋਰੀ ਹੋ ਸਕਦਾ ਹੈ?

3 ਇਕ ਹੋਰ ਚੀਜ਼ ਕਰਕੇ ਵੀ ਸਾਡਾ ਸਮਾਂ ਚੋਰੀ ਹੋ ਸਕਦਾ ਹੈ। ਕੁਝ ਕੰਮ ਕਰਨੇ ਆਪਣੇ ਆਪ ਵਿਚ ਗ਼ਲਤ ਨਹੀਂ ਹੁੰਦੇ। ਪਰ ਜੇ ਅਸੀਂ ਧਿਆਨ ਨਹੀਂ ਦਿੰਦੇ, ਤਾਂ ਸਾਡਾ ਉਹ ਸਾਰਾ ਸਮਾਂ ਬਰਬਾਦ ਹੋ ਸਕਦਾ ਹੈ ਜੋ ਅਸੀਂ ਯਹੋਵਾਹ ਦੇ ਨੇੜੇ ਜਾਣ ਵਿਚ ਲਾਉਣਾ ਹੁੰਦਾ ਹੈ। ਉਦਾਹਰਣ ਲਈ, ਮਨੋਰੰਜਨ ਬਾਰੇ ਕੀ? ਇਹ ਸੱਚ ਹੈ ਕਿ ਮਨੋਰੰਜਨ ਕਰਨਾ ਅਤੇ ਥੋੜ੍ਹਾ ਆਰਾਮ ਕਰਨਾ ਚੰਗੀ ਗੱਲ ਹੈ। ਪਰ ਜੇ ਅਸੀਂ ਸਾਰਾ ਸਮਾਂ ਇਨ੍ਹਾਂ ਵਿਚ ਹੀ ਲਗਾ ਦੇਈਏ, ਤਾਂ ਸਾਡੇ ਕੋਲ ਯਹੋਵਾਹ ਦੀ ਭਗਤੀ ਲਈ ਸਮਾਂ ਹੀ ਨਹੀਂ ਬਚਣਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਨੋਰੰਜਨ ਕਰਨਾ ਹੀ ਸਭ ਕੁਝ ਨਹੀਂ ਹੈ।​—ਕਹਾ. 25:27; 1 ਤਿਮੋ. 4:8.

4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

4 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਕੁਝ ਕੰਮਾਂ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਨਾਲ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋਵੇਗਾ।

ਸਹੀ ਫ਼ੈਸਲੇ ਕਰੋ ਅਤੇ ਜ਼ਰੂਰੀ ਕੰਮਾਂ ਨੂੰ ਪਹਿਲ ਦਿਓ

5. ਅਫ਼ਸੀਆਂ 5:15-17 ਵਿਚ ਦਿੱਤੀ ਸਲਾਹ ’ਤੇ ਸੋਚ-ਵਿਚਾਰ ਕਰ ਕੇ ਇਕ ਨੌਜਵਾਨ ਸਹੀ ਫ਼ੈਸਲਾ ਕਿਵੇਂ ਕਰ ਸਕਦਾ ਹੈ?

5 ਤੁਸੀਂ ਜ਼ਿੰਦਗੀ ਵਿਚ ਕੀ ਕਰੋਗੇ, ਇਸ ਬਾਰੇ ਸਹੀ ਫ਼ੈਸਲੇ ਕਰੋ। ਨੌਜਵਾਨਾਂ ਨੂੰ ਅਕਸਰ ਇਸ ਗੱਲ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਬਿਤਾ ਸਕਦੇ ਹਨ। ਨਾਲੇ ਹੋ ਸਕਦਾ ਹੈ ਕਿ ਅਧਿਆਪਕ ਅਤੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰ ਉਨ੍ਹਾਂ ਨੂੰ ਉੱਚ ਸਿੱਖਿਆ ਲੈਣ ਲਈ ਕਾਲਜ ਜਾਂ ਯੂਨੀਵਰਸਿਟੀ ਜਾਣ ਦੀ ਹੱਲਾਸ਼ੇਰੀ ਦੇਣ ਤਾਂਕਿ ਉਨ੍ਹਾਂ ਨੂੰ ਵਧੀਆ ਨੌਕਰੀ ਮਿਲ ਸਕੇ ਅਤੇ ਉਹ ਚੰਗੇ ਪੈਸੇ ਕਮਾ ਸਕਣ। ਇਸ ਤਰ੍ਹਾਂ ਦੀ ਸਿੱਖਿਆ ਵਿਚ ਬਹੁਤ ਸਮਾਂ ਲੱਗਦਾ ਹੈ। ਪਰ ਦੂਜੇ ਪਾਸੇ, ਸੱਚਾਈ ਵਿਚ ਤੁਹਾਡੇ ਮਾਪੇ ਅਤੇ ਮੰਡਲੀ ਵਿਚ ਤੁਹਾਡੇ ਦੋਸਤ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। ਯਹੋਵਾਹ ਨੂੰ ਪਿਆਰ ਕਰਨ ਵਾਲੇ ਇਕ ਨੌਜਵਾਨ ਦੀ ਸਹੀ ਫ਼ੈਸਲਾ ਲੈਣ ਵਿਚ ਕਿਹੜੀ ਗੱਲ ਮਦਦ ਕਰ ਸਕਦੀ ਹੈ? ਉਹ ਅਫ਼ਸੀਆਂ 5:15-17 ਵਿਚ ਦਿੱਤੀ ਸਲਾਹ ’ਤੇ ਸੋਚ-ਵਿਚਾਰ ਕਰ ਸਕਦਾ ਹੈ। (ਪੜ੍ਹੋ।) ਇਨ੍ਹਾਂ ਆਇਤਾਂ ਨੂੰ ਪੜ੍ਹਨ ਤੋਂ ਬਾਅਦ ਉਹ ਆਪਣੇ ਆਪ ਤੋਂ ਪੁੱਛ ਸਕਦਾ ਹੈ: ‘ਮੇਰੇ ਲਈ “ਯਹੋਵਾਹ ਦੀ ਕੀ ਇੱਛਾ ਹੈ”? ਮੇਰਾ ਕਿਹੜਾ ਫ਼ੈਸਲਾ ਉਸ ਨੂੰ ਖ਼ੁਸ਼ ਕਰ ਸਕਦਾ ਹੈ? ਕਿਹੜਾ ਫ਼ੈਸਲਾ ਕਰ ਕੇ ਮੈਂ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਦਾ ਹਾਂ?’ ਯਾਦ ਰੱਖੋ ਕਿ “ਜ਼ਮਾਨਾ ਖ਼ਰਾਬ ਹੈ” ਅਤੇ ਸ਼ੈਤਾਨ ਦੀ ਦੁਨੀਆਂ ਦਾ ਬਹੁਤ ਛੇਤੀ ਨਾਸ਼ ਹੋਣ ਵਾਲਾ ਹੈ। ਇਸ ਲਈ ਨੌਜਵਾਨੋ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਜੀਓ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।

6. ਮਰੀਅਮ ਨੇ ਕਿਹੜੀ ਚੋਣ ਕੀਤੀ ਅਤੇ ਉਸ ਦੀ ਚੋਣ ਸਹੀ ਕਿਉਂ ਸੀ?

6 ਜ਼ਰੂਰੀ ਕੰਮਾਂ ਨੂੰ ਪਹਿਲ ਦਿਓ। ਕਈ ਵਾਰ ਕੁਝ ਕੰਮ ਕਰਨੇ ਗ਼ਲਤ ਨਹੀਂ ਹੁੰਦੇ, ਪਰ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਲਈ ਸਾਨੂੰ ਚੋਣ ਕਰਨੀ ਪੈਂਦੀ ਹੈ ਕਿ ਅਸੀਂ ਕਿਹੜਾ ਕੰਮ ਪਹਿਲਾਂ ਕਰਾਂਗੇ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਗੌਰ ਕਰੀਏ ਕਿ ਉਦੋਂ ਕੀ ਹੋਇਆ ਜਦੋਂ ਯਿਸੂ ਮਰੀਅਮ ਤੇ ਮਾਰਥਾ ਦੇ ਘਰ ਗਿਆ ਸੀ। ਯਿਸੂ ਨੂੰ ਦੇਖ ਕੇ ਮਾਰਥਾ ਬਹੁਤ ਖ਼ੁਸ਼ ਹੋਈ ਅਤੇ ਉਸ ਦੀ ਪਰਾਹੁਣਚਾਰੀ ਕਰਨ ਲਈ ਉਹ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕਰਨ ਲੱਗ ਪਈ। ਮਾਰਥਾ ਨੇ ਜੋ ਕੀਤਾ ਉਹ ਗ਼ਲਤ ਨਹੀਂ ਸੀ, ਪਰ ਯਿਸੂ ਨੇ ਕਿਹਾ ਕਿ ਮਰੀਅਮ ਨੇ ਤਾਂ ਆਪਣੇ ਲਈ “ਸਭ ਤੋਂ ਵਧੀਆ” ਹਿੱਸਾ ਚੁਣਿਆ। (ਲੂਕਾ 10:38-42, ਫੁਟਨੋਟ) ਸਮੇਂ ਦੇ ਬੀਤਣ ਨਾਲ ਸ਼ਾਇਦ ਮਰੀਅਮ ਭੁੱਲ ਗਈ ਹੋਣੀ ਕਿ ਉਸ ਨੇ ਉਸ ਦਿਨ ਕੀ ਖਾਧਾ ਸੀ, ਪਰ ਉਹ ਯਿਸੂ ਤੋਂ ਸਿੱਖੀਆਂ ਗੱਲਾਂ ਕਦੇ ਨਹੀਂ ਭੁੱਲੀ ਹੋਣੀ। ਮਰੀਅਮ ਨੇ ਯਿਸੂ ਨਾਲ ਸਮਾਂ ਬਿਤਾ ਕੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਿਆ। ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਨਾਲ ਸਮਾਂ ਬਿਤਾ ਕੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਣਾ ਚਾਹੀਦਾ ਹੈ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

ਯਹੋਵਾਹ ਨਾਲ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ

7. ਪ੍ਰਾਰਥਨਾ, ਅਧਿਐਨ ਅਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ?

7 ਯਾਦ ਰੱਖੋ ਕਿ ਪ੍ਰਾਰਥਨਾ, ਅਧਿਐਨ ਅਤੇ ਸੋਚ-ਵਿਚਾਰ ਕਰਨਾ ਸਾਡੀ ਭਗਤੀ ਦਾ ਅਹਿਮ ਹਿੱਸਾ ਹੈ। ਅਸੀਂ ਪ੍ਰਾਰਥਨਾ ਕਰਦੇ ਵੇਲੇ ਆਪਣੇ ਸਵਰਗੀ ਪਿਤਾ ਨਾਲ ਗੱਲ ਕਰਦੇ ਹਾਂ ਜੋ ਸਾਨੂੰ ਬਹੁਤ ਪਿਆਰ ਕਰਦਾ ਹੈ। (ਜ਼ਬੂ. 5:7) ਬਾਈਬਲ ਪੜ੍ਹਦੇ ਵੇਲੇ ਅਸੀਂ ਆਪਣੇ “ਪਰਮੇਸ਼ੁਰ ਦਾ ਗਿਆਨ ਹਾਸਲ” ਕਰਦੇ ਹਾਂ ਜੋ ਸਾਰੀ ਬੁੱਧ ਦਾ ਸੋਮਾ ਹੈ। (ਕਹਾ. 2:1-5) ਯਹੋਵਾਹ ਬਾਰੇ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਉਸ ਦੇ ਸ਼ਾਨਦਾਰ ਗੁਣਾ ਬਾਰੇ ਸੋਚ ਪਾਉਂਦੇ ਹਾਂ ਅਤੇ ਇਹ ਵੀ ਸੋਚ ਪਾਉਂਦੇ ਹਾਂ ਕਿ ਉਹ ਸਾਡੇ ਲਈ ਤੇ ਸਾਰੇ ਇਨਸਾਨਾਂ ਲਈ ਕੀ ਕਰਨਾ ਚਾਹੁੰਦਾ ਹੈ। ਇਸ ਲਈ ਅਸੀਂ ਇਨ੍ਹਾਂ ਕੰਮਾਂ ਵਿਚ ਜੋ ਸਮਾਂ ਬਿਤਾਉਂਦੇ ਹਾਂ, ਸਾਨੂੰ ਉਸ ਸਮੇਂ ਨੂੰ ਚੰਗੀ ਤਰ੍ਹਾਂ ਵਰਤਣਾ ਚਾਹੀਦਾ ਹੈ। ਪਰ ਇਸ ਤਰ੍ਹਾਂ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

ਕੀ ਤੁਸੀਂ ਕਿਸੇ ਇਕਾਂਤ ਥਾਂ ’ਤੇ ਬਾਈਬਲ ਅਧਿਐਨ ਕਰ ਸਕਦੇ ਹੋ? (ਪੈਰੇ 8-9 ਦੇਖੋ)

8. ਯਿਸੂ ਨੇ ਉਜਾੜ ਵਿਚ ਜਿਸ ਤਰ੍ਹਾਂ ਆਪਣੇ ਸਮੇਂ ਨੂੰ ਵਰਤਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

8 ਜੇ ਹੋ ਸਕੇ, ਤਾਂ ਕੋਈ ਇਕਾਂਤ ਥਾਂ ਚੁਣੋ। ਯਿਸੂ ਦੀ ਮਿਸਾਲ ’ਤੇ ਗੌਰ ਕਰੋ। ਧਰਤੀ ’ਤੇ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਯਿਸੂ ਨੇ 40 ਦਿਨ ਉਜਾੜ ਵਿਚ ਬਿਤਾਏ। (ਲੂਕਾ 4:1, 2) ਉਸ ਇਕਾਂਤ ਥਾਂ ਵਿਚ ਯਿਸੂ ਆਪਣੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਿਆ ਅਤੇ ਇਸ ਗੱਲ ’ਤੇ ਵੀ ਸੋਚ-ਵਿਚਾਰ ਕਰ ਸਕਿਆ ਕਿ ਉਸ ਦਾ ਪਿਤਾ ਉਸ ਤੋਂ ਕੀ ਚਾਹੁੰਦਾ ਸੀ। ਬਿਨਾਂ ਸ਼ੱਕ, ਇਸ ਤਰ੍ਹਾਂ ਕਰਨ ਨਾਲ ਯਿਸੂ ਆਉਣ ਵਾਲੀਆਂ ਪਰੀਖਿਆਵਾਂ ਵਿੱਚੋਂ ਲੰਘਣ ਲਈ ਤਿਆਰ ਹੋਇਆ। ਤੁਹਾਨੂੰ ਯਿਸੂ ਦੀ ਮਿਸਾਲ ਤੋਂ ਕੀ ਫ਼ਾਇਦਾ ਹੋ ਸਕਦਾ ਹੈ? ਜੇ ਤੁਹਾਡਾ ਪਰਿਵਾਰ ਵੱਡਾ ਹੈ, ਤਾਂ ਤੁਹਾਡੇ ਲਈ ਘਰ ਵਿਚ ਇਕਾਂਤ ਥਾਂ ਲੱਭਣੀ ਔਖੀ ਹੋ ਸਕਦੀ ਹੈ। ਤੁਸੀਂ ਸ਼ਾਇਦ ਬਾਹਰ ਕੋਈ ਇਕਾਂਤ ਥਾਂ ਲੱਭ ਸਕਦੇ ਹੋ। ਸਾਡੀ ਇਕ ਭੈਣ ਜੂਲੀ ਪ੍ਰਾਰਥਨਾ ਵਿਚ ਯਹੋਵਾਹ ਨਾਲ ਸਮਾਂ ਬਿਤਾਉਣ ਲਈ ਇਸੇ ਤਰ੍ਹਾਂ ਕਰਦੀ ਹੈ। ਉਹ ਆਪਣੇ ਪਤੀ ਨਾਲ ਫਰਾਂਸ ਵਿਚ ਇਕ ਬਹੁਤ ਹੀ ਛੋਟੇ ਜਿਹੇ ਘਰ ਵਿਚ ਰਹਿੰਦੀ ਹੈ। ਉਸ ਲਈ ਇਕੱਲਿਆਂ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਔਖੀ ਹੈ। ਜੂਲੀ ਦੱਸਦੀ ਹੈ: “ਮੈਂ ਹਰ ਰੋਜ਼ ਇਕ ਪਾਰਕ ਵਿਚ ਸੈਰ ਕਰਨ ਲਈ ਜਾਂਦੀ ਹਾਂ। ਉੱਥੇ ਮੈਂ ਇਕੱਲੀ ਹੁੰਦੀ ਹਾਂ ਅਤੇ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੀ ਹਾਂ।”

9. ਯਿਸੂ ਨੇ ਰੁੱਝੇ ਹੋਣ ਦੇ ਬਾਵਜੂਦ ਵੀ ਕੀ ਕੀਤਾ?

9 ਧਰਤੀ ’ਤੇ ਯਿਸੂ ਦੀ ਸੇਵਕਾਈ ਦੌਰਾਨ ਭੀੜਾਂ ਦੀਆਂ ਭੀੜਾਂ ਉਸ ਦੇ ਪਿੱਛੇ-ਪਿੱਛੇ ਤੁਰੀਆਂ ਰਹਿੰਦੀਆਂ ਸਨ ਜਿਸ ਕਰਕੇ ਉਹ ਹਮੇਸ਼ਾ ਰੁੱਝਿਆ ਰਹਿੰਦਾ ਸੀ। ਇਕ ਮੌਕੇ ’ਤੇ ਜਿੱਥੇ ਯਿਸੂ ਰੁਕਿਆ ਸੀ, ਉੱਥੇ ਉਸ ਨੂੰ ਦੇਖਣ ਲਈ “ਸਾਰਾ ਸ਼ਹਿਰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅੱਗੇ ਇਕੱਠਾ ਹੋ ਗਿਆ।” ਇਸ ਦੇ ਬਾਵਜੂਦ ਵੀ, ਯਿਸੂ ਨੇ ਪ੍ਰਾਰਥਨਾ ਕਰਨ ਲਈ ਸਮਾਂ ਕੱਢਿਆ। ਅਗਲੇ ਦਿਨ ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਤਾਂ ਯਿਸੂ ਕਿਸੇ “ਇਕਾਂਤ ਥਾਂ” ਚਲਾ ਗਿਆ ਤਾਂਕਿ ਉਹ ਆਪਣੇ ਪਿਤਾ ਨਾਲ ਇਕੱਲਿਆਂ ਸਮਾਂ ਬਿਤਾ ਸਕੇ।​—ਮਰ. 1:32-35.

10-11. ਮੱਤੀ 26:40, 41 ਮੁਤਾਬਕ ਯਿਸੂ ਨੇ ਗਥਸਮਨੀ ਦੇ ਬਾਗ਼ ਵਿਚ ਆਪਣੇ ਚੇਲਿਆਂ ਨੂੰ ਕੀ ਸਲਾਹ ਦਿੱਤੀ, ਪਰ ਉਨ੍ਹਾਂ ਨੇ ਕੀ ਕੀਤਾ?

10 ਧਰਤੀ ’ਤੇ ਆਪਣੀ ਆਖ਼ਰੀ ਰਾਤ ਵੇਲੇ ਵੀ ਯਿਸੂ ਨੇ ਇਕਾਂਤ ਥਾਂ ਲੱਭ ਕੇ ਪ੍ਰਾਰਥਨਾ ਅਤੇ ਸੋਚ-ਵਿਚਾਰ ਕੀਤਾ। ਉਹ ਗਥਸਮਨੀ ਦੇ ਬਾਗ਼ ਵਿਚ ਗਿਆ। (ਮੱਤੀ 26:36) ਇਸ ਮੌਕੇ ’ਤੇ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਬਾਰੇ ਬਹੁਤ ਜ਼ਰੂਰੀ ਸਲਾਹ ਦਿੱਤੀ।

11 ਗੌਰ ਕਰੋ ਕਿ ਜਦੋਂ ਯਿਸੂ ਗਥਸਮਨੀ ਦੇ ਬਾਗ਼ ਵਿਚ ਪਹੁੰਚਿਆ, ਤਾਂ ਉਦੋਂ ਕੀ ਹੋਇਆ। ਸ਼ਾਇਦ ਉਦੋਂ ਅੱਧੀ ਰਾਤ ਦਾ ਸਮਾਂ ਸੀ, ਉਸ ਨੇ ਰਸੂਲਾਂ ਨੂੰ ਕਿਹਾ ਕਿ “ਜਾਗਦੇ ਰਹੋ” ਅਤੇ ਉਹ ਪ੍ਰਾਰਥਨਾ ਕਰਨ ਲਈ ਚਲਾ ਗਿਆ। (ਮੱਤੀ 26:37-39) ਪਰ ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਰਸੂਲ ਸੌਂ ਗਏ। ਉਨ੍ਹਾਂ ਨੂੰ ਸੁੱਤੇ ਹੋਏ ਦੇਖ ਕਿ ਯਿਸੂ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਕਿਹਾ ਕਿ “ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ।” (ਮੱਤੀ 26:40, 41 ਪੜ੍ਹੋ।) ਯਿਸੂ ਜਾਣਦਾ ਸੀ ਕਿ ਰਸੂਲ ਕਾਫ਼ੀ ਤਣਾਅ ਵਿਚ ਸਨ ਤੇ ਥੱਕੇ ਹੋਏ ਸਨ। ਇਸ ਕਰਕੇ ਯਿਸੂ ਨੂੰ ਉਨ੍ਹਾਂ ’ਤੇ ਤਰਸ ਆਇਆ ਅਤੇ ਉਸ ਨੇ ਕਿਹਾ: “ਸਰੀਰ ਕਮਜ਼ੋਰ ਹੈ।” ਪਰ ਇਸ ਤੋਂ ਬਾਅਦ ਫਿਰ ਜਦੋਂ ਯਿਸੂ ਦੋ ਹੋਰ ਵਾਰ ਪ੍ਰਾਰਥਨਾ ਕਰ ਕੇ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਚੇਲੇ ਪ੍ਰਾਰਥਨਾ ਕਰਨ ਦੀ ਬਜਾਇ ਸੌਂ ਰਹੇ ਸਨ।​—ਮੱਤੀ 26:42-45.

ਕੀ ਤੁਸੀਂ ਉਦੋਂ ਪ੍ਰਾਰਥਨਾ ਕਰ ਸਕਦੇ ਹੋ ਜਦੋਂ ਤੁਸੀਂ ਜ਼ਿਆਦਾ ਥੱਕੇ ਨਾ ਹੋਵੋ? (ਪੈਰਾ 12 ਦੇਖੋ)

12. ਬਹੁਤ ਜ਼ਿਆਦਾ ਥੱਕੇ ਜਾਂ ਤਣਾਅ ਵਿਚ ਹੋਣ ਦੇ ਬਾਵਜੂਦ ਵੀ ਅਸੀਂ ਕੀ ਕਰ ਸਕਦੇ ਹਾਂ?

12 ਸਹੀ ਸਮੇਂ ਦੀ ਚੋਣ ਕਰੋ। ਕਈ ਵਾਰ ਅਸੀਂ ਸ਼ਾਇਦ ਇੰਨੇ ਜ਼ਿਆਦਾ ਥੱਕੇ ਜਾਂ ਤਣਾਅ ਵਿਚ ਹੁੰਦੇ ਹਾਂ ਕਿ ਅਸੀਂ ਪ੍ਰਾਰਥਨਾ ਨਹੀਂ ਕਰ ਪਾਉਂਦੇ। ਜੇ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਪਰ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਪ੍ਰਾਰਥਨਾ ਕਰਨ ਦਾ ਸਮਾਂ ਬਦਲ ਸਕਦੇ ਹੋ। ਕਈ ਭੈਣ-ਭਰਾ ਪਹਿਲਾਂ ਰਾਤ ਨੂੰ ਪ੍ਰਾਰਥਨਾ ਕਰਦੇ ਸਨ, ਪਰ ਉਦੋਂ ਉਹ ਬਹੁਤ ਥੱਕੇ ਹੁੰਦੇ ਸਨ। ਇਸ ਲਈ ਹੁਣ ਉਨ੍ਹਾਂ ਨੇ ਪ੍ਰਾਰਥਨਾ ਕਰਨ ਲਈ ਸ਼ਾਮ ਦਾ ਸਮਾਂ ਚੁਣਿਆ ਹੈ। ਇਸ ਤੋਂ ਇਲਾਵਾ, ਕਈ ਹੋਰ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਜਦੋਂ ਉਹ ਕਿਸੇ ਖ਼ਾਸ ਢੰਗ ਨਾਲ ਬੈਠ ਕੇ ਜਾਂ ਖੜ੍ਹ ਕੇ ਪ੍ਰਾਰਥਨਾ ਕਰਦੇ ਹਨ, ਤਾਂ ਉਹ ਜ਼ਿਆਦਾ ਧਿਆਨ ਨਾਲ ਪ੍ਰਾਰਥਨਾ ਕਰ ਪਾਉਂਦੇ ਹਨ। ਪਰ ਉਦੋਂ ਕੀ, ਜੇ ਪਰੇਸ਼ਾਨੀ ਅਤੇ ਨਿਰਾਸ਼ਾ ਕਰਕੇ ਤੁਹਾਡਾ ਪ੍ਰਾਰਥਨਾ ਕਰਨ ਨੂੰ ਦਿਲ ਹੀ ਨਹੀਂ ਕਰਦਾ? ਫਿਰ ਵੀ ਯਹੋਵਾਹ ਨੂੰ ਆਪਣੇ ਦਿਲ ਦਾ ਹਾਲ ਬਿਆਨ ਕਰੋ। ਭਰੋਸਾ ਰੱਖੋ ਕਿ ਤੁਹਾਡਾ ਦਇਆਵਾਨ ਪਿਤਾ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਹੈ।​—ਜ਼ਬੂ. 139:4.

ਕੀ ਤੁਸੀਂ ਮੀਟਿੰਗਾਂ ਦੌਰਾਨ ਈ-ਮੇਲ ਜਾਂ ਮੈਸਿਜ ਦਾ ਜਵਾਬ ਨਾ ਦੇਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹੋ? (ਪੈਰੇ 13-14 ਦੇਖੋ)

13. ਯਹੋਵਾਹ ਨਾਲ ਸਮਾਂ ਬਿਤਾਉਂਦੇ ਵੇਲੇ ਫ਼ੋਨ ਜਾਂ ਟੈਬਲੇਟ ਕਰਕੇ ਸਾਡਾ ਧਿਆਨ ਕਿਵੇਂ ਭਟਕ ਸਕਦਾ ਹੈ?

13 ਅਧਿਐਨ ਕਰਦਿਆਂ ਆਪਣਾ ਧਿਆਨ ਨਾ ਭਟਕਣ ਦਿਓ। ਪ੍ਰਾਰਥਨਾ ਕਰ ਕੇ ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੀ ਹੈ, ਪਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਮੀਟਿੰਗਾਂ ਵਿਚ ਜਾ ਕੇ ਵੀ ਅਸੀਂ ਉਸ ਦੇ ਹੋਰ ਨੇੜੇ ਜਾਂਦੇ ਹਾਂ। ਅਸੀਂ ਅਧਿਐਨ ਕਰਦੇ ਵੇਲੇ ਅਤੇ ਮੀਟਿੰਗਾਂ ਵੇਲੇ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਲਈ ਕੀ ਕਰ ਸਕਦੇ ਹਾਂ? ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਅਧਿਐਨ ਕਰਨ ਵੇਲੇ ਜਾਂ ਮੀਟਿੰਗਾਂ ਦੌਰਾਨ ਕਿਹੜੀ ਚੀਜ਼ ਮੇਰਾ ਧਿਆਨ ਭਟਕਾਉਂਦੀ ਹੈ?’ ਸ਼ਾਇਦ ਕਿਸੇ ਦਾ ਫ਼ੋਨ, ਈ-ਮੇਲ ਜਾਂ ਮੈਸਿਜ ਆਉਣ ਕਰਕੇ ਧਿਆਨ ਭਟਕ ਸਕਦਾ ਹੈ। ਅੱਜ ਲੱਖਾਂ ਹੀ ਲੋਕਾਂ ਕੋਲ ਫ਼ੋਨ, ਟੈਬਲੇਟ ਜਾਂ ਇਹੋ ਜਿਹੀਆਂ ਹੋਰ ਚੀਜ਼ਾਂ ਹਨ। ਕੁਝ ਖੋਜਕਾਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਫ਼ੋਨ ਨੇੜੇ ਪਿਆ ਹੋਣ ਕਰਕੇ ਸਾਡਾ ਧਿਆਨ ਭਟਕ ਸਕਦਾ ਹੈ। ਇਕ ਮਾਹਰ ਦੱਸਦਾ ਹੈ: “ਫ਼ੋਨ ਕਰਕੇ ਸਾਡਾ ਧਿਆਨ ਕੰਮ ’ਤੇ ਹੋਣ ਦੀ ਬਜਾਇ ਹੋਰ ਗੱਲਾਂ ’ਤੇ ਹੁੰਦਾ ਹੈ।” ਅਕਸਰ ਸਾਡੇ ਸੰਮੇਲਨਾਂ ਵਿਚ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਅਸੀਂ ਆਪਣੇ ਫ਼ੋਨ ਜਾਂ ਟੈਬਲੇਟ ਨੂੰ ਇਸ ਤਰ੍ਹਾਂ ਸੈੱਟ ਕਰੀਏ ਤਾਂਕਿ ਦੂਜਿਆਂ ਦਾ ਧਿਆਨ ਨਾ ਭਟਕੇ। ਕੀ ਅਸੀਂ ਉਦੋਂ ਵੀ ਇੱਦਾਂ ਕਰ ਸਕਦੇ ਹਾਂ ਜਦੋਂ ਅਸੀਂ ਇਕੱਲਿਆਂ ਯਹੋਵਾਹ ਨਾਲ ਸਮਾਂ ਬਿਤਾਉਂਦੇ ਹਾਂ ਤਾਂਕਿ ਸਾਡਾ ਧਿਆਨ ਨਾ ਭਟਕੇ?

14. ਫ਼ਿਲਿੱਪੀਆਂ 4:6, 7 ਮੁਤਾਬਕ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ ਤਾਂਕਿ ਸਾਡਾ ਧਿਆਨ ਨਾ ਭਟਕੇ?

14 ਯਹੋਵਾਹ ਤੋਂ ਮਦਦ ਮੰਗੋ ਕਿ ਤੁਹਾਡਾ ਧਿਆਨ ਨਾ ਭਟਕੇ। ਜਦੋਂ ਤੁਹਾਨੂੰ ਲੱਗਦਾ ਹੈ ਕਿ ਪ੍ਰਾਰਥਨਾ ਕਰਦੇ ਵੇਲੇ, ਅਧਿਐਨ ਜਾਂ ਮੀਟਿੰਗਾਂ ਵੇਲੇ ਤੁਹਾਡਾ ਧਿਆਨ ਭਟਕਦਾ ਹੈ, ਤਾਂ ਯਹੋਵਾਹ ਤੋਂ ਮਦਦ ਮੰਗੋ। ਤੁਹਾਡੇ ਲਈ ਆਪਣੀਆਂ ਚਿੰਤਾਵਾਂ ਜਾਂ ਪਰੇਸ਼ਾਨੀਆਂ ਤੋਂ ਧਿਆਨ ਹਟਾ ਕੇ ਪਰਮੇਸ਼ੁਰ ਦੇ ਕੰਮਾਂ ’ਤੇ ਧਿਆਨ ਲਾਉਣਾ ਸ਼ਾਇਦ ਮੁਸ਼ਕਲ ਹੋਵੇ, ਪਰ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਸ਼ਾਂਤੀ ਮੰਗੋ। ਪਰਮੇਸ਼ੁਰ ਦੀ ਸ਼ਾਂਤੀ ਨਾ ਸਿਰਫ਼ ਤੁਹਾਡੇ ਦਿਲਾਂ ਦੀ, ਸਗੋਂ “ਮਨਾਂ ਦੀ” ਵੀ ਰਾਖੀ ਕਰੇਗੀ।​—ਫ਼ਿਲਿੱਪੀਆਂ 4:6, 7 ਪੜ੍ਹੋ।

ਯਹੋਵਾਹ ਨਾਲ ਸਮਾਂ ਬਿਤਾਉਣ ਦੇ ਫ਼ਾਇਦੇ

15. ਯਹੋਵਾਹ ਨਾਲ ਸਮਾਂ ਬਿਤਾਉਣਾ ਨਾਲ ਕਿਹੜਾ ਇਕ ਫ਼ਾਇਦਾ ਹੁੰਦਾ ਹੈ?

15 ਜੇ ਤੁਸੀਂ ਯਹੋਵਾਹ ਨੂੰ ਆਪਣੀ ਗੱਲ ਦੱਸਣ, ਉਸ ਦੀ ਸੁਣਨ ਅਤੇ ਉਸ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਦੇ ਹੋ, ਤਾਂ ਇਸ ਦੇ ਤੁਹਾਨੂੰ ਬਹੁਤ ਫ਼ਾਇਦੇ ਹੋਣਗੇ। ਪਰ ਕਿਹੜੇ ਫ਼ਾਇਦੇ? ਪਹਿਲਾ ਫ਼ਾਇਦਾ, ਤੁਸੀਂ ਚੰਗੇ ਫ਼ੈਸਲੇ ਕਰੋਗੇ। ਬਾਈਬਲ ਭਰੋਸਾ ਦਿਵਾਉਂਦੀ ਹੈ: “ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ।” (ਕਹਾ. 13:20) ਇਸੇ ਤਰ੍ਹਾਂ ਬੁੱਧ ਦੇ ਸੋਮੇ ਯਹੋਵਾਹ ਨਾਲ ਸਮਾਂ ਬਿਤਾ ਕੇ ਤੁਸੀਂ ਬੁੱਧੀਮਾਨ ਬਣੋਗੇ। ਤੁਸੀਂ ਚੰਗੀ ਤਰ੍ਹਾਂ ਸਮਝ ਜਾਓਗੇ ਕਿ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹੋ। ਨਾਲੇ ਉਹ ਫ਼ੈਸਲੇ ਕਰਨ ਤੋਂ ਕਿਵੇਂ ਬਚ ਸਕਦੇ ਹੋ ਜਿਸ ਨਾਲ ਉਹ ਦੁਖੀ ਹੋ ਸਕਦਾ ਹੈ।

16. ਯਹੋਵਾਹ ਨਾਲ ਸਮਾਂ ਬਿਤਾ ਕੇ ਅਸੀਂ ਇਕ ਵਧੀਆ ਸਿੱਖਿਅਕ ਕਿਵੇਂ ਬਣਾਂਗੇ?

16 ਦੂਜਾ ਫ਼ਾਇਦਾ, ਤੁਸੀਂ ਵਧੀਆ ਸਿੱਖਿਅਕ ਬਣੋਗੇ। ਕਿਸੇ ਨੂੰ ਬਾਈਬਲ ਸਟੱਡੀ ਕਰਾਉਣ ਵੇਲੇ ਸਾਡਾ ਮੁੱਖ ਟੀਚਾ ਹੁੰਦਾ ਹੈ ਕਿ ਅਸੀਂ ਵਿਦਿਆਰਥੀ ਦੀ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਕਰੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਅਸੀਂ ਜਿੰਨਾ ਜ਼ਿਆਦਾ ਆਪਣੇ ਸਵਰਗੀ ਪਿਤਾ ਨਾਲ ਗੱਲ ਕਰਾਂਗੇ, ਉੱਨਾ ਜ਼ਿਆਦਾ ਸਾਡਾ ਉਸ ਲਈ ਪਿਆਰ ਵਧੇਗਾ। ਨਾਲੇ ਅਸੀਂ ਇਸ ਕਾਬਲ ਬਣਾਂਗੇ ਕਿ ਅਸੀਂ ਆਪਣੇ ਵਿਦਿਆਰਥੀ ਨੂੰ ਵੀ ਪਰਮੇਸ਼ੁਰ ਨੂੰ ਪਿਆਰ ਕਰਨਾ ਸਿਖਾ ਸਕੀਏ। ਜ਼ਰਾ ਯਿਸੂ ਦੀ ਮਿਸਾਲ ਬਾਰੇ ਸੋਚੋ। ਉਹ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਨਾਲ ਬਹੁਤ ਪਿਆਰ ਕਰਦਾ ਸੀ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਯਹੋਵਾਹ ਬਾਰੇ ਇੰਨੇ ਵਧੀਆ ਤਰੀਕੇ ਨਾਲ ਦੱਸਿਆ ਕਿ ਉਹ ਵੀ ਯਹੋਵਾਹ ਨੂੰ ਪਿਆਰ ਕਰਨ ਲੱਗ ਪਏ।​—ਯੂਹੰ. 17:25, 26.

17. ਕਿਹੜੀਆਂ ਗੱਲਾਂ ਕਰਕੇ ਸਾਡੀ ਨਿਹਚਾ ਹੋਰ ਮਜ਼ਬੂਤ ਹੋ ਸਕਦੀ ਹੈ?

17 ਤੀਜਾ ਫ਼ਾਇਦਾ, ਤੁਹਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ। ਜ਼ਰਾ ਸੋਚੋ ਕਿ ਜਦੋਂ ਤੁਸੀਂ ਪਰਮੇਸ਼ੁਰ ਤੋਂ ਸੇਧ, ਦਿਲਾਸੇ ਜਾਂ ਸਹਾਰੇ ਲਈ ਪ੍ਰਾਰਥਨਾ ਕਰਦੇ ਹੋ, ਤਾਂ ਕੀ ਹੁੰਦਾ ਹੈ। ਹਰ ਵਾਰ ਜਦੋਂ ਯਹੋਵਾਹ ਤੁਹਾਡੀਆਂ ਇਨ੍ਹਾਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ, ਤਾਂ ਤੁਹਾਡੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ। (1 ਯੂਹੰ. 5:15) ਹੋਰ ਕਿਹੜੀ ਗੱਲ ਤੁਹਾਡੀ ਨਿਹਚਾ ਮਜ਼ਬੂਤ ਕਰ ਸਕਦੀ ਹੈ? ਨਿਹਚਾ ਮਜ਼ਬੂਤ ਕਰਨ ਲਈ ਸਾਨੂੰ ਬਾਈਬਲ ਦਾ ਅਧਿਐਨ ਕਰਨਾ ਚਾਹੀਦਾ ਕਿਉਂਕਿ “ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ।” (ਰੋਮੀ. 10:17) ਪਰ ਸਿਰਫ਼ ਗਿਆਨ ਲੈਣ ਨਾਲ ਸਾਡੀ ਨਿਹਚਾ ਪੱਕੀ ਨਹੀਂ ਹੁੰਦੀ, ਸਗੋਂ ਉਸ ਲਈ ਸਾਨੂੰ ਹੋਰ ਕੁਝ ਵੀ ਕਰਨਾ ਪੈਣਾ। ਆਓ ਦੇਖੀਏ ਕਿ ਅਸੀਂ ਕੀ ਕਰ ਸਕਦੇ ਹਾਂ।

18. ਸਾਨੂੰ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ? ਸਮਝਾਓ।

18 ਸਾਨੂੰ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਜ਼ਰਾ ਜ਼ਬੂਰ 77 ਦੇ ਲਿਖਾਰੀ ਦੇ ਤਜਰਬੇ ’ਤੇ ਗੌਰ ਕਰੋ। ਉਸ ਨੂੰ ਲੱਗਾ ਕਿ ਯਹੋਵਾਹ ਉਸ ਤੋਂ ਅਤੇ ਬਾਕੀ ਇਜ਼ਰਾਈਲੀਆਂ ਤੋਂ ਨਾਰਾਜ਼ ਸੀ। ਇਸ ਲਈ ਉਹ ਇੰਨਾ ਜ਼ਿਆਦਾ ਪਰੇਸ਼ਾਨ ਸੀ ਕਿ ਉਸ ਦੀ ਰਾਤਾਂ ਦੀ ਨੀਂਦ ਉੱਡ ਗਈ। (ਆਇਤਾਂ 2-8) ਉਸ ਨੇ ਆਪਣੀ ਨਿਹਚਾ ਪੱਕੀ ਕਰਨ ਲਈ ਕੀ ਕੀਤਾ? ਉਸ ਨੇ ਯਹੋਵਾਹ ਨੂੰ ਕਿਹਾ: “ਮੈਂ ਤੇਰੇ ਸਾਰੇ ਕੰਮਾਂ ’ਤੇ ਮਨਨ ਕਰਾਂਗਾ ਅਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰਾਂਗਾ।” (ਆਇਤ 12) ਬੇਸ਼ੱਕ, ਜ਼ਬੂਰਾਂ ਦਾ ਲਿਖਾਰੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੋਵਾਹ ਨੇ ਪੁਰਾਣੇ ਸਮਿਆਂ ਵਿਚ ਆਪਣੇ ਲੋਕਾਂ ਲਈ ਕੀ ਕੁਝ ਕੀਤਾ ਸੀ, ਪਰ ਫਿਰ ਵੀ ਚਿੰਤਾ ਹੋਣ ਕਰਕੇ ਉਸ ਨੇ ਸੋਚਿਆ: “ਕੀ ਪਰਮੇਸ਼ੁਰ ਸਾਡੇ ’ਤੇ ਮਿਹਰ ਕਰਨੀ ਭੁੱਲ ਗਿਆ ਹੈ? ਕੀ ਗੁੱਸੇ ਵਿਚ ਆ ਕੇ ਉਸ ਨੇ ਰਹਿਮ ਕਰਨਾ ਛੱਡ ਦਿੱਤਾ ਹੈ?” (ਆਇਤ 9) ਉਸ ਨੇ ਇਸ ਗੱਲ ’ਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਪੁਰਾਣੇ ਸਮਿਆਂ ਵਿਚ ਆਪਣੇ ਲੋਕਾਂ ਲਈ ਦਇਆ ਅਤੇ ਹਮਦਰਦੀ ਕਿਵੇਂ ਦਿਖਾਈ ਸੀ। (ਆਇਤ 11) ਨਤੀਜੇ ਵਜੋਂ, ਉਸ ਨੂੰ ਪੱਕਾ ਭਰੋਸਾ ਹੋ ਗਿਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਦੇ ਵੀ ਨਹੀਂ ਛੱਡਦਾ। (ਆਇਤ 15) ਇਸੇ ਤਰ੍ਹਾਂ ਤੁਹਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ ਜੇ ਤੁਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰੋਗੇ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਅਤੇ ਤੁਹਾਡੇ ਲਈ ਕੀ ਕੁਝ ਕੀਤਾ ਹੈ।

19. ਯਹੋਵਾਹ ਨਾਲ ਸਮਾਂ ਬਿਤਾ ਕੇ ਤੁਹਾਨੂੰ ਹੋਰ ਕਿਹੜਾ ਫ਼ਾਇਦਾ ਹੁੰਦਾ ਹੈ?

19 ਚੌਥਾ ਤੇ ਸਭ ਤੋਂ ਜ਼ਰੂਰੀ ਫ਼ਾਇਦਾ, ਯਹੋਵਾਹ ਲਈ ਤੁਹਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ। ਬਾਕੀ ਗੁਣਾਂ ਨਾਲੋਂ ਜ਼ਿਆਦਾ ਪਿਆਰ ਹੀ ਇਕ ਅਜਿਹਾ ਗੁਣ ਹੈ ਜੋ ਸਾਨੂੰ ਉਕਸਾਉਂਦਾ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਮੰਨੀਏ, ਉਸ ਨੂੰ ਖ਼ੁਸ਼ ਕਰਨ ਲਈ ਕੁਰਬਾਨੀਆਂ ਕਰੀਏ ਅਤੇ ਹਰ ਮੁਸ਼ਕਲ ਨੂੰ ਝੱਲਣ ਲਈ ਤਿਆਰ ਰਹੀਏ। (ਮੱਤੀ 22:37-39; 1 ਕੁਰਿੰ. 13:4, 7; 1 ਯੂਹੰ. 5:3) ਯਹੋਵਾਹ ਨਾਲ ਸਾਡੇ ਕਰੀਬੀ ਰਿਸ਼ਤੇ ਨਾਲੋਂ ਜ਼ਿਆਦਾ ਕੀਮਤੀ ਚੀਜ਼ ਕੋਈ ਹੋ ਹੀ ਨਹੀਂ ਸਕਦੀ!​—ਜ਼ਬੂ. 63:1-8.

20. ਯਹੋਵਾਹ ਨਾਲ ਸਮਾਂ ਬਿਤਾਉਂਦੇ ਵੇਲੇ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖ ਸਕਦੇ ਹੋ?

20 ਯਾਦ ਰੱਖੋ ਕਿ ਪ੍ਰਾਰਥਨਾ, ਅਧਿਐਨ ਅਤੇ ਸੋਚ-ਵਿਚਾਰ ਕਰਨਾ ਸਾਡੀ ਭਗਤੀ ਦਾ ਅਹਿਮ ਹਿੱਸਾ ਹੈ। ਯਿਸੂ ਵਾਂਗ ਯਹੋਵਾਹ ਨਾਲ ਸਮਾਂ ਬਿਤਾਉਣ ਲਈ ਇਕਾਂਤ ਥਾਂ ਲੱਭੋ। ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ। ਯਹੋਵਾਹ ਤੋਂ ਮਦਦ ਮੰਗੋ ਕਿ ਪ੍ਰਾਰਥਨਾ ਤੇ ਅਧਿਐਨ ਕਰਦੇ ਵੇਲੇ ਅਤੇ ਮੀਟਿੰਗਾਂ ਦੌਰਾਨ ਤੁਹਾਡਾ ਧਿਆਨ ਨਾ ਭਟਕੇ। ਜੇ ਤੁਸੀਂ ਹੁਣ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋ ਕਰੋਗੇ, ਤਾਂ ਯਹੋਵਾਹ ਤੁਹਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਦੇਵੇਗਾ।​—ਮਰ. 4:24.

ਗੀਤ 28 ਯਹੋਵਾਹ ਨਾਲ ਦੋਸਤੀ ਕਰੋ

^ ਯਹੋਵਾਹ ਨਾਲ ਸਾਡਾ ਕਰੀਬੀ ਰਿਸ਼ਤਾ ਹੈ ਅਤੇ ਸਾਡੇ ਲਈ ਇਹ ਰਿਸ਼ਤਾ ਬਹੁਤ ਅਨਮੋਲ ਹੈ। ਅਸੀਂ ਉਸ ਨਾਲ ਆਪਣਾ ਇਹ ਰਿਸ਼ਤਾ ਹੋਰ ਵੀ ਗੂੜ੍ਹਾ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ। ਜਿਸ ਤਰ੍ਹਾਂ ਕਿਸੇ ਨੂੰ ਜਾਣਨ ਲਈ ਸਮਾਂ ਲੱਗਦਾ ਹੈ, ਬਿਲਕੁਲ ਉਸੇ ਤਰ੍ਹਾਂ ਯਹੋਵਾਹ ਨੂੰ ਜਾਣਨ ਲਈ ਵੀ ਸਮਾਂ ਲੱਗੇਗਾ। ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਅਸੀਂ ਆਪਣੇ ਸਵਰਗੀ ਪਿਤਾ ਦੇ ਨੇੜੇ ਕਿਵੇਂ ਜਾ ਸਕਦੇ ਹਾਂ? ਨਾਲੇ ਇੱਦਾਂ ਕਰਨ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ?