Skip to content

Skip to table of contents

ਅਧਿਐਨ ਲੇਖ 1

“ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ”

“ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ”

2022 ਲਈ ਬਾਈਬਲ ਦਾ ਹਵਾਲਾ: “ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।”​—ਜ਼ਬੂ. 34:10.

ਗੀਤ 4 “ਯਹੋਵਾਹ ਮੇਰਾ ਚਰਵਾਹਾ”

ਖ਼ਾਸ ਗੱਲਾਂ *

ਮੁਸ਼ਕਲਾਂ ਦੌਰਾਨ ਵੀ ਦਾਊਦ ਨੇ “ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ” ਮਹਿਸੂਸ ਨਹੀਂ ਕੀਤੀ (ਪੈਰੇ 1-3 ਦੇਖੋ) *

1. ਦਾਊਦ ਕਿਹੜੀ ਮੁਸ਼ਕਲ ਵਿਚ ਸੀ?

 ਦਾਊਦ ਨੂੰ ਇਜ਼ਰਾਈਲ ਦਾ ਰਾਜਾ ਸ਼ਾਊਲ ਜਾਨੋਂ ਮਾਰਨਾ ਚਾਹੁੰਦਾ ਸੀ। ਇਸ ਲਈ ਦਾਊਦ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਜਦੋਂ ਉਸ ਨੂੰ ਭੁੱਖ ਲੱਗੀ, ਤਾਂ ਉਹ ਨੋਬ ਸ਼ਹਿਰ ਗਿਆ ਅਤੇ ਉਸ ਨੇ ਪੁਜਾਰੀ ਕੋਲੋਂ ਪੰਜ ਰੋਟੀਆਂ ਮੰਗੀਆਂ। (1 ਸਮੂ. 21:1, 3) ਬਾਅਦ ਵਿਚ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਇਕ ਗੁਫ਼ਾ ਵਿਚ ਲੁਕਣਾ ਪਿਆ। (1 ਸਮੂ. 22:1) ਆਓ ਆਪਾਂ ਦੇਖੀਏ ਕਿ ਰਾਜਾ ਸ਼ਾਊਲ ਦਾਊਦ ਨੂੰ ਕਿਉਂ ਮਾਰਨਾ ਚਾਹੁੰਦਾ ਸੀ।

2. ਸ਼ਾਊਲ ਆਪਣਾ ਨੁਕਸਾਨ ਕਿਵੇਂ ਕਰ ਰਿਹਾ ਸੀ? (1 ਸਮੂਏਲ 23:16, 17)

2 ਦਾਊਦ ਨੇ ਬਹੁਤ ਸਾਰੇ ਯੁੱਧ ਜਿੱਤੇ ਸਨ ਜਿਸ ਕਰਕੇ ਲੋਕ ਉਸ ਨੂੰ ਪਸੰਦ ਕਰਦੇ ਸਨ ਅਤੇ ਉਸ ਦੀ ਵਡਿਆਈ ਕਰਦੇ ਸਨ। ਇਸੇ ਕਰਕੇ ਸ਼ਾਊਲ ਦਾਊਦ ਨਾਲ ਬਹੁਤ ਈਰਖਾ ਕਰਦਾ ਸੀ। ਸ਼ਾਊਲ ਇਹ ਵੀ ਜਾਣਦਾ ਸੀ ਕਿ ਉਸ ਦੀ ਗ਼ਲਤੀ ਕਰਕੇ ਹੀ ਯਹੋਵਾਹ ਨੇ ਉਸ ਨੂੰ ਠੁਕਰਾ ਦਿੱਤਾ ਸੀ ਅਤੇ ਦਾਊਦ ਨੂੰ ਅਗਲਾ ਰਾਜਾ ਚੁਣ ਲਿਆ ਸੀ। (1 ਸਮੂਏਲ 23:16, 17 ਪੜ੍ਹੋ।) ਪਰ ਸ਼ਾਊਲ ਕੋਲ ਹਾਲੇ ਵੀ ਅਧਿਕਾਰ ਸੀ, ਉਹ ਇਜ਼ਰਾਈਲ ਦਾ ਰਾਜਾ ਸੀ ਤੇ ਉਸ ਕੋਲ ਵੱਡੀ ਸੈਨਾ ਸੀ। ਇਸ ਲਈ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣਾ ਪਿਆ। ਕੀ ਸ਼ਾਊਲ ਨੂੰ ਲੱਗਦਾ ਸੀ ਕਿ ਉਹ ਪਰਮੇਸ਼ੁਰ ਦਾ ਵਿਰੋਧ ਕਰ ਕੇ ਦਾਊਦ ਨੂੰ ਰਾਜਾ ਬਣਨ ਤੋਂ ਰੋਕ ਸਕਦਾ ਸੀ? (ਯਸਾ. 55:11) ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ, ਪਰ ਇਹ ਗੱਲ ਤਾਂ ਪੱਕੀ ਹੈ ਕਿ ਇੱਦਾਂ ਕਰ ਕੇ ਸ਼ਾਊਲ ਆਪਣਾ ਹੀ ਨੁਕਸਾਨ ਕਰ ਰਿਹਾ ਸੀ। ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਵਾਲਿਆਂ ਨੂੰ ਹਮੇਸ਼ਾ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ।

3. ਮੁਸ਼ਕਲ ਸਮਿਆਂ ਦੌਰਾਨ ਦਾਊਦ ਨੇ ਕੀ ਕੀਤਾ ਅਤੇ ਕੀ ਨਹੀਂ?

3 ਦਾਊਦ ਇਕ ਨਿਮਰ ਵਿਅਕਤੀ ਸੀ। ਇੱਦਾਂ ਨਹੀਂ ਸੀ ਕਿ ਦਾਊਦ ਖ਼ੁਦ ਰਾਜਾ ਬਣਨਾ ਚਾਹੁੰਦਾ ਸੀ, ਸਗੋਂ ਯਹੋਵਾਹ ਨੇ ਉਸ ਨੂੰ ਰਾਜਾ ਚੁਣਿਆ ਸੀ। (1 ਸਮੂ. 16:1, 12, 13) ਇਸ ਲਈ ਸ਼ਾਊਲ ਉਸ ਨੂੰ ਆਪਣਾ ਜਾਨੀ ਦੁਸ਼ਮਣ ਸਮਝਣ ਲੱਗ ਪਿਆ ਸੀ। ਪਰ ਦਾਊਦ ਨੇ ਆਪਣੀ ਇਸ ਮੁਸ਼ਕਲ ਲਈ ਯਹੋਵਾਹ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਦਾਊਦ ਕੋਲ ਖਾਣ-ਪੀਣ ਲਈ ਜ਼ਿਆਦਾ ਕੁਝ ਨਹੀਂ ਸੀ ਅਤੇ ਉਸ ਨੂੰ ਇਕ ਗੁਫਾ ਵਿਚ ਲੁਕਣਾ ਪਿਆ, ਫਿਰ ਵੀ ਉਸ ਨੇ ਸ਼ਿਕਾਇਤ ਨਹੀਂ ਕੀਤੀ। ਇਸ ਦੀ ਬਜਾਇ, ਗੁਫ਼ਾ ਵਿਚ ਹੁੰਦਿਆਂ ਉਸ ਨੇ ਯਹੋਵਾਹ ਦੀ ਵਡਿਆਈ ਕਰਨ ਲਈ ਸ਼ਾਇਦ ਇਕ ਬਹੁਤ ਹੀ ਖ਼ੂਬਸੂਰਤ ਗੀਤ ਲਿਖਿਆ। ਇਸ ਲੇਖ ਦਾ ਮੁੱਖ ਹਵਾਲਾ ਇਸੇ ਗੀਤ ਵਿੱਚੋਂ ਲਿਆ ਗਿਆ ਹੈ ਜਿੱਥੇ ਲਿਖਿਆ ਹੈ: “ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।”​—ਜ਼ਬੂ. 34:10.

4. ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ ਅਤੇ ਕਿਉਂ?

4 ਅੱਜ ਵੀ ਯਹੋਵਾਹ ਦੇ ਬਹੁਤ ਸਾਰੇ ਸੇਵਕਾਂ ਨੂੰ ਖਾਣ-ਪੀਣ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਦੀ ਕਮੀ ਹੁੰਦੀ ਹੈ। * ਖ਼ਾਸ ਕਰਕੇ ਹਾਲ ਹੀ ਦੇ ਸਮੇਂ ਵਿਚ ਮਹਾਂਮਾਰੀ ਕਰਕੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਇੱਦਾਂ ਦੇ ਹੀ ਹਾਲਾਤਾਂ ਵਿੱਚੋਂ ਲੰਘਣਾ ਪਿਆ ਹੈ। ਨਾਲੇ ਜਿੱਦਾਂ-ਜਿੱਦਾਂ ਅਸੀਂ “ਮਹਾਂਕਸ਼ਟ” ਦੇ ਨੇੜੇ ਜਾਵਾਂਗੇ, ਉੱਦਾਂ-ਉੱਦਾਂ ਹਾਲਾਤ ਹੋਰ ਵੀ ਵਿਗੜਦੇ ਜਾਣਗੇ। (ਮੱਤੀ 24:21) ਇਸ ਲਈ ਆਓ ਆਪਾਂ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਜਾਣੀਏ: (1) ਦਾਊਦ ਨੇ ਇਹ ਕਿਉਂ ਕਿਹਾ ਕਿ ਉਸ ਨੂੰ “ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ”? (2) ਸਾਡੇ ਕੋਲ ਜੋ ਕੁਝ ਵੀ ਹੈ ਉਸ ਵਿਚ ਸੰਤੁਸ਼ਟ ਰਹਿਣਾ ਕਿਉਂ ਜ਼ਰੂਰੀ ਹੈ? (3) ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਦੇਖ-ਭਾਲ ਕਰੇਗਾ? (4) ਆਉਣ ਵਾਲੀਆਂ ਮੁਸ਼ਕਲਾਂ ਨੂੰ ਝੱਲਣ ਲਈ ਅਸੀਂ ਹੁਣ ਤੋਂ ਹੀ ਕੀ ਕਰ ਸਕਦੇ ਹਾਂ?

“ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ”

5-6. ਜ਼ਬੂਰ 23:1-6 ਮੁਤਾਬਕ ਦਾਊਦ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਯਹੋਵਾਹ ਦੇ ਸੇਵਕਾਂ ਨੂੰ “ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ”?

5 ਦਾਊਦ ਦੀ ਇਸ ਗੱਲ ਦਾ ਕੀ ਮਤਲਬ ਸੀ ਕਿ ਯਹੋਵਾਹ ਦੇ ਸੇਵਕਾਂ ਨੂੰ “ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ”? ਇਸ ਨੂੰ ਸਮਝਣ ਲਈ ਆਓ ਆਪਾਂ ਜ਼ਬੂਰ 23 ’ਤੇ ਗੌਰ ਕਰੀਏ। ਇਹ ਜ਼ਬੂਰ ਵੀ ਦਾਊਦ ਨੇ ਹੀ ਲਿਖਿਆ ਸੀ ਅਤੇ ਇਸ ਵਿਚ ਵੀ ਉਸ ਨੇ ਇਹੀ ਗੱਲ ਲਿਖੀ ਸੀ। (ਜ਼ਬੂਰ 23:1-6 ਪੜ੍ਹੋ।) ਇਸ ਜ਼ਬੂਰ ਦੇ ਸ਼ੁਰੂ ਵਿਚ ਉਸ ਨੇ ਕਿਹਾ: “ਯਹੋਵਾਹ ਮੇਰਾ ਚਰਵਾਹਾ ਹੈ। ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।” ਫਿਰ ਉਸ ਨੇ ਦੱਸਿਆ ਕਿ ਉਸ ਲਈ ਕਿਹੜੀ ਗੱਲ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਸੀ। ਉਸ ਨੇ ਕਿਹਾ ਕਿ ਯਹੋਵਾਹ ਨੂੰ ਆਪਣਾ ਚਰਵਾਹਾ ਮੰਨਣ ਕਰਕੇ ਉਸ ਨੂੰ ਜੋ ਬਰਕਤਾਂ ਮਿਲੀਆਂ, ਉਸ ਲਈ ਉਹ ਸਭ ਤੋਂ ਜ਼ਿਆਦਾ ਮਾਅਨੇ ਰੱਖਦੀਆਂ ਸਨ, ਜਿਵੇਂ: ਯਹੋਵਾਹ ‘ਸਹੀ ਰਾਹਾਂ ’ਤੇ ਉਸ ਦੀ ਅਗਵਾਈ ਕਰਦਾ’ ਸੀ ਅਤੇ ਚੰਗੇ ਤੇ ਬੁਰੇ ਸਮੇਂ ਵਿਚ ਹਮੇਸ਼ਾ ਉਸ ਦਾ ਸਾਥ ਦਿੰਦਾ ਸੀ। ਪਰ ਦਾਊਦ ਨੇ ਇਹ ਵੀ ਮੰਨਿਆ ਕਿ ਜੇ ਯਹੋਵਾਹ ਉਸ ਨੂੰ “ਹਰੀਆਂ-ਹਰੀਆਂ ਚਰਾਂਦਾਂ ਵਿਚ ਬਿਠਾਉਂਦਾ ਹੈ,” ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਨਹੀਂ ਆਉਣਗੀਆਂ। ਕਈ ਵਾਰ ਉਸ ਨੂੰ “ਹਨੇਰੀ ਵਾਦੀ ਵਿਚ” ਤੁਰਨਾ ਪਿਆ ਯਾਨੀ ਉਸ ਨੂੰ ਨਿਰਾਸ਼ਾ ਅਤੇ ਦੁਸ਼ਮਣਾਂ ਦਾ ਸਾਮ੍ਹਣਾ ਕਰਨਾ ਪਿਆ। ਪਰ ਯਹੋਵਾਹ ਨੂੰ ਆਪਣਾ ਚਰਵਾਹਾ ਮੰਨਣ ਕਰ ਕੇ ਉਸ ਨੂੰ “ਕੋਈ ਡਰ ਨਹੀਂ” ਸੀ।

6 ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਲਈ ਜੋ ਵੀ ਜ਼ਰੂਰੀ ਸੀ, ਉਹ ਸਭ ਕੁਝ ਯਹੋਵਾਹ ਨੇ ਦਾਊਦ ਨੂੰ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਦਾਊਦ ਨੇ ਇਹ ਕਿਉਂ ਕਿਹਾ ਸੀ ਕਿ ਉਸ ਨੂੰ “ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।” ਦਾਊਦ ਦੀ ਖ਼ੁਸ਼ੀ ਚੀਜ਼ਾਂ ’ਤੇ ਨਹੀਂ, ਸਗੋਂ ਯਹੋਵਾਹ ਨਾਲ ਉਸ ਦੇ ਰਿਸ਼ਤੇ ’ਤੇ ਨਿਰਭਰ ਕਰਦੀ ਸੀ। ਨਾਲੇ ਯਹੋਵਾਹ ਨੇ ਦਾਊਦ ਨੂੰ ਜੋ ਵੀ ਦਿੱਤਾ, ਉਸ ਵਿਚ ਉਹ ਸੰਤੁਸ਼ਟ ਸੀ। ਉਸ ਲਈ ਇਹ ਗੱਲ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਸੀ ਕਿ ਯਹੋਵਾਹ ਉਸ ਨੂੰ ਬਰਕਤਾਂ ਦੇ ਰਿਹਾ ਸੀ ਅਤੇ ਉਸ ਦੀ ਹਿਫ਼ਾਜ਼ਤ ਕਰ ਰਿਹਾ ਸੀ।

7. ਲੂਕਾ 21:20-24 ਮੁਤਾਬਕ ਪਹਿਲੀ ਸਦੀ ਵਿਚ ਯਹੂਦਿਯਾ ਦੇ ਮਸੀਹੀਆਂ ਨੂੰ ਕਿਹੜੀਆਂ ਮੁਸ਼ਕਲਾਂ ਝੱਲਣੀਆਂ ਪਈਆਂ?

7 ਦਾਊਦ ਤੋਂ ਅਸੀਂ ਸਿੱਖਦੇ ਹਾਂ ਕਿ ਪੈਸੇ, ਚੀਜ਼ਾਂ ਅਤੇ ਧਨ-ਦੌਲਤ ਬਾਰੇ ਸਾਡੇ ਲਈ ਸਹੀ ਨਜ਼ਰੀਆ ਰੱਖਣਾ ਕਿੰਨਾ ਜ਼ਰੂਰੀ ਹੈ। ਬਿਨਾਂ ਸ਼ੱਕ, ਇਨ੍ਹਾਂ ਚੀਜ਼ਾਂ ਤੋਂ ਸਾਨੂੰ ਕੁਝ ਹੱਦ ਤਕ ਫ਼ਾਇਦਾ ਹੁੰਦਾ ਹੈ, ਪਰ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ। ਇਹ ਗੱਲ ਯਹੂਦਿਯਾ ਵਿਚ ਰਹਿਣ ਵਾਲੇ ਪਹਿਲੀ ਸਦੀ ਦੇ ਮਸੀਹੀਆਂ ਨੇ ਸਮਝ ਲਈ ਸੀ। (ਲੂਕਾ 21:20-24 ਪੜ੍ਹੋ।) ਯਿਸੂ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਅਜਿਹਾ ਸਮਾਂ ਆਵੇਗਾ ਜਦੋਂ ਯਰੂਸ਼ਲਮ “ਫ਼ੌਜਾਂ ਨਾਲ ਘਿਰਿਆ ਹੋਇਆ” ਹੋਵੇਗਾ। ਇੱਦਾਂ ਹੋਣ ਤੇ ਉਨ੍ਹਾਂ ਲਈ ਜ਼ਰੂਰੀ ਸੀ ਕਿ “ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।” ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਬਹੁਤ ਕੁਝ ਛੱਡ ਕੇ ਭੱਜਣਾ ਪੈਣਾ ਸੀ। ਕੁਝ ਸਾਲ ਪਹਿਲਾਂ ਇਕ ਪਹਿਰਾਬੁਰਜ ਵਿਚ ਲਿਖਿਆ ਸੀ: ‘ਉਨ੍ਹਾਂ ਨੇ ਆਪਣੇ ਖੇਤ ਅਤੇ ਘਰ ਛੱਡ ਦਿੱਤੇ, ਤੇ ਉਨ੍ਹਾਂ ਨੇ ਆਪਣੇ ਘਰਾਂ ਵਿੱਚੋਂ ਆਪਣਾ ਸਾਮਾਨ ਵੀ ਨਹੀਂ ਲਿਆ। ਯਹੋਵਾਹ ਦੀ ਰਾਖੀ ਅਤੇ ਸਹਾਰੇ ਉੱਤੇ ਭਰੋਸਾ ਰੱਖ ਕੇ, ਉਨ੍ਹਾਂ ਨੇ ਉਸ ਦੀ ਉਪਾਸਨਾ ਨੂੰ ਪਹਿਲਾਂ ਰੱਖਿਆ, ਨਾ ਕਿ ਮਹੱਤਵਪੂਰਣ ਲੱਗਣ ਵਾਲੀਆਂ ਹੋਰ ਚੀਜ਼ਾਂ ਨੂੰ।’

8. ਅਸੀਂ ਪਹਿਲੀ ਸਦੀ ਦੇ ਮਸੀਹੀਆਂ ਤੋਂ ਕਿਹੜੀ ਜ਼ਰੂਰੀ ਗੱਲ ਸਿੱਖ ਸਕਦੇ ਹਾਂ?

8 ਅਸੀਂ ਯਹੂਦਿਯਾ ਦੇ ਮਸੀਹੀਆਂ ਤੋਂ ਕੀ ਸਿੱਖ ਸਕਦੇ ਹਾਂ? ਉਸੇ ਪਹਿਰਾਬੁਰਜ ਵਿਚ ਇਹ ਵੀ ਲਿਖਿਆ ਗਿਆ ਸੀ: “ਭਵਿੱਖ ਵਿਚ, ਅਸੀਂ ਸ਼ਾਇਦ ਭੌਤਿਕ ਚੀਜ਼ਾਂ ਪ੍ਰਤੀ ਆਪਣੇ ਨਜ਼ਰੀਏ ਦੇ ਸੰਬੰਧ ਵਿਚ ਪਰਤਾਏ ਜਾਈਏ; ਕੀ ਭੌਤਿਕ ਚੀਜ਼ਾਂ ਬਹੁਤ ਮਹੱਤਵਪੂਰਣ ਹਨ, ਜਾਂ ਕੀ ਮੁਕਤੀ ਜ਼ਿਆਦਾ ਮਹੱਤਵਪੂਰਣ ਹੈ ਜੋ ਪਰਮੇਸ਼ੁਰ ਦੇ ਪੱਖ ਵਿਚ ਖੜ੍ਹੇ ਹੋਣ ਵਾਲੇ ਸਾਰੇ ਲੋਕਾਂ ਨੂੰ ਮਿਲੇਗੀ? ਜੀ ਹਾਂ, ਸਾਡੇ ਭੱਜਣ ਵਿਚ ਸ਼ਾਇਦ ਕੁਝ ਮੁਸ਼ਕਲਾਂ ਜਾਂ ਤੰਗੀਆਂ ਸ਼ਾਮਲ ਹੋਣ। ਸਾਨੂੰ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਰਹਿਣਾ ਪਵੇਗਾ, ਜਿਵੇਂ ਪਹਿਲੀ ਸਦੀ ਦੇ ਮਸੀਹੀਆਂ ਨੇ ਕੀਤਾ ਸੀ ਜੋ ਯਹੂਦਿਯਾ ਨੂੰ ਛੱਡ ਕੇ ਭੱਜ ਗਏ ਸਨ।” *

9. ਇਬਰਾਨੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

9 ਜ਼ਰਾ ਸੋਚੋ, ਉਨ੍ਹਾਂ ਮਸੀਹੀਆਂ ਲਈ ਆਪਣਾ ਸਾਰਾ ਕੁਝ ਛੱਡਣਾ ਅਤੇ ਨਵੀਂ ਜਗ੍ਹਾ ਤੇ ਜਾ ਕੇ ਰਹਿਣਾ ਕਿੰਨਾ ਮੁਸ਼ਕਲ ਹੋਇਆ ਹੋਣਾ! ਉਨ੍ਹਾਂ ਨੇ ਇਹ ਭਰੋਸਾ ਰੱਖਣਾ ਸੀ ਕਿ ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਉਹ ਇਸ ਗੱਲ ’ਤੇ ਕਿਵੇਂ ਭਰੋਸਾ ਰੱਖ ਸਕਦੇ ਸਨ? ਯਰੂਸ਼ਲਮ ਦੀ ਘੇਰਾਬੰਦੀ ਤੋਂ 5 ਸਾਲ ਪਹਿਲਾਂ ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਇਕ ਚੰਗੀ ਸਲਾਹ ਦਿੱਤੀ ਸੀ। ਉਸ ਨੇ ਕਿਹਾ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਕਿਹਾ ਹੈ: ‘ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।’ ਇਸ ਕਰਕੇ ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: ‘ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?’” (ਇਬ. 13:5, 6) ਬਿਨਾਂ ਸ਼ੱਕ, ਜਿਨ੍ਹਾਂ ਮਸੀਹੀਆਂ ਨੇ ਪੌਲੁਸ ਦੀ ਇਹ ਸਲਾਹ ਮੰਨੀ ਹੋਣੀ, ਉਨ੍ਹਾਂ ਲਈ ਕਿਸੇ ਨਵੀਂ ਜਗ੍ਹਾ ਜਾ ਕੇ ਥੋੜ੍ਹੀਆਂ ਚੀਜ਼ਾਂ ਵਿਚ ਗੁਜ਼ਾਰਾ ਕਰਨਾ ਸੌਖਾ ਰਿਹਾ ਹੋਣਾ। ਉਨ੍ਹਾਂ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ। ਪੌਲੁਸ ਦੀ ਇਸ ਸਲਾਹ ਤੋਂ ਸਾਡਾ ਭਰੋਸਾ ਵੀ ਵਧਦਾ ਹੈ ਕਿ ਯਹੋਵਾਹ ਸਾਡੀਆਂ ਵੀ ਲੋੜਾਂ ਜ਼ਰੂਰ ਪੂਰੀਆਂ ਕਰੇਗਾ।

“ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ”

10. ਪੌਲੁਸ ਦੀ ਖ਼ੁਸ਼ੀ ਦਾ “ਰਾਜ਼” ਕੀ ਸੀ?

10 ਪੌਲੁਸ ਨੇ ਇਹੀ ਸਲਾਹ ਤਿਮੋਥਿਉਸ ਨੂੰ ਵੀ ਦਿੱਤੀ ਸੀ। ਉਸ ਨੇ ਲਿਖਿਆ: “ਇਸ ਲਈ ਜੇ ਸਾਡੇ ਕੋਲ ਰੋਟੀ, ਕੱਪੜਾ ਅਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ।” (1 ਤਿਮੋ. 6:8) ਅੱਜ ਅਸੀਂ ਵੀ ਇਹ ਸਲਾਹ ਮੰਨ ਸਕਦੇ ਹਾਂ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਚੰਗਾ ਖਾਣਾ, ਚੰਗਾ ਪਹਿਨਣਾ ਅਤੇ ਚੰਗੀ ਜਗ੍ਹਾ ’ਤੇ ਨਹੀਂ ਰਹਿਣਾ ਚਾਹੀਦਾ? ਨਹੀਂ, ਇਸ ਸਲਾਹ ਦਾ ਇਹ ਮਤਲਬ ਨਹੀਂ ਹੈ। ਪੌਲੁਸ ਇੱਥੇ ਕਹਿ ਰਿਹਾ ਸੀ ਕਿ ਸਾਡੇ ਕੋਲ ਜੋ ਕੁਝ ਵੀ ਹੈ, ਸਾਨੂੰ ਉਸ ਵਿਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। (ਫ਼ਿਲਿ. 4:12) ਇਹੀ ਪੌਲੁਸ ਦੀ ਖ਼ੁਸ਼ੀ ਦਾ “ਰਾਜ਼” ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਡੇ ਲਈ ਸਭ ਤੋਂ ਕੀਮਤੀ ਵਿਰਾਸਤ ਯਹੋਵਾਹ ਨਾਲ ਸਾਡਾ ਰਿਸ਼ਤਾ ਹੈ, ਨਾ ਕਿ ਦੁਨੀਆਂ ਦੀ ਕੋਈ ਚੀਜ਼।​—ਹੱਬ. 3:17, 18.

ਉਜਾੜ ਵਿਚ 40 ਸਾਲਾਂ ਦੌਰਾਨ ਇਜ਼ਰਾਈਲੀਆਂ ਨੂੰ “ਕਿਸੇ ਵੀ ਚੀਜ਼ ਦੀ ਕਮੀ ਨਹੀਂ” ਆਈ। ਅੱਜ ਸਾਡੇ ਕੋਲ ਜੋ ਕੁਝ ਵੀ ਹੈ, ਕੀ ਅਸੀਂ ਉਸ ਵਿਚ ਸੰਤੁਸ਼ਟ ਰਹਿ ਸਕਦੇ ਹਾਂ? (ਪੈਰਾ 11 ਦੇਖੋ) *

11. ਮੂਸਾ ਨੇ ਇਜ਼ਰਾਈਲੀਆਂ ਨੂੰ ਜੋ ਕਿਹਾ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

11 ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ? ਇਸ ਬਾਰੇ ਯਹੋਵਾਹ ਦੀ ਸੋਚ ਅਤੇ ਸਾਡੀ ਸੋਚ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਧਿਆਨ ਦਿਓ ਕਿ ਮੂਸਾ ਨੇ ਇਜ਼ਰਾਈਲੀਆਂ ਨੂੰ ਕੀ ਕਿਹਾ ਜਦੋਂ ਉਨ੍ਹਾਂ ਨੂੰ ਉਜਾੜ ਵਿਚ ਘੁੰਮਦਿਆਂ 40 ਸਾਲ ਹੋ ਗਏ ਸਨ। ਉਸ ਨੇ ਕਿਹਾ: “ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਕੰਮਾਂ ’ਤੇ ਬਰਕਤ ਪਾਈ ਹੈ। ਉਹ ਇਸ ਵੱਡੀ ਉਜਾੜ ਵਿਚ ਤੁਹਾਡੇ ਸਫ਼ਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ 40 ਸਾਲਾਂ ਦੌਰਾਨ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਰਿਹਾ ਹੈ ਅਤੇ ਉਸ ਨੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।” (ਬਿਵ. 2:7) ਇਨ੍ਹਾਂ 40 ਸਾਲਾਂ ਦੌਰਾਨ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਖਾਣ ਲਈ ਮੰਨ ਦਿੱਤਾ। ਨਾਲੇ ਮਿਸਰ ਛੱਡਣ ਵੇਲੇ ਉਨ੍ਹਾਂ ਕੋਲ ਜੋ ਕੱਪੜੇ ਸਨ, ਉਹ ਨਾ ਤਾਂ ਪੁਰਾਣੇ ਹੋਏ ਅਤੇ ਨਾ ਹੀ ਫਟੇ। (ਬਿਵ. 8:3, 4) ਭਾਵੇਂ ਕਿ ਕੁਝ ਇਜ਼ਰਾਈਲੀਆਂ ਨੂੰ ਲੱਗਾ ਕਿ ਉਨ੍ਹਾਂ ਲਈ ਇਹ ਸਭ ਚੀਜ਼ਾਂ ਕਾਫ਼ੀ ਨਹੀਂ ਸਨ। ਪਰ ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਉਹ ਸਭ ਕੁਝ ਸੀ ਜੋ ਜ਼ਿੰਦਗੀ ਜੀਉਣ ਲਈ ਕਾਫ਼ੀ ਸੀ। ਇਸੇ ਤਰ੍ਹਾਂ ਜੇ ਅਸੀਂ ਵੀ ਉਨ੍ਹਾਂ ਚੀਜ਼ਾਂ ਵਿਚ ਸੰਤੁਸ਼ਟ ਰਹਿਣਾ ਸਿੱਖਾਂਗੇ ਜੋ ਸਾਡੇ ਕੋਲ ਹਨ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੋਵੇਗਾ। ਉਹ ਚਾਹੁੰਦਾ ਹੈ ਕਿ ਅਸੀਂ ਹਰ ਛੋਟੀ-ਛੋਟੀ ਚੀਜ਼ ਲਈ ਸ਼ੁਕਰਗੁਜ਼ਾਰੀ ਦਿਖਾਈਏ ਅਤੇ ਉਨ੍ਹਾਂ ਨੂੰ ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਸਮਝੀਏ।

ਭਰੋਸਾ ਰੱਖੋ ਯਹੋਵਾਹ ਤੁਹਾਡੀ ਦੇਖ-ਭਾਲ ਕਰੇਗਾ

12. ਕਿਵੇਂ ਪਤਾ ਲੱਗਦਾ ਹੈ ਕਿ ਦਾਊਦ ਨੂੰ ਖ਼ੁਦ ਦੀ ਬਜਾਇ ਯਹੋਵਾਹ ’ਤੇ ਭਰੋਸਾ ਸੀ?

12 ਦਾਊਦ ਜਾਣਦਾ ਸੀ ਕਿ ਯਹੋਵਾਹ ਆਪਣੇ ਸੇਵਕਾਂ ਦੀ ਦੇਖ-ਭਾਲ ਕਰਦਾ ਹੈ ਅਤੇ ਉਹ ਕਦੇ ਵੀ ਉਨ੍ਹਾਂ ਦਾ ਸਾਥ ਨਹੀਂ ਛੱਡਦਾ। ਭਾਵੇਂ ਦਾਊਦ ਦੀ ਜਾਨ ਖ਼ਤਰੇ ਵਿਚ ਸੀ, ਫਿਰ ਵੀ ਉਸ ਨੇ ਜ਼ਬੂਰ 34 ਲਿਖਿਆ। ਨਿਹਚਾ ਹੋਣ ਕਰਕੇ ਉਹ ਆਪਣੀਆਂ ਮਨ ਦੀਆਂ ਅੱਖਾਂ ਨਾਲ ਦੇਖ ਸਕਿਆ ਕਿ ‘ਯਹੋਵਾਹ ਦਾ ਦੂਤ’ ਉਸ ਦੇ “ਆਲੇ-ਦੁਆਲੇ” ਪਹਿਰਾ ਦਿੰਦਾ ਸੀ। (ਜ਼ਬੂ. 34:7) ਸ਼ਾਇਦ ਦਾਊਦ ਨੇ ਯਹੋਵਾਹ ਦੇ ਦੂਤ ਦੀ ਤੁਲਨਾ ਇਕ ਫ਼ੌਜੀ ਨਾਲ ਕੀਤੀ ਜੋ ਮੈਦਾਨ ਵਿਚ ਤੈਨਾਤ ਰਹਿੰਦਾ ਹੈ ਅਤੇ ਹਮੇਸ਼ਾ ਆਪਣੇ ਦੁਸ਼ਮਣਾਂ ਤੋਂ ਚੁਕੰਨਾ ਰਹਿੰਦਾ ਹੈ। ਦਾਊਦ ਇਕ ਵੀਰ ਯੋਧਾ ਸੀ ਅਤੇ ਗੋਪੀਆ ਤੇ ਤਲਵਾਰ ਚਲਾਉਣ ਵਿਚ ਮਾਹਰ ਸੀ। ਨਾਲੇ ਯਹੋਵਾਹ ਨੇ ਉਸ ਨੂੰ ਰਾਜਾ ਬਣਾਉਣ ਦਾ ਵਾਅਦਾ ਵੀ ਕੀਤਾ ਸੀ, ਪਰ ਫਿਰ ਵੀ ਉਸ ਨੇ ਆਪਣੇ ਆਪ ’ਤੇ ਭਰੋਸਾ ਨਹੀਂ ਰੱਖਿਆ। (1 ਸਮੂ. 16:13; 24:12) ਇਸ ਦੀ ਬਜਾਇ, ਦਾਊਦ ਨੇ ਯਹੋਵਾਹ ’ਤੇ ਭਰੋਸਾ ਰੱਖਿਆ। ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਆਪਣੇ ਦੂਤ ਦੇ ਜ਼ਰੀਏ “ਉਨ੍ਹਾਂ ਨੂੰ ਛੁਡਾਉਂਦਾ ਹੈ” ਜੋ ਉਸ ਤੋਂ ਡਰਦੇ ਹਨ। ਬਿਨਾਂ ਸ਼ੱਕ, ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਯਹੋਵਾਹ ਸਾਨੂੰ ਕਿਸੇ ਚਮਤਕਾਰੀ ਤਰੀਕੇ ਨਾਲ ਬਚਾਵੇਗਾ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਦੇਵੇਗਾ, ਫਿਰ ਚਾਹੇ ਇਸ ਦੁਨੀਆਂ ਵਿਚ ਸਾਡੀ ਮੌਤ ਹੀ ਕਿਉਂ ਨਾ ਹੋ ਜਾਵੇ।

ਮਹਾਂਕਸ਼ਟ ਦੌਰਾਨ ਮਾਗੋਗ ਦੇ ਗੋਗ ਦੀਆਂ ਫ਼ੌਜਾਂ ਸਾਡੇ ਘਰਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨਗੀਆਂ। ਪਰ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਅਤੇ ਉਸ ਦੇ ਦੂਤਾਂ ਨੂੰ ਉਨ੍ਹਾਂ ਦੇ ਹਰ ਕਦਮ ਦੀ ਜਾਣਕਾਰੀ ਹੋਵੇਗੀ ਅਤੇ ਉਹ ਸਾਡੀ ਰਾਖੀ ਕਰਨਗੇ (ਪੈਰਾ 13 ਦੇਖੋ)

13. (ੳ) ਜਦੋਂ ਮਾਗੋਗ ਦਾ ਗੋਗ ਸਾਡੇ ’ਤੇ ਹਮਲਾ ਕਰੇਗਾ, ਤਾਂ ਉਸ ਨੂੰ ਸਾਡੇ ਬਾਰੇ ਕੀ ਲੱਗੇਗਾ? (ਅ) ਸਾਨੂੰ ਡਰਨ ਦੀ ਲੋੜ ਕਿਉਂ ਨਹੀਂ ਹੋਵੇਗੀ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

13 ਜਦੋਂ ਮਾਗੋਗ ਦਾ ਗੋਗ ਯਾਨੀ ਕੌਮਾਂ ਦਾ ਗੱਠ-ਜੋੜ ਸਾਡੇ ਉੱਤੇ ਹਮਲਾ ਕਰੇਗਾ, ਉਦੋਂ ਸਾਡੀ ਪਰਖ ਹੋਵੇਗੀ ਕਿ ਅਸੀਂ ਬਚਾਅ ਲਈ ਯਹੋਵਾਹ ’ਤੇ ਭਰੋਸਾ ਰੱਖਾਂਗੇ ਕਿ ਨਹੀਂ। ਉਦੋਂ ਸ਼ਾਇਦ ਸਾਨੂੰ ਲੱਗੇ ਕਿ ਸਾਡੇ ਬਚਾਅ ਲਈ ਕੋਈ ਰਾਹ ਨਹੀਂ ਹੈ। ਪਰ ਉਸ ਸਮੇਂ ਸਾਨੂੰ ਖ਼ੁਦ ਨੂੰ ਇਸ ਗੱਲ ’ਤੇ ਯਕੀਨ ਦਿਵਾਉਣ ਦੀ ਲੋੜ ਹੋਵੇਗੀ ਕਿ ਯਹੋਵਾਹ ਸਾਨੂੰ ਬਚਾ ਸਕਦਾ ਹੈ ਅਤੇ ਉਹ ਸਾਨੂੰ ਬਚਾਵੇਗਾ ਵੀ। ਹਮਲਾ ਕਰਨ ਵਾਲੀਆਂ ਕੌਮਾਂ ਨੂੰ ਲੱਗੇਗਾ ਕਿ ਅਸੀਂ ਉਨ੍ਹਾਂ ਭੇਡਾਂ ਵਰਗੇ ਹਾਂ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ ਹੈ। (ਹਿਜ਼. 38:10-12) ਉਸ ਸਮੇਂ ਨਾ ਤਾਂ ਸਾਡੇ ਕੋਲ ਹਥਿਆਰ ਹੋਣਗੇ ਅਤੇ ਨਾ ਹੀ ਅਸੀਂ ਲੜਾਂਗੇ। ਇਸ ਲਈ ਉਹ ਸੋਚਣਗੇ ਕਿ ਉਹ ਆਸਾਨੀ ਨਾਲ ਸਾਨੂੰ ਖ਼ਤਮ ਕਰ ਸਕਦੇ ਹਨ। ਪਰ ਉਹ ਦੇਖ ਨਹੀਂ ਸਕਣਗੇ ਕਿ ਯਹੋਵਾਹ ਦੇ ਦੂਤਾਂ ਨੇ ਸਾਨੂੰ ਬਚਾਉਣ ਲਈ ਸਾਡੇ ਆਲੇ-ਦੁਆਲੇ ਪਹਿਰਾ ਲਾਇਆ ਹੋਇਆ ਹੈ। ਨਾਲੇ ਜਦੋਂ ਦੂਤਾਂ ਦੀਆਂ ਫ਼ੌਜਾਂ ਸਾਡੇ ਲਈ ਲੜਨਗੀਆਂ, ਤਾਂ ਇਹ ਸਭ ਕੁਝ ਦੇਖ ਕੇ ਕੌਮਾਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਣਗੀਆਂ!​—ਪ੍ਰਕਾ. 19:11, 14, 15.

ਅੱਜ ਤੋਂ ਹੀ ਭਵਿੱਖ ਲਈ ਤਿਆਰੀ ਕਰੋ

14. ਅੱਜ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਆਉਣ ਵਾਲੀਆਂ ਮੁਸ਼ਕਲਾਂ ਨੂੰ ਝੱਲ ਸਕੀਏ?

14 ਆਉਣ ਵਾਲੀਆਂ ਮੁਸ਼ਕਲਾਂ ਨੂੰ ਝੱਲਣ ਲਈ ਅਸੀਂ ਅੱਜ ਤੋਂ ਹੀ ਕੀ ਕਰ ਸਕਦੇ ਹਾਂ? ਪਹਿਲੀ ਗੱਲ, ਸਾਨੂੰ ਆਪਣੀ ਜ਼ਿੰਦਗੀ ਵਿਚ ਚੀਜ਼ਾਂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ ਕਿਉਂਕਿ ਇਕ ਦਿਨ ਸਾਨੂੰ ਇਨ੍ਹਾਂ ਨੂੰ ਛੱਡਣਾ ਪਵੇਗਾ। ਦੂਜੀ ਗੱਲ, ਸਾਡੇ ਕੋਲ ਜੋ ਕੁਝ ਵੀ ਹੈ, ਸਾਨੂੰ ਉਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਅਤੇ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਤੋਂ ਮਿਲਣੀ ਚਾਹੀਦੀ ਹੈ ਕਿ ਯਹੋਵਾਹ ਨਾਲ ਸਾਡਾ ਵਧੀਆ ਰਿਸ਼ਤਾ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਨੂੰ ਜਾਣਾਂਗੇ, ਉੱਨਾ ਜ਼ਿਆਦਾ ਸਾਡਾ ਭਰੋਸਾ ਵਧੇਗਾ ਕਿ ਉਹ ਸਾਨੂੰ ਮਾਗੋਗ ਦੇ ਗੋਗ ਦੇ ਹਮਲੇ ਤੋਂ ਜ਼ਰੂਰ ਬਚਾਵੇਗਾ।

15. ਦਾਊਦ ਨੂੰ ਕਿਉਂ ਭਰੋਸਾ ਸੀ ਕਿ ਯਹੋਵਾਹ ਹਮੇਸ਼ਾ ਉਸ ਦੀ ਮਦਦ ਕਰੇਗਾ?

15 ਆਓ ਆਪਾਂ ਇਕ ਵਾਰ ਫਿਰ ਤੋਂ ਦਾਊਦ ਦੀ ਮਿਸਾਲ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਮੁਸ਼ਕਲਾਂ ਦੌਰਾਨ ਕੀ ਕਰ ਸਕਦੇ ਹਾਂ। ਜਦੋਂ ਦਾਊਦ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ, ਤਾਂ ਉਸ ਨੇ ਕਿਹਾ: “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ; ਖ਼ੁਸ਼ ਹੈ ਉਹ ਇਨਸਾਨ ਜੋ ਉਸ ਕੋਲ ਪਨਾਹ ਲੈਂਦਾ ਹੈ।” (ਜ਼ਬੂ. 34:8) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਦਾਊਦ ਕਿਉਂ ਯਹੋਵਾਹ ’ਤੇ ਭਰੋਸਾ ਰੱਖਦਾ ਸੀ। ਪਹਿਲਾਂ ਵੀ ਕਈ ਵਾਰ ਦਾਊਦ ਨੇ ਯਹੋਵਾਹ ਤੋਂ ਮਦਦ ਮੰਗੀ ਸੀ ਅਤੇ ਯਹੋਵਾਹ ਨੇ ਉਸ ਦੀ ਮਦਦ ਕੀਤੀ ਸੀ। ਨੌਜਵਾਨ ਹੁੰਦਿਆਂ ਜਦੋਂ ਦਾਊਦ ਫਲਿਸਤੀ ਗੋਲਿਅਥ ਨਾਲ ਲੜਿਆ, ਤਾਂ ਉਸ ਨੇ ਕਿਹਾ: “ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਵਿਚ ਦੇ ਦੇਵੇਗਾ।” (1 ਸਮੂ. 17:46) ਬਾਅਦ ਵਿਚ ਜਦੋਂ ਉਹ ਰਾਜਾ ਸ਼ਾਊਲ ਦੀ ਸੇਵਾ ਕਰਦਾ ਸੀ, ਤਾਂ ਸ਼ਾਊਲ ਨੇ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਨਾਕਾਮ ਰਿਹਾ “ਕਿਉਂਕਿ ਯਹੋਵਾਹ ਦਾਊਦ ਦੇ ਨਾਲ ਸੀ।” (1 ਸਮੂ. 18:12) ਇਸ ਲਈ ਦਾਊਦ ਨੂੰ ਪੱਕਾ ਭਰੋਸਾ ਸੀ ਕਿ ਹੋਰ ਮੁਸ਼ਕਲਾਂ ਨੂੰ ਝੱਲਣ ਲਈ ਵੀ ਯਹੋਵਾਹ ਉਸ ਦੀ ਮਦਦ ਜ਼ਰੂਰ ਕਰੇਗਾ।

16. ਅਸੀਂ ਕਿੱਦਾਂ ‘ਚੱਖ’ ਕੇ ਦੇਖ ਸਕਦੇ ਹਾਂ ਕਿ ਯਹੋਵਾਹ ਭਲਾ ਹੈ?

16 ਦਾਊਦ ਵਾਂਗ ਅਸੀਂ ਵੀ ‘ਚੱਖ ਕੇ ਦੇਖ ਸਕਦੇ ਹਾਂ ਕਿ ਯਹੋਵਾਹ ਭਲਾ ਹੈ।’ ਸਾਨੂੰ ਯਹੋਵਾਹ ਤੋਂ ਮਦਦ ਮੰਗਦੇ ਰਹਿਣਾ ਚਾਹੀਦਾ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਨੂੰ ਸਾਡੀ ਮਦਦ ਕਰਦੇ ਦੇਖਾਂਗੇ, ਉੱਨਾ ਜ਼ਿਆਦਾ ਸਾਡਾ ਭਰੋਸਾ ਵਧੇਗਾ ਕਿ ਉਹ ਭਵਿੱਖ ਵਿਚ ਵੀ ਸਾਡਾ ਸਾਥ ਕਦੇ ਨਹੀਂ ਛੱਡੇਗਾ। ਹੋ ਸਕਦਾ ਹੈ ਕਿ ਸੰਮੇਲਨ ਤੇ ਜਾਣ ਲਈ ਸਾਨੂੰ ਕੰਮ ਤੋਂ ਛੁੱਟੀ ਲੈਣੀ ਪਵੇ ਜਾਂ ਫਿਰ ਸ਼ਾਇਦ ਸਾਨੂੰ ਕੰਮ ਦੇ ਸਮੇਂ ਵਿਚ ਕੁਝ ਫੇਰ-ਬਦਲ ਕਰਨ ਲਈ ਆਪਣੇ ਮਾਲਕ ਨਾਲ ਗੱਲ ਕਰਨੀ ਪਵੇ ਤਾਂਕਿ ਅਸੀਂ ਮੀਟਿੰਗਾਂ ਅਤੇ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈ ਸਕੀਏ। ਕੀ ਅਸੀਂ ਯਹੋਵਾਹ ’ਤੇ ਭਰੋਸਾ ਰੱਖਦਿਆਂ ਆਪਣੇ ਮਾਲਕ ਨਾਲ ਗੱਲ ਕਰਾਂਗੇ? ਜੇ ਸਾਡਾ ਮਾਲਕ ਸਾਡੀ ਗੱਲ ਨਾ ਮੰਨੇ ਅਤੇ ਸਾਨੂੰ ਕੰਮ ਤੋਂ ਕੱਢ ਦੇਵੇ, ਫਿਰ ਕੀ? ਕੀ ਅਸੀਂ ਉਦੋਂ ਵੀ ਯਹੋਵਾਹ ’ਤੇ ਭਰੋਸਾ ਰੱਖਾਂਗੇ ਕਿ ਉਹ ਸਾਨੂੰ ਕਦੇ ਨਹੀਂ ਛੱਡੇਗਾ ਅਤੇ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇਗਾ? (ਇਬ. 13:5) ਪੂਰੇ ਸਮੇਂ ਦੇ ਸੇਵਕ ਆਪਣੇ ਤਜਰਬਿਆਂ ਤੋਂ ਦੱਸਦੇ ਹਨ ਕਿ ਕਿਵੇਂ ਯਹੋਵਾਹ ਨੇ ਉਨ੍ਹਾਂ ਦੀ ਉਦੋਂ ਮਦਦ ਕੀਤੀ ਜਦੋਂ ਉਨ੍ਹਾਂ ਨੂੰ ਮਦਦ ਦੀ ਸਭ ਤੋਂ ਜ਼ਿਆਦਾ ਲੋੜ ਸੀ। ਯਹੋਵਾਹ ਵਫ਼ਾਦਾਰ ਹੈ ਤੇ ਉਹ ਸਾਨੂੰ ਕਦੇ ਨਹੀਂ ਛੱਡੇਗਾ।

17. (ੳ) ਸਾਲ 2022 ਲਈ ਬਾਈਬਲ ਦਾ ਹਵਾਲਾ ਕੀ ਹੈ? (ਅ) ਇਹ ਆਇਤ ਕਿਉਂ ਚੁਣੀ ਗਈ ਹੈ?

17 ਯਹੋਵਾਹ ਸਾਡੇ ਵੱਲ ਹੈ, ਇਸ ਲਈ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਜੇ ਅਸੀਂ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗੇ, ਤਾਂ ਉਹ ਸਾਨੂੰ ਕਦੇ ਨਹੀਂ ਛੱਡੇਗਾ। ਅਸੀਂ ਆਉਣ ਵਾਲੀਆਂ ਮੁਸ਼ਕਲਾਂ ਲਈ ਅੱਜ ਤੋਂ ਹੀ ਤਿਆਰ ਰਹਿ ਸਕੀਏ ਅਤੇ ਯਹੋਵਾਹ ’ਤੇ ਭਰੋਸਾ ਰੱਖ ਸਕੀਏ, ਇਸ ਲਈ ਪ੍ਰਬੰਧਕ ਸਭਾ ਨੇ ਸਾਲ 2022 ਲਈ ਜ਼ਬੂਰ 34:10 ਵਿੱਚੋਂ ਬਾਈਬਲ ਦਾ ਹਵਾਲਾ ਚੁਣਿਆ ਹੈ: “ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।”

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

^ ਸਾਲ 2022 ਲਈ ਬਾਈਬਲ ਦਾ ਹਵਾਲਾ ਜ਼ਬੂਰ 34:10 ਤੋਂ ਲਿਆ ਗਿਆ ਹੈ: “ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।” ਅੱਜ ਜ਼ਿਆਦਾਤਰ ਯਹੋਵਾਹ ਦੇ ਗਵਾਹਾਂ ਕੋਲ ਨਾ ਬਹੁਤੇ ਪੈਸੇ ਹਨ ਤੇ ਨਾ ਹੀ ਬਹੁਤੀਆਂ ਚੀਜ਼ਾਂ। ਤਾਂ ਫਿਰ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ “ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ”? ਇਸ ਲੇਖ ਵਿਚ ਆਪਾਂ ਇਸ ਸਵਾਲ ਦਾ ਜਵਾਬ ਲਵਾਂਗੇ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਇਸ ਆਇਤ ਦਾ ਮਤਲਬ ਸਮਝ ਕੇ ਅਸੀਂ ਭਵਿੱਖ ਵਿਚ ਮੁਸ਼ਕਲਾਂ ਨੂੰ ਕਿਵੇਂ ਝੱਲ ਸਕਾਂਗੇ।

^ 15 ਸਤੰਬਰ 2014 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

^ 1 ਮਈ 1999 ਦੇ ਪਹਿਰਾਬੁਰਜ ਦਾ ਸਫ਼ਾ 19 ਦੇਖੋ।

^ ਤਸਵੀਰ ਬਾਰੇ ਜਾਣਕਾਰੀ: ਦਾਊਦ ਨੂੰ ਰਾਜਾ ਸ਼ਾਊਲ ਤੋਂ ਬਚਣ ਲਈ ਇਕ ਗੁਫ਼ਾ ਵਿਚ ਲੁਕਣਾ ਪਿਆ, ਫਿਰ ਵੀ ਉਸ ਨੇ ਯਹੋਵਾਹ ਵੱਲੋਂ ਮਿਲੀ ਹਰ ਚੀਜ਼ ਲਈ ਸ਼ੁਕਰਗੁਜ਼ਾਰੀ ਦਿਖਾਈ।

^ ਤਸਵੀਰ ਬਾਰੇ ਜਾਣਕਾਰੀ: ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਛੁਡਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਖਾਣ ਲਈ ਮੰਨ ਦਿੱਤਾ ਅਤੇ ਨਾ ਤਾਂ ਉਨ੍ਹਾਂ ਦੇ ਕੱਪੜੇ ਪੁਰਾਣੇ ਹੋਣ ਦਿੱਤੇ ਤੇ ਨਾ ਹੀ ਫਟਣ ਦਿੱਤੇ।