ਅਧਿਐਨ ਲੇਖ 3
ਯਿਸੂ ਕਿਉਂ ਰੋਇਆ ਅਤੇ ਉਸ ਤੋਂ ਸਬਕ
“ਯਿਸੂ ਰੋਣ ਲੱਗ ਪਿਆ।”—ਯੂਹੰ. 11:35.
ਗੀਤ 17 “ਮੈਂ ਚਾਹੁੰਦਾ ਹਾਂ”
ਖ਼ਾਸ ਗੱਲਾਂ *
1-3. ਅਸੀਂ ਸ਼ਾਇਦ ਕਿਹੜੇ ਕਾਰਨਾਂ ਕਰਕੇ ਰੋਈਏ?
ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਪਿਛਲੀ ਵਾਰ ਕਦੋਂ ਰੋਏ ਸੀ? ਕਦੇ-ਕਦੇ ਅਸੀਂ ਖ਼ੁਸ਼ੀ ਦੇ ਮਾਰੇ ਰੋਣ ਲੱਗ ਪੈਂਦੇ ਹਾਂ, ਪਰ ਅਕਸਰ ਅਸੀਂ ਦੁੱਖ ਦੇ ਮਾਰੇ ਰੋਂਦੇ ਹਾਂ। ਉਦਾਹਰਣ ਲਈ, ਸ਼ਾਇਦ ਅਸੀਂ ਆਪਣੇ ਕਿਸੇ ਅਜ਼ੀਜ਼ ਦੀ ਮੌਤ ਹੋਣ ਕਰਕੇ ਰੋਈਏ। ਅਮਰੀਕਾ ਵਿਚ ਰਹਿਣ ਵਾਲੀ ਭੈਣ ਲੌਰਲ ਲਿਖਦੀ ਹੈ: “ਮੇਰੀ ਕੁੜੀ ਦੀ ਮੌਤ ਹੋਣ ਕਰਕੇ ਮੈਂ ਪੂਰੀ ਤਰ੍ਹਾਂ ਟੁੱਟ ਗਈ। ਕਦੇ-ਕਦੇ ਤਾਂ ਇਹ ਗਮ ਸਹਾਰਨਾ ਮੇਰੇ ਵੱਸੋਂ ਬਾਹਰ ਹੋ ਜਾਂਦਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਸੇ ਵੀ ਚੀਜ਼ ਤੋਂ ਦਿਲਾਸਾ ਮਿਲ ਸਕਦਾ ਹੈ। ਫਿਰ ਮੈਂ ਸੋਚਦੀ ਹਾਂ, ‘ਕੀ ਮੈਂ ਇਸ ਗਮ ਵਿੱਚੋਂ ਕਦੇ ਨਿੱਕਲ ਸਕਾਂਗੀ?’” *
2 ਕਈ ਵਾਰ ਸ਼ਾਇਦ ਅਸੀਂ ਕਿਸੇ ਹੋਰ ਵਜ੍ਹਾ ਕਰਕੇ ਵੀ ਰੋਈਏ। ਜਪਾਨ ਵਿਚ ਰਹਿਣ ਵਾਲੀ ਇਕ ਪਾਇਨੀਅਰ ਭੈਣ ਹੀਰੋਮੀ ਦੱਸਦੀ ਹੈ: “ਕਈ ਵਾਰ ਮੈਂ ਇਸ ਕਰਕੇ ਉਦਾਸ ਹੋ ਜਾਂਦੀ ਹਾਂ ਕਿਉਂਕਿ ਲੋਕ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ। ਮੈਂ ਰੋ-ਰੋ ਕੇ ਯਹੋਵਾਹ ਨੂੰ ਕਹਿੰਦੀ ਹਾਂ ਕਿ ਉਹ ਇਕ ਅਜਿਹੇ ਵਿਅਕਤੀ ਨੂੰ ਲੱਭਣ ਵਿਚ ਮੇਰੀ ਮਦਦ ਕਰੇ ਜੋ ਸੱਚਾਈ ਦੀ ਭਾਲ ਕਰ ਰਿਹਾ ਹੈ।”
3 ਸ਼ਾਇਦ ਸਾਡੇ ਵਿੱਚੋਂ ਵੀ ਕਈ ਜਣੇ ਇਨ੍ਹਾਂ ਭੈਣਾਂ ਵਾਂਗ ਹੀ ਮਹਿਸੂਸ ਕਰਦੇ ਹਨ। (1 ਪਤ. 5:9) ਅਸੀਂ “ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ” ਕਰਨੀ ਚਾਹੁੰਦੇ ਹਾਂ, ਪਰ ਹੋ ਸਕਦਾ ਹੈ ਕਿ ਸਾਡੇ ਕਿਸੇ ਅਜ਼ੀਜ਼ ਦੀ ਮੌਤ, ਨਿਰਾਸ਼ਾ ਜਾਂ ਔਖੀਆਂ ਘੜੀਆਂ ਵਿਚ ਸਾਡੀ ਵਫ਼ਾਦਾਰੀ ਦੀ ਪਰਖ ਹੋਣ ਕਰਕੇ ਅਸੀਂ ਸ਼ਾਇਦ ਹੰਝੂ ਵਹਾ-ਵਹਾ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਹੋਈਏ। (ਜ਼ਬੂ. 6:6; 100:2) ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਇੱਦਾਂ ਦੀਆਂ ਭਾਵਨਾਵਾਂ ਸਾਡੇ ’ਤੇ ਹਾਵੀ ਹੋ ਜਾਂਦੀਆਂ ਹਨ?
4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
4 ਅਸੀਂ ਯਿਸੂ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਕਈ ਵਾਰ ਉਹ ਇੰਨਾ ਜ਼ਿਆਦਾ ਭਾਵੁਕ ਹੋ ਗਿਆ ਕਿ ਉਹ “ਰੋਣ ਲੱਗ ਪਿਆ।” (ਯੂਹੰ. 11:35; ਲੂਕਾ 19:41; 22:44; ਇਬ. 5:7) ਆਓ ਆਪਾਂ ਇੱਦਾਂ ਦੀਆਂ ਕੁਝ ਘਟਨਾਵਾਂ ’ਤੇ ਗੌਰ ਕਰੀਏ ਜਦੋਂ ਯਿਸੂ ਰੋਇਆ ਸੀ ਅਤੇ ਦੇਖੀਏ ਕਿ ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ। ਅਸੀਂ ਇਹ ਵੀ ਦੇਖਾਂਗੇ ਕਿ ਸਾਨੂੰ ਉਨ੍ਹਾਂ ਹਾਲਾਤਾਂ ਵਿਚ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਰੋਣਾ ਆਉਂਦਾ ਹੈ।
ਯਿਸੂ ਆਪਣੇ ਦੋਸਤਾਂ ਲਈ ਰੋਇਆ
5. ਅਸੀਂ ਯੂਹੰਨਾ 11:32-36 ਤੋਂ ਯਿਸੂ ਬਾਰੇ ਕੀ ਸਿੱਖਦੇ ਹਾਂ?
5 ਸਾਲ 32 ਈਸਵੀ ਦੀਆਂ ਸਰਦੀਆਂ ਦੌਰਾਨ ਯਿਸੂ ਦਾ ਦੋਸਤ ਲਾਜ਼ਰ ਬੀਮਾਰ ਹੋ ਕੇ ਮਰ ਗਿਆ। (ਯੂਹੰ. 11:3, 14) ਲਾਜ਼ਰ ਦੀਆਂ ਦੋ ਭੈਣਾਂ ਸਨ, ਮਰੀਅਮ ਤੇ ਮਾਰਥਾ। ਯਿਸੂ ਇਨ੍ਹਾਂ ਤਿੰਨਾਂ ਨਾਲ ਹੀ ਬਹੁਤ ਪਿਆਰ ਕਰਦਾ ਸੀ। ਦੋਵੇਂ ਭੈਣਾਂ ਆਪਣੇ ਭਰਾ ਦੀ ਮੌਤ ਕਰਕੇ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਸਨ। ਲਾਜ਼ਰ ਦੀ ਮੌਤ ਤੋਂ ਬਾਅਦ ਯਿਸੂ ਮਰੀਅਮ ਤੇ ਮਾਰਥਾ ਕੋਲ ਬੈਥਨੀਆ ਪਹੁੰਚਿਆ। ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਭੱਜ ਕੇ ਉਸ ਨੂੰ ਮਿਲਣ ਗਈ। ਜ਼ਰਾ ਸੋਚੋ, ਉਹ ਕਿੰਨੀ ਦੁਖੀ ਹੋਣੀ ਜਦੋਂ ਉਸ ਨੇ ਰੋਂਦੇ-ਰੋਂਦੇ ਯਿਸੂ ਨੂੰ ਕਿਹਾ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” (ਯੂਹੰ. 11:21) ਇਸ ਤੋਂ ਬਾਅਦ ਜਦੋਂ ਯਿਸੂ ਨੇ ਮਰੀਅਮ ਅਤੇ ਬਾਕੀ ਲੋਕਾਂ ਨੂੰ ਰੋਂਦਿਆਂ ਦੇਖਿਆ, ਤਾਂ ਉਹ ਵੀ “ਰੋਣ ਲੱਗ ਪਿਆ।”—ਯੂਹੰਨਾ 11:32-36 ਪੜ੍ਹੋ।
6. ਯਿਸੂ ਲਾਜ਼ਰ ਦੀ ਮੌਤ ਵੇਲੇ ਕਿਉਂ ਰੋਇਆ?
6 ਯਿਸੂ ਇਸ ਮੌਕੇ ’ਤੇ ਕਿਉਂ ਰੋਇਆ? ਇਨਸਾਈਟ ਔਨ ਦ ਸਕ੍ਰਿਪਚਰਸ (ਅੰਗ੍ਰੇਜ਼ੀ) ਕਿਤਾਬ ਵਿਚ ਦੱਸਿਆ ਹੈ: “ਉਸ ਦੇ ਦੋਸਤ ਲਾਜ਼ਰ ਦੀ ਮੌਤ ਹੋਣ ਕਰਕੇ ਅਤੇ ਉਸ ਦੀਆਂ ਭੈਣਾਂ ਨੂੰ ਸੋਗ ਮਨਾਉਂਦਿਆਂ ਦੇਖ ਕੇ ਯਿਸੂ ਦਾ ਵੀ ‘ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ।’” * ਯਿਸੂ ਨੇ ਸ਼ਾਇਦ ਸੋਚਿਆ ਹੋਣਾ ਕਿ ਬੀਮਾਰੀ ਵੇਲੇ ਉਸ ਦੇ ਪਿਆਰੇ ਦੋਸਤ ਨੇ ਕਿੰਨਾ ਦੁੱਖ ਸਿਹਾ ਹੋਣਾ ਅਤੇ ਪਲ਼-ਪਲ਼ ਆਪਣੀ ਮੌਤ ਦਾ ਇੰਤਜ਼ਾਰ ਕਰਦਿਆਂ ਉਸ ਦੇ ਦੋਸਤ ਨੇ ਕਿਵੇਂ ਮਹਿਸੂਸ ਕੀਤਾ ਹੋਣਾ। ਯਿਸੂ ਮਰੀਅਮ ਤੇ ਮਾਰਥਾ ਨੂੰ ਆਪਣੇ ਭਰਾ ਦੀ ਮੌਤ ਦੇ ਗਮ ਵਿਚ ਤੜਫ਼ਦਿਆਂ ਦੇਖ ਕੇ ਵੀ ਰੋਇਆ ਹੋਣਾ। ਜੇ ਤੁਹਾਡੇ ਵੀ ਕਿਸੇ ਕਰੀਬੀ ਦੋਸਤ ਜਾਂ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਹੈ, ਤਾਂ ਤੁਸੀਂ ਵੀ ਜ਼ਰੂਰ ਯਿਸੂ ਵਾਂਗ ਮਹਿਸੂਸ ਕੀਤਾ ਹੋਣਾ। ਆਓ ਆਪਾਂ ਗੌਰ ਕਰਦੇ ਹਾਂ ਕਿ ਅਸੀਂ ਇਸ ਘਟਨਾ ਤੋਂ ਕਿਹੜੇ ਤਿੰਨ ਸਬਕ ਸਿੱਖ ਸਕਦੇ ਹਾਂ।
7. ਯਿਸੂ ਦੇ ਰੋਣ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
7 ਯਹੋਵਾਹ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ। ਯਿਸੂ “ਹੂ-ਬਹੂ” ਆਪਣੇ ਪਿਤਾ ਵਰਗਾ ਹੈ। (ਇਬ. 1:3) ਯਿਸੂ ਦੇ ਰੋਣ ਤੋਂ ਸਾਨੂੰ ਯਹੋਵਾਹ ਦੀਆਂ ਭਾਵਨਾਵਾਂ ਬਾਰੇ ਪਤਾ ਲੱਗਦਾ ਹੈ। (ਯੂਹੰ. 14:9) ਜੇ ਤੁਹਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਗਈ ਹੈ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਸਿਰਫ਼ ਤੁਹਾਡਾ ਦੁੱਖ ਸਮਝਦਾ ਹੀ ਨਹੀਂ, ਸਗੋਂ ਉਹ ਆਪ ਵੀ ਦੁਖੀ ਹੁੰਦਾ ਹੈ। ਉਹ ਤੁਹਾਡੇ ਜ਼ਖ਼ਮਾਂ ’ਤੇ ਪੱਟੀ ਬੰਨ੍ਹ ਕੇ ਤੁਹਾਡੇ ਟੁੱਟੇ ਦਿਲ ਨੂੰ ਚੰਗਾ ਕਰਨਾ ਚਾਹੁੰਦਾ ਹੈ।—ਜ਼ਬੂ. 34:18; 147:3.
8. ਅਸੀਂ ਕਿਉਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕਰੇਗਾ?
8 ਯਿਸੂ ਤੁਹਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ। ਯਿਸੂ ਨੇ ਰੋਣ ਤੋਂ ਪਹਿਲਾਂ ਮਾਰਥਾ ਨੂੰ ਯਕੀਨ ਦਿਵਾਉਂਦਿਆਂ ਕਿਹਾ: “ਤੇਰਾ ਭਰਾ ਜੀਉਂਦਾ ਹੋ ਜਾਵੇਗਾ।” ਮਾਰਥਾ ਨੇ ਯਿਸੂ ’ਤੇ ਵਿਸ਼ਵਾਸ ਕੀਤਾ। (ਯੂਹੰ. 11:23-27) ਮਾਰਥਾ ਯਹੋਵਾਹ ਦੀ ਵਫ਼ਾਦਾਰ ਸੇਵਕ ਸੀ, ਇਸ ਕਰਕੇ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਸਦੀਆਂ ਪਹਿਲਾਂ ਏਲੀਯਾਹ ਅਤੇ ਅਲੀਸ਼ਾ ਨੇ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਸੀ। (1 ਰਾਜ. 17:17-24; 2 ਰਾਜ. 4:32-37) ਨਾਲੇ ਸ਼ਾਇਦ ਉਸ ਨੇ ਇਹ ਵੀ ਸੁਣਿਆ ਸੀ ਕਿ ਯਿਸੂ ਨੇ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਸੀ। (ਲੂਕਾ 7:11-15; 8:41, 42, 49-56) ਤੁਸੀਂ ਵੀ ਮਾਰਥਾ ਵਾਂਗ ਭਰੋਸਾ ਰੱਖ ਸਕਦੇ ਹੋ ਕਿ ਤੁਹਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਵੀ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਯਿਸੂ ਨੇ ਜਿਸ ਤਰ੍ਹਾਂ ਆਪਣੇ ਦੋਸਤਾਂ ਨੂੰ ਦਿਲਾਸਾ ਦਿੱਤਾ ਅਤੇ ਉਨ੍ਹਾਂ ਨਾਲ ਰੋਇਆ, ਉਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਕਿੰਨਾ ਹੀ ਬੇਤਾਬ ਹੈ!
9. ਇਕ ਉਦਾਹਰਣ ਦੇ ਕੇ ਸਮਝਾਓ ਕਿ ਤੁਸੀਂ ਸੋਗ ਮਨਾ ਰਹੇ ਲੋਕਾਂ ਨੂੰ ਸਹਾਰਾ ਕਿਵੇਂ ਦੇ ਸਕਦੇ ਹੋ?
9 ਤੁਸੀਂ ਸੋਗ ਮਨਾ ਰਹੇ ਲੋਕਾਂ ਨੂੰ ਸਹਾਰਾ ਦੇ ਸਕਦੇ ਹੋ। ਯਿਸੂ ਮਰੀਅਮ ਤੇ ਮਾਰਥਾ ਨਾਲ ਰੋਇਆ ਹੀ ਨਹੀਂ ਸੀ, ਸਗੋਂ ਉਸ ਨੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤੇ ਉਨ੍ਹਾਂ ਨੂੰ ਦਿਲਾਸਾ ਵੀ ਦਿੱਤਾ। ਤੁਸੀਂ ਵੀ ਸੋਗ ਮਨਾ ਰਹੇ ਲੋਕਾਂ ਨੂੰ ਦਿਲਾਸਾ ਦੇ ਸਕਦੇ ਹੋ। ਆਸਟ੍ਰੇਲੀਆ ਵਿਚ ਰਹਿੰਦਾ ਭਰਾ ਡੈਨ ਮੰਡਲੀ ਦਾ ਬਜ਼ੁਰਗ ਹੈ, ਉਹ ਦੱਸਦਾ ਹੈ: “ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੈਨੂੰ ਸਹਾਰੇ ਦੀ ਲੋੜ ਸੀ। ਬਹੁਤ ਸਾਰੇ ਜੋੜੇ ਜ਼ਿਆਦਾਤਰ ਸਮਾਂ ਮੇਰੇ ਨਾਲ ਬਿਤਾਉਂਦੇ ਸਨ ਤੇ ਮੇਰੀ ਗੱਲ ਸੁਣਦੇ ਸਨ। ਜਦੋਂ ਮੈਂ ਆਪਣਾ ਦਿਲ ਹਲਕਾ ਕਰਨ ਲਈ ਗੱਲਾਂ ਕਰਦਾ ਸੀ ਜਾਂ ਰੋਂਦਾ ਸੀ, ਤਾਂ ਉਨ੍ਹਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਕਰਾਇਆ ਕਿ ਮੈਨੂੰ ਰੋਣਾ ਨਹੀਂ ਚਾਹੀਦਾ ਜਾਂ ਸੋਗ ਨਹੀਂ ਮਨਾਉਣਾ ਚਾਹੀਦਾ, ਸਗੋਂ ਉਹ ਧਿਆਨ ਨਾਲ ਮੇਰੀ ਗੱਲ ਸੁਣਦੇ ਸਨ। ਜਦੋਂ ਮੈਂ ਆਪਣੇ ਕੁਝ ਕੰਮ ਨਹੀਂ ਕਰ ਪਾਉਂਦਾ ਸੀ, ਤਾਂ ਉਹ ਮੇਰੇ ਸਾਰੇ ਕੰਮ ਕਰ ਦਿੰਦੇ ਸਨ, ਜਿਵੇਂ: ਮੇਰੀ ਕਾਰ ਧੋਣੀ, ਰਾਸ਼ਨ-ਪਾਣੀ ਖ਼ਰੀਦਣਾ ਅਤੇ ਖਾਣਾ ਬਣਾਉਣਾ। ਨਾਲੇ ਉਹ ਅਕਸਰ ਮੇਰੇ ਨਾਲ ਪ੍ਰਾਰਥਨਾ ਵੀ ਕਰਦੇ ਸਨ। ਉਹ ਮੇਰੇ ਸੱਚੇ ਦੋਸਤ ਸਾਬਤ ਹੋਏ ਜੋ ‘ਦੁੱਖ ਦੀ ਘੜੀ ਵਿਚ ਮੇਰੇ ਭਰਾ ਬਣ ਗਏ।’”—ਕਹਾ. 17:17.
ਯਿਸੂ ਲੋਕਾਂ ਲਈ ਰੋਇਆ
10. ਲੂਕਾ 19:36-40 ਵਿਚ ਕਿਹੜੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ?
10 ਯਿਸੂ 33 ਈਸਵੀ ਦੀ 9 ਨੀਸਾਨ ਨੂੰ ਯਰੂਸ਼ਲਮ ਪਹੁੰਚਿਆ। ਜਦੋਂ ਹੀ ਉਹ ਸ਼ਹਿਰ ਦੇ ਨੇੜੇ ਪਹੁੰਚਿਆ, ਤਾਂ ਭੀੜ ਇਕੱਠੀ ਹੋ ਗਈ ਤੇ ਲੋਕਾਂ ਨੇ ਯਿਸੂ ਨੂੰ ਆਪਣਾ ਰਾਜਾ ਮੰਨ ਕੇ ਉਸ ਦੇ ਰਾਹ ਵਿਚ ਆਪਣੇ ਕੱਪੜੇ ਵਿਛਾਉਣੇ ਸ਼ੁਰੂ ਕਰ ਦਿੱਤੇ। ਸੱਚ-ਮੁੱਚ! ਇਹ ਇਕ ਖ਼ੁਸ਼ੀ ਦਾ ਮੌਕਾ ਸੀ। (ਲੂਕਾ 19:36-40 ਪੜ੍ਹੋ।) ਇਸ ਲਈ ਸ਼ਾਇਦ ਉਸ ਦੇ ਚੇਲੇ ਸੋਚ ਵੀ ਨਹੀਂ ਸਕਦੇ ਸਨ ਕਿ ਅੱਗੇ ਕੀ ਹੋਣ ਵਾਲਾ ਸੀ। “ਜਦੋਂ [ਯਿਸੂ] ਯਰੂਸ਼ਲਮ ਦੇ ਨੇੜੇ ਪਹੁੰਚਿਆ, ਤਾਂ ਉਹ ਸ਼ਹਿਰ ਨੂੰ ਦੇਖ ਕੇ ਰੋਇਆ” ਅਤੇ ਉਸ ਨੇ ਭਵਿੱਖਬਾਣੀ ਕੀਤੀ ਕਿ ਯਰੂਸ਼ਲਮ ਅਤੇ ਇਸ ਦੇ ਵਾਸੀਆਂ ਨਾਲ ਬਹੁਤ ਬੁਰਾ ਹੋਣ ਵਾਲਾ ਸੀ।—ਲੂਕਾ 19:41-44.
11. ਯਿਸੂ ਯਰੂਸ਼ਲਮ ਦੇ ਲੋਕਾਂ ਲਈ ਕਿਉਂ ਰੋਇਆ?
11 ਚਾਹੇ ਯਰੂਸ਼ਲਮ ਦੇ ਲੋਕਾਂ ਨੇ ਯਿਸੂ ਦਾ ਦਿਲੋਂ ਸੁਆਗਤ ਕੀਤਾ ਸੀ, ਪਰ ਯਿਸੂ ਦਾ ਦਿਲ ਬਹੁਤ ਹੀ ਦੁਖੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਜ਼ਿਆਦਾਤਰ ਯਹੂਦੀ ਰਾਜ ਦਾ ਸੰਦੇਸ਼ ਨਹੀਂ ਸੁਣਨਗੇ। ਨਤੀਜੇ ਵਜੋਂ, ਯਰੂਸ਼ਲਮ ਦਾ ਨਾਸ਼ ਕਰ ਦਿੱਤਾ ਜਾਣਾ ਸੀ ਅਤੇ ਨਾਸ਼ ਵਿੱਚੋਂ ਬਚਣ ਵਾਲੇ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਣਾ ਸੀ। (ਲੂਕਾ 21:20-24) ਬਿਲਕੁਲ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ। ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੱਤਾ। ਕੀ ਤੁਹਾਡੇ ਇਲਾਕੇ ਵਿਚ ਵੀ ਜ਼ਿਆਦਾਤਰ ਲੋਕ ਰਾਜ ਦਾ ਸੰਦੇਸ਼ ਨਹੀਂ ਸੁਣਦੇ? ਜੇ ਥੋੜ੍ਹੇ ਹੀ ਲੋਕ ਸੱਚਾਈ ਸਿੱਖਣ ਲਈ ਤਿਆਰ ਹੁੰਦੇ ਹਨ, ਤਾਂ ਤੁਸੀਂ ਯਿਸੂ ਦੇ ਰੋਣ ਤੋਂ ਕੀ ਸਿੱਖਦੇ ਹੋ? ਆਓ ਦੇਖੀਏ ਕਿ ਅਸੀਂ ਇਸ ਘਟਨਾ ਤੋਂ ਕਿਹੜੇ ਤਿੰਨ ਸਬਕ ਸਿੱਖ ਸਕਦੇ ਹਾਂ।
12. ਯਿਸੂ ਦੇ ਰੋਣ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ?
12 ਯਹੋਵਾਹ ਲੋਕਾਂ ਦੀ ਪਰਵਾਹ ਕਰਦਾ ਹੈ। ਲੋਕਾਂ ਲਈ ਯਿਸੂ ਦੇ ਰੋਣ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਯਹੋਵਾਹ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਹੈ! “ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਅਸੀਂ ਵੀ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹਾਂ, ਇਸ ਲਈ ਅਸੀਂ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਾਸਤੇ ਪੂਰੀ ਵਾਹ ਲਾਉਂਦੇ ਹਾਂ।—ਮੱਤੀ 22:39. *
13-14. (ੳ) ਯਿਸੂ ਨੇ ਲੋਕਾਂ ਲਈ ਹਮਦਰਦੀ ਕਿਵੇਂ ਦਿਖਾਈ? (ਅ) ਅਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ?
13 ਯਿਸੂ ਨੇ ਪ੍ਰਚਾਰ ਕਰਨ ਲਈ ਸਖ਼ਤ ਮਿਹਨਤ ਕੀਤੀ। ਲੋਕਾਂ ਨਾਲ ਪਿਆਰ ਤੇ ਹਮਦਰਦੀ ਹੋਣ ਕਰਕੇ ਉਹ ਉਨ੍ਹਾਂ ਨੂੰ ਹਰ ਮੌਕੇ ’ਤੇ ਸਿਖਾਉਣ ਲਈ ਤਿਆਰ ਰਹਿੰਦਾ ਸੀ। (ਲੂਕਾ 19:47, 48) ਬਹੁਤ ਵਾਰ ਤਾਂ ਇੱਦਾਂ ਹੁੰਦਾ ਸੀ ਕਿ ਲੋਕ ਯਿਸੂ ਦੀਆਂ ਗੱਲਾਂ ਸੁਣਨ ਲਈ ਉਸ ਕੋਲ ਆਉਂਦੇ ਹੀ ਰਹਿੰਦੇ ਸਨ ਜਿਸ ਕਰਕੇ ਯਿਸੂ ਤੇ ਉਸ ਦੇ ਚੇਲਿਆਂ ਕੋਲ “ਖਾਣਾ ਖਾਣ ਦੀ ਵੀ ਵਿਹਲ” ਨਹੀਂ ਹੁੰਦੀ ਸੀ। (ਮਰ. 3:20) ਜੇ ਲੋਕ ਯਿਸੂ ਤੋਂ ਰਾਤ ਨੂੰ ਸਿੱਖਣਾ ਚਾਹੁੰਦੇ ਸਨ, ਤਾਂ ਉਹ ਉਨ੍ਹਾਂ ਨੂੰ ਰਾਤ ਨੂੰ ਵੀ ਸਿਖਾਉਣ ਲਈ ਤਿਆਰ ਰਹਿੰਦਾ ਸੀ। ਇਹ ਗੱਲ ਸੱਚ ਹੈ ਕਿ ਜਿਨ੍ਹਾਂ ਲੋਕਾਂ ਨੇ ਯਿਸੂ ਦੀ ਗੱਲ ਸੁਣੀ, ਉਨ੍ਹਾਂ ਵਿੱਚੋਂ ਬਹੁਤ ਜਣੇ ਉਸ ਦੇ ਚੇਲੇ ਨਹੀਂ ਬਣੇ, ਪਰ ਉਨ੍ਹਾਂ ਸਾਰਿਆਂ ਨੂੰ ਚੰਗੀ ਗਵਾਹੀ ਜ਼ਰੂਰੀ ਮਿਲੀ। (ਯੂਹੰ. 3:1, 2) ਅਸੀਂ ਵੀ ਹਰ ਮੌਕੇ ’ਤੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੇ ਹਾਂ। (ਰਸੂ. 10:42) ਇਸ ਲਈ ਸ਼ਾਇਦ ਸਾਨੂੰ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਅਤੇ ਸਮੇਂ ਵਿਚ ਫੇਰ-ਬਦਲ ਕਰਨਾ ਪਵੇ।
14 ਫੇਰ-ਬਦਲ ਕਰਨ ਲਈ ਤਿਆਰ ਰਹੋ। ਜੇ ਅਸੀਂ ਵੱਖ-ਵੱਖ ਸਮੇਂ ਤੇ ਪ੍ਰਚਾਰ ਕਰਦੇ ਰਹਿੰਦੇ ਹਾਂ, ਤਾਂ ਸ਼ਾਇਦ ਅਸੀਂ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਨਾ ਸੁਣਾ ਸਕੀਏ ਜੋ ਸੱਚ-ਮੁੱਚ ਇਸ ਬਾਰੇ ਜਾਣਨਾ ਚਾਹੁੰਦੇ ਹਨ। ਇਕ ਪਾਇਨੀਅਰ ਭੈਣ ਮਟਿਲਡਾ ਦੱਸਦੀ ਹੈ: “ਮੈਂ ਆਪਣੇ ਪਤੀ ਨਾਲ ਅਲੱਗ-ਅਲੱਗ ਸਮੇਂ ਤੇ ਪ੍ਰਚਾਰ ਕਰਦੀ ਹਾਂ। ਅਸੀਂ ਸਵੇਰੇ-ਸਵੇਰੇ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਦੇ ਹਾਂ ਅਤੇ ਦੁਪਹਿਰ ਨੂੰ ਰੇੜ੍ਹੀ ਲਾ ਕੇ ਪ੍ਰਚਾਰ ਕਰਦੇ ਹਾਂ ਕਿਉਂਕਿ ਉਸ ਵੇਲੇ ਜ਼ਿਆਦਾਤਰ ਲੋਕ ਆਪਣੇ ਘਰੋਂ ਬਾਹਰ ਹੁੰਦੇ ਹਨ। ਨਾਲੇ ਸ਼ਾਮ ਨੂੰ ਅਸੀਂ ਘਰ-ਘਰ ਪ੍ਰਚਾਰ ਕਰਦੇ ਹਾਂ ਕਿਉਂਕਿ ਉਸ ਵੇਲੇ ਜ਼ਿਆਦਾਤਰ ਲੋਕ ਆਪਣੇ ਘਰ ਹੀ ਹੁੰਦੇ ਹਨ।” ਸਾਨੂੰ ਸਿਰਫ਼ ਉਦੋਂ ਪ੍ਰਚਾਰ ਨਹੀਂ ਕਰਨਾ ਚਾਹੀਦਾ ਜਦੋਂ ਸਾਡੇ ਲਈ ਕਰਨਾ ਸੌਖਾ ਹੁੰਦਾ ਹੈ, ਸਗੋਂ ਸਾਨੂੰ ਉਦੋਂ ਪ੍ਰਚਾਰ ਕਰਨਾ ਚਾਹੀਦਾ ਹੈ ਜਦੋਂ ਜ਼ਿਆਦਾਤਰ ਲੋਕ ਸਾਨੂੰ ਮਿਲ ਸਕਣ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਿਹਨਤ ਦੇਖ ਕੇ ਖ਼ੁਸ਼ ਹੁੰਦਾ ਹੈ।
ਆਪਣੇ ਪਿਤਾ ਦੇ ਨਾਂ ਲਈ ਰੋਇਆ
15. ਲੂਕਾ 22:39-44 ਮੁਤਾਬਕ 14 ਨੀਸਾਨ ਦੀ ਰਾਤ ਨੂੰ ਕੀ ਹੋਇਆ ਸੀ?
15 ਸਾਲ 33 ਈਸਵੀ ਦੀ 14 ਨੀਸਾਨ ਦੀ ਰਾਤ ਨੂੰ ਯਿਸੂ ਗਥਸਮਨੀ ਦੇ ਬਾਗ਼ ਵਿਚ ਗਿਆ। ਉੱਥੇ ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ। (ਲੂਕਾ 22:39-44 ਪੜ੍ਹੋ।) ਇਸ ਮੌਕੇ ’ਤੇ ਯਿਸੂ ਨੇ ‘ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ ਉਸ ਨੂੰ ਫ਼ਰਿਆਦਾਂ ਕੀਤੀਆਂ।’ (ਇਬ. 5:7) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ, ਯਿਸੂ ਨੇ ਕਿਹੜੀ ਗੱਲ ਲਈ ਪ੍ਰਾਰਥਨਾ ਕੀਤੀ? ਉਸ ਨੇ ਯਹੋਵਾਹ ਤੋਂ ਤਾਕਤ ਮੰਗੀ ਤਾਂਕਿ ਉਹ ਵਫ਼ਾਦਾਰ ਰਹਿ ਸਕੇ ਅਤੇ ਉਸ ਦੀ ਮਰਜ਼ੀ ਪੂਰੀ ਕਰ ਸਕੇ। ਯਹੋਵਾਹ ਨੇ ਆਪਣੇ ਪੁੱਤਰ ਦੀ ਦਿਲੋਂ ਕੀਤੀ ਪ੍ਰਾਰਥਨਾ ਸੁਣੀ ਅਤੇ ਉਸ ਨੂੰ ਤਕੜਾ ਕਰਨ ਲਈ ਇਕ ਦੂਤ ਭੇਜਿਆ।
16. ਗਥਸਮਨੀ ਦੇ ਬਾਗ਼ ਵਿਚ ਪ੍ਰਾਰਥਨਾ ਕਰਦਿਆਂ ਯਿਸੂ ਕਿਉਂ ਪਰੇਸ਼ਾਨ ਸੀ?
16 ਗਥਸਮਨੀ ਦੇ ਬਾਗ਼ ਵਿਚ ਪ੍ਰਾਰਥਨਾ ਕਰਦਿਆਂ ਯਿਸੂ ਰੋਇਆ ਸੀ ਕਿਉਂਕਿ ਉਹ ਇਸ ਖ਼ਿਆਲ ਕਰਕੇ ਪਰੇਸ਼ਾਨ ਸੀ ਕਿ ਉਸ ਉੱਤੇ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਕਰਨ ਦਾ ਦੋਸ਼ ਲਾਇਆ ਜਾਵੇਗਾ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦੇ ਮੋਢਿਆਂ ’ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀ ਕਿ ਉਸ ਨੇ ਆਪਣੇ ਪਿਤਾ ਦਾ ਨਾਂ ਪਵਿੱਤਰ ਕਰਨਾ ਸੀ। ਜੇ ਤੁਸੀਂ ਵੀ ਇੱਦਾਂ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋ ਜਿਨ੍ਹਾਂ ਵਿਚ ਤੁਹਾਡੀ ਵਫ਼ਾਦਾਰੀ ਪਰਖੀ ਜਾ ਰਹੀ ਹੈ, ਤਾਂ ਤੁਸੀਂ ਯਿਸੂ ਦੇ ਹੰਝੂਆਂ ਤੋਂ ਕੀ ਸਿੱਖ ਸਕਦੇ ਹੋ? ਆਓ ਦੇਖੀਏ ਕਿ ਅਸੀਂ ਇਸ ਘਟਨਾ ਤੋਂ ਕਿਹੜੇ ਤਿੰਨ ਸਬਕ ਸਿੱਖ ਸਕਦੇ ਹਾਂ।
17. ਯਹੋਵਾਹ ਨੇ ਯਿਸੂ ਦੀ ਪ੍ਰਾਰਥਨਾ ਕਿਉਂ ਸੁਣੀ ਅਤੇ ਅਸੀਂ ਇਸ ਤੋਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
17 ਯਹੋਵਾਹ ਤੁਹਾਡੀਆਂ ਫ਼ਰਿਆਦਾਂ ਸੁਣਦਾ ਹੈ। ਯਹੋਵਾਹ ਨੇ ਯਿਸੂ ਦੀ ਦਿਲੋਂ ਕੀਤੀ ਪ੍ਰਾਰਥਨਾ ਸੁਣੀ। ਕਿਉਂ? ਕਿਉਂਕਿ ਯਿਸੂ ਲਈ ਸਭ ਤੋਂ ਅਹਿਮ ਗੱਲ ਸੀ ਕਿ ਉਹ ਆਪਣੇ ਪਿਤਾ ਦਾ ਵਫ਼ਾਦਾਰ ਰਹੇ ਅਤੇ ਉਸ ਦਾ ਨਾਂ ਪਵਿੱਤਰ ਕਰੇ। ਜੇ ਸਾਡੇ ਲਈ ਵੀ ਯਹੋਵਾਹ ਦੇ ਵਫ਼ਾਦਾਰ ਰਹਿਣਾ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰਨਾ ਸਭ ਤੋਂ ਅਹਿਮ ਹੈ, ਤਾਂ ਯਹੋਵਾਹ ਮਦਦ ਲਈ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ।—ਜ਼ਬੂ. 145:18, 19.
18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਸਾਨੂੰ ਸਮਝਦਾ ਹੈ?
18 ਯਿਸੂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ। ਯਿਸੂ ਇਕ ਅਜਿਹੇ ਦੋਸਤ ਵਾਂਗ ਹੈ ਜੋ ਉਨ੍ਹਾਂ ਹਾਲਾਤਾਂ ਵਿੱਚੋਂ ਲੰਘਿਆ ਹੈ ਜਿਨ੍ਹਾਂ ਵਿੱਚੋਂ ਅਸੀਂ ਲੰਘ ਰਹੇ ਹਾਂ। ਇਸ ਲਈ ਉਹ ਤੁਹਾਡੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹ ਸਮਝਦਾ ਹੈ ਕਿ ਦੁੱਖ ਵਿੱਚੋਂ ਲੰਘਦੇ ਵੇਲੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ ਅਤੇ ਉਹ ਜਾਣਦਾ ਹੈ ਕਿ ਸਾਨੂੰ ਮਦਦ ਦੀ ਲੋੜ ਹੈ। ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਜਾਣਦਾ ਹੈ ਅਤੇ “ਲੋੜ ਵੇਲੇ” ਸਾਡੀ ਮਦਦ ਕਰਨੀ ਚਾਹੁੰਦਾ ਹੈ। (ਇਬ. 4:15, 16) ਯਿਸੂ ਨੇ ਗਥਸਮਨੀ ਦੇ ਬਾਗ਼ ਵਿਚ ਪਰਮੇਸ਼ੁਰ ਵੱਲੋਂ ਭੇਜੇ ਦੂਤ ਤੋਂ ਮਦਦ ਸਵੀਕਾਰ ਕੀਤੀ। ਸਾਨੂੰ ਵੀ ਯਹੋਵਾਹ ਵੱਲੋਂ ਮਿਲਦੀ ਮਦਦ ਸਵੀਕਾਰ ਕਰਨੀ ਚਾਹੀਦੀ ਹੈ, ਫਿਰ ਚਾਹੇ ਉਹ ਸਾਡੀ ਮਦਦ ਕਰਨ ਲਈ ਕਿਸੇ ਪ੍ਰਕਾਸ਼ਨ, ਵੀਡੀਓ, ਭਾਸ਼ਣ, ਬਜ਼ੁਰਗ ਜਾਂ ਕਿਸੇ ਸਮਝਦਾਰ ਮਸੀਹੀ ਨੂੰ ਹੀ ਕਿਉਂ ਨਾ ਵਰਤੇ।
19. ਔਖੀਆਂ ਘੜੀਆਂ ਵਿਚ ਤੁਸੀਂ ਕੀ ਕਰ ਸਕਦੇ ਹੋ? ਇਕ ਮਿਸਾਲ ਦਿਓ।
19 ਯਹੋਵਾਹ ਤੁਹਾਨੂੰ “ਸ਼ਾਂਤੀ” ਦਿੰਦਾ ਹੈ। ਜਦੋਂ ਅਸੀਂ ਔਖੀਆਂ ਘੜੀਆਂ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਨੂੰ ਆਪਣੀ ‘ਸ਼ਾਂਤੀ ਦਿੰਦਾ ਹੈ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ (ਫ਼ਿਲਿ. 4:6, 7) ਇਹ ਸ਼ਾਂਤੀ ਸਾਡੇ ਮਨ ਨੂੰ ਸਕੂਨ ਦਿੰਦੀ ਹੈ ਅਤੇ ਅਸੀਂ ਸਹੀ ਤਰੀਕੇ ਨਾਲ ਸੋਚ ਪਾਉਂਦੇ ਹਾਂ। ਜ਼ਰਾ ਭੈਣ ਲੂਜ਼ ਦੇ ਤਜਰਬੇ ’ਤੇ ਗੌਰ ਕਰੋ। ਉਹ ਦੱਸਦੀ ਹੈ: “ਮੈਂ ਬਹੁਤ ਇਕੱਲਾਪਣ ਮਹਿਸੂਸ ਕਰਦੀ ਹਾਂ, ਇਸ ਕਰਕੇ ਕਦੇ-ਕਦੇ ਮੈਂ ਇਹ ਵੀ ਸੋਚਦੀ ਹਾਂ ਕਿ ਯਹੋਵਾਹ ਮੈਨੂੰ ਪਿਆਰ ਨਹੀਂ ਕਰਦਾ। ਪਰ ਜਦੋਂ ਇੱਦਾਂ ਹੁੰਦਾ ਹੈ, ਤਾਂ ਮੈਂ ਉਸੇ ਵੇਲੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੇ ਦਿਲ ਦਾ ਹਾਲ ਬਿਆਨ ਕਰਦੀ ਹਾਂ। ਪ੍ਰਾਰਥਨਾ ਕਰ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਤੇ ਮੈ ਸਹੀ ਤਰੀਕੇ ਨਾਲ ਸੋਚ ਪਾਉਂਦੀ ਹਾਂ।” ਭੈਣ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਵੀ ਪ੍ਰਾਰਥਨਾ ਕਰ ਕੇ ਸ਼ਾਂਤੀ ਪਾ ਸਕਦੇ ਹਾਂ।
20. ਇਸ ਲੇਖ ਵਿਚ ਅਸੀਂ ਯਿਸੂ ਦੇ ਰੋਣ ਤੋਂ ਕੀ ਸਿੱਖਿਆ?
20 ਇਸ ਲੇਖ ਵਿੱਚੋਂ ਅਸੀਂ ਯਿਸੂ ਦੇ ਰੋਣ ਤੋਂ ਬਹੁਤ ਹੀ ਵਧੀਆ ਸਬਕ ਸਿੱਖੇ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਾਂ। ਸਾਨੂੰ ਯਾਦ ਕਰਾਇਆ ਗਿਆ ਕਿ ਸਾਨੂੰ ਸੋਗ ਮਨਾਂ ਰਹੇ ਭੈਣਾਂ-ਭਰਾਵਾਂ ਨੂੰ ਸਹਾਰਾ ਦੇਣਾ ਚਾਹੀਦਾ ਹੈ। ਨਾਲੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਸਾਡਾ ਵੀ ਕੋਈ ਅਜ਼ੀਜ਼ ਮੌਤ ਦੀ ਨੀਂਦ ਸੌਂ ਜਾਂਦਾ ਹੈ, ਤਾਂ ਯਹੋਵਾਹ ਤੇ ਯਿਸੂ ਸਾਨੂੰ ਸਹਾਰਾ ਜ਼ਰੂਰ ਦੇਣਗੇ। ਯਹੋਵਾਹ ਤੇ ਯਿਸੂ ਦੀ ਰੀਸ ਕਰਦਿਆਂ ਅਸੀਂ ਵੀ ਦੂਜਿਆਂ ਨਾਲ ਪਿਆਰ ਤੇ ਹਮਦਰਦੀ ਹੋਣ ਕਰਕੇ ਪ੍ਰਚਾਰ ਕਰਨ ਅਤੇ ਸਿਖਾਉਣ ਲਈ ਹਮੇਸ਼ਾ ਤਿਆਰ ਰਹਾਂਗੇ। ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਅਤੇ ਉਸ ਦਾ ਪਿਆਰਾ ਪੁੱਤਰ ਸਾਨੂੰ ਸਮਝਦੇ ਹਨ, ਸਾਡੀਆਂ ਕਮਜ਼ੋਰੀਆਂ ਨੂੰ ਜਾਣਦੇ ਹਨ ਅਤੇ ਦੁੱਖ ਵੇਲੇ ਸਾਡੀ ਮਦਦ ਕਰਨੀ ਚਾਹੁੰਦੇ ਹਨ। ਆਓ ਆਪਾਂ ਉਦੋਂ ਤਕ ਇਸ ਲੇਖ ਤੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੀਏ ਜਦੋਂ ਤਕ ਯਹੋਵਾਹ ਸਾਡੀਆਂ “ਅੱਖਾਂ ਤੋਂ ਹਰ ਹੰਝੂ ਪੂੰਝ” ਨਹੀਂ ਦਿੰਦਾ।—ਪ੍ਰਕਾ. 21:4.
ਗੀਤ 13 ਮਸੀਹ, ਸਾਡੀ ਮਿਸਾਲ
^ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਕੁਝ ਮੌਕਿਆਂ ’ਤੇ ਯਿਸੂ ਭਾਵੁਕ ਹੋ ਕੇ ਰੋਣ ਲੱਗ ਪਿਆ। ਇਸ ਲੇਖ ਵਿਚ ਅਸੀਂ ਇੱਦਾਂ ਦੇ ਤਿੰਨ ਮੌਕਿਆਂ ਬਾਰੇ ਜਾਣਾਂਗੇ ਕਿ ਯਿਸੂ ਕਿਉਂ ਰੋਇਆ ਸੀ ਅਤੇ ਉਸ ਦੇ ਹੰਝੂਆਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ।
^ ਕੁਝ ਨਾਂ ਬਦਲੇ ਗਏ ਹਨ।
^ ਮੱਤੀ 22:39 ਵਿਚ ਦਰਜ “ਗੁਆਂਢੀ” ਦੇ ਯੂਨਾਨੀ ਸ਼ਬਦ ਦਾ ਮਤਲਬ ਸਿਰਫ਼ ਗੁਆਂਢ ਵਿਚ ਰਹਿਣ ਵਾਲੇ ਲੋਕ ਨਹੀਂ ਹਨ, ਸਗੋਂ ਉਹ ਲੋਕ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ।
^ ਤਸਵੀਰ ਬਾਰੇ ਜਾਣਕਾਰੀ: ਯਿਸੂ ਨੇ ਮਰੀਅਮ ਤੇ ਮਾਰਥਾ ਦਾ ਦੁੱਖ ਦੇਖ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਅਸੀਂ ਵੀ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇ ਸਕਦੇ ਹਾਂ।
^ ਤਸਵੀਰ ਬਾਰੇ ਜਾਣਕਾਰੀ: ਯਿਸੂ ਨਿਕੁਦੇਮੁਸ ਨੂੰ ਰਾਤ ਨੂੰ ਸਿਖਾਉਣ ਲਈ ਤਿਆਰ ਸੀ। ਸਾਨੂੰ ਵੀ ਲੋਕਾਂ ਦੇ ਸਮੇਂ ਮੁਤਾਬਕ ਉਨ੍ਹਾਂ ਨੂੰ ਸਟੱਡੀ ਕਰਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।
^ ਤਸਵੀਰ ਬਾਰੇ ਜਾਣਕਾਰੀ: ਯਿਸੂ ਨੇ ਯਹੋਵਾਹ ਤੋਂ ਤਾਕਤ ਮੰਗੀ ਕਿ ਉਹ ਉਸ ਦਾ ਵਫ਼ਾਦਾਰ ਰਹਿ ਸਕੇ। ਸਾਨੂੰ ਵੀ ਔਖੀਆਂ ਘੜੀਆਂ ਵੇਲੇ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ।