ਅਧਿਐਨ ਲੇਖ 2
ਯਿਸੂ ਦੇ ਛੋਟੇ ਭਰਾ ਤੋਂ ਸਿੱਖੋ
“ਮੈਂ ਯਾਕੂਬ, ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦਾ ਦਾਸ ਹਾਂ।”—ਯਾਕੂ. 1:1.
ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ
ਖ਼ਾਸ ਗੱਲਾਂ *
1. ਯਾਕੂਬ ਦੀ ਪਰਵਰਿਸ਼ ਕਿਹੋ ਜਿਹੇ ਪਰਿਵਾਰ ਵਿਚ ਹੋਈ ਸੀ?
ਯਿਸੂ ਦੇ ਭਰਾ ਯਾਕੂਬ ਨੂੰ ਵੀ ਉਨ੍ਹਾਂ ਦੇ ਮਾਪਿਆਂ ਨੇ ਬਚਪਨ ਤੋਂ ਹੀ ਯਹੋਵਾਹ ਬਾਰੇ ਸਿਖਾਇਆ ਸੀ। ਉਸ ਦੇ ਮਾਤਾ-ਪਿਤਾ ਯੂਸੁਫ਼ ਅਤੇ ਮਰੀਅਮ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਸਨ ਤੇ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰਦੇ ਸਨ। ਇਸ ਤੋਂ ਇਲਾਵਾ, ਉਸ ਦਾ ਸਭ ਤੋਂ ਵੱਡਾ ਭਰਾ ਯਿਸੂ ਅੱਗੇ ਚੱਲ ਕੇ ਵਾਅਦਾ ਕੀਤਾ ਹੋਇਆ ਮਸੀਹ ਬਣਿਆ। ਸੱਚ-ਮੁੱਚ, ਯਾਕੂਬ ਦੀ ਪਰਵਰਿਸ਼ ਕਿੰਨੇ ਹੀ ਵਧੀਆ ਪਰਿਵਾਰ ਵਿਚ ਹੋਈ ਸੀ!
2. ਯਾਕੂਬ ਕੋਲ ਆਪਣੇ ਵੱਡੇ ਭਰਾ ਦਾ ਆਦਰ ਕਰਨ ਦੇ ਕਿਹੜੇ ਕਾਰਨ ਸਨ?
2 ਯਾਕੂਬ ਕੋਲ ਆਪਣੇ ਵੱਡੇ ਭਰਾ ਦਾ ਆਦਰ ਕਰਨ ਦੇ ਬਹੁਤ ਸਾਰੇ ਕਾਰਨ ਸਨ। (ਮੱਤੀ 13:55) ਉਦਾਹਰਣ ਲਈ, ਜਦੋਂ ਯਿਸੂ 12 ਸਾਲਾਂ ਦਾ ਸੀ, ਉਦੋਂ ਹੀ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਇੰਨਾ ਗਿਆਨ ਸੀ ਕਿ ਯਰੂਸ਼ਲਮ ਦੇ ਵੱਡੇ-ਵੱਡੇ ਧਰਮ-ਗੁਰੂ ਵੀ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ। (ਲੂਕਾ 2:46, 47) ਯਾਕੂਬ ਨੇ ਸ਼ਾਇਦ ਯਿਸੂ ਨਾਲ ਤਰਖਾਣ ਦਾ ਕੰਮ ਕੀਤਾ ਹੋਣਾ, ਇਸ ਸਮੇਂ ਦੌਰਾਨ ਉਹ ਯਿਸੂ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਿਆ ਹੋਣਾ। ਭਰਾ ਨੇਥਨ ਐੱਚ. ਨੌਰ ਹਮੇਸ਼ਾ ਕਹਿੰਦਾ ਸੀ: “ਜਦੋਂ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ, ਉਦੋਂ ਤੁਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਪਾਉਂਦੇ ਹੋ।” * ਯਾਕੂਬ ਨੇ ਇਹ ਵੀ ਧਿਆਨ ਦਿੱਤਾ ਹੋਣਾ: “ਯਿਸੂ ਵੱਡਾ ਹੁੰਦਾ ਗਿਆ ਅਤੇ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਦੀ ਮਿਹਰ ਹਮੇਸ਼ਾ ਉਸ ਉੱਤੇ ਰਹੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।” (ਲੂਕਾ 2:52) ਇਸ ਲਈ ਸ਼ਾਇਦ ਅਸੀਂ ਸੋਚੀਏ ਕਿ ਯਾਕੂਬ ਹੀ ਯਿਸੂ ਦਾ ਪਹਿਲਾ ਚੇਲਾ ਬਣਿਆ ਹੋਣਾ, ਪਰ ਇੱਦਾਂ ਨਹੀਂ ਹੋਇਆ।
3. ਕੀ ਯਿਸੂ ਦੇ ਜੀਉਂਦੇ-ਜੀ ਯਾਕੂਬ ਯਿਸੂ ਦਾ ਚੇਲਾ ਬਣਿਆ?
3 ਯਿਸੂ ਦੇ ਜੀਉਂਦੇ-ਜੀ ਯਾਕੂਬ ਉਸ ਦਾ ਚੇਲਾ ਨਹੀਂ ਬਣਿਆ। (ਯੂਹੰ. 7:3-5) ਸ਼ਾਇਦ ਯਾਕੂਬ ਨੇ ਵੀ ਆਪਣੇ ਬਾਕੀ ਘਰਦਿਆਂ ਵਾਂਗ ਯਿਸੂ ਬਾਰੇ ਇਹ ਗੱਲ ਕਹੀ ਹੋਣੀ: “ਇਹ ਤਾਂ ਪਾਗਲ ਹੋ ਗਿਆ ਹੈ।” (ਮਰ. 3:21) ਬਾਈਬਲ ਵਿਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਜਦੋਂ ਯਿਸੂ ਨੂੰ ਸੂਲ਼ੀ ’ਤੇ ਟੰਗ ਕੇ ਮਾਰਿਆ ਗਿਆ, ਤਾਂ ਮਰੀਅਮ ਨਾਲ ਯਾਕੂਬ ਵੀ ਉੱਥੇ ਸੀ।—ਯੂਹੰ. 19:25-27.
4. ਇਸ ਲੇਖ ਤੋਂ ਅਸੀਂ ਕੀ ਸਿੱਖਾਂਗੇ?
4 ਬਾਅਦ ਵਿਚ ਯਾਕੂਬ ਨੇ ਯਿਸੂ ’ਤੇ ਨਿਹਚਾ ਕੀਤੀ। ਉਸ ਨੇ ਮਸੀਹੀ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕੀਤੀ ਅਤੇ ਮੰਡਲੀ ਦੇ ਭੈਣ-ਭਰਾ ਉਸ ਦਾ ਆਦਰ ਕਰਦੇ ਸਨ। ਇਸ ਲੇਖ ਵਿਚ ਅਸੀਂ ਯਾਕੂਬ ਤੋਂ ਦੋ ਗੱਲਾਂ ਸਿੱਖਾਂਗੇ: (1) ਸਾਨੂੰ ਨਿਮਰ ਕਿਉਂ ਰਹਿਣਾ ਚਾਹੀਦਾ? (2) ਅਸੀਂ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹਾਂ?
ਯਾਕੂਬ ਵਾਂਗ ਨਿਮਰ ਬਣੇ ਰਹੋ
5. ਦੁਬਾਰਾ ਜੀ ਉਠਾਏ ਜਾਣ ਤੋਂ ਬਾਅਦ ਜਦੋਂ ਯਿਸੂ ਯਾਕੂਬ ਨੂੰ ਮਿਲਿਆ, ਤਾਂ ਇਸ ਦਾ ਯਾਕੂਬ ’ਤੇ ਕੀ ਅਸਰ ਪਿਆ?
5 ਦੁਬਾਰਾ ਜੀ ਉਠਾਏ ਜਾਣ ਤੋਂ ਬਾਅਦ ਯਿਸੂ “ਯਾਕੂਬ ਦੇ ਸਾਮ੍ਹਣੇ ਪ੍ਰਗਟ ਹੋਇਆ ਤੇ ਫਿਰ ਸਾਰੇ ਰਸੂਲਾਂ ਦੇ ਸਾਮ੍ਹਣੇ।” (1 ਕੁਰਿੰ. 15:7) ਯਿਸੂ ਨੂੰ ਮਿਲਣ ਤੋਂ ਬਾਅਦ, ਯਾਕੂਬ ਦੀ ਜ਼ਿੰਦਗੀ ਇਕਦਮ ਬਦਲ ਗਈ ਅਤੇ ਉਹ ਯਿਸੂ ਦਾ ਚੇਲਾ ਬਣ ਗਿਆ। ਜਦੋਂ ਯਰੂਸ਼ਲਮ ਵਿਚ ਸਾਰੇ ਰਸੂਲ ਚੁਬਾਰੇ ਵਿਚ ਬੈਠੇ ਪਵਿੱਤਰ ਸ਼ਕਤੀ ਪਾਉਣ ਦਾ ਇੰਤਜ਼ਾਰ ਕਰ ਰਹੇ ਸਨ, ਤਾਂ ਯਾਕੂਬ ਵੀ ਉੱਥੇ ਸੀ। (ਰਸੂ. 1:13, 14) ਬਾਅਦ ਵਿਚ ਯਾਕੂਬ ਨੂੰ ਪ੍ਰਬੰਧਕ ਸਭਾ ਦਾ ਮੈਂਬਰ ਬਣਨ ਦਾ ਮੌਕਾ ਮਿਲਿਆ। (ਰਸੂ. 15:6, 13-22; ਗਲਾ. 2:9) ਫਿਰ 62 ਈਸਵੀ ਤੋਂ ਕੁਝ ਸਮਾਂ ਪਹਿਲਾਂ, ਯਹੋਵਾਹ ਨੇ ਯਾਕੂਬ ਨੂੰ ਚੁਣੇ ਹੋਏ ਮਸੀਹੀਆਂ ਨੂੰ ਚਿੱਠੀ ਲਿਖਣ ਲਈ ਉਕਸਾਇਆ। ਇਸ ਚਿੱਠੀ ਤੋਂ ਅੱਜ ਸਾਨੂੰ ਸਾਰਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ’ਤੇ ਰਹਿਣ ਦੀ। (ਯਾਕੂ. 1:1) ਪਹਿਲੀ ਸਦੀ ਦੇ ਇਤਿਹਾਸਕਾਰ ਜੋਸੀਫ਼ਸ ਮੁਤਾਬਕ ਯਹੂਦੀ ਮਹਾਂ ਜਾਜਕ ਹਨਾਨਿਆ (ਅੰਨਾਸ ਦੇ ਪੁੱਤਰ) ਨੇ ਹੀ ਯਾਕੂਬ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਯਾਕੂਬ ਮਰਦੇ ਦਮ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ।
6. ਯਾਕੂਬ ਅਤੇ ਧਾਰਮਿਕ ਆਗੂਆਂ ਵਿਚ ਕੀ ਫ਼ਰਕ ਸੀ?
6 ਯਾਕੂਬ ਨਿਮਰ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਗੌਰ ਕਰੋ: ਧਾਰਮਿਕ ਆਗੂਆਂ ਤੋਂ ਉਲਟ ਯਾਕੂਬ ਦਾ ਯਿਸੂ ਪ੍ਰਤੀ ਕੀ ਨਜ਼ਰੀਆ ਸੀ? ਜਦੋਂ ਯਾਕੂਬ ਨੂੰ ਇਸ ਗੱਲ ਦਾ ਪੱਕਾ ਸਬੂਤ ਮਿਲਿਆ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ, ਤਾਂ ਉਸ ਨੇ ਨਿਮਰਤਾ ਨਾਲ ਉਸੇ ਸਮੇਂ ਯਿਸੂ ’ਤੇ ਯਕੀਨ ਕਰ ਲਿਆ। ਪਰ ਜਦੋਂ ਧਾਰਮਿਕ ਆਗੂਆਂ ਨੂੰ ਇਸ ਗੱਲ ਦੇ ਸਬੂਤ ਮਿਲੇ, ਤਾਂ ਉਨ੍ਹਾਂ ਨੇ ਯਕੀਨ ਨਹੀਂ ਕੀਤਾ। ਉਦਾਹਰਣ ਲਈ, ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਸਨ ਕਿ ਯਿਸੂ ਨੇ ਹੀ ਲਾਜ਼ਰ ਨੂੰ ਜੀਉਂਦਾ ਕੀਤਾ ਸੀ। ਪਰ ਉਨ੍ਹਾਂ ਨੇ ਇਹ ਗੱਲ ਨਹੀਂ ਮੰਨੀ ਕਿ ਯਿਸੂ ਨੂੰ ਯਹੋਵਾਹ ਨੇ ਹੀ ਭੇਜਿਆ ਸੀ, ਸਗੋਂ ਉਹ ਯਿਸੂ ਅਤੇ ਲਾਜ਼ਰ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ। (ਯੂਹੰ. 11:53; 12:9-11) ਬਾਅਦ ਵਿਚ, ਜਦੋਂ ਯਿਸੂ ਜੀਉਂਦਾ ਹੋਇਆ, ਤਾਂ ਉਨ੍ਹਾਂ ਨੇ ਇਹ ਗੱਲ ਲੋਕਾਂ ਤੋਂ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। (ਮੱਤੀ 28:11-15) ਉਨ੍ਹਾਂ ਧਾਰਮਿਕ ਆਗੂਆਂ ਵਿਚ ਇੰਨਾ ਘਮੰਡ ਸੀ ਕਿ ਉਨ੍ਹਾਂ ਨੇ ਮਸੀਹ ਨੂੰ ਠੁਕਰਾ ਦਿੱਤਾ।
7. ਸਾਨੂੰ ਘਮੰਡ ਕਿਉਂ ਨਹੀਂ ਕਰਨਾ ਚਾਹੀਦਾ?
7 ਸਬਕ: ਘਮੰਡ ਨਾ ਕਰੋ ਅਤੇ ਯਹੋਵਾਹ ਤੋਂ ਸਿੱਖਣ ਲਈ ਹਮੇਸ਼ਾ ਤਿਆਰ ਰਹੋ। ਜਿਸ ਤਰ੍ਹਾਂ ਦਿਲ ਦੀ ਬੀਮਾਰੀ ਕਰਕੇ ਦਿਲ ਦੀਆਂ ਨਾੜਾਂ ਸਖ਼ਤ ਹੋ ਜਾਂਦੀਆਂ ਹਨ ਤੇ ਦਿਲ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਇਸੇ ਤਰ੍ਹਾਂ ਘਮੰਡ ਕਰਕੇ ਸਾਡਾ ਦਿਲ ਸਖ਼ਤ ਹੋ ਜਾਂਦਾ ਹੈ ਜਿਸ ਕਰਕੇ ਅਸੀਂ ਯਹੋਵਾਹ ਦੀ ਸੇਧ ਵਿਚ ਨਹੀਂ ਚੱਲ ਪਾਉਂਦੇ। ਫ਼ਰੀਸੀਆਂ ਨਾਲ ਵੀ ਇੱਦਾਂ ਹੀ ਹੋਇਆ, ਉਨ੍ਹਾਂ ਨੇ ਆਪਣੇ ਦਿਲ ਸਖ਼ਤ ਕਰ ਲਏ। ਇਸ ਲਈ ਭਾਵੇਂ ਉਨ੍ਹਾਂ ਸਾਮ੍ਹਣੇ ਇਸ ਗੱਲ ਦੇ ਪੱਕੇ ਸਬੂਤ ਸਨ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਉਸ ’ਤੇ ਹੈ, ਫਿਰ ਵੀ ਉਨ੍ਹਾਂ ਨੇ ਉਸ ’ਤੇ ਯਕੀਨ ਨਹੀਂ ਕੀਤਾ। (ਯੂਹੰ. 12:37-40) ਘਮੰਡ ਕਰਨ ਕਰਕੇ ਉਨ੍ਹਾਂ ਨੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਗੁਆ ਲਈ। (ਮੱਤੀ 23:13, 33) ਇਸ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਪਵਿੱਤਰ ਸ਼ਕਤੀ ਨੂੰ ਸਾਡੀ ਸ਼ਖ਼ਸੀਅਤ ਬਦਲਣ ਤੇ ਸਾਡੀ ਸੋਚ ਤੇ ਫ਼ੈਸਲਿਆਂ ’ਤੇ ਅਸਰ ਕਰਨ ਦੇਈਏ। (ਯਾਕੂ. 3:17) ਯਾਕੂਬ ਨਿਮਰ ਸੀ, ਇਸ ਲਈ ਉਹ ਯਹੋਵਾਹ ਤੋਂ ਸਿੱਖਣ ਲਈ ਤਿਆਰ ਰਹਿੰਦਾ ਸੀ। ਆਓ ਹੁਣ ਆਪਾਂ ਦੇਖੀਏ ਕਿ ਨਿਮਰ ਹੋਣ ਕਰਕੇ ਯਾਕੂਬ ਵਧੀਆ ਸਿੱਖਿਅਕ ਕਿਵੇਂ ਬਣਿਆ।
ਯਾਕੂਬ ਵਾਂਗ ਵਧੀਆ ਸਿੱਖਿਅਕ ਬਣੋ
8. ਅਸੀਂ ਵਧੀਆ ਸਿੱਖਿਅਕ ਕਿੱਦਾਂ ਬਣ ਸਕਦੇ ਹਾਂ?
8 ਯਾਕੂਬ ਬਹੁਤ ਜ਼ਿਆਦਾ ਪੜ੍ਹਿਆ-ਲਿਖਿਆ ਹੋਇਆ ਨਹੀਂ ਸੀ। ਬਿਨਾਂ ਸ਼ੱਕ, ਉਸ ਜ਼ਮਾਨੇ ਦੇ ਧਾਰਮਿਕ ਆਗੂ ਯਾਕੂਬ ਨੂੰ ਵੀ ਰਸੂਲ ਪਤਰਸ ਅਤੇ ਯੂਹੰਨਾ ਵਾਂਗ ‘ਘੱਟ ਪੜ੍ਹਿਆ-ਲਿਖਿਆ ਅਤੇ ਆਮ ਆਦਮੀ’ ਸਮਝਦੇ ਸਨ। (ਰਸੂ. 4:13) ਪਰ ਜੇ ਅਸੀਂ ਬਾਈਬਲ ਵਿਚ ਯਾਕੂਬ ਦੀ ਕਿਤਾਬ ਪੜ੍ਹੀਏ, ਤਾਂ ਅਸੀਂ ਸਮਝ ਸਕਾਂਗੇ ਕਿ ਉਹ ਇਕ ਵਧੀਆ ਸਿੱਖਿਅਕ ਸੀ। ਯਾਕੂਬ ਵਾਂਗ ਸ਼ਾਇਦ ਅਸੀਂ ਵੀ ਘੱਟ ਪੜ੍ਹੇ-ਲਿਖੇ ਹੋਈਏ। ਪਰ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਤੇ ਉਸ ਦੇ ਸੰਗਠਨ ਵੱਲੋਂ ਮਿਲਣ ਵਾਲੀ ਸਿਖਲਾਈ ਕਰਕੇ ਅਸੀਂ ਇਕ ਵਧੀਆ ਸਿੱਖਿਅਕ ਬਣ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਯਾਕੂਬ ਕਿਵੇਂ ਸਿਖਾਉਂਦਾ ਸੀ ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।
9. ਯਾਕੂਬ ਕਿਵੇਂ ਸਿਖਾਉਂਦਾ ਸੀ?
9 ਯਾਕੂਬ ਨੇ ਸੌਖੇ ਸ਼ਬਦ ਵਰਤੇ ਅਤੇ ਸੌਖੇ ਤਰੀਕੇ ਨਾਲ ਆਪਣੀ ਗੱਲ ਸਮਝਾਈ। ਇਸੇ ਕਰਕੇ ਲੋਕ ਸਮਝ ਸਕੇ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਉਦਾਹਰਣ ਲਈ, ਯਾਕੂਬ ਨੇ ਬਹੁਤ ਹੀ ਸੌਖੇ ਸ਼ਬਦਾਂ ਵਿਚ ਸਮਝਾਇਆ ਕਿ ਮਸੀਹੀਆਂ ਨੂੰ ਬੇਇਨਸਾਫ਼ੀ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਅਤੇ ਬਦਲਾ ਨਹੀਂ ਲੈਣਾ ਚਾਹੀਦਾ। ਉਸ ਨੇ ਲਿਖਿਆ: “ਅਸੀਂ ਮੁਸ਼ਕਲਾਂ ਸਹਿਣ ਵਾਲਿਆਂ ਨੂੰ ਖ਼ੁਸ਼ ਕਹਿੰਦੇ ਹਾਂ। ਤੁਸੀਂ ਸੁਣਿਆ ਹੈ ਕਿ ਅੱਯੂਬ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ ਅਤੇ ਇਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” (ਯਾਕੂ. 5:11) ਧਿਆਨ ਦਿਓ ਕਿ ਯਾਕੂਬ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਆਪਣੀ ਗੱਲ ਸਮਝਾਈ। ਉਸ ਨੇ ਸਮਝਾਇਆ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਇਨਾਮ ਦਿੰਦਾ ਹੈ ਜੋ ਅੱਯੂਬ ਵਾਂਗ ਉਸ ਦੇ ਵਫ਼ਾਦਾਰ ਰਹਿੰਦੇ ਹਨ। ਇਸ ਤਰ੍ਹਾਂ ਉਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਬਜਾਇ ਯਹੋਵਾਹ ਵੱਲ ਖਿੱਚਿਆ।
10. ਅਸੀਂ ਯਾਕੂਬ ਵਾਂਗ ਕਿਵੇਂ ਸਿਖਾ ਸਕਦੇ ਹਾਂ?
10 ਸਬਕ: ਸੌਖੇ ਸ਼ਬਦ ਵਰਤੋ ਅਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਓ। ਸਾਡਾ ਦੂਜਿਆਂ ਨੂੰ ਸਿਖਾਉਣ ਦਾ ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਗਿਆਨ ਰਾਹੀਂ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚੀਏ, ਸਗੋਂ ਸਾਨੂੰ ਲੋਕਾਂ ਨੂੰ ਸਿਖਾਉਣਾ ਚਾਹੀਦਾ ਕਿ ਪਰਮੇਸ਼ੁਰ ਕਿੰਨਾ ਬੁੱਧੀਮਾਨ ਹੈ ਅਤੇ ਉਹ ਉਨ੍ਹਾਂ ਦੀ ਕਿੰਨੀ ਪਰਵਾਹ ਕਰਦਾ ਹੈ। (ਰੋਮੀ. 11:33) ਇਸ ਤਰ੍ਹਾਂ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਵਾਂਗੇ। ਉਦਾਹਰਣ ਲਈ, ਸਾਨੂੰ ਬਾਈਬਲ ਵਿਦਿਆਰਥੀ ਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਜੇ ਅਸੀਂ ਉਸ ਦੀ ਥਾਂ ਹੁੰਦੇ, ਤਾਂ ਅਸੀਂ ਕੀ ਕਰਦੇ। ਇਸ ਦੀ ਬਜਾਇ ਸਾਨੂੰ ਉਸ ਦੀ ਬਾਈਬਲ ਵਿੱਚੋਂ ਇਹ ਸਮਝਣ ਵਿਚ ਮਦਦ ਕਰਨੀ ਚਾਹੀਦੀ ਹੈ ਕਿ ਕਿਸੇ ਵਿਸ਼ੇ ਬਾਰੇ ਯਹੋਵਾਹ ਦੀ ਕੀ ਸੋਚ ਹੈ ਤੇ ਉਹ ਕੀ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਬਾਈਬਲ ਵਿਦਿਆਰਥੀ ਯਹੋਵਾਹ ਨੂੰ ਖੁਸ਼ ਕਰਨ ਲਈ ਫ਼ੈਸਲੇ ਕਰੇਗਾ, ਨਾ ਕਿ ਸਾਨੂੰ।
11. (ੳ) ਯਾਕੂਬ ਦੇ ਦਿਨਾਂ ਵਿਚ ਕੁਝ ਮਸੀਹੀਆਂ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਸਨ? (ਅ) ਯਾਕੂਬ ਨੇ ਉਨ੍ਹਾਂ ਮਸੀਹੀਆਂ ਨੂੰ ਕੀ ਸਲਾਹ ਦਿੱਤੀ? (ਯਾਕੂਬ 5:13-15)
11 ਯਾਕੂਬ ਲੋਕਾਂ ਦੇ ਹਾਲਾਤਾਂ ਨੂੰ ਸਮਝਦਾ ਸੀ। ਉਸ ਦੀ ਚਿੱਠੀ ਤੋਂ ਪਤਾ ਲੱਗਦਾ ਹੈ ਕਿ ਉਹ ਜਾਣਦਾ ਸੀ ਕਿ ਮਸੀਹੀ ਭੈਣਾਂ-ਭਰਾਵਾਂ ਵਿਚ ਕਈ ਕਮੀਆਂ-ਕਮਜ਼ੋਰੀਆਂ ਸਨ ਅਤੇ ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਸਲਾਹ ਵੀ ਦਿੱਤੀ। ਉਦਾਹਰਣ ਲਈ, ਕੁਝ ਮਸੀਹੀ ਬਾਈਬਲ ਵਿਚ ਦੱਸੀ ਸਲਾਹ ਨੂੰ ਲਾਗੂ ਕਰਨ ਵਿਚ ਢਿੱਲ-ਮੱਠ ਕਰਦੇ ਸਨ। (ਯਾਕੂ. 1:22) ਕੁਝ ਮਸੀਹੀ ਅਮੀਰ-ਗ਼ਰੀਬ ਵਿਚ ਫ਼ਰਕ ਕਰਦੇ ਸਨ। (ਯਾਕੂ. 2:1-3) ਨਾਲੇ ਕੁਝ ਮਸੀਹੀ ਬਿਨਾਂ ਸੋਚੇ-ਸਮਝੇ ਬੋਲ ਦਿੰਦੇ ਸਨ। (ਯਾਕੂ. 3:8-10) ਚਾਹੇ ਕੁਝ ਮਸੀਹੀਆਂ ਨੇ ਗੰਭੀਰ ਗ਼ਲਤੀਆਂ ਕੀਤੀਆਂ ਸਨ, ਪਰ ਯਾਕੂਬ ਨੇ ਇਹ ਨਹੀਂ ਸੋਚਿਆ ਕਿ ਉਹ ਕਦੇ ਨਹੀਂ ਬਦਲਣਗੇ । ਉਸ ਨੇ ਉਨ੍ਹਾਂ ਨੂੰ ਵੀ ਪਿਆਰ ਨਾਲ ਤੇ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਅਤੇ ਉਸ ਨੇ ਉਨ੍ਹਾਂ ਨੂੰ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲੈਣ ਦੀ ਵੀ ਹੱਲਾਸ਼ੇਰੀ ਦਿੱਤੀ।—ਯਾਕੂਬ 5:13-15 ਪੜ੍ਹੋ।
12. ਆਪਣੇ ਬਾਈਬਲ ਵਿਦਿਆਰਥੀ ਦੀ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
12 ਸਬਕ: ਦੂਜਿਆਂ ਨੂੰ ਸਮਝੋ ਅਤੇ ਸਹੀ ਨਜ਼ਰੀਆ ਰੱਖੋ। ਹੋ ਸਕਦਾ ਹੈ ਕਿ ਕੁਝ ਬਾਈਬਲ ਵਿਦਿਆਰਥੀਆਂ ਨੂੰ ਬਾਈਬਲ ਦੀ ਸਲਾਹ ਮੰਨਣੀ ਔਖੀ ਲੱਗੇ। (ਯਾਕੂ. 4:1-4) ਸ਼ਾਇਦ ਉਨ੍ਹਾਂ ਨੂੰ ਆਪਣੀਆਂ ਬੁਰੀਆਂ ਆਦਤਾਂ ਛੱਡਣ ਅਤੇ ਮਸੀਹੀ ਗੁਣ ਪੈਦਾ ਕਰਨ ਵਿਚ ਸਮਾਂ ਲੱਗੇ। ਪਰ ਯਾਕੂਬ ਦੀ ਤਰ੍ਹਾਂ ਸਾਨੂੰ ਹਿੰਮਤ ਕਰ ਕੇ ਆਪਣੇ ਬਾਈਬਲ ਵਿਦਿਆਰਥੀ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਕਿਹੜੇ ਬਦਲਾਅ ਕਰਨੇ ਹਨ। ਸਾਨੂੰ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ। ਨਾਲੇ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਨਿਮਰ ਲੋਕਾਂ ਨੂੰ ਆਪਣੇ ਵੱਲ ਖਿੱਚੇਗਾ ਅਤੇ ਉਨ੍ਹਾਂ ਦੀ ਮਦਦ ਕਰੇਗਾ ਤਾਂਕਿ ਉਹ ਆਪਣੀਆਂ ਜ਼ਿੰਦਗੀਆਂ ਵਿਚ ਬਦਲਾਅ ਕਰ ਸਕਣ।—ਯਾਕੂ. 4:10.
13. ਯਾਕੂਬ ਦਾ ਆਪਣੇ ਬਾਰੇ ਕੀ ਨਜ਼ਰੀਆ ਸੀ? (ਯਾਕੂਬ 3:2)
13 ਯਾਕੂਬ ਨੇ ਆਪਣੇ ਬਾਰੇ ਸਹੀ ਨਜ਼ਰੀਆ ਰੱਖਿਆ। ਭਾਵੇਂ ਉਹ ਯਿਸੂ ਦਾ ਭਰਾ ਸੀ ਅਤੇ ਉਸ ਕੋਲ ਕੁਝ ਖ਼ਾਸ ਜ਼ਿੰਮੇਵਾਰੀਆਂ ਸਨ, ਫਿਰ ਵੀ ਉਸ ਨੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਨਹੀਂ ਸਮਝਿਆ। ਉਸ ਨੇ ਮਸੀਹੀਆਂ ਨੂੰ “ਮੇਰੇ ਪਿਆਰੇ ਭਰਾਵੋ” ਕਹਿ ਕੇ ਬੁਲਾਇਆ। (ਯਾਕੂ. 1:16, 19; 2:5) ਉਸ ਨੇ ਕਦੇ ਵੀ ਇਹ ਨਹੀਂ ਜਤਾਇਆ ਕਿ ਉਸ ਤੋਂ ਕਦੇ ਵੀ ਕੋਈ ਗ਼ਲਤੀ ਨਹੀਂ ਹੋ ਸਕਦੀ। ਇਸ ਦੀ ਬਜਾਇ, ਉਸ ਨੇ ਕਿਹਾ: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ,” ਇੱਥੇ ਉਹ ਆਪਣੀ ਵੀ ਗੱਲ ਕਰ ਰਿਹਾ ਸੀ।—ਯਾਕੂਬ 3:2 ਪੜ੍ਹੋ।
14. ਸਾਨੂੰ ਇਹ ਕਿਉਂ ਮੰਨਣਾ ਚਾਹੀਦਾ ਹੈ ਕਿ ਸਾਡੇ ਤੋਂ ਵੀ ਗ਼ਲਤੀਆਂ ਹੁੰਦੀਆਂ ਹਨ?
14 ਸਬਕ: ਯਾਦ ਰੱਖੋ, ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਜੇ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਇਹ ਜਤਾਵਾਂਗੇ ਕਿ ਸਾਡੇ ਕੋਲੋਂ ਕੋਈ ਗ਼ਲਤੀ ਨਹੀਂ ਹੁੰਦੀ, ਤਾਂ ਉਹ ਨਿਰਾਸ਼ ਹੋ ਸਕਦੇ ਹਨ। ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਉਹ ਕਦੇ ਵੀ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨ ਸਕਦੇ। ਪਰ ਜੇ ਅਸੀਂ ਉਨ੍ਹਾਂ ਨੂੰ ਸੱਚ-ਸੱਚ ਦੱਸਾਂਗੇ ਕਿ ਕਦੇ-ਕਦੇ ਸਾਡੇ ਲਈ ਵੀ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਔਖਾ ਹੁੰਦਾ ਹੈ ਅਤੇ ਇੱਦਾਂ ਹੋਣ ਤੇ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ, ਤਾਂ ਅਸੀਂ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰ ਸਕਾਂਗੇ ਕਿ ਉਹ ਵੀ ਯਹੋਵਾਹ ਦੇ ਸੇਵਕ ਬਣ ਸਕਦੇ ਹਨ।
15. ਯਾਕੂਬ ਨੇ ਕਿਹੋ ਜਿਹੀਆਂ ਮਿਸਾਲਾਂ ਵਰਤੀਆਂ? (ਯਾਕੂਬ 3:2-6, 10-12)
15 ਯਾਕੂਬ ਉਹ ਮਿਸਾਲਾਂ ਵਰਤਦਾ ਸੀ ਜੋ ਲੋਕਾਂ ਦੇ ਦਿਲਾਂ ਤਕ ਪਹੁੰਚਦੀਆਂ ਸਨ। ਇਹ ਸੱਚ ਹੈ ਕਿ ਪਵਿੱਤਰ ਸ਼ਕਤੀ ਨੇ ਉਸ ਦੀ ਮਦਦ ਕੀਤੀ, ਪਰ ਉਸ ਨੇ ਮਿਸਾਲਾਂ ਦੇ ਕੇ ਸਿਖਾਉਣ ਬਾਰੇ ਆਪਣੇ ਵੱਡੇ ਭਰਾ ਯਿਸੂ ਤੋਂ ਵੀ ਬਹੁਤ ਕੁਝ ਸਿੱਖਿਆ ਹੋਣਾ। ਯਾਕੂਬ ਨੇ ਆਪਣੀ ਚਿੱਠੀ ਵਿਚ ਸੌਖੀਆਂ ਮਿਸਾਲਾਂ ਵਰਤੀਆਂ ਅਤੇ ਲੋਕ ਇਹ ਸਾਫ਼ ਸਮਝ ਸਕਦੇ ਸਨ ਕਿ ਉਨ੍ਹਾਂ ਨੇ ਕੀ ਕਰਨਾ ਹੈ।—ਯਾਕੂਬ 3:2-6, 10-12 ਪੜ੍ਹੋ।
16. ਸਾਨੂੰ ਢੁਕਵੀਆਂ ਮਿਸਾਲਾਂ ਕਿਉਂ ਵਰਤਣੀਆਂ ਚਾਹੀਦੀਆਂ ਹਨ?
16 ਸਬਕ: ਲੋਕਾਂ ਦੇ ਦਿਲਾਂ ਤਕ ਪਹੁੰਚਣ ਵਾਲੀਆਂ ਮਿਸਾਲਾਂ ਵਰਤੋ। ਜਦੋਂ ਅਸੀਂ ਢੁਕਵੀਆਂ ਮਿਸਾਲਾਂ ਦਿੰਦੇ ਹਾਂ, ਤਾਂ ਲੋਕ ਅਕਸਰ ਸਾਡੀ ਗੱਲ ਸੁਣਨ ਦੇ ਨਾਲ-ਨਾਲ ਕਲਪਨਾ ਵੀ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਬਾਈਬਲ ਦੀਆਂ ਅਹਿਮ ਸੱਚਾਈਆਂ ਸੌਖਿਆਂ ਹੀ ਯਾਦ ਰੱਖ ਸਕਦੇ ਹਨ। ਯਾਕੂਬ ਵੀ ਆਪਣੇ ਵੱਡੇ ਭਰਾ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਢੁਕਵੀਆਂ ਮਿਸਾਲਾਂ ਦਿੰਦਾ ਸੀ। ਆਓ ਅਸੀਂ ਕੁਝ ਮਿਸਾਲਾਂ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਉਹ ਇੰਨੀਆਂ ਅਸਰਕਾਰੀ ਕਿਉਂ ਹਨ।
17. ਯਾਕੂਬ 1:22-25 ਵਿਚ ਦਿੱਤੀ ਮਿਸਾਲ ਇੰਨੀ ਅਸਰਕਾਰੀ ਕਿਉਂ ਹੈ?
17 ਯਾਕੂਬ 1:22-25 ਪੜ੍ਹੋ। ਯਾਕੂਬ ਲੋਕਾਂ ਨੂੰ ਇਹ ਸਿਖਾਉਣਾ ਚਾਹੁੰਦਾ ਸੀ ਕਿ ਉਨ੍ਹਾਂ ਲਈ ਪਰਮੇਸ਼ੁਰ ਦਾ ਬਚਨ ਸਿਰਫ਼ ਪੜ੍ਹਨਾ ਹੀ ਕਾਫ਼ੀ ਨਹੀਂ ਹੈ, ਸਗੋਂ ਜੋ ਉਹ ਪੜ੍ਹਦੇ ਹਨ ਉਸ ਮੁਤਾਬਕ ਚੱਲਣਾ ਵੀ ਚਾਹੀਦਾ ਹੈ। ਇਹ ਗੱਲ ਸਮਝਾਉਣ ਲਈ ਉਸ ਨੇ ਸ਼ੀਸ਼ੇ ਦੀ ਮਿਸਾਲ ਦਿੱਤੀ। ਉਸ ਜ਼ਮਾਨੇ ਦੇ ਲੋਕ ਸ਼ੀਸ਼ੇ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਇਸ ਲਈ ਉਹ ਮਿਸਾਲ ਨੂੰ ਸੌਖਿਆਂ ਹੀ ਸਮਝ ਪਾਏ ਕਿ ਜੇ ਇਕ ਵਿਅਕਤੀ ਸ਼ੀਸ਼ੇ ਵਿਚ ਆਪਣਾ ਮੂੰਹ ਦੇਖਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਮੂੰਹ ’ਤੇ ਕੁਝ ਲੱਗਾ ਹੈ, ਪਰ ਫਿਰ ਵੀ ਉਸ ਨੂੰ ਸਾਫ਼ ਨਹੀਂ ਕਰਦਾ, ਤਾਂ ਉਸ ਨੂੰ ਸ਼ੀਸ਼ਾ ਦੇਖਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਉਸੇ ਤਰ੍ਹਾਂ ਜੇ ਇਕ ਵਿਅਕਤੀ ਬਾਈਬਲ ਪੜ੍ਹਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਆਪ ਵਿਚ ਬਦਲਾਅ ਕਰਨ ਦੀ ਲੋੜ ਹੈ, ਪਰ ਫਿਰ ਵੀ ਉਹ ਕੁਝ ਨਹੀਂ ਕਰਦਾ, ਤਾਂ ਉਸ ਨੂੰ ਬਾਈਬਲ ਪੜ੍ਹਨ ਦਾ ਕੋਈ ਵੀ ਫ਼ਾਇਦਾ ਨਹੀਂ ਹੋਵੇਗਾ।
18. ਮਿਸਾਲਾਂ ਦਿੰਦੇ ਸਮੇਂ ਸਾਨੂੰ ਕਿਹੜੀਆਂ ਤਿੰਨ ਗੱਲਾਂ ਦਾ ਧਿਆਨ ਰੱਖਦਾ ਹੈ?
18 ਮਿਸਾਲਾਂ ਦਿੰਦੇ ਸਮੇਂ, ਯਾਕੂਬ ਦੀ ਰੀਸ ਕਰਦਿਆਂ ਅਸੀਂ ਇਨ੍ਹਾਂ ਤਿੰਨ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ: (1) ਢੁਕਵੀਆਂ ਮਿਸਾਲਾਂ ਦਿਓ, (2) ਉਨ੍ਹਾਂ ਗੱਲਾਂ ਜਾਂ ਚੀਜ਼ਾਂ ਦੀਆਂ ਮਿਸਾਲਾਂ ਦਿਓ ਜਿਨ੍ਹਾਂ ਤੋਂ ਸੁਣਨ ਵਾਲੇ ਚੰਗੀ ਤਰ੍ਹਾਂ ਵਾਕਫ਼ ਹੋਣ ਅਤੇ (3) ਮਿਸਾਲ ਤੋਂ ਸੁਣਨ ਵਾਲਿਆਂ ਨੂੰ ਸਬਕ ਸਾਫ਼-ਸਾਫ਼ ਸਮਝ ਆਵੇ। ਜੇ ਸਾਨੂੰ ਮਿਸਾਲਾਂ ਦੇਣੀਆਂ ਔਖੀਆਂ ਲੱਗਦੀਆਂ ਹਨ, ਤਾਂ ਅਸੀਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਵਿਚ “ਮਿਸਾਲਾਂ” ਹੇਠਾਂ ਦੇਖ ਸਕਦੇ ਹਾਂ। ਉੱਥੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਗੌਰ ਕਰੋ ਕਿ ਮਿਸਾਲਾਂ ਮਾਇਕ ਵਾਂਗ ਹਨ। ਜਿਵੇਂ ਮਾਇਕ ਰਾਹੀਂ ਸਾਡੀ ਆਵਾਜ਼ ਦੂਜਿਆਂ ਨੂੰ ਸਹੀ ਤੇ ਸਾਫ਼-ਸਾਫ਼ ਸੁਣਾਈ ਦਿੰਦੀ ਹੈ, ਉਸੇ ਤਰ੍ਹਾਂ ਅਸੀਂ ਮਿਸਾਲਾਂ ਰਾਹੀਂ ਦੂਜਿਆਂ ਨੂੰ ਆਪਣੀ ਗੱਲ ਸਾਫ਼-ਸਾਫ਼ ਤੇ ਸੌਖਿਆਂ ਹੀ ਸਮਝਾ ਸਕਦੇ ਹਾਂ। ਪਰ ਜੇ ਅਸੀਂ ਗੱਲਬਾਤ ਕਰਦਿਆਂ ਹੱਦੋਂ ਵੱਧ ਮਿਸਾਲਾਂ ਦਿੰਦੇ ਹਾਂ, ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਅਸੀਂ ਕਹਿਣਾ ਕੀ ਚਾਹੁੰਦੇ ਹਾਂ। ਅਸੀਂ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਣਾ ਚਾਹੁੰਦੇ, ਪਰ ਅਸੀਂ ਇਕ ਵਧੀਆ ਸਿੱਖਿਅਕ ਬਣਨਾ ਚਾਹੁੰਦੇ ਹਾਂ ਤਾਂਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਵਿਚ ਮਦਦ ਕਰ ਸਕੀਏ।
19. ਅਸੀਂ ਆਪਣੇ ਮਸੀਹੀ ਪਰਿਵਾਰ ਲਈ ਪਿਆਰ ਕਿੱਦਾਂ ਦਿਖਾ ਸਕਦੇ ਹਾਂ?
19 ਯਾਕੂਬ ਨੂੰ ਆਪਣੇ ਵੱਡੇ ਭਰਾ ਯਿਸੂ ਤੋਂ ਸਿੱਖਣ ਦਾ ਸਨਮਾਨ ਮਿਲਿਆ ਸੀ। ਭਾਵੇਂ ਕਿ ਸਾਨੂੰ ਇਹ ਸਨਮਾਨ ਨਹੀਂ ਮਿਲਿਆ, ਪਰ ਸਾਡੇ ਕੋਲ ਇਕ ਵੱਡੇ ਮਸੀਹੀ ਪਰਿਵਾਰ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਦਾ ਸਨਮਾਨ ਹੈ। ਸਾਨੂੰ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਇੱਦਾਂ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਉਨ੍ਹਾਂ ਨਾਲ ਸਮਾਂ ਬਿਤਾਵਾਂਗੇ, ਉਨ੍ਹਾਂ ਤੋਂ ਸਿੱਖਾਂਗੇ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰਾਂਗੇ। ਜਦੋਂ ਅਸੀਂ ਆਪਣੇ ਰਵੱਈਏ, ਚਾਲ-ਚਲਣ ਅਤੇ ਸਿਖਾਉਣ ਦੇ ਤਰੀਕੇ ਵਿਚ ਯਾਕੂਬ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੋਵੇਗੀ ਅਤੇ ਨੇਕ ਦਿਲ ਲੋਕ ਸਾਡੇ ਪਿਆਰੇ ਸਵਰਗੀ ਪਿਤਾ ਵੱਲ ਖਿੱਚੇ ਆਉਣਗੇ।
ਗੀਤ 115 ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ
^ ਯਿਸੂ ਅਤੇ ਯਾਕੂਬ ਦੋਵੇਂ ਭਰਾ ਸਨ, ਉਨ੍ਹਾਂ ਦੀ ਪਰਵਰਿਸ਼ ਇੱਕੋ ਹੀ ਪਰਿਵਾਰ ਵਿਚ ਹੋਈ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਾਕੂਬ ਬਾਕੀਆਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਯਿਸੂ ਨੂੰ ਜਾਣਦਾ ਸੀ। ਬਾਅਦ ਵਿਚ ਯਿਸੂ ਦੇ ਛੋਟੇ ਭਰਾ ਨੇ ਮਸੀਹੀ ਭਰਾਵਾਂ ਨਾਲ ਮਿਲ ਕੇ ਮੰਡਲੀ ਦੀ ਅਗਵਾਈ ਵੀ ਕੀਤੀ। ਇਸ ਲੇਖ ਵਿਚ ਅਸੀਂ ਯਾਕੂਬ ਦੀ ਜ਼ਿੰਦਗੀ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਸਿੱਖਾਂਗੇ।
^ ਭਰਾ ਨੇਥਨ ਐੱਚ. ਨੌਰ ਪ੍ਰਬੰਧਕ ਸਭਾ ਦਾ ਮੈਂਬਰ ਸੀ। ਉਸ ਨੇ 1977 ਵਿਚ ਧਰਤੀ ਉੱਤੇ ਆਪਣੀ ਸੇਵਾ ਦਾ ਕੰਮ ਪੂਰਾ ਕੀਤਾ।
^ ਤਸਵੀਰ ਬਾਰੇ ਜਾਣਕਾਰੀ: ਯਾਕੂਬ ਨੇ ਇਕ ਛੋਟੀ ਜਿਹੀ ਚੰਗਿਆੜੀ ਦੀ ਮਿਸਾਲ ਦੇ ਕੇ ਸਮਝਾਇਆ ਕਿ ਬਿਨਾਂ ਸੋਚੇ-ਸਮਝੇ ਬੋਲਣ ਦਾ ਕੀ ਅੰਜਾਮ ਨਿਕਲ ਸਕਦਾ ਹੈ। ਇਹ ਮਿਸਾਲ ਸਮਝਣ ਲਈ ਸੌਖੀ ਹੈ।