ਕੀ ਯਿਸੂ ਵਾਕਈ ਮੇਰੇ ਲਈ ਮਰਿਆ ਸੀ?
ਬਾਈਬਲ ਵਿਚ ਅਸੀਂ ਵਫ਼ਾਦਾਰ ਆਦਮੀਆਂ ਦੀਆਂ ਭਾਵਨਾਵਾਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਦੀਆਂ “ਸਾਡੇ ਵਰਗੀਆਂ ਭਾਵਨਾਵਾਂ” ਸਨ। (ਯਾਕੂ. 5:17) ਮਿਸਾਲ ਲਈ, ਅਸੀਂ ਰੋਮੀਆਂ 7:21-24 ਵਿਚ ਦਰਜ ਪੌਲੁਸ ਦੇ ਸ਼ਬਦ ਸੌਖਿਆਂ ਹੀ ਸਮਝ ਸਕਦੇ ਹਾਂ ਜਿੱਥੇ ਲਿਖਿਆ ਹੈ: “ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰੇ ਅੰਦਰ ਬੁਰਾਈ ਮੌਜੂਦ ਹੁੰਦੀ ਹੈ। . . . ਮੈਂ ਕਿੰਨਾ ਬੇਬੱਸ ਇਨਸਾਨ ਹਾਂ!” ਜਦੋਂ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਦੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਦੀਆਂ ਭਾਵਨਾਵਾਂ ਤੋਂ ਹੌਸਲਾ ਮਿਲਦਾ ਹੈ।
ਪੌਲੁਸ ਨੇ ਆਪਣੀਆਂ ਹੋਰ ਭਾਵਨਾਵਾਂ ਬਾਰੇ ਵੀ ਲਿਖਿਆ। ਗਲਾਤੀਆਂ 2:20 ਵਿਚ ਉਸ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਯਿਸੂ ਨੇ “ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” ਕੀ ਅਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ? ਸ਼ਾਇਦ ਹਮੇਸ਼ਾ ਨਹੀਂ।
ਜੇ ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਆਪਣੇ ਆਪ ਬਾਰੇ ਘਟੀਆ ਮਹਿਸੂਸ ਕਰਦੇ ਹਾਂ, ਤਾਂ ਸ਼ਾਇਦ ਕਦੀ-ਕਦਾਈਂ ਸਾਨੂੰ ਲੱਗੇ ਕਿ ਅਸੀਂ ਯਹੋਵਾਹ ਦੇ ਪਿਆਰ ਅਤੇ ਮਾਫ਼ੀ ਦੇ ਲਾਇਕ ਨਹੀਂ ਹਾਂ। ਇਸ ਕਰਕੇ ਸਾਡੇ ਲਈ ਇਹ ਨਜ਼ਰੀਆ ਰੱਖਣਾ ਔਖਾ ਹੋ ਸਕਦਾ ਹੈ ਕਿ ‘ਯਿਸੂ ਨੇ ਮੇਰੇ ਲਈ ਕੁਰਬਾਨੀ ਦਿੱਤੀ ਸੀ।’ ਕੀ ਯਿਸੂ ਵਾਕਈ ਚਾਹੁੰਦਾ ਹੈ ਕਿ ਅਸੀਂ ਉਸ ਦੀ ਕੁਰਬਾਨੀ ਬਾਰੇ ਇਸ ਤਰ੍ਹਾਂ ਦਾ ਨਜ਼ਰੀਆ ਰੱਖੀਏ? ਜੇ ਹਾਂ, ਤਾਂ ਇੱਦਾਂ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ? ਆਓ ਆਪਾਂ ਇਨ੍ਹਾਂ ਦੋ ਸਵਾਲਾਂ ’ਤੇ ਗੌਰ ਕਰੀਏ।
ਯਿਸੂ ਦਾ ਆਪਣੀ ਕੁਰਬਾਨੀ ਬਾਰੇ ਨਜ਼ਰੀਆ
ਜੀ ਹਾਂ, ਯਿਸੂ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਯਿਸੂ ਨੇ ਸਾਡੀ ਖ਼ਾਤਰ ਜਾਨ ਦਿੱਤੀ ਸੀ। ਅਸੀਂ ਇਸ ਗੱਲ ’ਤੇ ਯਕੀਨ ਕਿਵੇਂ ਕਰ ਸਕਦੇ ਹਾਂ? ਜ਼ਰਾ ਲੂਕਾ 23:39-43 ਵਿਚ ਦਿੱਤੇ ਬਿਰਤਾਂਤ ਦੀ ਕਲਪਨਾ ਕਰੋ। ਇਕ ਆਦਮੀ ਨੂੰ ਯਿਸੂ ਦੇ ਕੋਲ ਹੀ ਤਸੀਹੇ ਦੀ ਸੂਲ਼ੀ ’ਤੇ ਟੰਗਿਆ ਹੋਇਆ ਹੈ। ਉਹ ਮੰਨਦਾ ਹੈ ਕਿ ਉਸ ਨੇ ਪਿਛਲੇ ਸਮੇਂ ਵਿਚ ਗ਼ਲਤੀ ਕੀਤੀ ਹੈ। ਉਸ ਦਾ ਅਪਰਾਧ ਗੰਭੀਰ ਹੋਣਾ ਕਿਉਂਕਿ ਤਸੀਹੇ ਦੀ ਸੂਲ਼ੀ ਦੀ ਸਜ਼ਾ ਸਿਰਫ਼ ਗੰਭੀਰ ਅਪਰਾਧ ਕਰਨ ਵਾਲਿਆਂ ਨੂੰ ਹੀ ਦਿੱਤੀ ਜਾਂਦੀ ਸੀ। ਉਹ ਆਪਣੀ ਹਾਲਤ ਕਰਕੇ ਪਰੇਸ਼ਾਨ ਹੈ। ਇਸ ਲਈ ਉਹ ਯਿਸੂ ਅੱਗੇ ਮਿੰਨਤ ਕਰਦਾ ਹੈ: “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।”
ਯਿਸੂ ਨੇ ਕੀ ਜਵਾਬ ਦਿੱਤਾ? ਜ਼ਰਾ ਕਲਪਨਾ ਕਰੋ ਕਿ ਜਦੋਂ ਯਿਸੂ ਅਪਰਾਧੀ ਵੱਲ ਦੇਖਣ ਲਈ ਆਪਣਾ ਸਿਰ ਘੁਮਾਉਂਦਾ ਹੈ, ਤਾਂ ਉਸ ਨੂੰ ਕਿੰਨਾ ਦਰਦ ਹੋਇਆ ਹੋਣਾ। ਇੰਨੇ ਦੁੱਖ ਵਿਚ ਹੋਣ ਦੇ ਬਾਵਜੂਦ ਉਹ ਮੁਸਕਰਾਉਂਦਾ ਹੈ ਅਤੇ ਆਦਮੀ ਨੂੰ ਯਕੀਨ ਦਿਵਾਉਂਦਾ ਹੈ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।” ਯਿਸੂ ਨੇ ਉਸ ਆਦਮੀ ਨੂੰ ਇਹ ਨਹੀਂ ਕਿਹਾ ਕਿ “ਮਨੁੱਖ ਦਾ ਪੁੱਤਰ . . . ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।” (ਮੱਤੀ 20:28) ਪਰ ਕੀ ਤੁਸੀਂ ਗੌਰ ਕੀਤਾ ਕਿ ਯਿਸੂ ਨੇ ਕਿਹਾ ਕਿ ਉਸ ਦੀ ਕੁਰਬਾਨੀ ਤੋਂ ਉਸ ਆਦਮੀ ਨੂੰ ਨਿੱਜੀ ਤੌਰ ’ਤੇ ਫ਼ਾਇਦਾ ਹੋਵੇਗਾ? ਉਸ ਨੇ ਦੋਸਤਾਨਾ ਤਰੀਕੇ ਨਾਲ ਗੱਲ ਕਰਦਿਆਂ “ਤੂੰ” ਅਤੇ “ਮੈਂ” ਸ਼ਬਦ ਵਰਤੇ ਅਤੇ ਉਸ ਆਦਮੀ ਨੂੰ ਕਿਹਾ ਕਿ ਉਹ ਬਾਗ਼ ਵਰਗੀ ਧਰਤੀ ’ਤੇ ਜੀਉਂਦਾ ਕੀਤਾ ਜਾਵੇਗਾ।
ਬਿਨਾਂ ਸ਼ੱਕ, ਯਿਸੂ ਚਾਹੁੰਦਾ ਸੀ ਕਿ ਇਹ ਆਦਮੀ ਮੰਨੇ ਕਿ ਯਿਸੂ ਨੇ ਉਸ ਲਈ ਕੁਰਬਾਨੀ ਦੇਣੀ ਸੀ। ਜੇ ਯਿਸੂ ਅਪਰਾਧੀ ਬਾਰੇ ਇਸ ਤਰੀਕੇ ਨਾਲ ਸੋਚਦਾ ਸੀ ਜਿਸ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਮੌਕਾ ਵੀ ਨਹੀਂ ਮਿਲਿਆ, ਤਾਂ ਫਿਰ ਬਿਨਾਂ ਸ਼ੱਕ ਉਹ ਪਰਮੇਸ਼ੁਰ ਦੀ ਸੇਵਾ ਕਰ ਰਹੇ ਬਪਤਿਸਮਾ-ਪ੍ਰਾਪਤ ਮਸੀਹੀ ਬਾਰੇ ਵੀ ਇੱਦਾਂ ਹੀ ਸੋਚਦਾ ਹੋਣਾ। ਤਾਂ ਫਿਰ, ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ ਕਿ ਅਸੀਂ ਆਪਣੇ ਪਾਪਾਂ ਦੇ ਬਾਵਜੂਦ ਮੰਨੀਏ ਕਿ ਮਸੀਹ ਨੇ ਸਾਡੀ ਖ਼ਾਤਰ ਕੁਰਬਾਨੀ ਦਿੱਤੀ ਸੀ?
ਪੌਲੁਸ ਦੀ ਮਦਦ ਕਿਵੇਂ ਹੋਈ?
ਯਿਸੂ ਨੇ ਪੌਲੁਸ ਨੂੰ ਪ੍ਰਚਾਰ ਦਾ ਕੰਮ ਦਿੱਤਾ ਸੀ ਜਿਸ ਕਰਕੇ ਪੌਲੁਸ ਸਮਝ ਸਕਿਆ ਕਿ ਯਿਸੂ ਉਸ ਲਈ ਮਰਿਆ ਸੀ। ਕਿਵੇਂ? ਉਸ ਨੇ ਦੱਸਿਆ: “ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਤਾਕਤ ਬਖ਼ਸ਼ੀ ਕਿਉਂਕਿ ਉਸ ਨੇ ਮੇਰੇ ਉੱਤੇ ਭਰੋਸਾ ਕਰ ਕੇ ਮੈਨੂੰ ਪਰਮੇਸ਼ੁਰ ਦਾ ਕੰਮ ਸੌਂਪਿਆ, ਭਾਵੇਂ ਕਿ ਪਹਿਲਾਂ ਮੈਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੁੰਦਾ ਸੀ, ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਤੇ ਹੰਕਾਰੀ ਸੀ।” (1 ਤਿਮੋ. 1:12-14) ਪ੍ਰਚਾਰ ਦੇ ਕੰਮ ਤੋਂ ਪੌਲੁਸ ਨੂੰ ਯਕੀਨ ਹੋਇਆ ਕਿ ਯਿਸੂ ਉਸ ਨਾਲ ਪਿਆਰ ਕਰਦਾ ਸੀ, ਉਸ ’ਤੇ ਦਇਆ ਅਤੇ ਭਰੋਸਾ ਕਰਦਾ ਸੀ। ਇਸੇ ਤਰ੍ਹਾਂ ਯਿਸੂ ਨੇ ਸਾਨੂੰ ਹਰੇਕ ਨੂੰ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਹੈ। (ਮੱਤੀ 28:19, 20) ਕੀ ਪ੍ਰਚਾਰ ਦੀ ਜ਼ਿੰਮੇਵਾਰੀ ਮਿਲਣ ਕਰਕੇ ਅਸੀਂ ਵੀ ਪੌਲੁਸ ਵਾਂਗ ਸੋਚਦੇ ਹਾਂ?
ਐਲਬਰਟ ਨਾਂ ਦੇ ਇਕ ਭਰਾ ਨੂੰ ਲਗਭਗ 34 ਸਾਲ ਪਹਿਲਾਂ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਸੀ। ਉਹ ਹਾਲ ਹੀ ਵਿਚ ਪਰਮੇਸ਼ੁਰ ਵੱਲ ਵਾਪਸ ਮੁੜਿਆ। ਉਹ ਦੱਸਦਾ ਹੈ: “ਮੇਰੇ ਪਾਪ ਹਮੇਸ਼ਾ ਮੇਰੇ ਸਾਮ੍ਹਣੇ ਹਨ। ਪਰ ਪ੍ਰਚਾਰ ਵਿਚ ਹੁੰਦਿਆਂ ਮੈਂ ਪੌਲੁਸ ਵਾਂਗ ਮਹਿਸੂਸ ਕਰਦਾ ਹਾਂ ਕਿ ਯਿਸੂ ਨੇ ਖ਼ੁਦ ਮੈਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਮੈਨੂੰ ਹੌਸਲਾ ਮਿਲਦਾ ਹੈ ਅਤੇ ਮੈਂ ਆਪਣੇ ਬਾਰੇ, ਆਪਣੀ ਜ਼ਿੰਦਗੀ ਬਾਰੇ ਅਤੇ ਭਵਿੱਖ ਬਾਰੇ ਸਹੀ ਨਜ਼ਰੀਆ ਰੱਖ ਪਾਉਂਦਾ ਹਾਂ।”—ਜ਼ਬੂ. 51:3.
ਸੱਚਾਈ ਸਿੱਖਣ ਤੋਂ ਪਹਿਲਾਂ ਐਲਨ ਅਪਰਾਧੀ ਤੇ ਹਿੰਸਕ ਸੀ। ਉਹ ਦੱਸਦਾ ਹੈ: “ਮੈਂ ਅਜੇ ਵੀ ਉਨ੍ਹਾਂ ਲੋਕਾਂ ਬਾਰੇ ਸੋਚਦਾ ਹਾਂ ਜਿਨ੍ਹਾਂ ਨੂੰ ਮੈਂ ਨੁਕਸਾਨ ਪਹੁੰਚਾਇਆ ਸੀ। ਇਸ ਕਰਕੇ ਕਈ ਵਾਰ ਮੈਂ ਨਿਰਾਸ਼ ਹੋ ਜਾਂਦਾ ਹਾਂ। ਪਰ ਮੈਂ ਯਹੋਵਾਹ ਦਾ ਸ਼ੁਕਰ ਕਰਦਾ ਹਾਂ ਕਿ ਉਸ ਨੇ ਮੇਰੇ ਵਰਗੇ ਪਾਪੀ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਖ਼ੁਸ਼ ਖ਼ਬਰੀ ਪ੍ਰਤੀ ਲੋਕਾਂ ਦਾ ਹੁੰਗਾਰਾ ਦੇਖ ਕੇ ਮੈਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਕਿੰਨਾ ਭਲਾ ਤੇ ਪਿਆਰ ਕਰਨ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਪਰਮੇਸ਼ੁਰ ਮੈਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਵਰਤਦਾ ਹੈ ਜਿਨ੍ਹਾਂ ਦਾ ਪਿਛੋਕੜ ਮੇਰੇ ਵਰਗਾ ਹੈ।”
ਪ੍ਰਚਾਰ ਦਾ ਕੰਮ ਕਰ ਕੇ ਅਸੀਂ ਆਪਣੀ ਤਾਕਤ ਚੰਗਾ ਕੰਮ ਕਰਨ ਅਤੇ ਚੰਗੀਆਂ ਗੱਲਾਂ ਸੋਚਣ ਵਿਚ ਲਾਉਂਦੇ ਹਾਂ। ਇਸ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਯਿਸੂ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਡੇ ’ਤੇ ਦਇਆ ਅਤੇ ਭਰੋਸਾ ਕਰਦਾ ਹੈ।
ਯਹੋਵਾਹ ਸਾਡੇ ਦਿਲਾਂ ਨਾਲੋਂ ਵੱਡਾ ਹੈ
ਜਦੋਂ ਤਕ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਨਹੀਂ ਹੋ ਜਾਂਦਾ, ਉਦੋਂ ਤਕ ਸ਼ਾਇਦ ਸਾਡਾ ਦਿਲ ਸਾਡੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਸਾਡੇ ’ਤੇ ਲਾਹਨਤਾਂ ਪਾਉਂਦਾ ਰਹੇ। ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਲੜਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
ਜੀਨ ਅਕਸਰ ਦੋਸ਼ੀ ਭਾਵਨਾਵਾਂ ਨਾਲ ਲੜਦੀ ਹੈ ਕਿ ਨੌਜਵਾਨ ਹੁੰਦਿਆਂ ਉਹ ਦੋਹਰੀ ਜ਼ਿੰਦਗੀ ਜੀਉਂਦੀ ਸੀ। ਉਹ ਕਹਿੰਦੀ ਹੈ: “ਮੈਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਕਿ ‘ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ।’” (1 ਯੂਹੰ. 3:19, 20) ਅਸੀਂ ਵੀ ਦਿਲਾਸਾ ਪਾ ਸਕਦੇ ਹਾਂ ਕਿ ਯਹੋਵਾਹ ਅਤੇ ਯਿਸੂ ਸਾਡੀ ਪਾਪੀ ਹਾਲਤ ਬਾਰੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਹਨ। ਯਾਦ ਰੱਖੋ ਕਿ ਪਿਆਰ ਕਰਕੇ ਉਨ੍ਹਾਂ ਨੇ ਮੁਕੰਮਲ ਇਨਸਾਨਾਂ ਲਈ ਨਹੀਂ, ਸਗੋਂ ਪਾਪੀ ਇਨਸਾਨਾਂ ਲਈ ਰਿਹਾਈ ਦੀ ਕੀਮਤ ਦਿੱਤੀ।—1 ਤਿਮੋ. 1:15.
ਜਦੋਂ ਅਸੀਂ ਪ੍ਰਾਰਥਨਾ ਕਰ ਕੇ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਪਾਪੀ ਇਨਸਾਨਾਂ ਨਾਲ ਕਿਵੇਂ ਪੇਸ਼ ਆਇਆ ਸੀ ਅਤੇ ਪ੍ਰਚਾਰ ਦਾ ਕੰਮ ਪੂਰੀ ਵਾਹ ਲਾ ਕੇ ਕਰਦੇ ਹਾਂ, ਤਾਂ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ ਰਿਹਾਈ ਦੀ ਕੀਮਤ ਸਾਡੇ ਲਈ ਦਿੱਤੀ ਗਈ ਹੈ। ਇਸ ਤਰ੍ਹਾਂ ਕਰ ਕੇ ਅਸੀਂ ਪੌਲੁਸ ਵਾਂਗ ਕਹਿ ਸਕਦੇ ਹਾਂ: ਯਿਸੂ ਨੇ “ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।”