Skip to content

Skip to table of contents

ਅਧਿਐਨ ਲੇਖ 25

ਤਣਾਅ ਵਿਚ ਹੁੰਦਿਆਂ ਯਹੋਵਾਹ ’ਤੇ ਭਰੋਸਾ ਰੱਖੋ

ਤਣਾਅ ਵਿਚ ਹੁੰਦਿਆਂ ਯਹੋਵਾਹ ’ਤੇ ਭਰੋਸਾ ਰੱਖੋ

“ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।”​—ਕਹਾ. 12:25.

ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ

ਖ਼ਾਸ ਗੱਲਾਂ *

1. ਸਾਨੂੰ ਯਿਸੂ ਦੀ ਚੇਤਾਵਨੀ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ?

ਯਿਸੂ ਨੇ ਆਖ਼ਰੀ ਦਿਨਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ: “ਤੁਸੀਂ ਧਿਆਨ ਰੱਖੋ ਕਿ . . . ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ।” (ਲੂਕਾ 21:34) ਸਾਨੂੰ ਇਸ ਚੇਤਾਵਨੀ ਵੱਲ ਧਿਆਨ ਦੇਣ ਦੀ ਲੋੜ ਹੈ। ਕਿਉਂ? ਕਿਉਂਕਿ ਅੱਜ ਅਸੀਂ ਵੀ ਬਾਕੀ ਲੋਕਾਂ ਵਾਂਗ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ।

2. ਸਾਡੇ ਭੈਣ-ਭਰਾ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ?

2 ਕਈ ਵਾਰ ਸਾਨੂੰ ਇੱਕੋ ਸਮੇਂ ’ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜ਼ਰਾ ਅੱਗੇ ਦਿੱਤੀਆਂ ਮਿਸਾਲਾਂ ’ਤੇ ਗੌਰ ਕਰੋ। ਜੌਨ * ਨਾਂ ਦਾ ਭਰਾ ਮਲਟਿਪਲ ਸਕਲੇਰੋਸਿਸ * ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਉਸ ਨੂੰ ਉਦੋਂ ਬਹੁਤ ਧੱਕਾ ਲੱਗਾ ਜਦੋਂ ਵਿਆਹ ਤੋਂ 19 ਸਾਲਾਂ ਬਾਅਦ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਫਿਰ ਉਸ ਦੀਆਂ ਦੋ ਧੀਆਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਬੌਬ ਤੇ ਲੀਨਾ ਨਾਂ ਦੇ ਜੋੜੇ ਨੂੰ ਜੌਨ ਨਾਲੋਂ ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਉਨ੍ਹਾਂ ਦਾ ਕੰਮ ਛੁੱਟ ਗਿਆ ਅਤੇ ਉਨ੍ਹਾਂ ਨੂੰ ਵੱਡੇ ਘਰ ਨੂੰ ਛੱਡ ਕੇ ਇਕ ਛੋਟੇ ਜਿਹੇ ਘਰ ਵਿਚ ਰਹਿਣਾ ਪਿਆ। ਇਨ੍ਹਾਂ ਮੁਸ਼ਕਲਾਂ ਦੇ ਨਾਲ-ਨਾਲ ਲੀਨਾ ਨੂੰ ਦਿਲ ਦੀ ਬੀਮਾਰੀ ਲੱਗ ਗਈ ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਸੀ। ਨਾਲੇ ਉਸ ਨੂੰ ਗਠੀਆ ਵੀ ਸੀ।

3. ਫ਼ਿਲਿੱਪੀਆਂ 4:6, 7 ਅਨੁਸਾਰ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?

3 ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਿਰਜਣਹਾਰ ਤੇ ਪਿਆਰ ਕਰਨ ਵਾਲਾ ਪਿਤਾ ਯਹੋਵਾਹ ਜਾਣਦਾ ਹੈ ਕਿ ਤਣਾਅ ਦਾ ਸਾਡੇ ’ਤੇ ਕੀ ਅਸਰ ਪੈਂਦਾ ਹੈ। ਨਾਲੇ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਨੀ ਚਾਹੁੰਦਾ ਹੈ। (ਫ਼ਿਲਿੱਪੀਆਂ 4:6, 7 ਪੜ੍ਹੋ।) ਪਰਮੇਸ਼ੁਰ ਦੇ ਬਚਨ ਵਿਚ ਬਹੁਤ ਸਾਰੇ ਬਿਰਤਾਂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਸੇਵਕਾਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਨਾਲੇ ਇਨ੍ਹਾਂ ਬਿਰਤਾਂਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਕਿਵੇਂ ਮਦਦ ਕੀਤੀ। ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ।

ਏਲੀਯਾਹ “ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ”

4. ਏਲੀਯਾਹ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਅਤੇ ਉਸ ਨੇ ਯਹੋਵਾਹ ਬਾਰੇ ਕਿਵੇਂ ਮਹਿਸੂਸ ਕੀਤਾ?

4 ਏਲੀਯਾਹ ਨੇ ਔਖੇ ਸਮਿਆਂ ਵਿਚ ਯਹੋਵਾਹ ਦੀ ਸੇਵਾ ਕੀਤੀ ਅਤੇ ਉਸ ਨੇ ਗੰਭੀਰ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਇਜ਼ਰਾਈਲ ਦੇ ਬੇਵਫ਼ਾ ਰਾਜਿਆਂ ਵਿੱਚੋਂ ਇਕ ਰਾਜਾ ਅਹਾਬ ਸੀ। ਉਸ ਨੇ ਬੁਰੀ ਤੀਵੀਂ ਈਜ਼ਬਲ ਨਾਲ ਵਿਆਹ ਕੀਤਾ ਜੋ ਬਆਲ ਦੀ ਭਗਤੀ ਕਰਦੀ ਸੀ। ਉਨ੍ਹਾਂ ਦੋਵਾਂ ਨੇ ਦੇਸ਼ ਵਿਚ ਲੋਕਾਂ ਨੂੰ ਬਆਲ ਦੀ ਭਗਤੀ ਕਰਨ ਲਾ ਦਿੱਤਾ ਅਤੇ ਯਹੋਵਾਹ ਦੇ ਬਹੁਤ ਸਾਰੇ ਨਬੀਆਂ ਨੂੰ ਮਾਰ ਦਿੱਤਾ। ਏਲੀਯਾਹ ਬਚ ਨਿਕਲਣ ਵਿਚ ਸਫ਼ਲ ਹੋ ਗਿਆ ਸੀ। ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਉਹ ਕਾਲ਼ ਵਿਚ ਵੀ ਬਚ ਸਕਿਆ। (1 ਰਾਜ. 17:2-4, 14-16) ਨਾਲੇ ਏਲੀਯਾਹ ਨੇ ਬਆਲ ਦੇ ਨਬੀਆਂ ਤੇ ਭਗਤਾਂ ਨੂੰ ਚੁਣੌਤੀ ਦਿੰਦਿਆਂ ਵੀ ਯਹੋਵਾਹ ’ਤੇ ਭਰੋਸਾ ਰੱਖਿਆ। ਉਸ ਨੇ ਇਜ਼ਰਾਈਲੀਆਂ ਨੂੰ ਯਹੋਵਾਹ ਦੀ ਭਗਤੀ ਕਰਨ ਦੀ ਹੱਲਾਸ਼ੇਰੀ ਦਿੱਤੀ। (1 ਰਾਜ. 18:21-24, 36-38) ਏਲੀਯਾਹ ਕੋਲ ਬਹੁਤ ਸਾਰੇ ਸਬੂਤ ਸਨ ਕਿ ਯਹੋਵਾਹ ਨੇ ਔਖੇ ਸਮਿਆਂ ਵਿਚ ਉਸ ਦੀ ਰਾਖੀ ਤੇ ਮਦਦ ਕੀਤੀ ਸੀ।

ਯਹੋਵਾਹ ਨੇ ਇਕ ਦੂਤ ਰਾਹੀਂ ਦੁਬਾਰਾ ਤਾਕਤ ਹਾਸਲ ਕਰਨ ਵਿਚ ਏਲੀਯਾਹ ਦੀ ਮਦਦ ਕੀਤੀ (ਪੈਰੇ 5-6 ਦੇਖੋ) *

5-6. 1 ਰਾਜਿਆਂ 19:1-4 ਅਨੁਸਾਰ ਏਲੀਯਾਹ ਨੇ ਕੀ ਸੋਚਿਆ ਅਤੇ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਏਲੀਯਾਹ ਨੂੰ ਪਿਆਰ ਕਰਦਾ ਸੀ?

5 ਪਹਿਲਾ ਰਾਜਿਆਂ 19:1-4 ਪੜ੍ਹੋ। ਪਰ ਜਦੋਂ ਰਾਣੀ ਈਜ਼ਬਲ ਨੇ ਏਲੀਯਾਹ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਤਾਂ ਉਹ ਡਰ ਗਿਆ। ਇਸ ਲਈ ਉਹ ਬਏਰਸ਼ਬਾ ਨੂੰ ਭੱਜ ਗਿਆ। ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ “ਆਪਣੀ ਜਾਨ ਲਈ ਮੌਤ ਮੰਗੀ।” ਉਸ ਨੇ ਇਸ ਤਰ੍ਹਾਂ ਕਿਉਂ ਮਹਿਸੂਸ ਕੀਤਾ? ਏਲੀਯਾਹ ਨਾਮੁਕੰਮਲ ਅਤੇ “ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ।” (ਯਾਕੂ. 5:17) ਤਣਾਅ ਤੇ ਬਹੁਤ ਥਕਾਵਟ ਕਰਕੇ ਸ਼ਾਇਦ ਉਸ ਦੀ ਬਸ ਹੋ ਗਈ ਸੀ। ਲੱਗਦਾ ਹੈ ਕਿ ਏਲੀਯਾਹ ਨੇ ਸੋਚਿਆ ਕਿ ਸੱਚੀ ਭਗਤੀ ਦਾ ਪੱਖ ਲੈਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਬੇਕਾਰ ਸਨ, ਇਜ਼ਰਾਈਲ ਵਿਚ ਜ਼ਰਾ ਵੀ ਸੁਧਾਰ ਨਹੀਂ ਹੋਇਆ ਸੀ ਅਤੇ ਸਿਰਫ਼ ਉਹੀ ਯਹੋਵਾਹ ਦੀ ਭਗਤੀ ਕਰ ਰਿਹਾ ਸੀ। (1 ਰਾਜ. 18:3, 4, 13; 19:10, 14) ਵਫ਼ਾਦਾਰ ਨਬੀ ਦੀ ਸੋਚ ’ਤੇ ਅਸੀਂ ਸ਼ਾਇਦ ਹੈਰਾਨ ਹੋਈਏ। ਪਰ ਯਹੋਵਾਹ ਉਸ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ।

6 ਜਦੋਂ ਏਲੀਯਾਹ ਨੇ ਯਹੋਵਾਹ ਨੂੰ ਆਪਣੀਆਂ ਭਾਵਨਾਵਾਂ ਦੱਸੀਆਂ, ਤਾਂ ਪਰਮੇਸ਼ੁਰ ਨੇ ਉਸ ਨੂੰ ਝਿੜਕਿਆ ਨਹੀਂ। ਇਸ ਦੀ ਬਜਾਇ, ਯਹੋਵਾਹ ਨੇ ਦੁਬਾਰਾ ਤਾਕਤ ਹਾਸਲ ਕਰਨ ਵਿਚ ਉਸ ਦੀ ਮਦਦ ਕੀਤੀ। (1 ਰਾਜ. 19:5-7) ਬਾਅਦ ਵਿਚ ਯਹੋਵਾਹ ਨੇ ਆਪਣੀ ਜ਼ਬਰਦਸਤ ਤਾਕਤ ਦਿਖਾ ਕੇ ਪਿਆਰ ਨਾਲ ਉਸ ਦੀ ਸੋਚ ਸੁਧਾਰੀ। ਫਿਰ ਯਹੋਵਾਹ ਨੇ ਦੱਸਿਆ ਕਿ ਇਜ਼ਰਾਈਲ ਵਿਚ ਅਜੇ ਵੀ 7,000 ਲੋਕ ਹਨ ਜਿਨ੍ਹਾਂ ਨੇ ਬਆਲ ਦੀ ਭਗਤੀ ਕਰਨ ਤੋਂ ਇਨਕਾਰ ਕੀਤਾ ਸੀ। (1 ਰਾਜ. 19:11-18) ਇਨ੍ਹਾਂ ਤਰੀਕਿਆਂ ਰਾਹੀਂ ਯਹੋਵਾਹ ਨੇ ਦਿਖਾਇਆ ਕਿ ਉਹ ਏਲੀਯਾਹ ਨੂੰ ਪਿਆਰ ਕਰਦਾ ਸੀ।

ਯਹੋਵਾਹ ਸਾਡੀ ਕਿਵੇਂ ਮਦਦ ਕਰੇਗਾ?

7. ਯਹੋਵਾਹ ਨੇ ਏਲੀਯਾਹ ਦੀ ਜਿਸ ਤਰੀਕੇ ਨਾਲ ਮਦਦ ਕੀਤੀ, ਉਸ ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ?

7 ਕੀ ਤੁਸੀਂ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋ? ਸਾਨੂੰ ਇਹ ਜਾਣ ਕੇ ਕਿੰਨੀ ਰਾਹਤ ਮਿਲਦੀ ਹੈ ਕਿ ਯਹੋਵਾਹ ਏਲੀਯਾਹ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ! ਇਸ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਉਹ ਸਾਡੀਆਂ ਮੁਸ਼ਕਲਾਂ ਨੂੰ ਵੀ ਸਮਝਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਕੀ ਨਹੀਂ। ਨਾਲੇ ਉਹ ਤਾਂ ਸਾਡੀਆਂ ਸੋਚਾਂ ਤੇ ਭਾਵਨਾਵਾਂ ਨੂੰ ਵੀ ਜਾਣਦਾ ਹੈ। (ਜ਼ਬੂ. 103:14; 139:3, 4) ਜੇ ਅਸੀਂ ਏਲੀਯਾਹ ਵਾਂਗ ਯਹੋਵਾਹ ’ਤੇ ਭਰੋਸਾ ਰੱਖਾਂਗੇ, ਤਾਂ ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਉਹ ਸਾਡੀ ਮਦਦ ਕਰੇਗਾ।​—ਜ਼ਬੂ. 55:22.

8. ਤਣਾਅ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਤੁਹਾਡੀ ਮਦਦ ਕਿਵੇਂ ਕਰੇਗਾ?

8 ਤਣਾਅ ਕਰਕੇ ਤੁਸੀਂ ਸ਼ਾਇਦ ਸੋਚੋ ਕਿ ਤੁਹਾਡੀ ਮੁਸ਼ਕਲ ਕਦੇ ਖ਼ਤਮ ਨਹੀਂ ਹੋਵੇਗੀ ਜਿਸ ਕਰਕੇ ਤੁਸੀਂ ਨਿਰਾਸ਼ ਹੋ ਜਾਓ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਯਾਦ ਰੱਖੋ ਕਿ ਤਣਾਅ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਤੁਹਾਡੀ ਮਦਦ ਕਰੇਗਾ। ਉਹ ਤੁਹਾਡੀ ਮਦਦ ਕਿਵੇਂ ਕਰੇਗਾ? ਉਹ ਸੱਦਾ ਦਿੰਦਾ ਹੈ ਕਿ ਤੁਸੀਂ ਆਪਣੀਆਂ ਮੁਸ਼ਕਲਾਂ ਤੇ ਭਾਵਨਾਵਾਂ ਬਾਰੇ ਉਸ ਨੂੰ ਦੱਸੋ। ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ। (ਜ਼ਬੂ. 5:3; 1 ਪਤ. 5:7) ਇਸ ਲਈ ਯਹੋਵਾਹ ਨੂੰ ਅਕਸਰ ਆਪਣੀਆਂ ਮੁਸ਼ਕਲਾਂ ਬਾਰੇ ਦੱਸੋ। ਉਸ ਨੇ ਜਿਸ ਤਰੀਕੇ ਨਾਲ ਏਲੀਯਾਹ ਨਾਲ ਗੱਲ ਕੀਤੀ, ਉਹ ਤੁਹਾਡੇ ਨਾਲ ਗੱਲ ਨਹੀਂ ਕਰੇਗਾ, ਪਰ ਉਹ ਆਪਣੇ ਬਚਨ ਬਾਈਬਲ ਤੇ ਸੰਗਠਨ ਰਾਹੀਂ ਤੁਹਾਡੇ ਨਾਲ ਗੱਲ ਕਰੇਗਾ। ਬਾਈਬਲ ਵਿੱਚੋਂ ਬਿਰਤਾਂਤ ਪੜ੍ਹ ਕੇ ਤੁਹਾਨੂੰ ਦਿਲਾਸਾ ਤੇ ਉਮੀਦ ਮਿਲ ਸਕਦੀ ਹੈ। ਨਾਲੇ ਤੁਹਾਡੇ ਭੈਣ-ਭਰਾ ਤੁਹਾਨੂੰ ਹੌਸਲਾ ਦੇ ਸਕਦੇ ਹਨ।​—ਰੋਮੀ. 15:4; ਇਬ. 10:24, 25.

9. ਇਕ ਭਰੋਸੇਮੰਦ ਦੋਸਤ ਸਾਡੀ ਮਦਦ ਕਿਵੇਂ ਕਰ ਸਕਦਾ ਹੈ?

9 ਯਹੋਵਾਹ ਨੇ ਏਲੀਯਾਹ ਨੂੰ ਆਪਣੀਆਂ ਕੁਝ ਜ਼ਿੰਮੇਵਾਰੀਆਂ ਅਲੀਸ਼ਾ ਨੂੰ ਦੇਣ ਲਈ ਕਿਹਾ। ਇਸ ਤਰ੍ਹਾਂ ਯਹੋਵਾਹ ਨੇ ਏਲੀਯਾਹ ਨੂੰ ਇਕ ਵਧੀਆ ਦੋਸਤ ਦਿੱਤਾ ਜੋ ਨਿਰਾਸ਼ਾ ਵਿਚ ਉਸ ਨੂੰ ਹੌਸਲਾ ਦੇ ਸਕਦਾ ਸੀ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਭਰੋਸੇਮੰਦ ਦੋਸਤ ਨੂੰ ਆਪਣੀਆਂ ਭਾਵਨਾਵਾਂ ਦੱਸਦੇ ਹਾਂ, ਤਾਂ ਉਹ ਨਿਰਾਸ਼ਾ ਵਿਚ ਸਾਨੂੰ ਹੌਸਲਾ ਦੇ ਸਕਦਾ ਹੈ। (2 ਰਾਜ. 2:2; ਕਹਾ. 17:17) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇਸ ਤਰ੍ਹਾਂ ਦਾ ਕੋਈ ਦੋਸਤ ਨਹੀਂ ਹੈ ਜਿਸ ਨੂੰ ਤੁਸੀਂ ਆਪਣੀਆਂ ਚਿੰਤਾਵਾਂ ਤੇ ਭਾਵਨਾਵਾਂ ਬਾਰੇ ਦੱਸ ਸਕਦੇ ਹੋ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਕਿਸੇ ਸਮਝਦਾਰ ਮਸੀਹੀ ਰਾਹੀਂ ਤੁਹਾਨੂੰ ਹੌਸਲਾ ਦੇਵੇ।

10. ਏਲੀਯਾਹ ਦੇ ਤਜਰਬੇ ਤੋਂ ਸਾਨੂੰ ਉਮੀਦ ਕਿਵੇਂ ਮਿਲਦੀ ਹੈ ਅਤੇ ਯਸਾਯਾਹ 40:28, 29 ਵਿਚ ਕੀ ਵਾਅਦਾ ਕੀਤਾ ਗਿਆ ਹੈ?

10 ਯਹੋਵਾਹ ਨੇ ਤਣਾਅ ਦਾ ਸਾਮ੍ਹਣਾ ਕਰਨ ਅਤੇ ਸਾਲਾਂ ਤਕ ਵਫ਼ਾਦਾਰੀ ਨਾਲ ਸੇਵਾ ਕਰਨ ਵਿਚ ਏਲੀਯਾਹ ਦੀ ਮਦਦ ਕੀਤੀ। ਏਲੀਯਾਹ ਦੇ ਤਜਰਬੇ ਤੋਂ ਸਾਨੂੰ ਉਮੀਦ ਮਿਲਦੀ ਹੈ। ਕਈ ਵਾਰ ਸਾਨੂੰ ਸ਼ਾਇਦ ਇੰਨਾ ਜ਼ਿਆਦਾ ਤਣਾਅ ਹੋਵੇ ਕਿ ਅਸੀਂ ਸਰੀਰਕ ਤੇ ਮਾਨਸਿਕ ਤੌਰ ’ਤੇ ਥੱਕੇ ਹੋਏ ਮਹਿਸੂਸ ਕਰੀਏ। ਪਰ ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਉਹ ਸਾਨੂੰ ਸੇਵਾ ਕਰਦੇ ਰਹਿਣ ਦੀ ਤਾਕਤ ਦੇਵੇਗਾ।​—ਯਸਾਯਾਹ 40:28, 29 ਪੜ੍ਹੋ।

ਬਾਈਬਲ ਦੇ ਤਿੰਨ ਪਾਤਰਾਂ ਨੇ ਯਹੋਵਾਹ ’ਤੇ ਭਰੋਸਾ ਰੱਖਿਆ

11-13. ਪਰਮੇਸ਼ੁਰ ਦੇ ਪੁਰਾਣੇ ਸਮੇਂ ਦੇ ਤਿੰਨ ਸੇਵਕਾਂ ’ਤੇ ਤਣਾਅ ਦਾ ਕੀ ਅਸਰ ਪਿਆ?

11 ਬਾਈਬਲ ਵਿਚ ਦਰਜ ਹੋਰ ਲੋਕਾਂ ਨੇ ਵੀ ਕਾਫ਼ੀ ਤਣਾਅ ਦਾ ਸਾਮ੍ਹਣਾ ਕੀਤਾ। ਮਿਸਾਲ ਲਈ, ਹੰਨਾਹ ’ਤੇ ਬਾਂਝ ਹੋਣ ਦਾ ਕਲੰਕ ਸੀ ਅਤੇ ਉਸ ਨੂੰ ਆਪਣੀ ਸੌਂਕਣ ਦੇ ਤਾਅਨੇ-ਮਿਹਣੇ ਵੀ ਸਹਿਣੇ ਪੈਂਦੇ ਸਨ। (1 ਸਮੂ. 1:2, 6) ਤਣਾਅ ਹੋਣ ਕਰਕੇ ਹੰਨਾਹ ਦਾ ਮਨ ਕੁੜੱਤਣ ਨਾਲ ਇੰਨਾ ਭਰ ਗਿਆ ਕਿ ਉਹ ਰੋਂਦੀ ਰਹਿੰਦੀ ਸੀ ਅਤੇ ਉਸ ਦੀ ਭੁੱਖ-ਪਿਆਸ ਵੀ ਮਰ ਗਈ ਸੀ।​—1 ਸਮੂ. 1:7, 10.

12 ਕਈ ਵਾਰ ਰਾਜਾ ਦਾਊਦ ਤਣਾਅ ਕਰਕੇ ਨਿਰਾਸ਼ ਹੋ ਗਿਆ ਸੀ। ਜ਼ਰਾ ਉਸ ਦੀਆਂ ਮੁਸ਼ਕਲਾਂ ਬਾਰੇ ਸੋਚੋ। ਉਹ ਆਪਣੀਆਂ ਗ਼ਲਤੀਆਂ ਕਰਕੇ ਆਪਣੇ ਆਪ ਨੂੰ ਬਹੁਤ ਦੋਸ਼ੀ ਮਹਿਸੂਸ ਕਰਦਾ ਸੀ। (ਜ਼ਬੂ. 40:12) ਉਸ ਦੇ ਪਿਆਰੇ ਪੁੱਤਰ ਅਬਸ਼ਾਲੋਮ ਨੇ ਉਸ ਖ਼ਿਲਾਫ਼ ਬਗਾਵਤ ਕੀਤੀ ਅਤੇ ਬਾਅਦ ਵਿਚ ਅਬਸ਼ਾਲੋਮ ਮਾਰਿਆ ਗਿਆ। (2 ਸਮੂ. 15:13, 14; 18:33) ਨਾਲੇ ਦਾਊਦ ਦੇ ਸਭ ਤੋਂ ਕਰੀਬੀ ਦੋਸਤ ਨੇ ਉਸ ਨੂੰ ਧੋਖਾ ਦਿੱਤਾ। (2 ਸਮੂ. 16:23–17:2; ਜ਼ਬੂ. 55:12-14) ਦਾਊਦ ਦੁਆਰਾ ਲਿਖੇ ਬਹੁਤ ਸਾਰੇ ਜ਼ਬੂਰਾਂ ਵਿਚ ਉਸ ਨੇ ਆਪਣੀ ਨਿਰਾਸ਼ਾ ਅਤੇ ਯਹੋਵਾਹ ’ਤੇ ਆਪਣੇ ਅਟੁੱਟ ਭਰੋਸੇ ਬਾਰੇ ਲਿਖਿਆ।​—ਜ਼ਬੂ. 38:5-10; 94:17-19.

ਕਿਹੜੀ ਗੱਲ ਨੇ ਜ਼ਬੂਰਾਂ ਦੇ ਲਿਖਾਰੀ ਦੀ ਦੁਬਾਰਾ ਤੋਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕੀਤੀ? (ਪੈਰੇ 13-15 ਦੇਖੋ) *

13 ਬਾਅਦ ਵਿਚ ਜ਼ਬੂਰਾਂ ਦਾ ਇਕ ਲਿਖਾਰੀ ਦੁਸ਼ਟਾਂ ਦੇ ਰਹਿਣ-ਸਹਿਣ ਕਰਕੇ ਈਰਖਾ ਕਰਨ ਲੱਗ ਪਿਆ। ਸ਼ਾਇਦ ਉਹ ਲੇਵੀ ਆਸਾਫ਼ ਦੀ ਪੀੜ੍ਹੀ ਵਿੱਚੋਂ ਸੀ ਅਤੇ “ਪਰਮੇਸ਼ੁਰ ਦੇ ਪਵਿੱਤਰ ਅਸਥਾਨ” ਵਿਚ ਸੇਵਾ ਕਰਦਾ ਸੀ। ਜ਼ਬੂਰਾਂ ਦਾ ਇਹ ਲਿਖਾਰੀ ਤਣਾਅ ਵਿਚ ਹੋਣ ਕਰਕੇ ਨਿਰਾਸ਼ ਹੋ ਗਿਆ ਤੇ ਉਸ ਕੋਲ ਜੋ ਸੀ, ਉਸ ਨਾਲ ਉਹ ਖ਼ੁਸ਼ ਨਹੀਂ ਸੀ। ਉਹ ਤਾਂ ਇਹ ਵੀ ਸੋਚਣ ਲੱਗ ਪਿਆ ਕਿ ਪਰਮੇਸ਼ੁਰ ਦੀ ਸੇਵਾ ਕਰ ਕੇ ਮਿਲਣ ਵਾਲੀਆਂ ਬਰਕਤਾਂ ਕਾਫ਼ੀ ਨਹੀਂ ਸਨ।​—ਜ਼ਬੂ. 73:2-5, 7, 12-14, 16, 17, 21.

14-15. ਯਹੋਵਾਹ ਤੋਂ ਮਦਦ ਲੈਣ ਬਾਰੇ ਅਸੀਂ ਬਾਈਬਲ ਦੀਆਂ ਤਿੰਨ ਮਿਸਾਲਾਂ ਤੋਂ ਕੀ ਸਿੱਖਦੇ ਹਾਂ?

14 ਪਿਛਲੇ ਪੈਰੇ ਵਿਚ ਦੱਸੇ ਤਿੰਨੇ ਸੇਵਕਾਂ ਨੇ ਯਹੋਵਾਹ ’ਤੇ ਭਰੋਸਾ ਰੱਖਿਆ। ਉਨ੍ਹਾਂ ਨੇ ਪ੍ਰਾਰਥਨਾ ਵਿਚ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਦਿਲ ਖੋਲ੍ਹ ਕੇ ਪਰਮੇਸ਼ੁਰ ਨੂੰ ਦੱਸਿਆ ਕਿ ਉਹ ਤਣਾਅ ਵਿਚ ਕਿਉਂ ਸਨ। ਨਾਲੇ ਉਹ ਭਗਤੀ ਕਰਨ ਲਈ ਜਾਂਦੇ ਰਹੇ।​—1 ਸਮੂ. 1:9, 10; ਜ਼ਬੂ. 55:22; 73:17; 122:1.

15 ਯਹੋਵਾਹ ਨੇ ਉਨ੍ਹਾਂ ਤਿੰਨਾਂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਹੰਨਾਹ ਨੂੰ ਮਨ ਦੀ ਸ਼ਾਂਤੀ ਮਿਲੀ। (1 ਸਮੂ. 1:18) ਦਾਊਦ ਨੇ ਲਿਖਿਆ: “ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।” (ਜ਼ਬੂ. 34:19) ਨਾਲੇ ਜ਼ਬੂਰਾਂ ਦੇ ਲਿਖਾਰੀ ਨੇ ਮਹਿਸੂਸ ਕੀਤਾ ਕਿ ਯਹੋਵਾਹ ਨੇ ਉਸ ਦੇ “ਸੱਜੇ ਹੱਥ ਨੂੰ ਫੜਿਆ ਹੈ” ਯਾਨੀ ਪਰਮੇਸ਼ੁਰ ਪਿਆਰ ਨਾਲ ਸਲਾਹ ਦੇ ਕੇ ਉਸ ਦੀ ਅਗਵਾਈ ਕਰਦਾ ਸੀ। ਉਸ ਨੇ ਗਾਇਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ।” (ਜ਼ਬੂ. 73:23, 24, 28) ਅਸੀਂ ਇਨ੍ਹਾਂ ਮਿਸਾਲਾਂ ਤੋਂ ਕੀ ਸਿੱਖਦੇ ਹਾਂ? ਕਈ ਵਾਰ ਸਾਨੂੰ ਗੰਭੀਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਾਂਗੇ ਜੇ ਅਸੀਂ ਪ੍ਰਾਰਥਨਾ ਰਾਹੀਂ ਉਸ ’ਤੇ ਭਰੋਸਾ ਰੱਖਾਂਗੇ, ਉਸ ਦਾ ਕਹਿਣਾ ਮੰਨਾਂਗੇ ਅਤੇ ਉਨ੍ਹਾਂ ਬਾਰੇ ਸੋਚਾਂਗੇ ਜਿਨ੍ਹਾਂ ਦੀ ਯਹੋਵਾਹ ਨੇ ਮਦਦ ਕੀਤੀ।​—ਜ਼ਬੂ. 143:1, 4-8.

ਯਹੋਵਾਹ ’ਤੇ ਭਰੋਸਾ ਰੱਖੋ ਅਤੇ ਸਫ਼ਲ ਹੋਵੋ

ਪਹਿਲਾਂ-ਪਹਿਲ ਇਕ ਭੈਣ ਦੂਜਿਆਂ ਤੋਂ ਵੱਖਰੀ ਰਹਿੰਦੀ ਹੈ, ਪਰ ਉਦੋਂ ਸਾਰਾ ਕੁਝ ਬਦਲ ਗਿਆ ਜਦੋਂ ਉਸ ਨੇ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਕੀਤੀ (ਪੈਰੇ 16-17 ਦੇਖੋ)

16-17. (ੳ) ਸਾਨੂੰ ਯਹੋਵਾਹ ਤੇ ਉਸ ਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਖਰਾ ਕਿਉਂ ਨਹੀਂ ਕਰਨਾ ਚਾਹੀਦਾ? (ਅ) ਅਸੀਂ ਦੁਬਾਰਾ ਤਾਕਤ ਕਿਵੇਂ ਹਾਸਲ ਕਰ ਸਕਦੇ ਹਾਂ?

16 ਇਨ੍ਹਾਂ ਤਿੰਨ ਮਿਸਾਲਾਂ ਤੋਂ ਅਸੀਂ ਇਕ ਹੋਰ ਅਹਿਮ ਸਬਕ ਸਿੱਖਦੇ ਹਾਂ। ਸਾਨੂੰ ਯਹੋਵਾਹ ਤੇ ਉਸ ਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਕਰਨਾ ਚਾਹੀਦਾ। (ਕਹਾ. 18:1) ਨੈਨਸੀ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਜਿਸ ਕਰਕੇ ਉਸ ਨੇ ਬਹੁਤ ਤਣਾਅ ਦਾ ਸਾਮ੍ਹਣਾ ਕੀਤਾ। ਉਹ ਦੱਸਦੀ ਹੈ: “ਕਈ ਇੱਦਾਂ ਦੇ ਦਿਨ ਹੁੰਦੇ ਸਨ ਜਦੋਂ ਮੈਂ ਨਾ ਤਾਂ ਕਿਸੇ ਨੂੰ ਮਿਲਣਾ ਚਾਹੁੰਦੀ ਸੀ ਤੇ ਨਾ ਹੀ ਕਿਸੇ ਨਾਲ ਗੱਲ ਕਰਨੀ ਚਾਹੁੰਦੀ ਸੀ। ਪਰ ਮੈਂ ਜਿੰਨਾ ਜ਼ਿਆਦਾ ਆਪਣੇ ਆਪ ਨੂੰ ਵੱਖਰਾ ਕਰਦੀ ਸੀ, ਉੱਨਾ ਜ਼ਿਆਦਾ ਮੈਂ ਉਦਾਸ ਹੁੰਦੀ ਸੀ।” ਪਰ ਉਦੋਂ ਸਾਰਾ ਕੁਝ ਬਦਲ ਗਿਆ ਜਦੋਂ ਨੈਨਸੀ ਨੇ ਦੂਸਰਿਆਂ ਦੀ ਮਦਦ ਕਰਨੀ ਸ਼ੁਰੂ ਕੀਤੀ। ਉਹ ਦੱਸਦੀ ਹੈ: “ਮੈਂ ਦੂਜਿਆਂ ਦੀਆਂ ਮੁਸ਼ਕਲਾਂ ਸੁਣਦੀ ਸੀ। ਮੈਂ ਗੌਰ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ’ਤੇ ਧਿਆਨ ਲਾਉਣ ਕਰਕੇ ਮੈਂ ਆਪਣੇ ਬਾਰੇ ਘੱਟ ਸੋਚਦੀ ਸੀ।”

17 ਅਸੀਂ ਸਭਾਵਾਂ ਵਿਚ ਜਾ ਕੇ ਵੀ ਦੁਬਾਰਾ ਤਾਕਤ ਹਾਸਲ ਕਰ ਸਕਦੇ ਹਾਂ। ਸਭਾਵਾਂ ’ਤੇ ਜਾ ਕੇ ਅਸੀਂ ਯਹੋਵਾਹ ਨੂੰ ਹੋਰ ਮੌਕੇ ਦਿੰਦੇ ਹਾਂ ਕਿ ਉਹ ਸਾਡੀ ‘ਸਹਾਇਤਾ ਕਰੇ ਅਤੇ ਸਾਨੂੰ ਸ਼ਾਂਤੀ ਦੇਵੇ।’ (ਜ਼ਬੂ. 86:17) ਉਹ ਆਪਣੀ ਪਵਿੱਤਰ ਸ਼ਕਤੀ, ਆਪਣੇ ਬਚਨ ਤੇ ਆਪਣੇ ਲੋਕਾਂ ਦੇ ਜ਼ਰੀਏ ਸਾਨੂੰ ਸਭਾਵਾਂ ਵਿਚ ਤਾਕਤ ਦਿੰਦਾ ਹੈ। ਸਭਾਵਾਂ ਵਿਚ ਜਾ ਕੇ ਅਸੀਂ ਇਕ-ਦੂਜੇ ਦਾ “ਹੌਸਲਾ” ਵਧਾ ਸਕਦੇ ਹਾਂ। (ਰੋਮੀ. 1:11, 12) ਸੋਫ਼ੀਆ ਦੱਸਦੀ ਹੈ: “ਯਹੋਵਾਹ ਅਤੇ ਆਪਣੇ ਭਾਈਚਾਰੇ ਕਰਕੇ ਮੈਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀ ਹਾਂ। ਮੇਰੇ ਲਈ ਸਭਾਵਾਂ ਸਭ ਤੋਂ ਅਹਿਮ ਹਨ। ਮੈਂ ਦੇਖਿਆ ਹੈ ਕਿ ਮੈਂ ਜਿੰਨਾ ਜ਼ਿਆਦਾ ਪ੍ਰਚਾਰ ਅਤੇ ਮੰਡਲੀ ਦੇ ਕੰਮਾਂ ਵਿਚ ਹਿੱਸਾ ਲੈਂਦੀ ਹਾਂ, ਉੱਨਾ ਜ਼ਿਆਦਾ ਮੈਂ ਆਪਣੇ ਤਣਾਅ ਤੇ ਚਿੰਤਾਵਾਂ ਨਾਲ ਸਿੱਝ ਸਕਦੀ ਹਾਂ।”

18. ਜੇ ਅਸੀਂ ਨਿਰਾਸ਼ ਹਾਂ, ਤਾਂ ਯਹੋਵਾਹ ਸਾਨੂੰ ਕੀ ਦੇ ਸਕਦਾ ਹੈ?

18 ਨਿਰਾਸ਼ਾ ਦਾ ਸਾਮ੍ਹਣਾ ਕਰਦਿਆਂ ਆਓ ਆਪਾਂ ਯਾਦ ਰੱਖੀਏ ਕਿ ਯਹੋਵਾਹ ਸਿਰਫ਼ ਭਵਿੱਖ ਵਿਚ ਤਣਾਅ ਨੂੰ ਹਮੇਸ਼ਾ ਖ਼ਤਮ ਕਰਨ ਦਾ ਵਾਅਦਾ ਹੀ ਨਹੀਂ ਕਰਦਾ, ਸਗੋਂ ਉਹ ਅੱਜ ਵੀ ਤਣਾਅ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦਾ ਹੈ। ਉਹ ਸਾਨੂੰ ਨਿਰਾਸ਼ਾ ਅਤੇ ਨਾਉਮੀਦੀ ਦੀਆਂ ਭਾਵਨਾਵਾਂ ਨਾਲ ਲੜਨ ਦੀ “ਇੱਛਾ” ਅਤੇ “ਤਾਕਤ” ਦਿੰਦਾ ਹੈ।​—ਫ਼ਿਲਿ. 2:13.

19. ਰੋਮੀਆਂ 8:37-39 ਤੋਂ ਸਾਨੂੰ ਕਿਹੜਾ ਭਰੋਸਾ ਮਿਲਦਾ ਹੈ?

19 ਰੋਮੀਆਂ 8:37-39 ਪੜ੍ਹੋ। ਪੌਲੁਸ ਰਸੂਲ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਕੋਈ ਵੀ ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕਦਾ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਤਣਾਅ ਦਾ ਸਾਮ੍ਹਣਾ ਕਰ ਰਹੇ ਹਨ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਤਣਾਅ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਨੂੰ ਹਮਦਰਦੀ ਦਿਖਾ ਕੇ ਅਤੇ ਉਨ੍ਹਾਂ ਦੀ ਮਦਦ ਕਰ ਕੇ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਗੀਤ 38 ਆਪਣਾ ਬੋਝ ਯਹੋਵਾਹ ’ਤੇ ਸੁੱਟੋ

^ ਪੈਰਾ 5 ਹੱਦੋਂ ਵੱਧ ਜਾਂ ਲੰਬੇ ਸਮੇਂ ਤਕ ਤਣਾਅ ਵਿਚ ਰਹਿਣ ਕਰਕੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਨੁਕਸਾਨ ਪਹੁੰਚ ਸਕਦਾ ਹੈ। ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ? ਅਸੀਂ ਦੇਖਾਂਗੇ ਕਿ ਯਹੋਵਾਹ ਨੇ ਏਲੀਯਾਹ ਦੀ ਕਿਵੇਂ ਮਦਦ ਕੀਤੀ ਜੋ ਤਣਾਅ ਵਿਚ ਸੀ। ਅਸੀਂ ਬਾਈਬਲ ਦੀਆਂ ਹੋਰ ਮਿਸਾਲਾਂ ਤੋਂ ਸਿੱਖਾਂਗੇ ਕਿ ਤਣਾਅ ਵਿਚ ਹੁੰਦਿਆਂ ਸਾਨੂੰ ਯਹੋਵਾਹ ਤੋਂ ਮਦਦ ਲੈਣ ਲਈ ਕੀ ਕਰਨਾ ਚਾਹੀਦਾ ਹੈ।

^ ਪੈਰਾ 2 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੈਰਾ 2 ਮੱਲਟਿਪਲ ਸਕਲਿਰੋਸਿਸ ਇਕ ਅਜਿਹਾ ਰੋਗ ਹੈ ਜਿਸ ਦੇ ਕਾਰਨ ਵਜੋਂ ਪੂਰੇ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਮਰੀਜ਼ ਦੇ ਹੱਥ-ਪੈਰ ਸਹਿਜੇ-ਸਹਿਜੇ ਕਮਜ਼ੋਰ ਹੋਣ ਲੱਗ ਪੈਂਦੇ ਹਨ ਅਤੇ ਉਹ ਅਪਾਹਜ ਹੋ ਜਾਂਦਾ ਹੈ। ਕਦੇ-ਕਦੇ ਨਿਗਾਹ ਘੱਟ ਜਾਂਦੀ ਹੈ, ਬੋਲਣ ਜਾਂ ਸਮਝਣ ਵਿਚ ਮੁਸ਼ਕਲ ਹੁੰਦੀ ਹੈ।

^ ਪੈਰਾ 54 ਤਸਵੀਰਾਂ ਬਾਰੇ ਜਾਣਕਾਰੀ: ਯਹੋਵਾਹ ਦਾ ਦੂਤ ਹੌਲੀ ਨਾਲ ਏਲੀਯਾਹ ਨੂੰ ਜਗਾਉਂਦਾ ਹੋਇਆ ਅਤੇ ਉਸ ਨੂੰ ਰੋਟੀ ਤੇ ਪਾਣੀ ਦਿੰਦਾ ਹੋਇਆ।

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਜ਼ਬੂਰਾਂ ਦਾ ਇਕ ਲਿਖਾਰੀ ਜ਼ਬੂਰ ਲਿਖਦਾ ਹੋਇਆ ਅਤੇ ਆਪਣੇ ਲੇਵੀ ਸਾਥੀਆਂ ਨਾਲ ਗਾਉਂਦਾ ਹੋਇਆ, ਇਹ ਲਿਖਾਰੀ ਸ਼ਾਇਦ ਆਸਾਫ਼ ਦੀ ਪੀੜ੍ਹੀ ਵਿੱਚੋਂ ਹੈ।