Skip to content

Skip to table of contents

ਅੱਜ ਤੁਰ੍ਹੀ ਦੀ ਆਵਾਜ਼ ਪ੍ਰਤੀ ਹੁੰਗਾਰਾ ਭਰੋ

ਅੱਜ ਤੁਰ੍ਹੀ ਦੀ ਆਵਾਜ਼ ਪ੍ਰਤੀ ਹੁੰਗਾਰਾ ਭਰੋ

ਅਸੀਂ ਸਾਰੇ ਮੰਨਦੇ ਹਾਂ ਕਿ ਯਹੋਵਾਹ ਇਨ੍ਹਾਂ ‘ਆਖ਼ਰੀ ਦਿਨਾਂ’ ਦੌਰਾਨ ਆਪਣੇ ਲੋਕਾਂ ਨੂੰ ਸੇਧ ਦੇ ਰਿਹਾ ਹੈ ਅਤੇ ਸੰਭਾਲ ਰਿਹਾ ਹੈ। (2 ਤਿਮੋ. 3:1) ਪਰ ਹੁੰਗਾਰਾ ਭਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਆਪਣੀ ਤੁਲਨਾ ਉਜਾੜ ਵਿਚ ਰਹਿੰਦੇ ਇਜ਼ਰਾਈਲੀਆਂ ਨਾਲ ਕਰ ਸਕਦੇ ਹਾਂ। ਉਨ੍ਹਾਂ ਨੇ ਤੁਰ੍ਹੀ ਦੀ ਆਵਾਜ਼ ਸੁਣਨ ’ਤੇ ਹੁੰਗਾਰਾ ਭਰਨਾ ਸੀ।

ਯਹੋਵਾਹ ਨੇ ਮੂਸਾ ਨੂੰ “ਮੰਡਲੀ ਦੇ ਸੱਦਣ ਨੂੰ ਅਤੇ ਡੇਰਿਆਂ ਦੇ ਕੂਚ ਕਰਨ ਲਈ” ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾਉਣ ਲਈ ਕਿਹਾ। (ਗਿਣ. 10:2) ਪੁਜਾਰੀ ਵੱਖੋ-ਵੱਖਰੇ ਤਰੀਕਿਆਂ ਨਾਲ ਤੁਰ੍ਹੀਆਂ ਵਜਾ ਕੇ ਇਜ਼ਰਾਈਲੀਆਂ ਨੂੰ ਦੱਸਦੇ ਸਨ ਕਿ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। (ਗਿਣ. 10:3-8) ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਕਈ ਤਰੀਕਿਆਂ ਨਾਲ ਸੇਧ ਮਿਲਦੀ ਹੈ। ਆਓ ਅਸੀਂ ਤਿੰਨ ਤਰੀਕਿਆਂ ’ਤੇ ਗੌਰ ਕਰੀਏ ਜਿਨ੍ਹਾਂ ਦੀ ਤੁਲਨਾ ਤੁਰ੍ਹੀ ਦੀ ਆਵਾਜ਼ ਨਾਲ ਕੀਤੀ ਜਾ ਸਕਦੀ ਹੈ। ਇਹ ਤਿੰਨ ਤਰੀਕੇ ਹਨ: ਵੱਡੀਆਂ ਸਭਾਵਾਂ ਵਿਚ ਪਰਮੇਸ਼ੁਰ ਦੇ ਲੋਕਾਂ ਦਾ ਇਕੱਠਾ ਹੋਣਾ, ਬਜ਼ੁਰਗਾਂ ਨੂੰ ਸਿਖਲਾਈ ਦੇਣੀ ਅਤੇ ਮੰਡਲੀ ਦੇ ਪ੍ਰਬੰਧਾਂ ਵਿਚ ਬਦਲਾਅ ਹੋਣੇ।

ਵੱਡੀਆਂ ਸਭਾਵਾਂ ਵਿਚ ਇਕੱਠਾ ਹੋਣਾ

ਜਦੋਂ ਯਹੋਵਾਹ ਚਾਹੁੰਦਾ ਸੀ ਕਿ “ਸਾਰੀ ਮੰਡਲੀ” ਤੰਬੂ ਦੇ ਪੂਰਬੀ ਦਰਵਾਜ਼ੇ ਕੋਲ ਇਕੱਠੀ ਹੋਵੇ, ਤਾਂ ਪੁਜਾਰੀ ਦੋਵੇਂ ਤੁਰ੍ਹੀਆਂ ਵਜਾਉਂਦੇ ਸਨ। (ਗਿਣ. 10:3) ਤੰਬੂ ਦੇ ਦੁਆਲੇ ਚਾਰ ਸਮੂਹਾਂ ਵਿਚ ਵੰਡੇ ਸਾਰੇ ਗੋਤ ਇਨ੍ਹਾਂ ਦੀ ਆਵਾਜ਼ ਸੁਣ ਸਕਦੇ ਸਨ। ਜਿਹੜੇ ਦਰਵਾਜ਼ੇ ਦੇ ਨੇੜੇ ਰਹਿੰਦੇ ਸਨ ਉਹ ਸ਼ਾਇਦ ਫਟਾਫਟ ਪਹੁੰਚ ਜਾਂਦੇ ਹੋਣੇ। ਜਿਹੜੇ ਦੂਰ ਰਹਿੰਦੇ ਸਨ ਉਨ੍ਹਾਂ ਨੂੰ ਪਹੁੰਚਣ ਲਈ ਜ਼ਿਆਦਾ ਸਮੇਂ ਅਤੇ ਮਿਹਨਤ ਕਰਨ ਦੀ ਲੋੜ ਸੀ। ਹਾਲਾਤ ਭਾਵੇਂ ਜੋ ਮਰਜ਼ੀ ਸਨ, ਯਹੋਵਾਹ ਚਾਹੁੰਦਾ ਸੀ ਕਿ ਸਾਰੇ ਜਣੇ ਇਕੱਠੇ ਹੋਣ ਅਤੇ ਸਭਾ ਤੋਂ ਫ਼ਾਇਦਾ ਲੈਣ।

ਅੱਜ ਅਸੀਂ ਤੰਬੂ ਵਿਚ ਇਕੱਠੇ ਨਹੀਂ ਹੁੰਦੇ, ਪਰ ਸਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਇਕੱਠੇ ਹੋਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜਿਵੇਂ ਕਿ ਵੱਡੇ ਸੰਮੇਲਨ ਜਾਂ ਹੋਰ ਖ਼ਾਸ ਪ੍ਰੋਗ੍ਰਾਮ। ਇਨ੍ਹਾਂ ਵਿਚ ਸਾਨੂੰ ਜ਼ਰੂਰੀ ਜਾਣਕਾਰੀ ਅਤੇ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ। ਪੂਰੀ ਧਰਤੀ ਵਿਚ ਯਹੋਵਾਹ ਦੇ ਲੋਕ ਇਨ੍ਹਾਂ ਪ੍ਰਬੰਧਾਂ ਦਾ ਮਜ਼ਾ ਲੈਂਦੇ ਹਨ। ਨਤੀਜੇ ਵਜੋਂ, ਜਿਹੜੇ ਇਸ ਸੱਦੇ ਪ੍ਰਤੀ ਹੁੰਗਾਰਾ ਭਰਦੇ ਹਨ ਉਹ ਖ਼ੁਸ਼ ਰਹਿਣ ਵਾਲੇ ਲੋਕਾਂ ਨਾਲ ਸੰਗਤੀ ਕਰ ਪਾਉਂਦੇ ਹਨ। ਕੁਝ ਲੋਕਾਂ ਨੂੰ ਬਹੁਤ ਦੂਰੋਂ ਆਉਣਾ ਪੈਂਦਾ ਹੈ। ਪਰ ਜਿਹੜੇ ਲੋਕ ਆਉਂਦੇ ਹਨ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਮਿਹਨਤ ਬੇਕਾਰ ਨਹੀਂ ਜਾਵੇਗੀ।

ਉਨ੍ਹਾਂ ਬਾਰੇ ਕੀ ਜੋ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿਣ ਕਰਕੇ ਇਨ੍ਹਾਂ ਵੱਡੀਆਂ ਸਭਾਵਾਂ ਵਿਚ ਇਕੱਠੇ ਨਹੀਂ ਹੋ ਸਕਦੇ? ਇਹ ਭੈਣ-ਭਰਾ ਤਕਨਾਲੋਜੀ ਦੀ ਮਦਦ ਨਾਲ ਅਜਿਹੀਆਂ ਸਭਾਵਾਂ ਤੋਂ ਫ਼ਾਇਦਾ ਲੈ ਪਾਉਂਦੇ ਹਨ। ਮਿਸਾਲ ਲਈ, ਇਕ ਵਾਰ ਬੇਨਿਨ ਵਿਚ ਹੈੱਡਕੁਆਰਟਰ ਤੋਂ ਆਏ ਭਰਾ ਦਾ ਦੌਰਾ ਚੱਲ ਰਿਹਾ ਸੀ। ਉਸ ਦੌਰਾਨ ਇਕ ਪ੍ਰੋਗ੍ਰਾਮ ਨੂੰ ਨਾਈਜੀਰ ਦੇਸ਼ ਦੇ ਛੋਟੇ ਜਿਹੇ ਸ਼ਹਿਰ ਵਿਚ ਦਿਖਾਇਆ ਗਿਆ ਅਤੇ ਉੱਥੇ 21 ਲੋਕ ਹਾਜ਼ਰ ਹੋਏ। ਭਾਵੇਂ ਕਿ ਉਹ ਸਹਾਰਾ ਰੇਗਿਸਤਾਨ ਦੇ ਦੂਰ-ਦੁਰੇਡੇ ਇਲਾਕੇ ਵਿਚ ਸਨ, ਪਰ ਫਿਰ ਵੀ ਉਨ੍ਹਾਂ ਨੂੰ ਲੱਗ ਰਿਹਾ ਸੀ ਜਿਵੇਂ ਉਹ 44,131 ਭੈਣਾਂ-ਭਰਾਵਾਂ ਦੇ ਨਾਲ ਹੀ ਸਨ। ਇਕ ਭਰਾ ਨੇ ਲਿਖਿਆ: “ਇਸ ਪ੍ਰੋਗ੍ਰਾਮ ਨੂੰ ਦਿਖਾਉਣ ਲਈ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ। ਅਸੀਂ ਫਿਰ ਤੋਂ ਮਹਿਸੂਸ ਕਰ ਪਾਏ ਕਿ ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਹੋ।”

ਬਜ਼ੁਰਗਾਂ ਨੂੰ ਸਿਖਲਾਈ ਦੇਣੀ

ਜਦੋਂ ਪੁਜਾਰੀ ਸਿਰਫ਼ ਇੱਕੋ ਤੁਰ੍ਹੀ ਵਜਾਉਂਦੇ ਸਨ, ਤਾਂ “ਪਰਧਾਨ ਜਿਹੜੇ ਇਸਰਾਏਲ ਵਿੱਚ ਹਜ਼ਾਰਾਂ ਦੇ ਮੁਖੀਏ” ਸਨ, ਮੰਡਲੀ ਦੇ ਤੰਬੂ ਕੋਲ ਇਕੱਠੇ ਹੁੰਦੇ ਸਨ। (ਗਿਣ. 10:4) ਉਹ ਉੱਥੇ ਮੂਸਾ ਕੋਲੋਂ ਹਿਦਾਇਤਾਂ ਅਤੇ ਸਿਖਲਾਈ ਲੈ ਸਕਦੇ ਸਨ। ਇਸ ਨਾਲ ਉਨ੍ਹਾਂ ਨੂੰ ਆਪਣੇ ਗੋਤਾਂ ਵਿਚ ਜ਼ਿੰਮੇਵਾਰੀਆਂ ਸੰਭਾਲਣ ਵਿਚ ਮਦਦ ਮਿਲਦੀ ਸੀ। ਜੇ ਤੁਸੀਂ ਉਨ੍ਹਾਂ ਪ੍ਰਧਾਨਾਂ ਵਿੱਚੋਂ ਹੁੰਦੇ, ਤਾਂ ਕੀ ਤੁਸੀਂ ਹਰ ਹਾਲ ਵਿਚ ਉੱਥੇ ਪਹੁੰਚਦੇ?

ਅੱਜ ਮੰਡਲੀ ਦੇ ਬਜ਼ੁਰਗ “ਪਰਧਾਨ” ਨਹੀਂ ਹਨ ਤੇ ਨਾ ਹੀ ਉਹ ਪਰਮੇਸ਼ੁਰ ਦੀਆਂ ਭੇਡਾਂ ਉੱਤੇ ਹੁਕਮ ਚਲਾਉਂਦੇ ਹਨ। (1 ਪਤ. 5:1-3) ਪਰ ਉਹ ਭੇਡਾਂ ਦੀ ਰਖਵਾਲੀ ਕਰਨ ਵਿਚ ਪੂਰੀ ਵਾਹ ਲਾਉਂਦੇ ਹਨ। ਉਹ ਸਿਖਲਾਈ ਲੈਣ ਲਈ ਵੀ ਹਮੇਸ਼ਾ ਤਿਆਰ ਰਹਿੰਦੇ ਹਨ ਜਿਵੇਂ ਰਾਜ ਸੇਵਕਾਈ ਸਕੂਲ ਤੋਂ। ਇਨ੍ਹਾਂ ਕਲਾਸਾਂ ਵਿਚ ਬਜ਼ੁਰਗਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਮੰਡਲੀ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਕਿਵੇਂ ਨਿਭਾ ਸਕਦੇ ਹਨ। ਇਸ ਸਿਖਲਾਈ ਨਾਲ ਸਿਰਫ਼ ਬਜ਼ੁਰਗ ਹੀ ਨਹੀਂ, ਸਗੋਂ ਮੰਡਲੀ ਦੇ ਬਾਕੀ ਭੈਣ-ਭਰਾ ਵੀ ਯਹੋਵਾਹ ਦੇ ਹੋਰ ਨੇੜੇ ਜਾਂਦੇ ਹਨ। ਭਾਵੇਂ ਤੁਸੀਂ ਇਸ ਸਕੂਲ ਵਿਚ ਹਾਜ਼ਰ ਨਹੀਂ ਹੋਏ, ਪਰ ਤੁਸੀਂ ਉੱਥੇ ਜਾ ਚੁੱਕੇ ਭਰਾਵਾਂ ਤੋਂ ਕਾਫ਼ੀ ਕੁਝ ਸਿੱਖ ਰਹੇ ਹੋਵੋਗੇ।

ਪ੍ਰਬੰਧਾਂ ਵਿਚ ਬਦਲਾਅ ਹੋਣੇ

ਇਜ਼ਰਾਈਲੀਆਂ ਵਿਚ ਪੁਜਾਰੀ ਕਦੇ-ਕਦੇ ਉੱਚੀ-ਨੀਵੀਂ ਸੁਰ ਵਿਚ ਤੁਰ੍ਹੀਆਂ ਵਜਾਉਂਦੇ ਸਨ। ਇਸ ਤੋਂ ਪਤਾ ਲੱਗਦਾ ਸੀ ਕਿ ਯਹੋਵਾਹ ਇਜ਼ਰਾਈਲੀਆਂ ਨੂੰ ਹੋਰ ਜਗ੍ਹਾ ਜਾਣ ਲਈ ਕਹਿ ਰਿਹਾ ਸੀ। (ਗਿਣ. 10:5, 6) ਇਹ ਕੋਈ ਛੋਟਾ-ਮੋਟਾ ਕੰਮ ਨਹੀਂ ਸੀ, ਪਰ ਉਨ੍ਹਾਂ ਨੇ ਬਹੁਤ ਸੰਗਠਿਤ ਤਰੀਕੇ ਨਾਲ ਇਹ ਕੰਮ ਕੀਤਾ। ਹੋ ਸਕਦਾ ਹੈ ਕਿ ਕਦੇ-ਕਦੇ ਕੁਝ ਇਜ਼ਰਾਈਲੀ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਝਿਜਕੇ ਵੀ ਹੋਣ। ਕਿਉਂ?

ਸ਼ਾਇਦ ਕੁਝ ਲੋਕ ਸੋਚਦੇ ਹੋਣ ਕਿ ਉਨ੍ਹਾਂ ਨੂੰ ਵਾਰ-ਵਾਰ ਅਤੇ ਬਿਨਾਂ ਦੱਸੇ ਦੂਸਰੀ ਜਗ੍ਹਾ ਜਾਣ ਲਈ ਕਿਹਾ ਜਾ ਰਿਹਾ ਹੈ। “ਕਦੀ ਕਦੀ ਬੱਦਲ ਸੰਝ ਤੋਂ ਸਵੇਰ ਤੀਕ ਹੁੰਦਾ ਸੀ।” ਪਰ ਕਦੇ-ਕਦੇ ਬੱਦਲ “ਦੋ ਦਿਨ ਭਾਵੇਂ ਮਹੀਨਾ ਭਾਵੇਂ ਢੇਰ ਚਿਰ” ਰਹਿੰਦਾ ਸੀ। (ਗਿਣ. 9:21, 22) ਅਸਲ ਵਿਚ ਇਜ਼ਰਾਈਲੀਆਂ ਨੂੰ ਕਿੰਨੀ ਵਾਰ ਜਗ੍ਹਾ ਬਦਲਣੀ ਪਈ? ਗਿਣਤੀ ਦੀ ਕਿਤਾਬ ਦੇ 33ਵੇਂ ਅਧਿਆਇ ਵਿਚ ਲਗਭਗ 40 ਥਾਵਾਂ ਦੇ ਨਾਂ ਦੱਸੇ ਗਏ ਹਨ ਜਿੱਥੇ ਇਜ਼ਰਾਈਲੀਆਂ ਨੇ ਆਪਣੇ ਤੰਬੂ ਲਾਏ ਸਨ।

ਕਦੇ-ਕਦੇ ਕੁਝ ਜਣਿਆਂ ਨੇ ਸ਼ਾਇਦ ਅਜਿਹੀਆਂ ਥਾਵਾਂ ’ਤੇ ਆਪਣੇ ਤੰਬੂ ਲਾਏ ਹੋਣ ਜਿੱਥੇ ਛਾਂ ਹੁੰਦੀ ਸੀ। ਇੰਨੀ “ਵੱਡੀ ਅਤੇ ਭਿਆਣਕ ਉਜਾੜ” ਵਿਚ ਉਨ੍ਹਾਂ ਨੂੰ ਇੱਦਾਂ ਦੀ ਜਗ੍ਹਾ ਲੱਭ ਕੇ ਚੰਗਾ ਲੱਗਿਆ ਹੋਣਾ। (ਬਿਵ. 1:19) ਉਹ ਸੋਚ ਸਕਦੇ ਸੀ ਕਿ ਜੇ ਉਹ ਇੱਦਾਂ ਦੀ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਗਏ, ਤਾਂ ਦੁਬਾਰਾ ਉਨ੍ਹਾਂ ਨੂੰ ਅਜਿਹੀ ਜਗ੍ਹਾ ਨਹੀਂ ਮਿਲਣੀ ਸੀ।

ਜਦੋਂ ਇਜ਼ਰਾਈਲੀਆਂ ਨੇ ਆਪਣੇ ਤੰਬੂਆਂ ਨੂੰ ਚੁੱਕ ਕੇ ਲਿਜਾਣਾ ਹੁੰਦਾ ਸੀ, ਤਾਂ ਕੁਝ ਗੋਤਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਹਾਲਾਂਕਿ ਤੁਰ੍ਹੀਆਂ ਦੀ ਆਵਾਜ਼ ਹਰ ਗੋਤ ਨੂੰ ਸੁਣਾਈ ਦਿੰਦੀ ਸੀ, ਪਰ ਸਾਰਿਆਂ ਦਾ ਇੱਕੋ ਵੇਲੇ ਨਿਕਲਣਾ ਮੁਮਕਿਨ ਨਹੀਂ ਸੀ। ਜਦੋਂ ਤੁਰ੍ਹੀਆਂ ਨੂੰ ਉੱਚੀ-ਨੀਵੀਂ ਸੁਰ ਵਿਚ ਵਜਾਇਆ ਜਾਂਦਾ ਸੀ, ਤਾਂ ਪੂਰਬ ਦੇ ਪਾਸੇ ਰਹਿੰਦੇ ਗੋਤਾਂ ਨੇ ਤੁਰਨਾ ਹੁੰਦਾ ਸੀ ਯਾਨੀ ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ ਦੇ ਗੋਤ। (ਗਿਣ. 2:3-7; 10:5, 6) ਇਨ੍ਹਾਂ ਗੋਤਾਂ ਦੇ ਜਾਣ ਤੋਂ ਬਾਅਦ ਪੁਜਾਰੀ ਦੂਸਰੀ ਵਾਰ ਉੱਚੀ-ਨੀਵੀਂ ਸੁਰ ਵਿਚ ਤੁਰ੍ਹੀ ਵਜਾਉਂਦਾ ਸੀ ਅਤੇ ਦੱਖਣ ਦੇ ਤਿੰਨ ਗੋਤਾਂ ਨੇ ਤੁਰਨਾ ਹੁੰਦਾ ਸੀ। ਜਦੋਂ ਤਕ ਸਾਰੇ ਗੋਤ ਚਲੇ ਨਹੀਂ ਜਾਂਦੇ ਸਨ, ਉਦੋਂ ਤਕ ਪੁਜਾਰੀ ਇਸੇ ਤਰ੍ਹਾਂ ਤੁਰੀ ਵਜਾਉਂਦੇ ਰਹਿੰਦੇ ਸਨ।

ਸ਼ਾਇਦ ਤੁਹਾਡੇ ਲਈ ਸੰਗਠਨ ਵੱਲੋਂ ਕੀਤੇ ਕੁਝ ਬਦਲਾਅ ਮੰਨਣੇ ਔਖੇ ਹੋਏ ਹੋਣ। ਸ਼ਾਇਦ ਬਹੁਤ ਸਾਰੇ ਬਦਲਾਅ ਹੋਣ ਕਰਕੇ ਤੁਹਾਨੂੰ ਪਰੇਸ਼ਾਨੀ ਹੋਈ ਹੋਵੇ। ਜਾਂ ਸ਼ਾਇਦ ਤੁਹਾਨੂੰ ਪੁਰਾਣੇ ਤਰੀਕੇ ਪਸੰਦ ਲੱਗੇ ਹੋਣ ਅਤੇ ਤੁਸੀਂ ਚਾਹੁੰਦੇ ਸੀ ਕਿ ਉਹ ਬਦਲੇ ਨਾ ਜਾਣ। ਕਾਰਨ ਭਾਵੇਂ ਜੋ ਮਰਜ਼ੀ ਹੋਵੇ, ਤੁਹਾਨੂੰ ਸ਼ਾਇਦ ਲੱਗਾ ਕਿ ਤੁਹਾਡੇ ਧੀਰਜ ਦੀ ਪਰਖ ਹੁੰਦੀ ਪਈ ਸੀ ਅਤੇ ਨਵੀਆਂ ਚੀਜ਼ਾਂ ਮੁਤਾਬਕ ਢਲ਼ਣ ਵਿਚ ਤੁਹਾਨੂੰ ਸਮਾਂ ਲੱਗਾ। ਪਰ ਜੇ ਅਸੀਂ ਸਾਫ਼ ਮਨ ਨਾਲ ਇਨ੍ਹਾਂ ਬਦਲਾਵਾਂ ਮੁਤਾਬਕ ਢਲਾਂਗੇ, ਤਾਂ ਅਸੀਂ ਦੇਖਾਂਗੇ ਕਿ ਇਨ੍ਹਾਂ ਤੋਂ ਸਾਨੂੰ ਕਿੰਨਾ ਫ਼ਾਇਦਾ ਹੁੰਦਾ ਅਤੇ ਪਰਮੇਸ਼ੁਰ ਨੂੰ ਖ਼ੁਸ਼ੀ ਵੀ ਹੁੰਦੀ।

ਮੂਸਾ ਦੇ ਦਿਨਾਂ ਵਿਚ ਯਹੋਵਾਹ ਨੇ ਲੱਖਾਂ ਹੀ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਉਜਾੜ ਵਿੱਚੋਂ ਰਾਹ ਦਿਖਾਇਆ। ਬਿਨਾਂ ਉਸ ਦੀ ਮਦਦ ਅਤੇ ਸੇਧ ਦੇ ਉਨ੍ਹਾਂ ਨੇ ਬਚ ਨਹੀਂ ਸਕਣਾ ਸੀ। ਅੱਜ ਇਨ੍ਹਾਂ ਖ਼ਤਰਨਾਕ ਆਖ਼ਰੀ ਦਿਨਾਂ ਵਿਚ ਯਹੋਵਾਹ ਸਾਨੂੰ ਸੇਧ ਦੇ ਰਿਹਾ ਹੈ ਅਤੇ ਉਸ ਦੇ ਨੇੜੇ ਰਹਿਣ ਅਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਵਿਚ ਸਾਡੀ ਮਦਦ ਕਰ ਰਿਹਾ ਹੈ। ਇਸ ਲਈ ਆਓ ਆਪਾਂ ਸਾਰੇ ਵਫ਼ਾਦਾਰ ਇਜ਼ਰਾਈਲੀਆਂ ਵਾਂਗ ਤੁਰ੍ਹੀਆਂ ਦੀ ਆਵਾਜ਼ ਪ੍ਰਤੀ ਹੁੰਗਾਰਾ ਭਰੀਏ।