Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਸਿਰਫ਼ ਗਲਾਤੀਆਂ 5:22, 23 ਵਿਚ ਦੱਸੇ ਗੁਣ ਹੀ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ” ਪੈਦਾ ਹੁੰਦੇ ਹਨ?

ਗਲਾਤੀਆਂ 5:22, 23 ਵਿਚ ਨੌਂ ਗੁਣਾਂ ਦਾ ਜ਼ਿਕਰ ਕੀਤਾ ਗਿਆ ਹੈ: “ਪਿਆਰ, ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ।” ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਿਰਫ਼ ਇਨ੍ਹਾਂ ਗੁਣਾਂ ਨੂੰ ਹੀ ਪੈਦਾ ਕਰਨ ਵਿਚ ਸਾਡੀ ਮਦਦ ਕਰਦੀ ਹੈ।

ਗੌਰ ਕਰੋ ਕਿ ਪੌਲੁਸ ਰਸੂਲ ਨੇ ਪਿਛਲੀਆਂ ਆਇਤਾਂ ਵਿਚ ਕੀ ਲਿਖਿਆ ਸੀ: “ਸਰੀਰ ਦੇ ਕੰਮ . . . ਹਨ: ਹਰਾਮਕਾਰੀ, ਗੰਦ-ਮੰਦ, ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ, ਮੂਰਤੀ-ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਧੜੇਬਾਜ਼ੀ, ਖਾਰ ਖਾਣੀ, ਸ਼ਰਾਬੀ ਹੋਣਾ, ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਅਤੇ ਹੋਰ ਇਹੋ ਜਿਹੇ ਕੰਮ।” (ਗਲਾ. 5:19-21) ਜੇ ਪੌਲੁਸ ਚਾਹੁੰਦਾ, ਤਾਂ ਉਹ ‘ਸਰੀਰ ਦੇ ਕੰਮਾਂ’ ਵਿਚ ਉਨ੍ਹਾਂ ਗੱਲਾਂ ਦਾ ਵੀ ਜ਼ਿਕਰ ਕਰ ਸਕਦਾ ਸੀ ਜਿਨ੍ਹਾਂ ਬਾਰੇ ਕੁਲੁੱਸੀਆਂ 3:5 ਵਿਚ ਦੱਸਿਆ ਗਿਆ ਹੈ। ਇਸੇ ਤਰ੍ਹਾਂ ਨੌਂ ਚੰਗੇ ਗੁਣਾਂ ਦਾ ਜ਼ਿਕਰ ਕਰਨ ਤੋਂ ਬਾਅਦ ਉਸ ਨੇ ਕਿਹਾ: “ਅਜਿਹੇ ਗੁਣਾਂ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹੈ।” ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪੌਲੁਸ ਨੇ ਉਨ੍ਹਾਂ ਸਾਰੇ ਗੁਣਾਂ ਬਾਰੇ ਨਹੀਂ ਦੱਸਿਆ ਜੋ ਅਸੀਂ ਪਵਿੱਤਰ ਸ਼ਕਤੀ ਦੀ ਮਦਦ ਨਾਲ ਪੈਦਾ ਕਰ ਸਕਦੇ ਹਾਂ।

ਪੌਲੁਸ ਨੇ ਅਫ਼ਸੁਸ ਦੀ ਮੰਡਲੀ ਨੂੰ ਜੋ ਲਿਖਿਆ ਉਸ ਤੋਂ ਇਹ ਗੱਲ ਹੋਰ ਵੀ ਸਾਫ਼ ਹੋ ਜਾਂਦੀ ਹੈ। ਉਸ ਨੇ ਕਿਹਾ: “ਚਾਨਣ ਦਾ ਫਲ ਹੈ ਹਰ ਤਰ੍ਹਾਂ ਦੀ ਭਲਾਈ ਅਤੇ ਧਾਰਮਿਕਤਾ ਅਤੇ ਸੱਚ।” (ਅਫ਼. 5:8, 9) ਜੀ ਹਾਂ, “ਭਲਾਈ” ਦੇ ਨਾਲ-ਨਾਲ ਧਾਰਮਿਕਤਾ ਅਤੇ ਸੱਚ ਵੀ “ਚਾਨਣ ਦਾ ਫਲ” ਯਾਨੀ ਗੁਣ ਹਨ, ਪਰ ਇਹ “ਪਵਿੱਤਰ ਸ਼ਕਤੀ” ਦਾ ਗੁਣ ਵੀ ਹੈ।

ਇਸੇ ਤਰ੍ਹਾਂ ਪੌਲੁਸ ਨੇ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਕਿ “ਨੇਕ ਰਹਿ, ਪਰਮੇਸ਼ੁਰ ਦੀ ਭਗਤੀ ਕਰ ਅਤੇ ਨਿਹਚਾ, ਪਿਆਰ, ਧੀਰਜ ਤੇ ਨਰਮਾਈ ਵਰਗੇ ਗੁਣ ਪੈਦਾ ਕਰ।” ਇਹ ਛੇ ਗੁਣ ਹਨ। (1 ਤਿਮੋ. 6:11) ਇਨ੍ਹਾਂ ਵਿੱਚੋਂ ਸਿਰਫ਼ ਤਿੰਨ ਗੁਣਾਂ (ਨਿਹਚਾ, ਪਿਆਰ ਅਤੇ ਨਰਮਾਈ) ਦਾ ਜ਼ਿਕਰ ਗਲਾਤੀਆਂ 5:22, 23 ਵਿਚ ਕੀਤਾ ਗਿਆ ਹੈ। ਪਰ ਜ਼ਾਹਰ ਹੈ ਕਿ ਤਿਮੋਥਿਉਸ ਨੂੰ ਬਾਕੀ ਤਿੰਨ ਗੁਣ (ਧਾਰਮਿਕਤਾ, ਭਗਤੀ ਅਤੇ ਧੀਰਜ) ਪੈਦਾ ਕਰਨ ਵਿਚ ਵੀ ਪਵਿੱਤਰ ਸ਼ਕਤੀ ਦੀ ਲੋੜ ਸੀ।—ਕੁਲੁੱਸੀਆਂ 3:12; 2 ਪਤਰਸ 1:5-7 ਵਿਚ ਨੁਕਤਾ ਦੇਖੋ।

ਸੋ ਗਲਾਤੀਆਂ 5:22, 23 ਵਿਚ ਉਨ੍ਹਾਂ ਸਾਰੇ ਗੁਣਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਜੋ ਮਸੀਹੀਆਂ ਵਿਚ ਹੋਣੇ ਜ਼ਰੂਰੀ ਹਨ ਅਤੇ ਪਰਮੇਸ਼ੁਰ ਦੀ ਸ਼ਕਤੀ ਇਨ੍ਹਾਂ ਗੁਣਾਂ ਨੂੰ ਪੈਦਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਪਰ ਜਿੱਦਾਂ-ਜਿੱਦਾਂ ਇਕ ਮਸੀਹੀ ਸੱਚਾਈ ਵਿਚ ਤਰੱਕੀ ਕਰਦਾ ਹੈ, ਉਸ ਨੂੰ ਆਪਣੇ ਵਿਚ ਹੋਰ ਵੀ ਗੁਣ ਪੈਦਾ ਕਰਨ ਦੀ ਲੋੜ ਹੈ ਅਤੇ ‘ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜੇ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨਣ’ ਦੀ ਲੋੜ ਹੈ।—ਅਫ਼. 4:24.