Skip to content

Skip to table of contents

ਅਧਿਐਨ ਲੇਖ 26

“ਮੇਰੀ ਵੱਲ ਮੁੜੋ”

“ਮੇਰੀ ਵੱਲ ਮੁੜੋ”

“ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।”—ਮਲਾ. 3:7.

ਗੀਤ 42 ‘ਕਮਜ਼ੋਰ ਲੋਕਾਂ ਦੀ ਮਦਦ ਕਰੋ’

ਖ਼ਾਸ ਗੱਲਾਂ *

1. ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਉਸ ਦੀ ਭਟਕੀ ਹੋਈ ਭੇਡ ਮੁੜ ਆਉਂਦੀ ਹੈ?

ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਯਹੋਵਾਹ ਨੇ ਆਪਣੀ ਤੁਲਨਾ ਇਕ ਚੰਗੇ ਚਰਵਾਹੇ ਨਾਲ ਕੀਤੀ ਜਿਹੜਾ ਪਿਆਰ ਨਾਲ ਆਪਣੀ ਹਰ ਭੇਡ ਦੀ ਦੇਖ-ਭਾਲ ਕਰਦਾ ਹੈ। ਨਾਲੇ ਉਹ ਭਟਕ ਚੁੱਕੀ ਭੇਡ ਦੀ ਤਲਾਸ਼ ਵੀ ਕਰਦਾ ਹੈ। ਜਦੋਂ ਇਜ਼ਰਾਈਲੀ ਯਹੋਵਾਹ ਤੋਂ ਦੂਰ ਹੋ ਗਏ ਸਨ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।” ਸਾਨੂੰ ਪਤਾ ਹੈ ਕਿ ਉਹ ਹਾਲੇ ਵੀ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ ਕਿਉਂਕਿ ਉਹ ਕਹਿੰਦਾ ਹੈ: ‘ਮੈਂ ਅਟੱਲ ਹਾਂ’ ਯਾਨੀ ਬਦਲਦਾ ਨਹੀਂ। (ਮਲਾ. 3:6, 7) ਯਿਸੂ ਨੇ ਕਿਹਾ ਕਿ ਯਹੋਵਾਹ ਅਤੇ ਦੂਤ ਬੇਹੱਦ ਖ਼ੁਸ਼ ਹੁੰਦੇ ਹਨ ਜਦੋਂ ਕੋਈ ਵੀ ਭਟਕਿਆ ਸੇਵਕ ਮੁੜ ਆਉਂਦਾ ਹੈ।—ਲੂਕਾ 15:10, 32.

2. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ਉੱਤੇ ਚਰਚਾ ਕਰਾਂਗੇ?

2 ਆਓ ਆਪਾਂ ਯਿਸੂ ਵੱਲੋਂ ਦਿੱਤੀਆਂ ਤਿੰਨ ਮਿਸਾਲਾਂ ਉੱਤੇ ਗੌਰ ਕਰੀਏ ਜੋ ਸਾਨੂੰ ਯਹੋਵਾਹ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਹੱਲਾਸ਼ੇਰੀ ਦਿੰਦੀਆਂ ਹਨ। ਅਸੀਂ ਚਰਚਾ ਕਰਾਂਗੇ ਕਿ ਗੁਆਚੀ ਹੋਈ ਭੇਡ ਨੂੰ ਵਾਪਸ ਲਿਆਉਣ ਲਈ ਸਾਨੂੰ ਕਿਹੜੇ ਗੁਣ ਦਿਖਾਉਣ ਦੀ ਲੋੜ ਹੈ। ਅਸੀਂ ਇਹ ਵੀ ਦੇਖਾਂਗੇ ਕਿ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਮਿਹਨਤ ਕਰਨ ਦੀ ਕਿਉਂ ਲੋੜ ਹੈ।

ਗੁਆਚੇ ਹੋਏ ਸਿੱਕੇ ਦੀ ਭਾਲ

3-4. ਲੂਕਾ 15:8-10 ਵਿਚ ਜ਼ਿਕਰ ਕੀਤੀ ਗਈ ਔਰਤ ਨੇ ਧਿਆਨ ਨਾਲ ਆਪਣੇ ਗੁਆਚੇ ਸਿੱਕੇ ਦੀ ਭਾਲ ਕਿਉਂ ਕੀਤੀ?

3 ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨੂੰ ਲੱਭਣ ਵਾਸਤੇ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਜੋ ਯਹੋਵਾਹ ਕੋਲ ਵਾਪਸ ਆਉਣਾ ਚਾਹੁੰਦੇ ਹਨ। ਲੂਕਾ ਦੀ ਇੰਜੀਲ ਵਿਚ ਯਿਸੂ ਨੇ ਇਕ ਔਰਤ ਦੀ ਮਿਸਾਲ ਦਿੱਤੀ ਜੋ ਅਨਮੋਲ ਸਿੱਕੇ ਦੀ ਭਾਲ ਕਰਦੀ ਹੈ। ਇਸ ਮਿਸਾਲ ਵਿਚ ਸਾਡਾ ਧਿਆਨ ਇਸ ਗੱਲ ਵੱਲ ਖਿੱਚਿਆ ਜਾਂਦਾ ਹੈ ਕਿ ਉਹ ਔਰਤ ਸਿੱਕੇ ਨੂੰ ਲੱਭਣ ਲਈ ਕਿੰਨੀ ਮਿਹਨਤ ਕਰਦੀ ਹੈ।—ਲੂਕਾ 15:8-10 ਪੜ੍ਹੋ।

4 ਯਿਸੂ ਦੱਸਦਾ ਹੈ ਕਿ ਅਨਮੋਲ ਸਿੱਕਾ ਲੱਭਣ ਤੇ ਔਰਤ ਨੂੰ ਕਿਵੇਂ ਲੱਗਾ। ਯਿਸੂ ਦੇ ਜ਼ਮਾਨੇ ਵਿਚ ਕੁਝ ਮਾਵਾਂ ਆਪਣੀ ਧੀ ਨੂੰ ਵਿਆਹ ਵਾਲੇ ਦਿਨ ਦਸ ਸਿੱਕੇ ਦਿੰਦੀਆਂ ਸਨ। ਸ਼ਾਇਦ ਇਹ ਉਨ੍ਹਾਂ ਵਿੱਚੋਂ ਹੀ ਇਕ ਸਿੱਕਾ ਸੀ। ਔਰਤ ਨੂੰ ਲੱਗਾ ਕਿ ਸਿੱਕਾ ਜ਼ਮੀਨ ’ਤੇ ਡਿਗ ਗਿਆ ਸੀ। ਇਸ ਲਈ ਉਹ ਦੀਵਾ ਬਾਲ਼ ਕੇ ਸਿੱਕੇ ਨੂੰ ਇੱਧਰ-ਉੱਧਰ ਲੱਭਦੀ ਹੈ, ਪਰ ਉਸ ਨੂੰ ਸਿੱਕਾ ਕਿਤੇ ਨਹੀਂ ਦਿੱਸਦਾ। ਉਸ ਦੇ ਦੀਵੇ ਦੀ ਲੋਅ ਇੰਨੀ ਜ਼ਿਆਦਾ ਨਹੀਂ ਸੀ ਕਿ ਉਹ ਇਕ ਛੋਟੇ ਜਿਹੇ ਚਾਂਦੀ ਦੇ ਸਿੱਕੇ ਉੱਤੇ ਪੈ ਸਕੇ। ਅਖ਼ੀਰ ਉਸ ਨੇ ਆਪਣਾ ਸਾਰਾ ਘਰ ਝਾੜੂ ਨਾਲ ਹੂੰਝਿਆ। ਹੂੰਝੀ ਹੋਈ ਮਿੱਟੀ ਵਿਚ ਉਸ ਦਾ ਅਨਮੋਲ ਸਿੱਕਾ ਦੀਵੇ ਦੀ ਲੋਅ ਵਿਚ ਚਮਕਣ ਲੱਗਾ। ਉਸ ਨੂੰ ਸੁੱਖ ਦਾ ਸਾਹ ਆਇਆ! ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢੀਆਂ ਨੂੰ ਬੁਲਾ ਕੇ ਇਹ ਖ਼ੁਸ਼ੀ ਦੀ ਖ਼ਬਰ ਦੱਸਦੀ ਹੈ।

5. ਮੰਡਲੀ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਨੂੰ ਲੱਭਣਾ ਔਖਾ ਕਿਉਂ ਹੋ ਸਕਦਾ ਹੈ?

5 ਜਿਵੇਂ ਅਸੀਂ ਯਿਸੂ ਦੀ ਮਿਸਾਲ ਤੋਂ ਦੇਖਿਆ ਕਿ ਕਿਸੇ ਗੁਆਚੀ ਹੋਈ ਚੀਜ਼ ਨੂੰ ਲੱਭਣ ਲਈ ਕਾਫ਼ੀ ਜਤਨ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਮੰਡਲੀ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਨੂੰ ਲੱਭਣ ਲਈ ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸ਼ਾਇਦ ਕਈ ਸਾਲਾਂ ਤੋਂ ਸਾਡੇ ਨਾਲ ਮਿਲਣਾ-ਗਿਲ਼ਣਾ ਛੱਡ ਦਿੱਤਾ ਹੋਵੇ। ਉਹ ਸ਼ਾਇਦ ਅਜਿਹੀ ਕਿਸੇ ਜਗ੍ਹਾ ’ਤੇ ਚਲੇ ਗਏ ਹੋਣ ਜਿੱਥੇ ਦੇ ਭੈਣ-ਭਰਾ ਉਨ੍ਹਾਂ ਨੂੰ ਨਹੀਂ ਜਾਣਦੇ। ਉਹ ਸ਼ਾਇਦ ਯਹੋਵਾਹ ਵੱਲ ਮੁੜਨ ਲਈ ਤਰਸ ਰਹੇ ਹੋਣ। ਉਹ ਯਹੋਵਾਹ ਦੇ ਪਰਿਵਾਰ ਨਾਲ ਮਿਲ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ।

6. ਮੰਡਲੀ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਕੌਣ-ਕੌਣ ਭਾਲ ਕਰ ਸਕਦਾ?

6 ਮੰਡਲੀ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਕੌਣ-ਕੌਣ ਭਾਲ ਕਰ ਸਕਦਾ ਹੈ? ਅਸੀਂ ਸਾਰੇ ਉਨ੍ਹਾਂ ਦੀ ਭਾਲ ਕਰ ਸਕਦੇ ਹਾਂ ਜਿਵੇਂ ਮੰਡਲੀ ਦੇ ਬਜ਼ੁਰਗ, ਪਾਇਨੀਅਰ, ਪ੍ਰਚਾਰਕ, ਅਤੇ ਪਰਿਵਾਰ ਦੇ ਮੈਂਬਰ। ਕੀ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਸੱਚਾਈ ਵਿਚ ਕਮਜ਼ੋਰ ਪੈ ਗਿਆ ਹੈ? ਕੀ ਤੁਹਾਨੂੰ ਘਰ-ਘਰ ਜਾਂ ਖੁੱਲ੍ਹੇ-ਆਮ ਪ੍ਰਚਾਰ ਕਰਦਿਆਂ ਕੋਈ ਇੱਦਾਂ ਦਾ ਭੈਣ-ਭਰਾ ਮਿਲਿਆ? ਜੇ ਉਹ ਆਪਣਾ ਅਤਾ-ਪਤਾ ਜਾਂ ਫ਼ੋਨ ਨੰਬਰ ਦੇਣ ਲਈ ਤਿਆਰ ਹੈ, ਤਾਂ ਤੁਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਦੱਸ ਸਕਦੇ ਹੋ।

7. ਥੌਮਸ ਨਾਂ ਦੇ ਬਜ਼ੁਰਗ ਦੀਆਂ ਗੱਲਾਂ ਤੋਂ ਤੁਸੀਂ ਕੀ ਸਿੱਖਿਆ?

7 ਯਹੋਵਾਹ ਵੱਲ ਮੁੜਨ ਦੀ ਇੱਛਾ ਰੱਖਣ ਵਾਲੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਖ਼ਾਸ ਕਰਕੇ ਬਜ਼ੁਰਗ ਕੀ ਕਰ ਸਕਦੇ ਹਨ? ਸਪੇਨ ਵਿਚ ਰਹਿੰਦੇ ਥੌਮਸ * ਨਾਂ ਦੇ ਬਜ਼ੁਰਗ ਦੀ ਗੱਲ ’ਤੇ ਗੌਰ ਕਰੋ। ਉਸ ਨੇ ਮੰਡਲੀ ਵਿਚ ਮੁੜ ਆਉਣ ਵਿਚ 40 ਤੋਂ ਜ਼ਿਆਦਾ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਉਹ ਕਹਿੰਦਾ ਹੈ: “ਮੈਂ ਵੱਖੋ-ਵੱਖਰੇ ਭੈਣਾਂ-ਭਰਾਵਾਂ ਨੂੰ ਪੁੱਛਦਾ ਹਾਂ ਜੇ ਉਹ ਅਜਿਹੇ ਭੈਣ-ਭਰਾ ਨੂੰ ਜਾਣਦੇ ਹਨ ਜੋ ਸੱਚਾਈ ਵਿਚ ਠੰਢਾ ਪੈ ਚੁੱਕਾ ਹੈ। ਫਿਰ ਮੈਂ ਉਨ੍ਹਾਂ ਤੋਂ ਉਸ ਦਾ ਨਾਂ ਅਤੇ ਪਤਾ ਪੁੱਛਦਾ ਹਾਂ। ਮੰਡਲੀ ਦੇ ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਇਸ ਭਾਲ ਵਿਚ ਯੋਗਦਾਨ ਪਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਫਿਰ ਜਦੋਂ ਮੈਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਨੂੰ ਮਿਲਦਾ ਹਾਂ, ਤਾਂ ਮੈਂ ਉਨ੍ਹਾਂ ਦੇ ਬੱਚਿਆਂ ਅਤੇ ਰਿਸ਼ਤੇਦਾਰਾਂ ਬਾਰੇ ਪੁੱਛਦਾ ਹਾਂ। ਇੱਦਾਂ ਦੇ ਕੁਝ ਭੈਣ-ਭਰਾ ਆਪਣੇ ਬੱਚਿਆਂ ਨਾਲ ਸਭਾਵਾਂ ਵਿਚ ਆਉਂਦੇ ਸਨ ਅਤੇ ਸ਼ਾਇਦ ਇਹ ਬੱਚੇ ਵੀ ਪਹਿਲਾਂ ਪ੍ਰਚਾਰਕ ਸਨ। ਯਹੋਵਾਹ ਵੱਲ ਮੁੜਨ ਵਿਚ ਉਨ੍ਹਾਂ ਦੀ ਵੀ ਮਦਦ ਕੀਤੀ ਜਾ ਸਕਦੀ ਹੈ।”

ਯਹੋਵਾਹ ਦੇ ਗੁਆਚੇ ਹੋਏ ਪੁੱਤਰ-ਧੀਆਂ ਨੂੰ ਮੋੜ ਲਿਆਓ

8. ਉਜਾੜੂ ਪੁੱਤਰ ਦੀ ਮਿਸਾਲ ਵਿਚ ਪਿਤਾ ਆਪਣੇ ਪੁੱਤਰ ਨਾਲ ਕਿਵੇਂ ਪੇਸ਼ ਆਇਆ?

8 ਜਿਹੜੇ ਯਹੋਵਾਹ ਵੱਲ ਮੁੜਨਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਕਰਨ ਲਈ ਸਾਡੇ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ? ਧਿਆਨ ਦਿਓ ਕਿ ਉਜਾੜੂ ਪੁੱਤਰ ਬਾਰੇ ਦਿੱਤੀ ਯਿਸੂ ਦੀ ਮਿਸਾਲ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? (ਲੂਕਾ 15:17-24 ਪੜ੍ਹੋ।) ਯਿਸੂ ਨੇ ਸਮਝਾਇਆ ਕਿ ਹੋਸ਼ ਟਿਕਾਣੇ ਆਉਣ ’ਤੇ ਉਸ ਮੁੰਡੇ ਨੇ ਘਰ ਮੁੜ ਆਉਣ ਦਾ ਫ਼ੈਸਲਾ ਕੀਤਾ। ਪਿਤਾ ਭੱਜ ਕੇ ਆਪਣੇ ਮੁੰਡੇ ਨੂੰ ਮਿਲਣ ਗਿਆ ਅਤੇ ਉਸ ਨੂੰ ਘੁੱਟ ਕੇ ਜੱਫੀ ਪਾਈ ਤੇ ਉਸ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਇਆ। ਮੁੰਡੇ ਨੂੰ ਆਪਣੀ ਕੀਤੀ ’ਤੇ ਪਛਤਾਵਾ ਸੀ, ਇਸ ਲਈ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸ ਦਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹੈ। ਇਹ ਗੱਲ ਸੁਣ ਕੇ ਪਿਤਾ ਦਾ ਦਿਲ ਭਰ ਆਇਆ। ਉਸ ਨੇ ਆਪਣੇ ਪੁੱਤਰ ਦਾ ਪਰਿਵਾਰ ਦੇ ਇਕ ਅਹਿਮ ਮੈਂਬਰ ਵਜੋਂ ਸੁਆਗਤ ਕੀਤਾ। ਪਿਤਾ ਨੇ ਆਪਣੇ ਪੁੱਤਰ ਨੂੰ ਵਧੀਆ ਕੱਪੜੇ ਪੁਆਏ ਅਤੇ ਉਸ ਲਈ ਦਾਅਵਤ ਰੱਖੀ।

9. ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਾਨੂੰ ਕਿਹੋ ਜਿਹੇ ਗੁਣ ਦਿਖਾਉਣ ਦੀ ਲੋੜ ਹੈ? (“ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਯਹੋਵਾਹ ਵੱਲ ਮੁੜਨਾ ਚਾਹੁੰਦੇ ਹਨ?” ਨਾਂ ਦੀ ਡੱਬੀ ਦੇਖੋ।)

9 ਯਹੋਵਾਹ ਮਿਸਾਲ ਵਿਚ ਦੱਸੇ ਪਿਤਾ ਵਾਂਗ ਹੈ। ਉਹ ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਮੁੜ ਆਉਣ। ਯਹੋਵਾਹ ਦੀ ਰੀਸ ਕਰ ਕੇ ਅਸੀਂ ਉਨ੍ਹਾਂ ਦੀ ਮੁੜਨ ਵਿਚ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਸਾਨੂੰ ਧੀਰਜ, ਹਮਦਰਦੀ ਅਤੇ ਪਿਆਰ ਦਿਖਾਉਣ ਦੀ ਲੋੜ ਹੈ। ਸਾਨੂੰ ਇਹ ਖ਼ਾਸ ਗੁਣ ਦਿਖਾਉਣ ਦੀ ਕਿਉਂ ਲੋੜ ਹੈ ਅਤੇ ਅਸੀਂ ਇਹ ਕਿਵੇਂ ਦਿਖਾ ਸਕਦੇ ਹਾਂ?

10. ਧੀਰਜ ਦਾ ਗੁਣ ਯਹੋਵਾਹ ਵੱਲ ਮੁੜਨ ਵਿਚ ਇਕ ਵਿਅਕਤੀ ਦੀ ਕਿਵੇਂ ਮਦਦ ਕਰਦਾ ਹੈ?

10 ਸਾਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਇਕ ਵਿਅਕਤੀ ਨੂੰ ਯਹੋਵਾਹ ਵੱਲ ਮੁੜਨ ਵਿਚ ਸਮਾਂ ਲੱਗਦਾ ਹੈ। ਪਹਿਲਾਂ ਸੱਚਾਈ ਵਿਚ ਠੰਢੇ ਪੈ ਚੁੱਕੇ ਕਈ ਭੈਣ-ਭਰਾ ਮੰਨਦੇ ਹਨ ਕਿ ਬਜ਼ੁਰਗਾਂ ਅਤੇ ਮੰਡਲੀ ਦੇ ਹੋਰ ਭੈਣਾਂ-ਭਰਾਵਾਂ ਦੇ ਵਾਰ-ਵਾਰ ਆਉਣ ਤੋਂ ਬਾਅਦ ਹੀ ਉਹ ਪਰਮੇਸ਼ੁਰ ਵੱਲ ਮੁੜ ਸਕੇ। ਦੱਖਣੀ ਏਸ਼ੀਆ ਦੀ ਰਹਿਣ ਵਾਲੀ ਭੈਣ ਨੈਨਸੀ ਲਿਖਦੀ ਹੈ: “ਮੰਡਲੀ ਦੀ ਇਕ ਭੈਣ ਨੇ ਮੇਰੀ ਬਹੁਤ ਮਦਦ ਕੀਤੀ। ਉਸ ਨੇ ਮੇਰੇ ਨਾਲ ਕੁਝ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ। ਜਦੋਂ ਮੈਂ ਉਸ ਨਾਲ ਆਪਣੇ ਦਿਲ ਦੀ ਗੱਲ ਕਰਦੀ ਸੀ, ਤਾਂ ਉਹ ਧੀਰਜ ਨਾਲ ਮੇਰੀ ਗੱਲ ਸੁਣਦੀ ਸੀ ਅਤੇ ਉਹ ਮੈਨੂੰ ਸਲਾਹ ਦੇਣ ਤੋਂ ਕਦੇ ਪਿੱਛੇ ਨਹੀਂ ਹਟੀ। ਉਹ ਮੇਰੀ ਸੱਚੀ ਦੋਸਤ ਸਾਬਤ ਹੋਈ ਅਤੇ ਉਸ ਨੇ ਹਰ ਸਮੇਂ ਮੇਰੀ ਮਦਦ ਕੀਤੀ।”

11. ਜੇ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਸਾਨੂੰ ਉਨ੍ਹਾਂ ਨੂੰ ਹਮਦਰਦੀ ਦਿਖਾਉਣ ਦੀ ਕਿਉਂ ਲੋੜ ਹੈ?

11 ਹਮਦਰਦੀ ਦਾ ਗੁਣ ਇਕ ਵਧੀਆ ਮਲ੍ਹਮ ਦੀ ਤਰ੍ਹਾਂ ਹੈ ਜੋ ਦਿਲ ’ਤੇ ਲੱਗੀ ਸੱਟ ਠੀਕ ਕਰ ਸਕਦਾ ਹੈ। ਸਚਾਈ ਵਿਚ ਠੰਢੇ ਪੈ ਚੁੱਕੇ ਕੁਝ ਭੈਣਾਂ-ਭਰਾਵਾਂ ਦੇ ਦਿਲਾਂ ਵਿਚ ਕਈ ਸਾਲਾਂ ਤੋਂ ਉਸ ਭੈਣ-ਭਰਾ ਲਈ ਕੁੜੱਤਣ ਭਰੀ ਰਹੀ ਜਿਸ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਸੀ। ਇਨ੍ਹਾਂ ਭਾਵਨਾਵਾਂ ਕਰਕੇ ਉਨ੍ਹਾਂ ਨੇ ਯਹੋਵਾਹ ਕੋਲ ਮੁੜਨ ਦੀ ਆਪਣੀ ਇੱਛਾ ਨੂੰ ਦਬਾ ਲਿਆ। ਸ਼ਾਇਦ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ। ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਉਨ੍ਹਾਂ ਦੀ ਗੱਲ ਸੁਣੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੇ। (ਯਾਕੂ. 1:19) ਮਾਰੀਆ, ਜੋ ਇਕ ਸਮੇਂ ਤੇ ਕਮਜ਼ੋਰ ਪੈ ਚੁੱਕੀ ਸੀ, ਕਹਿੰਦੀ ਹੈ: “ਮੈਂ ਚਾਹੁੰਦੀ ਸੀ ਕਿ ਕੋਈ ਮੇਰੀ ਗੱਲ ਸੁਣੇ ਤੇ ਮੈਨੂੰ ਦਿਲਾਸਾ ਦੇਵੇ ਅਤੇ ਮੈਨੂੰ ਸਹੀ ਰਾਹ ਦਿਖਾਵੇ।”

12. ਯਹੋਵਾਹ ਦਾ ਪਿਆਰ ਇਕ ਰੱਸੀ ਦੀ ਤਰ੍ਹਾਂ ਕਿਵੇਂ ਹੈ? ਇਕ ਮਿਸਾਲ ਦਿਓ।

12 ਬਾਈਬਲ ਦੱਸਦੀ ਹੈ ਕਿ ਆਪਣੇ ਲੋਕਾਂ ਲਈ ਯਹੋਵਾਹ ਦਾ ਪਿਆਰ ਇਕ ਰੱਸੀ ਦੀ ਤਰ੍ਹਾਂ ਹੈ। ਉਹ ਕਿਵੇਂ? ਜ਼ਰਾ ਇਸ ਉਦਾਹਰਣ ਉੱਤੇ ਗੌਰ ਕਰੋ: ਮੰਨ ਲਓ ਕਿ ਤੁਸੀਂ ਇਕ ਤੂਫ਼ਾਨੀ ਸਮੁੰਦਰ ਵਿਚ ਡੁੱਬਦੇ ਜਾ ਰਹੇ ਹੋ ਤੇ ਕੋਈ ਤੁਹਾਡੇ ਵੱਲ ਲਾਈਫ਼-ਜੈਕਟ ਸੁੱਟਦਾ ਹੈ। ਤੁਸੀਂ ਜ਼ਰੂਰ ਉਸ ਦੇ ਸ਼ੁਕਰਗੁਜ਼ਾਰ ਹੋਵੋਗੇ ਕਿਉਂਕਿ ਹੁਣ ਤੁਹਾਨੂੰ ਬਚਣ ਲਈ ਬਹੁਤ ਜ਼ਿਆਦਾ ਜੱਦੋ-ਜਹਿਦ ਨਹੀਂ ਕਰਨੀ ਪੈਣੀ। ਪਰ ਜੀਉਂਦੇ ਰਹਿਣ ਲਈ ਲਾਈਫ਼-ਜੈਕਟ ਹੋਣੀ ਹੀ ਕਾਫ਼ੀ ਨਹੀਂ ਹੈ। ਤੁਹਾਨੂੰ ਠੰਢੇ ਪਾਣੀ ਵਿੱਚੋਂ ਬਾਹਰ ਨਿਕਲਣ ਦੀ ਵੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਕੋਈ ਤੁਹਾਡੇ ਵੱਲ ਰੱਸੀ ਸੁੱਟ ਕੇ ਤੁਹਾਨੂੰ ਕਿਸ਼ਤੀ ਵੱਲ ਖਿੱਚੇ। ਯਹੋਵਾਹ ਨੇ ਭਟਕ ਚੁੱਕੇ ਇਜ਼ਰਾਈਲੀਆਂ ਨੂੰ ਕਿਹਾ: “ਮੈਂ ਓਹਨਾਂ ਨੂੰ . . . ਪ੍ਰੇਮ ਦਿਆਂ ਬੰਧਨਾਂ [ਜਾਂ ਰੱਸੀਆਂ] ਨਾਲ ਖਿੱਚਿਆ।” (ਹੋਸ਼ੇ. 11:4) ਪਰਮੇਸ਼ੁਰ ਉਨ੍ਹਾਂ ਬਾਰੇ ਇਵੇਂ ਹੀ ਮਹਿਸੂਸ ਕਰਦਾ ਹੈ ਜਿਨ੍ਹਾਂ ਨੇ ਉਸ ਦੀ ਸੇਵਾ ਕਰਨੀ ਬੰਦ ਕਰ ਦਿੱਤੀ ਹੈ ਅਤੇ ਜੋ ਸਮੱਸਿਆਵਾਂ ਅਤੇ ਚਿੰਤਾਵਾਂ ਦੇ ਸਮੁੰਦਰ ਵਿਚ ਡੁੱਬਦੇ ਜਾ ਰਹੇ ਹਨ। ਉਹ ਉਨ੍ਹਾਂ ਨੂੰ ਅਹਿਸਾਸ ਕਰਾਉਣਾ ਚਾਹੁੰਦਾ ਹੈ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ। ਯਹੋਵਾਹ ਤੁਹਾਨੂੰ ਵਰਤ ਕੇ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਸਕਦਾ ਹੈ।

13. ਇਕ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਕਿ ਭੈਣਾਂ-ਭਰਾਵਾਂ ਦੇ ਪਿਆਰ ਵਿਚ ਕਿੰਨੀ ਤਾਕਤ ਹੈ।

13 ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਇਹ ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਅਸੀਂ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਪਿਛਲੇ ਲੇਖ ਵਿਚ ਜ਼ਿਕਰ ਕੀਤੀ ਗਿਆ ਭਰਾ ਪਾਬਲੋ 30 ਤੋਂ ਜ਼ਿਆਦਾ ਸਾਲਾਂ ਤਕ ਮੰਡਲੀ ਤੋਂ ਬਾਹਰ ਰਿਹਾ ਸੀ। ਉਹ ਕਹਿੰਦਾ ਹੈ: “ਇਕ ਦਿਨ ਆਪਣੇ ਘਰ ਤੋਂ ਨਿਕਲਦਿਆਂ ਮੈਨੂੰ ਇਕ ਬਜ਼ੁਰਗ ਭੈਣ ਮਿਲੀ ਅਤੇ ਉਸ ਨੇ ਮੇਰੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਬੱਚਿਆਂ ਵਾਂਗ ਰੋਣ ਲੱਗ ਪਿਆ। ਮੈਂ ਉਸ ਨੂੰ ਕਿਹਾ ਕਿ ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਨੇ ਉਸ ਨੂੰ ਮੇਰੇ ਕੋਲ ਭੇਜਿਆ ਹੋਵੇ। ਮੈਂ ਉਸੇ ਵੇਲੇ ਯਹੋਵਾਹ ਵੱਲ ਮੁੜਨ ਦਾ ਫ਼ੈਸਲਾ ਕੀਤਾ।”

ਪਿਆਰ ਨਾਲ ਕਮਜ਼ੋਰਾਂ ਨੂੰ ਸਹਾਰਾ ਦਿਓ

14. ਲੂਕਾ 15:4, 5 ਦੀ ਮਿਸਾਲ ਮੁਤਾਬਕ ਚਰਵਾਹੇ ਨੇ ਗੁਆਚੀ ਹੋਈ ਭੇਡ ਨੂੰ ਲੱਭਣ ਤੋਂ ਬਾਅਦ ਕੀ ਕੀਤਾ?

14 ਸਾਨੂੰ ਅਜਿਹੇ ਭੈਣਾਂ-ਭਰਾਵਾਂ ਨੂੰ ਲਗਾਤਾਰ ਸਹਾਰਾ ਦੇਣ ਦੀ ਲੋੜ ਹੈ। ਯਿਸੂ ਦੀ ਮਿਸਾਲ ਵਿਚ ਦੱਸੇ ਉਜਾੜੂ ਪੁੱਤਰ ਵਾਂਗ ਇਹ ਭੈਣ-ਭਰਾ ਵੀ ਸ਼ਾਇਦ ਕਾਫ਼ੀ ਦੁੱਖਾਂ ਵਿੱਚੋਂ ਲੰਘੇ ਹੋਣ। ਨਾਲੇ ਸ਼ੈਤਾਨ ਦੀ ਦੁਨੀਆਂ ਵਿਚ ਰਹਿਣ ਕਰਕੇ ਹੋ ਸਕਦਾ ਉਨ੍ਹਾਂ ਦੀ ਨਿਹਚਾ ਵੀ ਕਮਜ਼ੋਰ ਹੋਵੇ। ਸਾਨੂੰ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰਨ ਦੀ ਲੋੜ ਹੈ। ਗੁਆਚੀ ਹੋਈ ਭੇਡ ਦੀ ਮਿਸਾਲ ਵਿਚ ਯਿਸੂ ਨੇ ਦੱਸਿਆ ਕਿ ਕਿਵੇਂ ਚਰਵਾਹਾ ਉਸ ਭੇਡ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਵਾਪਸ ਝੁੰਡ ਵਿਚ ਲੈ ਆਉਂਦਾ ਹੈ। ਚਰਵਾਹੇ ਨੇ ਗੁਆਚੀ ਹੋਈ ਭੇਡ ਦੀ ਭਾਲ ਕਰਨ ਵਿਚ ਪਹਿਲਾਂ ਹੀ ਕਾਫ਼ੀ ਸਾਰਾ ਸਮਾਂ ਤੇ ਤਾਕਤ ਲਾਈ ਹੈ। ਪਰ ਉਹ ਇਹ ਵੀ ਜਾਣਦਾ ਹੈ ਕਿ ਭੇਡ ਨੂੰ ਚੁੱਕ ਕੇ ਵਾਪਸ ਲਿਆਉਣ ਦੀ ਲੋੜ ਹੈ ਕਿਉਂਕਿ ਉਸ ਵਿਚ ਆਪਣੇ ਆਪ ਝੁੰਡ ਕੋਲ ਮੁੜਨ ਦੀ ਹਿੰਮਤ ਨਹੀਂ ਹੁੰਦੀ।—ਲੂਕਾ 15:4, 5 ਪੜ੍ਹੋ।

15. ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਯਹੋਵਾਹ ਵੱਲ ਮੁੜਨ ਵਿਚ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ? (“ ਇਕ ਕੀਮਤੀ ਤੋਹਫ਼ਾ” ਨਾਂ ਦੀ ਡੱਬੀ ਦੇਖੋ।)

15 ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨ ਵਿਚ ਸ਼ਾਇਦ ਸਾਨੂੰ ਸਮਾਂ ਅਤੇ ਤਾਕਤ ਲਾਉਣ ਦੀ ਲੋੜ ਪਵੇ। ਯਹੋਵਾਹ ਦੀ ਪਵਿੱਤਰ ਸ਼ਕਤੀ, ਉਸ ਦੇ ਬਚਨ ਅਤੇ ਸੰਗਠਨ ਤੋਂ ਮਿਲਦੇ ਪ੍ਰਕਾਸ਼ਨਾਂ ਰਾਹੀਂ ਅਸੀਂ ਉਨ੍ਹਾਂ ਦੀ ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਕਰ ਸਕਦੇ ਹਾਂ। (ਰੋਮੀ. 15:1) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਇਕ ਤਜਰਬੇਕਾਰ ਬਜ਼ੁਰਗ ਨੇ ਕਿਹਾ: “ਯਹੋਵਾਹ ਵੱਲ ਮੁੜਨ ਦਾ ਫ਼ੈਸਲਾ ਕਰਨ ਤੋਂ ਬਾਅਦ ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਬਾਈਬਲ ਅਧਿਐਨ ਕਰਨ ਦੀ ਲੋੜ ਹੁੰਦੀ ਹੈ।” * ਇਸ ਲਈ ਜੇ ਤੁਹਾਨੂੰ ਅਜਿਹੇ ਕਿਸੇ ਭੈਣ-ਭਰਾ ਨਾਲ ਬਾਈਬਲ ਅਧਿਐਨ ਕਰਨ ਲਈ ਕਿਹਾ ਜਾਂਦਾ ਹੈ, ਤਾਂ ਖਿੜੇ-ਮਿੱਥੇ ਇਸ ਸਨਮਾਨ ਨੂੰ ਕਬੂਲ ਕਰੋ! ਉਹ ਬਜ਼ੁਰਗ ਇਹ ਵੀ ਕਹਿੰਦਾ ਹੈ: “ਅਧਿਐਨ ਕਰਾਉਣ ਵਾਲੇ ਭੈਣ-ਭਰਾ ਨੂੰ ਚੰਗਾ ਦੋਸਤ ਬਣਨ ਦੀ ਲੋੜ ਹੈ ਤਾਂਕਿ ਕਮਜ਼ੋਰ ਵਿਅਕਤੀ ਉਨ੍ਹਾਂ ਨਾਲ ਆਪਣੇ ਦਿਲ ਦੀ ਗੱਲ ਕਰ ਸਕੇ।”

ਸਵਰਗ ਅਤੇ ਧਰਤੀ ਉੱਤੇ ਖ਼ੁਸ਼ੀਆਂ

16. ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਲੱਭਣ ਵਿਚ ਸਵਰਗ ਦੂਤ ਸਾਡੀ ਕਿੱਦਾਂ ਮਦਦ ਕਰਦੇ ਹਨ?

16 ਕਈ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਵੱਲ ਮੁੜਨ ਦੀ ਇੱਛਾ ਰੱਖਣ ਵਾਲੇ ਭੈਣਾਂ-ਭਰਾਵਾਂ ਦੀ ਭਾਲ ਕਰਨ ਵਿਚ ਦੂਤ ਸਾਡੇ ਨਾਲ ਮਿਲ ਕੇ ਕੰਮ ਕਰਦੇ ਹਨ। (ਪ੍ਰਕਾ. 14:6) ਮਿਸਾਲ ਲਈ, ਇਕਵੇਡਾਰ ਵਿਚ ਰਹਿਣ ਵਾਲੇ ਸਿਲਵਿਓ ਨੇ ਯਹੋਵਾਹ ਵੱਲ ਵਾਪਸ ਮੁੜਨ ਲਈ ਪ੍ਰਾਰਥਨਾ ਵਿਚ ਤਰਲੇ ਕੀਤੇ। ਜਦੋਂ ਉਹ ਅਜੇ ਪ੍ਰਾਰਥਨਾ ਕਰ ਹੀ ਰਿਹਾ ਸੀ, ਤਾਂ ਉਸ ਦੇ ਘਰ ਦੀ ਘੰਟੀ ਵੱਜੀ। ਦੋ ਬਜ਼ੁਰਗ ਉਸ ਨੂੰ ਮਿਲਣ ਆਏ ਸਨ। ਉਸ ਦਿਨ ਤੋਂ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ।

17. ਨਿਹਚਾ ਵਿਚ ਕਮਜ਼ੋਰ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਸਾਨੂੰ ਕਿਹੜਾ ਫ਼ਾਇਦਾ ਹੁੰਦਾ ਹੈ?

17 ਨਿਹਚਾ ਵਿਚ ਕਮਜ਼ੋਰ ਭੈਣਾਂ-ਭਰਾਵਾਂ ਦੀ ਯਹੋਵਾਹ ਵੱਲ ਮੁੜਨ ਵਿਚ ਮਦਦ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ। ਪਾਇਨੀਅਰ ਭਰਾ ਸੈਲਵੇਡਾਰ ਦੂਰ ਹੋ ਚੁੱਕੇ ਦੋਸਤਾਂ ਦੀ ਮਦਦ ਕਰਨ ਲਈ ਬਹੁਤ ਮਿਹਨਤ ਕਰਦਾ ਹੈ। ਉਹ ਦੱਸਦਾ ਹੈ: “ਕਦੇ-ਕਦਾਈਂ ਮੈਂ ਖ਼ੁਸ਼ੀ ਦੇ ਆਪਣੇ ਹੰਝੂ ਰੋਕ ਨਹੀਂ ਪਾਉਂਦਾ। ਇਹ ਸੋਚ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਨੇ ਸ਼ੈਤਾਨ ਦੀ ਦੁਨੀਆਂ ਤੋਂ ਆਪਣੀ ਇਕ ਪਿਆਰੀ ਭੇਡ ਮੋੜ ਲਿਆਂਦੀ ਹੈ ਅਤੇ ਮੈਨੂੰ ਇਸ ਕੰਮ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ।”—ਰਸੂ. 20:35.

18. ਜੇ ਤੁਸੀਂ ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤੀ ਕਰਨੀ ਬੰਦ ਕਰ ਦਿੱਤੀ ਹੈ, ਤਾਂ ਤੁਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹੋ?

18 ਜੇ ਤੁਸੀਂ ਯਹੋਵਾਹ ਦੇ ਲੋਕਾਂ ਨਾਲ ਸੰਗਤੀ ਕਰਨੀ ਬੰਦ ਕਰ ਦਿੱਤੀ ਹੈ, ਤਾਂ ਭਰੋਸਾ ਰੱਖੋ ਕਿ ਉਹ ਹਾਲੇ ਵੀ ਤੁਹਾਨੂੰ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਵੱਲ ਵਾਪਸ ਮੁੜ ਆਓ। ਪਰ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਕੁਝ ਕਦਮ ਚੁੱਕਣ ਦੀ ਲੋੜ ਹੈ। ਯਿਸੂ ਦੀ ਮਿਸਾਲ ਵਿਚ ਦੱਸੇ ਪਿਤਾ ਵਾਂਗ ਯਹੋਵਾਹ ਬਾਹਾਂ ਖੋਲ੍ਹੀ ਤੁਹਾਡੇ ਘਰ ਵਾਪਸ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਅਤੇ ਉਹ ਖ਼ੁਸ਼ੀ-ਖ਼ੁਸ਼ੀ ਤੁਹਾਡਾ ਸੁਆਗਤ ਕਰੇਗਾ।

ਗੀਤ 22 ‘ਯਹੋਵਾਹ ਮੇਰਾ ਚਰਵਾਹਾ’

^ ਪੈਰਾ 5 ਯਹੋਵਾਹ ਚਾਹੁੰਦਾ ਹੈ ਕਿ ਮੰਡਲੀ ਤੋਂ ਦੂਰ ਹੋ ਚੁੱਕੇ ਲੋਕ ਉਸ ਕੋਲ ਮੁੜ ਆਉਣ। ਅਸੀਂ ਉਨ੍ਹਾਂ ਨੂੰ ਹੌਸਲਾ ਦੇਣ ਲਈ ਬਹੁਤ ਕੁਝ ਕਰ ਸਕਦੇ ਹਾਂ ਜੋ ਯਹੋਵਾਹ ਦਾ ਇਹ ਸੱਦਾ ਕਬੂਲ ਕਰਨਾ ਚਾਹੁੰਦੇ ਹਨ: “ਮੇਰੀ ਵੱਲ ਮੁੜੋ।” ਇਸ ਲੇਖ ਵਿਚ ਆਪਾਂ ਦੇਖਾਂਗੇ ਕਿ ਅਸੀਂ ਉਨ੍ਹਾਂ ਦੀ ਮੁੜ ਆਉਣ ਵਿਚ ਕਿੱਦਾਂ ਮਦਦ ਕਰ ਸਕਦੇ ਹਾਂ।

^ ਪੈਰਾ 7 ਕੁਝ ਨਾਂ ਬਦਲੇ ਗਏ ਹਨ।

^ ਪੈਰਾ 15 ਠੰਢੇ ਪੈ ਚੁੱਕੇ ਕੁਝ ਭੈਣਾਂ-ਭਰਾਵਾਂ ਦੀ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਦੇ ਕੁਝ ਹਿੱਸਿਆਂ ਵਿੱਚੋਂ ਅਧਿਐਨ ਕਰ ਕੇ ਮਦਦ ਕੀਤੀ ਜਾ ਸਕਦੀ ਹੈ ਜਦਕਿ ਹੋਰ ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਨੇੜੇ ਰਹੋ ਕਿਤਾਬ ਵਿੱਚੋਂ ਚਰਚਾ ਕਰ ਕੇ ਮਦਦ ਮਿਲੀ ਹੈ। ਮੰਡਲੀ ਦੀ ਸੇਵਾ ਕਮੇਟੀ ਤੈਅ ਕਰਦੀ ਹੈ ਕਿ ਕੌਣ ਅਜਿਹੇ ਵਿਅਕਤੀ ਨਾਲ ਅਧਿਐਨ ਕਰ ਸਕਦਾ ਹੈ।

^ ਪੈਰਾ 68 ਤਸਵੀਰਾਂ ਬਾਰੇ ਜਾਣਕਾਰੀ: ਤਿੰਨ ਵੱਖੋ-ਵੱਖਰੇ ਭਰਾ ਇਕ ਭਰਾ ਦੀ ਮਦਦ ਕਰਦੇ ਹਨ ਜੋ ਪਰਮੇਸ਼ੁਰ ਵੱਲ ਮੁੜਨਾ ਚਾਹੁੰਦਾ ਹੈ। ਇਸ ਤਰ੍ਹਾਂ ਕਰਨ ਲਈ ਉਹ ਉਸ ਨਾਲ ਗੱਲਬਾਤ ਜਾਰੀ ਰੱਖਦੇ ਹਨ, ਉਸ ਨੂੰ ਆਪਣੇ ਪਿਆਰ ਦਾ ਯਕੀਨ ਦਿਵਾਉਂਦੇ ਹਨ ਅਤੇ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।