ਅਧਿਐਨ ਲੇਖ 25
“ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ”
“ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਨ੍ਹਾਂ ਨੂੰ ਲੱਭ ਲਵਾਂਗਾ।”—ਹਿਜ਼. 34:11.
ਗੀਤ 3 “ਪਰਮੇਸ਼ੁਰ ਪਿਆਰ ਹੈ”
ਖ਼ਾਸ ਗੱਲਾਂ *
1. ਯਹੋਵਾਹ ਨੇ ਆਪਣੀ ਤੁਲਨਾ ਮਾਂ ਨਾਲ ਕਿਉਂ ਕੀਤੀ?
“ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ?” ਯਹੋਵਾਹ ਨੇ ਇਹ ਸਵਾਲ ਯਸਾਯਾਹ ਨਬੀ ਦੇ ਦਿਨਾਂ ਵਿਚ ਪੁੱਛਿਆ ਸੀ। ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਿਹਾ: “ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” (ਯਸਾ. 49:15) ਆਮ ਤੌਰ ਤੇ ਯਹੋਵਾਹ ਆਪਣੀ ਤੁਲਨਾ ਮਾਂ ਨਾਲ ਨਹੀਂ ਕਰਦਾ, ਪਰ ਉਸ ਨੇ ਇਸ ਮੌਕੇ ’ਤੇ ਕੀਤੀ ਸੀ। ਮਾਂ ਅਤੇ ਬੱਚੇ ਦੇ ਰਿਸ਼ਤੇ ਦੀ ਤੁਲਨਾ ਕਰ ਕੇ ਯਹੋਵਾਹ ਨੇ ਦੱਸਿਆ ਕਿ ਉਹ ਆਪਣੇ ਸੇਵਕਾਂ ਨੂੰ ਕਿੰਨਾ ਪਿਆਰ ਕਰਦਾ ਹੈ। ਬਹੁਤ ਸਾਰੀਆਂ ਮਾਵਾਂ ਜਾਸਮੀਨ ਨਾਂ ਦੀ ਭੈਣ ਵਾਂਗ ਹੀ ਮਹਿਸੂਸ ਕਰਦੀਆਂ ਹੋਣੀਆਂ। ਉਸ ਨੇ ਕਿਹਾ: “ਜਦੋਂ ਇਕ ਮਾਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੀ ਹੈ, ਤਾਂ ਉਸ ਦਾ ਬੱਚੇ ਨਾਲ ਉਮਰ ਭਰ ਦਾ ਰਿਸ਼ਤਾ ਜੁੜਦਾ ਹੈ।”
2. ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਉਸ ਦਾ ਕੋਈ ਬੱਚਾ ਉਸ ਤੋਂ ਦੂਰ ਚਲੇ ਜਾਂਦਾ ਹੈ?
2 ਯਹੋਵਾਹ ਉਦੋਂ ਵੀ ਧਿਆਨ ਦਿੰਦਾ ਹੈ ਜਦੋਂ ਉਸ ਦਾ ਇਕ ਵੀ ਬੱਚਾ ਮਸੀਹੀ ਸਭਾਵਾਂ ਅਤੇ ਪ੍ਰਚਾਰ ਵਿਚ ਜਾਣਾ ਛੱਡ ਦਿੰਦਾ ਹੈ। ਜ਼ਰਾ ਸੋਚੋ ਕਿ ਹਰ ਸਾਲ ਆਪਣੇ ਹਜ਼ਾਰਾਂ ਹੀ ਸੇਵਕਾਂ ਨੂੰ ਸੱਚਾਈ ਵਿਚ ਠੰਢੇ * ਪੈਂਦਿਆਂ ਦੇਖ ਕੇ ਉਸ ਨੂੰ ਕਿੰਨਾ ਦੁੱਖ ਹੁੰਦਾ ਹੋਣਾ!
3. ਯਹੋਵਾਹ ਕੀ ਚਾਹੁੰਦਾ ਹੈ?
3 ਇਨ੍ਹਾਂ ਵਿੱਚੋਂ ਬਹੁਤ ਸਾਰੇ ਭੈਣ-ਭਰਾ ਮੰਡਲੀ ਵਿਚ ਵਾਪਸ ਆ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ! ਪਰ ਜਿਹੜੇ ਹਾਲੇ ਵਾਪਸ ਨਹੀਂ ਆਏ, ਯਹੋਵਾਹ ਚਾਹੁੰਦਾ ਕਿ ਉਹ ਵੀ ਵਾਪਸ ਆ ਜਾਣ ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ। (1 ਪਤ. 2:25) ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਇਸ ਸਵਾਲ ਦਾ ਜਵਾਬ ਲੈਣ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਕੁਝ ਮਸੀਹੀ ਸਭਾਵਾਂ ਵਿਚ ਆਉਣਾ ਤੇ ਪ੍ਰਚਾਰ ਕਰਨਾ ਕਿਉਂ ਬੰਦ ਕਰ ਦਿੰਦੇ ਹਨ।
ਕੁਝ ਭੈਣ-ਭਰਾ ਯਹੋਵਾਹ ਦੀ ਸੇਵਾ ਕਰਨੀ ਕਿਉਂ ਛੱਡ ਦਿੰਦੇ ਹਨ?
4. ਕੰਮ-ਧੰਦੇ ਦਾ ਕੁਝ ਲੋਕਾਂ ਉੱਤੇ ਕੀ ਅਸਰ ਪੈ ਸਕਦਾ ਹੈ?
4 ਕੁਝ ਭੈਣ-ਭਰਾ ਆਪਣੇ ਕੰਮ-ਧੰਦੇ ਵਿਚ ਬਹੁਤ ਮਗਨ ਹੋ ਜਾਂਦੇ ਹਨ। ਦੱਖਣੀ ਏਸ਼ੀਆ ਵਿਚ ਰਹਿਣ ਵਾਲਾ ਭਰਾ ਹੰਗ * ਦੱਸਦਾ ਹੈ: “ਮੈਂ ਆਪਣੇ ਕੰਮ ’ਤੇ ਹੱਦੋਂ ਵੱਧ ਸਮਾਂ ਲਗਾਉਣ ਲੱਗ ਪਿਆ। ਮੈਂ ਖ਼ੁਦ ਨੂੰ ਇਹ ਕਹਿ ਕੇ ਬੇਵਕੂਫ਼ ਬਣਾ ਰਿਹਾ ਸੀ ਕਿ ਮੇਰੇ ਕੋਲ ਜਿੰਨਾ ਜ਼ਿਆਦਾ ਪੈਸਾ ਹੋਵੇਗਾ, ਉੱਨੇ ਵਧੀਆ ਤਰੀਕੇ ਨਾਲ ਮੈਂ ਯਹੋਵਾਹ ਦੀ ਸੇਵਾ ਕਰ ਸਕਦਾ ਹਾਂ। ਇਸ ਲਈ ਮੈਂ ਜ਼ਿਆਦਾ ਦੇਰ ਤਕ ਕੰਮ ਕਰਨ ਲੱਗਾ। ਮੈਂ ਹੌਲੀ-ਹੌਲੀ ਸਭਾਵਾਂ ’ਤੇ ਜਾਣਾ ਘੱਟ ਕਰ ਦਿੱਤਾ। ਫਿਰ ਇਕ ਸਮਾਂ ਆਇਆ ਕਿ ਮੈਂ ਸਭਾਵਾਂ ਵਿਚ ਜਾਣਾ ਬਿਲਕੁਲ ਹੀ ਬੰਦ ਕਰ ਦਿੱਤਾ। ਇੱਦਾਂ ਲੱਗਦਾ ਹੈ ਕਿ ਸ਼ੈਤਾਨ ਇਸ ਦੁਨੀਆਂ ਨੂੰ ਵਰਤ ਕੇ ਸਾਡਾ ਧਿਆਨ ਭਟਕਾਉਣਾ ਚਾਹੁੰਦਾ ਹੈ ਤਾਂਕਿ ਅਸੀਂ ਹੌਲੀ-ਹੌਲੀ ਯਹੋਵਾਹ ਤੋਂ ਦੂਰ ਹੋ ਜਾਈਏ।”
5. ਜਦੋਂ ਇਕ ਭੈਣ ’ਤੇ ਕਈ ਮੁਸ਼ਕਲਾਂ ਆਈਆਂ, ਤਾਂ ਇਸ ਦਾ ਕੀ ਨਤੀਜਾ ਨਿਕਲਿਆ?
5 ਕੁਝ ਭੈਣਾਂ-ਭਰਾਵਾਂ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਪਰੇਸ਼ਾਨੀਆਂ ਆਉਂਦੀਆਂ ਹਨ ਜਿਸ ਕਰਕੇ ਉਹ ਟੁੱਟ ਜਾਂਦੇ ਹਨ। ਬਰਤਾਨੀਆ ਵਿਚ ਰਹਿਣ ਵਾਲੀ ਭੈਣ ਐਨ ਦੇ ਪੰਜ ਬੱਚੇ ਹਨ। ਉਹ ਦੱਸਦੀ ਹੈ: “ਜਦੋਂ ਮੇਰਾ ਛੋਟਾ ਮੁੰਡਾ ਪੈਦਾ ਹੋਇਆ, ਤਾਂ ਉਸ ਨੂੰ ਬਹੁਤ ਗੰਭੀਰ ਸਿਹਤ ਸਮੱਸਿਆਵਾਂ ਸਨ। ਥੋੜ੍ਹੇ ਸਮੇਂ ਬਾਅਦ ਮੇਰੀ ਕੁੜੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਅਤੇ ਫਿਰ ਇਕ ਮੁੰਡਾ ਮਾਨਸਿਕ ਤੌਰ ’ਤੇ ਬੀਮਾਰ ਹੋ ਗਿਆ। ਮੈਂ ਇੰਨੀ ਜ਼ਿਆਦਾ ਨਿਰਾਸ਼ ਹੋ ਗਈ ਕਿ ਮੈਂ ਸਭਾਵਾਂ ਅਤੇ ਪ੍ਰਚਾਰ ’ਤੇ ਜਾਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਮੈਂ ਹੌਲੀ-ਹੌਲੀ ਸੱਚਾਈ ਵਿਚ ਢਿੱਲੀ ਪੈ ਗਈ।” ਸਾਨੂੰ ਐਨ, ਉਸ ਦੇ ਪਰਿਵਾਰ ਅਤੇ ਅਜਿਹੀਆਂ ਮੁਸ਼ਕਲਾਂ ਝੱਲ ਰਹੇ ਭੈਣਾਂ-ਭਰਾਵਾਂ ਨਾਲ ਬਹੁਤ ਹਮਦਰਦੀ ਹੈ!
6. ਕੁਲੁੱਸੀਆਂ 3:13 ਦੀ ਸਲਾਹ ਨਾ ਮੰਨ ਕੇ ਅਸੀਂ ਯਹੋਵਾਹ ਦੇ ਲੋਕਾਂ ਤੋਂ ਦੂਰ ਕਿਵੇਂ ਹੋ ਸਕਦੇ ਹਾਂ?
6 ਕੁਲੁੱਸੀਆਂ 3:13 ਪੜ੍ਹੋ। ਯਹੋਵਾਹ ਦੇ ਕੁਝ ਸੇਵਕਾਂ ਨੂੰ ਆਪਣੇ ਕਿਸੇ ਮਸੀਹੀ ਭੈਣ-ਭਰਾ ਤੋਂ ਠੋਕਰ ਲੱਗੀ ਹੈ ਜਿਸ ਕਰਕੇ ਉਹ ਨਾਰਾਜ਼ ਹੋ ਸਕਦੇ ਹਨ। ਪੌਲੁਸ ਰਸੂਲ ਜਾਣਦਾ ਸੀ ਕਿ ਕਦੇ-ਕਦੇ ਸ਼ਾਇਦ ਸਾਡੇ ਕੋਲ ਕਿਸੇ ਭੈਣ ਜਾਂ ਭਰਾ ਤੋਂ “ਨਾਰਾਜ਼” ਹੋਣ ਦਾ ਵਾਜਬ ਕਾਰਨ ਹੋਵੇ। ਸਾਡੇ ਨਾਲ ਸ਼ਾਇਦ ਬੇਇਨਸਾਫ਼ੀ ਵੀ ਹੋਈ ਹੋਵੇ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸਾਡੇ ਦਿਲ ਵਿਚ ਨਾਰਾਜ਼ਗੀ ਪਲ਼ ਸਕਦੀ ਹੈ। ਦਿਲ ਵਿਚ ਕੁੜੱਤਣ ਭਰੀ ਹੋਣ ਕਰਕੇ ਇਕ ਵਿਅਕਤੀ ਹੌਲੀ-ਹੌਲੀ ਯਹੋਵਾਹ ਦੇ ਲੋਕਾਂ ਤੋਂ ਦੂਰ ਹੋ ਸਕਦਾ ਹੈ। ਦੱਖਣੀ ਅਮਰੀਕਾ ਵਿਚ ਰਹਿਣ ਵਾਲੇ ਭਰਾ ਪਾਬਲੋ ਦੀ ਮਿਸਾਲ ਉੱਤੇ ਗੌਰ ਕਰੋ। ਉਸ ਉੱਤੇ ਗ਼ਲਤ ਕੰਮ ਕਰਨ ਦਾ ਝੂਠਾ ਦੋਸ਼ ਲਾਇਆ ਗਿਆ ਜਿਸ ਕਰਕੇ ਮੰਡਲੀ ਵਿਚ ਮਿਲਿਆ ਸਨਮਾਨ ਉਸ ਤੋਂ ਲੈ ਲਿਆ ਗਿਆ। ਉਸ ਭਰਾ ਨੂੰ ਕਿਵੇਂ ਲੱਗਾ? ਪਾਬਲੋ ਕਹਿੰਦਾ: “ਮੈਨੂੰ ਬਹੁਤ ਗੁੱਸਾ ਚੜ੍ਹ ਗਿਆ ਅਤੇ ਮੈਂ ਹੌਲੀ-ਹੌਲੀ ਮੰਡਲੀ ਤੋਂ ਦੂਰ ਹੋ ਗਿਆ।”
7. ਦੋਸ਼ੀ ਜ਼ਮੀਰ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?
7 ਜੇ ਕਿਸੇ ਨੇ ਬੀਤੇ ਸਮੇਂ ਵਿਚ ਪਰਮੇਸ਼ੁਰ ਦਾ ਕਾਨੂੰਨ ਤੋੜਿਆ ਹੈ, ਤਾਂ ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾ ਸਕਦੀ ਅਤੇ ਉਸ ਨੂੰ ਲੱਗ ਸਕਦਾ ਹੈ ਕਿ ਪਰਮੇਸ਼ੁਰ ਉਸ ਨੂੰ ਪਿਆਰ ਨਹੀਂ ਕਰਦਾ। ਭਾਵੇਂ ਤੋਬਾ ਕਰਨ ਕਰਕੇ ਉਸ ਨੂੰ ਮਾਫ਼ ਕਰ ਦਿੱਤਾ ਗਿਆ, ਪਰ ਫਿਰ ਵੀ ਉਸ ਨੂੰ ਲੱਗ ਸਕਦਾ ਹੈ ਕਿ ਉਹ ਪਰਮੇਸ਼ੁਰ ਦੇ ਲੋਕਾਂ ਵਿਚ ਗਿਣੇ ਜਾਣ ਦੇ ਯੋਗ ਹੀ ਨਹੀਂ ਹੈ। ਭਰਾ ਫ਼ਰਾਂਸਿਸਕੋ ਨਾਲ ਇਸੇ ਤਰ੍ਹਾਂ ਹੋਇਆ। ਉਹ ਕਹਿੰਦਾ ਹੈ: “ਅਨੈਤਿਕ ਕੰਮ ਕਰਨ ਕਰਕੇ ਮੈਨੂੰ ਸੁਧਾਰਿਆ ਗਿਆ। ਪਹਿਲਾਂ-ਪਹਿਲਾਂ ਤਾਂ ਮੈਂ ਸਭਾਵਾਂ ਵਿਚ ਆਉਂਦਾ ਰਿਹਾ, ਪਰ ਫਿਰ ਮੈਂ ਨਿਰਾਸ਼ ਹੋ ਗਿਆ ਤੇ ਮੈਨੂੰ ਲੱਗਾ ਕਿ ਮੈਂ ਯਹੋਵਾਹ ਦੇ ਲੋਕਾਂ ਵਿਚ ਰਹਿਣ ਦੇ ਲਾਇਕ ਨਹੀਂ। ਮੇਰੀ ਜ਼ਮੀਰ ਮੈਨੂੰ ਕੋਸ ਰਹੀ ਸੀ ਅਤੇ ਮੈਨੂੰ ਲੱਗਾ ਕਿ ਯਹੋਵਾਹ ਨੇ ਮੈਨੂੰ ਮਾਫ਼ ਨਹੀਂ ਕੀਤਾ। ਸਮੇਂ ਦੇ ਬੀਤਣ ਨਾਲ, ਮੈਂ ਮੰਡਲੀ ਨਾਲ ਮੇਲ-ਜੋਲ ਰੱਖਣਾ ਛੱਡ ਦਿੱਤਾ।” ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜੋ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਕੀ ਤੁਸੀਂ ਉਨ੍ਹਾਂ ਦਾ ਦਰਦ ਸਮਝਦੇ ਹੋ? ਸਭ ਤੋਂ ਜ਼ਰੂਰੀ ਸਵਾਲ, ਯਹੋਵਾਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
ਯਹੋਵਾਹ ਆਪਣੀਆਂ ਭੇਡਾਂ ਨੂੰ ਪਿਆਰ ਕਰਦਾ ਹੈ
8. ਕੀ ਯਹੋਵਾਹ ਉਨ੍ਹਾਂ ਨੂੰ ਭੁੱਲ ਜਾਂਦਾ ਹੈ ਜੋ ਪਹਿਲਾਂ ਉਸ ਦੀ ਸੇਵਾ ਕਰਦੇ ਸਨ? ਸਮਝਾਓ।
8 ਯਹੋਵਾਹ ਉਨ੍ਹਾਂ ਲੋਕਾਂ ਨੂੰ ਕਦੇ ਨਹੀਂ ਭੁੱਲਦਾ ਜੋ ਪਹਿਲਾਂ ਉਸ ਦੀ ਸੇਵਾ ਕਰਦੇ ਸਨ, ਪਰ ਕੁਝ ਸਮੇਂ ਲਈ ਹਟ ਗਏ ਹਨ ਤੇ ਨਾ ਹੀ ਉਹ ਆਪਣੀ ਸੇਵਾ ਵਿਚ ਕੀਤੇ ਉਨ੍ਹਾਂ ਦੇ ਇਬ. 6:10) ਯਸਾਯਾਹ ਨਬੀ ਨੇ ਇਕ ਸੋਹਣੀ ਮਿਸਾਲ ਦੇ ਕੇ ਸਮਝਾਇਆ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਹੈ। ਉਸ ਨੇ ਲਿਖਿਆ: “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” (ਯਸਾ. 40:11) ਮਹਾਨ ਚਰਵਾਹੇ ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਉਸ ਦੀ ਕੋਈ ਭੇਡ ਭਟਕ ਜਾਂਦੀ ਹੈ? ਯਿਸੂ ਨੇ ਯਹੋਵਾਹ ਦੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਦੱਸੋ, ਜੇ ਕਿਸੇ ਕੋਲ ਸੌ ਭੇਡਾਂ ਹੋਣ ਤੇ ਉਨ੍ਹਾਂ ਵਿੱਚੋਂ ਇਕ ਭੇਡ ਭਟਕ ਜਾਵੇ, ਤਾਂ ਕੀ ਉਹ ਨੜ੍ਹਿੰਨਵੇਂ ਭੇਡਾਂ ਨੂੰ ਪਹਾੜ ਉੱਤੇ ਛੱਡ ਕੇ ਉਸ ਭਟਕੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? ਅਤੇ ਜਦੋਂ ਉਸ ਨੂੰ ਭੇਡ ਲੱਭ ਪਵੇਗੀ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਨੂੰ ਉਨ੍ਹਾਂ ਨੜ੍ਹਿੰਨਵੇਂ ਭੇਡਾਂ ਕਰਕੇ ਜਿਹੜੀਆਂ ਨਹੀਂ ਗੁਆਚੀਆਂ ਸਨ ਇੰਨੀ ਖ਼ੁਸ਼ੀ ਨਹੀਂ ਹੋਵੇਗੀ, ਜਿੰਨੀ ਇਸ ਭੇਡ ਦੇ ਲੱਭ ਜਾਣ ਤੇ ਹੋਵੇਗੀ।”—ਮੱਤੀ 18:12, 13.
ਕੰਮਾਂ ਨੂੰ ਭੁੱਲਦਾ। (9. ਇਕ ਚੰਗਾ ਚਰਵਾਹਾ ਆਪਣੀਆਂ ਭੇਡਾਂ ਦੀ ਦੇਖ-ਭਾਲ ਕਿਵੇਂ ਕਰਦਾ ਹੈ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)
9 ਯਹੋਵਾਹ ਦੀ ਤੁਲਨਾ ਇਕ ਚਰਵਾਹੇ ਨਾਲ ਕਰਨੀ ਕਿਉਂ ਸਹੀ ਹੈ? ਕਿਉਂਕਿ ਇਕ ਚੰਗਾ ਚਰਵਾਹਾ ਆਪਣੀਆਂ ਭੇਡਾਂ ਦੀ ਦਿਲੋਂ ਪਰਵਾਹ ਕਰਦਾ ਹੈ। ਮਿਸਾਲ ਲਈ, ਦਾਊਦ ਆਪਣੀਆਂ ਭੇਡਾਂ ਦੀ ਰਾਖੀ ਕਰਨ ਲਈ ਸ਼ੇਰ ਅਤੇ ਰਿੱਛ ਨਾਲ ਲੜਿਆ। (1 ਸਮੂ. 17:34, 35) ਜੇ ਚੰਗੇ ਚਰਵਾਹੇ ਦੀ ਇਕ ਵੀ ਭੇਡ ਗੁਆਚ ਜਾਂਦੀ ਹੈ, ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ। (ਯੂਹੰ. 10:3, 14) ਅਜਿਹਾ ਚਰਵਾਹਾ ਆਪਣੀਆਂ 99 ਭੇਡਾਂ ਨੂੰ ਵਾੜੇ ਵਿਚ ਜਾਂ ਆਪਣੇ ਨਾਲ ਦੇ ਚਰਵਾਹਿਆਂ ਕੋਲ ਛੱਡ ਕੇ ਇਕ ਗੁਆਚੀ ਹੋਈ ਭੇਡ ਨੂੰ ਲੱਭਣ ਜਾਵੇਗਾ। ਯਿਸੂ ਨੇ ਇਹ ਮਿਸਾਲ ਵਰਤ ਕੇ ਸਾਨੂੰ ਇਹ ਅਹਿਮ ਸੱਚਾਈ ਸਿਖਾਈ: “ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।”—ਮੱਤੀ 18:14.
ਯਹੋਵਾਹ ਆਪਣੀਆਂ ਭੇਡਾਂ ਨੂੰ ਭਾਲਦਾ ਹੈ
10. ਹਿਜ਼ਕੀਏਲ 34:11-16 ਮੁਤਾਬਕ ਯਹੋਵਾਹ ਆਪਣੀਆਂ ਗੁਆਚੀਆਂ ਭੇਡਾਂ ਬਾਰੇ ਕਿਹੜਾ ਵਾਅਦਾ ਕਰਦਾ ਹੈ?
10 ਯਹੋਵਾਹ ਸਾਡੇ ਵਿੱਚੋਂ ਹਰ ਇਕ ਨੂੰ ਪਿਆਰ ਕਰਦਾ ਹੈ, ਉਨ੍ਹਾਂ “ਨਿਮਾਣਿਆਂ” ਨੂੰ ਵੀ ਜੋ ਉਸ ਦੇ ਝੁੰਡ ਤੋਂ ਭਟਕ ਗਏ ਹਨ। ਹਿਜ਼ਕੀਏਲ ਨਬੀ ਰਾਹੀਂ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਆਪਣੀਆਂ ਗੁਆਚੀਆਂ ਭੇਡਾਂ ਦੀ ਭਾਲ ਕਰੇਗਾ ਤੇ ਆਪਣੇ ਨਾਲ ਦੁਬਾਰਾ ਚੰਗਾ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਉਸ ਨੇ ਦੱਸਿਆ ਕਿ ਆਪਣੀਆਂ ਭੇਡਾਂ ਨੂੰ ਬਚਾਉਣ ਲਈ ਉਹ ਅਜਿਹੇ ਕਦਮ ਚੁੱਕੇਗਾ ਜੋ ਇਕ ਇਜ਼ਰਾਈਲੀ ਚਰਵਾਹਾ ਆਪਣੀ ਇਕ ਭੇਡ ਗੁਆਚਣ ਹਿਜ਼ਕੀਏਲ 34:11-16 ਪੜ੍ਹੋ।) ਪਹਿਲਾ, ਚਰਵਾਹਾ ਕਾਫ਼ੀ ਸਮਾਂ ਤੇ ਮਿਹਨਤ ਲਾ ਕੇ ਆਪਣੀ ਭੇਡ ਨੂੰ ਲੱਭਣ ਜਾਂਦਾ ਸੀ। ਫਿਰ ਭਟਕੀ ਹੋਈ ਭੇਡ ਮਿਲ ਜਾਣ ਤੇ ਉਸ ਨੂੰ ਝੁੰਡ ਵਿਚ ਵਾਪਸ ਲੈ ਆਉਂਦਾ ਸੀ। ਜੇ ਭੇਡ ਜ਼ਖ਼ਮੀ ਜਾਂ ਭੁੱਖੀ ਹੁੰਦੀ ਸੀ, ਤਾਂ ਚਰਵਾਹਾ ਬੜੇ ਪਿਆਰ ਨਾਲ ਉਸ ਕਮਜ਼ੋਰ ਭੇਡ ਦੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਦਾ ਸੀ ਤੇ ਉਸ ਨੂੰ ਖਿਲਾਉਂਦਾ-ਪਿਲਾਉਂਦਾ ਸੀ। ਸੋ ਮੰਡਲੀ ਤੋਂ ਦੂਰ ਹੋ ਚੁੱਕੇ ਕਿਸੇ ਭੈਣ ਜਾਂ ਭਰਾ ਦੀ ਮਦਦ ਕਰਨ ਲਈ “ਪਰਮੇਸ਼ੁਰ ਦੀਆਂ ਭੇਡਾਂ” ਦੇ ਚਰਵਾਹਿਆਂ ਯਾਨੀ ਬਜ਼ੁਰਗਾਂ ਨੂੰ ਵੀ ਇਹੀ ਕਦਮ ਚੁੱਕਣ ਦੀ ਲੋੜ ਹੈ। (1 ਪਤ. 5:2, 3) ਬਜ਼ੁਰਗ ਉਨ੍ਹਾਂ ਨੂੰ ਲੱਭਦੇ ਹਨ, ਝੁੰਡ ਵਿਚ ਵਾਪਸ ਆਉਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ ਤੇ ਯਹੋਵਾਹ ਦੇ ਦੋਸਤ ਬਣਨ ਵਿਚ ਪਿਆਰ ਨਾਲ ਉਨ੍ਹਾਂ ਦਾ ਸਾਥ ਦਿੰਦੇ ਹਨ। *
ਵੇਲੇ ਚੁੱਕਦਾ ਸੀ। (11. ਇਕ ਚੰਗਾ ਚਰਵਾਹਾ ਕਿਹੜੀ ਗੱਲ ਜਾਣਦਾ ਸੀ?
11 ਇਕ ਚੰਗਾ ਚਰਵਾਹਾ ਜਾਣਦਾ ਸੀ ਕਿ ਭੇਡਾਂ ਗੁਆਚ ਸਕਦੀਆਂ ਸਨ। ਜੇ ਕੋਈ ਭੇਡ ਝੁੰਡ ਤੋਂ ਭਟਕ ਜਾਂਦੀ ਸੀ, ਤਾਂ ਉਹ ਉਸ ਨਾਲ ਸਖ਼ਤੀ ਨਾਲ ਪੇਸ਼ ਨਹੀਂ ਆਉਂਦਾ ਸੀ। ਯਹੋਵਾਹ ਦੀ ਮਿਸਾਲ ’ਤੇ ਜ਼ਰਾ ਗੌਰ ਕਰੋ ਜਿਸ ਨੇ ਉਨ੍ਹਾਂ ਕੁਝ ਸੇਵਕਾਂ ਦੀ ਮਦਦ ਕੀਤੀ ਜੋ ਥੋੜ੍ਹੀ ਦੇਰ ਲਈ ਉਸ ਤੋਂ ਦੂਰ ਹੋ ਗਏ ਸਨ।
12. ਯਹੋਵਾਹ ਨੇ ਯੂਨਾਹ ਦੀ ਕਿਵੇਂ ਮਦਦ ਕੀਤੀ?
12 ਯੂਨਾਹ ਨਬੀ ਆਪਣੀ ਜ਼ਿੰਮੇਵਾਰੀ ਛੱਡ ਕੇ ਭੱਜ ਗਿਆ ਸੀ। ਫਿਰ ਵੀ ਯਹੋਵਾਹ ਨੇ ਯੂਨਾਹ ਨੂੰ ਤਿਆਗਿਆ ਨਹੀਂ। ਇਕ ਚੰਗੇ ਚਰਵਾਹੇ ਵਾਂਗ ਯਹੋਵਾਹ ਨੇ ਉਸ ਨੂੰ ਬਚਾਇਆ ਤੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਲੋੜੀਂਦੀ ਤਾਕਤ ਦਿੱਤੀ। (ਯੂਨਾ. 2:7; 3:1, 2) ਬਾਅਦ ਵਿਚ ਪਰਮੇਸ਼ੁਰ ਨੇ ਘੀਏ ਦੀ ਵੇਲ ਉਗਾ ਕੇ ਯੂਨਾਹ ਨੂੰ ਸਮਝਾਇਆ ਕਿ ਹਰ ਇਕ ਇਨਸਾਨ ਦੀ ਜ਼ਿੰਦਗੀ ਅਨਮੋਲ ਹੈ। (ਯੂਨਾ. 4:10, 11) ਸਾਡੇ ਲਈ ਕੀ ਸਬਕ ਹੈ? ਬਜ਼ੁਰਗਾਂ ਨੂੰ ਸੱਚਾਈ ਵਿਚ ਠੰਢੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਧੀਰਜ ਨਾਲ ਮਦਦ ਕਰਨੀ ਚਾਹੀਦੀ ਹੈ। ਬਜ਼ੁਰਗ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਕਿਹੜੀ ਗੱਲ ਕਰਕੇ ਉਹ ਭਟਕ ਗਏ। ਫਿਰ ਜਦੋਂ ਕੋਈ ਯਹੋਵਾਹ ਕੋਲ ਮੁੜ ਆਉਂਦਾ ਹੈ, ਤਾਂ ਬਜ਼ੁਰਗ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦੇ ਹਨ।
13. ਜ਼ਬੂਰ 73 ਦੇ ਲਿਖਾਰੀ ਨਾਲ ਯਹੋਵਾਹ ਜਿਵੇਂ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਜ਼ਬੂਰ 73 ਦਾ ਲਿਖਾਰੀ ਨਿਰਾਸ਼ ਹੋ ਗਿਆ ਜਦੋਂ ਉਸ ਨੇ ਦੇਖਿਆ ਕਿ ਬੁਰੇ ਲੋਕ ਵੱਧ-ਫੁੱਲ ਰਹੇ ਸਨ। ਉਸ ਨੂੰ ਸ਼ੱਕ ਹੋਇਆ ਕਿ ਪਰਮੇਸ਼ੁਰ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਵੀ ਸੀ ਜਾਂ ਨਹੀਂ। (ਜ਼ਬੂ. 73:12, 13, 16) ਯਹੋਵਾਹ ਨੇ ਕੀ ਕੀਤਾ? ਉਸ ਨੇ ਲਿਖਾਰੀ ਦੀ ਨਿੰਦਿਆ ਨਹੀਂ ਕੀਤੀ, ਸਗੋਂ ਉਸ ਦੇ ਸ਼ਬਦ ਬਾਈਬਲ ਵਿਚ ਦਰਜ ਕਰਵਾਏ। ਬਾਅਦ ਵਿਚ ਉਸ ਲਿਖਾਰੀ ਨੂੰ ਅਹਿਸਾਸ ਹੋ ਗਿਆ ਕਿ ਜ਼ਿੰਦਗੀ ਵਿਚ ਕਿਸੇ ਵੀ ਚੀਜ਼ ਨਾਲੋਂ ਯਹੋਵਾਹ ਨਾਲ ਚੰਗਾ ਰਿਸ਼ਤਾ ਹੋਣਾ ਕਿਤੇ ਜ਼ਿਆਦਾ ਮਾਅਨੇ ਰੱਖਦਾ ਹੈ। (ਜ਼ਬੂ. 73:23, 24, 26, 28) ਸਾਡੇ ਲਈ ਸਬਕ? ਬਜ਼ੁਰਗਾਂ ਨੂੰ ਜਲਦਬਾਜ਼ੀ ਵਿਚ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਰਾਇ ਕਾਇਮ ਨਹੀਂ ਕਰਨੀ ਚਾਹੀਦੀ ਜੋ ਸ਼ੱਕ ਕਰਨ ਲੱਗ ਪੈਂਦੇ ਹਨ ਕਿ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਹੈ ਜਾਂ ਨਹੀਂ। ਉਨ੍ਹਾਂ ਦੀ ਨਿੰਦਿਆ ਕਰਨ ਦੀ ਬਜਾਇ ਬਜ਼ੁਰਗਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜੋ ਵੀ ਕਹਿੰਦੇ ਜਾਂ ਕਰਦੇ ਹਨ, ਉਸ ਦੀ ਕੀ ਵਜ੍ਹਾ ਹੈ। ਇਸ ਤੋਂ ਬਾਅਦ ਬਜ਼ੁਰਗ ਉਨ੍ਹਾਂ ਨੂੰ ਬਾਈਬਲ ਵਿੱਚੋਂ ਹੌਸਲਾ ਦੇ ਕੇ ਲੋੜੀਂਦੀ ਮਦਦ ਦੇ ਸਕਦੇ ਹਨ।
14. ਏਲੀਯਾਹ ਨੂੰ ਮਦਦ ਦੀ ਕਿਉਂ ਲੋੜ ਸੀ ਤੇ ਯਹੋਵਾਹ ਨੇ ਉਸ ਦੀ ਮਦਦ ਕਿਵੇਂ ਦਿੱਤੀ?
14 ਰਾਣੀ ਈਜ਼ਬਲ ਕਰਕੇ ਏਲੀਯਾਹ ਨਬੀ ਭੱਜ ਗਿਆ। (1 ਰਾਜ. 19:1-3) ਉਸ ਨੇ ਸੋਚਿਆ ਕਿ ਯਹੋਵਾਹ ਦੇ ਨਬੀ ਵਜੋਂ ਸੇਵਾ ਕਰਨ ਵਾਲਾ ਕੋਈ ਵੀ ਨਹੀਂ ਰਿਹਾ ਅਤੇ ਉਸ ਨੂੰ ਲੱਗਾ ਕਿ ਉਸ ਦੀ ਕੀਤੀ-ਕਰਾਈ ਖੂਹ ਵਿਚ ਪੈ ਗਈ। ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਮੌਤ ਮੰਗੀ। (1 ਰਾਜ. 19:4, 10) ਯਹੋਵਾਹ ਨੇ ਏਲੀਯਾਹ ਨੂੰ ਤਾੜਨਾ ਦੇਣ ਦੀ ਬਜਾਇ ਉਸ ਨੂੰ ਯਕੀਨ ਦਿਵਾਇਆ ਕਿ ਉਹ ਇਕੱਲਾ ਨਹੀਂ ਸੀ, ਉਹ ਪਰਮੇਸ਼ੁਰ ਦੀ ਤਾਕਤ ’ਤੇ ਭਰੋਸਾ ਰੱਖੇ ਅਤੇ ਉਸ ਲਈ ਅਜੇ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਸੀ। ਸੋ ਯਹੋਵਾਹ ਨੇ ਪਿਆਰ ਨਾਲ ਏਲੀਯਾਹ ਦੀ ਗੱਲ ਸੁਣੀ ਤੇ ਉਸ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ। (1 ਰਾਜ. 19:11-16, 18) ਸਾਡੇ ਲਈ ਸਬਕ? ਸਾਨੂੰ ਸਾਰਿਆਂ ਨੂੰ, ਖ਼ਾਸਕਰ ਬਜ਼ੁਰਗਾਂ ਨੂੰ ਯਹੋਵਾਹ ਦੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਦਿਲ ਦੀ ਗੱਲ ਦੱਸਦਿਆਂ ਆਪਣਾ ਗੁੱਸਾ ਜ਼ਾਹਰ ਕਰਦਾ ਹੈ ਜਾਂ ਕਹਿੰਦਾ ਹੈ ਕਿ ਉਹ ਯਹੋਵਾਹ ਦੀ ਦਇਆ ਦੇ ਲਾਇਕ ਨਹੀਂ ਹੈ, ਤਾਂ ਬਜ਼ੁਰਗ ਉਸ ਦੀ ਗੱਲ ਸੁਣਨਗੇ। ਫਿਰ ਉਹ ਯਹੋਵਾਹ ਦੀ ਗੁਆਚੀ ਹੋਈ ਭੇਡ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨਗੇ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ।
ਸਾਨੂੰ ਯਹੋਵਾਹ ਦੀਆਂ ਗੁਆਚੀਆਂ ਭੇਡਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ?
15. ਯੂਹੰਨਾ 6:39 ਮੁਤਾਬਕ ਯਿਸੂ ਆਪਣੇ ਪਿਤਾ ਦੀਆਂ ਭੇਡਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ?
15 ਸਾਨੂੰ ਯਹੋਵਾਹ ਦੀਆਂ ਗੁਆਚੀਆਂ ਭੇਡਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ? ਇਸ ਮਾਮਲੇ ਵਿਚ ਯਿਸੂ ਨੇ ਇਕ ਵਧੀਆ ਮਿਸਾਲ ਕਾਇਮ ਕੀਤੀ। ਉਹ ਜਾਣਦਾ ਸੀ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਸਾਰੀਆਂ ਭੇਡਾਂ ਅਨਮੋਲ ਹਨ। ਇਸ ਲਈ ਯਿਸੂ ਨੇ ਆਪਣੀ ਪੂਰੀ ਵਾਹ ਲਾ ਕੇ “ਇਜ਼ਰਾਈਲ ਦੇ ਘਰਾਣੇ ਦੇ ਲੋਕਾਂ” ਦੀ ਯਹੋਵਾਹ ਕੋਲ ਮੁੜ ਆਉਣ ਵਿਚ ਮਦਦ ਕੀਤੀ ਜੋ “ਭਟਕੀਆਂ ਹੋਈਆਂ ਭੇਡਾਂ ਵਾਂਗ” ਸਨ। (ਮੱਤੀ 15:24; ਲੂਕਾ 19:9, 10) ਇਕ ਚੰਗਾ ਚਰਵਾਹਾ ਹੋਣ ਦੇ ਨਾਤੇ ਯਿਸੂ ਨੇ ਉਹ ਸਾਰਾ ਕੁਝ ਕੀਤਾ ਜੋ ਉਹ ਕਰ ਸਕਦਾ ਸੀ ਤਾਂਕਿ ਉਹ ਯਹੋਵਾਹ ਦੀ ਇਕ ਵੀ ਭੇਡ ਨਾ ਗੁਆਵੇ।—ਯੂਹੰਨਾ 6:39 ਪੜ੍ਹੋ।
16-17. ਯਹੋਵਾਹ ਦੀਆਂ ਗੁਆਚੀਆਂ ਭੇਡਾਂ ਦੀ ਮਦਦ ਕਰਨ ਬਾਰੇ ਬਜ਼ੁਰਗਾਂ ਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? (“ ਗੁਆਚੀ ਹੋਈ ਭੇਡ ਸ਼ਾਇਦ ਕਿਵੇਂ ਮਹਿਸੂਸ ਕਰੇ?” ਨਾਂ ਦੀ ਡੱਬੀ ਦੇਖੋ।)
16 ਪੌਲੁਸ ਰਸੂਲ ਨੇ ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਨੂੰ ਯਿਸੂ ਦੀ ਮਿਸਾਲ ’ਤੇ ਚੱਲਣ ਦੀ ਤਾਕੀਦ ਕੀਤੀ। ਉਸ ਨੇ ਕਿਹਾ: “ਤੁਸੀਂ ਵੀ ਕਮਜ਼ੋਰ ਲੋਕਾਂ ਦੀ ਮਦਦ . . . ਕਰੋ ਅਤੇ ਪ੍ਰਭੂ ਯਿਸੂ ਦੀ ਇਹ ਗੱਲ ਯਾਦ ਰੱਖੋ ਜੋ ਉਸ ਨੇ ਆਪ ਕਹੀ ਸੀ: ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’” (ਰਸੂ. 20:17, 35) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਮਾਮਲੇ ਵਿਚ ਬਜ਼ੁਰਗ ਖ਼ਾਸ ਜ਼ਿੰਮੇਵਾਰੀ ਨਿਭਾਉਂਦੇ ਹਨ। ਸਪੇਨ ਵਿਚ ਇਕ ਬਜ਼ੁਰਗ ਸੈਲਵਾਦੋਰ ਕਹਿੰਦਾ ਹੈ, “ਜਦ ਮੈਂ ਸੋਚਦਾ ਹਾਂ ਕਿ ਯਹੋਵਾਹ ਆਪਣੀਆਂ ਗੁਆਚੀਆਂ ਭੇਡਾਂ ਦੀ ਕਿੰਨੀ ਪਰਵਾਹ ਕਰਦਾ ਹੈ, ਤਾਂ ਮੈਨੂੰ ਪ੍ਰੇਰਣਾ ਮਿਲਦੀ ਹੈ ਕਿ ਮੈਂ ਵੀ ਪੂਰੀ ਵਾਹ ਲਾ ਕੇ ਉਨ੍ਹਾਂ ਦੀ ਮਦਦ ਕਰਾਂ। ਯਹੋਵਾਹ ਚਾਹੁੰਦਾ ਹੈ ਕਿ ਮੈਂ ਚਰਵਾਹੇ ਵਜੋਂ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਾਂ।”
17 ਇਸ ਲੇਖ ਵਿਚ ਅਸੀਂ ਉਨ੍ਹਾਂ ਕੁਝ ਭੈਣਾਂ-ਭਰਾਵਾਂ ਬਾਰੇ ਪੜ੍ਹਿਆ ਜੋ ਯਹੋਵਾਹ ਤੋਂ ਦੂਰ ਹੋ ਗਏ ਸਨ। ਉਨ੍ਹਾਂ ਸਾਰਿਆਂ ਦੀ ਯਹੋਵਾਹ ਕੋਲ ਮੁੜ ਆਉਣ ਵਿਚ ਮਦਦ ਕੀਤੀ ਗਈ। ਅੱਜ ਵੀ ਅਜਿਹੇ ਕਈ ਭੈਣ-ਭਰਾ ਹਨ ਜੋ ਯਹੋਵਾਹ ਵੱਲ ਮੁੜਨਾ ਚਾਹੁੰਦੇ ਹਨ। ਅਗਲੇ ਲੇਖ ਵਿਚ ਖੋਲ੍ਹ ਕੇ ਦੱਸਿਆ ਜਾਵੇਗਾ ਕਿ ਯਹੋਵਾਹ ਕੋਲ ਮੁੜ ਆਉਣ ਵਿਚ ਅਸੀਂ ਉਨ੍ਹਾਂ ਦੀ ਹੋਰ ਮਦਦ ਕਿਵੇਂ ਕਰ ਸਕਦੇ ਹਾਂ।
ਗੀਤ 55 ਸਦਾ ਦੀ ਜ਼ਿੰਦਗੀ
^ ਪੈਰਾ 5 ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ ਭੈਣ-ਭਰਾ ਮੰਡਲੀ ਤੋਂ ਦੂਰ ਕਿਉਂ ਹੋ ਜਾਂਦੇ ਹਨ? ਉਨ੍ਹਾਂ ਬਾਰੇ ਪਰਮੇਸ਼ੁਰ ਕਿਵੇਂ ਮਹਿਸੂਸ ਕਰਦਾ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਇਹ ਵੀ ਚਰਚਾ ਕੀਤੀ ਜਾਵੇਗੀ ਕਿ ਪੁਰਾਣੇ ਸਮੇਂ ਵਿਚ ਯਹੋਵਾਹ ਨੇ ਉਨ੍ਹਾਂ ਸੇਵਕਾਂ ਦੀ ਕਿਵੇਂ ਮਦਦ ਕੀਤੀ ਜੋ ਕੁਝ ਸਮੇਂ ਲਈ ਉਸ ਤੋਂ ਦੂਰ ਹੋ ਚੁੱਕੇ ਸਨ।
^ ਪੈਰਾ 2 ਸ਼ਬਦ ਦਾ ਮਤਲਬ: ਉਸ ਪ੍ਰਚਾਰਕ ਨੂੰ ਸੱਚਾਈ ਵਿਚ ਠੰਢਾ (inactive) ਮੰਨਿਆ ਜਾਂਦਾ ਹੈ ਜਿਸ ਨੇ ਛੇ ਜਾਂ ਇਸ ਤੋਂ ਜ਼ਿਆਦਾ ਮਹੀਨਿਆਂ ਤੋਂ ਪ੍ਰਚਾਰ ਦੀ ਰਿਪੋਰਟ ਨਹੀਂ ਦਿੱਤੀ ਹੁੰਦੀ। ਪਰ ਫਿਰ ਵੀ ਉਹ ਸਾਡੇ ਮਸੀਹੀ ਭੈਣ-ਭਰਾ ਹਨ ਅਤੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ।
^ ਪੈਰਾ 4 ਕੁਝ ਨਾਂ ਬਦਲੇ ਗਏ ਹਨ।
^ ਪੈਰਾ 10 ਅਗਲੇ ਲੇਖ ਵਿਚ ਕੁਝ ਖ਼ਾਸ ਤਰੀਕੇ ਦੱਸੇ ਜਾਣਗੇ ਕਿ ਬਜ਼ੁਰਗ ਇਹ ਕਦਮ ਕਿਵੇਂ ਚੁੱਕ ਸਕਦੇ ਹਨ।
^ ਪੈਰਾ 60 ਤਸਵੀਰਾਂ ਬਾਰੇ ਜਾਣਕਾਰੀ: ਪੁਰਾਣੇ ਸਮੇਂ ਵਿਚ ਇਕ ਫ਼ਿਕਰਮੰਦ ਇਜ਼ਰਾਈਲੀ ਚਰਵਾਹਾ ਗੁਆਚੀ ਭੇਡ ਦੀ ਭਾਲ ਕਰਦਾ ਤੇ ਝੁੰਡ ਵਿਚ ਵਾਪਸ ਲਿਆਉਂਦਾ ਹੋਇਆ। ਅੱਜ ਬਜ਼ੁਰਗ ਵੀ ਇਸੇ ਤਰ੍ਹਾਂ ਕਰਦੇ ਹਨ।
^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: ਸੱਚਾਈ ਵਿਚ ਠੰਢੀ ਪੈ ਚੁੱਕੀ ਇਕ ਭੈਣ ਬੱਸ ਦੇ ਚੱਲਣ ਦੀ ਉਡੀਕ ਕਰਦਿਆਂ ਦੋ ਗਵਾਹਾਂ ਨੂੰ ਦੇਖਦੀ ਹੋਈ ਜੋ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰ ਰਹੇ ਹਨ।