Skip to content

Skip to table of contents

ਅਧਿਐਨ ਲੇਖ 25

“ਇਨ੍ਹਾਂ ਨਿਮਾਣਿਆਂ” ਨੂੰ ਠੇਸ ਨਾ ਪਹੁੰਚਾਓ

“ਇਨ੍ਹਾਂ ਨਿਮਾਣਿਆਂ” ਨੂੰ ਠੇਸ ਨਾ ਪਹੁੰਚਾਓ

“ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਸਮਝੋ।”​—ਮੱਤੀ 18:10.

ਗੀਤ 113 ਸ਼ਾਂਤੀ ਦਾ ਵਰਦਾਨ

ਖ਼ਾਸ ਗੱਲਾਂ *

1. ਯਹੋਵਾਹ ਨੇ ਤੁਹਾਨੂੰ ਆਪਣੇ ਵੱਲ ਕਿਉਂ ਖਿੱਚਿਆ?

ਦੁਨੀਆਂ ਦੇ ਅਰਬਾਂ ਲੋਕਾਂ ਵਿਚ ਯਹੋਵਾਹ ਨੇ ਜਦੋਂ ਤੁਹਾਨੂੰ ਦੇਖਿਆ, ਤਾਂ ਉਸ ਨੇ ਧਿਆਨ ਦਿੱਤਾ ਕਿ ਤੁਹਾਡਾ ਦਿਲ ਸੱਚਾ ਹੈ ਅਤੇ ਤੁਸੀਂ ਇਕ ਦਿਨ ਜ਼ਰੂਰ ਉਸ ਨੂੰ ਪਿਆਰ ਕਰੋਗੇ। (1 ਇਤਿ. 28:9) ਇਸ ਲਈ ਉਸ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ। (ਯੂਹੰ. 6:44) ਇਹ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਤੁਹਾਨੂੰ ਜਾਣਦਾ ਹੈ, ਤੁਹਾਨੂੰ ਸਮਝਦਾ ਹੈ ਅਤੇ ਤੁਹਾਨੂੰ ਪਿਆਰ ਕਰਦਾ ਹੈ!

2. ਯਿਸੂ ਨੇ ਕਿਵੇਂ ਸਮਝਾਇਆ ਕਿ ਯਹੋਵਾਹ ਆਪਣੇ ਹਰ ਸੇਵਕ ਦੀ ਪਰਵਾਹ ਕਰਦਾ ਹੈ?

2 ਯਹੋਵਾਹ ਨੂੰ ਤੁਹਾਡੀ ਪਰਵਾਹ ਹੈ ਅਤੇ ਉਹ ਬਾਕੀ ਭੈਣਾਂ-ਭਰਾਵਾਂ ਦੀ ਵੀ ਪਰਵਾਹ ਕਰਦਾ ਹੈ। ਇਸ ਗੱਲ ਨੂੰ ਸਮਝਾਉਣ ਲਈ ਯਿਸੂ ਨੇ ਇਕ ਚਰਵਾਹੇ ਦੀ ਮਿਸਾਲ ਦਿੱਤੀ। ਜੇ 100 ਭੇਡਾਂ ਵਿੱਚੋਂ ਇਕ ਭੇਡ ਭਟਕ ਜਾਂਦੀ ਹੈ, ਤਾਂ ਚਰਵਾਹਾ “99 ਭੇਡਾਂ ਨੂੰ ਪਹਾੜ ਉੱਤੇ ਛੱਡ ਕੇ ਉਸ ਭਟਕੀ ਹੋਈ ਭੇਡ ਨੂੰ ਲੱਭਣ” ਜਾਂਦਾ ਹੈ। ਜਦੋਂ ਚਰਵਾਹੇ ਨੂੰ ਭੇਡ ਲੱਭ ਜਾਂਦੀ ਹੈ, ਤਾਂ ਉਹ ਉਸ ’ਤੇ ਗੁੱਸਾ ਨਹੀਂ ਕੱਢਦਾ, ਸਗੋਂ ਖ਼ੁਸ਼ੀਆਂ ਮਨਾਉਂਦਾ ਹੈ। ਯਿਸੂ ਨੇ ਯਹੋਵਾਹ ਦੀ ਤੁਲਨਾ ਇਕ ਚਰਵਾਹੇ ਨਾਲ ਕੀਤੀ। ਯਹੋਵਾਹ ਆਪਣੀ ਹਰ ਭੇਡ ਨੂੰ ਅਨਮੋਲ ਸਮਝਦਾ ਹੈ। ਯਿਸੂ ਨੇ ਕਿਹਾ: “ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।”​—ਮੱਤੀ 18:12-14.

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਅਸੀਂ ਕਦੇ ਵੀ ਇਹ ਨਹੀਂ ਚਾਹਾਂਗੇ ਕਿ ਸਾਡੇ ਕਰਕੇ ਕੋਈ ਭੈਣ ਜਾਂ ਭਰਾ ਨਿਰਾਸ਼ ਹੋਵੇ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਦੂਸਰਿਆਂ ਨੂੰ ਠੇਸ ਪਹੁੰਚਾਉਣ ਤੋਂ ਕਿਵੇਂ ਬਚ ਸਕਦੇ ਹਾਂ। ਨਾਲੇ ਜੇ ਕਿਸੇ ਨੇ ਸਾਨੂੰ ਠੇਸ ਪਹੁੰਚਾਈ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਪਰ ਆਓ ਆਪਾਂ ਸਭ ਤੋਂ ਪਹਿਲਾਂ ਦੇਖੀਏ ਕਿ ਮੱਤੀ ਦੇ ਅਧਿਆਇ 18 ਵਿਚ ਜ਼ਿਕਰ ਕੀਤੇ ‘ਨਿਮਾਣੇ’ ਕੌਣ ਹਨ।

ਇਹ ‘ਨਿਮਾਣੇ’ ਕੌਣ ਹਨ?

4. ‘ਨਿਮਾਣੇ’ ਕੌਣ ਹਨ?

4 ਇਹ ‘ਨਿਮਾਣੇ’ ਯਿਸੂ ਦੇ ਚੇਲੇ ਹਨ, ਭਾਵੇਂ ਉਹ ਕਿਸੇ ਵੀ ਉਮਰ ਦੇ ਕਿਉਂ ਨਾ ਹੋਣ। ਉਸ ਦੇ ਸਾਰੇ ਚੇਲੇ “ਬੱਚਿਆਂ” ਵਰਗੇ ਹਨ ਕਿਉਂਕਿ ਉਹ ਸਾਰੇ ਯਿਸੂ ਤੋਂ ਸਿੱਖਣ ਲਈ ਤਿਆਰ ਰਹਿੰਦੇ ਹਨ। (ਮੱਤੀ 18:3) ਭਾਵੇਂ ਉਨ੍ਹਾਂ ਦਾ ਪਿਛੋਕੜ, ਸਭਿਆਚਾਰ ਅਤੇ ਸੁਭਾਅ ਵੱਖੋ-ਵੱਖਰਾ ਹੈ, ਫਿਰ ਵੀ ਉਹ ਸਾਰੇ ਮਸੀਹ ’ਤੇ ਨਿਹਚਾ ਕਰਦੇ ਹਨ। ਨਾਲੇ ਮਸੀਹ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ।​—ਮੱਤੀ 18:6; ਯੂਹੰ. 1:12.

5. ਜਦੋਂ ਕੋਈ ਯਹੋਵਾਹ ਦੇ ਕਿਸੇ ਸੇਵਕ ਨੂੰ ਠੇਸ ਪਹੁੰਚਾਉਂਦਾ ਹੈ, ਤਾਂ ਉਸ ਨੂੰ ਕਿਵੇਂ ਲੱਗਦਾ ਹੈ?

5 ਯਹੋਵਾਹ ਲਈ ਇਹ ਸਾਰੇ ‘ਨਿਮਾਣੇ’ ਚੇਲੇ ਬਹੁਤ ਅਨਮੋਲ ਹਨ, ਠੀਕ ਜਿਵੇਂ ਬੱਚੇ ਸਾਡੇ ਲਈ ਅਨਮੋਲ ਹਨ। ਅਸੀਂ ਬੱਚਿਆਂ ਦੀ ਰਾਖੀ ਕਰਨੀ ਚਾਹੁੰਦੇ ਹਾਂ ਕਿਉਂਕਿ ਉਨ੍ਹਾਂ ਕੋਲ ਵੱਡਿਆਂ ਜਿੰਨੀ ਤਾਕਤ, ਬੁੱਧ ਅਤੇ ਤਜਰਬਾ ਨਹੀਂ ਹੁੰਦਾ। ਜਦੋਂ ਕੋਈ ਕਿਸੇ ਵਿਅਕਤੀ ਨੂੰ ਠੇਸ ਪਹੁੰਚਾਉਂਦਾ ਹੈ, ਤਾਂ ਸਾਨੂੰ ਬੁਰਾ ਲੱਗਦਾ ਹੈ। ਪਰ ਜਦੋਂ ਕੋਈ ਕਿਸੇ ਬੱਚੇ ਨੂੰ ਠੇਸ ਪਹੁੰਚਾਉਂਦਾ ਹੈ, ਤਾਂ ਸਾਨੂੰ ਹੋਰ ਵੀ ਬੁਰਾ ਲੱਗਦਾ ਹੈ ਅਤੇ ਗੁੱਸਾ ਵੀ ਆਉਂਦਾ ਹੈ। ਯਹੋਵਾਹ ਵੀ ਸਾਡੀ ਰਾਖੀ ਕਰਨੀ ਚਾਹੁੰਦਾ ਹੈ। ਜਦੋਂ ਉਹ ਦੇਖਦਾ ਹੈ ਕਿ ਕੋਈ ਉਸ ਦੇ ਕਿਸੇ ਸੇਵਕ ਨੂੰ ਠੇਸ ਪਹੁੰਚਾ ਰਿਹਾ ਹੈ, ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ ਅਤੇ ਗੁੱਸਾ ਵੀ ਆਉਂਦਾ ਹੈ।​—ਯਸਾ. 63:9; ਮਰ. 9:42.

6. ਪਹਿਲਾ ਕੁਰਿੰਥੀਆਂ 1:26-29 ਮੁਤਾਬਕ ਦੁਨੀਆਂ ਦੇ ਲੋਕ ਯਿਸੂ ਦੇ ਚੇਲਿਆਂ ਬਾਰੇ ਕੀ ਸੋਚਦੇ ਹਨ?

6 ਯਿਸੂ ਦੇ ਚੇਲੇ ਹੋਰ ਕਿਸ ਮਾਅਨੇ ਵਿਚ ‘ਨਿਮਾਣੇ’ ਹਨ? ਦੁਨੀਆਂ ਦੇ ਲੋਕ ਉਨ੍ਹਾਂ ਲੋਕਾਂ ਦੀ ਇੱਜ਼ਤ ਕਰਦੇ ਹਨ ਜਿਹੜੇ ਅਮੀਰ, ਮਸ਼ਹੂਰ ਅਤੇ ਤਾਕਤਵਰ ਹਨ। ਪਰ ਯਿਸੂ ਦੇ ਚੇਲਿਆਂ ਕੋਲ ਆਮ ਤੌਰ ਤੇ ਇਹ ਸਾਰਾ ਕੁਝ ਨਹੀਂ ਹੁੰਦਾ। ਇਸ ਲਈ ਦੁਨੀਆਂ ਉਨ੍ਹਾਂ ਨੂੰ ਮਾਮੂਲੀ ਅਤੇ ਤੁੱਛ ਸਮਝਦੀ ਹੈ। (1 ਕੁਰਿੰਥੀਆਂ 1:26-29 ਪੜ੍ਹੋ।) ਪਰ ਯਹੋਵਾਹ ਉਨ੍ਹਾਂ ਬਾਰੇ ਇੱਦਾਂ ਨਹੀਂ ਸੋਚਦਾ।

7. ਭੈਣਾਂ-ਭਰਾਵਾਂ ਨਾਲ ਪੇਸ਼ ਆਉਣ ਬਾਰੇ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ?

7 ਯਹੋਵਾਹ ਆਪਣੇ ਸਾਰੇ ਸੇਵਕਾਂ ਨੂੰ ਪਿਆਰ ਕਰਦਾ ਹੈ, ਫਿਰ ਚਾਹੇ ਉਹ ਸੱਚਾਈ ਵਿਚ ਨਵੇਂ ਹੋਣ ਜਾਂ ਪੁਰਾਣੇ। ਯਹੋਵਾਹ ਲਈ ਸਾਰੇ ਭੈਣ-ਭਰਾ ਅਹਿਮ ਹਨ, ਇਸ ਲਈ ਸਾਨੂੰ ਵੀ ਉਨ੍ਹਾਂ ਸਾਰਿਆਂ ਨੂੰ ਅਹਿਮ ਸਮਝਣਾ ਚਾਹੀਦਾ ਹੈ। ਸਾਨੂੰ ਸਿਰਫ਼ ਕੁਝ ਭੈਣਾਂ-ਭਰਾਵਾਂ ਨਾਲ ਹੀ ਨਹੀਂ, ਸਗੋਂ “ਆਪਣੇ ਸਾਰੇ ਭਰਾਵਾਂ ਨਾਲ ਪਿਆਰ” ਕਰਨਾ ਚਾਹੀਦਾ ਹੈ। (1 ਪਤ. 2:17) ਸਾਨੂੰ ਉਨ੍ਹਾਂ ਦੀ ਪਰਵਾਹ ਕਰਨੀ ਚਾਹੀਦੀ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਜੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਸੇ ਨੂੰ ਠੇਸ ਪਹੁੰਚਾਈ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ‘ਉਹ ਰਾਈ ਦਾ ਪਹਾੜ ਬਣਾ ਰਿਹਾ ਹੈ। ਉਸ ਨੂੰ ਇਹ ਗੱਲ ਭੁਲਾ ਦੇਣੀ ਚਾਹੀਦੀ ਹੈ ਅਤੇ ਮਾਫ਼ ਕਰ ਦੇਣਾ ਚਾਹੀਦਾ ਹੈ।’ ਕੁਝ ਲੋਕ ਸ਼ਾਇਦ ਬੁਰਾ ਕਿਉਂ ਮਨਾ ਲੈਂਦੇ ਹਨ? ਕਿਉਂਕਿ ਉਹ ਸ਼ਾਇਦ ਆਪਣੀ ਪਰਵਰਿਸ਼ ਕਰਕੇ ਖ਼ੁਦ ਨੂੰ ਦੂਸਰਿਆਂ ਤੋਂ ਨੀਵਾਂ ਸਮਝਦੇ ਹਨ ਜਾਂ ਸੱਚਾਈ ਵਿਚ ਨਵੇਂ ਹਨ ਅਤੇ ਦੂਜਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨਾ ਅਜੇ ਸਿੱਖ ਹੀ ਰਹੇ ਹਨ। ਕਾਰਨ ਚਾਹੇ ਜੋ ਵੀ ਹੋਵੇ, ਸਾਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ਛੇਤੀ ਬੁਰਾ ਮਨਾ ਲੈਂਦੇ ਹਾਂ, ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਚੰਗੀ ਗੱਲ ਨਹੀਂ, ਸਗੋਂ ਸਾਨੂੰ ਖ਼ੁਦ ਨੂੰ ਬਦਲਣ ਦੀ ਲੋੜ ਹੈ। ਇੱਦਾਂ ਕਰ ਕੇ ਅਸੀਂ ਖ਼ੁਸ਼ ਰਹਾਂਗੇ ਅਤੇ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਵੀ ਵਧੀਆ ਬਣੇਗਾ।

ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ

8. ਯਿਸੂ ਦੇ ਚੇਲਿਆਂ ’ਤੇ ਉਸ ਜ਼ਮਾਨੇ ਦੇ ਲੋਕਾਂ ਦੀ ਸੋਚ ਦਾ ਕੀ ਅਸਰ ਪਿਆ?

8 ਯਿਸੂ ਨੇ “ਇਨ੍ਹਾਂ ਨਿਮਾਣਿਆਂ” ਬਾਰੇ ਕਿਉਂ ਗੱਲ ਕੀਤੀ? ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਸਵਰਗ ਦੇ ਰਾਜ ਵਿਚ ਸਭ ਤੋਂ ਵੱਡਾ ਕੌਣ ਹੋਵੇਗਾ?” (ਮੱਤੀ 18:1) ਉਸ ਸਮੇਂ ਯਹੂਦੀ ਸਮਾਜ ਵਿਚ ਰੁਤਬਾ ਜਾਂ ਅਹੁਦਾ ਹੋਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਇਕ ਵਿਦਵਾਨ ਨੇ ਕਿਹਾ: “ਲੋਕ ਸਮਾਜ ਵਿਚ ਇੱਜ਼ਤ, ਨਾਮ ਅਤੇ ਸ਼ੁਹਰਤ ਪਾਉਣ ਲਈ ਜੀਉਂਦੇ ਸਨ ਅਤੇ ਲੋੜ ਪੈਣ ਤੇ ਇਨ੍ਹਾਂ ਖ਼ਾਤਰ ਆਪਣੀ ਜਾਨ ਤਕ ਵੀ ਦੇ ਦਿੰਦੇ ਸਨ।”

9. ਯਿਸੂ ਦੇ ਚੇਲਿਆਂ ਨੂੰ ਕੀ ਕਰਨ ਦੀ ਲੋੜ ਸੀ?

9 ਯਿਸੂ ਨੂੰ ਪਤਾ ਸੀ ਕਿ ਯਹੂਦੀਆਂ ਦੇ ਦਿਲਾਂ ਵਿਚ ਮੁਕਾਬਲੇ ਦੀ ਭਾਵਨਾ ਨੇ ਜੜ੍ਹ ਫੜੀ ਹੋਈ ਸੀ ਅਤੇ ਉਸ ਦੇ ਚੇਲਿਆਂ ਨੂੰ ਆਪਣੇ ਦਿਲਾਂ ਵਿੱਚੋਂ ਇਹ ਜੜ੍ਹ ਪੁੱਟਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਸੀ। ਇਸ ਲਈ ਉਸ ਨੇ ਚੇਲਿਆਂ ਨੂੰ ਕਿਹਾ: “ਜਿਹੜਾ ਤੁਹਾਡੇ ਵਿਚ ਸਭ ਤੋਂ ਵੱਡਾ ਹੈ, ਉਹ ਸਾਰਿਆਂ ਤੋਂ ਛੋਟਾ ਬਣੇ ਅਤੇ ਜਿਹੜਾ ਪ੍ਰਧਾਨ ਹੈ, ਉਹ ਸੇਵਾਦਾਰ ਬਣੇ।” (ਲੂਕਾ 22:26) ਅਸੀਂ ‘ਸਾਰਿਆਂ ਤੋਂ ਛੋਟੇ’ ਉਦੋਂ ਬਣਾਂਗੇ ਜਦੋਂ ਅਸੀਂ “ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ” ਸਮਝਾਂਗੇ। (ਫ਼ਿਲਿ. 2:3) ਜਿੰਨਾ ਜ਼ਿਆਦਾ ਅਸੀਂ ਇਸ ਸੋਚ ਨੂੰ ਅਪਣਾਵਾਂਗੇ, ਉੱਨਾ ਜ਼ਿਆਦਾ ਅਸੀਂ ਦੂਸਰਿਆਂ ਨੂੰ ਠੇਸ ਪਹੁੰਚਾਉਣ ਤੋਂ ਬਚਾਂਗੇ।

10. ਸਾਨੂੰ ਪੌਲੁਸ ਦੀ ਕਿਹੜੀ ਸਲਾਹ ਮੰਨਣੀ ਚਾਹੀਦੀ ਹੈ?

10 ਸਾਡੇ ਸਾਰੇ ਭੈਣ-ਭਰਾ ਕਿਸੇ-ਨਾ-ਕਿਸੇ ਤਰੀਕੇ ਨਾਲ ਸਾਡੇ ਨਾਲੋਂ ਚੰਗੇ ਹਨ। ਇਸ ਲਈ ਸਾਨੂੰ ਉਨ੍ਹਾਂ ਦੀਆਂ ਖ਼ੂਬੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਪੌਲੁਸ ਰਸੂਲ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਦਿੱਤੀ ਸੀ: “ਤੁਹਾਡੇ ਵਿਚ ਕਿਹੜੀ ਖ਼ੂਬੀ ਹੈ ਜੋ ਦੂਜਿਆਂ ਵਿਚ ਨਹੀਂ ਹੈ? ਤੁਹਾਡੇ ਕੋਲ ਕੀ ਹੈ ਜੋ ਤੁਹਾਨੂੰ ਪਰਮੇਸ਼ੁਰ ਤੋਂ ਨਹੀਂ ਮਿਲਿਆ ਹੈ? ਜੇ ਤੁਹਾਨੂੰ ਸਭ ਕੁਝ ਪਰਮੇਸ਼ੁਰ ਤੋਂ ਮਿਲਿਆ ਹੈ, ਤਾਂ ਫਿਰ ਤੁਸੀਂ ਇਸ ਤਰ੍ਹਾਂ ਸ਼ੇਖ਼ੀਆਂ ਕਿਉਂ ਮਾਰਦੇ ਹੋ ਜਿਵੇਂ ਕਿ ਤੁਸੀਂ ਸਭ ਕੁਝ ਆਪਣੀ ਤਾਕਤ ਨਾਲ ਪ੍ਰਾਪਤ ਕੀਤਾ ਹੈ?” (1 ਕੁਰਿੰ. 4:7) ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਕਿਸੇ ਦਾ ਧਿਆਨ ਆਪਣੇ ਵੱਲ ਨਾ ਖਿੱਚੀਏ ਅਤੇ ਨਾ ਹੀ ਖ਼ੁਦ ਨੂੰ ਦੂਸਰਿਆਂ ਨਾਲੋਂ ਚੰਗੇ ਸਮਝੀਏ। ਉਦਾਹਰਣ ਲਈ, ਜੇ ਇਕ ਭਰਾ ਚੰਗੇ ਭਾਸ਼ਣ ਦਿੰਦਾ ਹੈ ਜਾਂ ਇਕ ਭੈਣ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਮਾਹਰ ਹੈ, ਤਾਂ ਉਨ੍ਹਾਂ ਨੂੰ ਇਸ ਦੇ ਲਈ ਸਾਰੀ ਮਹਿਮਾ ਯਹੋਵਾਹ ਨੂੰ ਦੇਣੀ ਚਾਹੀਦੀ ਹੈ।

“ਦਿਲੋਂ ਮਾਫ਼” ਕਰੋ

11. ਰਾਜੇ ਅਤੇ ਨੌਕਰ ਦੀ ਮਿਸਾਲ ਦੇ ਕੇ ਯਿਸੂ ਕੀ ਸਿਖਾ ਰਿਹਾ ਸੀ?

11 ਯਿਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਸਮਝਾਇਆ ਸੀ ਕਿ ਉਹ ਦੂਸਰਿਆਂ ਨੂੰ ਠੇਸ ਨਾ ਪਹੁੰਚਾਉਣ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੇ ਇਕ ਮਿਸਾਲ ਦਿੱਤੀ। ਇਕ ਨੌਕਰ ਨੇ ਰਾਜੇ ਤੋਂ ਬਹੁਤ ਸਾਰਾ ਕਰਜ਼ਾ ਲਿਆ ਸੀ। ਪਰ ਜਦੋਂ ਉਹ ਕਰਜ਼ਾ ਮੋੜ ਨਹੀਂ ਸਕਿਆ, ਤਾਂ ਰਾਜੇ ਨੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਪਰ ਇਸੇ ਨੌਕਰ ਨੇ ਆਪਣੇ ਨਾਲ ਦੇ ਨੌਕਰ ਨੂੰ ਮਾਫ਼ ਨਹੀਂ ਕੀਤਾ ਜਿਸ ਨੇ ਉਸ ਤੋਂ ਥੋੜ੍ਹਾ ਜਿਹਾ ਕਰਜ਼ਾ ਲਿਆ ਸੀ। ਜਦ ਰਾਜੇ ਨੂੰ ਪਤਾ ਲੱਗਾ ਕਿ ਇਸ ਜ਼ਾਲਮ ਨੌਕਰ ਨੇ ਕੀ ਕੀਤਾ ਸੀ, ਤਾਂ ਉਸ ਨੇ ਉਸ ਨੂੰ ਜੇਲ੍ਹ ਵਿਚ ਸੁੱਟਵਾ ਦਿੱਤਾ। ਯਿਸੂ ਇਹ ਮਿਸਾਲ ਦੇ ਕੇ ਕੀ ਸਿਖਾ ਰਿਹਾ ਸੀ? ਉਸ ਨੇ ਕਿਹਾ: “ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਆਵੇਗਾ ਜੇ ਤੁਸੀਂ ਆਪਣੇ ਭਰਾ ਨੂੰ ਦਿਲੋਂ ਮਾਫ਼ ਨਹੀਂ ਕਰਦੇ।”​—ਮੱਤੀ 18:21-35.

12. ਜਦੋਂ ਅਸੀਂ ਦੂਸਰਿਆਂ ਨੂੰ ਮਾਫ਼ ਨਹੀਂ ਕਰਦੇ, ਤਾਂ ਕੀ ਹੁੰਦਾ ਹੈ?

12 ਉਸ ਨੌਕਰ ਨੇ ਆਪਣੇ ਨਾਲ ਦੇ ਨੌਕਰ ’ਤੇ ਦਇਆ ਨਹੀਂ ਕੀਤੀ। ਇਸ ਕਾਰਨ ਨਾ ਸਿਰਫ਼ ਉਸ ਦਾ ਨੁਕਸਾਨ ਹੋਇਆ, ਸਗੋਂ ਦੂਸਰਿਆਂ ਨੂੰ ਵੀ ਦੁੱਖ ਪਹੁੰਚਿਆ। ਕਿਵੇਂ? ਪਹਿਲੀ ਗੱਲ, ਉਸ ਨੇ ਆਪਣੇ ਨਾਲ ਦੇ ਨੌਕਰ ਨੂੰ “ਉੱਨੇ ਚਿਰ ਲਈ ਜੇਲ੍ਹ ਵਿਚ ਬੰਦ ਕਰਵਾ ਦਿੱਤਾ ਜਿੰਨਾ ਚਿਰ ਉਹ ਉਸ ਦੇ ਪੈਸੇ ਨਹੀਂ ਮੋੜ ਦਿੰਦਾ।” ਦੂਜੀ ਗੱਲ, “ਦੂਸਰੇ ਨੌਕਰ ਇਹ ਸਭ ਦੇਖ ਕੇ ਬਹੁਤ ਦੁਖੀ ਹੋਏ।” ਠੀਕ ਇਸੇ ਤਰ੍ਹਾਂ ਸਾਡੇ ਕੰਮਾਂ ਕਰਕੇ ਦੂਸਰਿਆਂ ਨੂੰ ਠੇਸ ਪਹੁੰਚ ਸਕਦੀ ਹੈ। ਉਦਾਹਰਣ ਲਈ, ਜਦੋਂ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਦੇ ਤੇ ਉਸ ਨਾਲ ਪਿਆਰ ਨਾਲ ਪੇਸ਼ ਨਹੀਂ ਆਉਂਦੇ ਜਾਂ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ। ਇਸ ਤੋਂ ਇਲਾਵਾ, ਜਦੋਂ ਦੂਸਰੇ ਭੈਣ-ਭਰਾ ਦੇਖਦੇ ਹਨ ਕਿ ਸਾਡੇ ਵਿਚ ਅਣਬਣ ਹੋ ਗਈ ਹੈ, ਤਾਂ ਉਨ੍ਹਾਂ ਨੂੰ ਵੀ ਚੰਗਾ ਨਹੀਂ ਲੱਗਦਾ।

ਕੀ ਤੁਸੀਂ ਨਾਰਾਜ਼ਗੀ ਪਾਲ਼ੀ ਰੱਖੋਗੇ ਜਾਂ ਦਿਲੋਂ ਮਾਫ਼ ਕਰੋਗੇ? (ਪੈਰੇ 13-14 ਦੇਖੋ) *

13. ਅਸੀਂ ਇਕ ਪਾਇਨੀਅਰ ਭੈਣ ਤੋਂ ਕੀ ਸਿੱਖ ਸਕਦੇ ਹਾਂ?

13 ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਮਾਫ਼ ਕਰਦੇ ਹਾਂ, ਤਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਦੂਸਰਿਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ। ਕ੍ਰਿਸਟਲ ਨਾਂ ਦੀ ਇਕ ਪਾਇਨੀਅਰ ਭੈਣ ਕਹਿੰਦੀ ਹੈ: “ਇਕ ਭੈਣ ਦੀਆਂ ਗੱਲਾਂ ਤੋਂ ਅਕਸਰ ਮੈਨੂੰ ਠੇਸ ਪਹੁੰਚਦੀ ਸੀ। ਉਸ ਦੀਆਂ ਗੱਲਾਂ ਮੇਰੇ ਦਿਲ ਨੂੰ ਵਿੰਨ੍ਹ ਦਿੰਦੀਆਂ ਸਨ। ਇਕ ਸਮਾਂ ਅਜਿਹਾ ਆਇਆ ਜਦੋਂ ਮੈਂ ਉਸ ਨਾਲ ਪ੍ਰਚਾਰ ’ਤੇ ਵੀ ਨਹੀਂ ਜਾਣਾ ਚਾਹੁੰਦੀ ਸੀ। ਪ੍ਰਚਾਰ ਲਈ ਮੇਰਾ ਜੋਸ਼ ਠੰਢਾ ਪੈਣ ਲੱਗ ਪਿਆ ਅਤੇ ਮੈਂ ਦੁਖੀ ਰਹਿਣ ਲੱਗੀ।” ਇਸ ਭੈਣ ਨੂੰ ਲੱਗਾ ਕਿ ਉਸ ਦਾ ਨਾਰਾਜ਼ ਹੋਣਾ ਸਹੀ ਹੈ। ਫਿਰ ਵੀ ਉਹ ਨਾ ਤਾਂ ਨਾਰਾਜ਼ ਰਹੀ ਅਤੇ ਨਾ ਹੀ ਉਸ ਨੇ ਸਿਰਫ਼ ਆਪਣੇ ਬਾਰੇ ਸੋਚਿਆ। ਉਸ ਨੇ 15 ਅਕਤੂਬਰ 1999 ਦੇ ਪਹਿਰਾਬੁਰਜ ਦਾ ਇਕ ਲੇਖ ਪੜ੍ਹਿਆ ਜਿਸ ਦਾ ਵਿਸ਼ਾ ਸੀ, “ਦਿਲੋਂ ਮਾਫ਼ ਕਰੋ।” ਫਿਰ ਕ੍ਰਿਸਟਲ ਨੇ ਉਸ ਭੈਣ ਨੂੰ ਮਾਫ਼ ਕਰ ਦਿੱਤਾ। ਉਹ ਕਹਿੰਦੀ ਹੈ: “ਹੁਣ ਮੈਂ ਚੰਗੀ ਤਰ੍ਹਾਂ ਸਮਝ ਗਈ ਹਾਂ ਕਿ ਅਸੀਂ ਸਾਰੇ ਚੰਗੇ ਮਸੀਹੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਯਹੋਵਾਹ ਹਰ ਰੋਜ਼ ਸਾਨੂੰ ਮਾਫ਼ ਕਰਦਾ ਹੈ। ਉਸ ਭੈਣ ਨੂੰ ਮਾਫ਼ ਕਰਨ ਨਾਲ ਮੇਰੇ ਮਨ ਦਾ ਬੋਝ ਹਲਕਾ ਹੋ ਗਿਆ ਅਤੇ ਮੈਂ ਫਿਰ ਤੋਂ ਖ਼ੁਸ਼ ਰਹਿਣ ਲੱਗ ਪਈ।”

14. ਮੱਤੀ 18:21, 22 ਮੁਤਾਬਕ ਪਤਰਸ ਰਸੂਲ ਨੂੰ ਕੀ ਕਰਨਾ ਔਖਾ ਲੱਗ ਰਿਹਾ ਸੀ ਅਤੇ ਅਸੀਂ ਯਿਸੂ ਦੇ ਜਵਾਬ ਤੋਂ ਕੀ ਸਿੱਖਦੇ ਹਾਂ?

14 ਸਾਨੂੰ ਪਤਾ ਹੈ ਕਿ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਅਤੇ ਇਹ ਗੱਲ ਸਹੀ ਵੀ ਹੈ, ਪਰ ਹਰ ਵਾਰ ਮਾਫ਼ ਕਰਨਾ ਸ਼ਾਇਦ ਸੌਖਾ ਨਾ ਹੋਵੇ। ਪਤਰਸ ਰਸੂਲ ਨੂੰ ਵੀ ਕਦੇ-ਕਦੇ ਮਾਫ਼ ਕਰਨਾ ਸ਼ਾਇਦ ਔਖਾ ਲੱਗਾ ਹੋਣਾ। (ਮੱਤੀ 18:21, 22 ਪੜ੍ਹੋ।) ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਦੂਸਰਿਆਂ ਨੂੰ ਮਾਫ਼ ਕਰ ਸਕੀਏ? ਪਹਿਲਾ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਵਾਰ-ਵਾਰ ਮਾਫ਼ ਕਰਦਾ ਹੈ। (ਮੱਤੀ 18:32, 33) ਅਸੀਂ ਉਸ ਦੀ ਮਾਫ਼ੀ ਦੇ ਲਾਇਕ ਵੀ ਨਹੀਂ ਹਾਂ, ਫਿਰ ਵੀ ਉਹ ਦਿਲ ਖੋਲ੍ਹ ਕੇ ਸਾਨੂੰ ਮਾਫ਼ ਕਰਦਾ ਹੈ। (ਜ਼ਬੂ. 103:8-10) ਨਾਲੇ “ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਦੂਸਰੇ ਨਾਲ ਪਿਆਰ ਕਰੀਏ।” ਅਸੀਂ ਇਹ ਨਹੀਂ ਸੋਚਾਂਗੇ ਕਿ ਇਹ ਸਾਡੀ ਮਰਜ਼ੀ ਹੈ ਕਿ ਅਸੀਂ ਕਿਸੇ ਨੂੰ ਮਾਫ਼ ਕਰਨਾ ਹੈ ਜਾਂ ਨਹੀਂ। ਪਰ ਸਾਡੇ ਲਈ ਮਾਫ਼ ਕਰਨਾ ਬਹੁਤ ਜ਼ਰੂਰੀ ਹੈ। (1 ਯੂਹੰ. 4:11) ਦੂਸਰਾ, ਜ਼ਰਾ ਇਸ ਗੱਲ ’ਤੇ ਸੋਚ-ਵਿਚਾਰ ਕਰੋ ਕਿ ਜਦੋਂ ਅਸੀਂ ਕਿਸੇ ਨੂੰ ਮਾਫ਼ ਕਰਦੇ ਹਾਂ, ਤਾਂ ਕੀ ਹੁੰਦਾ ਹੈ। ਜਿਸ ਵਿਅਕਤੀ ਨੇ ਸਾਨੂੰ ਠੇਸ ਪਹੁੰਚਾਈ ਹੈ ਉਸ ਦਾ ਭਲਾ ਹੁੰਦਾ ਹੈ, ਮੰਡਲੀ ਦੀ ਏਕਤਾ ਬਣੀ ਰਹਿੰਦੀ ਹੈ, ਯਹੋਵਾਹ ਨਾਲ ਸਾਡਾ ਰਿਸ਼ਤਾ ਬਣਿਆ ਰਹਿੰਦਾ ਹੈ ਅਤੇ ਸਾਡੇ ਮਨ ਦਾ ਬੋਝ ਹਲਕਾ ਹੁੰਦਾ ਹੈ। (2 ਕੁਰਿੰ. 2:7; ਕੁਲੁ. 3:14) ਤੀਸਰਾ, ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਸ ਨੇ ਸਾਨੂੰ ਮਾਫ਼ ਕਰਨ ਲਈ ਕਿਹਾ ਹੈ। ਸਾਨੂੰ ਸ਼ੈਤਾਨ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕਿ ਉਹ ਸਾਡੇ ਵਿਚ ਫੁੱਟ ਪਾਵੇ। (ਅਫ਼. 4:26, 27) ਸਾਨੂੰ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ ਤਾਂਕਿ ਮੰਡਲੀ ਦੀ ਸ਼ਾਂਤੀ ਬਣੀ ਰਹੇ।

ਦੂਸਰਿਆਂ ਕਰਕੇ ਠੋਕਰ ਨਾ ਖਾਓ

15. ਜੇ ਅਸੀਂ ਕਿਸੇ ਭੈਣ ਜਾਂ ਭਰਾ ਦੇ ਮਾੜੇ ਸਲੂਕ ਕਰਕੇ ਪਰੇਸ਼ਾਨ ਹਾਂ, ਤਾਂ ਸਾਨੂੰ ਕੁਲੁੱਸੀਆਂ 3:13 ਮੁਤਾਬਕ ਕੀ ਕਰਨਾ ਚਾਹੀਦਾ ਹੈ?

15 ਜੇ ਅਸੀਂ ਕਿਸੇ ਭੈਣ ਜਾਂ ਭਰਾ ਦੇ ਮਾੜੇ ਸਲੂਕ ਕਰਕੇ ਪਰੇਸ਼ਾਨ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੇ ਦਿਲ ਦੀ ਗੱਲ ਦੱਸਣੀ ਚਾਹੀਦੀ ਹੈ। ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਯਹੋਵਾਹ ਉਸ ਭੈਣ ਜਾਂ ਭਰਾ ਦੀ ਮਦਦ ਕਰੇ ਅਤੇ ਸਾਡੀ ਵੀ ਮਦਦ ਕਰੇ ਕਿ ਅਸੀਂ ਉਸ ਵਿਚ ਉਹ ਚੰਗੇ ਗੁਣ ਦੇਖ ਸਕੀਏ ਜੋ ਯਹੋਵਾਹ ਨੇ ਉਸ ਵਿਚ ਦੇਖੇ ਹਨ। (ਲੂਕਾ 6:28) ਜੇ ਅਸੀਂ ਉਸ ਦੀਆਂ ਗ਼ਲਤੀਆਂ ਨੂੰ ਨਹੀਂ ਭੁਲਾ ਪਾ ਰਹੇ ਹਾਂ, ਤਾਂ ਸਾਨੂੰ ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਨੇ ਜਾਣ-ਬੁੱਝ ਕੇ ਸਾਨੂੰ ਠੇਸ ਪਹੁੰਚਾਈ ਹੈ। (ਮੱਤੀ 5:23, 24; 1 ਕੁਰਿੰ. 13:7) ਜਦੋਂ ਅਸੀਂ ਉਸ ਨਾਲ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਹ ਸਾਡਾ ਭਲਾ ਚਾਹੁੰਦਾ ਹੈ। ਪਰ ਜੇ ਉਹ ਸੁਲ੍ਹਾ ਨਹੀਂ ਕਰਨੀ ਚਾਹੁੰਦਾ, ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਧੀਰਜ ਨਾਲ ਉਸ ਦੀ ‘ਸਹਿੰਦੇ ਰਹਿਣਾ’ ਚਾਹੀਦਾ ਹੈ। (ਕੁਲੁੱਸੀਆਂ 3:13 ਪੜ੍ਹੋ।) ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਉਸ ਨਾਲ ਗੁੱਸੇ ਨਹੀਂ ਰਹਿਣਾ ਚਾਹੀਦਾ, ਨਹੀਂ ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇਗਾ। ਕਿਸੇ ਵੀ ਗੱਲ ਕਰਕੇ ਠੋਕਰ ਨਾ ਖਾਓ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਯਹੋਵਾਹ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ।​—ਜ਼ਬੂ. 119:165.

16. ਸਾਡੀ ਸਾਰਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?

16 ਅਸੀਂ ਬਹੁਤ ਖ਼ੁਸ਼ ਹਾਂ ਕਿ ਅੱਜ ਅਸੀਂ “ਇੱਕੋ ਝੁੰਡ” ਵਿਚ ਹਾਂ ਅਤੇ ‘ਇੱਕੋ ਚਰਵਾਹੇ’ ਦੇ ਅਧੀਨ ਰਹਿ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਾਂ। (ਯੂਹੰ. 10:16) ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 165 ’ਤੇ ਲਿਖਿਆ ਹੈ: “ਕਿਉਂਕਿ ਤੁਸੀਂ ਇਸ ਭਾਈਚਾਰੇ ਤੋਂ ਫ਼ਾਇਦੇ ਲੈ ਰਹੇ ਹੋ, ਇਸ ਲਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਨੂੰ ਬਣਾਈ ਰੱਖੋ।” ਇੱਦਾਂ ਕਰਨ ਲਈ ‘ਸਾਨੂੰ ਖ਼ੁਦ ਨੂੰ ਸਿਖਾਉਂਦੇ ਰਹਿਣਾ ਚਾਹੀਦਾ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੀਏ।’ ਯਹੋਵਾਹ ਲਈ ਅਸੀਂ ਸਾਰੇ ‘ਨਿਮਾਣੇ’ ਚੇਲੇ ਅਨਮੋਲ ਹਾਂ। ਕੀ ਅਸੀਂ ਵੀ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝਦੇ ਹਾਂ? ਅਸੀਂ ਭੈਣਾਂ-ਭਰਾਵਾਂ ਦੀ ਮਦਦ ਅਤੇ ਪਰਵਾਹ ਕਰਨ ਲਈ ਜੋ ਕੁਝ ਵੀ ਕਰਦੇ ਹਾਂ, ਯਹੋਵਾਹ ਉਸ ਵੱਲ ਧਿਆਨ ਦਿੰਦਾ ਹੈ ਅਤੇ ਉਸ ਦੀ ਕਦਰ ਵੀ ਕਰਦਾ ਹੈ।​—ਮੱਤੀ 10:42.

17. ਅਸੀਂ ਕੀ ਪੱਕਾ ਧਾਰ ਲਿਆ ਹੈ?

17 ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਲਈ ਅਸੀਂ ‘ਪੱਕਾ ਧਾਰ ਲਿਆ ਹੈ ਕਿ ਅਸੀਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਠੋਕਰ ਦਾ ਪੱਥਰ ਨਹੀਂ ਰੱਖਾਂਗੇ ਜਾਂ ਰੁਕਾਵਟ ਖੜ੍ਹੀ ਨਹੀਂ ਕਰਾਂਗੇ।’ (ਰੋਮੀ. 14:13) ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਆਪਣੇ ਨਾਲੋਂ ਚੰਗਾ ਸਮਝਾਂਗੇ। ਅਸੀਂ ਉਨ੍ਹਾਂ ਨੂੰ ਦਿਲੋਂ ਮਾਫ਼ ਕਰਾਂਗੇ ਅਤੇ ਉਨ੍ਹਾਂ ਕਰਕੇ ਠੋਕਰ ਨਹੀਂ ਖਾਵਾਂਗੇ। ਇਸ ਲਈ ਆਓ ਆਪਾਂ “ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।”​—ਰੋਮੀ. 14:19.

ਗੀਤ 125 “ਖ਼ੁਸ਼ ਹਨ ਦਇਆਵਾਨ!”

^ ਪੈਰਾ 5 ਨਾਮੁਕੰਮਲ ਹੋਣ ਕਰਕੇ ਸ਼ਾਇਦ ਅਸੀਂ ਆਪਣੀਆਂ ਗੱਲਾਂ ਜਾਂ ਕੰਮਾਂ ਨਾਲ ਭੈਣਾਂ-ਭਰਾਵਾਂ ਨੂੰ ਠੇਸ ਪਹੁੰਚਾਈਏ। ਇੱਦਾਂ ਹੋਣ ਤੇ ਅਸੀਂ ਕੀ ਕਰ ਸਕਦੇ ਹਾਂ? ਕੀ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ? ਕੀ ਅਸੀਂ ਛੇਤੀ ਤੋਂ ਛੇਤੀ ਮਾਫ਼ੀ ਮੰਗਣ ਲਈ ਤਿਆਰ ਰਹਿੰਦੇ ਹਾਂ? ਜਾਂ ਫਿਰ ਕੀ ਅਸੀਂ ਇਹ ਸੋਚ ਲੈਂਦੇ ਹਾਂ ਕਿ ਜੇ ਉਨ੍ਹਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਕੀ ਕਰਾਂ? ਪਰ ਕੀ ਅਸੀਂ ਦੂਸਰਿਆਂ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਛੇਤੀ ਬੁਰਾ ਮਨਾ ਲੈਂਦੇ ਹਾਂ? ਕੀ ਅਸੀਂ ਉਦੋਂ ਖ਼ੁਦ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਮੈਂ ਤਾਂ ਇੱਦਾਂ ਦਾ ਹੀ ਹਾਂ, ਮੈਂ ਨਹੀਂ ਬਦਲਣਾ? ਜਾਂ ਕੀ ਅਸੀਂ ਇਹ ਸੋਚਦੇ ਹਾਂ ਕਿ ਇਹ ਚੰਗੀ ਗੱਲ ਨਹੀਂ, ਮੈਨੂੰ ਖ਼ੁਦ ਨੂੰ ਬਦਲਣਾ ਚਾਹੀਦਾ?

^ ਪੈਰਾ 53 ਤਸਵੀਰ ਬਾਰੇ ਜਾਣਕਾਰੀ: ਮੰਡਲੀ ਵਿਚ ਇਕ ਭੈਣ ਦੂਜੀ ਭੈਣ ਨਾਲ ਨਾਰਾਜ਼ ਹੈ। ਉਹ ਦੋਵੇਂ ਆਪਸ ਵਿਚ ਗੱਲ ਕਰ ਕੇ ਸੁਲ੍ਹਾ ਕਰ ਲੈਂਦੀਆਂ ਹਨ। ਫਿਰ ਉਹ ਸਾਰੀਆਂ ਗੱਲਾਂ ਭੁਲਾ ਕੇ ਖ਼ੁਸ਼ੀ ਨਾਲ ਇਕੱਠੀਆਂ ਯਹੋਵਾਹ ਦੀ ਸੇਵਾ ਕਰਦੀਆਂ ਹਨ।